ਪੰਜਾਬ ਵਿਚ ਕੈਂਸਰ ਨੇ ਘਰ-ਘਰ ਵਿਛਾਏ ਸੱਥਰ

ਚੰਡੀਗੜ੍ਹ: ਕੈਂਸਰ ਦਾ ਲਾਇਲਾਜ ਰੋਗ ਪੰਜਾਬ ਵਿਚ ਹਰ ਚਾਰ ਘੰਟਿਆਂ ਦੌਰਾਨ ਪੰਜ ਵਿਅਕਤੀਆਂ ਨੂੰ ਨਿਗਲ ਰਿਹਾ ਹੈ ਤੇ ਕੈਂਸਰ ਨਾਲ ਰੋਜ਼ਾਨਾ 30 ਵਿਅਕਤੀ ਮਰ ਰਹੇ ਹਨ। ਭਾਰਤ ਸਰਕਾਰ ਦੇ ਸਿਹਤ ਵਿਭਾਗ ਵਲੋਂ ਇੰਡੀਅਨ ਕੌਂਸਲ ਆਫ ਮੈਡੀਕਲ ਸਾਇੰਸਜ਼ (ਆਈæਸੀæਐਮæਆਰæ) ਦੇ ਅੰਕੜਿਆਂ ਦੇ ਅਧਾਰ ‘ਤੇ ਸਾਲ 2014 ਦੀ ਮੁਹੱਈਆ ਕੀਤੀ ਜਾਣਕਾਰੀ ਅਨੁਸਾਰ

ਪਿਛਲੇ ਵਰ੍ਹੇ ਪੰਜਾਬ ਵਿਚ ਕੈਂਸਰ ਤੋਂ ਪੀੜਤ 25,026 ਵਿਅਕਤੀਆਂ ਦੀ ਪਛਾਣ ਹੋਈ ਸੀ। ਇਨ੍ਹਾਂ ਵਿਚੋਂ 11,011 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਪਿਛਲੇ ਵਰ੍ਹੇ ਪੰਜਾਬ ਵਿਚ ਸਾਹਮਣੇ ਆਏ ਕੈਂਸਰ ਪੀੜਤਾਂ ਵਿਚੋਂ 40 ਫੀਸਦੀ ਦੀ ਸਾਲ 2014 ਦੌਰਾਨ ਹੀ ਮੌਤ ਹੋ ਗਈ ਸੀ ਜਦਕਿ ਬਾਕੀ ਬਚੇ 14,015 ਪੀੜਤਾਂ ਦੀ ਹੋਣੀ ਦੇ ਫਿਲਹਾਲ ਅੰਕੜੇ ਪ੍ਰਾਪਤ ਨਹੀਂ ਹੋਏ। ਇਸ ਤਰ੍ਹਾਂ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ 30 ਵਿਅਕਤੀ ਦੇ ਮਾਰੇ ਜਾਣ ਦੀ ਔਸਤ ਪੈ ਰਹੀ ਹੈ। ਜੈਤੋਂ ਦੇ ਸਮਾਜਸੇਵੀ ਡਾਲ ਚੰਦ ਪੰਵਾਰ ਵਲੋਂ ਸੂਚਨਾ ਅਧਿਕਾਰ (ਆਰæਟੀæਆਈæ) ਤਹਿਤ ਕੇਂਦਰ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਕੈਂਸਰ ਰਿਸਰਚ ਸੈਕਸ਼ਨ) ਕੋਲੋਂ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਕੈਂਸਰ ਦੇ ਮਾਮਲੇ ਵਿਚ ਪੀੜਤ ਸੂਬਿਆਂ ਵਿਚੋਂ 15ਵੇਂ ਸਥਾਨ ਉਤੇ ਆਉਂਦਾ ਹੈ। ਉਤਰ ਪ੍ਰਦੇਸ਼ ਸਾਰੇ ਰਾਜਾਂ ਤੋਂ ਕੈਂਸਰ ਨਾਲ ਸਭ ਤੋਂ ਵੱਧ ਪੀੜਤ ਹੈ। ਪਿਛਲੇ ਵਰ੍ਹੇ ਯੂæਪੀæ ਵਿਚ ਕੈਂਸਰ ਨਾਲ 82,121 ਮੌਤਾਂ ਹੋਈਆਂ ਹਨ।
ਅੰਕੜਿਆਂ ਅਨੁਸਾਰ ਯੂæਪੀæ ਵਿਚ ਰੋਜ਼ਾਨਾ ਔਸਤਨ 225 ਵਿਅਕਤੀ ਕੈਂਸਰ ਨਾਲ ਮਰ ਰਹੇ ਹਨ। ਇਸ ਰਾਜ ਵਿਚ ਹਰ ਘੰਟੇ 9 ਵਿਅਕਤੀਆਂ ਨੂੰ ਕੈਂਸਰ ਨਿਗਲ ਰਿਹਾ ਹੈ। ਯੂæਪੀæ ਵਿਚ ਪਿਛਲੇ ਵਰ੍ਹੇ 1,86,638 ਕੈਂਸਰ ਤੋਂ ਪੀੜਤ ਪਾਏ ਗਏ ਸਨ। ਭਾਰਤ ਦੇ 35 ਰਾਜਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ ਇਨ੍ਹਾਂ ਰਾਜਾਂ ਵਿਚ ਕੈਂਸਰ ਦੇ 11,17,269 ਵਿਅਕਤੀਆਂ ਦੀ ਪਛਾਣ ਹੋਈ ਸੀ। ਜਿਨ੍ਹਾਂ ਵਿਚੋਂ 4,91,598 (44 ਫੀਸਦੀ) ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਦੇਸ਼ ਵਿਚ ਰੋਜ਼ਾਨਾ 1347 ਤੇ ਹਰੇਕ ਘੰਟੇ ਦੌਰਾਨ 56 ਵਿਅਕਤੀ ਕੈਂਸਰ ਦੀ ਭੇਟ ਚੜ੍ਹ ਰਹੇ ਹਨ। ਲਕਸ਼ਦੀਪ ਵਿਚ ਪਿਛਲੇ ਵਰ੍ਹੇ ਦੇਸ਼ ਭਰ ਦੇ ਸਮੂਹ ਰਾਜਾਂ ਤੋਂ ਕੈਂਸਰ ਨਾਲ ਸਭ ਤੋਂ ਘੱਟ 28 ਮੌਤਾਂ ਹੋਈਆਂ ਸਨ। ਇਥੇ ਕੈਂਸਰ ਤੋਂ ਪੀੜਤ 63 ਵਿਅਕਤੀ ਹੀ ਸਾਹਮਣੇ ਆਏ ਸਨ। ਗੁਆਂਢੀ ਰਾਜ ਹਰਿਆਣਾ ਕੈਂਸਰ ਪੀੜਤ ਰਾਜਾਂ ਵਿਚੋਂ 17ਵੇਂ ਸਥਾਨ ‘ਤੇ ਹੈ। ਪਿਛਲੇ ਵਰ੍ਹੇ ਇਸ ਰਾਜ ਵਿਚ ਕੈਂਸਰ ਦੇ 23,336 ਮਰੀਜ਼ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ 10,268 ਦੀ ਮੌਤ ਹੋ ਚੁੱਕੀ ਹੈ।
ਹਰਿਆਣਾ ਵਿਚ ਕੈਂਸਰ ਨਾਲ ਰੋਜ਼ਾਨਾ 28 ਵਿਅਕਤੀ ਮਰ ਰਹੇ ਹਨ। ਇਕ ਹੋਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿਚ ਪਿਛਲੇ ਵਰ੍ਹੇ ਕੈਂਸਰ ਨਾਲ ਪੀੜਤ 6230 ਵਿਅਕਤੀ ਸਾਹਮਣੇ ਸਨ, ਜਿਨ੍ਹਾਂ ਵਿਚੋਂ 2741 ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਇਸ ਰਾਜ ਵਿਚ ਕੈਂਸਰ ਨਾਲ ਹਰੇਕ ਦਿਨ ਔਸਤਨ ਸੱਤ ਵਿਅਕਤੀ ਮਰ ਰਹੇ ਹਨ। ਯੂæਪੀæ ਤੋਂ ਬਾਅਦ ਇਸ ਬਿਮਾਰੀ ਤੋਂ ਸਭ ਤੋਂ ਵੱਧ ਪੀੜਤ ਮਹਾਰਾਸ਼ਟਰ ਹੈ। ਇਸ ਰਾਜ ਵਿਚ ਪਿਛਲੇ ਵਰ੍ਹੇ ਕੈਂਸਰ ਤੋਂ ਪੀੜਤ 1,02,101 ਵਿਅਕਤੀ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 44,924 ਦੀ ਮੌਤ ਹੋ ਚੁੱਕੀ ਹੈ।