ਹੋਲਾ ਮਹੱਲਾ ਮੌਕੇ ਖਾਲਸੇ ਦੀ ਧਰਤੀ ‘ਤੇ ਲੱਗੀਆਂ ਰੌਣਕਾਂ

ਸ੍ਰੀ ਅਨੰਦਪੁਰ ਸਾਹਿਬ: ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਜੋੜ ਮੇਲਾ ਹੋਲਾ ਮਹੱਲਾ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਸਾਂਝਾ ‘ਮਹੱਲਾ’ ਕੱਢਣ ਉਪਰੰਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ।

ਪਹਿਲੀ ਤੋਂ ਤਿੰਨ ਮਾਰਚ ਤੱਕ ਕੀਰਤਪੁਰ ਸਾਹਿਬ ਤੇ 4 ਤੋਂ 6 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਇਸ ਤਿਉਹਾਰ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤ ਗੁਰਦੁਆਰਾ ਸਹਿਬਾਨ ਵਿਖੇ ਮੱਥਾ ਟੇਕਣ ਪੁੱਜੀ ਪਰ ਪਿਛਲੇ ਸਾਲ ਦੇ ਮੁਕਾਬਲੇ ਗਿਣਤੀ ਘੱਟ ਰਹੀ।
ਹੋਲੇ ਮਹੱਲੇ ਦੇ ਅੰਤਿਮ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜਥੇਦਾਰ ਗਿਆਨੀ ਮੱਲ ਸਿੰਘ ਨੇ ਸਿੱਖ ਪੰਥ ਦੇ ਨਾਂ ਦਿੱਤੇ ਸੰਦੇਸ਼ ਵਿਚ ਸੰਸਾਰ ਵਿਚ ਵਸਦੇ ਗੁਰੂ ਨਾਨਕ ਨਾਮ ਲੇਵਾ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵੱਲ ਉਚੇਚਾ ਧਿਆਨ ਦੇ ਕੇ ਪਤਿਤਪੁਣੇ ਤੇ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਿੱਖ ਕੌਮ ਦੇ ਅਮੀਰ ਵਿਰਸੇ ਨਾਲ ਜੋੜਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਵਾਤਾਵਰਣ ਸ਼ੁੱਧ ਕਰਨ ਲਈ ਰੁੱਖ ਲਗਾਉਣ ਤੇ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਆਪਣੀ ਮਾਂ ਬੋਲ਼ੀ ਤੇ ਪੰਜਾਬ ਦੇ ਇਤਿਹਾਸ ਨੂੰ ਵਿਸਾਰਿਆ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਦੇ ਜੁਝਾਰੂ ਇਤਿਹਾਸ ਤੋਂ ਲੋਕਾਂ ਨੂੰ ਵਾਂਝਿਆ ਰੱਖਿਆ ਜਾ ਸਕੇ। ਉਨ੍ਹਾਂ ਨੇ ਨਾਨਕ ਨਾਮ ਲੇਵਾ ਨੂੰ ਪੰਜਾਬੀ ਪੜ੍ਹਨ ਤੇ ਪੰਜਾਬੀ ਬੋਲਣ ਦੀ ਵੀ ਤਾਕੀਦ ਕੀਤੀ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਦੁਪਹਿਰ ਸਮੇਂ ਜੈਕਾਰਿਆਂ ਦੀ ਗੂੰਜ, ਬੈਂਡ ਵਾਜਿਆਂ ‘ਤੇ ਗੁਰਬਾਣੀ ਦੀਆਂ ਧੁੰਨਾਂ ਤੇ ਨਰਸਿੰਘਿਆਂ ਦੀ ਆਵਾਜ਼ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸ਼ੁਰੂ ਹੋਇਆ। ਇਹ ਨਗਰ ਕੀਰਤਨ ਨਿਹੰਗ ਸਿੰਘਾਂ ਦੇ ਸਾਰੇ ਦਲ ਬੁੱਢਾ ਦਲ ਦੇ ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਅਗਲੇ ਪੜਾਅ ਲਈ ਚੱਲੇ। ਇਸ ਦੇ ਅੱਗੇ ਵੱਖ-ਵੱਖ ਦਲਾਂ ਦੇ ਨਿਹੰਗ ਸਿੰਘ ਗੱਤਕਾ ਖੇਡਦੇ ਹੋਏ ਚੱਲ ਰਹੇ ਸਨ। ਚਹੁੰ ਮਾਰਗੀ ਸੜਕ ਦੇ ਸਾਰੇ ਪਾਸੇ ਜਿਥੇ ਰੰਗ ਗੁਲਾਲ ਸੁੱਟਿਆ ਦਿਖਾਈ ਦੇ ਰਿਹਾ ਸੀ ਉਥੇ ਸਾਰਾ ਵਾਤਾਵਰਣ ਨੀਲੇ ਤੇ ਕੇਸਰੀ ਰੰਗ ਵਿਚ ਰੰਗਿਆ ਹੋਇਆ ਸੀ। ਮਹੱਲੇ ਦੇ ਸਾਰੇ ਰਸਤੇ ਦੀ ਨਿਗਰਾਨੀ ਸਿਵਲ ਤੇ ਪੁਲਿਸ ਅਧਿਕਾਰੀ ਕਰ ਰਹੇ ਸਨ। ਚਰਨ ਗੰਗਾ ਸਟੇਡੀਅਮ ਵਿਖੇ ਨਿਹੰਗ ਸਿੰਘਾਂ ਨੇ ਆਪਣੇ ਜੰਗਜੂ ਕਰਤੱਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਟੇਡੀਅਮ ਕਾਫੀ ਭੀੜਾ ਹੋਣ ਕਾਰਨ ਜਿਥੇ ਸੰਗਤਾਂ ਨੂੰ ਕਾਫੀ ਪ੍ਰੇਸ਼ਾਨੀ ਆਈ ਉਥੇ ਘੋੜਿਆਂ ਦਾ ਪ੍ਰਦਰਸ਼ਨ ਕਰਦੇ ਸਮੇਂ ਘੋੜੇ ਦਰਸ਼ਕਾਂ ‘ਤੇ ਚੜ ਗਏ ਜਿਸ ਨਾਲ ਕੁਝ ਸ਼ਰਧਾਲੂ ਜ਼ਖਮੀ ਹੋ ਗਏ।
_______________________________________
ਜਥੇਦਾਰ ਵਲੋਂ ਸਮਾਜ ਸੇਵਾ ਲਈ ਅੱਗੇ ਆਉਣ ਦਾ ਸੱਦਾ
ਸ੍ਰੀ ਅਨੰਦਪੁਰ ਸਾਹਿਬ: ਹੋਲਾ ਮਹੱਲਾ ਦੀ ਸੰਪੂਰਨਤਾ ਮੌਕੇ ਸੰਗਤਾਂ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦਸਮ ਪਾਤਸ਼ਾਹ ਨੇ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦਿੰਦਿਆਂ ਵਿਦੇਸ਼ੀ ਹਮਲਾਵਰਾਂ ਦੇ ਜੁਲਮ ਤੇ ਜਬਰ ਦਾ ਸ਼ਿਕਾਰ ਹੋ ਚੁੱਕੀ ਭਾਰਤੀ ਖਲਕਤ ਵਿਚ ਨਵਾਂ ਜੋਸ਼ ਪੈਦਾ ਕਰਨ ਹਿੱਤ ਹੋਲੇ ਮਹੱਲੇ ਦੀ ਪਰੰਪਰਾ ਅਰੰਭ ਕਰਵਾਈ ਸੀ ਜੋ ਨਿਰੰਤਰ ਹੁਣ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਇਕ ਅਨੁਸਾਸ਼ਿਤ ਨਿਤਨੇਮੀ ਮਿਸ਼ਨਰੀ ਵਾਂਗ ਪ੍ਰਚਾਰਕ ਦੇ ਨਾਲ-ਨਾਲ ਸਮਾਜ ਸੇਵਕ ਵੀ ਬਣਨਾ ਚਾਹੀਦਾ ਹੈ। ਹਰ ਸਿੱਖ ਨੂੰ ਆਪਣੇ ਬੱਚਿਆਂ ਨੂੰ ਨਿਤਨੇਮੀ ਬਣਾਉਣ ਲਈ ਛੋਟੀ ਉਮਰ ਵਿਚ ਹੀ ਗੁਰਬਾਣੀ ਨਾਲ ਜੋੜਨਾ ਤੇ ਅੰਮ੍ਰਿਤਧਾਰੀ ਬਣਾਉਣਾ ਚਾਹੀਦਾ ਹੈ। ਜਥੇਦਾਰ ਨੇ ਸੰਸਾਰ ਭਰ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਿੱਖ ਅਤਿਵਾਦੀ ਨਹੀਂ ਬਲਕਿ ਸਮਾਜ ਸੇਵੀ ਤੇ ਲੋਕਾਂ ਦੇ ਦੁੱਖ-ਸੁੱਖ ਨਾਲ ਖੜਨ ਵਾਲੀ ਕੌਮ ਹੈ। ਭਰੂਣ ਹੱਤਿਆਵਾਂ, ਨਸ਼ਿਆਂ ਤੇ ਦਾਜ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨੌਜਵਾਨ ਆਪ ਵੀ ਬਾਣੀ ਤੇ ਬਾਣੇ ਦੇ ਧਾਰਨੀ ਬਣਨ।
________________________________________
ਅਕਾਲੀਆਂ ਵਲੋਂ ਕਾਨਫਰੰਸ ਵਿਚ ਮੋਦੀ ਦੇ ਸੋਹਲੇ
ਸ੍ਰੀ ਅਨੰਦਪੁਰ ਸਾਹਿਬ: ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਕਰਵਾਈ ਅਕਾਲੀ ਕਾਨਫਰੰਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੇ ਪਹਿਲੀ ਵਾਰ ਖੁੱਲ੍ਹ ਕੇ ਮੋਦੀ ਸਰਕਾਰ ਦੇ ਸੋਹਲੇ ਗਾਏ। ਪਹਿਲੀ ਕੇਂਦਰ ਦੀ ਕਾਂਗਰਸ ਸਰਕਾਰ ਉਪਰ ਪੰਜਾਬ ਨਾਲ ਵਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਕੇਂਦਰ ਵਿਚ ਆਪਣੀ ਭਾਈਵਾਲੀ ਸਰਕਾਰ ਬਣ ਗਈ ਹੈ ਤੇ ਪੰਜਾਬ ਆਉਂਦੇ ਦਿਨਾਂ ਵਿਚ ਤਰੱਕੀ ਦੇ ਰਾਹ ਉਪਰ ਚੱਲੇਗਾ। ਗਿਣਤੀ ਪੱਖੋਂ ਕਾਫ਼ੀ ਸੀਮਤ ਰਹੀ ਕਾਨਫ਼ਰੰਸ ਵਿਚ ਅਕਾਲੀ ਲੀਡਰਸ਼ਿਪ ਨੇ ਕਿਸਾਨਾਂ ਦੀ ਜ਼ਮੀਨ ਪ੍ਰਾਪਤੀ ਬਿੱਲ, ਪੰਜਾਬ ਨੂੰ ਕਰਜ਼ਾ ਸੰਕਟ ਵਿਚੋਂ ਕੱਢਣ ਲਈ ਆਰਥਿਕ ਪੈਕੇਜ ਦੀ ਮੰਗ ਰੱਦ ਕਰਨ ਤੇ ਕਣਕ ਤੇ ਝੋਨੇ ਦੀ ਖਰੀਦ ਤੋਂ ਹੱਥ ਪਿੱਛੇ ਖਿੱਚਣ ਤੇ ਮੱਕੀ ਦੀ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਨਾਂਹ ਕਰਨ ਦੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਅੱਖਾਂ ਮੀਚਦਿਆਂ ਮੋਦੀ ਸਰਕਾਰ ਨੂੰ ਆਪਣੀ ਤੇ ਪੰਜਾਬ ਵਿਚ ਵਿਕਾਸ ਦੀ ਨਵੀਂ ਲੀਹ ਤੋਰਨ ਲਈ ਫੰਡਾਂ ਦੀ ਵਰਖਾ ਕਰਨ ਦੀ ਹੁੱਬ ਕੇ ਪ੍ਰਸੰਸਾ ਕੀਤੀ।
ਸ਼ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੇ 50-60 ਸਾਲਾਂ ਵਿਚ ਪੰਜਾਬ ਲਈ ਉਹ ਕੁਝ ਨਹੀਂ ਕੀਤਾ ਜੋ ਕੁਝ ਮਹੀਨਿਆਂ ਵਿਚ ਮੋਦੀ ਸਰਕਾਰ ਨੇ ਕਰ ਵਿਖਾਇਆ ਹੈ। ਅੰਮ੍ਰਿਤਸਰ ਨੂੰ ਵਿਰਾਸਤ ਸ਼ਹਿਰ ਦਾ ਦਰਜਾ ਦੇਣ ਦਾ ਅਰਥ ਹੈ ਕਿ ਅਰਬਾਂ ਦੇ ਬਜਟ ਸ਼ਹਿਰ ਦੇ ਵਿਕਾਸ ਲਈ ਆਉਣਗੇ। ਜਲ੍ਹਿਆਂਵਾਲਾ ਬਾਗ ਦੀ ਮਹੱਤਤਾ ਨੂੰ ਵੀ ਪਹਿਲੀ ਵਾਰ ਪਛਾਣਿਆ ਗਿਆ ਹੈ ਤੇ ਇਸ ਨੂੰ ਵਿਰਾਸਤੀ ਯਾਦਗਾਰ ਵਜੋਂ ਸੰਭਾਲਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਵਿਚ ਕੋਈ ਵੱਡਾ ਹਸਪਤਾਲ ਨਹੀਂ ਸੀ, ਹੁਣ ਏਮਜ਼ ਦੀ ਤਰਜ਼ ਉਪਰ ਕੇਂਦਰ ਸਰਕਾਰ ਪੰਜਾਬ ਵਿਚ ਇਹ ਸੰਸਥਾ ਬਣਾਏਗੀ। ਖੇਤੀ ਯੂਨੀਵਰਸਿਟੀ ਵਰਗੀ ਬਾਗਵਾਨੀ ਦੀ ਸੰਸਥਾ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਯੋਜਨਾ ਕਮਿਸ਼ਨ ਦੀ ਥਾਂ ਨਵੇਂ ਨੀਤੀ ਆਯੋਗ ਵਿਚ ਸੂਬਿਆਂ ਦੇ ਮੁੱਖ ਮੰਤਰੀ ਵੀ ਮੈਂਬਰ ਲਏ ਹਨ ਤੇ ਫੰਡਾਂ ਵਿਚ ਹਿੱਸੇਦਾਰੀ ਵੀ 32 ਫੀਸਦੀ ਤੋਂ ਵਧਾ ਕੇ 42 ਫੀਸਦੀ ਕਰ ਦਿੱਤੀ ਗਈ ਹੈ। ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਵੀ ਪੰਜਾਬ ਸਰਕਾਰ ਅਹਿਮ ਕਾਰਜ ਨਿਭਾ ਰਹੀ ਹੈ। ਆਉਣ ਵਾਲੇ ਬਜਟ ਵਿਚ ਪਿੰਡਾਂ ਦੇ ਪਾਣੀ ਦੇ ਨਿਕਾਸ, ਸੜਕਾਂ ਦੀ ਮੁਰੰਮਤ, ਸਕੂਲਾਂ ਦੀਆਂ ਇਮਾਰਤਾਂ, ਕਿੱਤਾ ਮੁੱਖੀ ਸਿੱਖਿਆ ਸਮੇਤ ਹੋਰ ਵਿਕਾਸ ਕਾਰਜਾਂ ਨੂੰ ਅਹਿਮ ਸਥਾਨ ਦਿੱਤਾ ਜਾਵੇਗਾ। ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ ਚਾਰ ਮਾਰਗੀ ਸੜਕ ਬਣਾਉਣ ਦੀ ਲੋੜ ਉਪਰ ਜ਼ੋਰ ਦਿੱਤਾ। ਸ਼ ਬਾਦਲ ਨੇ ਐਲਾਨ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਸਰਕਾਰੀ ਪੱਧਰ ‘ਤੇ ਮਨਾਇਆ ਜਾਵੇਗਾ ਤੇ ਇਸ ਬਾਰੇ 17 ਤੋਂ 19 ਜੂਨ 2015 ਤੱਕ ਸਮਾਗਮ ਕਰਵਾਏ ਜਾਣਗੇ।
_______________________________________
ਕਾਨਫਰੰਸ ਤੋਂ ਦੂਰ ਹੀ ਰਹੇ ਭਾਜਪਾਈ
ਅਕਾਲੀ ਕਾਨਫ਼ਰੰਸ ਵਿਚ ਭਾਜਪਾ ਦੇ ਕਿਸੇ ਵੀ ਨੁਮਾਇੰਦੇ ਦੇ ਨਾ ਹਾਜ਼ਰ ਹੋਣ ਦੀ ਗੱਲ ਸਭਨਾਂ ਨੂੰ ਰੜਕਦੀ ਰਹੀ। ਸੱਤਾਧਾਰੀ ਧਿਰ ਵਲੋਂ ਕੀਤੀ ਗਈ ਕਾਨਫਰੰਸ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਹਾਜ਼ਰੀ ਅੰਤਲੇ ਪਲਾਂ ਵਿਚ ਹੀ ਲੱਗੀ। ਜਿਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣਾ ਭਾਸ਼ਣ ਖ਼ਤਮ ਕਰ ਰਹੇ ਸਨ ਤਾਂ ਭਾਜਪਾ ਆਗੂ ਮਦਨ ਮੋਹਨ ਮਿੱਤਲ ਕਾਨਫਰੰਸ ਵਿਚ ਪਹੁੰਚੇ। ਇਸ ਉਤੇ ਮੁੱਖ ਮੰਤਰੀ ਨੇ ਹੱਸਦੇ ਹੋਏ ਉਨ੍ਹਾਂ ਨੂੰ ਮਿਹਣਾ ਮਾਰਿਆ, ‘ਹਲਕਾ ਤਾਂ ਮਿੱਤਲ ਸਾਹਬ ਦਾ ਹੈ ਚਲੋ ਮੈਂ ਉਨ੍ਹਾਂ ਨੂੰ ਜੀ ਆਇਆਂ ਆਖ ਦਿੰਦਾ ਹਾਂ।’
________________________________________
ਕਾਂਗਰਸ ਨੇ ਨਹੀਂ ਕੀਤੀ ਕਾਨਫਰੰਸ
ਅਨੰਦਪੁਰ ਸਾਹਿਬ: ਹੋਲਾ ਮਹੱਲਾ ਮੌਕੇ ਕਾਂਗਰਸ ਪਾਰਟੀ ਵਲੋਂ ਕੋਈ ਵੀ ਰਾਜਸੀ ਕਾਨਫੰਰਸ ਨਹੀਂ ਕੀਤੀ ਗਈ ਹਾਲਾਂਕਿ ਇਸ ਤੋਂ ਪਹਿਲਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਭਾਗ ਸਿੰਘ ਦੇਸੂਮਾਜਰਾ ਵਲੋਂ ਕਾਨਫਰੰਸ ਕੀਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਉਨ੍ਹਾਂ ਨੇ ਵੀ ਅਸਤੀਫਾ ਦੇ ਦਿੱਤਾ ਸੀ ਤੇ ਕਾਂਗਰਸ ਦੀ ਹੀ ਰਵਾਇਤੀ ਥਾਂ ਪਾਵਰ ਕਲੋਨੀ ਲਾਗੇ ਆਮ ਆਦਮੀ ਪਾਰਟੀ ਵਲੋਂ ਰਾਜਸੀ ਕਾਨਫਰੰਸ ਕੀਤੀ ਗਈ। ਦੱਸਣਯੋਗ ਹੈ ਕਿ ਦੇਸ਼ ਦੀ ਸਾਰਿਆਂ ਤੋਂ ਪੁਰਾਣੀ ਕਾਂਗਰਸ ਪਾਰਟੀ ਵਲੋਂ ਹਰੇਕ ਸਾਲ ਹੋਲਾ ਮਹੱਲਾ ਮੌਕੇ ਰਾਜਸੀ ਕਾਨਫਰੰਸ ਕੀਤੀ ਜਾਂਦੀ ਹੈ ਤੇ ਤਿੰਨ ਸਮੇਂ ਅਜਿਹੇ ਵੀ ਸਨ ਜਿਨ੍ਹਾਂ ਵਿਚ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਦੀ ਹਾਰ, ਚੋਣ ਕਮਿਸ਼ਨ ਦਾ ਡੰਡਾ ਤੇ ਹੁਣ ਧੜੇਬੰਦੀ ਕਰਕੇ ਰਾਜਸੀ ਕਾਨਫਰੰਸ ਨਹੀਂ ਹੋ ਰਹੀ।
_______________________________________
‘ਆਪ’ ਰੈਲੀ ਵਿਚ 3 ਐਮæਪੀæ ਨਾ ਪੁੱਜੇ
ਸ੍ਰੀ ਅਨੰਦਪੁਰ ਸਾਹਿਬ: ਆਮ ਆਦਮੀ ਪਾਰਟੀ (ਆਪ) ਨੇ ਹੋਲੇ ਮਹੱਲੇ ਮੌਕੇ ਪਲੇਠੀ ਕਾਨਫਰੰਸ ਕਰਕੇ ਵਿਧਾਨ ਸਭਾ ਚੋਣਾਂ 2017 ਦਾ ਬਿਗੁਲ ਵਜਾ ਦਿੱਤਾ ਹੈ। ਆਗੂਆਂ ਨੇ ਸਮੂਹ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸੰਗਤ ਦੇ ਰੂਪ ਵਿਚ ਪਹੁੰਚੇ ਆਮ ਆਦਮੀਆਂ ਤੇ ਮੀਡੀਆ ਜਗਤ ਵਿਚ ਇਸ ਕਾਨਫਰੰਸ ਲਈ ਬਹੁਤ ਚਾਅ ਸੀ ਪਰ ਪੰਜਾਬ ਦੀ ਲੋਕ ਸਭਾ ਵਿਚ ਨੁਮਾਇੰਦਗੀ ਕਰਨ ਵਾਲੇ ਚਾਰ ਵਿਚੋਂ ਤਿੰਨ ਮੈਂਬਰ ਗ਼ੈਰਹਾਜ਼ਰ ਰਹੇ। ਚੌਥੇ ਸੰਸਦ ਮੈਂਬਰ ਦੀ ਅਖੀਰਲੇ ਪਲਾਂ ਵਿਚ ਲੱਗੀ ਹਾਜ਼ਰੀ ਨੇ ਲੋਕਾਂ ਦਾ ਉਤਸ਼ਾਹ ਜ਼ਰੂਰ ਮੱਠਾ ਕੀਤਾ। ਕਾਂਗਰਸ ਦੀ ਸਿਆਸੀ ਕਾਨਫਰੰਸ ਪਾਰਟੀ ਅੰਦਰਲੀ ਗੁੱਟਬਾਜ਼ੀ ਦੀ ਭੇਟ ਚੜ੍ਹ ਗਈ ਪਰ ਆਮ ਆਦਮੀ ਪਾਰਟੀ ਨੇ ਕਾਨਫਰੰਸ ਕਰਕੇ ਹਾਕਮ ਗੱਠਜੋੜ ਨੂੰ ਟੱਕਰ ਦੇਣ ਦਾ ਸੰਕੇਤ ਦੇ ਦਿੱਤਾ। ਸੂਬੇ ਭਰ ਤੋਂ ਆਏ ਲੋਕਾਂ ਤਕ ‘ਆਪ’ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਬੇਸ਼ੱਕ ਪਾਰਟੀ ਦਾ ਕੋਈ ਵੀ ਕੇਂਦਰੀ ਆਗੂ ਕਾਨਫਰੰਸ ਵਿਚ ਨਹੀਂ ਪਹੁੰਚਿਆ ਪਰ ਸੂਬੇ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਦੇ ਭਾਸ਼ਣਾਂ ਨੇ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ।