ਅੰਮ੍ਰਿਤਸਰ: ਇਤਿਹਾਸਕ ਜੱਲ੍ਹਿਆਂਵਾਲਾ ਬਾਗ ਨੂੰ ਦੇਸ਼ ਦੀਆਂ ਵਿਰਾਸਤੀ ਥਾਂਵਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਦੇ ਐਲਾਨ ਨਾਲ ਇਹ ਸੰਭਾਵਨਾ ਬਣ ਗਈ ਹੈ ਕਿ ਇਸ ਇਤਿਹਾਸਕ ਥਾਂ ਨੂੰ ਵਿਰਾਸਤੀ ਰੂਪ ਵਿਚ ਹੀ ਸੰਭਾਲਿਆ ਜਾਵੇਗਾ। ਇਸ ਦਾ ਖਤਮ ਹੋ ਰਿਹਾ ਵਿਰਾਸਤੀ ਰੂਪ ਇਸ ਵੇਲੇ ਵਿਰਾਸਤ ਮਾਹਿਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੇਂਦਰੀ ਬਜਟ ਵਿਚ ਦੇਸ਼ ਦੀਆਂ ਕੁਝ ਵਿਰਾਸਤੀ ਥਾਂਵਾਂ ਨੂੰ ਵਿਰਾਸਤੀ ਸੂਚੀ ਵਿਚ ਸ਼ਾਮਲ ਕਰਨ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਵਿਰਾਸਤੀ ਥਾਂਵਾਂ ਵਿਚ ਅੰਮ੍ਰਿਤਸਰ ਦਾ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵੀ ਸ਼ਾਮਲ ਹੈ। ਇਥੇ ਅਪਰੈਲ 1919 ਵਿਚ ਵਿਸਾਖੀ ਮੌਕੇ ਦੇਸ਼ ਦੀ ਆਜ਼ਾਦੀ ਦੇ ਹੱਕ ਵਿਚ ਜਲਸਾ ਹੋ ਰਿਹਾ ਸੀ, ਜਿਥੇ ਉਸ ਵੇਲੇ ਦੇ ਅੰਗਰੇਜ਼ੀ ਹਾਕਮ ਜਨਰਲ ਡਾਇਰ ਨੇ ਅੰਗਰੇਜ਼ੀ ਫੌਜਾਂ ਰਾਹੀਂ ਨਿਹੱਥੇ ਲੋਕਾਂ ‘ਤੇ ਅੰਨੇਵਾਹ ਗੋਲੀ ਚਲਾਈ ਸੀ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ। ਇਸ ਬਾਗ ਵਿਚ ਉਸ ਵੇਲੇ ਦੀਆਂ ਕੁਝ ਨਿਸ਼ਾਨੀਆਂ ਮੌਜੂਦ ਹਨ, ਜਿਨ੍ਹਾਂ ਵਿਚ ਖੂਨੀ ਖੂਹ, ਕੰਧਾਂ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਅਤੇ ਸ਼ਹੀਦਾਂ ਦੀ ਯਾਦ ਵਿਚ ਉਸਾਰਿਆ ਗਿਆ ਸਮਾਰਕ ਆਦਿ ਸ਼ਾਮਲ ਹੈ।
ਇਸ ਇਤਿਹਾਸਕ ਥਾਂ ਨੂੰ ਵਿਰਾਸਤੀ ਥਾਂਵਾਂ ਦੀ ਸ਼੍ਰੇਣੀ ਵਿਚ ਸ਼ਾਮਲ ਕੀਤੇ ਜਾਣ ਨਾਲ ਇਸ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਣ ਵਿਚ ਮਦਦ ਮਿਲੇਗੀ ਕਿਉਂਕਿ ਇਸ ਦੀ ਸਾਂਭ-ਸੰਭਾਲ ਵਿਰਾਸਤੀ ਮਾਹਰਾਂ ਵਲੋਂ ਕੀਤੀ ਜਾਵੇਗੀ। ਇਹ ਵਿਰਾਸਤੀ ਥਾਂ ਪਹਿਲਾਂ ਹੀ ਆਪਣਾ ਵਿਰਾਸਤੀ ਸਰੂਪ ਗੁਆ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਨੂੰ ਸੁੰਦਰ ਬਣਾਉਣ ਦੇ ਮੰਤਵ ਨਾਲ ਕਈ ਬਦਲਾਅ ਕੀਤੇ ਗਏ ਹਨ ਜਿਸ ਨਾਲ ਇਸ ਦਾ ਵਿਰਾਸਤੀ ਸਰੂਪ ਤੇ ਮਹੱਤਤਾ ਨੂੰ ਢਾਹ ਲੱਗੀ ਹੈ। ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਦੀ ਮਾਹਰ ਨਮਿਤਾ ਜਸਪਾਲ ਨੇ ਆਖਿਆ ਕਿ ਇਹ ਵਿਰਾਸਤੀ ਥਾਂ ਨਾ ਸਿਰਫ ਪੰਜਾਬ ਸਗੋਂ ਸਮੁੱਚੇ ਦੇਸ਼ ਵਾਸੀਆਂ ਲਈ ਅਹਿਮ ਸਥਾਨ ਹੈ। ਇਸ ਅਹਿਮ ਸਥਾਨ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਦੀ ਵਿਰਾਸਤੀ ਦਿੱਖ ਨੂੰ ਦੇਖ ਕੇ ਇਥੇ ਵਾਪਰੇ ਕਾਂਡ ਦਾ ਅੰਦਾਜ਼ਾ ਲਾ ਸਕਣ ਤੇ ਇਤਿਹਾਸ ਤੋਂ ਜਾਣੂ ਹੋ ਸਕਣ।
ਤਕਰੀਬਨ ਚਾਰ ਵਰ੍ਹੇ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਵਲੋਂ ਇਸ ਇਤਿਹਾਸਕ ਬਾਗ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਯੋਜਨਾ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਇਸ ਦੀ ਸਾਂਭ-ਸੰਭਾਲ ਬਾਰੇ ਕੋਈ ਕੰਮ ਨਹੀਂ ਹੋਇਆ ਹੈ। ਇਸ ਯੋਜਨਾ ਤਹਿਤ ਸਮਾਰਕ ਵਿਚ ਨਵੇਂ ਬੂਟੇ ਲਾਏ ਗਏ ਸਨ, ਸਮਾਰਕ ਦੇ ਨੇੜੇ ਬੂਟਿਆਂ ਦੇ ਰੂਪ ਵਿਚ ਗੋਲੀਆਂ ਚਲਾਉਂਦੇ ਅੰਗਰੇਜ਼ੀ ਸੈਨਿਕ ਤੇ ਗੋਲੀਆਂ ਨਾਲ ਮਰਦੇ ਹੋਏ ਭਾਰਤੀ ਦਿਖਾਏ ਗਏ ਸਨ। ਮਰ ਰਹੇ ਲੋਕਾਂ ਨੂੰ ਸੰਕੇਤ ਚਿੰਨ੍ਹ ਦੇ ਰੂਪ ਵਿਚ ਉਨ੍ਹਾਂ ਦੀਆਂ ਸਿਰਫ ਬਾਹਵਾਂ ਹੀ ਦਿਖਾਈਆਂ ਗਈਆਂ ਸਨ। ਇਸੇ ਤਰ੍ਹਾਂ ਇਤਿਹਾਸ ਨੂੰ ਦਰਸਾਉਣ ਲਈ ਰਾਤ ਸਮੇਂ ਆਵਾਜ਼ ਤੇ ਰੌਸ਼ਨੀ ‘ਤੇ ਆਧਾਰਤ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜੋ ਕਿ ਉਘੇ ਫਿਲਮ ਕਲਾਕਾਰ ਅਮਿਤਾਭ ਬੱਚਨ ਦੀ ਆਵਾਜ਼ ਵਿਚ ਸੀ। ਇਸੇ ਤਰ੍ਹਾਂ ਮਲਟੀਮੀਡੀਆ ਰੂਮ ਸਥਾਪਤ ਕੀਤਾ ਗਿਆ ਸੀ, ਜਿਸ ਵਿਚ ਲਘੂ ਫਿਲਮਾਂ ਰਾਹੀਂ ਲੋਕਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਾਉਣ ਦਾ ਪ੍ਰਬੰਧ ਹੈ।
ਕੇਂਦਰੀ ਬਜਟ ਦੌਰਾਨ ਅੰਮ੍ਰਿਤਸਰ ਲਈ ਬਾਗਬਾਨੀ ਖੋਜ ਕੇਂਦਰ ਸਥਾਪਤ ਕਰਨ ਤੇ ਪੰਜਾਬ ਵਿਚ ਕਿਸੇ ਥਾਂ ‘ਤੇ ਏਮਜ਼ ਵਰਗਾ ਵੱਡਾ ਸਿਹਤ ਕੇਂਦਰ ਸਥਾਪਤ ਕਰਨ ਦੇ ਐਲਾਨ ਦਾ ਲੋਕਾਂ ਨੇ ਸਵਾਗਤ ਕਰਦਿਆਂ ਆਖਿਆ ਕਿ ਸ੍ਰੀ ਜੇਤਲੀ ਨੇ ਅਜਿਹਾ ਐਲਾਨ ਕਰਕੇ ਅੰਮ੍ਰਿਤਸਰ ਨਾਲ ਆਪਣੀ ਨੇੜਤਾ ਦਾ ਵੀ ਪ੍ਰਗਟਾਵਾ ਕੀਤਾ ਹੈ। ਸ੍ਰੀ ਜੇਤਲੀ ਨੇ ਸੰਸਦੀ ਚੋਣਾਂ ਅੰਮ੍ਰਿਤਸਰ ਹਲਕੇ ਤੋਂ ਲੜੀਆਂ ਸਨ ਪਰ ਉਹ ਇਹ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਇਸ ਬਾਰੇ ਸੀæਆਈæਆਈæ ਦੀ ਕੌਮੀ ਕੌਂਸਲ ਦੇ ਮੈਂਬਰ ਗੁਨਬੀਰ ਸਿੰਘ ਨੇ ਆਖਿਆ ਕਿ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਅੰਮ੍ਰਿਤਸਰ ਨੂੰ ਯਾਦ ਰੱਖਿਆ ਹੈ ਤੇ ਅੰਮ੍ਰਿਤਸਰ ਵਾਸੀਆਂ ਲਈ ਬਾਗਬਾਨੀ ਖੋਜ ਕੇਂਦਰ ਤੇ ਜਲ੍ਹਿਆਂਵਾਲਾ ਬਾਗ ਨੂੰ ਵਿਰਾਸਤੀ ਸਥਾਨਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰਕ ਇਕ ਤੋਹਫਾ ਦਿੱਤਾ ਹੈ।