ਦਿੱਲੀ ਵਿਚ 16 ਦਸੰਬਰ 2012 ਨੂੰ ਹੋਏ ਜਬਰ-ਜਨਾਹ ਨਾਲ ਸਬੰਧਤ, ਫਿਲਮਸਾਜ਼ ਲੇਸਲੀ ਉਡਵਿਨ ਦੀ ਦਸਤਾਵੇਜ਼ੀ ਫਿਲਮ ‘ਇੰਡੀਆ’ਜ਼ ਡੌਟਰ’ ਅੱਜ ਕੱਲ੍ਹ ਚਰਚਾ ਦੇ ਕੇਂਦਰ ਵਿਚ ਹੈ। ਇਹ ਫਿਲਮ ਭਾਰਤ ਵਿਚ 8 ਮਾਰਚ ਨੂੰ ਦਿਖਾਈ ਜਾਣੀ ਸੀ ਪਰ ਭਾਰਤ ਦੀ ਮੋਦੀ ਸਰਕਾਰ ਨੇ ਇਸ ਫਿਲਮ ਦੇ ਪ੍ਰਸਾਰਨ ਉਤੇ ਰੋਕ ਲਗਾ ਦਿੱਤੀ।
ਇਸੇ ਦੌਰਾਨ ਇਹ ਫਿਲਮ ਬੀæਬੀæਸੀæ ਉਤੇ ਨਸ਼ਰ ਕਰ ਦਿੱਤੀ ਗਈ ਅਤੇ ਫਿਰ ਅਮਰੀਕਾ ਵਿਚ ਵੀ ਇਹ ਦਿਖਾਈ ਗਈ। ਸੰਸਾਰ ਭਰ ਵਿਚ ਇਸ ਫਿਲਮ ਬਾਰੇ ਵੱਖ-ਵੱਖ ਕੋਣ ਤੋਂ ਚਰਚਾ ਹੋਈ। ਇਸ ਫਿਲਮ ਬਾਰੇ ਸਾਡੇ ਕਾਲਮਨਵੀਸ ਦਲਜੀਤ ਅਮੀ ਨੇ ਇਹ ਉਚੇਚਾ ਲੇਖ ਲਿਖਿਆ ਹੈ ਅਤੇ ਕੁਝ ਸਰੋਕਾਰ ਸਾਂਝੇ ਕੀਤੇ ਹਨ। ਦਲਜੀਤ ਅਮੀ ਖੁਦ ਦਸਤਾਵੇਜ਼ੀ ਫਿਲਮਸਾਜ਼ ਹੈ ਅਤੇ ਉਹਨੇ ਕਈ ਅਹਿਮ ਫਿਲਮਾਂ ਤੋਂ ਇਲਾਵਾ ਕਿਰਨਜੀਤ ਕਤਲ ਤੇ ਜਬਰ-ਜਨਾਹ ਕੇਸ (ਮਹਿਲ ਕਲਾਂ) ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਚੱਲੇ ਲੰਮੇ ਸੰਘਰਸ਼ ਬਾਰੇ ਦਸਤਾਵੇਜ਼ੀ ਫਿਲਮ ‘ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ’ ਬਣਾਈ ਸੀ। -ਸੰਪਾਦਕ
ਦਲਜੀਤ ਅਮੀ
ਫੋਨ: 91-97811-21873
ਲੇਸਲੀ ਉਡਵਿਨ ਦੀ ਦਸਤਾਵੇਜ਼ੀ ਫਿਲਮ ‘ਇੰਡੀਆ’ਜ਼ ਡੌਟਰ’ ਦਿਖਾਏ ਜਾਣ ਤੋਂ ਪਹਿਲਾਂ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ। ਦੇਖਣ ਵਾਲੇ ਇਸ ਉਤੇ ਬਹਿਸ ਕਰ ਰਹੇ ਹਨ। ਸੰਸਦ ਵਿਚ ਇਸ ਨੂੰ ਦਿਖਾਉਣ ਤੋਂ ਰੋਕਣ ਲਈ ਬਹਿਸ ਹੋਈ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫਿਲਮ ਦੇ ਖਿਲਾਫ ਬਿਆਨ ਦੇ ਦਿੱਤਾ। ਅੰਤ ਵਿਚ ਫਿਲਮ ਦੇ ਭਾਰਤ ਵਿਚ ਪ੍ਰਸਾਰਨ ਉਤੇ ਪਾਬੰਦੀ ਲਗਾ ਦਿੱਤੀ ਗਈ। ਕਈ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਨੇ ਇਸ ਫਿਲਮ ਉਤੇ ਪਾਬੰਦੀ ਦੀ ਮੰਗ ਕੀਤੀ। ‘ਟਾਈਮਜ਼ ਨਾਓ’ ਦੇ ਮੁੱਖ ਸੰਪਾਦਕ ਅਰਨਬ ਗੋਸੁਆਮੀ ਨੇ ਇਸ ਫਿਲਮ ਨੂੰ ਨਸ਼ਰ ਕਰਨ ਦੀ ਤਜਵੀਜ਼ ਬਣਾਉਣ ਵਾਲੇ ਬੀæਬੀæਸੀæ ਦੇ ਭਾਰਤੀ ਭਾਈਵਾਲ ਚੈਨਲ ਐਨæਡੀæਟੀæਵੀæ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਤੱਕ ਕਰ ਦਿੱਤੀ। ਕੌਮਾਂਤਰੀ ਔਰਤ ਦਿਵਸ ਮੌਕੇ ਬੀæਬੀæਸੀæ ਨੇ ਇਸ ਫਿਲਮ ਦਾ ਕਈ ਮੁਲਕਾਂ ਵਿਚ ਪ੍ਰਸਾਰਨ ਕੀਤਾ। ਤਕਨਾਲੋਜੀ ਦੇ ਮੌਜੂਦਾ ਦੌਰ ਵਿਚ ਇਸ ਤਰ੍ਹਾਂ ਦੀ ਪਾਬੰਦੀ ਨਾਲ ਫਿਲਮ ਦੀ ਪਹੁੰਚ ਘਟਾਈ ਤਾਂ ਜਾ ਸਕਦੀ ਹੈ ਪਰ ਖ਼ਤਮ ਨਹੀਂ ਕੀਤੀ ਜਾ ਸਕਦੀ। ਫਿਲਮ, ਵਿਸ਼ੇ ਜਾਂ ਬਹਿਸ ਵਿਚ ਦਿਲਚਸਪੀ ਰੱਖਣ ਵਾਲੇ ਭਾਰਤੀ ਦਰਸ਼ਕਾਂ ਵਿਚ ਇਹ ਦਸਤਾਵੇਜ਼ੀ ਵੰਡੀ ਜਾ ਰਹੀ ਹੈ। ਦੇਰ-ਸਵੇਰ ਇਹ ਜਗਿਆਸੂਆਂ ਤੱਕ ਪਹੁੰਚ ਹੀ ਜਾਣੀ ਹੈ।
ਫਿਲਮ ਬਾਰੇ ਤਿੰਨ ਤਰ੍ਹਾਂ ਦੇ ਸੁਆਲ ਹਨ। ਤਿੰਨਾਂ ਦਾ ਕੇਂਦਰ ਫਿਲਮ ਵਿਚ 2012 ਦੀ ਦਿੱਲੀ ਬਲਾਤਕਾਰ ਕਾਂਡ ਦੇ ਇੱਕ ਦੋਸ਼ੀ ਮੁਕੇਸ਼ ਸਿੰਘ ਨਾਲ ਮੁਲਾਕਾਤ ਹੈ। ਪਹਿਲਾ ਸੁਆਲ ਤਾਂ ਇਸ ਮੁਲਾਕਾਤ ਲਈ ਲੋੜੀਂਦੀ ਕਾਨੂੰਨੀ ਪ੍ਰਵਾਨਗੀ ਨਾਲ ਜੁੜਿਆ ਹੋਇਆ ਹੈ। ਦੂਜਾ ਸੁਆਲ ਅਜਿਹੀ ਮੁਲਾਕਾਤ ਨੂੰ ਨਸ਼ਰ ਕਰਨ ਦੇ ਸਿਧਾਂਤਕ ਪੱਖ ਨਾਲ ਬਾਵਸਤਾ ਹੈ। ਤੀਜਾ ਸੁਆਲ ਅਜਿਹੀ ਫਿਲਮ ਨਾਲ ਵਿਦੇਸ਼ਾਂ ਵਿਚ ਪੇਸ਼ ਕੀਤੇ ਜਾਂਦੇ ਭਾਰਤ ਦੇ ਅਕਸ ਬਾਬਤ ਹੈ। ਇਸ ਲੇਖ ਲਈ ਪਹਿਲਾ ਸੁਆਲ ਬੇਮਾਅਨਾ ਹੈ। ਫਿਲਮਸਾਜ਼ ਕੋਲ ਕਾਨੂੰਨੀ ਇਜਾਜ਼ਤ ਹੋਵੇ ਜਾਂ ਨਾ, ਹੁਣ ਤਾਂ ਸੁਆਲ ਇਹ ਬਣਦੇ ਹਨ ਕਿ ਮੁਕੇਸ਼ ਸਿੰਘ ਦੀ ਆਵਾਜ਼ ਨੂੰ ਸੁਣਨ ਦੇ ਕੀ ਮਾਅਨੇ ਹਨ? ਕੀ ਮੁਕੇਸ਼ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ? ਕੀ ਮੁਕੇਸ਼ ਨੂੰ ਸਮਝਣਾ ਜ਼ਰੂਰੀ ਹੈ?
ਮੁਕੇਸ਼ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ ਫਿਲਮ ਬਾਰੇ ਕੁਝ ਗੱਲ ਕਰਨੀ ਜ਼ਰੂਰੀ ਹੈ। ਇਹ ਮੁਲਾਕਾਤ ਇਸ ਫਿਲਮ ਨੂੰ ਨਿਆਰੀ ਬਣਾ ਦਿੰਦੀ ਹੈ। ਦਸੰਬਰ 2012 ਦੇ ਬਲਾਤਕਾਰ ਅਤੇ ਕਤਲ ਮਾਮਲੇ ਦੇ ਬਹੁਤ ਸਾਰੇ ਪੱਖਾਂ ਉਤੇ ਫਿਲਮਾਂ ਬਣ ਸਕਦੀਆਂ ਹਨ। ਵੱਡੇ ਚੈਨਲਾਂ ਦਾ ਸੁਆਲ ਤਾਂ ਇੱਕੋ ਹੁੰਦਾ ਹੈ ਕਿ ਹੁਣ ਉਸ ਮੁੱਦੇ ਉਤੇ ਦੱਸਣ-ਦਿਖਾਉਣ ਨੂੰ ਨਵਾਂ ਕੀ ਹੈ? ਮੁਕੇਸ਼ ਦੀ ਆਵਾਜ਼ ਇਸ ਫਿਲਮ ਨੂੰ ਨਿਆਰੀ ਥਾਂ ਦਿੰਦੀ ਹੈ ਜਿੱਥੇ ਕਿਸੇ ਕੌਮਾਂਤਰੀ ਚੈਨਲ ਦੀ ਇਸ ਵਿਚ ਦਿਲਚਸਪੀ ਬਣਦੀ ਹੈ। ਬਿਨਾਂ ਸ਼ੱਕ ਇਸੇ ਮੁਲਾਕਾਤ ਨਾਲ ਬੀæਬੀæਸੀæ ਵਰਗੇ ਕੌਮਾਂਤਰੀ ਚੈਨਲ ਦੀ ਦਿਲਚਸਪੀ ਬਣਦੀ ਹੈ ਕਿ ਉਹ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਉਡੀਕ ਰਹੇ ਦੋਸ਼ੀ ਦੀ ਆਵਾਜ਼ ਆਪਣੇ ਆਲਮੀ ਦਰਸ਼ਕ ਤੱਕ ਲੈ ਕੇ ਜਾਵੇ। ਇਸ ਮੁਲਾਕਾਤ ਵਿਚ 16 ਦਸੰਬਰ ਦੀ ਵਾਰਦਾਤ ਦੀ ਤਫਸੀਲ ਵਿਵਾਦ ਦਾ ਵਿਸ਼ਾ ਬਣੀ ਹੈ। ਇਸ ਤਫਸੀਲ ਨੂੰ ਪੇਸ਼ ਕਰਨ ਦੀ ਲੋੜ ਅਤੇ ਤਰੀਕੇ ਬਾਰੇ ਵੱਖਰੀ ਚਰਚਾ ਹੋ ਸਕਦੀ ਹੈ, ਪਰ ਇਹ ਮੁਲਾਕਾਤ ਵਾਰਦਾਤ ਦੀ ਤਫਸੀਲ ਤੱਕ ਮਹਿਦੂਦ ਨਹੀਂ ਹੈ। ਇਹ ਮੁਲਾਕਾਤ ਲੰਮੀ ਹੈ ਅਤੇ ਵਾਰਦਾਤ ਦੀ ਤਫਸੀਲ ਤੋਂ ਮੁਕੇਸ਼ ਦੇ ਬਲਾਤਕਾਰ, ਔਰਤ, ਸਜ਼ਾ, ਇਨਸਾਫ, ਸਮਾਜ ਅਤੇ ਸਿਆਸਤ ਬਾਰੇ ਨਜ਼ਰੀਏ ਤੱਕ ਫੈਲ ਜਾਂਦੀ ਹੈ। ਮੁਕੇਸ਼ ਦੀ ਇਹ ਮੁਲਾਕਾਤ (ਦਰਅਸਲ ਮੁਲਾਕਾਤਾਂ) ਉਸ ਵਾਰਦਾਤ ਦੇ ਪਿਛੋਕੜ, ਬਾਅਦ ਵਿਚ ਉਭਰੀ ਰੋਹ ਦੀ ਲਹਿਰ, ਰੋਹ ਵਿਚ ਸ਼ਾਮਿਲ ਲੋਕਾਂ ਦੇ ਤਜਰਬੇ, ਸਰਕਾਰ ਵਲੋਂ ਕੀਤੀਆਂ ਪਹਿਲਕਦਮੀਆਂ, ਬਲਾਤਕਾਰ-ਕਤਲ ਦਾ ਸ਼ਿਕਾਰ ਹੋਈ ਕੁੜੀ ਦੇ ਮਾਪਿਆਂ, ਕਰੀਬੀ ਦੋਸਤ ਦੇ ਨਾਲ-ਨਾਲ ਦੋਸ਼ੀਆਂ ਦੇ ਪਰਿਵਾਰਾਂ ਦੇ ਜੀਆਂ ਦੀਆਂ ਆਵਾਜ਼ਾਂ ਵਿਚਲੀ ਇੱਕ ਤੰਦ ਹੈ। ਇਹ ਪੂਰੀ ਲੜੀ ਉਸ ਵਾਰਦਾਤ ਦਾ ਸਮਾਜ ਵਿਗਿਆਨ ਸਮਝਣ ਦਾ ਤਰੱਦਦ ਜਾਪਦੀ ਹੈ। ਆਮ ਤੌਰ ਉਤੇ ਅਜਿਹੇ ਵਿਸ਼ੇ ਉਤੇ ਬਣੀ ਫਿਲਮ ਵਿਚ ਖਾਮੋਸ਼ੀ ਅਤੇ ਇਸ਼ਾਰਿਆਂ ਦੀ ਆਪਣੀ ਥਾਂ ਹੁੰਦੀ ਹੈ, ਪਰ ‘ਇੰਡੀਆ’ਜ਼ ਡੌਟਰ’ ਕੁਝ ਅਣਕਿਹਾ ਨਹੀਂ ਛੱਡਦੀ। ਇਸ ਨੁਕਤੇ ਰਾਹੀਂ ਫਿਲਮ ਦੇ ਮਿਆਰੀ ਪੱਖ ਉਤੇ ਟਿੱਪਣੀ ਹੋ ਸਕਦੀ ਹੈ ਪਰ ਇਸ ਲੇਖ ਦੀ ਤਰਜੀਹ ‘ਇੰਡੀਆ’ਜ਼ ਡੌਟਰ’ ਵਿਚ ਪੇਸ਼ ਹੁੰਦਾ ਸਮਾਜ ਵਿਗਿਆਨ ਹੈ।
ਜਦੋਂ ਵਾਰਦਾਤ ਤੋਂ ਤਕਰੀਬਨ ਦੋ ਸਾਲ ਬਾਅਦ ਦਸਤਾਵੇਜ਼ੀ ਫਿਲਮ ਬਣ ਕੇ ਸਾਹਮਣੇ ਆਉਂਦੀ ਹੈ ਤਾਂ ਨਿਆਰੇ ਹੋਣ ਦੇ ਨਾਲ-ਨਾਲ ਪੇਚੀਦਗੀ ਦੀਆਂ ਰਮਜ਼ਾਂ ਫਰੋਲਣ ਦੀ ਆਸ ਵੀ ਕੀਤੀ ਜਾਂਦੀ ਹੈ। ਉਸ ਵਾਰਦਾਤ ਤੋਂ ਬਾਅਦ ਬਲਾਤਕਾਰ, ਔਰਤ ਦਾ ਰੁਤਬਾ, ਔਰਤ ਦੇ ਖਿਲਾਫ ਹੁੰਦੀ ਘਰੇਲੂ ਹਿੰਸਾ, ਸਮਾਜ ਦਾ ਮਰਦਾਵਾਂ ਖਾਸਾ, ਮੌਤ ਦੀ ਸਜ਼ਾ, ਨਾਬਾਲਗ਼ ਦੀ ਉਮਰ ਅਤੇ ਬੀਬੀਆਂ ਦੀ ਸੁਰੱਖਿਆ ਵਰਗੇ ਮਸਲੇ ਵਿਚਾਰੇ ਗਏ ਸਨ। ਬਲਾਤਕਾਰ ਦੇ ਮਾਮਲੇ ਵਿਚ ਕਸ਼ਮੀਰ ਦੀ ਨੀਲੋਫਰ ਤੋਂ ਲੈ ਕੇ ਝਾਰਖੰਡ ਦੀ ਸੋਨੀ ਸੋਰੀ ਅਤੇ ਨਾਗਾਲੈਂਡ ਦੀ ਮਨੋਰਮਾ ਤੱਕ ਦਾ ਪੰਨਾ ਖੁੱਲ੍ਹ ਗਿਆ ਸੀ। ਬਲਾਤਕਾਰੀ ਦੀ ਮਾਨਸਿਕਤਾ ਨੂੰ ਸਮਝਣ ਦੀ ਅਹਿਮੀਅਤ ਅਤੇ ਮਾਹੌਲ ਵਿਚ ਬਲਾਤਕਾਰ ਦੇ ਖ਼ਦਸ਼ੇ ਨੂੰ ਮੁਖ਼ਾਤਬ ਹੋਣ ਦੀ ਲੋੜ ਅਹਿਮ ਮੰਨੀ ਗਈ ਸੀ। ਇਸ ਦੇ ਨਾਲ ਹੀ ਬਲਾਤਕਾਰ ਦੀ ਧਾਰਨਾ ਨੂੰ ਮੋਕਲਾ ਕੀਤਾ ਗਿਆ ਸੀ ਤਾਂ ਜੋ ਜ਼ੋਰ-ਜ਼ਬਰੀ ਵਾਲੀ ਬਿਰਤੀ ਨੂੰ ਨੱਥ ਪਾਈ ਜਾ ਸਕੇ। ਪੇਚੀਦਗੀ ਦਾ ਆਲਮ ਇਹ ਸੀ ਕਿ ਇਹ ਸਾਰੇ ਮਾਮਲਿਆਂ ਉਤੇ ਸਾਰੀਆਂ ਸੰਜੀਦਾ ਧਿਰਾਂ ਇੱਕ ਸੁਰ ਨਹੀਂ ਸਨ। ਇਹ ਧਾਰਨਾਵਾਂ ਉਭਰ ਕੇ ਸਾਹਮਣੇ ਆਈਆਂ ਸਨ ਕਿ ਮੌਤ ਦੀ ਸਜ਼ਾ ਕੋਈ ਹੱਲ ਨਹੀਂ ਹੋ ਸਕਦੀ ਅਤੇ ਸਮਾਜ ਨੂੰ ਤੈਅ ਕਰਨਾ ਪਵੇਗਾ ਕਿ ਬੱਚਿਆਂ ਨੂੰ ਚੰਗਾ ਮਨੁੱਖੀ ਮਾਹੌਲ ਦੇਣਾ ਹੈ ਜਾਂ ਬਾਲ-ਅਪਰਾਧੀਆਂ ਨਾਲ ਜੇਲ੍ਹਾਂ ਭਰਨੀਆਂ ਹਨ। ਘਰੇਲੂ ਹਿੰਸਾ ਦੇ ਹਵਾਲੇ ਨਾਲ ਇਹ ਨਿਚੋੜ ਕੱਢਿਆ ਗਿਆ ਕਿ ਜ਼ਿਆਦਾਤਰ ਬਲਾਤਕਾਰੀ ਆਪਣੇ ਸ਼ਿਕਾਰ ਨੂੰ ਪਹਿਲਾਂ ਤੋਂ ਜਾਣਦੇ ਸਨ। ਇਸ ਲਈ ਬਲਾਤਕਾਰੀ ਦੀ ਸੋਚ ਨੂੰ ਸਮਝੇ ਬਿਨਾਂ ਬਲਾਤਕਾਰ ਦੇ ਖ਼ਦਸ਼ੇ ਨੂੰ ਫ਼ਿਜ਼ਾ ਵਿਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਉਸ ਵਾਰਦਾਤ ਤੋਂ ਬਾਅਦ ਮੁਲਜ਼ਮਾਂ ਨੂੰ ਕੋਈ ਵੀ ਗ਼ੈਰ-ਮਨੁੱਖੀ ਵਿਸ਼ੇਸ਼ਣ ਦੇਣਾ ਜਾਂ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਨਾ ਰੋਹ ਦੀ ਨੁਮਾਇੰਦਗੀ ਕਰਦਾ ਸੀ। ਇਹ ਇਨਸਾਫ਼ ਦੇ ਅਹਿਮ ਅਤੇ ਫ਼ੌਰੀ ਪੱਖ ਬਣਦਾ ਹਨ। ਇਨਸਾਫ਼ ਦਾ ਚਿਰਕਾਲੀ ਪੱਖ ਬਲਾਤਕਾਰ ਦੇ ਖ਼ਦਸ਼ਿਆਂ ਵਾਲੇ ਮਾਹੌਲ ਨੂੰ ਮੁਖ਼ਾਤਬ ਹੋਣਾ ਹੈ। ਔਰਤ ਦਾ ਸਮਾਜਕ ਪੱਧਰ ਉਤੇ ਮਨੁੱਖੀ ਰੁਤਬਾ ਬਹਾਲ ਕਰਨਾ ਅਤੇ ਮਰਦਾਵੀਂ ਸੋਚ ਨੂੰ ਮਨੁੱਖੀ ਸੋਚ ਵਿਚ ਤਬਦੀਲ ਕਰਨਾ ਵੱਡੇ ਸੁਆਲ ਸਨ। ਇਨ੍ਹਾਂ ਸੁਆਲਾਂ ਨੂੰ ਉਸ ਵੇਲੇ ਦੇ ਮਾਹੌਲ ਵਿਚ ‘ਵਿਦਵਾਨੀ ਜੁਗਾਲੀ’ ਕਹਿ ਕੇ ਖਾਰਜ ਵੀ ਕੀਤਾ ਗਿਆ ਪਰ ਨਾਲੋ-ਨਾਲ ਸੰਜੀਦਾ ਚਾਰਾਜੋਈ ਦੀ ਮੰਗ ਵੀ ਕਾਇਮ ਰਹੀ।
‘ਇੰਡੀਆ’ਜ਼ ਡੌਟਰ’ ਇਨ੍ਹਾਂ ਸੁਆਲਾਂ ਨੂੰ ਮੁਕੇਸ਼ ਕੁਮਾਰ ਰਾਹੀਂ ਮੁਖਾਤਬ ਹੁੰਦੀ ਹੈ। ਉਹ ਪੂਰੀ ਵਾਰਦਾਤ ਤੋਂ ਪਹਿਲਾਂ ਦੇ ਮਾਹੌਲ ਅਤੇ ਮੌਕੇ ਦੀ ਤਫਸੀਲ, ਬਹੁਤ ਸਹਿਜਤਾ ਨਾਲ ਦਿੰਦਾ ਹੈ। ਉਹ ਆਪਣੀ ਸੋਚ ਦੀਆਂ ਸਮਾਜਕ ਜੜ੍ਹਾਂ ਦੀ ਵਕਾਲਤ ਕਰਦਾ ਹੋਇਆ ਵਾਰਦਾਤ ਨੂੰ ਜਾਇਜ਼ ਕਰਾਰ ਦਿੰਦਾ ਹੈ। ਇਸ ਤੋਂ ਅੱਗੇ ਜਾ ਕੇ ਉਹ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦੀ ਮੌਤ ਦੀ ਸਜ਼ਾ ਨਾਲ ਬਲਾਤਕਾਰ ਘੱਟ ਨਹੀਂ ਜਾਣਗੇ ਸਗੋਂ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀਆਂ ਬੀਬੀਆਂ ਦੀ ਜਾਨ ਹੋਰ ਖ਼ਤਰੇ ਵਿਚ ਪੈ ਜਾਵੇਗੀ। ਇਸ ਫਿਲਮ ਵਿਚ ਬਚਾਅ ਪੱਖ ਦੇ ਵਕੀਲ, ਮੁਕੇਸ਼ ਦੀ ਸੋਚ ਦਾ ਮੱਧਵਰਗੀ ਮੁਹਾਵਰਾ ਪੇਸ਼ ਕਰਦੇ ਹਨ। ਉਹ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀ ਕੁੜੀ ਨੂੰ ਵਾਰਦਾਤ ਵਾਲੀ ਥਾਂ, ਸਮੇਂ ਅਤੇ ਸਾਥ ਨਾਲ ਜੋੜ ਕੇ ਕਸੂਰਵਾਰ ਕਰਾਰ ਦਿੰਦੇ ਹਨ। ਇਨ੍ਹਾਂ ਵਕੀਲਾਂ ਦੀ ਦਲੀਲ ਅਦਾਲਤੀ ਕਾਰਵਾਈ ਦੀ ਥਾਂ ਸਮਾਜਕ ਕਦਰਾਂ-ਕੀਮਤਾਂ ਨਾਲ ਜੁੜੀ ਹੋਈ ਹੈ। ਬਲਾਤਕਾਰ ਦੇ ਮਾਮਲੇ ਵਿਚ ਅਦਾਲਤੀ ਕਾਰਵਾਈ ਦਾ ਸਿਆਸੀ ਅਤੇ ਜਮਾਤੀ ਖਾਸਾ ਸੰਸਦ ਵਿਚ ਬੈਠਣ ਵਾਲੇ ਮੁਲਜ਼ਮਾਂ ਦੀ ਗਿਣਤੀ ਨਾਲ ਪੇਸ਼ ਹੁੰਦਾ ਹੈ। ਮੁਕੇਸ਼ ਦਾ ਇਹ ਸੁਆਲ ਮਾਅਨੇ ਰੱਖਦਾ ਹੈ ਕਿ ਸੰਸਦ ਵਿਚ ਬੈਠੇ ਬਲਾਤਕਾਰ ਦੇ ਮੁਲਜ਼ਮਾਂ ਦਾ ਕੀ ਹੋਵੇਗਾ? ਉਸ ਦਾ ਵਕੀਲ ਸੁਆਲ ਪੁੱਛਦਾ ਹੈ ਕਿ ਅਮੀਰਾਂ ਦੇ ਮਾਮਲੇ ਇਸ ਰਫਤਾਰ ਨਾਲ ਕਿਉਂ ਨਹੀਂ ਨਿਬੇੜੇ ਜਾਂਦੇ?
ਮੁਕੇਸ਼ ਦੀ ਬੇਬਾਕੀ ਦਹਿਲਾ ਦੇਣ ਵਾਲੀ ਹੈ। ਅਜਿਹੇ ਕਰੂਰ ਰੁਝਾਨ ਕਾਰਨ ਸਮਾਜ ਦੇ ਹਰ ਸੰਜੀਦਾ ਜੀਅ ਨੂੰ ਹਰ ਰੋਜ਼ ਦਹਿਲਣਾ ਹੀ ਚਾਹੀਦਾ ਹੈ। ਹੁਣ ਸੁਆਲ ਇਹ ਹੈ ਕਿ ਕੀ ਇਸ ਆਵਾਜ਼ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਜਾਂ ਸੁਣਿਆ ਜਾਣਾ ਚਾਹੀਦਾ ਹੈ? ਮੁਕੇਸ਼ ਦੀ ਪਛਾਣ ਸਾਡੇ ਸਮਾਜ ਦੇ ਜ਼ਿਆਦਾਤਰ ਮਰਦਾਂ ਵਿਚ ਮਿਲਦੀ ਹੈ। ਜੇ ਉਸ ਦੀ ਸਜ਼ਾ ਵਾਲਾ ਪਾਸਾ ਵੱਖ ਕਰ ਦਿੱਤਾ ਜਾਵੇ ਤਾਂ ਉਹ ਸਮਾਜ ਵਿਚ ਨਿਆਰਾ ਨਹੀਂ ਹੋਵੇਗਾ। ਉਹ ਸਮਾਜਕ ਸਲੀਕੇ ਵਿਚੋਂ ਬੇਪ੍ਰਵਾਹ ਮਰਦ ਹੈ ਜੋ ਮੌਤ ਦੀ ਸਜ਼ਾ ਨੂੰ ਲਾਗੂ ਕੀਤੇ ਜਾਣ ਦੀ ਉਡੀਕ ਕਰ ਰਿਹਾ ਹੈ। ਸਮਾਜਕ ਸਲੀਕੇ ਤਹਿਤ ਇਹ ਆਵਾਜ਼ ‘ਸਰਵ-ਮਰਦ ਮਹਿਫਿਲਾਂ’ ਜਾਂ ‘ਨਸ਼ੇ ਦੀ ਲੋਰ ਵਿਚ ਕੀਤੇ ਇਕਬਾਲ ਜਾਂ ਮਰਦਾਨਾ ਦਾਅਵਿਆਂ’ ਤੱਕ ਮਹਿਦੂਦ ਹੋ ਜਾਂਦੀ ਹੈ। ਮੁਕੇਸ਼ ਦੀ ਆਵਾਜ਼ ਨਾਲ ਇਸ ਸੋਚ ਦੀਆਂ ਤੰਦਾਂ ਗ਼ੁਰਬਤ ਮਾਰੇ ਪੇਂਡੂ ਇਲਾਕਿਆਂ ਤੋਂ ਸ਼ਹਿਰੀ ਬਸਤੀਆਂ ਅਤੇ ਵਕੀਲਾਂ ਰਾਹੀਂ ਸੰਸਦ ਤੱਕ ਜੁੜ ਜਾਂਦੀਆਂ ਹਨ ਅਤੇ ਮਰਦਾਵੀਂ ਦਲੀਲ ਅਤੇ ਔਰਤ ਦਾ ਸਮਾਜਕ ਰੁਤਬਾ ਸਪਸ਼ਟ ਉਘੜ ਆਉਂਦਾ ਹੈ। ਔਰਤ ਮਹਿਜ ਭੋਗੇ ਜਾਣ ਵਾਲੀ, ਸਾਹ ਲੈਂਦੀ ਸੀਲ ਵਸਤ ਤੱਕ ਮਹਿਦੂਦ ਹੋ ਜਾਂਦੀ ਹੈ। ਸਾਹ ਲੈਂਦੇ ਰਹਿਣ ਲਈ ‘ਸ਼ਰਮ ਵਜੋਂ ਚੁੱਪ’ ਖਤਰਨਾਕ ਸ਼ਰਤ ਬਣ ਕੇ ਪੇਸ਼ ਹੁੰਦੀ ਹੈ। ਮੁਕੇਸ਼ ਇੱਕ ਧਿਰ ਦਾ ਬੁਲਾਰਾ ਬਣ ਕੇ ਸਾਹਮਣੇ ਆਉਂਦਾ ਹੈ ਜੋ ਸੋਚ ਪੱਖੋਂ ਕੋਈ ਝੋਲ ਨਹੀਂ ਖਾਂਦਾ। ਇਸ ਫਿਲਮ ਦੀ ਨੁਕਤਾਚੀਨੀ ਦਾ ਇੱਕ ਸਬੱਬ ਮੁਕੇਸ਼ ਦੀ ਬੇਬਾਕੀ ਹੈ ਜਿਸ ਨੂੰ ਬੇਸ਼ਰਮੀ ਕਰਾਰ ਦਿੱਤਾ ਜਾ ਰਿਹਾ ਹੈ। ਫਿਲਮ ਦੇਖਣ ਵਾਲੇ ਪੜਚੋਲੀਏ ਮੁਕੇਸ਼ ਤੋਂ ਸ਼ਰਮਸ਼ਾਰ ਹੋਣ ਦੀ ਤਵੱਕੋ ਕਰਦੇ ਹਨ, ਉਸ ਤੋਂ ਪਛਤਾਵੇ ਦੀ ਆਸ ਕੀਤੀ ਜਾਂਦੀ ਹੈ। ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਅਜਿਹੀਆਂ ਕਰਤੂਤਾਂ ਤੋਂ ਬਚਣ ਦੀ ਸਲਾਹ ਦੇਵੇ। ਜਦੋਂ ਮੁਕੇਸ਼ ਇਨ੍ਹਾਂ ਉਮੀਦਾਂ ਉਤੇ ਖ਼ਰਾ ਨਹੀਂ ਉਤਰਦਾ ਤਾਂ ਉਹ ਆਪਣੀ ਧਿਰ ਦਾ ਬੇਖ਼ੌਫ਼ ਨੁਮਾਇੰਦਾ ਬਣਦਾ ਹੈ। ਕਿਤੇ ਇਹ ਬੇਬਾਕੀ ਸਮਾਜਕ ਦੋਗ਼ਲੇਪਣ ਨੂੰ ਹੀ ਤਾਂ ਔਖਾ ਨਹੀਂ ਕਰ ਰਹੀ?
‘ਇੰਡੀਆ’ਜ਼ ਡੌਟਰ’ ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਕੁੜੀ ਅਤੇ ਬਲਾਤਕਾਰ ਕਰਨ ਵਾਲਿਆਂ ਦੇ ਮਾਪਿਆਂ ਦੀ ਸੁਰ ਸਾਂਝੀ ਹੈ। ਉਹ ਵੱਖਰੀਆਂ-ਵੱਖਰੀਆਂ ਧਿਰਾਂ ਵਿਚ ਹੋਣ ਦੇ ਬਾਵਜੂਦ ਇੱਕੋ ਸੋਚ ਹੇਠ ਦਰੜੇ ਗਏ ਹਨ। ਵਾਰਦਾਤ ਤੋਂ ਬਾਅਦ ਉਭਰੇ ਲੋਕ ਰੋਹ ਵਿਚ ਸ਼ਾਮਿਲ ਕਾਰਕੁਨ, ਤਫ਼ਤੀਸ਼ੀ ਅਫ਼ਸਰ, ਇਲਾਜ ਕਰਨ ਵਾਲੀ ਡਾਕਟਰ, ਮਨੋਵਿਗਿਆਨੀ, ਸੁਪਰੀਮ ਕੋਰਟ ਦੀ ਜੱਜ ਅਤੇ ਆਕਸਫੋਰਡ ਯੂਨੀਵਰਸਿਟੀ ਦੀ ਇਤਿਹਾਸਕਾਰ ਮਾਰੀਆ ਮਿਸਰਾ ਉਸ ਮਾਹੌਲ ਨੂੰ ਸਮਝਣ ਵਾਲੀਆਂ ਟਿੱਪਣੀਆਂ ਕਰਦੀਆਂ ਹਨ ਜੋ ਬਲਾਤਕਾਰੀ ਦੀ ਸੋਚ ਰਾਹੀਂ ਸਾਡੇ ਸਾਹਮਣੇ ਮਰਦਾਵੇਂ ਦਾਬੇ ਵਜੋਂ ਦਰਜ ਹੁੰਦਾ ਹੈ।
ਇਨ੍ਹਾਂ ਹਾਲਾਤ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਆਉਂਦਾ ਹੈ ਕਿ “ਸਰਕਾਰ ਕਿਸੇ ਬੰਦੇ ਜਾਂ ਅਦਾਰੇ ਨੂੰ ਉਸ ਮੰਦਭਾਗੀ ਵਾਰਦਾਤ ਦਾ ਵਿੱਤੀ ਲਾਹਾ ਲੈਣ ਦੀ ਇਜਾਜ਼ਤ ਨਹੀਂ ਦੇ ਸਕਦੀ।” ਇਸੇ ਦੀ ਅਗਲੀ ਕੜੀ ਟੈਲੀਵਿਜ਼ਨ ਚੈਨਲ ਉਤੇ ਪਾਬੰਦੀ ਦੀ ਮੰਗ ਹੈ। ਜੇ ਇਨ੍ਹਾਂ ਦੋਵਾਂ ਨਾਲ ਵਿਦੇਸ਼ ਵਿਚ ਪੇਸ਼ ਕੀਤੇ ਜਾਂਦੇ ਮਾੜੇ ਅਕਸ ਵਾਲੀ ਦਲੀਲ ਜੋੜ ਲਈ ਜਾਵੇ ਤਾਂ ਇਸ ਫਿਲਮ ਦੇ ਖਿਲਾਫ ਖੜ੍ਹੀ ਧਿਰ ਦਾ ਕਾਨੂੰਨੀ, ਸਰਕਾਰੀ ਅਤੇ ਦੇਸ਼ ਭਗਤੀ ਵਾਲਾ ਖਾਸਾ ਉਘੜ ਆਉਂਦਾ ਹੈ। ਇਹ ਦਲੀਲਾਂ ਹਰ ਵਾਰ ਦਿੱਤੀਆਂ ਜਾਂਦੀਆਂ ਹਨ ਜਦੋਂ ਕੋਈ ਵਿਦੇਸ਼ੀ ਪੈਸੇ ਜਾਂ ਅਦਾਰੇ ਦੀ ਇਮਦਾਦ ਨਾਲ ਸਾਡੇ ਮੁਲਕ ਦਾ ਮਾੜਾ ਪੱਖ ਉਭਾਰਦਾ ਹੈ। ਵਿਦੇਸ਼ਾਂ ਤੋਂ ਨਿਵੇਸ਼ ਲਿਆਉਣ ਲਈ ਕਾਹਲੀ ਸਰਕਾਰ ਦੇ ਮੰਤਰੀ ਅਤੇ ਸਲਾਹਕਾਰ ਉਨ੍ਹਾਂ ਹੀ ਸਰਕਾਰਾਂ ਜਾਂ ਮੁਲਕਾਂ ਦੇ ਪੂੰਜੀਪਤੀਆਂ ਦੀ ਖ਼ੁਸ਼ਾਮਦ ਕਰਦੇ ਹਨ ਪਰ ਇਸ ਪੱਖ ਤੋਂ ਡਰਦੇ ਹਨ। ਇਸ ਦਲੀਲ ਦਾ ਇਤਿਹਾਸਕ ਪਿਛੋਕੜ ਹੈ। ਵਿਦੇਸ਼ ਨੀਤੀਆਂ ਅਤੇ ਆਪਣੀਆਂ ‘ਸੱਭਿਅਤਾ ਮੁਹਿੰਮਾਂ’ ਤਹਿਤ ਸਰਕਾਰਾਂ ਅਤੇ ਮੀਡੀਆ ਅਦਾਰੇ ਅੱਧ-ਸੱਚ ਜਾਂ ਮਨਘੜਤ ਸੱਚ ਪੇਸ਼ ਕਰਦੇ ਹਨ। ਮੌਜੂਦਾ ਮਾਮਲੇ ਵਿਚ ਇਹ ਦਲੀਲ ਲਾਗੂ ਨਹੀਂ ਹੁੰਦੀ ਕਿਉਂਕਿ ਫਿਲਮ ਉਤੇ ਕੋਈ ਤੱਥਮੂਲਕ ਸੁਆਲ ਨਹੀਂ ਹੈ। ਕਾਨੂੰਨੀ ਨੁਕਤਾ ਕਿਸੇ ਵੀ ਤਰ੍ਹਾਂ ਦੇਸ਼ ਧ੍ਰੋਹ ਜਾਂ ਕੂੜ-ਪ੍ਰਚਾਰ ਨਹੀਂ ਬਣ ਜਾਂਦਾ। ਮੁਕੇਸ਼ ਕਿਸੇ ਵਿਦੇਸ਼ੀ ਤਾਕਤ ਦਾ ਦਲਾਲ ਤਾਂ ਨਹੀਂ ਲੱਗਦਾ ਅਤੇ ਨਾ ਹੀ ਬਲਾਤਕਾਰੀਆਂ ਦਾ ਪੱਖ ਪੂਰਨ ਵਾਲੇ ਵਕੀਲ ਅਜਿਹੇ ਲੱਗਦੇ ਹਨ। ਇਹ ਸੁਆਲ ਕਾਨੂੰਨ ਨੂੰ ਤੋੜਨ ਨਾਲੋਂ ਸਮਾਜਕ ਫ਼ਿਜ਼ਾ ਵਿਚ ਉਸਰੇ ਸਮਾਜਕ ਬੁੱਚੜਖ਼ਾਨੇ ਦੀ ਨਿਸ਼ਾਨਦੇਹੀ ਕਰਨ ਦਾ ਜ਼ਿਆਦਾ ਹੈ। ਜੇ ਇਸ ਲਈ ਕਾਨੂੰਨ ਤੋੜ ਵੀ ਦਿੱਤਾ ਗਿਆ ਤਾਂ ਸਾਡੀ ਮੁਲਕ ਦੀ ਸੁਰੱਖਿਆ ਨੂੰ ਕੋਈ ਸੰਨ੍ਹ ਨਹੀਂ ਲੱਗ ਗਈ।
ਇਸ ਲਈ ਵੱਡਾ ਸੁਆਲ ਇਹ ਹੈ ਕਿ ਅਸੀਂ ਮੁਕੇਸ਼ ਨੂੰ ਸੁਣਨਾ ਚਾਹੁੰਦੇ ਹਾਂ ਜਾਂ ਨਹੀਂ? ਜੇ ਅਸੀਂ ਸੁਣਨਾ ਚਾਹੁੰਦੇ ਹਾਂ ਤਾਂ ਕੀ ਅਸੀਂ ਆਪਣੇ-ਆਪ ਨੂੰ ਮੁਖਾਤਬ ਹੋ ਕੇ ਸਮਾਜ ਵਿਚ ਪਸਰੇ ਬਲਾਤਕਾਰ ਦੇ ਖ਼ਦਸ਼ੇ ਨੂੰ ਮੁਖਾਤਬ ਹੋ ਸਕਦੇ ਹਾਂ? ਉਸ ਨੂੰ ਸੁਣੇ ਬਿਨਾਂ ਬਲਾਤਕਾਰ ਤੋਂ ਨਿਜਾਤ ਪਾਉਣ ਦੀ ਗੱਲ ਬੇਮਾਅਨੀ ਹੈ। ਮੁਕੇਸ਼ ਨੂੰ ਮੁਖਾਤਬ ਹੋਣਾ ਔਖਾ ਹੈ ਕਿਉਂਕਿ ਉਸ ਨੂੰ ਸਮਾਜਕ ਹਕੀਕਤ ਵਜੋਂ ਪ੍ਰਵਾਨ ਕਰਨਾ ਪੈਂਦਾ ਹੈ। ਉਸ ਦੀ ਜ਼ੋਰ-ਜ਼ਬਰੀ ਨੂੰ ਪ੍ਰਵਾਨ ਕਰਨਾ ਔਖਾ ਹੈ। ਦੇਖਣਾ-ਸੁਣਨਾ ਹੋਰ ਵੀ ਔਖਾ ਹੈ। ਉਂਜ ਖਬਰਾਂ ਵਿਚ ਦਰਜ ਘਟਨਾਵਾਂ ਵਿਚ ਮੁਕੇਸ਼ ਦੀ ਜ਼ੋਰ-ਜਬਰੀ ਰੋਜ਼ ਪੜ੍ਹੀ-ਸੁਣੀ-ਦੇਖੀ ਜਾਂਦੀ ਹੈ। ਫਿਲਮ ਵਿਚ ਤਾਂ ਉਹ ਅੱਖਾਂ ਵਿਚ ਅੱਖਾਂ ਪਾ ਕੇ ਬੋਲਦਾ ਹੈ। ਮੁਕੇਸ਼ ਨਾਲ ‘ਇੰਡੀਆ’ਜ਼ ਡੌਟਰ’ ਨੇ ਕੋਈ ਕਮਾਲ ਫਿਲਮ ਨਹੀਂ ਬਣ ਜਾਣਾ, ਪਰ ਇਸ ਰਾਹੀਂ ਸਮਾਜ ਕੋਲ ਆਪਣੇ ਸੱਚ ਨੂੰ ਮੁਖਾਤਬ ਹੋਣ ਦਾ ਮੌਕਾ ਮਿਲਿਆ ਹੈ। ਮੁਕੇਸ਼ ਨੂੰ ਨਜ਼ਰਅੰਦਾਜ਼ ਕਰ ਕੇ ਰੋਜ਼ ਹੁੰਦੇ ਬਲਾਤਕਾਰਾਂ ਦੀ ਚਰਚਾ ਵੱਖ-ਵੱਖ ਵਾਰਦਾਤਾਂ ਵਜੋਂ ਕੀਤੀ ਜਾ ਸਕਦੀ ਹੈ। ਜੇ ਸਮਾਜ ਨੂੰ ਬਲਾਤਕਾਰ ਦਾ ਸ਼ਿਕਾਰ ਹੋਣ ਜਾਂ ਬਲਾਤਕਾਰੀ ਹੋਣ ਤੋਂ ਬਚਾਉਣਾ ਹੈ ਤਾਂ ਮੁਕੇਸ਼ ਹੀ ਆਪਣੀ ਧਿਰ ਦਾ ਢੁਕਵਾਂ ਨੁਮਾਇੰਦਾ ਹੈ। ਉਹ ਡਰਾਉਂਦਾ ਹੈ, ਬੇਖ਼ੌਫ਼ ਹੈ, ਉਸ ਦੀ ਸ਼ਰਮ ਦੀ ਆਪਣੀ ਧਾਰਨਾ ਹੈ ਪਰ ਉਹ ਸੱਚ ਬੋਲ ਰਿਹਾ ਹੈ। ਉਸ ਦੇ ਸੱਚ ਤੋਂ ਮੁਨਕਰ ਹੋਣ ਲਈ ਕੋਈ ਪੱਤਰਕਾਰੀ ਛੱਡ ਕੇ ਪੁਲਿਸ ਕਿਉਂ ਹੋ ਜਾਣਾ ਚਾਹੁੰਦਾ ਹੈ? ਉਸ ਤੋਂ ਕੰਨੀ ਕਤਰਾ ਕੇ ਕੋਈ ਫਿਲਮਸਾਜ਼ ਦੀ ‘ਔਰਤਵਾਦੀ ਮੁਹਿੰਮ’ ਬਾਬਤ ਸਮਝ ਉਤੇ ਸੁਆਲ ਕਿਉਂ ਕਰਦਾ ਹੈ? ਇਹ ਸੁਆਲ ਮੁਕੇਸ਼ ਰਾਹੀਂ ਵੀ ਪੁੱਛੇ ਜਾ ਸਕਦੇ ਹਨ। ਇਹ ਫਿਲਮ ਕਿਸੇ ਕਲਾਕਾਰੀ ਜਾਂ ਮਿਆਰੀ ਫਿਲਮਸਾਜ਼ੀ ਕਾਰਨ ਭਾਵੇਂ ਨਾ ਜਾਣੀ ਜਾਵੇ ਪਰ ਬਲਾਤਕਾਰ ਦੇ ਸਮਾਜਕ ਖ਼ੌਫ਼ ਦੇ ਬੇਬਾਕ ਸਬੂਤ ਅਤੇ ਗਵਾਹੀ ਵਜੋਂ ਤਾਂ ਜਾਣੀ ਜਾਏਗੀ। ਇਹ ਇੱਕ ਘੰਟੇ ਦਾ ਤਸ਼ੱਦਦ ਹੈ ਜੋ ਸ਼ੱਰੇਬਾਜ਼ਾਰ ਚੱਲਦੇ ਮਰਦਾਵੇਂ ਬੁੱਚੜਖ਼ਾਨੇ ਨੂੰ ਬੰਦ ਕਰਨ ਦੀ ਸੇਧ ਵੀ ਬਣ ਸਕਦਾ ਹੈ।