ਉਘੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ਬਾਰੇ ਲਿਖੀ ਪੁਸਤਕ Ḕਗੋਲਡਨ ਗੋਲḔ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਹੈ।
ਇਸ ਲੇਖ ਦੇ ਹੀਰੋ ਬਲਬੀਰ ਸਿੰਘ ਨੇ ਆਪਣੇ ਜੀਵਨ ਬਾਰੇ ਲਿਖੀ ਗਈ ਇਸ ਪੁਸਤਕ ਵਿਚਲੀ ਜਾਣਕਾਰੀ ਨਾਲ ਮੁਤਫਿਕ ਹੁੰਦਿਆਂ ਇਹ ਚਿੱਠੀ ਪ੍ਰਿੰਸੀਪਲ ਸਰਵਣ ਸਿੰਘ ਦੇ ਨਾਂ ਲਿਖੀ ਹੈ। -ਸੰਪਾਦਕ
ਪਿਆਰੇ ਪਿੰ੍ਰਸੀਪਲ ਸਾਹਿਬ,
ਸਤਿ ਸ੍ਰੀ ਅਕਾਲ!
ਮੈਨੂੰ ਯਾਦ ਹੈ ਆਪਾਂ 1962 ਵਿਚ ਲੱਡਾ ਕੋਠੀ, ਜ਼ਿਲ੍ਹਾ ਸੰਗਰੂਰ ਵਿਚ ਮਿਲੇ ਸਾਂ। ਉਥੇ ਪੰਜਾਬ ਯੂਨੀਵਰਸਿਟੀ ਦੇ ਹਾਕੀ ਖਿਡਾਰੀਆਂ ਤੇ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ ਸੀ। ਅਸੀਂ ਖੇਡ ਵਿਭਾਗ ਵਲੋਂ ਕਾਲਜਾਂ ਦੇ ਖਿਡਾਰੀਆਂ ਲਈ ਕੋਚਿੰਗ ਕੈਂਪ ਲਾਉਣ ਦੀ ਸਕੀਮ ਚਲਾਈ ਸੀ। ਮਈ ਜੂਨ ਦੇ ਮਹੀਨੇ ਜਦੋਂ ਵਿਦਿਆਰਥੀ ਪੜ੍ਹਾਈ ਤੋਂ ਵਿਹਲੇ ਹੁੰਦੇ ਹਨ, ਉਦੋਂ ਆਫ਼ ਸੀਜ਼ਨ ਕੈਂਪ ਲਾ ਰਹੇ ਸਾਂ। ਲੱਡਾ ਕੋਠੀ ਦੇ ਕੈਂਪ ਵਿਚ ਮੇਰੇ ਗੂੜ੍ਹੇ ਮਿੱਤਰ ਗੁਰਚਰਨ ਬੋਧੀ ਹਾਕੀ ਦੀ ਕੋਚਿੰਗ ਦੇ ਰਹੇ ਸਨ। ਮੈਂ ਵੇਖਿਆ ਖਿਡਾਰੀਆਂ ਵਿਚ ਤੁਸੀਂ ਵੀ ਖੇਡ ਰਹੇ ਸਓ। ਮੈਨੂੰ ਤੁਹਾਡੀ ਖੇਡ ਪਿਆਰੀ ਲੱਗੀ ਸੀ। ਕੈਂਪ ਫਾਇਰ ਵਿਚ ਚੁਟਕਲਿਆਂ ਦਾ ਮਨੋਰੰਜਨ ਹੋਇਆ ਤਾਂ ਤੁਸੀਂ ਵੀ ਲਤੀਫ਼ੇ ਸੁਣਾਏ ਸਨ। ਉਦੋਂ ਕੀ ਪਤਾ ਸੀ ਕਿ ਅੱਧੀ ਸਦੀ ਬਾਅਦ ਤੁਸੀਂ ਮੇਰੇ ਜੀਵਨ ਤੇ ਖੇਡ ਕਰੀਅਰ ਬਾਰੇ ਕਿਤਾਬ ਲਿਖੋਗੇ?
ਮੈਂ ਬੜੇ ਸਾਲਾਂ ਤੋਂ ਤੁਹਾਡੀਆਂ ਖੇਡ ਲਿਖਤਾਂ ਅਖ਼ਬਾਰਾਂ ਰਸਾਲਿਆਂ ਵਿਚ ਪੜ੍ਹਦਾ ਆ ਰਿਹਾਂ। 1975 ਦੇ ਆਸ ਪਾਸ ਮੈਂ ਇਕ ਕਾਲਜ ਵਿਚ ਗਿਆ ਜਿਥੇ ਲਾਇਬ੍ਰੇਰੀ ਵਿਚ ‘ਸਚਿੱਤਰ ਕੌਮੀ ਏਕਤਾ’ ਨਾਂ ਦਾ ਮੈਗਜ਼ੀਨ ਦੇਖਿਆ। ਪੰਨੇ ਪਰਤਦਿਆਂ ਇਕ ਥਾਂ ਮੋਟੇ ਅੱਖਰਾਂ ਵਿਚ ਛਪਿਆ ਸਿਰਲੇਖ ਪੜ੍ਹਿਆ-ਹਾਕੀ ਦਾ ਰੁਸਤਮ ਬਲਬੀਰ ਸਿੰਘ। ਲਿਖਣ ਵਾਲੇ ਦਾ ਨਾਂ ਸਰਵਣ ਸਿੰਘ ਸੀ। ਮੈਂ ਹੈਰਾਨ ਹੋਇਆ ਕਿ ਮੇਰੇ ਬਾਰੇ ਲਿਖਣ ਵਾਲਾ ਇਹ ਸਰਵਣ ਸਿੰਘ ਕੌਣ ਹੋਇਆ?
ਫਿਰ ਤੁਸੀਂ ਨਾਵਲਕਾਰ ਜਸਵੰਤ ਸਿੰਘ ਕੰਵਲ ਨਾਲ ਮੈਨੂੰ ਚੰਡੀਗੜ੍ਹ ਮਿਲੇ ਤੇ ਢੁੱਡੀਕੇ ਦੇ ਖੇਡ ਮੇਲੇ ‘ਤੇ ਆਉਣ ਦਾ ਸੱਦਾ ਦਿੱਤਾ। ਮੈਂ ਢੁੱਡੀਕੇ ਕਾਹਦਾ ਗਿਆ ਕਿ ਮੇਲ ਮੁਲਾਕਾਤਾਂ ਦਾ ਸਿਲਸਿਲਾ ਹੀ ਚੱਲ ਪਿਆ ਤੇ ਜਾਣ-ਪਛਾਣ ਦੋਸਤੀ ਵਿਚ ਬਦਲ ਗਈ। ਮੈਂ ਦਿਲ ਦੀਆਂ ਡੂੰਘਾਈਆਂ ‘ਚੋਂ ਮਹਿਸੂਸ ਕਰ ਰਿਹਾਂ ਕਿ ਕਾਦਰ ਨੇ ਆਪ ਹੀ ਢੋਅ-ਢੁਕਾ ਕੇ ਤੁਹਾਡੇ ਜਿਹੇ ਖੇਡ ਲੇਖਕ ਨੂੰ ਮੇਰਾ ਮਿੱਤਰ ਬਣਾਇਆ ਅਤੇ ਮੇਰੇ ਜੀਵਨ ਤੇ ਖੇਡ ਕਰੀਅਰ ਬਾਰੇ ਕਿਤਾਬ ਲਿਖਵਾਈ।
ਮੇਰੀ ਕਈ ਸਾਲਾਂ ਦੀ ਰੀਝ ਸੀ ਕਿ ਕੋਈ ਲੇਖਕ ਮੇਰੀ ਮਾਂ ਬੋਲੀ ਪੰਜਾਬੀ ਵਿਚ ਮੇਰੇ ਹਾਕੀ ਦੇ ਕਰੀਅਰ ਦੀ ਬਾਤ ਪਾਵੇ ਜਿਸ ਨਾਲ ਨਵੀਂ ਪੀੜ੍ਹੀ ਨੂੰ ਖੇਡਾਂ ਵਿਚ ਅੱਗੇ ਵਧਣ ਦੀ ਪ੍ਰੇਰਨਾ ਮਿਲੇ। ਮੈਂ ਖ਼ੁਸ਼ਕਿਸਮਤ ਹਾਂ ਕਿ ਮੇਰੀ ਜੀਵਨੀ ਪੰਜਾਬੀ ਦੇ ਉਸ ਖੇਡ ਲੇਖਕ ਨੇ ਲਿਖੀ ਹੈ ਜਿਸ ਦੀ ਲਿਖਤ ਨੂੰ ਸਾਰਾ ਪੰਜਾਬੀ ਖੇਡ ਜਗਤ ਪੜ੍ਹਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀਆਂ ਲਿਖਤਾਂ ਨਵੀ ਪੀੜ੍ਹੀ ਨੂੰ ਨਰੋਈ ਸੇਧ ਦੇਣਗੀਆਂ ਤੇ ਖੇਡ ਖੇਤਰ ਵਿਚ ਹੋਰ ਅੱਗੇ ਵਧਾਉਣਗੀਆਂ।
ਸਰਵਣ ਜੀ, ਮੈਂ ਤੁਹਾਡਾ ਸ਼ੁਕਰੀਆ ਕਿਵੇਂ ਕਰਾਂ? ਮੈਨੂੰ ਤਾਂ ਇਓਂ ਲੱਗਦੈ ਜਿਵੇਂ ਰੱਬ ਨੇ ਆਪ ਹੀ ਮੇਰੇ ਲਈ ਗੌਡ ਗਿਫ਼ਟ ਭੇਜ ਦਿੱਤਾ ਹੋਵੇ। ਤੁਸੀਂ ਖੋਜ ਕਰ ਕੇ ਮੇਰੇ ਜੀਵਨ ਤੇ ਕਰੀਅਰ ਬਾਰੇ ਉਹ ਕੁਝ ਲਿਖ ਦਿੱਤਾ ਹੈ ਜੋ ਮੈਨੂੰ ਵੀ ਨਹੀਂ ਸੀ ਪਤਾ। ਤੁਸੀਂ ਤਾਂ ਮੈਨੂੰ ਭਾਈ ਬਿਧੀ ਚੰਦ ਜੀ ਦਾ ਵਾਰਸ ਸਾਬਤ ਕਰ ਦਿੱਤਾ ਹੈ। ਤੁਹਾਡੀ ਕਲਮ ਨੂੰ ਸਲਾਮ!
‘ਗੋਲਡਨ ਗੋਲ’ ਇਕ ਸਾਧਾਰਨ ਪਰਿਵਾਰ ਵਿਚ ਜਨਮੇ ਬੱਚੇ ਦੇ ਸਕੂਲ ਦੀ ਟੀਮ ਤੋਂ ਵਿਸ਼ਵ ਹਾਕੀ ਦੀ ਬੁਲੰਦੀ ਤਕ ਪਹੁੰਚਣ ਦੀ ਕਹਾਣੀ ਹੈ ਜੋ ਨਵੇਂ ਉਭਰਦੇ ਖਿਡਾਰੀਆਂ ਲਈ ਪ੍ਰੇਰਨਾਮਈ ਹੋ ਸਕਦੀ ਹੈ। ਜੇ ਮੇਰੇ ਵਰਗਾ ਸਾਧਾਰਨ ਬੱਚਾ ਛੋਟੇ ਜਿਹੇ ਪਿੰਡ ਹਰੀਪੁਰ ਤੋਂ ਉਠ ਕੇ ਓਲੰਪਿਕ ਖੇਡਾਂ ਦਾ ‘ਗੋਲਡਨ ਹੈਟ ਟ੍ਰਿਕ’ ਮਾਰ ਸਕਦਾ ਹੈ ਤੇ ‘ਆਈਕੋਨਿਕ ਓਲੰਪੀਅਨ’ ਐਲਾਨਿਆ ਜਾਂਦਾ ਹੈ ਤਾਂ ਕੋਈ ਹੋਰ ਬੱਚਾ ਅਜਿਹਾ ਕਿਉਂ ਨਹੀਂ ਕਰ ਸਕਦਾ? ਤੁਸੀਂ ਸਰਲ ਬੋਲੀ ਵਿਚ ਸੱਚਾਈ ਬਿਆਨ ਕੀਤੀ ਹੈ ਜੋ ਆਮ ਪਾਠਕਾਂ ਦੀ ਸਮਝ ਵਿਚ ਆਉਣ ਵਾਲੀ ਹੈ। ਸਾਡੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਪੁਸਤਕਾਂ ਦੀ ਲੋੜ ਹੈ। ਮੈਂ ਇਹ ਪੁਸਤਕ ਲਿਖਣ ਦੀ ਵਧਾਈ ਦੇਣ ਦੇ ਨਾਲ ਤੁਹਾਡਾ ਹਾਰਦਿਕ ਧੰਨਵਾਦ ਕਰਦਾ ਹਾਂ ਤੇ ਤੁਹਾਡੀਆਂ ਭਵਿੱਖ ਦੀਆਂ ਲਿਖਤਾਂ ਲਈ ਸ਼ੁਭ ਇਛਾਵਾਂ ਦਿੰਦਾ ਹਾਂ।
ਤੁਹਾਡਾ ਸ਼ੁਭਚਿੰਤਕ
-ਬਲਬੀਰ ਸਿੰਘ