ਲੀਡਰੀ ਕਿਸੇ ਪਾਰਟੀ ਦੀ ਤੇ ਵਫਾ ਕਿਸੇ ਹੋਰ ਨਾਲ

-ਜਤਿੰਦਰ ਪਨੂੰ
ਬੀਤੇ ਹਫਤੇ ਛਾਈਆਂ ਰਹੀਆਂ ਰਾਜਸੀ ਖਬਰਾਂ ਵਿਚ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਇਹ ਸੀ ਕਿ ਦਿੱਲੀ ਵਿਚ ਨਵੀਂ-ਨਵੀਂ ਹੂੰਝਾ ਫੇਰ ਜਿੱਤ ਨਾਲ ਅੱਗੇ ਆਈ ਆਮ ਆਦਮੀ ਪਾਰਟੀ ਦਾ ਕੀ ਬਣੇਗਾ? ਕੁਝ ਮੀਡੀਆ ਘਰਾਣੇ ਇਸ ਗੱਲ ਵਾਸਤੇ ਪੂਰੇ ਸਰਗਰਮ ਸਨ ਕਿ ਇਹ ਪਾਰਟੀ ਕਿਤੇ ਬਚ ਨਾ ਜਾਂਦੀ ਹੋਵੇ।

ਜਿਹੜੇ ਦੋ ਮੀਡੀਆ ਘਰਾਣਿਆਂ ਦੀ ਆਪੋ ਵਿਚ ਜੰਗ ਚੱਲ ਰਹੀ ਹੈ, ਦੋਵੇਂ ਇੱਕ ਦੂਸਰੇ ਦੇ ਖਿਲਾਫ ਚੁਣ-ਚੁਣ ਕੇ ਖਬਰਾਂ ਪੇਸ਼ ਕਰਦੇ ਹਨ ਅਤੇ ਦੋਵਾਂ ਵਿਚ ਇਹ ਖਿੱਚੋਤਾਣ ਵੀ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਵੱਧ ਨੇੜੇ ਕੌਣ ਚਲਾ ਜਾਂਦਾ ਹੈ, ਉਹ ਇਸ ਮਾਮਲੇ ਵਿਚ ਜ਼ਿਦ ਵਿਚ ਪੈ ਗਏ ਜਾਪਦੇ ਸਨ ਕਿ ਆਮ ਆਦਮੀ ਪਾਰਟੀ ਨੂੰ ਤੋੜਨ ਦਾ ਸਿਹਰਾ ਕੌਣ ਲੈ ਜਾਂਦਾ ਹੈ? ਇਸ ਦੇ ਪਿੱਛੇ ਕੁਝ ਤਾਕਤਾਂ ਕੰਮ ਕਰਦੀਆਂ ਜਾਪਦੀਆਂ ਸਨ। ਆਮ ਆਦਮੀ ਪਾਰਟੀ ਕੋਈ ਇਨਕਲਾਬੀ ਧਿਰ ਤਾਂ ਨਹੀਂ, ਫਿਰ ਵੀ ਇਸ ਨੂੰ ਮਾਰਨ ਲਈ ਪੁਰਾਣੀਆਂ ਦੋ ਮੁੱਖ ਰਾਜਸੀ ਤਾਕਤਾਂ ਓਸੇ ਤਰ੍ਹਾਂ ਇੱਕ ਦੂਸਰੀ ਦਾ ਸਹਿਯੋਗ ਕਰ ਰਹੀਆਂ ਹਨ, ਜਿਵੇਂ ਪੰਜਾਹ ਸਾਲ ਪਹਿਲਾਂ ਕਮਿਊਨਿਸਟ ਪਾਰਟੀ ਨੂੰ ਮਾਰਨ ਲਈ ਕਰਦੀਆਂ ਸਨ। ਇਹ ਪਾਰਟੀ ਦੂਸਰੀ ਵਾਰ ਮਾਰ ਤੋਂ ਬਚ ਗਈ ਹੈ। ਪਹਿਲੀ ਮਾਰ ਦੀ ਕਹਾਣੀ ਜਿੰਨੀ ਦਿਲਚਸਪ ਹੈ, ਓਨੀ ਹੀ ਭੇਦ ਭਰੀ ਵੀ। ਉਸ ਨਾਲ ਇੱਕ ਵਾਰ ਫਿਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਰਾਜਨੀਤੀ ਦੀ ਸ਼ਤਰੰਜ ਜਿੰਨੀ ਸਾਡੇ ਸਾਹਮਣੇ ਵਿਛੀ ਲੱਗਦੀ ਹੈ, ਉਸ ਤੋਂ ਵੱਧ ਸ਼ਤਰੰਜੀ ਚਾਲ ਭਾਰਤ ਦੀ ਰਾਜਨੀਤੀ ਪਰਦੇ ਦੇ ਪਿੱਛੇ ਰਹਿ ਕੇ ਚੱਲੀ ਜਾਂਦੀ ਹੈ।
ਭਾਰਤ ਦਾ ਰਾਜ ਸੰਭਾਲਦੀ ਤੇ ਸੰਭਾਲਣ ਲਈ ਯਤਨਸ਼ੀਲ ਦੋਵੇਂ ਮੁੱਖ ਪਾਰਟੀਆਂ ਉਹ ਚਾਲਾਂ ਚੱਲਦੀਆਂ ਹਨ, ਜਿਨ੍ਹਾਂ ਨੂੰ ਸਾਜ਼ਿਸ਼ ਕਿਹਾ ਜਾ ਸਕਦਾ ਹੈ। ਰਾਮਦੇਵ ਨੂੰ ਇੱਕ ਧਿਰ ਲਿਆਈ ਸੀ ਤੇ ਉਸ ਨੂੰ ਰਾਮ ਲੀਲ੍ਹਾ ਮੈਦਾਨ ਵਿਚ ਅੰਨਾ ਹਜ਼ਾਰੇ ਦੀ ਮੁਹਿੰਮ ਦਾ ਭੱਠਾ ਬਿਠਾਉਣ ਲਈ ਆਪ ਬਿਠਾਇਆ ਸੀ। ਜਦੋਂ ਅਗਲੇ ਦਿਨ ਉਹ ਉਠਣ ਤੋਂ ਨਾਂਹ ਕਰ ਗਿਆ, ਉਦੋਂ ਉਸ ਰਾਜਸੀ ਧਿਰ ਨੇ ਇੱਕ ਚਿੱਠੀ ਪੇਸ਼ ਕਰ ਦਿੱਤੀ, ਜਿਸ ਵਿਚ ਰਾਮਦੇਵ ਨੇ ਇਹ ਲਿਖ ਕੇ ਦਿੱਤਾ ਹੋਇਆ ਸੀ ਕਿ ਫਲਾਣੇ ਵਕਤ ਬੈਠ ਕੇ ਫਲਾਣੇ ਵਕਤ ਉਠ ਜਾਵਾਂਗਾ। ਇਨਕਾਰ ਉਸ ਨੇ ਖੁਦ ਨਹੀਂ ਸੀ ਕੀਤਾ, ਉਦੋਂ ਤੱਕ ਉਸ ਵਕਤ ਦੌਰਾਨ ਉਸ ਦੁਆਲੇ ਨਾਗ-ਵਲ਼ ਪਾ ਚੁੱਕੀ ਦੂਸਰੀ ਰਾਜਸੀ ਧਿਰ ਨੇ ਕਰਵਾਇਆ ਸੀ। ਇਕੱਲੀ ਇਸੇ ਗੱਲ ਤੋਂ ਇਹ ਸਮਝ ਲੱਗ ਸਕਦੀ ਹੈ ਕਿ ਦੋਵੇਂ ਧਿਰਾਂ ਸਾਜ਼ਿਸ਼ਾਂ ਵਿਚ ਇਸ ਹੱਦ ਤੱਕ ਜਾ ਸਕਦੀਆਂ ਹਨ ਕਿ ਕੋਈ ਬੰਦਾ ਧਰਨੇ ਉਤੇ ਖੁਦ ਹੀ ਬਿਠਾ ਕੇ ਫਿਰ ਉਸ ਨੂੰ ਮੋਹਰੇ ਵਾਂਗ ਵਰਤਣ ਲਈ ਲੜਨ ਲੱਗ ਪੈਣ।
ਪਿਛਲੇ ਸਾਲ ਨਵੰਬਰ ਵਿਚ ਜਦੋਂ ਦਿੱਲੀ ਵਿਚ ਚੋਣਾਂ ਕਰਵਾਉਣ ਦੀ ਚਰਚਾ ਹੋ ਰਹੀ ਸੀ, ਉਦੋਂ ਇੱਕ ਖਬਰ ਦਿੱਲੀ ਦੇ ਇੱਕ ਪੱਤਰਕਾਰ ਨੇ ਕਿਸੇ ਪਾਸਿਓਂ ਕੱਢੀ ਤੇ ਛਾਪੀ ਸੀ। ਉਸ ਖਬਰ ਦੀ ਚਰਚਾ ਹੁੰਦੀ ਤਾਂ ਲੋਕਾਂ ਨੂੰ ਸਮਝ ਲੱਗਣੀ ਸੀ ਕਿ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਕੋਈ ਰਾਜਸੀ ਸਾਜ਼ਿਸ਼ ਹੋਈ ਸੀ ਤੇ ਉਸ ਵਿਚ ਅੰਨਾ ਹਜ਼ਾਰੇ ਨੂੰ ਵੀ ਰਾਜਨੀਤੀ ਦਾ ਪਿਆਦਾ ਬਣਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਦੋ ਸਿੱਟੇ ਨਿਕਲ ਸਕਦੇ ਸਨ। ਇੱਕ ਇਹ ਕਿ ਇਸ ਚਰਚਾ ਨਾਲ ਅੰਨਾ ਦੇ ਭਵਿੱਖ ਦੇ ਅੰਦੋਲਨਾਂ ਦਾ ਭੱਠਾ ਬੈਠ ਜਾਂਦਾ ਅਤੇ ਦੂਸਰਾ ਆਮ ਆਦਮੀ ਪਾਰਟੀ ਦਾ ਸਾਹ ਘੁੱਟ ਦਿੱਤਾ ਜਾਂਦਾ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਧਿਰਾਂ ਤੋਂ ਸਪੱਸ਼ਟੀਕਰਨ ਮੰਗ ਸਕਦੀ ਉਹ ਖਬਰ ਇੱਕ-ਦਮ ਅਣਗੌਲੀ ਹੋ ਗਈ, ਕਿਉਂਕਿ ਉਸ ਖਬਰ ਨਾਲ ਸਬੰਧਤ ਧਿਰਾਂ ਇਹੋ ਚਾਹੁੰਦੀਆਂ ਸਨ। ਸਾਜ਼ਿਸ਼ ਦਾ ਹਿੱਸਾ ਬਣਨ ਦਾ ਮਾਹਰ ਭਾਰਤ ਦਾ ਮੀਡੀਆ ਵੀ ਆਪਣੇ ਗੌਂਅ ਖਾਤਰ ਇਸ ਖਬਰ ਬਾਰੇ ਚੁੱਪ ਵੱਟ ਗਿਆ।
ਖਬਰ ਆਖਦੀ ਸੀ ਕਿ ਡੇਢ ਕੁ ਸਾਲ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਦਾ ਇੱਕ ਮੰਤਰੀ ਮਹਾਰਾਸ਼ਟਰ ਜਾ ਕੇ ਚੁੱਪ-ਚੁਪੀਤਾ ਅੰਨਾ ਹਜ਼ਾਰੇ ਨੂੰ ਮਿਲਿਆ ਸੀ। ਦੋਵਾਂ ਦੀ ਮੀਟਿੰਗ ਬਾਰੇ ਕਿਸੇ ਨੂੰ ਸੂਹ ਨਾ ਲੱਗੇ, ਇਸ ਕਰ ਕੇ ਦੋਵੇਂ ਜਣੇ ਸਕਿਉਰਿਟੀ ਤੋਂ ਬਿਨਾਂ ਕਿਸੇ ਲੁਕਵੀਂ ਥਾਂ ਪਹੁੰਚੇ ਸਨ। ਉਨ੍ਹਾਂ ਦੀ ਸਹਿਮਤੀ ਹੋ ਗਈ ਕਿ ਪਾਰਲੀਮੈਂਟ ਚੋਣਾਂ ਵਿਚ ਕਾਂਗਰਸ ਦੀ ਮਦਦ ਲਈ ਅੰਨਾ ਹਜ਼ਾਰੇ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਕਰੇਗਾ। ਜਦੋਂ ਮੰਤਰੀ ਦਿੱਲੀ ਮੁੜਿਆ ਤਾਂ ਪ੍ਰਧਾਨ ਮੰਤਰੀ ਦਫਤਰ ਨੇ ਅੰਨਾ ਨੂੰ ਧੰਨਵਾਦ ਦੀ ਚਿੱਠੀ ਪਾ ਦਿੱਤੀ, ਪਰ ਗਲਤੀ ਨਾਲ ਇਹ ਚਿੱਠੀ ਅੰਨਾ ਹਜ਼ਾਰੇ ਨੂੰ ਮਹਾਰਾਸ਼ਟਰ ਦੇ ਪਿੰਡ ਰਾਲੇਗਣ ਵਿਚ ਸਿੱਧੀ ਭੇਜਣ ਦੀ ਥਾਂ ਉਸ ਦੇ ਦਿੱਲੀ ਦਫਤਰ ਨੂੰ ਭੇਜ ਦਿੱਤੀ, ਜਿੱਥੇ ਇਹ ਅਰਵਿੰਦ ਕੇਜਰੀਵਾਲ ਨੂੰ ਮਿਲ ਗਈ। ਕੇਜਰੀਵਾਲ ਨੇ ਜਦੋਂ ਇਸ ਬਾਰੇ ਅੰਨਾ ਨਾਲ ਗੱਲ ਕੀਤੀ ਤਾਂ ਉਸ ਪਿੱਛੋਂ ਦੋਵੇਂ ਇੱਕ ਦੂਸਰੇ ਤੋਂ ਫਾਸਲਾ ਪਾ ਗਏ ਤੇ ਇੱਕ-ਦੂਸਰੇ ਨੂੰ ਮਿਲਣ ਜੋਗੇ ਵੀ ਨਾ ਰਹੇ।
ਉਸ ਮੰਤਰੀ ਨਾਲ ਅੰਨਾ ਦੀ ਏਦਾਂ ਦੀ ਮੀਟਿੰਗ ਦਾ ਸਾਨੂੰ ਨਾ ਉਦੋਂ ਯਕੀਨ ਆਉਂਦਾ ਸੀ ਤੇ ਨਾ ਅੱਜ ਆ ਰਿਹਾ ਹੈ। ਕਿਸੇ ਕੇਂਦਰੀ ਮੰਤਰੀ ਤੇ ਅੰਨਾ ਹਜ਼ਾਰੇ ਦੀ ਮੀਟਿੰਗ ਤੋਂ ਵੱਧ ਮੀਟਿੰਗ ਦੀ ਖਬਰ ਤੋਂ ਕਿੰਤੂ ਉਠਦੇ ਸਨ। ਪਹਿਲਾ ਇਹ ਕਿ ਕੀ ਅੰਨਾ ਤੇ ਮੰਤਰੀ ਦੇ ਮਿਲਣ ਪਿੱਛੋਂ ਗੱਲ ਇਸ ਲਈ ਸਿਰੇ ਨਾ ਚੜ੍ਹੀ ਕਿ ਪ੍ਰਧਾਨ ਮੰਤਰੀ ਦਫਤਰ ਨੇ ਚਿੱਠੀ ਅੰਨਾ ਦੇ ਪਿੰਡ ਭੇਜਣ ਦੀ ਥਾਂ ਦਿੱਲੀ ਦਫਤਰ ਨੂੰ ਭੇਜਣ ਦੀ ਗਲਤੀ ਕੀਤੀ ਤੇ ਕੇਜਰੀਵਾਲ ਦੇ ਹੱਥ ਚਿੱਠੀ ਆ ਗਈ ਸੀ? ਦੂਸਰਾ ਇਹ ਕਿ ਇਹ ਚਿੱਠੀ ਪ੍ਰਧਾਨ ਮੰਤਰੀ ਦਫਤਰ ਵਿਚੋਂ ਕਿਸੇ ਭਾਜਪਾ ਏਜੰਟ ਨੇ ਕਾਂਗਰਸ ਦੀ ਖੇਡ ਖਰਾਬ ਕਰਨ ਲਈ ਜਾਣ-ਬੁੱਝ ਕੇ ਦਿੱਲੀ ਦਫਤਰ ਭੇਜੀ ਸੀ, ਤਾਂ ਕਿ ਕੇਜਰੀਵਾਲ ਨੂੰ ਮਿਲ ਜਾਵੇ? ਤੀਸਰਾ ਇਹ ਕਿ ਅੰਨਾ ਦੇ ਨਾ ਮੰਨਣ ਕਰ ਕੇ ਕਾਂਗਰਸ ਲੀਡਰਾਂ ਨੇ ਅੰਨਾ ਨੂੰ ਉਸ ਦੇ ਸਾਥੀਆਂ ਦੀ ਨਜ਼ਰ ਵਿਚ ਡੇਗਣ ਲਈ ਉਹੋ ਦਾਅ ਤਾਂ ਨਹੀਂ ਖੇਡਿਆ, ਜਿਹੜਾ ਰਾਮਦੇਵ ਦੇ ਧਰਨੇ ਵੇਲੇ ਉਸ ਦਾ ਲਿਖ ਕੇ ਦਿੱਤਾ ਵਰਤ ਛੱਡਣ ਦਾ ਵਾਅਦਾ ਵਿਖਾ ਕੇ ਖੇਡਿਆ ਸੀ? ਚੌਥਾ ਇਹ ਵੀ ਹੋ ਸਕਦਾ ਹੈ ਕਿ ਅੰਨਾ ਤੇ ਮੰਤਰੀ ਦੀ ਕੋਈ ਮੀਟਿੰਗ ਹੋਈ ਹੀ ਨਾ ਹੋਵੇ ਤੇ ਕਾਂਗਰਸ ਨੇ ਅੰਨਾ ਟੀਮ ਵਿਚ ਫੁੱਟ ਪਾਉਣ ਲਈ ਇਹ ਚਿੱਠੀ ਬਿਨਾ ਕਿਸੇ ਗੱਲ ਤੋਂ ਐਵੇਂ ਭੇਜ ਦਿੱਤੀ ਹੋਵੇ। ਇੱਕ ਕਹਾਣੀ ਹੋਰ ਵੀ ਹੋ ਸਕਦੀ ਹੈ ਕਿ ਨਾ ਅੰਨਾ ਅਤੇ ਕੇਂਦਰੀ ਮੰਤਰੀ ਆਪੋ ਵਿਚ ਮਿਲੇ ਹੋਣ, ਨਾ ਪ੍ਰਧਾਨ ਮੰਤਰੀ ਦੇ ਦਫਤਰ ਨੇ ਕੋਈ ਚਿੱਠੀ ਲਿਖੀ ਹੋਵੇ, ਪਰ ਦਿੱਲੀ ਚੋਣਾਂ ਸਿਰ ਉਤੇ ਹੋਣ ਕਾਰਨ ਕੇਜਰੀਵਾਲ ਤੇ ਕਾਂਗਰਸ ਦੋਵਾਂ ਦੇ ਵਿਰੋਧ ਦੀ ਤੀਸਰੀ ਧਿਰ ਨੇ ਕਿਸੇ ਪੱਤਰਕਾਰ ਦੀ ਸੇਵਾ ਲੈ ਕੇ ਚਿੱਠੀ ਦੀ ਚਰਚਾ ਬਿਨਾਂ ਵਜ੍ਹਾ ਕਰਵਾਈ ਹੋਵੇ, ਜਿਸ ਨਾਲ ਇਹ ਪ੍ਰਚਾਰਿਆ ਜਾ ਸਕੇ ਕਿ ਕੇਜਰੀਵਾਲ ਤਾਂ ਅੰਨਾ ਦੀ ਡਾਕ ਵੀ ਸੈਂਸਰ ਕਰਦਾ ਹੁੰਦਾ ਸੀ। ਆਖਰੀ ਗੱਲ ਇਸ ਖਬਰ ਨਾਲ ਜੋੜ ਕੇ ਦਿੱਲੀ ਵਿਚ ਕੁਝ ਲੋਕਾਂ ਨੇ ਕਹੀ ਵੀ, ਪਰ ਉਸ ਦੇ ਬਾਅਦ ਖਬਰ ਹੀ ਮਰ ਗਈ।
ਮਾਮਲਾ ਇਹ ਗੰਭੀਰ ਸੀ। ਬਾਕੀ ਮੀਡੀਏ ਨੂੰ ਇਸ ਖਬਰ ਦੀ ਖੋਜ ਕਰਨੀ ਚਾਹੀਦੀ ਸੀ, ਪਰ ਕਿਸੇ ਚੈਨਲ ਜਾਂ ਕਿਸੇ ਅਖਬਾਰ ਨੇ ਇਸ ਦੀ ਕੋਈ ਚਰਚਾ ਉਸ ਦਿਨ ਪਿੱਛੋਂ ਨਹੀਂ ਕੀਤੀ। ਸਾਰੇ ਚੁੱਪ ਵੱਟ ਗਏ। ਨਾ ਨਵੰਬਰ ਦੀ ਇਸ ਖਬਰ ਦਾ ਖੰਡਨ ਅੰਨਾ ਦੀ ਉਸ ਟੀਮ ਵੱਲੋਂ ਕੀਤਾ ਗਿਆ, ਜਿਸ ਵਿਚ ਕਿਰਨ ਬੇਦੀ ਵੀ ਜਨਵਰੀ ਤੱਕ ਸ਼ਾਮਲ ਹੁੰਦੀ ਸੀ, ਨਾ ਮਨਮੋਹਨ ਸਿੰਘ ਜਾਂ ਉਸ ਦੇ ਦਫਤਰ ਵਿਚਲੇ ਲੋਕਾਂ ਨੇ ਕੀਤਾ, ਨਾ ਇਸ ਖਬਰ ਮੁਤਾਬਕ ਅੰਨਾ ਨੂੰ ਮਿਲਣ ਗਏ ਯੂ ਪੀ ਦੀ ਰਾਜਨੀਤੀ ਨਾਲ ਜੁੜੇ ਹੋਏ ਉਸ ਸਾਬਕਾ ਮੰਤਰੀ ਨੇ ਅਤੇ ਨਾ ਹੀ ਉਸ ਕੇਜਰੀਵਾਲ ਨੇ ਖੰਡਨ ਕੀਤਾ, ਜਿਸ ਨੂੰ ਪ੍ਰਧਾਨ ਮੰਤਰੀ ਦਫਤਰ ਦੀ ਅੰਨਾ ਨੂੰ ਲਿਖੀ ਚਿੱਠੀ ਮਿਲਣ ਦੀ ਖਬਰ ਛਾਪੀ ਗਈ ਸੀ। ਕੋਈ ਹੋਰ ਨਾ ਸਹੀ, ਕੇਜਰੀਵਾਲ ਹੀ ਕਹਿ ਸਕਦਾ ਸੀ ਕਿ ਇਹ ਸਿਰਫ ਅਫਵਾਹ ਹੈ, ਪਰ ਉਹ ਵੀ ਨਹੀਂ ਬੋਲਿਆ। ਉਸ ਦੇ ਇੱਕ ਨੇੜੂ ਨੇ ਸਾਡੇ ਪੁੱਛਣ ਉੱਤੇ ਕਿਹਾ ਕਿ ਸਾਡੇ ਸਿਆਸੀ ਵਿਰੋਧੀ ਇਹ ਗੱਲਾਂ ਉਛਾਲ ਕੇ ਸਾਨੂੰ ਉਲਝਾਉਣਾ ਚਾਹੁੰਦੇ ਹਨ, ਪਰ ਕੇਜਰੀਵਾਲ ਨੇ ਇਸ ਬਾਰੇ ਕੁਝ ਨਹੀਂ ਕਹਿਣਾ। ਇਸ਼ਾਰਾ ਉਸ ਨੇ ਇੱਕ ਤਰ੍ਹਾਂ ਭਾਜਪਾ ਅੰਦਰ ਬੈਠੀ ਇੱਕ ਇਹੋ ਜਿਹੀ ਟੋਲੀ ਵੱਲ ਕੀਤਾ, ਜਿਸ ਵਿਚ ਅਫਸਰੀਆਂ ਕਰ ਚੁੱਕੇ ਕੁਝ ਲੋਕ ਸ਼ਾਮਲ ਸਨ। ਜੜ੍ਹਾਂ ਤੋਂ ਆਰ ਐਸ ਐਸ ਨਾਲ ਜੁੜੇ ਹੋਏ ਇਹੋ ਜਿਹੇ ਲੋਕਾਂ ਨੂੰ ਭਾਜਪਾ ਕਈ ਤਰ੍ਹਾਂ ਦੇ ਸਿਧਾਂਤਕ ਸੈਲ ਬਣਾ ਕੇ ਵਰਤਣ ਦੀ ਮਾਹਰ ਸੀ ਅਤੇ ਇਹ ਕਿਸ ਤਰ੍ਹਾਂ ਵਰਤੇ ਜਾਂਦੇ ਹਨ, ਉਸ ਦੀਆਂ ਸਾਡੇ ਕੋਲ ਦੋ ਵੱਡੀਆਂ ਮਿਸਾਲਾਂ ਹਨ।
ਪਹਿਲੀ ਇਹ ਕਿ ਜਦੋਂ ਕੇਜਰੀਵਾਲ ਰਾਜਨੀਤੀ ਵਿਚ ਆ ਗਿਆ ਤੇ ਅੰਨਾ ਨੇ ਕਹਿ ਦਿੱਤਾ ਕਿ ਉਹ ਹੁਣ ਮੇਰੇ ਮੰਚ ਤੋਂ ਨਹੀਂ ਬੋਲ ਸਕਦਾ, ਉਦੋਂ ਕਿਰਨ ਬੇਦੀ ਅਤੇ ਭਾਰਤੀ ਫੌਜ ਦਾ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ ਉਸ ਦੇ ਮੰਚ ਤੋਂ ਪਾਣੀ ਪੀ-ਪੀ ਕੇ ਕੇਜਰੀਵਾਲ ਦੇ ਖਿਲਾਫ ਬੋਲੇ ਸਨ। ਅੰਨਾ ਦੇ ਪੱਕੇ ਭਗਤਾਂ ਨੂੰ ਲੱਗਦਾ ਸੀ ਕਿ ਕੇਜਰੀਵਾਲ ਦੇ ਰਾਜਨੀਤੀ ਵਿਚ ਜਾਣ ਪਿੱਛੋਂ ਅੰਨਾ ਨੂੰ ਉਸ ਦੀ ਥਾਂ ਲੈਣ ਵਾਲੇ ਦੋ ਲੀਡਰ ਲੱਭ ਗਏ ਹਨ। ਦਿੱਲੀ ਚੋਣਾਂ ਵਿਚ ਜਦੋਂ ਭਾਜਪਾ ਨੇ ਕਿਰਨ ਬੇਦੀ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਬਣਾ ਲਿਆ, ਬੀਬੀ ਨੇ ਖੁਦ ਕਹਿਣ ਤੋਂ ਝਿਜਕ ਨਹੀਂ ਸੀ ਵਿਖਾਈ ਕਿ ਅੰਨਾ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵੇਲੇ ਵੀ ਅੰਦਰੋਂ ਮੈਂ ਭਾਜਪਾ ਨਾਲ ਸੰਪਰਕ ਰੱਖਦੀ ਰਹੀ ਸਾਂ। ਕਿਰਨ ਦਾ ਇਹ ਕਹਿਣਾ ਉਸ ਅੰਦੋਲਨ ਅੰਦਰ ਭਾਜਪਾ ਦੀ ਏਜੰਟ ਹੋਣ ਦਾ ਸਿੱਧਾ ਇਕਬਾਲ ਸੀ, ਜਿਸ ਦੀ ਚੋਣਾਂ ਵਿਚ ਚਰਚਾ ਵੀ ਹੁੰਦੀ ਰਹੀ ਅਤੇ ਬੀਬੀ ਇਸ ਨੂੰ ਭੱਦੀਆਂ ਟਿੱਪਣੀਆਂ ਕਹਿ ਕੇ ਖਹਿੜਾ ਛੁਡਾਉਂਦੀ ਰਹੀ।
ਦੂਸਰਾ ਬੰਦਾ ਜਨਰਲ ਵੀ ਕੇ ਸਿੰਘ ਸੀ, ਜਿਸ ਦੀ ਅਸਲੀਅਤ ਨੂੰ ਬਹੁਤਾ ਸਮਾਂ ਲੋਕ ਨਹੀਂ ਸਨ ਜਾਣ ਸਕੇ। ਕਈ ਸਾਲ ਪਹਿਲਾਂ ਪਾਲਮਪੁਰ ਵਿਚ ਫੌਜ ਦੇ ਮੀਡੀਆ ਨਾਲ ਸਬੰਧਾਂ ਬਾਰੇ ਕਰਵਾਏ ਸੈਮੀਨਾਰ ਵਿਚ ਫੌਜ ਦੇ ਸਾਬਕਾ ਮੁਖੀ ਦੇ ਡਿਨਰ ਦੌਰਾਨ ਕੁਝ ਫੌਜੀ ਅਫਸਰਾਂ ਨੇ ਆਪਣੇ ਕੁਝ ਅਫਸਰਾਂ ਦੀ ਚਰਚਾ ਛੇੜ ਲਈ। ਬ੍ਰਿਗੇਡੀਅਰ ਰੈਂਕ ਦੇ ਇੱਕ ਅਫਸਰ ਦੇ ਮੂੰਹੋਂ ਨਿਕਲ ਗਿਆ, ‘ਜਿੱਦਾਂ ਵੀ ਕੇ ਸਿੰਘ।’ ਪੱਤਰਕਾਰੀ ਵਿਚ ਸਾਥੋਂ ਸੀਨੀਅਰ ਸੁਰਿੰਦਰ ਅਰੋੜਾ, ਜਿਨ੍ਹਾਂ ਦਾ ਕੈਂਸਰ ਦੀ ਬਿਮਾਰੀ ਨਾਲ ਦੇਹਾਂਤ ਹੋ ਚੁੱਕਾ ਹੈ, ਨੇ ਉਸੇ ਵੇਲੇ ਵੀ ਕੇ ਸਿੰਘ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਪੈਗ ਚਾੜ੍ਹ ਕੇ ਉਸ ਫੌਜੀ ਅਫਸਰ ਨੇ ਕਿਹਾ, ‘ਉਂਜ ਤਾਂ ਵੀ ਕੇ ਸਿੰਘ ਸਾਡਾ ਵੀ ਦੋਸਤ ਹੈ, ਪਰ ਦੋਸਤ ਉਹ ਕਿਸੇ ਦਾ ਵੀ ਨਹੀਂ। ਮੌਕੇ ਦੀ ਹਰ ਸਰਕਾਰ ਵਿਚ ਸਾਂਝ ਰੱਖਦਾ ਹੈ, ਅੰਦਰੋਂ ਉਹ ਸਿਰਫ ਭਾਜਪਾ ਨਾਲ ਹੈ।’
ਉਹੋ ਜਨਰਲ ਵੀ ਕੇ ਸਿੰਘ ਫੌਜ ਦਾ ਮੁਖੀ ਬਣ ਕੇ ਆਪਣੀ ਵਿਵਾਦ ਭਰਪੂਰ ਸੇਵਾ-ਮੁਕਤੀ ਪਿੱਛੋਂ ਇੱਕ ਵਾਰ ਅੰਨਾ ਦੇ ਮੰਚ ਉਤੋਂ ਕੇਜਰੀਵਾਲ ਦੇ ਖਿਲਾਫ ਰੌਲਾ ਪਾਉਂਦਾ ਸੀ ਕਿ ਉਸ ਨੇ ਰਾਜਨੀਤੀ ਵਿਚ ਜਾ ਕੇ ਅੰਨਾ ਦੀ ਪਿੱਠ ਵਿਚ ਛੁਰਾ ਮਾਰ ਦਿੱਤਾ ਹੈ। ਉਨ੍ਹੀਂ ਦਿਨੀਂ ਅੰਮ੍ਰਿਤਸਰ ਦਾ ਦੌਰਾ ਕਰਨ ਮੌਕੇ ਜਨਰਲ ਵੀ ਕੇ ਸਿੰਘ ਸਾਡੇ ਇੱਕ ਬੜੇ ਪੁਰਾਣੇ ਮਿੱਤਰ ਦੇ ਘਰ ਰੁਕਿਆ। ਮਿੱਤਰ ਕਿਸੇ ਵੇਲੇ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਏ ਆਈ ਐਸ ਐਫ ਵਿਚ ਪੰਜਾਬ ਪੱਧਰ ਦਾ ਲੀਡਰ ਰਹਿ ਚੁੱਕਾ ਸੀ। ਉਹ ਵੀ ਕੇ ਸਿੰਘ ਦੀਆਂ ਸਿਫਤਾਂ ਕਰੀ ਜਾਵੇ। ਅਸੀਂ ਵੀ ਕੇ ਸਿੰਘ ਦੀ ਭਾਜਪਾ ਨਾਲ ਸਾਂਝ ਬਾਰੇ ਕੁਝ ਕਿਹਾ ਤਾਂ ਅੰਨਾ ਟੀਮ ਨਾਲ ਜੁੜੇ ਹੋਏ ਸਾਡੇ ਮਿੱਤਰ ਨੂੰ ਇਹ ਗੱਲ ਏਨੀ ਚੁਭੀ ਕਿ ‘ਅੰਨਾ ਟੀਮ ਦੇ ਮੈਂਬਰ ਜਨਰਲ ਵੀ ਕੇ ਸਿੰਘ ਬਾਰੇ ਏਦਾਂ ਦੀ ਗੱਲ’ ਨੂੰ ਬੇਵਕੂਫੀ ਕਹਿਣ ਤੱਕ ਵੀ ਚਲਾ ਗਿਆ। ਕੁਝ ਸਮੇਂ ਪਿੱਛੋਂ ਜਦੋਂ ਵੀ ਕੇ ਸਿੰਘ ਭਾਜਪਾ ਵਿਚ ਜਾ ਵੜਿਆ, ਉਦੋਂ ਉਸ ਮਿੱਤਰ ਨੂੰ ਸਮਝ ਪਈ ਕਿ ਰਾਜਨੀਤੀ ਸਿਰਫ ਉਥੋਂ ਤੱਕ ਨਹੀਂ ਹੁੰਦੀ, ਜਿੱਥੋਂ ਤੱਕ ਅਸੀਂ ਵੇਖ ਸਕਦੇ ਹਾਂ, ਕਈ ਵਾਰ ਉਸ ਨਾਲੋਂ ਵੱਧ ਰਾਜਨੀਤੀ ਪਰਦੇ ਪਿੱਛੋਂ ਸ਼ਤਰੰਜ ਵਾਂਗ ਚਲਾਈ ਜਾਂਦੀ ਹੈ, ਜਿਸ ਵਿਚ ਆਗੂ ਕਿਸੇ ਪਾਰਟੀ ਦਾ ਹੁੰਦਾ ਹੈ, ਪਰ ਕੰਮ ਕਿਸੇ ਹੋਰ ਦਾ ਕਰਦਾ ਹੈ। ਆਮ ਆਦਮੀ ਪਾਰਟੀ ਦੇ ਮੌਜੂਦਾ ਸੰਕਟ ਵਿਚ ਕੁਝ ਲੀਡਰਾਂ ਬਾਰੇ ਇਹੋ ਸੁਣਿਆ ਗਿਆ ਹੈ। ਕੁਝ ਲੋਕ ਕਹਿੰਦੇ ਹਨ ਕਿ ਜਿਵੇਂ ਅੰਨਾ ਹਜ਼ਾਰੇ ਨਾਲ ਖੜੇ ਕਿਰਨ ਬੇਦੀ ਅਤੇ ਜਨਰਲ ਵੀ ਕੇ ਸਿੰਘ ਅੰਦਰੋਂ ਭਾਜਪਾ ਦੀ ਤਾਰ ਨਾਲ ਜੁੜੇ ਹੋਏ ਸਨ, ਕੇਜਰੀਵਾਲ ਦੀ ਪਾਰਟੀ ਵਿਚ ਵੀ ਇਸ ਵੇਲੇ ਕੁਝ ਆਗੂ ਇਹੋ ਕੁਝ ਕਰਦੇ ਜਾਪਦੇ ਹਨ। ਰਾਜਨੀਤੀ ਦੀ ਇਹੋ ਖੇਡ ਖਤਰਨਾਕ ਹੈ ਕਿ ਕੁਝ ਆਗੂ ਖੁਦ ਕਿਸੇ ਹੋਰ ਪਾਰਟੀ ਨਾਲ ਹੁੰਦੇ ਹਨ, ਵਫਾ ਕਿਸੇ ਹੋਰ ਨਾਲ ਹੁੰਦੀ ਹੈ।