ਬਲਜੀਤ ਬਾਸੀ
ਆਮ ਤੌਰ ‘ਤੇ ਮਨੁੱਖ ਆਪਣੀ ਵਰਤਮਾਨ ਸਥਿਤੀ ਤੋਂ ਘਟ ਹੀ ਕਦੇ ਸੰਤੁਸ਼ਟ ਹੋਇਆ ਹੈ। ਇਸ ਲਈ ਉਸ ਨੂੰ ਆਪਣੇ ਤੋਂ ਪਰੇ ਦੀਆਂ ਚੀਜ਼ਾਂ ਹਮੇਸ਼ਾ ਲੁਭਾਉਣੀਆਂ ਲਗਦੀਆਂ ਹਨ। ਦਰਅਸਲ ਰੁਮਾਂਸਵਾਦੀ ਨਜ਼ਰੀਆ ਵੀ ਇਹੋ ਹੈ। ਦੂਰ ਦੇ ਢੋਲ ਸੁਹਾਵਣੇ ਵਾਲੀ ਕਹਾਵਤ ਅਜਿਹੀ ਰੁਮਾਂਸਵਾਦੀ ਬਿਰਤੀ ਨੂੰ ਹੀ ਪ੍ਰਗਟਾਉਂਦੀ ਹੈ ਪਰ ਅੱਜ ਅਸੀਂ ਇਸ ਕਹਾਵਤ ਤੋਂ ਸੰਕੇਤਤ ਹੁੰਦੀ ਰੁਮਾਂਸਵਾਦੀ ਭਾਵਨਾ ‘ਤੇ ਨਹੀਂ ਬਲਕਿ ਇਸ ਦੇ ਪੂਰਬਲੇ ਰੂਪ ਦੇ ਇਕ ਪੱਖ ‘ਤੇ ਚਰਚਾ ਕਰਨੀ ਹੈ।
ਕਈ ਸਾਲ ਪਹਿਲਾਂ ਮੈਂ ਕਿਸੇ ਥਾਂ ਪੜ੍ਹਿਆ ਸੀ ਕਿ ਇਸ ਕਹਾਵਤ ਦਾ ਅਸਲੀ ਰੂਪ “ਦੂਰ ਦੇ ਟੋਲ ਸੁਹਾਵਣੇ” ਹੈ ਨਾ ਕਿ “ਦੂਰ ਦੇ ਢੋਲ ਸੁਹਾਵਣੇ।” ਇਸ ਦੇ ਅਜਿਹੇ ਰੂਪ ਦੇ ਪੱਖ ਵਿਚ ਮੁੱਖ ਦਲੀਲ ਇਹ ਦਿੱਤੀ ਗਈ ਸੀ ਕਿ ਸੁਹਾਵਣਾ ਵਿਸ਼ੇਸ਼ਣ ਕਿਸੇ ਸੁਣਨ ਜਾਂ ਆਵਾਜ਼ ਵਾਲੇ ਵਰਤਾਰੇ ਦੇ ਚੰਗੇ ਲੱਗਣ ਲਈ ਨਹੀਂ ਬਲਕਿ ਕਿਸੇ ਦ੍ਰਿਸ਼ ਅਰਥਾਤ ਦੇਖਣ ਵਾਲੀ ਵਸਤੂ ਲਈ ਵਰਤਿਆ ਜਾਣਾ ਉਚਿਤ ਹੈ। ਇਸ ਲਿਹਾਜ ਨਾਲ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਝਰਨੇ ਦੀ ਕਲ-ਕਲ ਬਹੁਤ ਸੁਰੀਲੀ ਹੈ ਜਾਂ ਕਿਸੇ ਦੀ ਆਵਾਜ਼ ਬਹੁਤ ਮਧੁਰ ਹੈ ਪਰ ਇਥੇ ਸੁਹਾਵਣਾ ਵਿਸ਼ੇਸ਼ਣ ਨਹੀਂ ਲਾ ਸਕਦੇ। ਦੂਜੇ ਪਾਸੇ ਕੋਈ ਨਜ਼ਾਰਾ ਸੁਹਾਵਣਾ ਹੋ ਸਕਦਾ ਹੈ ਜਾਂ ਮੌਸਮ ਸੁਹਾਵਣਾ ਹੋ ਸਕਦਾ ਹੈ। ਇਸ ਲਈ ਲੇਖਕ ਅਨੁਸਾਰ ਕਹਾਵਤ ਵਿਚਲੇ ਢੋਲ ਦੀ ਆਵਾਜ਼ ਨੂੰ ਸੁਹਾਵਣਾ ਕਹਿਣਾ ਅਨੁਚਿਤ ਨਹੀਂ ਤਾਂ ਅਣਮੇਲਵਾਂ ਜ਼ਰੂਰ ਹੈ। ਲੇਖਕ ਨੇ ਅੱਗੇ ਦੱਸਿਆ ਸੀ ਕਿ ਅਸਲੀ ਕਹਾਵਤ ਵਿਚ ḔਟੋਲḔ ਦਾ ਅਰਥ ਪਹਾੜ ਜਾਂ ਟਿੱਲਾ ਹੈ। ਮੈਨੂੰ ਲੇਖਕ ਦੀ ਦਲੀਲ ਬਹੁਤੀ ਪੁਖਤਾ ਨਹੀਂ ਸੀ ਲੱਗੀ। ਨਾਲੇ ਉਦੋਂ ਟੋਲ ਸ਼ਬਦ ਦਾ ਪਹਾੜ ਵਾਲਾ ਅਰਥ ਮੇਰੇ ਗਿਆਨ ਵਿਚ ਨਹੀਂ ਸੀ। ਇਸ ਲਈ ਮੈਂ ਉਸ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਸਰੋਤ ਨੂੰ ਵੀ ਸੰਭਾਲ ਨਾ ਸਕਿਆ। ਕਾਰਨ ਇਸ ਦਾ ਇਹ ਸੀ ਕਿ ਸੁਹਾਵਣਾ ਸ਼ਬਦ ਨੂੰ ਮੈਂ ਸੁਖਾਵੇਂ ਅਨੁਭਵ ਦਾ ਪ੍ਰਗਟਾਊ ਵਿਸ਼ੇਸ਼ਣ ਸਮਝਦਾ ਹਾਂ। ਕਿਸੇ ਵੀ ਇੰਦਰੀ ਨੂੰ ਪੁਹੰਦੀ ਵਸਤੂ ਨੂੰ ਸੁਹਾਵਣਾ ਕਿਹਾ ਜਾ ਸਕਦਾ ਹੈ, ਕਿਸੇ ਦੇ ਬੋਲ ਸੁਹਾਵਣੇ ਹੋ ਸਕਦੇ ਹਨ। ਇਸ ਲਈ ਇਸ ਦਲੀਲ ਵਿਚ ਮੈਨੂੰ ਕੋਈ ਬਹੁਤਾ ਦਮ ਨਹੀਂ ਲੱਗਾ।
ਐਪਰ ਪਿਛਲੇ ਹਫਤੇ ḔਤੋਲḔ ਸ਼ਬਦ ‘ਤੇ ਕੰਮ ਕਰਦਿਆਂ ਮੇਰਾ ਧਿਆਨ ਗੁਰੂ ਅਰਜਨ ਦੇਵ ਦੀ ਇਸ ਤੁਕ ਵੱਲ ਖਿਚਿਆ ਗਿਆ, “ਹਭੇ ਟੋਲ ਸੁਹਾਵਣੇ ਸਹੁ ਪਉ ਬੈਠਾ ਮਲਿ॥” ਗੌਰਤਲਬ ਹੈ ਕਿ ਇਥੇ ḔਟੋਲḔ ਸ਼ਬਦ ਨਾਲ ḔਸੁਹਾਵਣੇḔ ਵਿਸ਼ੇਸ਼ਣ ਲੱਗਾ ਹੋਇਆ ਹੈ ਜਿਸ ਕਾਰਨ ਮੇਰੇ ਦਿਮਾਗ ਵਿਚ ਇਕ ਦਮ ਚਰਚਿਤ ਕਹਾਵਤ ਦੇ ਬੋਲ ਘੁੰਮ ਗਏ। ਗੁਰਬਾਣੀ ਦੇ ਟੀਕਾਕਾਰਾਂ ਨੇ ਇਸ ਟੋਲ ਸ਼ਬਦ ਦਾ ਅਰਥ ਸ਼ਿੰਗਾਰ/ਗਹਿਣੇ ਜਾਂ ਪਦਾਰਥ ਕੀਤਾ ਹੈ। ਸਾਹਿਬ ਸਿੰਘ ਅਨੁਸਾਰ, “ਜਿਸ ਜੀਵ ਰਾਹੀ ਦਾ ਹਿਰਦਾ-ਵੇਹੜਾ ਖਸਮ ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਭੇ ਪਦਾਰਥ ਵਰਤਣੇ (ਫੱਬਦੇ) ਹਨ। ਸਾਹਿਬ ਸਿੰਘ ਦੀ ਵਿਆਖਿਆ ਵਿਚ Ḕਜੀਵ-ਰਾਹੀḔ ਸਮਾਸ ਦੀ ਵਰਤੋਂ ਅਰਥਪੂਰਣ ਬਣਦੀ ਹੈ ਜੇ ਅਸੀਂ ਅਗਲੀ ਤੁਕ ਨੂੰ ਨਾਲ ਹੀ ਪੜ੍ਹੀਏ, “ਪਹੀ ਨ ਵੰਞੈ ਬਿਰਥੜਾ ਜੋ ਘਰ ਆਵੈ ਚਲਿ॥” ਪਹੀ (ਪਾਂਥ, ਪਥ ‘ਤੇ ਚੱਲਣ ਵਾਲਾ) ਸ਼ਬਦ ਦਾ ਅਰਥ ਰਾਹੀ ਹੁੰਦਾ ਹੈ ਇਸ ਲਈ ਟੀਕਾਕਾਰ ਨੇ ਇਸ ਲਈ ਅਧਿਅਤਮਕ ਸਮਾਸ ਜੀਵ-ਰਾਹੀ ਦੀ ਵਰਤੋਂ ਕੀਤੀ ਹੈ। ਪਰ ਸਾਹਿਬ ਸਿੰਘ ਨੇ ਤੁਕ ਦੇ ਅਰਥ ਕਰਦਿਆਂ ਟੋਲ ਸ਼ਬਦ ਦਾ ਅਰਥ ਪਦਾਰਥ ਕੀਤਾ ਹੈ ਭਾਵੇਂ ਕਿ ਨਿਰੁਕਤਕ ਵਿਆਖਿਆ ਅਨੁਸਾਰ ਪਦਾਰਥ ਸ਼ਬਦ ਵੀ ਗਲਤ ਨਹੀਂ ਜਾਪਦਾ। ਪਰ ਮੇਰੀ ਜਾਚੇ ਪਹਾੜ ਜਾਂ ਟਿੱਲੇ ਦੇ ਅਰਥ ਵਧੇਰੇ ਢੁਕਦੇ ਹਨ ਕਿਉਂਕਿ ਸਫਰ ‘ਤੇ ਚੱਲੇ ਰਾਹੀ (ਪਹੀ) ਨੂੰ ਰਸਤੇ ਵਿਚ ਹੋਰ ਦ੍ਰਿਸ਼ਾਂ ਤੋਂ ਇਲਾਵਾ ਪਹਾੜ ਦੇ ਨਜ਼ਾਰੇ ਦ੍ਰਿਸ਼ਟੀਗੋਚਰ ਹੋਣੇ ਅਲੋਕਾਰ ਗੱਲ ਨਹੀਂ। ਗੁਰੂ ਸਾਹਿਬ ਦੀ ਇਸ ਤੁਕ ਨੂੰ “ਦੂਰ ਦੇ ਢੋਲ (ਟੋਲ) ਸੁਹਾਵਣੇ” ਕਹਾਵਤ ਦੀ ਰੌਸ਼ਨੀ ਵਿਚ ਦੇਖੀਏ ਤਾਂ ਤੁਕ ਦਾ ਇਹ ਅਰਥ ਕੁਝ ਇਸ ਤਰ੍ਹਾਂ ਦਾ ਬਣੇਗਾ, “ਜਿਸ ਜੀਵ ਰਾਹੀ ਦਾ ਹਿਰਦਾ-ਵੇਹੜਾ ਖਸਮ ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਭ ਪਹਾੜ ਸੁਹਣੇ ਲਗਦੇ ਹਨ।” ਅਧਿਆਤਮਕ ਕਵਿਤਾ ਵਿਚ ਰੱਬ ਤੱਕ ਪੁੱਜਣ ਦੇ ਕਠਨ ਮਾਰਗ ਲਈ ਪਹਾੜ ਦੇ ਅਰਥਾਵੇਂ ਸ਼ਬਦਾਂ ਦੀ ਵਰਤੋਂ ਆਮ ਹੈ, ਟਾਕਰਾ ਕਰੋ, “ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ॥” (ਗੁਰੂ ਨਾਨਕ ਦੇਵ)। ਯਾਦ ਰਹੇ, ਗੁਰੂ ਸਾਹਿਬ ਦੀ ਇਸ ਤੁਕ ਦੇ ਪ੍ਰਮਾਣ ਤੋਂ ਸਾਡਾ ਮੁਖ ਸਰੋਕਾਰ ਕਹਾਵਤ ਵਿਚਲੇ ਢੋਲ ਸ਼ਬਦ ਦੇ ਅਸਲੀ ਰੂਪ ਦਾ ਪਤਾ ਕਰਨਾ ਹੈ।
ਮੈਂ ਇਹ ਮਸਲਾ ਪੂਰਬ-ਵਰਣਿਤ ਤੁਕ ਸਮੇਤ ਭਾਰਤੀ ਭਾਸ਼ਾਵਾਂ ਦੇ ਸ਼ਬਦ-ਚਿੰਤਕਾਂ ਦੇ ਇਕ ਮੰਚ ਅੱਗੇ ਪੇਸ਼ ਕੀਤਾ। ਸਾਰਿਆਂ ਦੀ ਰਾਏ ਤੋਂ ਮੈਂ ਇਹ ਸਿੱਟਾ ਕੱਢਿਆ ਕਿ ਕਹਾਵਤ ਵਿਚਲੇ ਢੋਲ ਦਾ ਪੂਰਬਲਾ ਰੂਪ ਟੋਲ ਕਹਿਣਾ ਉਚਿਤ ਹੀ ਲੱਗਦਾ ਹੈ ਭਾਵੇਂ ਨਿਰਣਾਇਕ ਤੌਰ ‘ਤੇ ਅਜਿਹਾ ਨਹੀਂ ਕਿਹਾ ਜਾ ਸਕਦਾ। ਇਕ ਮੈਂਬਰ ਨੇ ਕਿਹਾ ਕਿ ਦੂਰ ਦੇ ਢੋਲ ਸੁਹਵਾਣੇ ਏਨਾ ਪ੍ਰਚਲਿਤ ਹੈ ਕਿ ਇਸ ਦਾ ਹੋਰ ਅਪਵਾਦ ਕਦੇ ਸੁਣਿਆ ਹੀ ਨਹੀਂ ਪਰ ਪੰਜਵੇਂ ਗੁਰੂ ਦੇ ਇਸ ਪਦ ਦੇ ਮੱਦੇਨਜ਼ਰ ਟੋਲ ਦੀ ਇਤਿਹਾਸਕਤਾ ਸੰਦੇਹ ਤੋਂ ਪਰੇ ਹੈ। ਇਕ ਰਾਜਸਥਾਨੀ ਕਾਮਰੇਡ ਦਿਨੇਸ਼ਵਰ ਦਿਵੇਦੀ ਨੇ ਕਿਹਾ ਕਿ ਦਰਅਸਲ ਇਥੇ ਢੋਲ ਨਹੀਂ, ਡੋਲ ਸ਼ਬਦ ਹੈ ਜਿਸ ਦਾ ਅਰਥ ਟਿੱਲਾ ਹੁੰਦਾ ਹੈ। ਪਰ ਅੱਗੋਂ ਉਨ੍ਹਾਂ ਮੇਰੀ ਇਸ ਪੁੱਛ ਦਾ ਉਤਰ ਨਹੀਂ ਦਿੱਤਾ ਕਿ ਕੀ ਰਾਜਸਥਾਨੀ ਕਹਾਵਤ ਵਿਚ ਢੋਲ ਦੀ ਥਾਂ ਡੋਲ ਹੈ। ਕੁਝ ਹੋਰਾਂ ਨੇ ਇਸ ਕਹਾਵਤ ਦੇ ਹੋਰ ਭਾਸ਼ਾਵਾਂ ਵਿਚਲੇ ਰੂਪ ਦਰਸਾਏ ਜਿਨ੍ਹਾਂ ਵਿਚਲੇ ਚਰਚਿਤ ਸ਼ਬਦ ਦਾ ਅਰਥ ਪਹਾੜ ਹੀ ਹੁੰਦਾ ਹੈ। ਮਸਲਨ ਗੁਜਰਾਤੀ ਵਿਚ ਹੈ, “ਦੂਰਥੀ (ਦੂਰੋਂ) ਡੁੰਗਰ (ਪਹਾੜ) ਰਲੀਯਾਮਣਾਂ (ਸੁਹਣੇ ਲਗਦੇ)।” ਮਰਾਠੀ ਵਿਚ ਹੈ, “ਦੁਰੂਨ ਡੋਂਗਰ (ਪਹਾੜ) ਸਾਜਰੇ (ਸਜੇ ਹੋਏ)।” ਤੈਲਗੂ ਭਾਸ਼ਾ ਵਿਚ ਹੈ, “ਦੂਰਪੁ ਕੋਡਲੂ ਨੁਨੁਪੂ।” ਇਥੇ ਕੋਡਲੂ ਦਾ ਅਰਥ ḔਟਿੱਲਾḔ ਹੈ। ਇਕ ਹਿੰਦੀ ਭਾਸ਼ੀ ਨੇ ਦੱਸਿਆ ਕਿ ਇਸ ਕਹਾਵਤ ਦਾ ਇਕ ਰੂਪ “ਦੂਰ ਕੇ ਢੋਰ ਸੁਹਾਵਨੇ” ਵੀ ਕਿਧਰੇ ਕਿਧਰੇ ਸੁਣਨ ਨੂੰ ਮਿਲਦਾ ਹੈ ਭਾਵੇਂ ਕਿ ਇਹ ਭੁਲੇਖੇ ਕਾਰਨ ਹੀ ਹੈ। ਅਜਿਤ ਵਡਨੇਰਕਰ ਨੇ ਕਿਹਾ ਕਿ ਹਿੰਦੀ ਵਿਚ ਡੋਲ ਦਾ ਢੋਲ ਹੋ ਗਿਆ ਅਤੇ ਖੂਬ ਵੱਜ ਰਿਹਾ ਹੈ। ਉਨ੍ਹਾਂ ਮਰਾਠੀ ਕਹਾਵਤ “ਦੁਰੂਨ ਡੋਂਗਰ ਸਾਜਰੇ” ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਪਹਾੜ ਦੂਰ ਤੋਂ ਜਿਤਨੇ ਆਕਰਸ਼ਕ ਲਗਦੇ ਹਨ, ਉਨ੍ਹਾਂ ‘ਤੇ ਚੜ੍ਹਨਾ ਓਨਾ ਹੀ ਕਸ਼ਟਦਾਇਕ ਹੁੰਦਾ ਹੈ, ਇਸ ਲਈ ਕਹਾਵਤ ਦਾ ਭਾਵ ਹੈ ਕਿ ਦੂਰ ਤੋਂ ਲੁਭਾਇਮਾਨ ਚੀਜ਼ ਹਕੀਕਤ ਵਿਚ ਕੁਝ ਹੋਰ ਹੋ ਸਕਦੀ ਹੈ।
ਆਓ ਜ਼ਰਾ ਨਿਰੁਕਤਕ ਦ੍ਰਿਸ਼ਟੀ ਤੋਂ ਇਸ ਸ਼ਬਦ ਦੀ ਘੋਖ ਕਰੀਏ। ਪਿਛਲੇ ਕਾਲਮ ਰਾਹੀਂ ਅਸੀਂ “ਤੋਲਣਾ” ਸ਼ਬਦ ਦੇ ਆਰ-ਪਾਰ ਗਏ ਸੀ। ਦੱਸਿਆ ਗਿਆ ਸੀ ਕਿ ਇਸ ਦੇ ਧਾਤੂ ḔਤੁਲḔ ਦਾ ਅਰਥ ਉਠਾਉਣਾ, ਚੁੱਕਣਾ, ਭਾਰ ਤੋਲਣਾ ਹੁੰਦਾ ਹੈ। ਹਥਲੀ ਕੜੀ ਅਸਲ ਵਿਚ ਉਸੇ ਦਾ ਹੀ ਹੋਰ ਵਿਸਤਾਰ ਹੈ। ḔਤḔ ਧੁਨੀ ਅਕਸਰ ḔਟḔ ਧੁਨੀ ਵਿਚ ਵੀ ਵਟ ਜਾਂਦੀ ਹੈ। ਇਸ ਲਈ ਤੁਲ ਧਾਤੂ ਤੋਂ ਬਣੇ ਕੁਝ ਸ਼ਬਦਾਂ ਵਿਚ ḔਤḔ ਦੀ ਥਾਂ ḔਟḔ ਧੁਨੀ ਨੇ ਲੈ ਲਈ ਹੈ। ਗੁੱਲੀ-ਡੰਡੇ ਦੀ ਖੇਡ ਵਿਚ ਗੁੱਲੀ ਦੀ ਦਣ ਤੇ ਡੰਡਾ ਰੱਖ ਕੇ ਅਤੇ ਇਸ ‘ਤੇ ਸੱਟ ਮਾਰ ਕੇ ਭੜਕਾਉਣ ਦੀ ਕਿਰਿਆ ਨੂੰ ਟੁੱਲ ਕਿਹਾ ਜਾਂਦਾ ਹੈ। ਬਚਪਨ ਵਿਚ ਮੈਨੂੰ ਗੁੱਲੀ-ਡੰਡੇ ਦੇ ਖਿਡਾਰੀਆਂ ਨੇ ਬਹੁਤ ਭੜਕਾਇਆ ਸੀ ਜਦਕਿ ਮੇਰੀ ਵਾਰੀ ਮੇਤੋਂ ਕਦੇ ਟੁੱਲ ਲਗਦਾ ਹੀ ਨਹੀਂ ਸੀ। ਟੁੱਲ, ਤੁਲ ਸ਼ਬਦ ਦਾ ਹੀ ਬਦਲਿਆ ਰੂਪ ਹੈ। ਗੌਰ ਕਰੋ, ਇਥੇ ਵੀ ਗੁੱਲੀ ਨੂੰ ਉਪਰ ਚੁੱਕਣ ਦਾ ਹੀ ਭਾਵ ਹੈ। “ਟੁੱਲ ਲੱਗਣਾ” ਮੁਹਾਵਰਾ ਵੀ ਇਥੋਂ ਹੀ ਬਣਿਆ। ਪੰਜਾਬੀ ਦੀਆਂ ਕੁਝ ਉਪਭਾਸ਼ਾਵਾਂ ਵਿਚ ਤੁਲ੍ਹਾ (ਅਣਘੜਤ ਕਿਸ਼ਤੀ) ਦਾ ਰੂਪ ਟੱਲਾ ਵੀ ਮਿਲਦਾ ਹੈ।
ਅਸੀਂ ਦੇਖ ਚੁੱਕੇ ਹਾਂ ਕਿ ਤੁਲ ਵਿਚ ਭਾਰੀਪਣ, ਮਾਤਰਾ, ਬਹੁਤਾਤ ਦੇ ਭਾਵ ਹਨ। ਇਸ ਲਈ ਭਾਰੀ ਚੀਜ਼, ਪੱਥਰ ਜਾਂ ਪਹਾੜ ਆਦਿ ਲਈ ਟੋਲ ਸ਼ਬਦ ਰੂੜ੍ਹ ਹੋਇਆ। ਢਾਣੀ ਜਾਂ ਬੰਦਿਆਂ ਆਦਿ ਦੇ ਸਮੂਹ ਲਈ ਇਕ ਸ਼ਬਦ ਚਲਦਾ ਹੈ- ਟੋਲਾ ਜਾਂ ਟੋਲੀ। ਤੁਲ ਧਾਤੂ ਦੇ ਮਾਤਰਾ ਜਾਂ ਬਹੁਤਾਤ ਦੇ ਭਾਵ ਤੋਂ ਇਹ ਸ਼ਬਦ ਵਿਕਸਿਤ ਹੋਏ। ਅੱਗੋਂ ਟੋਲਾ ਦਾ ਅਰਥ ਵਿਕਸਿਤ ਹੋ ਕੇ ਵਾੜਾ, ਬਸਤੀ, ਮਹੱਲਾ ਆਦਿ ਬਣ ਗਿਆ ਅਰਥਾਤ ਜਿਥੇ ਜਾਤੀ, ਧਰਮ, ਪਿਛੋਕੜ ਦੇ ਆਧਾਰ ‘ਤੇ ਇਕ ਪ੍ਰਕਾਰ ਦੇ ਲੋਕਾਂ ਦਾ ਸਮੂਹ (ਟੋਲਾ) ਰਹਿੰਦਾ ਹੈ। ਬਹੁਤ ਸਾਰੇ ਪਿੰਡਾਂ, ਸ਼ਹਿਰਾਂ, ਮਹੱਲਿਆਂ ਦੇ ਨਾਂਵਾਂ ਅੱਗੇ ਟੋਲਾ ਸ਼ਬਦ ਲਗਦਾ ਹੈ ਜਿਵੇਂ ਚਮਾਰ ਟੋਲਾ, ਟੋਲਾ ਸੇਹੀ, ਟੋਲਾ ਖੈਰਾ, ਹਰੀਜਨ ਟੋਲਾ, ਹਜ਼ਮਾ ਟੋਲਾ। ਇਹ ਸਾਰੇ ਸਥਾਨ ਪੰਜਾਬ ਤੋਂ ਬਾਹਰੀ ਪ੍ਰਦੇਸ਼ਾਂ ਦੇ ਹਨ। ਬਿਹਾਰ ਵਿਚ ਬਹੁਤ ਸਾਰੇ ਅਜਿਹੇ ਟੋਲੇ ਹਨ। ਪਰ ਪੰਜਾਬ ਵਿਚ ਮੈਨੂੰ ਅਜਿਹਾ ਕੋਈ ਸਥਾਨ ਨਹੀਂ ਮਿਲਿਆ। ਮਈਆ ਸਿੰਘ ਨੇ ਆਪਣੇ ਕੋਸ਼ ਵਿਚ ਟੋਲਾ ਸ਼ਬਦ ਦੇ ਅਜਿਹੇ ਅਰਥਾਂ ਵੱਲ ਇਸ਼ਾਰਾ ਕੀਤਾ ਹੈ। ਢਾਕਾ ਵਿਚ ਇਕ ਗੁਰਦੁਆਰਾ “ਸੰਗਤ ਟੋਲਾ” ਹੈ। ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਇਥੇ ਸੰਗਤ ਦੇ ਦਰਸ਼ਨ ਕਰਿਆ ਕਰਦੇ ਸਨ। ਅੱਜ ਕੱਲ੍ਹ ਇਹ ਵਾਦ-ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਬਿਹਾਰ ਵਿਚ ਇਕ ਪਿੰਡ ਦਾ ਨਾਂ ਹੈ “ਪਾਕਿਸਤਾਨ ਟੋਲਾ।” ਤਾਅਜੁੱਬ ਹੈ ਕਿ ਇਸ ਵਿਚ ਕੋਈ ਵੀ ਮੁਸਲਮਾਨ ਨਹੀਂ ਰਹਿੰਦਾ। ਦੱਸਿਆ ਜਾਂਦਾ ਹੈ ਕਿ ਬੰਗਲਾ ਦੇਸ਼ ਦੇ ਸੰਘਰਸ਼ ਸਮੇਂ ਭਾਰਤ-ਪਾਕਿਸਤਾਨ ਨਾਲ ਹੋਈ ਲੜਾਈ ਵਿਚ ਪੂਰਬੀ ਪਾਕਿਸਤਾਨ ਦੇ ਸੰਥਾਲ ਨਾਮੀ ਆਦਿਵਾਸੀਆਂ ਦਾ ਇਕ ਸ਼ਰਨਾਰਥੀ ਟੋਲਾ ਬਿਹਾਰ ਵਿਚ ਆ ਵੜਿਆ। ਉਨ੍ਹਾਂ ਆਪਣੀ ਬਸਤੀ ਦਾ ਨਾਂ ਰੱਖਿਆ “ਪਾਕਿਸਤਾਨੀ ਟੋਲਾ।”