ਡਾæ ਗੁਰਨਾਮ ਕੌਰ, ਕੈਨੇਡਾ
ਚਉਥੀ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਦੁਨੀਆਂ ਦੇ ਸਾਜਣ ਦੀ ਗੱਲ ਕਰਦੇ ਹਨ ਕਿ ਅਕਾਲ ਪੁਰਖ ਨੇ ਸੰਸਾਰ-ਰਚਨਾ ਕਰਕੇ ਫਿਰ ਆਪਣੇ ਵੱਸ ਵਿਚ ਕਰ ਲਈ ਹੈ ਅਰਥਾਤ ਇਹ ਦੁਨੀਆਂ ਪੈਦਾ ਵੀ ਉਸ ਅਕਾਲ ਪੁਰਖ ਨੇ ਕੀਤੀ ਹੈ ਅਤੇ ਇਹ (ਦੁਨੀਆਂ) ਕਾਰਜ ਵੀ ਉਸ ਦੇ ਹੁਕਮ ਵਿਚ ਹੀ ਕਰ ਰਹੀ ਹੈ।
ਉਸ ਨੂੰ ਪਾਉਣ ਲਈ ਜਦੋਂ ਇਨਸਾਨ ਮਾਇਆਵੀ ਗਿਣਤੀਆਂ-ਮਿਣਤੀਆਂ ਵਿਚ ਪੈ ਜਾਂਦਾ ਹੈ ਤਾਂ ਪਰਮਾਤਮਾ ਨੂੰ ਪਾ ਨਹੀਂ ਸਕਦਾ ਅਤੇ ਭਰਮਾਂ ਵਿਚ ਪੈ ਜਾਂਦਾ ਹੈ। ਪਰਮਾਤਮਾ ਨੂੰ ਪਾਉਣ ਦਾ ਰਸਤਾ ਗੁਰੂ ਤੋਂ ਪਤਾ ਲਗਦਾ ਹੈ। ਇਸ ਲਈ ਜਦੋਂ ਗੁਰੂ ਨਾਲ ਮੇਲ ਹੁੰਦਾ ਹੈ ਤਾਂ ਮਨੁੱਖ ਆਪਣੇ ਮਨ ਨੂੰ ਮਾਇਆਵੀ ਵਿਕਾਰਾਂ ਵਲੋਂ ਮਾਰ ਲੈਂਦਾ ਹੈ ਅਤੇ ਸੰਸਾਰ ਦੀ ਅਸਲੀਅਤ ਨੂੰ ਸਮਝ ਕੇ ਸੱਚ ਵਿਚ ਸਮਾ ਜਾਂਦਾ ਹੈ, ਸੱਚ ਨਾਲ ਉਸ ਦਾ ਮੇਲ ਹੋ ਜਾਂਦਾ ਹੈ।
ਗੁਰਮਤਿ ਅਨੁਸਾਰ ਸੱਚ ਨਾਲ ਮੇਲ ਦੇ ਰਸਤੇ ਵਿਚ ਸਭ ਤੋਂ ਵੱਡਾ ਰੋੜਾ ਜਾਂ ਅੜਿੱਕਾ ਹਉਮੈ ਹੈ, ਮਨੁੱਖ ਅੰਦਰ ਮੈਂ ਦੀ ਭਾਵਨਾ ਹੈ ਅਤੇ ਹਉਮੈ ਨੂੰ ਸ਼ਬਦ ਰਾਹੀਂ, ਬਾਣੀ ਰਾਹੀਂ ਦੂਰ ਕਰ ਸਕੀਦਾ ਹੈ, ਸ਼ਬਦ ਰਾਹੀਂ ਮਨੁੱਖ ਨੂੰ ਸੰਸਾਰ ਦੀ ਅਸਲੀਅਤ ਸਮਝ ਆਉਂਦੀ ਹੈ ਅਤੇ ਉਸ ਦੀ ਹਉਮੈ ਦੂਰ ਹੁੰਦੀ ਹੈ। ਇਸ ਤਰ੍ਹਾਂ ਹਉਮੈ ਦੀ ਕੰਧ ਹਟ ਜਾਣ ਨਾਲ ਉਸ ਦਾ ਕਰਤਾ ਪੁਰਖ ਨਾਲ ਮੇਲ ਹੋ ਜਾਂਦਾ ਹੈ। ਉਸ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਕਰਤਾ ਪੁਰਖ ਆਪ ਹੀ ਸਭ ਕੁਝ ਕਰਨ ਵਾਲਾ ਹੈ, ਆਪ ਹੀ ਜਾਣੀ ਜਾਣ ਹੈ ਅਤੇ ਆਪ ਹੀ ਆਪਣੀ ਰਚਨਾ ਨੂੰ ਦੇਖ ਕੇ ਖੁਸ਼ ਹੁੰਦਾ ਹੈ,
ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ॥
ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ॥
ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ॥
ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ॥
ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ॥੪॥ (ਪੰਨਾ ੫੧੦)
ਅੱਗੇ ਸਲੋਕ ਵਿਚ ਉਨ੍ਹਾਂ ਮਨਮੁੱਖਾਂ ਦੀ ਗੱਲ ਕੀਤੀ ਹੈ ਜੋ ਸਤਿਗੁਰੂ ਨਾਲ ਮੇਲ ਨਹੀਂ ਕਰਦੇ ਅਤੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਅੰਦਰ ਨਹੀਂ ਵਸਾਉਂਦੇ। ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜਿਹੜੇ ਮਨੁੱਖ ਆਪਣਾ ਮਨ ਗੁਰੂ ਵੱਲ ਨਹੀਂ ਲਾਉਂਦੇ ਅਤੇ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਮਨ ਵਿਚ ਨਹੀਂ ਵਸਾਉਂਦੇ ਉਨ੍ਹਾਂ ਦਾ ਇਸ ਸੰਸਾਰ ‘ਤੇ ਜੀਵਨ ਧ੍ਰਿਗ ਹੈ, ਲਾਹਨਤ ਵਾਲਾ ਹੈ ਅਤੇ ਉਨ੍ਹਾਂ ਨੇ ਸੰਸਾਰ ‘ਤੇ ਆ ਕੇ ਇਸ ਜੀਵਨ ਵਿਚ ਕੁਝ ਵੀ ਪ੍ਰਾਪਤ ਨਹੀਂ ਕੀਤਾ। ਮਾਇਆ ਦਾ ਵਪਾਰ ਝੂਠਾ ਵਪਾਰ ਹੈ, ਇਹ ਪੂੰਜੀ ਖੋਟੀ ਹੈ ਕਿਉਂਕਿ ਇਸ ਦਾ ਪਖੰਡ ਇੱਕ ਪਲ ਵਿਚ ਲਹਿ ਜਾਂਦਾ ਹੈ। ਜੇ ਇਹ ਮਨੁੱਖ ਦੇ ਹੱਥੋਂ ਛੁੱਟ ਜਾਵੇ ਤਾਂ ਇਸ ਦੇ ਗਮ ਵਿਚ ਮਨੁੱਖ ਦੇ ਸਰੀਰ ਦਾ ਰੰਗ ਕਾਲਾ ਪੈ ਜਾਂਦਾ ਹੈ ਅਤੇ ਚਿਹਰਾ ਮੁਰਝਾ ਜਾਂਦਾ ਹੈ। ਜਿਹੜੇ ਮਨੁੱਖ ਗੁਰੂ ਨਾਲ ਆਪਣਾ ਚਿੱਤ ਲਾਉਂਦੇ ਹਨ, ਗੁਰੂ ਨਾਲ ਆਪਣਾ ਮਨ ਜੋੜਦੇ ਹਨ ਉਨ੍ਹਾਂ ਦੇ ਮਨ ਵਿਚ ਆ ਕੇ ਸੁੱਖ ਵਸਦਾ ਹੈ, ਮਨ ਵਿਚ ਸ਼ਾਂਤੀ ਦਾ ਨਿਵਾਸ ਹੁੰਦਾ ਹੈ। ਉਹ ਅਕਾਲ ਪੁਰਖ ਦਾ ਨਾਮ ਪੂਰੇ ਪ੍ਰੇਮ ਨਾਲ ਸਿਮਰਦੇ ਹਨ ਅਤੇ ਆਪਣਾ ਮਨ ਅਕਾਲ ਪੁਰਖ ਦੇ ਨਾਮ ਵਿਚ ਜੋੜੀ ਰੱਖਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਨਾਮ-ਰੂਪੀ ਧਨ ਗੁਰੂ ਨੂੰ ਸੌਂਪ ਦਿੱਤਾ ਹੋਇਆ ਹੈ ਅਤੇ ਇਹ ਧਨ ਗੁਰੂ ਦੀ ਆਤਮਾ ਅੰਦਰ ਸਮਾਇਆ ਹੋਇਆ ਹੈ। ਜਿਹੜਾ ਮਨੁੱਖ ਗੁਰੂ ਪਾਸੋਂ ਨਾਮ ਦਾ ਇਹ ਧਨ ਲੈਂਦਾ ਹੈ, ਉਸ ਨੂੰ ਹੀ ਨਾਮ ਦਾ ਰੰਗ ਬਹੁਤ ਚੜ੍ਹਦਾ ਹੈ, ਜੋ ਹਰ ਰੋਜ਼ ਦੂਣ-ਸਵਾਇਆ ਹੋ ਕੇ ਚਮਕਦਾ ਹੈ,
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ॥
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ॥
ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ॥
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ॥
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ ਸੁਖੁ ਵਸਿਆ ਮਨਿ ਆਇ॥
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ॥
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ॥
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ॥੧॥ (ਪੰਨਾ ੫੧੦)
ਅੱਗੇ ਮਾਇਆ ਦੀ ਗੱਲ ਕੀਤੀ ਹੈ ਕਿ ਇਹ ਦੁਨੀਆਂ ਨੂੰ ਸੱਪਣੀ ਬਣ ਕੇ ਲਿਪਟੀ ਹੋਈ ਹੈ। ਜਿਹੜਾ ਇਸ ਦੇ ਅਧੀਨ ਹੋ ਜਾਂਦਾ ਹੈ, ਇਸ ਦੀ ਗ਼ੁਲਾਮੀ ਕਰਦਾ ਹੈ ਉਸੇ ਨੂੰ ਹੀ ਖਾ ਜਾਂਦੀ ਹੈ। ਗੁਰਮੁਖ ਨੂੰ ਇਥੇ ਗਾਰੜੂ ਕਿਹਾ ਹੈ ਜੋ ਕੋਈ ਵਿਰਲਾ ਹੁੰਦਾ ਹੈ ਅਤੇ ਇਸ ਦੇ ਜ਼ਹਿਰ ਨੂੰ ਕਾਬੂ ਕਰਨ ਦਾ ਮੰਤਰ ਜਾਣਦਾ ਹੈ। ਉਸ (ਗੁਰਮੁਖ) ਨੇ ਇਸ ਨੂੰ ਆਪਣੇ ਪੈਰਾਂ ਥੱਲੇ ਮਸਲ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਸ ਮਾਇਆ ਰੂਪੀ ਸੱਪਣੀ ਤੋਂ ਉਹ ਹੀ ਉਤੇ ਉਠ ਸਕਦੇ ਹਨ ਜਿਨ੍ਹਾਂ ਨੇ ਆਪਣੀ ਸੁਰਤਿ ਨੂੰ ਸੱਚ ਵਿਚ ਜੋੜ ਲਿਆ ਹੈ, ਅਰਥਾਤ ਅਕਾਲ ਪੁਰਖ ਦੀ ਸੁਰਤਿ ਨਾਲ ਆਪਣੀ ਸੁਰਤਿ ਇਕਸੁਰ ਕਰ ਲਈ ਹੈ,
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ॥
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ॥੨॥ (ਪੰਨਾ ੫੧੦)
ਜਦੋਂ ਮਨੁੱਖ ਅਕਾਲ ਪੁਰਖ ਦਾ ਢਾਢੀ ਬਣ ਕੇ ਉਸ ਅੱਗੇ ਅਰਦਾਸ ਕਰਦਾ ਹੈ ਤਾਂ ਪਰਮਾਤਮਾ ਉਸ ਦੀ ਅਰਦਾਸ ਸੁਣ ਲੈਂਦਾ ਹੈ, ਉਸ ਦੇ ਅੰਦਰ ਧੀਰਜ ਆਉਂਦੀ ਹੈ ਕਿਉਂਕਿ ਮਨ ਵਿਚੋਂ ਹਉਮੈ ਅਤੇ ਮਾਇਆ-ਮੋਹ ਆਦਿ ਦੂਰ ਹੋ ਜਾਂਦੇ ਹਨ। ਉਸ ਨੂੰ ਪੂਰਾ ਪਰਮਾਤਮਾ ਮਿਲ ਪੈਂਦਾ ਹੈ। ਉਸ ਦੇ ਆਪਣੇ ਪਹਿਲਾਂ ਕੀਤੇ ਚੰਗੇ ਕਰਮਾਂ ਅਨੁਸਾਰ ਜੋ ਧੁਰੋਂ ਉਸ ਦੇ ਚੰਗੇ ਭਾਗ ਲਿਖੇ ਹੁੰਦੇ ਹਨ, ਉਨ੍ਹਾਂ ਅਨੁਸਾਰ ਉਹ ਫਿਰ ਨਾਮ ਸਿਮਰਨ ਅਤੇ ਪਰਮਾਤਮਾ ਦੀ ਸਿਫਤਿ-ਸਾਲਾਹ ਵਰਗੇ ਚੰਗੇ ਕਰਮ ਕਰਦਾ ਹੈ। ਇਸ ਤਰ੍ਹਾਂ ਜਦੋਂ ਅਕਾਲ ਪੁਰਖ ਦੀ ਉਸ ਉਤੇ ਮਿਹਰ ਹੁੰਦੀ ਹੈ ਤਾਂ ਉਸ ਨੂੰ ਪਰਮਾਤਮਾ ਦਾ ਦਰਵਾਜ਼ਾ, ਉਸ ਦਾ ਘਰ ਲੱਭ ਪੈਂਦਾ ਹੈ। ਉਹ ਅਕਾਲ ਪੁਰਖ ਬਹੁਤ ਵਿਸ਼ਾਲ ਹੈ, ਵੱਡਾ ਹੈ ਜਿਸ ਦੀ ਪ੍ਰਾਪਤੀ ਗੁਰੂ ਰਾਹੀਂ ਹੁੰਦੀ ਹੈ,
ਢਾਢੀ ਕਰੇ ਪੁਕਾਰ ਪ੍ਰਭੁ ਸੁਣਾਇਸੀ॥
ਅੰਦਰਿ ਧੀਰਕ ਹੋਇ ਪੂਰਾ ਪਾਇਸੀ॥
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ॥
ਜਾ ਹੋਵੇ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ॥
ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ॥੫॥ (ਪੰਨਾ ੫੧੦)
ਗੁਰਮਤਿ ਵਿਚ ਜੀਵ ਨੂੰ ਇਸਤਰੀ ਕਰਕੇ ਜਾਣਿਆ ਜਾਂਦਾ ਹੈ ਜਿਸ ਦਾ ਮਾਲਕ, ਸੁਆਮੀ ਉਹ ਅਕਾਲ ਪੁਰਖ ਹੈ। ਇਥੇ ਵੀ ਇਸੇ ਵਿਚਾਰ ਨੂੰ ਪਰਗਟ ਕੀਤਾ ਹੈ ਕਿ ਸਾਰੀਆਂ ਜੀਵ-ਇਸਤਰੀਆਂ ਦਾ ਸੁਆਮੀ ਉਹ ਅਕਾਲ ਪੁਰਖ ਹੈ ਜੋ ਸਦਾ ਜੀਵਾਂ ਦੇ ਅੰਗ-ਸੰਗ ਹਾਜ਼ਰ ਰਹਿੰਦਾ ਹੈ। ਜੋ ਮਨੁੱਖ ਉਸ ਦੇ ਹੁਕਮ ਦਾ ਅਨੁਸਾਰੀ ਹੋ ਕੇ ਨਹੀਂ ਚਲਦਾ, ਉਸ ਦੇ ਅੰਦਰ ਵਸਦਿਆਂ ਹੋਇਆਂ ਵੀ ਕਰਤਾ ਪੁਰਖ ਉਸ ਤੋਂ ਦੂਰ ਹੁੰਦਾ ਹੈ। ਉਸ ਦੇ ਹੁਕਮ ਦੇ ਅਨੁਸਾਰੀ ਹੋ ਕੇ ਉਹ ਹੀ ਚੱਲਦੇ ਹਨ ਜਿਨ੍ਹਾਂ ਉਤੇ ਉਸ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ। ਜਿਨ੍ਹਾਂ ਨੇ ਉਸ ਦੇ ਹੁਕਮ ਦਾ ਮੰਨਣ ਕੀਤਾ ਹੈ, ਉਹ ਉਸ ਦੇ ਪ੍ਰੇਮ ਦੇ ਪ੍ਰੇਮ ਦਾ ਅਨੰਦ ਮਾਣਦੇ ਹਨ ਅਤੇ ਅਜਿਹੀਆਂ ਜੀਵ-ਇਸਤਰੀਆਂ ਦਾ ਸੁਆਮੀ ਅਕਾਲ ਪੁਰਖ ਸਦਾ ਉਨ੍ਹਾਂ ਦੇ ਨਾਲ ਵਸਦਾ ਹੈ, ਉਹ ਭਾਗਾਂ ਵਾਲੀਆਂ ਇਸਤਰੀਆਂ ਹਨ,
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ॥
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ॥
ਹੁਕਮੁ ਭੀ ਤਿਨ੍ਹਾ ਮਨਾਇਸੀ ਜਿਨ ਕਉ ਨਦਰਿ ਕਰੇਇ॥
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ॥੧॥ (ਪੰਨਾ ੫੧੦)
ਅਗਲੇ ਸਲੋਕ ਵਿਚ ਦੱਸਿਆ ਹੈ ਕਿ ਜਿਹੜੀ ਜੀਵ-ਇਸਤਰੀ ਆਪਣੇ ਪ੍ਰੀਤਮ ਸਿਰਜਣਹਾਰ ਅਕਾਲ ਪੁਰਖ ਨਾਲ ਪ੍ਰੇਮ ਨਹੀਂ ਕਰਦੀ ਉਹ ਆਪਣੀ ਜੀਵਨ-ਰੂਪੀ ਰਾਤ ਵਿਛੋੜੇ ਦੀ ਅੱਗ ਵਿਚ ਸੜ ਕੇ ਲੰਘਾਉਂਦੀ ਹੈ। ਭਾਵ ਜੋ ਮਨੁੱਖ ਅਕਾਲ ਪੁਰਖ ਦੀ ਪ੍ਰੇਮਾ-ਭਗਤੀ ਨਹੀਂ ਕਰਦੇ ਉਨ੍ਹਾਂ ਦੀ ਸਾਰੀ ਉਮਰ ਦੁੱਖਾਂ ਵਿਚ ਲੰਘਦੀ ਹੈ। ਇਸ ਦੇ ਉਲਟ ਉਹ ਜੀਵ-ਇਸਤਰੀਆਂ ਜਿਨ੍ਹਾਂ ਦਾ ਅਕਾਲ ਪੁਰਖ ਨਾਲ ਪ੍ਰੇਮ ਹੈ, ਜਿਨ੍ਹਾਂ ਦਾ ਸੁਆਮੀ ਪਰਮਾਤਮਾ ਉਨ੍ਹਾਂ ਦੇ ਨਾਲ ਵੱਸ ਰਿਹਾ ਹੈ ਉਹ ਉਸ ਦੇ ਪ੍ਰੇਮ ਦਾ ਰੰਗ ਮਾਣਦੀਆਂ ਹਨ ਅਤੇ ਉਨ੍ਹਾਂ ਦੀ ਜੀਵਨ-ਰੂਪੀ ਰਾਤ ਸੁਖ ਵਿਚ ਗੁਜ਼ਰਦੀ ਹੈ,
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ॥
ਨਾਨਕ ਸੁਖਿ ਵਸਨਿ ਸੋਹਾਗਣੀ ਜਿਨ੍ਹ ਪਿਆਰਾ ਪੁਰਖੁ ਹਰਿ ਰਾਉ॥੨॥ (ਪੰਨਾ ੫੧੦)
ਅੱਗੇ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਉਨ੍ਹਾਂ ਨੇ ਸਾਰਾ ਸੰਸਾਰ ਟੋਲ ਕੇ ਦੇਖ ਲਿਆ ਹੈ, ਇੱਕ ਅਕਾਲ ਪੁਰਖ ਹੀ ਹੈ ਜੋ ਸਾਰੇ ਜੀਵਾਂ ਨੂੰ ਦਾਤਾਂ ਬਖਸ਼ਣ ਵਾਲਾ ਹੈ। ਉਹ ਜੋ ਜੀਵਾਂ ਦੇ ਕਰਮਾਂ ਦੀ ਬਿਧ ਬਣਾਉਣ ਵਾਲਾ ਹੈ, ਉਸ ਨੂੰ ਕਿਸੇ ਤਰ੍ਹਾਂ ਦੀਆਂ ਚਤੁਰਾਈਆਂ ਨਾਲ ਨਹੀਂ ਪਾ ਸਕੀਦਾ, ਕਿਸੇ ਤਰ੍ਹਾਂ ਦੀਆਂ ਸਿਆਣਪਾਂ ਨਾਲ ਉਹ ਪ੍ਰਾਪਤ ਨਹੀਂ ਹੁੰਦਾ। ਉਸ ਨੂੰ ਪਾਉਣ ਦਾ ਰਸਤਾ ਸਿਰਫ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਰਾਹੀਂ ਉਹ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ ਅਤੇ ਸਹਿਜ ਨਾਲ ਹੀ ਪਛਾਣਿਆ ਜਾਂਦਾ ਹੈ। ਜੋ ਮਨੁੱਖ ਅਕਾਲ ਪੁਰਖ ਦੇ ਨਾਮ-ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਹਰ ਤਰ੍ਹਾਂ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਕੇ ਹਿਰਦਾ ਸ਼ਾਂਤ ਹੋ ਜਾਂਦਾ ਹੈ। ਇਹ ਉਸ ਅਕਾਲ ਪੁਰਖ ਦੀ ਵਡਿਆਈ ਹੈ ਕਿ ਉਹ ਗੁਰੂ ਰਾਹੀਂ ਮਨੁੱਖ ਨੂੰ ਆਪਣੇ ਨਾਮ ਵੱਲ ਲਾਉਂਦਾ ਹੈ ਅਤੇ ਆਪਣੀ ਸਿਫਤਿ-ਸਾਲਾਹ ਕਰਾਉਂਦਾ ਹੈ,
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ॥
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ॥
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ॥
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤਸਰਿ ਨਾਤਾ॥
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ॥੬॥ (ਪੰਨਾ ੫੧੦)
ਗੁਰੂ ਅਮਰਦਾਸ ਸਾਹਿਬ ਅਗਲੇ ਸਲੋਕ ਵਿਚ ਸਰੀਰ ਅਤੇ ਆਤਮਾ ਦਾ ਰਿਸ਼ਤਾ ਬਿਆਨ ਕਰਦੇ ਹਨ ਕਿ ਇਨ੍ਹਾਂ ਦਾ ਪਿਆਰ ਕੱਚਾ ਜਿਹਾ ਹੈ ਭਾਵ ਸਰੀਰ ਅਤੇ ਆਤਮਾ ਦਾ ਸਾਥ ਇੱਕ-ਦੂਸਰੇ ਨਾਲ ਸਦੀਵੀ ਨਹੀਂ ਹੈ। ਜਦੋਂ ਵਕਤ ਆਉਂਦਾ ਹੈ ਤਾਂ ਆਤਮਾ ਸਰੀਰ ਨੂੰ ਡਿਗਿਆ ਪਿਆ ਛੱਡ ਕੇ ਅੱਗੇ ਤੁਰ ਜਾਂਦੀ ਹੈ ਪਰ ਕੀਤੇ ਕਰਮਾਂ ਦਾ ਲੇਖਾ ਸਰੀਰ ਨੂੰ ਨਹੀਂ, ਆਤਮਾ ਨੂੰ ਦੇਣਾ ਪੈਂਦਾ ਹੈ। ਜਦੋਂ ਅੱਗੇ ਆਤਮਾ ਨੂੰ ਇਕੱਲਿਆਂ ਜਾਣਾ ਪੈਣਾ ਹੈ, ਸਰੀਰ ਨੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਝੂਠ ਬੋਲ-ਬੋਲ ਕੇ ਇਸ ਨੂੰ ਪਾਲਣ ਦਾ ਕੀ ਫਾਇਦਾ ਹੈ। ਸਰੀਰ ਦੀ ਮਿੱਟੀ ਇੱਕ ਤਰ੍ਹਾਂ ਨਾਲ ਅੰਨ੍ਹੀ ਹੈ ਅਰਥਾਤ ਸਰੀਰ ਦੀ ਮਿੱਟੀ ਗਿਆਨ-ਵਿਹੂਣੀ ਹੈ ਅਤੇ ਇਸ ਨੂੰ ਪਾਲਣ ਦਾ ਲੇਖਾ ਅੱਗੇ ਜਾ ਕੇ ਆਤਮਾ ਕੋਲੋਂ ਮੰਗਿਆ ਜਾਣਾ ਹੈ। ਜੀਵ-ਆਤਮਾ ਤੋਂ ਜਦੋਂ ਇਹ ਲੇਖਾ ਮੰਗਿਆ ਜਾਂਦਾ ਹੈ ਤਾਂ ਉਸ ਦਾ ਉਤਰ ਹੁੰਦਾ ਹੈ ਕਿ ਉਹ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਵਾਰ ਵਾਰ ਜਨਮ-ਮਰਨ ਦੇ ਚੱਕਰ ਵਿਚ ਫਸਿਆ ਰਿਹਾ ਹੈ। ਜੀਵ-ਆਤਮਾ ਨੇ ਉਸ ਵੇਲੇ ਅਕਾਲ ਪੁਰਖ ਦਾ ਹੁਕਮ ਨਹੀਂ ਪਛਾਣਿਆ, ਉਸ ਦਾ ਅਨੁਸਾਰੀ ਹੋ ਕੇ ਨਹੀਂ ਚੱਲਿਆ ਜਿਸ ਨਾਲ ਉਹ ਸੱਚੇ ਅਕਾਲ ਪੁਰਖ ਵਿਚ ਸਮਾਇਆ ਰਹਿੰਦਾ, ਉਸ ਵਿਚ ਟਿਕਿਆ ਰਹਿੰਦਾ,
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ॥
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ॥
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ॥
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ॥
ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ॥੧॥ (ਪੰਨਾ ੫੦੯-੫੧੦)
ਅਗਲੇ ਸਲੋਕ ਵਿਚ ਗੁਰੂ ਸਾਹਿਬ ਨਾਮ ਰੂਪੀ ਧਨ ਅਤੇ ਦੁਨਿਆਵੀ ਧਨ ਦੀ ਗੱਲ ਕਰਦੇ ਹਨ ਕਿ ਨਾਮ-ਧਨ ਅਜਿਹਾ ਧਨ ਹੈ ਜੋ ਅੱਗੇ ਵੀ ਮਨੁੱਖ ਦੇ, ਜੀਵ-ਆਤਮਾ ਦੇ ਨਾਲ ਚੱਲਦਾ ਹੈ ਜਦਕਿ ਦੁਨਿਆਵੀ ਧਨ ਆਉਣੀ-ਜਾਣੀ ਚੀਜ਼ ਹੈ। ਨਾਮ ਧਨ ਅਜਿਹਾ ਧਨ ਹੈ ਜਿਸ ਨੂੰ ਨਾ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਚੋਰ ਚੁਰਾ ਕੇ ਲੈ ਜਾ ਸਕਦਾ ਹੈ। ਇਹ ਅਕਾਲ ਪੁਰਖ ਦੇ ਨਾਮ ਦਾ ਧਨ ਜੀਵ-ਆਤਮਾ ਦੇ ਅੰਦਰ ਨਿਵਾਸ ਕਰਦਾ ਹੈ ਅਤੇ ਉਸ ਦੇ ਨਾਲ ਹੀ ਇਥੋਂ ਜਾਂਦਾ ਹੈ। ਇਸ ਧਨ ਦੀ ਪ੍ਰਾਪਤੀ ਮਨੁੱਖ ਨੂੰ ਗੁਰੂ ਪਾਸੋਂ ਹੁੰਦੀ ਹੈ, ਗੁਰੂ ਦੇ ਦੱਸੇ ਰਸਤੇ ‘ਤੇ ਚਲਣ ਵਾਲਿਆਂ ਨੂੰ ਹੁੰਦੀ ਹੈ ਪਰ ਆਪਣੇ ਮਨ ਦੀ ਮੱਤ ਪਿੱਛੇ ਲੱਗ ਕੇ ਚੱਲਣ ਵਾਲਿਆਂ ਨੂੰ ਇਹ ਪ੍ਰਾਪਤੀ ਨਹੀਂ ਹੁੰਦੀ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਮ-ਧਨ ਦਾ ਵਣਜ ਕਰਨ ਵਾਲੇ ਵਪਾਰੀ ਧੰਨ ਹਨ ਜਿਹੜੇ ਨਾਮ ਦੀ ਕਮਾਈ ਕਰਦੇ ਹਨ, ਨਾਮ ਦੀ ਖੱਟੀ ਕਮਾਉਂਦੇ ਹਨ,
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ॥
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ॥
ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ॥
ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ॥
ਧਨੁ ਵਾਪਾਰੀ ਨਾਨਕਾ ਜਿਨ੍ਹਾ ਨਾਮ ਧਨੁ ਖਟਿਆ ਆਇ॥੨॥ (ਪੰਨਾ ੫੧੧)
ਅੱਗੇ ਪਉੜੀ ਵਿਚ ਉਸ ਅਕਾਲ ਪੁਰਖ ਦੇ ਗੁਣਾਂ ਦਾ ਬਿਆਨ ਕੀਤਾ ਹੈ ਕਿ ਉਹ ਬਹੁਤ ਹੀ ਵੱਡੀ, ਸਦੀਵੀ ਕਾਇਮ ਰਹਿਣ ਵਾਲੀ, ਡੂੰਘੀ ਅਰਥਾਤ ਗੰਭੀਰ ਅਤੇ ਧੀਰਜ ਵਾਲੀ ਹਸਤੀ ਹੈ। ਇਹ ਸਾਰਾ ਜਗਤ ਉਸ ਦੇ ਅਖਤਿਆਰ ਵਿਚ ਹੈ ਅਤੇ ਉਸੇ ਦੇ ਆਸਰੇ ਚੱਲ ਰਿਹਾ ਹੈ। ਉਸ ਅਕਾਲ ਪੁਰਖ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਅਤੇ ਅਟੱਲ ਹੈ ਜਿਸ ਦੀ ਪ੍ਰਾਪਤੀ ਗੁਰੂ ਦੀ ਮਿਹਰ ਰਾਹੀਂ ਹੁੰਦੀ ਹੈ। ਅਕਾਲ ਪੁਰਖ ਦੀ ਮਿਹਰ ਨਾਲ ਗੁਰੂ ਨਾਲ ਮੇਲ ਹੁੰਦਾ ਹੈ ਜਿਸ ਨਾਲ ਅਕਾਲ ਪੁਰਖ ਦਾ ਨਾਮ ਮਨ ਵਿਚ ਆ ਕੇ ਵੱਸਦਾ ਹੈ। ਗੁਣਾਂ ਵਾਲੇ ਮਨੁੱਖਾਂ ਨੇ ਉਸ ਅਡੋਲ, ਸਦਾ ਕਾਇਮ ਰਹਿਣ ਵਾਲੇ ਪੂਰੇ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕੀਤੀ ਹੈ,
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ॥
ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ॥
ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ॥
ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ॥
ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ॥੭॥ (ਪੰਨਾ ੫੧੧)