ਅਮਨ ਖਾਤਰ ਜੰਗ਼…

ਗੋਲਡਾ ਮਾਇਰ ਅਤੇ ਇਕ ਦੇਸ਼ ਦਾ ਜਨਮ-5
ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮਾਇਰ (3 ਮਈ 1898-8 ਦਸੰਬਰ 1978) ਦੇ ਬਹਾਨੇ ਇਜ਼ਰਾਈਲ ਦੇ ਪਿਛੋਕੜ ਬਾਰੇ ਕੁਝ ਗੱਲਾਂ-ਬਾਤਾਂ ਇਸ ਲੰਮੇ ਲੇਖ ਵਿਚ ਸਾਂਝੀਆਂ ਕੀਤੀਆਂ ਹਨ। ਇਸ ਵਿਚ ਯਹੂਦੀਆਂ ਦੇ ਧਰਮ, ਇਤਿਹਾਸ, ਕਲਚਰ ਅਤੇ ਸਿਆਸੀ ਸਮੱਸਿਆਵਾਂ ਬਾਰੇ ਖੁੱਲ੍ਹਾ ਖੁਲਾਸਾ ਤਾਂ ਕੀਤਾ ਹੀ ਗਿਆ ਹੈ;

ਅੰਧਕਾਰ ਵਿਚੋਂ ਕਿਵੇਂ ਬਚ-ਬਚ ਨਿਕਲਣਾ ਹੈ ਤੇ ਧੀਰਜ ਨਾਲ ਕਸ਼ਟ ਝੱਲਦਿਆਂ ਲੰਮਾ ਸਮਾਂ ਸੰਘਰਸ਼ ਕਿਵੇਂ ਕਰਨਾ ਹੈ, ਇਸ ਬਾਬਤ ਵੀ ਕਿੱਸਾ ਛੋਹਿਆ ਗਿਆ ਹੈ। ਗੋਲਡਾ ਦਾ ਜਨਮ ਯੂਕਰੇਨ ਦੇ ਸ਼ਹਿਰ ਕੀਵ ਵਿਚ ਹੋਇਆ ਸੀ ਜਿੱਥੋਂ ਦੇ ਅੱਜ ਕੱਲ੍ਹ ਦੇ ਹਾਲਾਤ ਫਲਸਤੀਨ ਅਤੇ ਇਜ਼ਰਾਈਲ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ। ਪਿਛਲੇ ਅੰਕਾਂ ਵਿਚ ਪਾਠਕਾਂ ਨੇ 20ਵੀਂ ਸਦੀ ਦੇ ਅਰੰਭ ਵਿਚ ਯਹੂਦੀਆਂ ਦੇ ਹਾਲ ਅਤੇ ਫਿਰ ਇਜ਼ਰਾਈਲ ਦੀ ਕਾਇਮੀ ਲਈ ਜੂਝਦੇ ਜਿਊੜਿਆਂ ਦਾ ਜ਼ਿਕਰ ਪੜ੍ਹਿਆ। ਲੇਖ ਲੜੀ ਦੀ ਇਸ ਆਖਰੀ ਕਿਸ਼ਤ ਵਿਚ ਗੋਲਡਾ ਮਾਇਰ ਦੀ ਅਗਵਾਈ ਹੇਠ ਜਿੱਤੀ ਜੰਗ ਦਾ ਜ਼ਿਕਰ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454

1966 ਵਿਚ ਹਾਲਾਤ ਫਿਰ ਗੰਭੀਰ ਹੋਣ ਲੱਗੇ। ਜਿਵੇਂ 50ਵਿਆਂ ਵਿਚ ਨਾਸਰ ਨੇ ਫਿਦਾਈਨ ਗ੍ਰੋਹ ਦੀ ਸਥਾਪਨਾ ਕੀਤੀ, ਉਵੇਂ ਯਾਸਰ ਅਰਾਫਾਤ ਨੇ ਅਲ-ਫਤਹਿ ਗਰੁਪ ਬਣਾ ਲਿਆ, ਤੇ ਫਿਰ ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਹੋਂਦ ਵਿਚ ਆਈ। ਨਾਸਰ ਇਸ ਦਾ ਸਰਪ੍ਰਸਤ ਸੀ। ਰੂਸ ਨੇ ਫਿਰ ਅਰਬਾਂ ਨੂੰ ਹਥਿਆਰਾਂ ਦੀਆਂ ਖੇਪਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਗੋਲਾਨ ਚੋਟੀਆਂ ਉਪਰ ਤੋਪਾਂ ਗੱਜਣ ਲੱਗੀਆਂ। ਸਰਹੱਦਾਂ ‘ਤੇ ਖੇਤੀ ਕਰਦੇ ਕਿਸਾਨਾਂ ਦੀ ਰਾਖੀ ਵਾਸਤੇ ਇਜ਼ਰਾਈਲੀ ਟੈਂਕ ਖਲੋਤੇ ਹੁੰਦੇ। ਹਰ ਰਾਤ ਬੱਚੇ ਬੰਕਰਾਂ ਵਿਚ ਸੌਂਦੇ। ਇਕ ਕਿਸਾਨ ਨੇ ਕਿਹਾ, ਸਾਨੂੰ ਇਸ ਤਰਜ਼ਿ-ਜ਼ਿੰਦਗੀ ਦੀ ਆਦਤ ਪੈ ਗਈ ਹੈ ਬੀਬੀ ਗੋਲਡਾ। ਗੋਲਡਾ ਬੋਲੀ, ਇਹੋ ਤਾਂ ਦੁੱਖ ਹੈ, ਮਾਪਿਆਂ ਨੂੰ ਕਦੀ ਇਹ ਆਦਤ ਨਹੀਂ ਪੈਂਦੀ ਕਿ ਉਨ੍ਹਾਂ ਦੇ ਬੱਚਿਆਂ ਦੀ ਜਾਨ ਨੂੰ ਦਿਨ ਰਾਤ ਖਤਰਾ ਰਹੇ।
ਅਰਾਫਾਤ ਦੇ ਗੁਰੀਲਿਆਂ ਦਾ ਕੰਮ ਵੱਧ ਤੋਂ ਵੱਧ ਕਤਲ ਕਰਨਾ, ਬੱਚਿਆਂ ਨੂੰ ਅਪੰਗ ਕਰਨਾ, ਡਿਪਲੋਮੈਟਸ ਤੇ ਜਹਾਜ਼ ਅਗਵਾ ਕਰਨਾ ਸੀ। ਖੂਨ-ਖਰਾਬੇ ਤੋਂ ਇਲਾਵਾ ਉਹਦਾ ਹੋਰ ਮਨੋਰਥ ਨਹੀਂ ਸੀ। ਬਲੈਕਮੇਲ ਕਰ ਕੇ ਫਿਰੌਤੀਆਂ ਇਕੱਠੀਆਂ ਕਰਨ ਨਾਲ ਕੀ ਹਾਸਲ ਹੋ ਸਕਦਾ ਹੈ? ਜਦੋਂ ਤੱਕ ਕਿਸੇ ਜਥੇਬੰਦੀ ਕੋਲ ਬੌਧਿਕ ਤੇ ਨੈਤਿਕ ਧਨ ਨਹੀਂ, ਉਸ ਵਿਚ ਡਕੈਤੀਆਂ ਪ੍ਰਫੁਲਿਤ ਹੋਣਗੀਆਂ। ਉਚੀ ਮੰਜ਼ਲ ਹਾਸਲ ਨਹੀਂ ਹੋਵੇਗੀ। ਯਾਸਰ ਦੇ ਮੁਕਾਬਲੇ ਲਈ ਇਲੇਹੂ ਨੇ ਯਹੂਦੀ ਅੰਡਰਗਰਾਊਂਡ ਗੁਰੀਲਾ ਸੈਨਾ ਖੜ੍ਹੀ ਕਰ ਦਿੱਤੀ। ਇਲੇਹੂ ਕਹਿੰਦਾ ਹੁੰਦਾ ਸੀ, ਜਿੰਨੇ ਹੁਣ ਤੱਕ ਹੋ ਗਏ, ਹੋ ਗਏ; ਹੁਣ ਯਹੂਦੀਆਂ ਦਾ ਬੀਜਨਾਸ ਕਰਨ ਵਾਲਾ ਘੱਲੂਘਾਰਾ ਨਹੀਂ ਹੋਣ ਦਿਆਂਗਾ।
ਰੂਸ ਨੇ ਬਿਆਨ ਦਾਗਿਆ- ਤਿਆਰੀਆਂ ਤੋਂ ਲਗਦਾ ਹੈ, ਇਜ਼ਰਾਈਲ ਸੀਰੀਆ ਉਪਰ ਹਮਲਾ ਕਰੇਗਾ। ਇਹ ਝੂਠਾ ਦੋਸ਼ ਸੀ, ਪਰ ਯੂæਐਨæਓæ ਨੇ ਪੜਤਾਲੀਆ ਟੀਮ ਭੇਜੀ। ਟੀਮ ਨੇ ਰਿਪੋਰਟ ਦਿੱਤੀ- ਸਾਬਤ ਨਹੀਂ ਹੁੰਦਾ ਹਮਲੇ ਲਈ ਤਿਆਰੀ ਹੈ। ਇਸ ਦੇ ਉਲਟ ਸੀਰੀਆ ਰੂਸੀ ਹਥਿਆਰਾਂ ਨਾਲ ਬੰਬਾਰੀ ਕਰਦਾ ਰਿਹਾ। ਅਪਰੈਲ 1967 ਵਿਚ ਸੀਰੀਆ ਨੇ ਹਵਾਈ ਹਮਲੇ ਕੀਤੇ ਤਾਂ ਇਜ਼ਰਾਈਲੀ ਸੈਨਾ ਨੇ ਛੇ ਰੂਸੀ ਮਿੱਗ ਜਹਾਜ਼ ਫੁੰਡ ਲਏ। ਜੂਨ ਵਿਚ ਤੀਜੇ ਅਰਬ-ਇਜ਼ਰਾਈਲ ਯੁੱਧ ਦੇ ਸੰਕੇਤ ਮਿਲਣ ਲੱਗੇ। ਰੂਸੀ ਦੂਤ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਕਿਹਾ, ਤੁਹਾਡੀਆਂ ਫੌਜਾਂ ਦਾ ਸੀਰੀਆ ਵੱਲ ਵਧਣਾ ਠੀਕ ਨਹੀਂ। ਪ੍ਰਧਾਨ ਮੰਤਰੀ ਨੇ ਦੂਤ ਨੂੰ ਕਿਹਾ, ਚੱਲ ਮੇਰੇ ਨਾਲ, ਬਾਰਡਰ ‘ਤੇ ਚੱਲ ਕੇ ਫੌਜਾਂ ਦਿਖਾ। ਦੂਤ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ, ਮੈਨੂੰ ਹੋਰ ਜ਼ਰੂਰੀ ਕੰਮ ਹਨ। ਰੂਸ ਅਤੇ ਨਾਸਿਰ ਨੂੰ ਉਹ ਝੂਠੇ ਕਿਵੇਂ ਸਾਬਤ ਕਰਦਾ?
ਨਾਸਰ ਦਾ ਬਿਆਨ ਆਇਆ, ਇਜ਼ਰਾਈਲ ਹਮਲਾ ਕਰਨ ਹੀ ਵਾਲਾ ਹੈ, ਯੂæਐਨæਓæ ਦੀਆਂ ਜਿਹੜੀਆਂ ਫੌਜੀ ਟੁਕੜੀਆਂ ਗਾਜ਼ਾ ਪੱਟੀ ਅਤੇ ਸ਼ਰਮ ਅਲ-ਸ਼ੇਖ ਵਿਚ ਬੈਠੀਆਂ ਹਨ, ਉਹ ਨਿਕਲ ਜਾਣ। ਇਹ ਫੌਜਾਂ ਤਾਂ ਇਥੇ ਰੱਖੀਆਂ ਹੀ ਇਸ ਲਈ ਸਨ ਕਿ ਸ਼ਰਾਰਤੀ ਅਨਸਰਾਂ ‘ਤੇ ਨਿਗ੍ਹਾ ਰੱਖਣ। ਯੂæਐਨæਓæ ਇਨ੍ਹਾਂ ਨੂੰ ਕਿਉਂ ਕੱਢੇ? ਪਰ ਗਜ਼ਬ, ਬਿਨਾਂ ਇਜ਼ਰਾਈਲ ਦੀ ਸਲਾਹ ਲਿਆਂ ਸਕੱਤਰ ਊਥਾਂਟ ਨੇ ਫੌਜੀਆਂ ਨੂੰ ਵਾਪਸ ਆਉਣ ਦੇ ਆਰਡਰ ਕਰ ਦਿੱਤੇ। ਨਾਸਰ ਦਾ ਦੂਜਾ ਬਿਆਨ 22 ਮਈ ਨੂੰ ਆਇਆ- ਇਜ਼ਰਾਈਲੀ ਸਮੁੰਦਰੀ ਜਹਾਜ਼ ਅਕਾਬਾ ਦੀ ਖਾੜੀ ਵਿਚੋਂ ਨਹੀਂ ਲੰਘਣਗੇ; ਯਾਨਿ ਯੂæਐਨæਓæ ਦੇ ਫੈਸਲੇ ਦੀ ਦਲੇਰੀ ਨਾਲ ਉਲੰਘਣਾ। ਰਾਸ਼ਟਰਪਤੀ ਜਾਨਸਨ ਦਾ ਬਿਆਨ ਆਇਆ, ਮਿਸਰ ਦੇ ਐਲਾਨ ਸਹੀ ਨਹੀਂ ਹਨ। ਊਥਾਂਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਹ ਨਾਸਰ ਨੂੰ ਮਿਲਣ ਤੇ ਮਨਾਉਣ ਵਾਸਤੇ ਕਾਹਿਰਾ ਗਿਆ ਪਰ ਨਾਸਰ ਉਪਰ ਕੀ ਅਸਰ ਹੋਣਾ ਸੀ? ਰੂਸੀ ਰਾਸ਼ਟਰਪਤੀ ਕੋਸੀਗਿਨ ਨੇ ਨਾਸਰ ਨੂੰ ਸੁਨੇਹਾ ਭੇਜਿਆ, ਯੁੱਧ ਛਿੜ ਗਿਆ ਤਾਂ ਰੂਸ ਮਿਸਰ ਨਾਲ ਖਲੋਏਗਾ।
ਪਹਿਲੀ ਜੂਨ ਨੂੰ ਸਿਨਾਈ ਬਾਰਡਰ ‘ਤੇ ਇਕ ਲੱਖ ਮਿਸਰੀ ਫੌਜੀ ਤਾਇਨਾਤ ਹੋ ਗਏ, ਨੌਂ ਸੌ ਮਿਸਰੀ ਤੇ ਤਿੰਨ ਸੌ ਸੀਰੀਅਨ ਟੈਂਕਾਂ ਸਮੇਤ ਛੇ ਬਟਾਲੀਅਨਾਂ ਉਤਰ ਵੱਲ ਸਜ ਗਈਆਂ। ਕੁਝ ਦਿਨ ਹਿਚਕਚਾਇਆ ਪਰ ਲੁੱਟਮਾਰ ਦਾ ਸ਼ੌਕ ਪੂਰਾ ਕਰਨ ਹਿਤ ਜਾਰਡਨ ਦਾ ਬਾਦਸ਼ਾਹ ਹੁਸੈਨ ਵੀ ਰਲ ਗਿਆ। ਉਹਨੇ ਦੋ ਸੌ ਸੱਤਰ ਟੈਂਕ ਤੇ ਸੱਤ ਬ੍ਰਿਗੇਡ ਫੌਜ ਭੇਜੀ। ਏਅਰ ਫੋਰਸ ਵੀ ਮਦਦ ਲਈ ਆਈ। ਯੁੱਧ ਤੋਂ ਇਕ ਦਿਨ ਪਹਿਲਾਂ ਨਾਸਰ ਨਾਲ ਇਰਾਕ ਆ ਮਿਲਿਆ। ਯੂਰਪ ਅਤੇ ਅਮਰੀਕਾ ਖਾਮੋਸ਼ ਦਰਸ਼ਕ ਸਨ ਪਰ ਸੋਵੀਅਤ ਦੇਸ਼ ਮਿਸਰ ਦੇ ਹੱਕ ਵਿਚ ਦਹਾੜ ਰਿਹਾ ਸੀ। ਨਾਸਰ ਨੂੰ ਵਿਸ਼ਵਾਸ ਹੋ ਗਿਆ, ਇਸ ਆਖਰੀ ਘਸੁੰਨ ਨਾਲ ਇਜ਼ਰਾਈਲ ਦਾ ਮਲੀਆਮੇਟ ਯਕੀਨੀ।
ਵਿਦੇਸ਼ ਮੰਤਰੀ ਅਮਰੀਕਾ, ਫਰਾਂਸ, ਕੈਨੇਡਾ ਦੇ ਰਾਸ਼ਟਰਪਤੀਆਂ ਕੋਲ ਸਹਾਇਤਾ ਵਾਸਤੇ ਗਿਆ। ਸਾਰਿਆਂ ਦਾ ਇਕੋ ਉਤਰ- ਪਹਿਲ ਨਹੀਂ ਕਰਨੀ, ਸ਼ਾਂਤ ਰਹੋ, ਉਡੀਕੋ। ਫਰਾਂਸੀਸੀ ਰਾਸ਼ਟਰਪਤੀ ਡੀ ਗਾਲ ਨੇ ਕਿਹਾ, ਜੇ ਤੁਹਾਡੇ ਉਪਰ ਹਮਲਾ ਹੋ ਗਿਆ, ਅਸੀਂ ਮਦਦ ਕਰਨ ਆਵਾਂਗੇ। ਮੰਤਰੀ ਨੇ ਕਿਹਾ, ਪਰ ਤੁਹਾਡੇ ਆਉਣ ਤੋਂ ਪਹਿਲਾ ਸਾਡਾ ਭੋਗ ਪੈ ਗਿਆ, ਫਿਰ? ਡੀ ਗਾਲ ਨੇ ਵਾਕ ਦੁਹਰਾਇਆ, ਪਹਿਲ ਨਹੀਂ ਕਰਨੀ।
ਇਜ਼ਰਾਈਲ ਦੀ ਸੈਨਾ ਅਤੇ ਪਰਜਾ ਯੁੱਧ ਲਈ ਤਿਆਰ ਸੀ, ਕੋਈ ਮਦਦ ਆਵੇ ਨਾ ਆਵੇ। ਸਾਰੇ ਦੇਸ਼ ਵਿਚ ਮੋਰਚੇ ਪੁੱਟ ਦਿੱਤੇ ਗਏ, ਤਿਆਰ ਬਰ ਤਿਆਰ ਸੈਨਿਕ ਬਿਗਲ ਦੀ ਵਾਜ ਉਡੀਕਣ ਲੱਗੇ। ਘੰਟੇ ਦਿਨ ਜਿੱਡੇ ਤੇ ਦਿਨ ਮਹੀਨੇ ਜਿੱਡੇ ਲੰਮੇ ਹੋ ਗਏ। ਕਿਸ-ਕਿਸ ਬਾਗ ਵਿਚ ਲਾਸ਼ਾਂ ਦਫਨ ਹੋਣਗੀਆਂ, ਟਿੱਕ ਲਏ। ਬਲੈਕ ਆਊਟ ਦਾ ਐਲਾਨ ਹੋ ਗਿਆ। ਹੋਟਲ ਖਾਲੀ ਕਰਵਾਏ ਤਾਂ ਕਿ ਜ਼ਖਮੀਆਂ ਨੂੰ ਇਲਾਜ ਲਈ ਥਾਂ ਮਿਲੇ। ਦਵਾਈਆਂ, ਟੀਕੇ, ਪੱਟੀਆਂ ਦੇ ਥੋਕ ਆਰਡਰ ਹੋਏ। ਹਰ ਯਹੂਦੀ, ਲੜ ਮਰਨ ਲਈ ਤਿਆਰ ਹੋਇਆ। ਪੂਰਾ ਦੇਸ਼, ਪਰਿਵਾਰ ਹੋ ਗਿਆ। ਜਿੱਤਣਾ ਪਵੇਗਾ ਕਿਉਂਕਿ ਹਾਰ ਦਾ ਮਤਲਬ ਹੈ ਪੂਰਨ ਤਬਾਹੀ, ਸਮੁੱਚੇ ਦੇਸ਼ ਦਾ ਕਤਲ। ਇਕ ਬੰਦਾ ਵੀ ਇਜ਼ਰਾਈਲ ਛੱਡ ਕੇ ਕਿਸੇ ਹੋਰ ਦੇਸ਼ ਨਹੀਂ ਗਿਆ। ਹਿਟਲਰ ਦੇ ਤਸੀਹਾ ਕੇਂਦਰਾਂ ਵਿਚੋਂ ਬਚੇ ਯਹੂਦੀਆਂ ਨੇ ਕਿਹਾ, ਮੌਤ ਠੀਕ ਹੈ, ਹੋਰ ਤਸੀਹਾ ਕੈਂਪ ਨਹੀਂ। ਜਿਹੜੇ ਯਹੂਦੀ ਕਿਸੇ ਕੰਮ-ਕਾਜ ਸਦਕਾ ਬਾਹਰ ਗਏ ਹੋਏ ਸਨ, ਦੇਸ਼ ਪਰਤ ਆਏ- ਇਸ ਮੌਕੇ ਪਿੱਠ ਨਹੀਂ ਦਿਖਾਉਣੀ। ਕੌਮਾਂਤਰੀ ਯਹੂਦੀ ਸੰਗਠਨ ਨੇ ਬਿਆਨ ਦਿੱਤਾ, ਜੇ ਇਜ਼ਰਾਈਲ ਮਿਟ ਗਿਆ, ਸਮਝਣਾ ਦੁਨੀਆਂ ਦਾ ਹਰ ਯਹੂਦੀ ਫਿਰ ਗੁਲਾਮ ਹੋ ਗਿਆ। ਬਰਤਾਨਵੀ ਯਹੂਦੀ ਹਿੰਸਾ ਉਪਰ ਉਤਰ ਆਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕੋ ਇਕ ਇਜ਼ਰਾਈਲ ਏਅਰ ਲਾਈਨਜ਼ ਦਾ ਜਹਾਜ਼ ਸਾਰੇ ਮੁਸਾਫਰਾਂ ਨੂੰ ਲੰਡਨ ਤੋਂ ਇਜ਼ਰਾਈਲ ਲੈ ਕੇ ਕਿਉਂ ਨਹੀਂ ਗਿਆ ਜਦਕਿ ਉਹ ਫਰਸ਼ ਉਪਰ ਬੈਠ ਕੇ ਜਾਣ ਲਈ ਤਿਆਰ ਸਨ? ਯਾਨਿ ਲੰਡਨ, ਯਹੂਦੀਆਂ ਨੂੰ ਮੌਤ ਦੇ ਮੂੰਹ ਵਿਚ ਜਾਣ ਤੋਂ ਵੀ ਰੋਕ ਰਿਹੈ?
‘ਵਾਰ ਫੰਡ’ ਲੈਣ ਗੋਲਡਾ ਨੇ ਯੂਰਪ ਦਾ ਦੌਰਾ ਕਰਦਿਆਂ ਉਨ੍ਹਾਂ 2500 ਯਹੂਦੀਆਂ ਨੂੰ ਮਿਲਣਾ ਚਾਹਿਆ ਜਿਹੜੇ ਇੰਗਲੈਂਡ ਤੋਂ ਇਜ਼ਰਾਈਲ ਨਹੀਂ ਆ ਸਕੇ (ਫਲਾਈਟਾਂ ਰੱਦ ਹੋ ਗਈਆਂ ਸਨ)। ਅਖਬਾਰ ਪੜ੍ਹ ਕੇ ਇਕ ਹਜ਼ਾਰ ਬੰਦੇ ਇਕੱਠੇ ਹੋ ਗਏ। ਗੋਲਡਾ ਨੇ ਪੁੱਛਿਆ, ਅਜਿਹੀ ਕੀ ਗੱਲ ਸੀ ਜਿਸ ਸਦਕਾ ਤੁਸੀਂ ਖਤਰਨਾਕ ਥਾਂ ਵਿਚ ਕੁੱਦਣਾ ਚਾਹਿਆ? ਇਕ ਜੁਆਨ ਨੇ ਜਵਾਬ ਦਿੱਤਾ, ਜਦੋਂ ਪਿਛਲਾ ਛੇ ਦਿਨ ਦਾ ਯੁੱਧ ਛਿੜਿਆ, ਸਾਡੇ ਸਾਹ ਸੂਤੇ ਗਏ ਸਨ। ਇਜ਼ਰਾਈਲ ਹਾਰ ਜਾਂਦਾ, ਅਸੀਂ ਉਹ ਨਹੀਂ ਸੀ ਰਹਿਣਾ ਜੋ ਹੁਣ ਹਾਂ। ਸਾਡੇ ਦੋਸਤਾਂ, ਗੁਆਂਢੀਆਂ ਤੱਕ ਦੇ ਨਜ਼ਰੀਏ ਬਦਲ ਜਾਣੇ ਸਨ। ਸਾਰੀ ਦੁਨੀਆਂ ਬਦਲ ਜਾਣੀ ਸੀ।
5 ਜੂਨ ਸਵੇਰ ਸਾਰ ਸਾਇਰਨ ਵੱਜੇ ਤਾਂ ਪਤਾ ਲੱਗਾ, ਯੁੱਧ ਛਿੜ ਗਿਆ ਹੈ। ਇੰਤਜ਼ਾਰ ਖਤਮ; ਲੋਕ ਸਾਰਾ ਦਿਨ, ਅੱਧੀ ਰਾਤ ਤੱਕ ਰੇਡੀਓ ਨਾਲ ਲੱਗੇ ਬੈਠੇ ਰਹੇ। ਅੱਧੀ ਰਾਤ ਖਬਰ ਮਿਲੀ ਕਿ ਸੀਰੀਆ ਅਤੇ ਜਾਰਡਨ ਵਿਚ ਇਜ਼ਰਾਈਲ ਨੇ 400 ਲੜਾਕੂ ਜਹਾਜ਼ ਤਬਾਹ ਕਰ ਦਿੱਤੇ। ਹਵਾਈ ਅੱਡੇ ਬੰਬਾਰੀ ਨਾਲ ਪੁੱਟ ਸੁੱਟੇ। ਹੁਣ ਅਗਲੇ ਦਿਨ ਮੈਦਾਨਾਂ ਵਲੋਂ ਅੱਗੇ ਵਧਿਆ ਜਾ ਰਿਹਾ ਸੀ। ਇਜ਼ਰਾਈਲੀ ਫੌਜ ਵਾਹੋ-ਦਾਹੀ ਸੁਏਜ਼ ਨਹਿਰ ਵਲ ਵਧ ਰਹੀ ਸੀ। ਜਿਹੜਾ ਯਹੂਦੀ ਹੱਥ ਹਮੇਸ਼ਾ ਦੋਸਤੀ ਵਾਸਤੇ ਵਧਾਇਆ, ਉਹ ਘਸੁੰਨ ਬਣ ਗਿਆ। ਅਰਬਾਂ ਦੀਆਂ ਆਸਾਂ ਮਿਟਣ ਲੱਗੀਆਂ।
ਅਬਦੁੱਲਾ ਦਾ ਪੋਤਾ ਹੁਸੈਨ, ਜਾਰਡਨ ਦਾ ਬਾਦਸ਼ਾਹ, ਪਹਿਲਾਂ ਬਾਬੇ ਵਾਂਗ ਦੁਚਿਤੀ ਵਿਚ ਸੀ ਪਰ ਆਖਰ ਉਹਦਾ ਵੀ ਇਸਲਾਮੀ ਖੂਨ ਖੌਲ ਪਿਆ। ਉਹਨੇ ਯੋਰੋਸ਼ਲਮ ਦੇ ਮੰਦਰਾਂ ਵਿਚ ਭਾਰੀ ਬੰਬਾਰੀ ਕਰ ਕੇ ਤਬਾਹੀ ਮਚਾਈ। ਦੁਨੀਆਂ ਨੂੰ ਪਤਾ ਲੱਗ ਗਿਆ ਕਿ ਅਰਬ, ਈਸਾਈ ਚਰਚਾਂ, ਯਹੂਦੀ ਮੰਦਰਾਂ ਅਤੇ ਮਸਜਿਦਾਂ ਦਾ ਕਿੰਨਾ ਕੁ ਆਦਰ ਕਰਦੇ ਹਨ। ਮਸੀਤਾਂ ਦੇ ਮੀਨਾਰਾਂ ਉਪਰ ਮੋਰਚੇ ਬਣਾ ਕੇ ਫਾਇਰਿੰਗ ਕਰਦੇ ਰਹੇ ਜਿਸ ਨਾਲ ਪਰਜਾ ਤੇ ਫੌਜ- ਦੋਵਾਂ ਦਾ ਨੁਕਸਾਨ ਹੋਇਆ।
ਮਿਸਰੀਆਂ ਨੂੰ ਤਿੰਨ ਦਿਨਾਂ ਵਿਚ ਕੁੱਟ ਦਿੱਤਾ, ਹੁਣ ਦੋ ਦਿਨ ਵਿਚ ਜਾਰਡਨ ਕੁੱਟਿਆ ਜਾਣਾ ਹੈ। ਅੱਠ ਜੂਨ ਨੂੰ ਗਾਜ਼ਾ ਪੱਟੀ ਦੇ ਗਵਰਨਰ ਨੇ ਹਥਿਆਰ ਸੁੱਟ ਦਿੱਤੇ। ਇਜ਼ਰਾਈਲੀ ਫੌਜ ਸੁਏਜ਼ ਨਹਿਰ ਦੇ ਪੂਰਬੀ ਕੰਢੇ ਤੱਕ ਜਾ ਪੁੱਜੀ, ਤਿਰਾਨ ਦੇ ਮੈਦਾਨ ਤੇ ਬੰਦਰਗਾਹ ਕਾਬੂ ਕਰ ਲਈ। ਨਾਸਰ ਨੇ ਖੁਦ ਸਵੀਕਾਰ ਕੀਤਾ ਕਿ ਉਹਦੇ ਦਸ ਹਜ਼ਾਰ ਜੁਆਨ ਅਤੇ ਡੇਢ ਹਜ਼ਾਰ ਅਫਸਰ ਮਾਰੇ ਗਏ ਹਨ। ਛੇ ਹਜ਼ਾਰ ਮਿਸਰੀ, ਇਜ਼ਰਾਈਲ ਨੇ ਬੰਦੀ ਬਣਾ ਲਏ। ਸਿਨਾਈ ਅਤੇ ਗਾਜ਼ਾ ਪੱਟੀ ਉਪਰ ਇਜ਼ਰਾਈਲ ਦੀ ਮਾਲਕੀ। ਜਾਰਡਨ ਦੀ ਅੱਧੀ ਰਾਜਧਾਨੀ ‘ਤੇ ਇਜ਼ਰਾਈਲ ਦਾ ਕਬਜ਼ਾ ਹੋ ਗਿਆ।
9 ਜੂਨ 1967 ਨੂੰ ਸੀਰੀਆ ਦੀ ਵਾਰੀ ਆਈ। ਗੋਲਾਨ ਚੋਟੀਆਂ ਨੂੰ ਅਜਿੱਤ ਜਾਣ ਕੇ ਉਥੇ ਬੀੜੀਆਂ ਤੋਪਾਂ ਪੇਂਡੂਆਂ ਉਪਰ ਗੋਲੇ ਉਗਲ ਰਹੀਆਂ ਸਨ, ਉਹ ਖਾਮੋਸ਼ ਕਰਨੀਆਂ ਸਨ। ਗਿਠ-ਗਿਠ ਧਰਤੀ ਵਿਚ ਬਾਰੂਦੀ ਸੁਰੰਗਾਂ ਦੱਬੀਆਂ ਹੋਈਆਂ ਸਨ ਤੇ ਸੀਰੀਅਨ ਫੌਜਾਂ ਨੇ ਪੱਕੇ ਬੰਕਰ ਬਣਾਏ ਹੋਏ ਸਨ। ਦੋ ਦਿਨ ਅਤੇ ਇਕ ਰਾਤ ਵਿਚ ਇਜ਼ਰਾਈਲੀ ਫੌਜਾਂ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਸੀਰੀਆ ਨੇ ਯੂæਐਨæਓæ ਅੱਗੇ ਜੰਗਬੰਦੀ ਕਰਾਉਣ ਵਾਸਤੇ ਫਰਿਆਦ ਕੀਤੀ। ਯਹੂਦੀ ਫਰੰਟ ਦਾ ਇਜ਼ਰਾਈਲੀ ਜਰਨੈਲ ਦਾਊਦ ਇਲਜ਼ਰ ਸਭ ਤੋਂ ਉਚੀ ਗੋਲਾਨ ਚੋਟੀ ਉਪਰ ਚੜ੍ਹ ਕੇ ਦਹਾੜਿਆ, ਮੈਂ ਦੂਰ-ਦੂਰ ਤੱਕ ਤੁਹਾਡੀ ਬਹਾਦਰੀ ਦਾ ਚਮਤਕਾਰ ਇਸ ਚੋਟੀ ਤੋਂ ਸਾਫ ਦੇਖ ਰਿਹਾਂ ਸੀਰੀਆ ਵਾਸੀਓ!æææ
ਇਕ ਵਾਰ ਫਿਰ ਅਰਬ ਅਤੇ ਰੂਸ ਹਾਰ ਗਏ। ਐਤਕਾਂ ਦੀ ਹਾਰ ਮਹਿੰਗੀ ਪਈ। ਲਗਦੈ ਹੁਣ ਕਦੇ ਯੁੱਧ ਨਾ ਈ ਹੋਵੇ। ਸਾਰਾ ਇਜ਼ਰਾਈਲ ਛੁੱਟੀ ਲੈ ਕੇ ਜਸ਼ਨ ਮਨਾਉਣ ਲਈ ਨਿਕਲ ਤੁਰਿਆ। ਲੱਖਾਂ ਦੀ ਗਿਣਤੀ ਵਿਚ ਲੋਕ ਯੋਰੋਸ਼ਲਮ ਦੇ ਮੰਦਰ ਵਿਚ ਸ਼ੁਕਰਾਨਾ ਕਰਨ ਗਏ। ਜਿਨ੍ਹਾਂ ਥਾਂਵਾਂ ‘ਤੇ ਯੁੱਧ ਹੋਇਆ, ਅਣਗਿਣਤ ਲੋਕ ਉਧਰਲੇ ਦ੍ਰਿਸ਼ ਦੇਖਣ ਗਏ। ਜਾਰਡਨ ਸ਼ਹਿਰ ਨੂੰ ਕੰਡਿਆਲੀ ਤਾਰ ਅਤੇ ਕੰਧ ਨਾਲ ਦੋ ਹਿਸਿਆਂ ਵਿਚ ਵੰਡਿਆ ਹੋਇਆ ਸੀ। ਇਜ਼ਰਾਈਲੀ ਫੌਜ ਦੇ ਬੁਲਡੋਜ਼ਰਾਂ ਨੇ ਕੰਧ ਢੇਰੀ ਕਰ ਦਿੱਤੀ। ਸ਼ਹਿਰ ਇਕ ਹੋ ਗਿਆ। ਮੁਸਲਮਾਨ ਵੀ ਵੱਡੀ ਗਿਣਤੀ ਵਿਚ ਪੁਰਾਣਾ ਜਾਰਡਨ ਦੇਖਣ ਆਏ। ਗੋਲਡਾ ਨੇ ਲਿਖਿਆ, ਮੈਂ ਮੰਨਦੀ ਹਾਂ ਇਜ਼ਰਾਈਲੀਆਂ ‘ਚ ਘੁੱਗੀਆਂ ਵੀ ਹਨ ਬਾਜ਼ ਵੀ ਪਰ ਦੁਨੀਆਂ ਨੇ ਦੇਖਿਆ, ਅਸੀਂ ਮਿੱਟੀ ਦੇ ਤੋਤੇ ਨਹੀਂ।
ਜਾਰਡਨ ਦੇ ਆਕਾ, ਹੁਸੈਨ ਨੇ ਦੁਨੀਆਂ ਅੱਗੇ ਵਾਸਤਾ ਪਾਇਆ- ਸਾਡਾ ਬਹੁਤ ਜਾਨੀ ਨੁਕਸਾਨ ਹੋ ਗਿਆ ਹੈ, ਸਾਡੀ ਮਦਦ ਕਰੋ। ਗੋਲਡਾ ਨੇ ਕਿਹਾ, ਇਹ ਵਾਸਤਾ ਇਉਂ ਹੈ ਜਿਵੇਂ ਕੋਈ ਬੰਦਾ ਆਪਣੇ ਮਾਪਿਆਂ ਨੂੰ ਕਤਲ ਕਰ ਕੇ ਆਖੇ, ਮੈਂ ਯਤੀਮ ਹੋ ਗਿਆ, ਮੇਰੀ ਮਦਦ ਕਰੋ।
7 ਮਾਰਚ 1979 ਨੂੰ ਗੋਲਡਾ ਨੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ। ਪਹਿਲਾ ਕੰਮ ਉਹਨੇ ਅਮਨ ਦਾ ਵਾਸਤਾ ਪਾਉਂਦਿਆਂ ਅਰਬਾਂ ਅੱਗੇ ਸ਼ਾਂਤੀ ਸੰਧੀ ਦੀ ਅਪੀਲ ਕੀਤੀ। ਨਾਸਰ ਨੇ ਜਵਾਬ ਦਿੱਤਾ, ਯੁੱਧ ਦੇ ਬਿਗਲ ਤੋਂ ਵਧੀਕ ਉਚੀ ਕੋਈ ਆਵਾਜ਼ ਨਹੀਂ। ਯੁੱਧ ਨੂੰ ਸੱਦਾ ਦੇਣ ਤੋਂ ਪਵਿੱਤਰ ਕੋਈ ਸੱਦਾ ਨਹੀਂ।
ਜਾਰਡਨ ਦੇ ਮਸ਼ਹੂਰ ਅਖਬਾਰ ਨੇ ਲਿਖਿਆ- ਬੀਬੀ ਗੋਲਡਾ ਕਾਹਿਰਾ ਜਾ ਕੇ ਬਾਦਸ਼ਾਹ ਨਾਸਰ ਨਾਲ ਗੱਲ ਕਰਨੀ ਚਾਹੁੰਦੀ ਹੈ, ਪਰ ਉਹਨੂੰ ਅਫਸੋਸ ਹੈ ਕਿ ਉਹਨੂੰ ਕੋਈ ਸੱਦਦਾ ਈ ਨਹੀਂ। ਉਹਨੂੰ ਲਗਦੈ, ਜਦੋਂ ਚੰਗਾ ਦਿਨ ਚੜ੍ਹੇਗਾ, ਉਦੋਂ ਮੱਧ ਏਸ਼ੀਆ ਵਿਚ ਹਥਿਆਰ ਨਹੀਂ ਦਿਸਣਗੇ। ਮਾਈ ਗੋਲਡਾ ਦਾਦੀ ਮਾਂ ਵਾਂਗ ਬੱਚਿਆਂ ਨੂੰ ਬਾਤਾਂ ਸੁਣਾ ਰਹੀ ਹੈ ਤਾਂ ਕਿ ਸੌਂ ਜਾਣ।
ਗੋਲਡਾ ਨੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਸੁਨੇਹਾ ਭੇਜਿਆ। ਨਿਕਸਨ ਨੇ 24 ਸਤੰਬਰ ਨੂੰ ਆਉਣ ਲਈ ਕਿਹਾ, ਨਾਲੇ ਪਰਿਵਾਰ ਨੂੰ ਡਿਨਰ ਵਾਸਤੇ ਸੱਦਾ ਦਿੱਤਾ। ਜਦੋਂ ਗੋਲਡਾ ਅਮਰੀਕਾ ਪੁੱਜੀ, ਤੀਹ ਹਜ਼ਾਰ ਯਹੂਦੀਆਂ ਦਾ ਇਕੱਠ ਉਹਦੇ ਸਵਾਗਤ ਵਾਸਤੇ ਘੰਟਿਆਂ ਤੋਂ ਉਡੀਕ ਵਿਚ ਖਲੋਤਾ ਸੀ। ਉਹਨੇ ਸ਼ੁਕਰਾਨੇ ਵਜੋਂ ਥੋੜ੍ਹੇ ਕੁ ਲਫਜ਼ ਕਹੇ। ਜੋਸ਼ੀਲੇ ਹਜੂਮ ਨੇ ਬੁਲੰਦ ਨਾਅਰੇ ਲਾਏ, ਸੁਆਗਤੀ ਸ਼ਬਦ ਕਹੇ। ਕਿਸੇ ਪ੍ਰਸ਼ੰਸਕ ਨੇ, ਗੋਲਡਾ ਤੂੰ ਜੇ ਡਾਇਰੈਕਟਰੀ ਦਾ ਪੰਨਾ ਖੋਲ੍ਹ ਕੇ ਉਸ ਵਿਚੋਂ ਟੈਲੀਫੋਨਾਂ ਦੇ ਨੰਬਰ ਸੁਣਾਉਣ ਲੱਗ ਜਾਏਂ ਤਾਂ ਵੀ ਇਹ ਜੈਕਾਰੇ ਛੱਡੀ ਜਾਣਗੇ, ਸਭ ਤੇਰੇ ‘ਤੇ ਫਿਦਾ ਹਨ।
ਅਗਲੇ ਦਿਨ ਵ੍ਹਾਈਟ ਹਾਊਸ ਲਿਮੋਜ਼ੀਨ ਰੁਕੀ ਤਾਂ ਨਿਕਸਨ ਨੇ ਬਾਹਰ ਆਉਣ ਵਾਸਤੇ ਹੱਥ ਦਾ ਸਹਾਰਾ ਦਿੱਤਾ, ਉਹਦੀ ਪਤਨੀ ਨੇ ਗੁਲਦਸਤਾ ਭੇਟ ਕੀਤਾ। ਇਸ ਸੁਆਗਤ ਨੇ ਗੋਲਡਾ ਦੇ ਤੌਖਲੇ ਦੂਰ ਕਰ ਦਿੱਤੇ। ਫਿਰ ਫੌਜ ਨੇ ਰਸਮੀ ਸਲਾਮੀ ਦਿੱਤੀ। ਨਿਕਸਨ ਅਤੇ ਗੋਲਡਾ ਉਚੇ ਮੰਚ ਉਪਰ ਖਲੋਤੇ ਸਨ, ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ। ਗੋਲਡਾ ਦੀਆਂ ਅੱਖਾਂ ਇਹ ਸੋਚ ਕੇ ਛਲਕੀਆਂ ਕਿ ਅਸੀਂ ਤਾਂ ਰੱਬ ਤੋਂ ਕੇਵਲ ਜਾਨਾਂ ਦੇ ਬਚਾਅ ਲਈ ਅਰਦਾਸਾਂ ਕੀਤੀਆਂ ਸਨ? ਸਨਮਾਨ ਮਿਲ ਜਾਣਗੇ, ਇਹ ਤਾਂ ਖਾਬੋ-ਖਿਆਲ ਵਿਚ ਨਹੀਂ ਸੀ।
ਚਾਰ ਲੰਮੀਆਂ ਮੀਟਿੰਗਾਂ ਹੋਈਆਂ। ਰੂਸ ਦਾ ਵਿਦੇਸ਼ ਮੰਤਰੀ ਆਂਦਰੇ ਗ੍ਰੋਮੀਕੋ ਨਿਊ ਯਾਰਕ ਵਿਚ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲ ਕਰਨ ਆਇਆ ਹੋਇਆ ਸੀ। ਉਹਨੂੰ ਪਤਾ ਲੱਗੇਗਾ ਕਿ ਗੋਲਡਾ ਰਾਸ਼ਟਰਪਤੀ ਨੂੰ ਮਿਲ ਰਹੀ ਹੈ, ਕੀ ਸੋਚੇਗਾ?æææ ਗੋਲਡਾ ਨੇ ਰਸਮੀ ਗੱਲਾਂ ਨਹੀਂ ਕੀਤੀਆਂ। ਇਜ਼ਰਾਈਲ ਦੀ ਭੂਗੋਲਕ ਬਣਤਰ ਦੱਸ ਕੇ ਖੂਨ-ਖਰਾਬੇ ਦਾ ਖਾਤਮਾ ਚਾਹਿਆ। ਯੂæਐਨæਓæ ਜਿੱਤੇ ਹੋਏ ਇਲਾਕੇ ਛੱਡਣ ਲਈ ਪੂਰਾ ਦਬਾਅ ਪਾ ਰਿਹਾ ਹੈ, ਰੂਸ ਅਰਬਾਂ ਦੀ ਹਮਾਇਤ ‘ਤੇ ਹੈ। ਲੜਾਕੂ ਜਹਾਜ਼ ਚਾਹੀਦੇ ਹਨ, 200 ਮਿਲੀਅਨ ਡਾਲਰ ਕਰਜ਼ਾ ਘੱਟ ਵਿਆਜ ‘ਤੇ ਚਾਹੀਦਾ ਹੈ। ਕਿਹਾ, ਤੁਹਾਨੂੰ ਸਾਡੀ ਲੋੜ ਪਵੇ ਜਾਂ ਨਾ, ਸਾਨੂੰ ਤੁਹਾਡੇ ਜਿਹੀ ਵੱਡੀ ਤਾਕਤ ਦਾ ਸਹਾਰਾ ਨਾ ਮਿਲਿਆ ਤਾਂ ਅਰਬ ਸਾਨੂੰ ਨਿਗਲ ਜਾਣਗੇ। ਅਮਰੀਕਾ ਸਮੇਤ ਜਿਨ੍ਹਾਂ ਦੇਸ਼ਾਂ ਤੋਂ ਕਰਜ਼ਾ ਲਿਆ ਸੀ, ਅਸੀਂ ਸਮੇਂ ਸਿਰ ਮੋੜਿਆ, ਕਰਜ਼ਾ ਮੁਆਫੀ ਲਈ ਬੇਨਤੀਆਂ ਨਹੀਂ ਕੀਤੀਆਂ।
ਨਿਕਸਨ ਨੇ ਸ਼ਾਨਦਾਰ ਰਾਤਰੀ ਭੋਜ ਦਿੱਤਾ ਜਿਸ ਵਿਚ ਸਵਾ ਸੌ ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਾਰਾ ਸਮਾਂ ਇਜ਼ਰਾਈਲੀ ਸੰਗੀਤ ਦੀਆਂ ਧੁਨਾਂ ਵਜਦੀਆਂ ਰਹੀਆਂ, ਇਜ਼ਰਾਈਲੀ ਖਾਣਾ ਪਰੋਸਿਆ ਗਿਆ। ਸ਼ੁਕਰਾਨਾ ਕਰਦਿਆਂ ਗੋਲਡਾ ਨੇ ਕਿਹਾ, ਮੈਂ ਆਪਣੇ ਦੇਸ਼ ਜਾ ਕੇ ਦੱਸਣ ਜੋਗੀ ਹੋ ਗਈ ਹਾਂ ਕਿ ਵੱਡੀ ਤਾਕਤ ਨੇ ਛੋਟੇ ਦੇਸ਼ ਨਾਲ ਹਮਦਰਦੀ ਜਤਾਈ ਹੈ। ਨਿਕਸਨ ਨੇ ਹੱਸ ਕੇ ਕਿਹਾ, ਮੁਸ਼ਕਿਲ ਵਿਚ ਦੋਸਤਾਂ ਵਾਂਗ ਕੰਮ ਆਵਾਂਗੇ।
ਆਖਰੀ ਦਿਨ ਪ੍ਰੈਸ ਮੀਟ ਹੋਈ। ਗੋਲਡਾ ਨੇ ਦੱਸਿਆ, ਜਿਵੇਂ ਸਾਰੀ ਦੁਨੀਆਂ ਦੇ ਦੇਸ਼ਾਂ ਨਾਲ ਅਸੀਂ ਮਿੱਤਰਤਾ ਚਾਹੁੰਦੇ ਹਾਂ, ਉਵੇਂ ਅਮਰੀਕਾ ਨਾਲ ਵਧੀਆ ਸਬੰਧ ਰਹਿਣ, ਇਸ ਮਨਸ਼ਾ ਨਾਲ ਆਈ ਹਾਂ। ਪੱਤਰਕਾਰਾਂ ਨੇ ਪੁੱਛਿਆ, ਕੀ-ਕੀ ਦਿੱਤਾ ਅਮਰੀਕਾ ਨੇ? ਗੋਲਡਾ ਨੇ ਕਿਹਾ, ਭਰੋਸਾ, ਮੁਸ਼ਕਿਲ ਵੇਲੇ ਸਾਥ ਨਿਭਾਉਣ ਦਾ ਭਰੋਸਾ। ਫਿਰ ਪੁੱਛਿਆ, ਜੇ ਬਹੁਤ ਬਦਤਰ ਹਾਲਾਤ ਹੋ ਗਏ, ਸੁਰੱਖਿਆ ਲਈ ਪਰਮਾਣੂ ਬੰਬ ਚਲਾਉਗੇ? ਗੋਲਡਾ ਨੇ ਕਿਹਾ, ਅਸੀਂ ਤਾਂ ਪੁਰਾਣੇ ਹਥਿਆਰਾਂ ਨਾਲ ਛਾਲਾਂ ਚੁਕਾ ਦਿੰਨੇ ਆਂ, ਪਰਮਾਣੂ ਬੰਬ ਦੀ ਕੀ ਲੋੜ? ਸਾਰੇ ਹੱਸ ਪਏ।
ਵਾਪਸ ਦੇਸ਼ ਪਰਤੀ, ਵਾਧੂ ਕੁਝ ਦੱਸਣ ਦੀ ਲੋੜ ਨਹੀਂ ਸੀ; ਮੁਸਕਾਨ ਸਭ ਭੇਤ ਖੋਲ੍ਹ ਰਹੀ ਸੀ ਪਰ ਮੁਸਲਮਾਨ ਖਾੜਕੂ ਗਰੋਹ ਹੁਣ ਵੱਡੀ ਗਿਣਤੀ ਵਿਚ ਹਮਲੇ ਕਰਨ ਲੱਗੇ। ਸੋਵੀਅਤ ਦੇਸ਼ ਅੱਗੇ ਸਿਰਫ ਹਥਿਆਰ ਦਿੰਦਾ ਸੀ, ਹੁਣ ਜੰਗੀ ਟ੍ਰੇਨਿੰਗ ਦੇਣ ਵਾਸਤੇ ਵੀ ਰੂਸੀ ਉਸਤਾਦ ਹਜ਼ਾਰਾਂ ਦੀ ਗਿਣਤੀ ਵਿਚ ਪੁੱਜਣ ਲੱਗੇ ਪਰ ਇਸ ਦੇ ਮੁਕਾਬਲੇ 1948 ਤੋਂ ਲੈ ਕੇ 1970 ਤੱਕ ਇਜ਼ਰਾਈਲੀ ਸਰਕਾਰ ਨੇ ਚਾਰ ਲੱਖ ਮਕਾਨ ਉਸਾਰ ਕੇ ਰਿਫਿਊਜੀਆਂ ਨੂੰ ਛੱਤ ਦਿੱਤੀ।
ਦੁਨੀਆਂ ਦੇ ਦਬਾਅ ਸਦਕਾ ਮਿਸਰੀ ਬਾਦਸ਼ਾਹ ਨਾਸਰ ਨੇ ਕਿਹਾ, ਤਿੰਨ ਮਹੀਨੇ ਵਾਸਤੇ ਗੋਲੀਬਾਰੀ ਬੰਦ। ਕੁਦਰਤ ਦੀ ਮਰਜ਼ੀ, ਤੀਜੇ ਮਹੀਨੇ ਉਹਦੀ ਮੌਤ ਹੋ ਗਈ। ਉਹਦੀ ਗੱਦੀ ‘ਤੇ ਸਾਦਤ ਬੈਠਾ। ਪਤਾ ਨਹੀਂ ਕੀ ਗੱਲ ਹੋਈ, ਉਹ ਰੂਸੀਆਂ ਦੀ ਮਰਜ਼ੀ ਅਨੁਸਾਰ ਨਾ ਚੱਲਿਆ, ਅਣ-ਬਣ ਹੋ ਗਈ। ਇਵੇਂ ਹੀ ਜਾਰਡਨ ਦੇ ਬਾਦਸ਼ਾਹ ਹੁਸੈਨ ਨੇ ਖਾੜਕੂ ਗਰੋਹਾਂ ਨਾਲ ਸਾਂਝ-ਭਿਆਲੀ ਪਾਈ ਹੋਈ ਸੀ। ਖਾੜਕੂ ਉਸ ਉਪਰ ਜਦੋਂ ਜ਼ਿਆਦਾ ਰੋਅਬ ਪਾਉਣ ਲੱਗੇ ਤਾਂ ਉਹਨੇ ਵੱਡੀ ਗਿਣਤੀ ਵਿਚ ਫੌਜ ਤੋਂ ਅੰਡਰਗਰਾਊਂਡ ਖਾੜਕੂ ਗਰੋਹ ਮਰਵਾ ਦਿੱਤੇ। ਤਾਂ ਵੀ, ਖਾੜਕੂ ਅਜੇ ਮੁੱਕੇ ਨਹੀਂ। ਮਿਊਨਿਖ ਓਲੰਪਿਕ ਖੇਡਾਂ ਵਿਚ ਗਏ ਇਜ਼ਰਾਈਲ ਦੇ ਅਥਲੀਟ ਗੋਲੀਆਂ ਨਾਲ ਫੁੰਡ ਦਿੱਤੇ। ਸਕੂਲ ਦੀ ਘੇਰਾਬੰਦੀ ਕਰ ਕੇ ਬੱਚੇ ਕਤਲ ਕਰ ਦਿੱਤੇ। ਖਾੜਕੂ ਢੰਗ-ਤਰੀਕੇ ਕਦੀ ਸਫਲ ਨਹੀਂ ਹੁੰਦੇ, ਉਨ੍ਹਾਂ ਦੀਆਂ ਸ਼ਰਤਾਂ ਮੰਨੋ, ਤਾਂ ਖਾੜਕੂਵਾਦ ਵਧੀ ਜਾਏਗਾ, ਗੋਲਡਾ ਦਾ ਫੈਸਲਾ ਸੀ, ਸਮਝੌਤਾ ਨਹੀਂ ਕਰਨਾ।
ਪੋਪ ਦਾ ਵਿਹਾਰ ਮਾੜਾ ਸੀ। ਅਰਬਾਂ ਨੂੰ ਮਿਲਦਾ, ਯਹੂਦੀਆਂ ਨਾਲ ਹਮਦਰਦੀ ਨਹੀਂ। ਅਕਸਰ ਕਿਹਾ ਕਰਦਾ, ਮੁਸਲਮਾਨ, ਯਸੂ ਦਾ ਆਦਰ ਕਰਦੇ ਨੇ, ਯਹੂਦੀ ਨਹੀਂ। ਦੂਜੇ ਵਿਸ਼ਵ ਯੁੱਧ ਦੌਰਾਨ ਥੋਕ ਵਿਚ ਮਾਰੇ ਯਹੂਦੀਆਂ ਵਾਸਤੇ ਵੀ ਉਹਦੀ ਹਮਦਰਦੀ ਨਹੀਂ ਸੀ। ਯੋਰੋਸ਼ਲਮ ਵਿਚ ਈਸਾਈ ਚਰਚਾਂ ਦੀ ਸੰਭਾਲ ਯਹੂਦੀਆਂ ਨੇ ਕੀਤੀ, ਇਸ ਵਾਸਤੇ ਸ਼ਾਬਾਸ਼ ਨਹੀਂ। ਉਹਨੂੰ ਅਰਬ ਸੁਲਤਾਨਾਂ ਦੀ ਮੇਜ਼ਬਾਨੀ ਪਸੰਦ ਹੁੰਦੀ।
ਜਿਹੜੇ ਰੂਸੀ ਯਹੂਦੀ ਇਜ਼ਰਾਈਲ ਆਉਣ ਵਾਸਤੇ ਅਰਜ਼ੀ ਦਿੰਦੇ, ਸਾਲਾਂ ਬੱਧੀ ਉਤਰ ਨਾ ਮਿਲਦਾ। ਜੇ ਪ੍ਰਵਾਨਗੀ ਮਿਲ ਜਾਂਦੀ ਤਾਂ ਹਦਾਇਤ ਹੁੰਦੀ ਕਿ ਹਫਤੇ ਜਾਂ ਦਸ ਦਿਨ ਦੇ ਅੰਦਰ-ਅੰਦਰ ਨਿਕਲੋ, ਕਦੀ-ਕਦੀ ਕੁਝ ਕੁ ਘੰਟਿਆਂ ਦੀ ਮੋਹਲਤ ਮਿਲਦੀ, ਜਿਵੇਂ ਉਹ ਅਪਰਾਧੀ ਹੋਣ। ਪਹਿਲਾਂ ਤਾਂ ਪਤਾ ਨਹੀਂ ਆਗਿਆ ਮਿਲੇਗੀ ਕਿ ਨਾ, ਜੇ ਮਿਲ ਗਈ, ਫਿਰ ਉਨ੍ਹਾਂ ਨੇ ਆਪਣਾ ਘਰ ਸਮਾਨ ਵੇਚਣਾ ਹੈ ਜੋ ਤੁਰਤ-ਫੁਰਤ ਦਾ ਕੰਮ ਨਹੀਂ। ਰੇਲ ਰਾਹੀਂ ਬਰਾਸਤਾ ਆਸਟਰੀਆ ਆਉਣਾ ਪੈਂਦਾ। ਅਰਬ ਖਾੜਕੂਆਂ ਨੇ ਗੱਡੀਓਂ ਉਤਰਦੇ ਯਹੂਦੀ ਅਗਵਾ ਕਰ ਲਏ ਜਿਨ੍ਹਾਂ ਵਿਚ 73 ਸਾਲ ਦਾ ਬਜ਼ੁਰਗ, ਬਿਮਾਰ ਔਰਤ, ਤਿੰਨ ਸਾਲ ਦੀ ਬੱਚੀ ਵੀ ਸੀ। ਆਸਟਰੀਆ ਸਰਕਾਰ ਨੂੰ ਹੁਕਮ ਦੇ ਦਿੱਤਾ, ਯਹੂਦੀਆਂ ਦਾ ਲਾਂਘਾ ਬੰਦ ਕਰੋ, ਨਹੀਂ ਤਾਂ ਸਾਰੇ ਬੰਦੀ ਫੁੰਡ ਦਿੱਤੇ ਜਾਣਗੇ। ਸਰਕਾਰ ਨੇ ਗੋਡੇ ਟੇਕ ਦਿੱਤੇ। ਗੋਲਡਾ ਨੇ ਆਸਟਰੀਆ ਦੇ ਪ੍ਰਧਾਨ ਮੰਤਰੀ ਕ੍ਰੇਸਕੀ ਨਾਲ ਮੀਟਿੰਗ ਕੀਤੀ, ਕਿਹਾ, ਇਸ ਦਾ ਮਤਲਬ ਇਹ ਹੋਇਆ ਕਿ ਰੂਸੀ ਯਹੂਦੀਆਂ ਦਾ ਲਾਂਘਾ ਹਮੇਸ਼ਾ ਲਈ ਬੰਦ? ਕ੍ਰੇਸਕੀ ਨੇ ਕਿਹਾ, ਹੋਰ ਵੀ ਤਾਂ ਦੇਸ਼ ਹਨ, ਕਿਸੇ ਹੋਰ ਪਾਸਿਓਂ ਲੰਘ ਆਇਆ ਕਰਨ। ਗੋਲਡਾ ਬੋਲੀ, ਪਰ ਇਹ ਫੈਸਲਾ ਰੂਸੀ ਸਰਕਾਰ ਦਾ ਹੈ ਕਿ ਆਸਟਰੀਆ ਤੋਂ ਇਲਾਵਾ ਹੋਰ ਲਾਂਘਾ ਮਨਜ਼ੂਰ ਨਹੀਂ। ਕ੍ਰੇਸਕੀ ਜੋ ਖੁਦ ਯਹੂਦੀ ਸੀ, ਬੋਲਿਆ, ਪਰ ਯਹੂਦੀਆਂ ਦੇ ਲਾਂਘੇ ਸਦਕਾ ਮੈਂ ਆਪਣੇ ਦੇਸ਼ ਨੂੰ ਮੁਸੀਬਤ ਵਿਚ ਕਿਉਂ ਪਾਵਾਂ? ਗੋਲਡਾ ਨੇ ਕਿਹਾ, ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਵਜੋਂ ਤੂੰ ਖਾੜਕੂਆਂ ਦਾ ਲਾਂਘਾ ਰੋਕਦਾ, ਤੂੰ ਮਾਸੂਮ ਯਹੂਦੀਆਂ ਦੇ ਰਸਤੇ ਵਿਚ ਕੰਧ ਉਸਾਰ ਦਿੱਤੀ? ਕ੍ਰੇਸਕੀ ਬੋਲਿਆ, ਤੁਹਾਡਾ ਜਹਾਨ ਹੋਰ ਹੈ ਮੈਡਮ, ਮੇਰਾ ਜਹਾਨ ਹੋਰ। ਗੱਲ ਖਤਮ। ਬਾਹਰ ਪ੍ਰੈਸ ਉਡੀਕ ਰਹੀ ਸੀ; ਬਿਨਾਂ ਕਿਸੇ ਵੱਲ ਦੇਖੇ, ਤੇਜ਼ੀ ਨਾਲ ਹਾਲ ਵਿਚੋਂ ਬਾਹਰ ਹੋ ਗਈ।
ਮਈ 1973 ਵਿਚ ਖਬਰ ਮਿਲੀ ਕਿ ਸੀਰੀਆ ਅਤੇ ਮਿਸਰੀ ਫੌਜਾਂ ਬਾਰਡਰਾਂ ਵਲ ਸਰਕ ਰਹੀਆਂ ਹਨ। ਗੋਲਾਨ ਚੋਟੀਆਂ ‘ਤੇ ਤੋਪਾਂ ਬੀੜੀਆਂ ਗਈਆਂ; 13 ਸਤੰਬਰ ਨੂੰ ਹਵਾਈ ਹਮਲੇ ਸ਼ੁਰੂ ਹੋ ਗਏ, 13 ਸੀਰੀਅਨ ਮਿਗ ਲੜਾਕੂ ਫੁੰਡ ਲਏ। ਪੰਜ ਅਕਤੂਬਰ ਨੂੰ ਖੁਫੀਆ ਏਜੰਸੀ ਨੇ ਖਬਰ ਦਿੱਤੀ ਕਿ ਰੂਸੀ ਉਸਤਾਦ ਪਰਿਵਾਰਾਂ ਸਮੇਤ ਫਟਾਫਟ ਸੀਰੀਆ ਵਿਚੋਂ ਨਿਕਲ ਕੇ ਵਾਪਸ ਰੂਸ ਪਰਤ ਰਹੇ ਹਨ। ਕਿਉਂ? ਗੋਲਡਾ ਨੇ ਫੌਜਾਂ ਦੇ ਕਮਾਂਡਰ ਬੁਲਾ ਲਏ। ਸਭ ਨੇ ਕਿਹਾ, ਅਸੀਂ ਦੇਖ ਰਹੇ ਹਾਂ ਤੇ ਅਸੀਂ ਤਿਆਰ ਹਾਂ। ਵਜ਼ਾਰਤ ਦੀ ਮੀਟਿੰਗ ਸੱਦੀ, ਸਾਰੇ ਕਹਿਣ ਲੱਗੇ, ਐਵੇਂ ਫਿਕਰ ਨਾ ਕਰੋ, ਹੁਣ ਹਿੰਮਤ ਨਹੀਂ ਕਰਨਗੇ, ਤਾਂ ਵੀ ਤੁਰੰਤ ਕੋਈ ਫੈਸਲਾ ਲੈਣਾ ਪਿਆ ਤਾਂ ਮਤਾ ਪਾ ਦਿੱਤਾ- ਪ੍ਰਧਾਨ ਮੰਤਰੀ ਨੂੰ ਸਭ ਅਖਤਿਆਰ ਦਿੱਤੇ। ਸੀਰੀਆ ਰੇਡੀਓ ਨੇ ਇਹ ਵੀ ਖਬਰਾਂ ਨਸ਼ਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਜ਼ਰਾਈਲੀ ਫੌਜਾਂ ਸੀਰੀਆ ਵਲ ਵਧ ਰਹੀਆਂ ਹਨ। ਇਹ ਜੰਗ ਦਾ ਪੱਕਾ ਸਬੂਤ ਸੀ। ਗੋਲਡਾ ਨੇ ਅਮਰੀਕੀ ਦੂਤਾਵਾਸ ਨੂੰ ਚੌਕਸ ਕਰਦਿਆਂ ਕਿਹਾ- ਹੁਣ ਡੋਰ ਅਮਰੀਕਾ ਹੱਥ ਹੈ।
5 ਅਕਤੂਬਰ ਨੂੰ ਤਲ ਅਵੀਵ ਉਪਰ ਹਵਾਈ ਹਮਲਾ ਹੋਇਆ। ਸੁਏਜ਼ ਨਹਿਰ ਪਾਰ ਕਰ ਕੇ ਮਿਸਰੀ ਫੌਜ ਸਿਨਾਈ ਵਲ ਮਾਰ ਕਰਨ ਲੱਗੀ, ਉਧਰ ਸੀਰੀਆ ਗੋਲਾਨ ਚੋਟੀਆਂ ਸਰ ਕਰਦਾ ਅੱਗੇ ਵਧਣ ਲੱਗਾ। ਦੋਵਾਂ ਪਾਸਿਆਂ ਦੀ ਭਿਆਨਕ ਤਬਾਹੀ ਹੋਈ, ਪੰਜ ਦਿਨ ਖੂੰਖਾਰ ਝੜਪਾਂ ਹੋਈਆਂ ਪਰ ਅਮਰੀਕਾ ਨੇ ਮਦਦ ਨਹੀਂ ਭੇਜੀ। ਰੂਸ ਸਮੁੰਦਰੀ ਅਤੇ ਹਵਾਈ ਰਸਤਿਆਂ ਰਾਹੀਂ ਅਸਲਾ ਭੇਜ ਰਿਹਾ ਸੀ। ਸਵੇਰ ਦੇ ਤਿੰਨ ਵਜੇ ਗੋਲਡਾ ਨੇ ਅਮਰੀਕਾ ਵਿਚ ਆਪਣੇ ਸਫੀਰ ਨੂੰ ਤੇ ਇਜ਼ਰਾਈਲ ਵਿਚ ਅਮਰੀਕੀ ਸਫੀਰ ਨੂੰ ਫੋਨ ਕਰ ਕੇ ਕਿਹਾ, ਹੁਣੇ ਨਿਕਸਨ ਨੂੰ ਜਗਾ ਕੇ ਪੁੱਛੋ, ਮਦਦ ਕਿਉਂ ਨਹੀਂ ਭੇਜੀ। ਦਿਨ ਚੜ੍ਹਨ ਦੀ ਆਸ ਨਾ ਕਰੋ, ਹੋ ਸਕਦਾ ਹੈ ਦਿਨ ਚੜ੍ਹੇ ਈ ਨਾ ਸਾਡੇ ਲਈ।
ਆਖਰ ਨੌਂ ਦਿਨਾਂ ਬਾਅਦ 14 ਅਕਤੂਬਰ ਨੂੰ ਅਮਰੀਕੀ ਜਹਾਜ਼ ਆ ਉਤਰੇ। ਇਸ ਦਿਨ ਤੱਕ 656 ਇਜ਼ਰਾਈਲੀ ਜੁਆਨ ਮਾਰੇ ਗਏ। ਦਿਉ ਕੱਦ ਜਹਾਜ਼, ਟੈਂਕ ਉਤਾਰਨ ਲੱਗੇ। ਤੇ ਲੜਾਕੂ ਜਹਾਜ਼? ਪਤਾ ਲੱਗਾ, ਆ ਰਹੇ ਹਨ, ਰਸਤੇ ਵਿਚ ਫਿਊਲ ਭਰਨ ਲਈ ਨਹੀਂ ਉਤਰਨਗੇ, ਉਡਦਿਆਂ-ਉਡਦਿਆਂ ਫਿਊਲ ਭਰਿਆ ਜਾ ਰਿਹਾ ਹੈ। ਪੰਦਰਾਂ-ਪੰਦਰਾਂ ਮਿੰਟਾਂ ਬਾਅਦ ਇਕ-ਇਕ ਕਰ ਕੇ ਜਹਾਜ਼ ਉਤਰਨ ਲੱਗੇ। ਇਹ ਵੀ ਡਰ ਸੀ ਕਿ ਕਿਤੇ ਤੀਜਾ ਫਰੰਟ ਨਾ ਖੁੱਲ੍ਹ ਜਾਵੇ, ਪਰ ਜਾਰਡਨ ਦੇ ਹੁਸੈਨ ਨੇ ਪਿਛਲੀ ਜੰਗ ਤੋਂ ਸਬਕ ਸਿੱਖ ਲਿਆ ਸੀ, ਖਾਮੋਸ਼ ਰਿਹਾ।
ਅਮਰੀਕਾ ਤੋਂ ਆਈਆਂ ਮਿਜ਼ਾਈਲਾਂ ਅਤੇ ਜਹਾਜ਼ਾਂ ਨੇ ਕੁਹਰਾਮ ਮਚਾ ਦਿੱਤਾ। ਇਜ਼ਰਾਈਲੀ ਫੌਜਾਂ ਵਾਹੋ-ਦਾਹੀ ਸੀਰੀਆ ਅਤੇ ਮਿਸਰ ਵੱਲ ਵਧਣ ਲੱਗੀਆਂ। ਸੁਏਜ਼ ਨਹਿਰ ‘ਤੇ ਕਬਜ਼ਾ ਹੋ ਗਿਆ। ਸੋਵੀਅਤ ਰਾਸ਼ਟਰਪਤੀ ਕੋਸੀਗਨ ਖੁਦ ਕਾਹਿਰਾ ਪੁੱਜਾ। ਹੁਣ ਅਰਬਾਂ ਦੀ ਇਜ਼ਤ ਰੱਖਣ ਦਾ ਸਮਾਂ ਸੀ, ਦੋਸਤ ਦੇਸ਼ਾਂ ਦੇ ਵੱਕਾਰ ਦਾ ਸਵਾਲ। ਆਉਂਦਿਆਂ ਹੀ ਉਹਨੇ ਯੁੱਧਬੰਦੀ ਦੀ ਪੁਕਾਰ ਕੀਤੀ। ਉਹ ਇਹੋ ਕਰਦਾ ਹੁੰਦਾ ਸੀ। ਯੁੱਧ ਕਿਸ ਨੇ ਛੇੜਿਆ, ਕਸੂਰਵਾਰ ਕੌਣ ਹੈ, ਇਹ ਗੱਲ ਨਹੀਂ ਕਰਨੀ; ਯੁੱਧ ਬੰਦ ਕਰੋ ਤੇ ਯੁੱਧਬੰਦੀ ਤੋਂ ਪਹਿਲਾਂ ਵਾਲੀਆਂ ਥਾਂਵਾਂ ‘ਤੇ ਚਲੇ ਜਾਓ, ਯਾਨਿ ਇਜ਼ਰਾਈਲ ਜਿੱਤੇ ਇਲਾਕੇ ਵਾਪਸ ਕਰੇ।
ਨਿੱਕੇ ਦੇਸ਼ ਵੱਡੀਆਂ ਤਾਕਤਾਂ ਸਾਹਮਣੇ ਆਪਣੀ ਹਰ ਗੱਲ ਨਹੀਂ ਮਨਾ ਸਕਦੇ, 22 ਅਕਤੂਬਰ ਨੂੰ ਹੰਗਾਮੀ ਮੀਟਿੰਗ ਸੱਦ ਕੇ ਯੂæਐਨæਓæ ਦੀ ਸੁਰੱਖਿਆ ਏਜੰਸੀ ਨੇ ਬਾਰਾਂ ਘੰਟਿਆਂ ਦੇ ਅੰਦਰ ਜੰਗਬੰਦੀ ਕਰਨ ਲਈ ਕਿਹਾ। ਮਤੇ ਵਿਚ ਇਕ ਲਾਈਨ ਇਹ ਵੀ ਸੀ- ਜੰਗਬੰਦੀ ਸਥਾਈ ਅਮਨ ਵਾਸਤੇ ਜ਼ਰੂਰੀ ਹੈ। ਗੋਲਡਾ ਨੇ ਕਿਹਾ, ਦੋ ਦਿਨ ਹੋਰ ਮਿਲ ਜਾਂਦੇ, ਮਿਸਰ ਤੇ ਸੀਰੀਆ ਦੀ ਫੌਜੀ ਤਾਕਤ ਦਾ ਸਫਾਇਆ ਕਰ ਦੇਣਾ ਸੀ, ਫਿਰ ਹੁੰਦਾ ਸਥਾਈ ਅਮਨ। ਰੂਸ ਨੇ ਦੋਵੇਂ ਦੇਸ਼ਾਂ ਨੂੰ ਪਿੰਜੇ ਜਾਣ ਤੋਂ ਬਚਾ ਲਿਆ।
ਮਿਸਰ ਦੀ 20 ਹਜ਼ਾਰ ਫੌਜ ਇਜ਼ਰਾਈਲ ਦੀ ਫੌਜ ਨੇ ਘੇਰੀ ਹੋਈ ਸੀ। ਰੂਸ ਦਬਾਉ ਪਾ ਰਿਹਾ ਸੀ, ਇਨ੍ਹਾਂ ਨੂੰ ਛੱਡੋ। ਇਜ਼ਰਾਈਲ ਬਜ਼ਿਦ ਸੀ ਕਿ ਹਥਿਆਰ ਸੁੱਟਣਗੇ ਤਾਂ ਛੱਡਾਂਗੇ। ਰੂਸ ਇਸੇ ਭਾਰੀ ਹੱਤਕ ਤੋਂ ਬਚਾਅ ਕਰ ਰਿਹਾ ਸੀ। ਫੈਸਲਾ ਹੋਇਆ ਕਿ ਰੂਸੀ ਅਮਰੀਕੀ ਦੂਤ ਸੰਧੀ ਵਾਰਤਾ ਦੀ ਨਿਗਰਾਨੀ ਕਰਨ। ਨਿਕਸਨ ਨੇ ਹੈਨਰੀ ਕਿਸਿੰਜਰ ਭੇਜਿਆ। ਇਸ ਯੁੱਧ ਦੇ ਨਾਇਕ ਨਾ ਅਰਬ ਸ਼ਾਸਕ ਬਣੇ, ਨਾ ਗੋਲਡਾ ਮਾਇਰ; ਕਿਸਿੰਜਰ ਨਾਇਕ ਵਜੋਂ ਜਾਣਿਆ ਗਿਆ। ਉਹਦੀ ਸਿਆਸੀ ਸਮਰੱਥਾ ਅਥਾਹ ਸੀ।
ਕੁਝ ਮਸਲਿਆਂ ਉਪਰ ਗੋਲਡਾ ਕਿਸਿੰਜਰ ਨਾਲ ਸਹਿਮਤ ਨਾ ਹੋਈ। ਕਿਸਿੰਜਰ ਨੇ ਕਿਹਾ, ਜੇ ਆਪਣੇ ਸਟੈਂਡ ‘ਤੇ ਅੜੀ ਹਂੈ, ਫਿਰ ਮੈਂ ਵਾਸ਼ਿੰਗਟਨ ਚਲਾ ਜਾਵਾਂ ਗੋਲਡਾ? ਗੋਲਡਾ ਨੇ ਕਿਹਾ, ਵਾਸ਼ਿੰਗਟਨ ਨਹੀਂ, ਦਮਸ਼ਕ; ਰੂਸ ਦਾ ਵਿਦੇਸ਼ ਮੰਤਰੀ ਗ੍ਰੋਮੀਕੋ ਇਸ ਵੇਲੇ ਦਮਸ਼ਕ ਵਿਚ ਹੈ। ਉਹਨੂੰ ਸਾਡੀ ਗੱਲ ਮਨਾ। ਇਸ ਵਾਰ ਜੇ ਅਸੀਂ ਕੂਟਨੀਤੀ ਵਿਚ ਹਾਰ ਗਏ, ਫਿਰ ਕਦੀ ਨਹੀਂ ਜਿੱਤ ਸਕਦੇ। ਸਾਨੂੰ ਮੰਝਧਾਰ ਵਿਚ ਛੱਡ ਕੇ ਨਾ ਜਾਹ। ਉਹ ਦਮਸ਼ਕ ਚਲਾ ਗਿਆ, ਗ੍ਰੋਮੀਕੋ ਨੂੰ ਮਿਲਿਆ। ਉਹਨੂੰ ਸਹਿਮਤ ਕਰਨ ਵਿਚ ਕਾਮਯਾਬ ਹੋ ਗਿਆ। ਇਸ ਯਹੂਦੀ ਨੇ ਇਜ਼ਰਾਈਲ ਦੀ ਕਿਸ਼ਤੀ ਕਿਨਾਰੇ ਲਾ ਦਿੱਤੀ।
ਲੰਡਨ ਵਿਚ ਯੂਰਪੀ ਸੋਸ਼ਲਿਸਟਾਂ ਦੀ ਮੀਟਿੰਗ ਵਿਚ ਗੋਲਡਾ ਵੀ ਗਈ। ਉਹਨੇ ਸਵਾਲ ਕੀਤਾ, ਸਾਰਾ ਯੂਰਪ ਜਾਣਦਾ ਹੈ ਕਿ ਵੀਹ ਤਾਨਾਸ਼ਾਹ ਅਰਬ ਦੇਸ਼ਾਂ ਵਿਚਕਾਰ ਕੇਵਲ ਇਕ ਨਿੱਕਾ ਲੋਕਤੰਤਰ ਹੈ, ਇਜ਼ਰਾਈਲ। ਜਦੋਂ ਅਮਰੀਕਾ ਜੰਗ ਵਿਚ ਅਸਲਾ ਭੇਜਣਾ ਮੰਨ ਗਿਆ ਤਾਂ ਸਾਰੇ ਦੇਸ਼ਾਂ ਨੇ ਫਿਊਲ ਭਰਨ ਲਈ ਉਸ ਨੂੰ ਨਾਂਹ ਕਰ ਦਿੱਤੀ। ਜੇ ਨਿਕਸਨ ਸਾਨੂੰ ਆਖ ਦਿੰਦਾ, ਮੈਂ ਤਾਂ ਮਦਦ ਕਰਨ ਲਈ ਤਿਆਰ ਹਾਂ, ਪਰ ਫਿਊਲ ਭਰਨ ਦਾ ਕੀ ਬੰਦੋਬਸਤ ਕਰਾਂ, ਫਿਰ ਅਸੀਂ ਕੀ ਕਹਿੰਦੇ? ਮੇਰੇ ਸਵਾਲ ਦਾ ਉਤਰ ਦਿਉ। ਕਿਸੇ ਨੇ ਉਤਰ ਨਹੀਂ ਦਿੱਤਾ। ਇਕ ਜਣਾ ਬੋਲਿਆ, ਮੈਡਮ, ਇਹ ਬੋਲ ਨਹੀਂ ਸਕਦੇ ਕਿਉਂਕਿ ਇਨ੍ਹਾਂ ਦਿਆਂ ਗਲਾਂ ਵਿਚ ਅਰਬਾਂ ਦਾ ਤੇਲ ਭਰਿਆ ਹੈ।
11 ਨਵੰਬਰ 1973 ਨੂੰ ਇਜ਼ਰਾਈਲ ਅਤੇ ਮਿਸਰ ਵਿਚਕਾਰ ਸੰਧੀ ਉਪਰ ਸਹੀ ਪਾਈ ਗਈ। ਜ਼ਖਮੀ ਹਸਪਤਾਲਾਂ ਵਿਚ ਗਏ, ਬੰਦੀ ਫੌਜੀ ਰਿਹਾ ਹੋਏ। ਕਈ ਤਾਂ ਗੋਲਡਾ ਨੂੰ ਗਲਵਕੜੀ ਪਾ ਕੇ ਬੱਚਿਆਂ ਵਾਂਗ ਰੋਏ। ਇਕ ਦੇ ਵੀ ਚਿਹਰੇ ਉਪਰ ਸ਼ਿਕਨ ਨਹੀਂ ਸੀ। ਜੇਲ੍ਹਾਂ ਵਿਚੋਂ ਤੋਹਫੇ ਲੈ ਕੇ ਆਏ, ਬੰਦੀ ਕਾਲ ਦੌਰਾਨ ਬਣਾਈਆਂ ਚੀਜ਼ਾਂ। ਦਾਊਦ ਦਾ ਤਾਰੇ ਜੜਿਆ ਝੰਡਾ ਫੜਾਉਂਦਿਆਂ ਸਿਪਾਹੀ ਨੇ ਕਿਹਾ, ਇਹ ਸਾਡੇ ਜੇਲ੍ਹ ਅੰਦਰਲੀ ਯੂਨਿਟ ਦਾ ਝੰਡਾ ਅਸੀਂ ਸਲਾਮੀ ਦੇਣ ਵਾਸਤੇ ਬਣਾਇਆ ਸੀ, ਹੁਣ ਸਾਡੀ ਇਹ ਯੂਨਿਟ ਟੁੱਟ ਗਈ ਹੈ, ਝੰਡਾ ਤੁਹਾਨੂੰ ਦਿੱਤਾ। ਗੋਲਡਾ ਨੇ ਸਾਰੀ ਉਮਰ ਇਹ ਝੰਡਾ ਡ੍ਰਾਇੰਗ ਰੂਮ ਵਿਚ ਸਜਾਇਆ।
ਗੋਲਡਾ ਆਖਿਆ ਕਰਦੀ, ਮੈਂ ਖੁਸ਼ਕਿਸਮਤ ਹਾਂ ਜਿਹੜੀ ਆਪਣਾ ਮੁਲਕ ਆਜ਼ਾਦ ਦੇਖ ਸਕੀ। ਸਾਰੀ ਦੁਨੀਆਂ ਦੇ ਯਹੂਦੀ ਇਥੇ ਆ ਕੇ ਵਸੇ, ਇਸੇ ਕਰ ਕੇ ਇਹ ਗਤੀਸ਼ੀਲ ਅਤੇ ਸਿਹਤਮੰਦ ਰਹੇਗਾ। ਅਸੀਂ ਅਮਨ ਦੇ ਇਛੁੱਕ ਹਾਂ, ਪਰ ਅਮਨ ਤਦ ਕਾਇਮ ਰਹੇਗਾ ਜੇ ਇਜ਼ਰਾਈਲ ਮਜ਼ਬੂਤ ਹੋਵੇਗਾ। ਸਿਆਣੇ ਦੇਸ਼ਾਂ ਦੇ ਸਿਆਣੇ ਹੁਕਮਰਾਨ ਭੀੜ ਪਈ ਤੋਂ ਅੱਖਾਂ ਫੇਰ ਲੈਂਦੇ ਹਨ। ਵੱਡੀਆਂ ਤਾਕਤਾਂ ਕਠੋਰ ਹਨ, ਸਵਾਰਥੀ ਹਨ, ਉਨ੍ਹਾਂ ਦੀ ਮੰਨਣੀ ਪਵੇਗੀ ਪਰ ਕਦੀ ਕਦਾਈਂ ਉਨ੍ਹਾਂ ਨੂੰ ਸਾਫ ਜਵਾਬ ਦੇਣ ਦਾ ਜੇਰਾ ਵੀ ਦਿਖਾਉਣਾ ਪਏਗਾ। ਸਾਡੇ ਬੱਚੇ, ਸਾਡੇ ਬੱਚਿਆਂ ਦੇ ਬੱਚੇ, ਅੱਗੇ ਉਨ੍ਹਾਂ ਦੇ ਬੱਚੇ ਆਜ਼ਾਦ ਫਿਜ਼ਾ ਵਿਚ ਕਿਲਕਾਰੀਆਂ ਮਾਰ ਸਕਣਗੇ। ਹਜ਼ਾਰਾਂ ਸਾਲ ਪੁਰਾਣਾ ਸੁਫਨਾ ਸਾਕਾਰ ਹੋਇਆ।
(ਸਮਾਪਤ)