ਕਹਿਬੇ ਕਉ ਸੋਭਾ ਨਹੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਆਲੇ-ਦੁਆਲੇ ਦੂਰ-ਦੂਰ ਤੱਕ ਹਰਿਆਲੀ ਤੋਂ ਹੀਣੇ ਦਿਸਦੇ ਚੌਗਿਰਦੇ ਵਿਚ ਬਣੇ ਹੋਏ ਅਬੂ-ਧਾਬੀ ਦੇ ਏਅਰਪੋਰਟ ‘ਤੇ ਸੈਨ ਫਰਾਂਸਿਸਕੋ ਜਾਣ ਵਾਸਤੇ ਪੰਦਰਾਂ-ਸੋਲਾਂ ਘੰਟੇ ਦੀ ਲੰਮੀ ਉਡਾਣ ਭਰਨ ਲਈ ਤਿਆਰ ਖੜ੍ਹੇ ਇਤਹਾਦ ਏਅਰਲਾਈਨਜ਼ ਦੇ ਜਹਾਜ਼ ਵਿਚ ਦਾਖਲ ਹੋ ਕੇ ਮੈਂ ਆਪਣੀ ਸੀਟ ਭਾਲ ਰਿਹਾ ਸਾਂ।

ਇਧਰ-ਉਧਰ ਨਜ਼ਰ ਮਾਰਦਿਆਂ ਹੀ ਮੈਨੂੰ ਹਥਲਾ ਲੇਖ ਲਿਖਣ ਦਾ ਫੁਰਨਾ ਫੁਰਿਆ। ਆਪਣੀ ਸੀਟ ‘ਤੇ ਟਿਕ ਕੇ ਬਹਿੰਦਿਆਂ ਸਾਰ, ਫੁਰੇ ਹੋਏ ਫੁਰਨੇ ਵਿਚ ਰੰਗ ਭਰਨ ਲਈ ਮਨ-ਚਿਤ ਵਿਚ ਖਿਲਰੀਆਂ-ਪੁਲਰੀਆਂ ਪਈਆਂ ਯਾਦਾਂ ਦੀਆਂ ਕੰਨੀਆਂ ਜੋੜਨ ਦੀ ਕੋਸ਼ਿਸ਼ ਕਰਨ ਲੱਗਾ। ਸੁੱਕੇ ਬਾਲਣ ਨੂੰ ਲੱਗੀ ਅੱਗ ‘ਤੇ ਪਾਣੀ ਦੀ ਬਾਲਟੀ ਪੈ ਜਾਣ ਵਾਂਗ, ਅਚਾਨਕ ਉਭਰੇ ਇਕ ਹੋਰ ਖਿਆਲ ਨੇ, ਮੇਰੇ ਫੁਰਨੇ ‘ਤੇ ਪਾਣੀ ਫੇਰ ਦਿੱਤਾ। Ḕਛੱਡੋ ਪਰਾਂ, ਇਸ ਵਿਸ਼ੇ ‘ਤੇ ਲਿਖਿਆ ਲੇਖ ਸਾਡੇ ਸੰਪਾਦਕ ਨੂੰ ਪਸੰਦ ਨਹੀਂ ਜੇ ਆਉਣਾæææ! ਨਾ ਪਸੰਦ ਹੋਇਆ ਤਾਂ ਛਪਣਾ ਵੀ ਕਿਥੋਂ?Ḕ
ਕੁਝ ਦੇਰ ਭਾਵੇਂ ਇਸੇ ਉਧੇੜ-ਬੁਣ ਵਿਚ ਪਿਆ ਰਿਹਾ, ਪਰ ਅਬੂ-ਧਾਬੀ ਏਅਰਪੋਰਟ ਵਾਲੇ ਜਹਾਜ਼ ਵਿਚ ਬੈਠੀ ਇਕ ਸਵਾਰੀ ਵੱਲ ਸਹਿਵਨ ਝਾਕਿਆ ਹੋਇਆ, ਬੱਸ ਕੰਡੇ ਵਾਂਗ ਚੁਭੀ ਗਿਆ। ਫੁਰਸਤ ਦੇ ਪਲ ਮਿਲਦਿਆਂ ਹੀ ਕੁਝ ਲਿਖਣ ਲਈ ਬੈਠਣ ਵੇਲੇ ਮੈਂ ਪੱਕੀ ਧਾਰ ਲਈ ਕਿ ਲੇਖ ਛਪੇ ਭਾਵੇਂ ਨਾ ਛਪੇ, ਪਰ ਅਖ਼ਬਾਰ ਲਈ ਵੱਡੇ ਗੌਰਵ ਵਾਲੀ ਗੱਲ ਨੂੰ ਮੈਂ ਆਪਣੇ ਚੇਤਿਆਂ ਵਿਚ ਦਫ਼ਨ ਨਹੀਂ ਹੋਣ ਦੇਣਾ। ਹੁਣ ਪਹਿਲੋਂ ਹੀ ਇਸ ਗੱਲ ਦਾ ਜ਼ਿਕਰ ਹੋ ਜਾਏ ਜਿਸ ਨੇ ਮੇਰੇ ਫੁਰਨੇ ਨੂੰ ਚਾਰੇ ਖਾਨੇ ਚਿੱਤ ਕਰ ਸੁੱØਟਿਆ ਸੀ।
ਪਿਛਲੇ ਸਾਲ ਦੀ ਗੱਲ ਹੈ, ਮੇਰਾ ਇਕ ਮਿੱਤਰ ਕੁਝ ਹਫ਼ਤਿਆਂ ਲਈ ਪੰਜਾਬ ਗਿਆ। ਸੁਭਾਅ ਪੱਖੋਂ ਉਹ ਪੰਜਾਬ ਨਾਲ ਸਬੰਧਤ ਹਰ ਸਰਗਰਮੀ ਉਤੇ ਕਰੜੀ ਨਿਗ੍ਹਾ ਰੱਖਦਾ ਹੈ। ਚਾਹੇ ਕੋਈ ਸਿਆਸੀ ਹੋਵੇ, ਧਾਰਮਿਕ ਹੋਵੇ ਜਾਂ ਸਮਾਜੀ; ਉਸ ਦੀ ਫਿਤਰਤ ਹੈ ਕਿ ਉਹ ਹਰ ਸਰਗਰਮੀ ਦੀ ਡੂੰਘੀ ਛਾਣ-ਬੀਣ ਕਰਦਾ ਹੈ। ਹਰ ਹਫ਼ਤੇ ਦੀਆਂ ਅਖ਼ਬਾਰਾਂ ਦਾ ਤਬਸਰਾ ਕਰ ਕੇ, ਮੇਰੇ ਨਾਲ ਫੋਨ ‘ਤੇ ਵਿਚਾਰ-ਵਟਾਂਦਰਾ ਕਰਨੋਂ ਵੀ ਉਹ ਕਦੇ ਨਹੀਂ ਉੱਕਦਾ।
ਪੰਜਾਬ ਵਿਚ ਕੁਝ ਹਫ਼ਤੇ ਬਿਤਾਉਣ ਬਾਅਦ ਜਦੋਂ ਉਹ ਵਾਪਸ ਆਪਣੇ ਕੰਮ ‘ਤੇ ਲੱਗਿਆ, ਤਾਂ ਇਕ ਸ਼ਾਮ ਉਸ ਨੇ Ḕਪੰਜਾਬ ਟਾਈਮਜ਼Ḕ ਦੀਆਂ ਉਨ੍ਹਾਂ ਸਾਰੀਆਂ ਕਾਪੀਆਂ ਦੇ ਲੇਖ ਤੇ ਕਹਾਣੀਆਂ ਮੇਰੇ ਨਾਲ ਦਰਜਾ-ਬਾ-ਦਰਜਾ ਸਾਂਝੇ ਕੀਤੇ ਜੋ ਉਸ ਦੀ ਗੈਰ-ਹਾਜ਼ਰੀ ਦੇ ਹਫ਼ਤਿਆਂ ਵਿਚ ਛਪੇ ਸਨ। ਸੁਭਾਵਕ ਹੈ ਕਿ ਮੈਂ ਹੈਰਾਨ ਹੋਣਾ ਹੀ ਸੀ ਕਿ ਇਹ ਭਲਾਮਾਣਸ ਪੁਰਾਣੀਆਂ ਅਖਬਾਰਾਂ ਕਿਥੋਂ ਕੱਢ ਲਿਆਇਆ! ਮੇਰੇ ਪੁੱਛਣ ‘ਤੇ ਜਨਾਬ ਨੇ ਉਤਰ ਦਿੱਤਾ, “ਭਾਅ ਜੀ, ਇੰਡੀਆ ਜਾਣ ਲੱਗਿਆਂ ਮੈਂ ਆਪਣੀ ਘਰਵਾਲੀ ਨੂੰ ਤਾਕੀਦ ਕਰ ਗਿਆ ਸੀ ਕਿ ਸਟੋਰ ਜਾਂ ਗੁਰਦੁਆਰਿਓਂ ਹਰ ਹਫਤੇ Ḕਪੰਜਾਬ ਟਾਈਮਜ਼Ḕ ਲਿਆਉਣਾ ਨਾ ਭੁੱਲੀਂ!æææ ਸੋ, ਉਸ ਨੇ ਬੀਤੇ ਹਫ਼ਤਿਆਂ ਦੀਆਂ ਸਾਰੀਆਂ ਕਾਪੀਆਂ ਸਾਂਭ ਕੇ ਰੱਖੀਆਂ ਹੋਈਆਂ ਸਨ।”
ਅਖ਼ਬਾਰੀ ਛਾਣ-ਬੀਣ ਕਰਦਿਆਂ ਕਿਉਂਕਿ ਉਸ ਨੇ ਮੇਰੇ ਕਾਲਮ ਦਾ ਉਚੇਚਾ ਜ਼ਿਕਰ ਕੀਤਾ ਸੀ, ਇਸ ਲਈ ਮੈਂ ਉਹਦੇ ਨਾਲ ਗੱਲਬਾਤ ਮੁਕਾ ਕੇ ਝੱਬ ਦੇਣੀ ਇਹ ਹੌਸਲਾ-ਅਫ਼ਜ਼ਾਈ ਵਰਗੀ ਸੂਚਨਾ ਆਪਣੇ ਸੰਪਾਦਕ ਜੀ ਨਾਲ ਸਾਂਝੀ ਕਰਨ ਲਈ ਫੋਨ ਮਿਲਾਇਆ। ਮੈਂ ਇਹ ਸੋਚ ਕੇ ਫੋਨ ਕਰਿਆ ਸੀ ਕਿ ਆਪਣੀ ਅਖ਼ਬਾਰ ਦੀ ਲੋਕਪ੍ਰਿਯਤਾ ਸੁਣ ਕੇ ਸੰਪਾਦਕ ਸਾਹਿਬ ਮੇਰੇ ਵਾਂਗ ਹੁੱਬ-ਹੁੱਬ ਕੇ ਸਾਰੀ ਗੱਲ ਸੁਣਨਗੇ, ਪਰ ਉਨ੍ਹਾਂ ਨੇ ਅੱਗਿਓਂ ਗੱਲ ਕਰ ਕੇ ਮੇਰਾ ਸਾਰਾ ਈ ਚਾਅ ਮਾਰḔਤਾ!æææ
“ਓ ਭਰਾ ਜੀ, ਆਪਣੇ ਮੋਢੇ ਆਪੇ ਹੀ ਨਹੀਂ ਥਾਪੜੀਦੇ ਹੁੰਦੇæææ! ਠੀਕ ਆ ਉਸ ਸੱਜਣ ਦਾ ਧੰਨਵਾਦ ਕਰ ਦਿਓ ਮੇਰੇ ਵਲੋਂ ਵੀ, ਕਿ ਉਹ Ḕਪੰਜਾਬ ਟਾਈਮਜ਼’ ਨੂੰ ਇੰਨੀ ਸ਼ਿੱਦਤ ਨਾਲ ਪਿਆਰ ਕਰਦਾ ਹੈ।”
ਇਸ ਪਾਠਕ ਵੀਰ ਦੇ Ḕਪੰਜਾਬ ਟਾਈਮਜ਼Ḕ ਨਾਲ ਮੋਹ-ਪਿਆਰ ਨੂੰ ਲਿਖਤ ਵਿਚ ਲਿਆਉਣ ਤੋਂ ਮੈਨੂੰ ਮਨ੍ਹਾਂ ਕਰਦਿਆਂ ਸੰਪਾਦਕ ਜੀ ਨੇ ਹੋਰ Ḕਸੁਝਾਅ’ ਦਿੰਦਿਆਂ ਫਰਮਾਇਆ, “ਭਾਈ ਸਾਹਿਬ ਜੀ, ਇਹੋ ਜਿਹੀਆਂ Ḕਪਿੱਠ ਥਾਪੜਨੀਆਂḔ ਸੁਣਨ ਜਾਂ ਮਾਣਨ ਦੀ ਥਾਂ ਆਪਣੀ ਅਖ਼ਬਾਰ ਵਿਚ ਰਹਿੰਦੀਆਂ ਤਰੁੱਟੀਆਂ, ਕਮੀਆਂ-ਪੇਸ਼ੀਆਂ ਵੱਲ ਤਵੱਜੋ ਦਿਆ ਕਰੋ ਤਾਂ ਕਿ ਅਖ਼ਬਾਰ ਤੇ ਪਾਠਕਾਂ ਦਾ ਸਨੇਹ ਭਰਿਆ ਰਿਸ਼ਤਾ ਹੋਰ ਮਜ਼ਬੂਤ ਹੋਵੇ।”
ਸੱਚ ਜਾਣਿਓਂ, ਸੰਪਾਦਕ ਦੇ ਇਹ ਸੁਝਾਅ ਮੈਨੂੰ ਉਸ ਵਕਤ ਖਰ੍ਹਵੇਂ ਜਿਹੇ ਜਾਪੇ, ਪਰ ਮੈਨੂੰ ਅਚਨਚੇਤੀ ਉਨ੍ਹਾਂ ਦੇ Ḕਖਰ੍ਹਵੇਂਪਣ’ ਦੀ ਇਕ ਮਿਸਾਲ ਹੋਰ ਯਾਦ ਆ ਗਈ ਜੋ Ḕਪੰਜਾਬ ਟਾਈਮਜ਼Ḕ ਦੇ ਸ਼ੁਭਚਿੰਤਕਾਂ ਵਲੋਂ ਬੇਹੱਦ ਸਤਿਕਾਰੀ ਗਈ ਸੀ। ਹੋਇਆ ਇੰਜ ਸੀ ਕਿ ਇਸੇ ਅਖਬਾਰ ਵਿਚ ਛਪਦੇ ਇਕ ਲੇਖਕ ਨੇ ਮਨੋਰੰਜਕ ਪ੍ਰੋਗਰਾਮ ਕੀਤਾ। ਉਸ ਸਮਾਗਮ ਦੀ ਰਿਪੋਰਟਿੰਗ ਕਰਨ ਲਈ ਮੈਂ ਵੀ ਦਰਸ਼ਕਾਂ ਵਿਚ ਸ਼ਾਮਲ ਹੋਇਆ। ਪ੍ਰੋਗਰਾਮ ਦੇ ਕੁਝ ਹਿੱਸੇ ਮੈਨੂੰ ਇਤਰਾਜ਼ਯੋਗ ਲੱਗੇ। ਘਰੇ ਆ ਕੇ ਖ਼ਬਰ ਬਣਾਉਂਦਿਆਂ ਮੈਂ ਸੰਪਾਦਕ ਜੀ ਨੂੰ ਫੋਨ ਕਰ ਕੇ ਪੁੱਛਿਆ, “ਕਿੰਨੀ ਕੁ ਲਿਹਾਜ਼ ਪਾਲਣੀ ਐ?”
ਜਵਾਬ ਮਿਲਿਆ, “ਭੋਰਾ ਵੀ ਨਹੀਂ। ਖਬਰ ਦੀ ਇਬਾਰਤ ਲਿਖਦਿਆਂ ਚੰਗੇ ਨੂੰ ਮਾੜਾ ਨਹੀਂ ਕਹਿਣਾ, ਤੇ ਮਾੜੇ ਨੂੰ ਚੰਗਾ ਨਹੀਂ ਬਣਾਉਣਾ। ਜੋ ਤੁਸੀਂ ਨਿਰਪੱਖਤਾ ਨਾਲ ਮਹਿਸੂਸ ਕੀਤਾ ਹੈ, ਬੱਸ ਉਹੀ ਲਿਖਿਉ!”
ਮੇਰੀ ਰਿਪੋਰਟਿੰਗ ਤੋਂ ਮੈਨੂੰ ਨਿੱਜੀ ਰੂਪ ਵਿਚ ਵੀ ਪਾਠਕਾਂ ਵਲੋਂ ਸ਼ਲਾਘਾ ਮਿਲੀ ਅਤੇ Ḕਪੰਜਾਬ ਟਾਈਮਜ਼Ḕ ਦਾ ਨਿਰਪੱਖਤਾ ਤੇ ਬੇਬਾਕੀ ਵਾਲਾ ਦਾਅਵਾ ਵੀ ਹੋਰ ਪਕੇਰਾ ਹੋਇਆ।
ਲਓ ਜੀ ਅਬੂ-ਧਾਬੀ ਦੇ ਹਵਾਈ ਅੱਡੇ ਉਤੇ ਖੜ੍ਹੇ ਜਹਾਜ਼ ਵਿਚ ਕੁਝ ਲਿਖਣ ਲਈ ਜਾਗੇ ਉਤਸ਼ਾਹ ਨੂੰ ਬ੍ਰੇਕਾਂ ਲਾਉਣ ਵਾਲੀਆਂ ਉਪਰੋਕਤ ਮਿਸਾਲਾਂ ਤੋਂ ਬਾਅਦ ਹੁਣ ਇਹ ਵੀ ਜਾਣ ਲਓ ਕਿ ਉਥੇ ਹੋਇਆ ਕੀ? ਜਹਾਜ਼ ਵਿਚ ਵੜ ਕੇ ਮੈਂ ਆਪਣਾ ਹੈਂਡ ਬੈਗ ਰੇੜ੍ਹਦਾ ਆਪਣੀ ਸੀਟ ਕੋਲ ਜਾ ਖੜ੍ਹਾ ਹੋਇਆ। ਉਪਰ ਬਣੇ ਖਾਨੇ ਵਿਚ ਹੈਂਡ ਬੈਗ ਰੱਖ ਕੇ ਮੈਂ ਵਿੰਡੋ-ਸੀਟ ‘ਤੇ ਬਹਿਣ ਹੀ ਲੱਗਾ ਸੀ ਕਿ ਮੇਰੀ ਨਜ਼ਰ ਮੈਥੋਂ ਮੋਹਰਲੀ ਸੀਟ ਉਪਰ ਬੈਠੇ ਯਾਤਰੀ ਉਤੇ ਪਈ ਜੋ Ḕਪੰਜਾਬ ਟਾਈਮਜ਼Ḕ ਅਖਬਾਰ ਦੇ ਸਫ਼ੇ ਸਵਾਰ ਰਿਹਾ ਸੀ।
ਇਕ ਤਾਂ ਮੈਨੂੰ ਇਸ ਅਖਬਾਰ ਤੋਂ ਦੋ ਮਹੀਨੇ ਦੂਰ ਰਹਿਣ ਤੋਂ ਬਾਅਦ ਚਾਣਚੱਕ ਦਿਖ ਪੈਣ Ḕਤੇ ਅਚੰਭਾ ਜਿਹਾ ਹੋਇਆ, ਦੂਜੇ ਇਹ ਹੈਰਾਨੀ ਵੀ ਹੋਈ ਕਿ ਕਿਥੇ ਅਮਰੀਕਾ, ਤੇ ਕਿਥੇ ਅਬੂ-ਧਾਬੀ! ਇੰਨੀ ਦੂਰ ਇਹ ਕਿਹੜਾ Ḕਪੰਜਾਬ ਟਾਈਮਜ਼ ਪ੍ਰੇਮੀ’ ਹੋਵੇਗਾ ਜੋ ਇਹਨੂੰ ਨਾਲ ਹੀ ਚੁੱਕੀ ਫਿਰਦਾ ਹੈ! ਖੁਸ਼ੀ ਅਤੇ ਉਤਸੁਕਤਾ ਦੇ ਰਲੇ-ਮਿਲੇ ਚਾਅ ਨਾਲ ਮੈਂ ਇਜਾਜ਼ਤ ਲੈ ਕੇ ਉਸ ਬੰਦੇ ਦੀ ਫੋਟੋ ਉਤਾਰ ਲਈ। ਇਹ ਯਾਤਰੂ ਸੀ, ਯੂਬਾ ਸਿਟੀ ਨਿਵਾਸੀ ਕੁਲਦੀਪ ਸਿੰਘ ਜੋ ਮੇਰੇ ਵਾਂਗ ਦਿੱਲੀ-ਵਾਇਆ-ਅਬੂ ਧਾਬੀ, ਅਮਰੀਕਾ ਆ ਰਿਹਾ ਸੀ।
ਜਦੋਂ ਕੁਲਦੀਪ ਸਿੰਘ ਨੇ ਰਤਾ ਕੁ ਉਤਾਂਹ ਨੂੰ ਸਵਾਰ ਕੇ ਦੇਖਿਆ, ਤਦ ਉਸ ਨੇ ਮੈਨੂੰ ਪਛਾਣ ਲਿਆ। ਹੱਥ ਮਿਲਾਉਣ ਬਾਅਦ ਉਸ ਨੇ Ḕਪੰਜਾਬ ਟਾਈਮਜ਼Ḕ ਦੇ ਮਿਆਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਮੈਂ ਇਸ ਅਖ਼ਬਾਰ ਨੂੰ ਰੀਝ ਨਾਲ ਪੜ੍ਹਦਾ ਹਾਂ। ਇਸ ਵਿਚ ਛਪਦੇ ਲੇਖ/ਕਹਾਣੀਆਂ ਨੂੰ ਵਾਰ-ਵਾਰ ਪੜ੍ਹਿਆ ਜਾ ਸਕਦਾ ਹੈ। ਇਸੇ ਕਰ ਕੇ ਇਹ ਅੰਕ ਮੈਂ ਆਪਣੇ ਨਾਲ ਹੀ ਲੈ ਆਇਆ ਸਾਂ, ਤਾਂ ਕਿ ਹਵਾਈ ਸਫ਼ਰ ਦੌਰਾਨ ਵਿਹਲ ਮੌਕੇ ਇਸ ਦਾ ਹੋਰ ਅਨੰਦ ਮਾਣਿਆ ਜਾ ਸਕੇ।” ਪੈਂਦੀ ਸੱਟੇ ਹੀ ਉਨ੍ਹਾਂ ਮੇਰੇ ਕਈ ਲੇਖਾਂ ਦੀ ਦਾਦ ਦਿੰਦਿਆਂ ਉਨ੍ਹਾਂ ਦੇ ਚੋਣਵੇਂ ਅੰਸ਼ ਦੁਹਰਾਏ ਅਤੇ ਲਿਖਤਾਂ ਵਿਚੋਂ ਮੇਰੀਆਂ ਹੱਡਬੀਤੀਆਂ ਦੇ ਕਈ ਵੇਰਵੇ ਸੁਣਾਏ।
ਭਗਤ ਕਬੀਰ ਜੀ ਦੇ ਇਕ ਸਲੋਕ ਦਾ ਭਾਵ-ਅਰਥ ਹੈ ਕਿ ਸੁਣੀਆਂ-ਸੁਣਾਈਆਂ ਗੱਲਾਂ ਨਾਲੋਂ ਅੱਖਾਂ ਨਾਲ ਦੇਖੇ ਉਤੇ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ। ਸਲੋਕ ਦੀ ਪੰਕਤੀ ਹੈ-
ਕਹਿਬੇ ਕਉ ਸੋਭਾ ਨਹੀ
ਦੇਖਾ ਹੀ ਪਰਵਾਨੁ॥