ਸਿਦਕ ਭੰਨ੍ਹਣ ਲਈ ਔਰਤਾਂ ‘ਤੇ ਜ਼ਬਰ

ਕਸ਼ਮੀਰ ਵਿਚ ਨਸਲਕੁਸ਼ੀ: ਲਾਹਨਤ ਹੈ ਹਿੰਦੁਸਤਾਨ!-2
ਜੰਮੂ ਕਸ਼ਮੀਰ ਹਿੰਦੁਸਤਾਨ ਦੀ ਉਹ ਰਿਆਸਤ ਹੈ ਜਿਥੇ ਪਿਛਲੇ ਦੋ-ਢਾਈ ਦਹਾਕਿਆਂ ਦੌਰਾਨ ਹਜ਼ਾਰਾਂ ਨੌਜਵਾਨ ਮਰ-ਖਪ ਗਏ ਤੇ ਹਜ਼ਾਰਾਂ ਹੋਰ ਲਾਪਤਾ ਹਨ। ਮਾਪੇ ਇਨ੍ਹਾਂ ਪੁੱਤਾਂ ਦੀ ਉਡੀਕ ਅੱਜ ਵੀ ਉਦਾਸ ਅਤੇ ਖਾਲੀ-ਖਾਲੀ ਨੈਣਾਂ ਨਾਲ ਕਰ ਰਹੇ ਹਨ, ਪਰ ਪੁਕਾਰ ਸੁਣਨ ਵਾਲਾ ਕੋਈ ਨਹੀਂ। ਐਤਕੀਂ 26 ਜਨਵਰੀ ਨੂੰ ਪ੍ਰਸਿੱਧ ਖੋਜੀ ਪੱਤਰਕਾਰ ਆਂਦਰੇ ਵਲਚੇਕ ਨੇ ਕਸ਼ਮੀਰੀ ਅਵਾਮ ਦਾ ਹਾਲ ਜਾਣਨ ਲਈ ਗੇੜਾ ਕੱਢਿਆ ਅਤੇ ਆਪਣੇ ਕੁਝ ਭਾਵ, ਲੰਮੇ ਲੇਖ ‘ਜੇਨੋਸਾਈਡ ਇਨ ਕਸ਼ਮੀਰ: ਇੰਡੀਆਜ਼ ਸ਼ੇਮ’ ਵਿਚ ਦਰਜ ਕੀਤੇ ਹਨ।

ਇਸ ਲੇਖ ਵਿਚ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਪੇਸ਼ ਹੋਏ ਹਨ। ਇਸ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਇਸ ਦੀ ਪਹਿਲੀ ਕਿਸ਼ਤ ਵਿਚ ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਤਬਸਰਾ ਕੀਤਾ ਗਿਆ ਸੀ। ਇਸ ਵਾਰ ਦੋ ਪਿੰਡਾਂ-ਕੁਨਨ, ਪੌਸ਼ਪੁਰਾ ਤੇ ਹੋਰ ਥਾਂਈਂ ਸੁਰੱਖਿਆ ਬਲਾਂ ਦੀਆਂ ਵਧੀਕੀਆਂ ਦਾ ਵੇਰਵਾ ਦਰਜ ਕੀਤਾ ਗਿਆ ਹੈ। ਰੂਸ ਵਿਚ 1963 ‘ਚ ਜੰਮਿਆ ਆਂਦਰੇ ਵਲਚੇਕ ਖੋਜੀ ਪੱਤਰਕਾਰ ਤੋਂ ਇਲਾਵਾ ਨਾਵਲਕਾਰ ਤੇ ਫਿਲਮਸਾਜ਼ ਵੀ ਹੈ। ਉਹ ਲੰਮਾ ਸਮਾਂ ਨਿਊ ਯਾਰਕ ਸ਼ਹਿਰ ਵਿਚ ਰਿਹਾ ਅਤੇ ਅੱਜ ਕੱਲ੍ਹ ਪੂਰਬੀ ਏਸ਼ੀਆ ਤੇ ਅਫਰੀਕਾ ਗਾਹ ਰਿਹਾ ਹੈ। -ਸੰਪਾਦਕ

ਆਂਦਰੇ ਵਲਚੇਕ
ਅਨੁਵਾਦ: ਬੂਟਾ ਸਿੰਘ

ਅਸੀਂ ਹੋਰ ਅੱਗੇ, ਪਾਕਿਸਤਾਨ ਦੀ ਸਰਹੱਦ ਵੱਲ ਜਾ ਰਹੇ ਹਾਂ। ਇਥੇ ਸੱਚੀਂ ਹੀ ਹਰਿਆਵਲ ਹੈ- ਹਰਿਆਵਲ ਤੇ ਲੋਹੜੇ ਦੀ ਖ਼ੂਬਸੂਰਤੀ। ਬਰਫ਼ ਨਾਲ ਕੱਜੇ ਲੰਮੇ ਪਹਾੜ, ਨਿਛੋਹ ਝੀਲਾਂ ਤੇ ਗੁਫਾਵਾਂ। ਮੈਂ ਡਰਾਈਵਰ ਨੂੰ ਰੁਕਣ ਲਈ ਕਹਿੰਦਾ ਹਾਂ; ਮੈਨੂੰ ਕੁਝ ਤਾਜ਼ੀ ਹਵਾ ਦੀ ਲੋੜ ਹੈ। ਮੈਂ ਅੱਗੇ ਜਿਸ ਥਾਂ ਜਾਣ ਤੋਂ ਡਰਦਾ ਹਾਂ, ਉਥੇ ਪਹੁੰਚਣ ਲਈ ਮੈਨੂੰ ਕੁਝ ਤਾਕਤ ਜੁਟਾਉਣ ਖ਼ਾਤਰ ਇਹ ਖ਼ੂਬਸੂਰਤ ਨਜ਼ਾਰਾ ਦੇਖਣ ਦੀ ਲੋੜ ਹੈ।
ਅਸੀਂ ਦੋ ਪਿੰਡਾਂ ਵੱਲ ਜਾ ਰਹੇ ਹਾਂ: ਕੁਨਨ ਤੇ ਪੌਸ਼ਪੁਰਾ। ਹਿੰਦੁਸਤਾਨੀ ਫ਼ੌਜ ਨੇ 23 ਫਰਵਰੀ 1991 ਨੂੰ ਕੁਨਨ ਨੂੰ ਘੇਰਾ ਪਾਇਆ, ਤੇ 13 ਸਾਲ ਤੋਂ ਵੱਧ ਉਮਰ ਦੇ ਸਾਰੇ ਮਰਦ ਗ੍ਰਿਫ਼ਤਾਰ ਕਰ ਲਏ। ਉਹ ਆਪਣੇ ਵਾਹਨਾਂ ਵਿਚ ਤਸੀਹੇ ਦੇਣ ਵਾਲੇ ਯੰਤਰ ਨਾਲ ਲੈ ਕੇ ਆਏ ਸਨ, ਤੇ ਜਿਹੜੇ ਤਸੀਹੇ ਉਨ੍ਹਾਂ ਨੇ ਦਿੱਤੇ, ਉਹ ਭਿਆਨਕ ਸਨ।
ਅਸੀਂ ਗੱਡੀ ਇਕ ਪਾਸੇ ਲਗਾ ਲੈਂਦੇ ਹਾਂ। ਮੈਨੂੰ ਇਕ ਘਰ ਦੇ ਅੰਦਰ ਲਿਜਾਇਆ ਜਾਂਦਾ ਹੈ। ਇਹ ਰਵਾਇਤੀ, ਬਹੁਤ ਸਾਫ਼-ਸੁਥਰਾ ਘਰ ਹੈ। ਜੁੱਤੀਆਂ ਅਸੀਂ ਬਾਹਰ ਹੀ ਲਾਹ ਲੈਂਦੇ ਹਾਂ। ਬੈਠਕ ਵਿਚ ਦੋ ਬੰਦੇ ਪਹਿਲਾਂ ਹੀ ਕੰਧਾਂ ਨਾਲ ਢੋਅ ਲਾਈ ਨਰਮ ਸਿਰਹਾਣੇ ਲੈ ਕੇ ਬੈਠੇ ਹਨ। ਤੀਜਾ ਜਣਾ ਥੋੜ੍ਹੀ ਦੇਰ ਬਾਅਦ ਆਉਂਦਾ ਹੈ।
ਅਸੀਂ ਇਥੇ ਤਸੀਹਿਆਂ ਬਾਰੇ ਪਤਾ ਕਰਨ ਨਹੀਂ ਆਏ। ਇਥੇ ਸਮੂਹਕ ਜਬਰ-ਜਨਾਹ ਬਾਰੇ ਮੈਨੂੰ ਦੱਸਿਆ ਜਾਵੇਗਾ, ਪਰ ਉਹ ਬੰਦੇ ਪਹਿਲਾਂ ਆਪ-ਬੀਤੀ ਛੋਹ ਲੈਂਦੇ ਹਨ; ਉਨ੍ਹਾਂ ਵਿਚੋਂ ਇਕ ਗੱਲ ਤੋਰਦਾ ਹੈ: “ਫਰਵਰੀ ਦਾ ਮਹੀਨਾ ਸੀ ਅਤੇ ਕਾਫ਼ੀ ਰਾਤ ਹੋ ਚੁੱਕੀ ਸੀ; ਬਾਹਰ ਕੜਾਕੇ ਦੀ ਠੰਢ ਸੀ। ਇਹ ਸਭ ਕੁਝ ਰਾਤ ਦੇ 11 ਵਜੇ ਸ਼ੁਰੂ ਹੋਇਆ ਅਤੇ ਤੜਕੇ ਚਾਰ ਵਜੇ ਤਕ ਵੀ ਬੰਦ ਨਹੀਂ ਹੋਇਆ। ਸਾਰੇ ਮਰਦਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਕੜਾਕੇ ਦੀ ਠੰਢ ਵਿਚ ਲਿਜਾਇਆ ਗਿਆ। ਸਾਰਿਆਂ ਨੂੰ ਅਲਫ਼ ਨੰਗੇ ਕਰ ਕੇ ਬਰਫ਼ੀਲੀ ਹਵਾ ਵਿਚ ਖੜ੍ਹੇ ਕਰ ਦਿੱਤਾ ਗਿਆ। ਚਾਰ-ਚੁਫੇਰੇ ਤਿੰਨ-ਤਿੰਨ ਫੁੱਟ ਬਰਫ਼ ਜੰਮੀ ਹੋਈ ਸੀ। ਉਨ੍ਹਾਂ ਸਾਡੇ ਵਿਚੋਂ ਸੌ ਜਣਿਆਂ ਨੂੰ ਤਸੀਹੇ ਦਿੱਤੇ; 40-50 ਨੂੰ ਤਾਂ ਬਹੁਤ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ। ਬਿਜਲੀ ਦਾ ਕਰੰਟ ਲਾਇਆ, ਪਾਣੀ ਵਿਚ ਲਾਲ ਮਿਰਚਾਂ ਘੋਲ ਕੇ ਉਸ ਵਿਚ ਸਾਡੇ ਸਿਰ ਡੁਬੋ ਦਿੱਤੇ।”
ਕਮਰੇ ‘ਚ ਕੋਈ ਔਰਤ ਨਹੀਂ ਹੈ; ਨਾ ਹੀ ਘਰ ਦੇ ਲਾਗੇ-ਚਾਗੇ ਹੀ ਨਜ਼ਰ ਆਉਂਦੀ ਸੀ।
ਇਕ ਹੋਰ ਬਜ਼ੁਰਗ ਨੇ ਦੱਸਣਾ ਸ਼ੁਰੂ ਕੀਤਾ, ਤਾਂ ਮੈਂ ਅੱਖਾਂ ਦੂਜੇ ਪਾਸੇ ਘੁਮਾ ਲਈਆਂ। ਸਾਰਾ ਕੁਝ ਬਹੁਤ ਬੇਚੈਨ ਕਰਨ ਵਾਲਾ ਸੀ, ਤੇ ਮੈਨੂੰ ਪਤਾ ਸੀ ਕਿ ਤਕਰੀਬਨ ਪੰਝੀ ਸਾਲ ਪਹਿਲਾਂ ਦੀ ਉਹ ਖੌਫ਼ਨਾਕ ਰਾਤ ਬਿਆਨ ਕਰਨ ਲਈ ਇਨ੍ਹਾਂ ਬੰਦਿਆਂ ਨੂੰ ਕਿੰਨਾ ਜਿਗਰਾ ਅਤੇ ਮਨ ਕਰੜਾ ਕਰਨਾ ਪਿਆ ਹੋਵੇਗਾ!æææ
“ਘਰਾਂ ਵਿਚ ਔਰਤਾਂ ਅਤੇ ਕੁੜੀਆਂ ਨੂੰ ਹੀ ਛੱਡਿਆ ਗਿਆ ਸੀ। ਇਕੱਲੀਆਂ ਅਤੇ ਨਿਆਸਰੀਆਂ। ਫ਼ੌਜੀਆਂ ਵਿਚੋਂ 200 ਦੇ ਕਰੀਬ ਘਰਾਂ ਵਿਚ ਜਾ ਵੜੇ, ਘਰ ਪਰਤੀ 5 ਤੋਂ ਲੈ ਕੇ 10 ਤਕ। ਉਨ੍ਹਾਂ ਕੋਲ ਸ਼ਰਾਬ ਦੀਆਂ ਬੋਤਲਾਂ ਸਨ-ਉਹ ਸ਼ਰਾਬ ਨਾਲ ਡੱਕੇ ਹੋਏ ਸਨ। ਜਾਹਰ ਹੈ ਇਹ ਸਾਰਾ ਕੁਝ ਇੰਜ ਹੀ ਵਿਉਂਤਿਆ ਹੋਇਆ ਸੀ।”
ਹੁਣ ਰਤਾ ਖੁੱਲ੍ਹ ਕੇ ਦੱਸਣ ਲੱਗੇ: “ਔਰਤਾਂ ਨਾਲ ਜਬਰ-ਜਨਾਹ ਕੀਤੇ ਗਏ। ਉਨ੍ਹਾਂ ਸਾਰੀਆਂ ਨਾਲ਼ææਔਰਤਾਂ ਨਾਲ ਹੀ ਨਹੀਂ, 6 ਤੋਂ ਲੈ ਕੇ 13 ਸਾਲ ਦੀਆਂ ਜੁਆਕੜੀਆਂ ਨਾਲ ਵੀæææਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ; ਜ਼ਲੀਲ ਕਰ ਕੇ ਫਿਰ ਜਬਰ-ਜਨਾਹ ਕੀਤੇ ਗਏ।”
ਫ਼ੌਜੀ ਔਰਤਾਂ ਉਪਰ ਚੀਕ ਰਹੇ ਸਨ: “ਹਰਾਮਜ਼ਾਦੀਓ, ਤੁਸੀਂ ਜਹਾਦੀਆਂ ਦੀ ਮਦਦ ਕਰਦੀਆਂ ਹੋ, ਕਰਦੀਆਂ ਹੋ ਨਾ?”
ਹਿੰਦੁਸਤਾਨੀ ਫ਼ੌਜੀਆਂ ਨੇ ਇਹ ਕੁਝ ਕੀਤਾ, ਹਿੰਦੁਸਤਾਨ ਵਿਚ ਇਹ ਆਮ ਹੀ ਹੁੰਦਾ ਹੈ; ਜਬਰ-ਜਨਾਹ ਇਸ ਕੁਕਰਮ ਨਾਲ ਖ਼ਤਮ ਨਹੀਂ ਹੋ ਜਾਂਦਾ। ਕੁਕਰਮ ਦੀ ਦਰਿੰਦਗੀ ਬਾਕਾਇਦਗੀ ਨਾਲ ਐਸੀ ਹੁੰਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ; ਇਸ ਵਿਚ ਤਿੱਖੀਆਂ ਚੀਜ਼ਾਂ, ਜੰਗਾਲੀਆਂ ਰਾਡਾਂ, ਕੁਝ ਵੀ ਧੱਕਣਾ ਸ਼ਾਮਲ ਹੈ।
“ਸਾਡੀਆਂ ਬਹੁਤ ਸਾਰੀਆਂ ਔਰਤਾਂ ਬੁਰੀ ਤਰ੍ਹਾਂ ਲਹੂ-ਲੁਹਾਣ ਸਨ। ਕਈ ਤਾਂ 4-5 ਦਿਨ ਬੇਹੋਸ਼ ਰਹੀਆਂ”, ਇਹ ਮੈਨੂੰ ਉਨ੍ਹਾਂ ਤਿੰਨ ਪਤੀਆਂ ਨੇ ਦੱਸਿਆ ਜਿਨ੍ਹਾਂ ਦੀਆਂ ਘਰਵਾਲੀਆਂ ਉਸ ਭਿਆਨਕ ਰਾਤ ਦੇ ਕਹਿਰ ‘ਚੋਂ ਗੁਜ਼ਰੀਆਂ ਸਨ।
“ਉਨ੍ਹਾਂ ਵਿਚੋਂ ਇਕ ਔਰਤ ਦੇ ਚਾਰ ਦਿਨ ਪਹਿਲਾਂ ਹੀ ਬੱਚਾ ਹੋਇਆ ਸੀ। ਬੱਚਾ ਆਪਣੀ ਮਾਂ ਨੂੰ ਚਿੰਬੜਿਆ ਹੋਇਆ ਸੀ ਜਦੋਂ ਫ਼ੌਜੀ ਅੰਦਰ ਵੜੇ। ਪਹਿਲਾਂ ਉਨ੍ਹਾਂ ਨੇ ਬੱਚਾ ਉਸ ਤੋਂ ਖੋਹ ਕੇ ਮਾਰਿਆ, ਫਿਰ ਮਾਂ ਨਾਲ ਸਮੂਹਕ ਜਬਰ-ਜਨਾਹæææ।”
“ਉਨ੍ਹਾਂ ਇਕ ਨਾਬਾਲਗ ਕੁੜੀ ਨੂੰ ਤਸੀਹੇ ਦਿੱਤੇ, ਜਬਰ-ਜਨਾਹ ਕੀਤਾ, ਉਸ ਦੀ ਲੱਤ ਤੋੜ ਦਿੱਤੀ। ਬਾਅਦ ਵਿਚ ਉਹ ਮਰ ਗਈæææ।”
“ਕੁਝ ਔਰਤਾਂ ਨੂੰ ਕਈ ਸਾਲ ਇਲਾਜ ਕਰਾਉਣਾ ਪਿਆ, ਕਿਉਂਕਿ ਉਨ੍ਹਾਂ ਦੀ ਗੁਦਾ ਬੁਰੀ ਤਰ੍ਹਾਂ ਫਟ ਗਈ ਸੀ।” ਉਸ ਰਾਤ ਜੋ ਕੁਝ ਹੋਇਆ, ਉਸ ਦੇ ਸਿੱਟੇ ਵਜੋਂ 5 ਔਰਤਾਂ ਮਰ ਗਈਆਂ ਸਨ।
ਉਸ ਪਿੰਡ ਦੇ ਦੋ ਬੰਦੇ ਪੁਲਿਸ ਵਿਚ ਸਨ ਜਿਨ੍ਹਾਂ ਨੇ ਫੱਟੜ ਔਰਤਾਂ ਨੂੰ ਸਹਾਰਾ ਦੇਣ ਦਾ ਯਤਨ ਕੀਤਾ। ਬਾਅਦ ਵਿਚ ਉਹ ਅੱਗੇ ਆ ਕੇ ਗਵਾਹੀ ਦੇਣ ਲਈ ਵੀ ਤਿਆਰ ਸਨ, ਪਰ ਇਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਮੈਨੂੰ ਦੱਸਿਆ ਗਿਆ ਕਿ 40 ਔਰਤਾਂ ਅੱਗੇ ਆਈਆਂ ਅਤੇ ਗਵਾਹੀਆਂ ਦਿੱਤੀਆਂ। ਇਹ ਵਿਆਹੀਆਂ ਔਰਤਾਂ ਸਨ। ਨਾਬਾਲਗ, ਅਣਵਿਆਹੀਆਂ ਕੁੜੀਆਂ ਦੀ ਸ਼ਨਾਖ਼ਤ ਨਸ਼ਰ ਨਹੀਂ ਕੀਤੀ ਗਈ; ਫਿਰ ਵੀ, ਬਾਅਦ ਵਿਚ ਕੁਨਨ ਦੀ ਸ਼ਾਇਦ ਕਿਸੇ ਵੀ ਮੁਟਿਆਰ ਦਾ ਵਿਆਹ ਨਹੀਂ ਸੀ ਹੋ ਸਕਿਆ। ਕਲੰਕ ਬਹੁਤ ਵੱਡਾ ਸੀ ਅਤੇ ਇਲਾਕੇ ਦਾ ਕੋਈ ਵੀ ਬੰਦਾ ਜਬਰ-ਜਨਾਹ ਪੀੜਤ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਹੋਇਆ।
ਪਰਵੇਜ਼ ਨੇ ਖੁਲਾਸਾ ਕੀਤਾ ਕਿ ਦੂਰ-ਦਰਾਜ ਜ਼ਿਲ੍ਹਿਆਂ, ਸਰਹੱਦੀ ਇਲਾਕਿਆਂ ਵਿਚ ਜਬਰ-ਜਨਾਹ ਅਜੇ ਵੀ ਹੋ ਰਹੇ ਹਨ, ਜਿਥੇ ਆਵਾਮ ਫ਼ੌਜ ਦੇ ਰਹਿਮ-ਕਰਮ ‘ਤੇ ਹੈ। ਉਹ ਦੱਸਦਾ ਹੈ, “ਅਜੇ ਵੀ ਜਬਰ-ਜਨਾਹ ਨੂੰ ਜੰਗ ਦੇ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।”
ਕੁਨਨ ਉਪਰ ਕਹਿਰ ਢਾਹੁਣ ਦੇ ਜੁਰਮ ਵਿਚ ਹੁਣ ਤਕ ਇਕ ਵੀ ਫ਼ੌਜੀ ਨੂੰ ਸਜ਼ਾ ਨਹੀਂ ਦਿੱਤੀ ਗਈ।æææਸਾਡੇ ਉਥੋਂ ਤੁਰਨ ਤੋਂ ਪਹਿਲਾਂ ਜਬਰ-ਜਨਾਹ ਪੀੜਤਾਂ ‘ਚੋਂ ਇਕ ਦੇ ਪਤੀ ਨੇ ਖ਼ੁਲਾਸਾ ਕੀਤਾ: “ਇਹ ਸ਼ੁਰੂ ਦੀ ਗੱਲ ਹੈæææਫਿਰ ਬਹੁਤ ਸਾਰੇ ਹੋਰ ਖੌਫ਼ਨਾਕ ਵਾਕਿਆ ਹੋਏ। ਅਸੀਂ ਹਿੰਦੁਸਤਾਨੀ ਕਾਨੂੰਨ-ਪ੍ਰਬੰਧ ਦਾ ਸਹਾਰਾ ਲੈ ਕੇ, ਕਾਇਦੇ ਅਨੁਸਾਰ ਚਾਰਾਜੋਈ ਕਰਨ ਦਾ ਯਤਨ ਕੀਤਾ, ਪਰ ਤਕਰੀਬਨ ਇਕ ਚੌਥਾਈ ਸਦੀ ਗੁਜ਼ਰ ਜਾਣ ਤੋਂ ਬਾਅਦ ਵੀ, ਕੋਈ ਨਿਆਂ ਨਹੀਂ ਮਿਲਿਆ। ਇਥੇ ਕਾਨੂੰਨ ਸਿਰਫ਼ ਕਸੂਰਵਾਰ ਨੂੰ ਬਚਾਉਂਦਾ ਹੈ। ਕਸ਼ਮੀਰ ਦੇ ਫ਼ੌਜੀਕਰਨ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ! ਹੁਣ ਤਾਂ ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਤਕਦੀਰ ਸਾਡੀ ਮੁਕਤੀ ਕਰਵਾ ਦੇਵੇ! ਸਾਡੇ ਲਈ ਇਹ ਸਭ ਖੌਫ਼ਨਾਕ ਸਦਮਾ ਸੀ। ਦੂਜੇ ਪਿੰਡਾਂ ਦੇ ਜਵਾਕ ਵੀ ਸਾਨੂੰ ਸਾਡੀਆਂ ਔਰਤਾਂ ਤੇ ਕੁੜੀਆਂ ਦੇ ਮਿਹਣੇ ਮਾਰਦੇ ਹਨ: “ਉਏ, ਤੁਸੀਂ ਉਸ ਪਿੰਡ ਦੇ ਹੋ ਜਿੱਥੋਂ ਦੀਆਂ ਸਾਰੀਆਂ ਔਰਤਾਂ ਨਾਲ ਜਬਰ-ਜਨਾਹ ਹੋਏ ਸਨ!”
ਇਹ ਉਨ੍ਹਾਂ ਦ੍ਰਿੜ ਕਸ਼ਮੀਰੀਆਂ ਨੂੰ ਮਿਲਣ ਦਾ ਅਨੁਭਵ ਸੀ ਜਿਨ੍ਹਾਂ ਨੇ ਮੇਰੇ ਅੱਗੇ ਆਪਣੇ ਦਿਲ ਖੋਲ੍ਹ ਦੇਣ ਦਾ ਮਨ ਬਣਾ ਲਿਆ ਸੀ। ਉਹ ਮੇਰੇ ਨਾਲ ਖੁੱਲ੍ਹ ਗਏ ਸਨ। ਉਨ੍ਹਾਂ ਨੇ ਮੈਨੂੰ ਪਿੰਡ ਦੇ ਮਰਦਾਂ ਤੇ ਔਰਤਾਂ ਦੀਆਂ ਤਸਵੀਰਾਂ ਲੈਣ ਦੀ ਇਜਾਜ਼ਤ ਦੇ ਦਿੱਤੀ।
ਜਦੋਂ ਅਸੀਂ ਗੱਡੀ ਸ੍ਰੀਨਗਰ ਦੇ ਰਾਹ ਪਾ ਲਈ, ਕਾਰ ਵਿਚ ਬਹੁਤ ਬੋਝਲ ਤੇ ਲੰਮੀ ਖ਼ਾਮੋਸ਼ੀ ਛਾਈ ਹੋਈ ਸੀ। ਫਿਰ ਮੈਂ ਇਸ ਨੂੰ ਤੋੜਿਆ: “ਪਰਵੇਜ਼?”
“ਹੂੰ?”
“ਇਹ ਤੱਥ ਕਿ ਉਹ ਕੁੜੀਆਂ ਅਤੇ ਔਰਤਾਂ ਦਾ ਮਜ਼ਾਕ ਉਡਾਉਂਦੇ ਹਨæææ।” ਮੈਂ ਗੱਲ ਤੋਰੀ।
ਮੈਂ ਜਾਣਦਾ ਸੀ ਕਿ ਉਹ ਵੀ ਇਹੀ ਸੋਚ ਰਿਹਾ ਸੀ।
“ਤੁਸੀਂ ਜਬਰ-ਜਨਾਹ ਪੀੜਤ ਨਾਲ ਵਿਆਹ ਕਰਾਓਗੇ?” ਉਸ ਨੇ ਪੁੱਛਿਆ।
“ਜੇ ਮੈਂ ਉਸ ਨੂੰ ਮੁਹੱਬਤ ਕਰਦਾ ਹੋਵਾਂ, ਫਿਰ ਜ਼ਰੂਰ ਕਰਾਵਾਂਗਾ।”
“ਤੈਨੂੰ ਭਰੋਸਾ ਹੈ?”
“ਬਿਲਕੁਲ।” ਮੈਂ ਕਿਹਾ।
“ਇਥੇ ਆ ਕੇ ਸਾਡਾ ਸਭਿਆਚਾਰ ਫੇਲ੍ਹ ਹੋਇਆ ਹੈ।” ਉਹ ਬੋਲਿਆ, ਤੇ ਉਦੋਂ ਮੈਂ ਜਾਣਿਆ ਕਿ ਉਹ ਵੀ ਇਹੀ ਕਰੇਗਾ।
ਮੈਂ ਉਸ ਨੂੰ ਪੂਰਬੀ ਤਿਮੋਰ ਦੇ ਇਰਮੇਰਾ ਸ਼ਹਿਰ ਵਿਚ ਜਨਤਕ ਜਬਰ-ਜਨਾਹ ਕਾਂਡ ਬਾਰੇ ਦੱਸਿਆ। ਇਹ ਇੰਡੋਨੇਸ਼ੀਆ ਦੀ ਫ਼ੌਜ ਨੇ ਕੀਤਾ ਸੀ-ਕਸ਼ਮੀਰੀ ਪਿੰਡ ਕੁਨਨ ਵਰਗਾ ਮੰਜ਼ਰ ਸੀ।
ਉਦੋਂ ਮੈਂ ਪੂਰਬੀ ਤਿਮੋਰ ਵਿਚ ਗ਼ੈਰ-ਕਾਨੂੰਨੀ ਰੂਪ ਵਿਚ ਕੰਮ ਕਰ ਰਿਹਾ ਸੀ। ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤਸੀਹੇ ਦਿੱਤੇ ਗਏ। ਉਥੇ ਕਦੇ ਵੀ ਕਿਸੇ ਕਸੂਰਵਾਰ ਨੂੰ ਜਬਰ-ਜਨਾਹ ਜਾਂ ਕਤਲ ਕਰਨ ਦੀ ਸਜ਼ਾ ਨਹੀਂ ਮਿਲੀ। ਪੂਰਬੀ ਤਿਮੋਰ ਦੀ ਨਸਲਕੁਸ਼ੀ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਬਹੁਤ ਸਾਰੇ ਬੰਦੇ ਹੁਣ ਇੰਡੋਨੇਸ਼ੀਆ ਵਿਚ ਰਾਜ ਕਰ ਰਹੇ ਹਨ।
***
ਜਦੋਂ ਅਸੀਂ ਕੁਪਵਾੜਾ ਲੰਘ ਆਏ, ਕਾਰ ਵਿਚਲਾ ਮਿਜ਼ਾਜ ਵਿਲੱਖਣ ਤੌਰ ‘ਤੇ ਬਦਲ ਗਿਆ।
“ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ, ਪਰ ਸੰਭਾਵਨਾਵਾਂ ਇਹ ਸਨ ਕਿ ਕੁਪਵਾੜਾ ਪਹੁੰਚਣ ਤੋਂ ਪਹਿਲਾਂ ਸਾਨੂੰ ਰੋਕਿਆ ਜਾ ਸਕਦਾ ਸੀ, ਪੁੱਛਗਿੱਛ ਹੋ ਸਕਦੀ ਸੀ ਅਤੇ ਫਿਰ æææ।”
ਮੈਂ ਸਮਝ ਗਿਆ, ਪਰ ਹੁਣ ‘ਸਭ ਠੀਕ-ਠਾਕ’ ਸੀ। ਕੁਪਵਾੜਾ ਤੋਂ ਜਿੰਨਾ ਦੂਰ ਅਸੀਂ ਨਿਕਲਦੇ ਜਾ ਰਹੇ ਸੀ, ਉਨਾ ਹੀ ਵਧੇਰੇ ਮਹਿਫੂਜ਼ ਹੁੰਦੇ ਜਾ ਰਹੇ ਸਾਂ; ਹੁਣ ਤਕ ਅਸੀਂ ਆਪਣੇ ਸਫ਼ਰ ਨੂੰ ਜਾਇਜ਼ ਠਹਿਰਾਉਣ ਲਈ ਬਹੁਤ ਸਾਰੀਆਂ ਦਲੀਲਾਂ ਘੜ ਲਈਆਂ ਸਨ। ਮੈਂ ਕਾਰ ਦੇ ਸ਼ੀਸ਼ੇ ਵਿਚੋਂ ਕੁਝ ਫ਼ੌਜੀ ਅਤੇ ਨੀਮ-ਫ਼ੌਜੀ ਕੈਂਪਾਂ ਦੀਆਂ ਤਸਵੀਰਾਂ ਖਿੱਚ ਲਈਆਂ।
ਫਿਰ ਮੈਂ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਮੈਂ ਪਿਸ਼ਾਬ ਕਰਨਾ ਸੀ। ਉਸ ਨੇ ਸੇਬ ਦੇ ਖ਼ੂਬਸੂਰਤ ਬਾਗ਼ ਲਾਗੇ ਬਰੇਕ ਲਾਈ।
ਮੈਂ ਕਾਰ ਵਿਚੋਂ ਉਤਰਿਆ ਅਤੇ ਪਹਿਲੇ ਰੁੱਖ ਵੱਲ ਤੁਰ ਗਿਆ; ਤਾਜ਼ਾ ਹਵਾ ਤੇ ਖ਼ੂਬਸੂਰਤ ਪੇਂਡੂ ਇਲਾਕਾ, ਤੇ ਇਹ ਕੁਝæææ। ਫਿਰ ਮੈਂ ਉਸ ਨੂੰ ਖੜ੍ਹਾ ਦੇਖ ਲਿਆ; ਅੱਧਾ ਕੁ ਓਹਲੇ ਲੁਕਿਆ ਫ਼ੌਜੀ, ਮਸ਼ੀਨਗੰਨ ਚੁੱਕੀ, ਤਿਆਰ-ਬਰ-ਤਿਆਰ। ਮੈਂ ਨਾਬਰੀ ਨਾਲ ਉਸ ਵੱਲ ਧਾਰ ਮਾਰੀ। ਫਿਰ ਮੈਂ ਉਸ ਦਾ ਮਜ਼ਾਕ ਉਡਾਉਂਦਿਆਂ ਸਲੂਟ ਠੋਕਿਆ। ਉਸ ਦੇ ਚਿਹਰੇ ‘ਤੇ ਮੁਸਕਰਾਹਟ ਵੀ ਨਹੀਂ ਆਈ, ਬਸ ਸੇਬ ਦੇ ਰੁੱਖ ਥੱਲੇ ਡੁੰਨ-ਵੱਟਾ ਬਣਿਆ ਝਾਕਦਾ ਰਿਹਾ।æææਮੈਂ ਸ਼ਸ਼ੋਪੰਜ ਵਿਚ ਸੀ ਕਿ ਕਸ਼ਮੀਰ ਵਿਚ ਹਿੰਦੁਸਤਾਨੀ ਫ਼ੌਜੀ ਜ਼ਿਆਦਾ ਹਨ, ਜਾਂ ਸੇਬ ਦੇ ਰੁੱਖ?
***
ਮੈਂ ਟੱਕਰ ਲੈਣ ਵਾਲੇ ਲੜਾਕਿਆਂ ਲਈ ਮਸ਼ਹੂਰ ਸੋਪੋਰ ਸ਼ਹਿਰ ਵਿਚ ਹਸਨ ਭੱਟ ਦੇ ਘਰ ਗਿਆ। ਭੱਟ ਉਨ੍ਹਾਂ ਵਿਚੋਂ ਇਕ ਸੀ, ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਹੁਤ ਵਾਰ ਵਹਿਸ਼ੀ ਤਸੀਹੇ ਦਿੱਤੇ ਗਏ, ਤੇ ਉਸ ਨੇ ਸਰਗਰਮੀ ਨੂੰ ਅਲਵਿਦਾ ਕਹਿ ਦਿੱਤੀ।
ਸੁਰੱਖਿਆ ਬਲਾਂ ਨੇ ਉਸ ਦੇ ਦੋਵੇਂ ਪੁੱਤ ਮਾਰ ਦਿੱਤੇ। ਐਨ ਉਸੇ ਤਰ੍ਹਾਂ, ਦੋਵੇਂ ਉਦੋਂ ਮਾਰੇ ਗਏ ਜਦੋਂ ਉਹ ਪੰਦਰਾਂ ਸਾਲ ਦੇ ਹੋਏ ਸਨ। ਉਸ ਦਾ ਇਕ ਪੁੱਤ 2006 ‘ਚ ਦੁਕਾਨ ਤੋਂ ਦੁੱਧ ਲੈਣ ਗਿਆ ਸੀ, ਇਕ ਸੁਰੱਖਿਆ ਮੁਲਾਜ਼ਮ ਨੇ ਆਪਣੀ ਭੱਜੀ ਜਾਂਦੀ ਗੱਡੀ ਵਿਚੋਂ ਛਾਤੀ ਵਿਚ ਗੋਲੀ ਮਾਰ ਕੇ ਉਸ ਨੂੰ ਮਾਰ-ਮੁਕਾਇਆ। ਦੂਜਾ ਪੁੱਤ 2010 ‘ਚ ਉਦੋਂ ਮਾਰਿਆ ਗਿਆ, ਜਦੋਂ ਕੁਝ ਜਵਾਕ ਪਥਰਾਓ ਨਾਲ ਟਾਕਰਾ ਕਰਨ ਲੱਗ ਗਏ। ਵੱਟੇ ਮਾਰਦਿਆਂ ਉਹ ਘਿਰ ਗਿਆ ਤੇ ਸਹਿਮ ਕੇ ਦਰਿਆ ਵਿਚ ਛਾਲ ਮਾਰ ਦਿੱਤੀ। ਪੁਲਿਸ ਨੇ ਜਿਹੜਾ ਵੀ ਕੋਈ ਪਾਣੀ ਵਿਚ ਦਿਸਿਆ, ਉਸ ਉਪਰ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਕ ਉਸ ਦੇ ਸਿਰ ਵਿਚ ਜਾ ਲੱਗਿਆ, ਤੇ ਉਹ ਥਾਂਏਂ ਮੁੱਕ ਗਿਆ।
“ਮੈਂ ਦੋਸ਼ੀਆਂ ਨੂੰ ਜਾਣਦਾ ਹਾਂ, ਮੈਂ ਜਾਣਦਾ ਹਾਂ ਕਿ ਇੰਚਾਰਜ ਅਫ਼ਸਰ ਕੌਣ ਸੀ”, ਭੱਟ ਕਹਿੰਦਾ ਹੈ। ਉਸ ਨੇ ਸ਼ਿਕਾਇਤ ਦਰਜ ਕਰਾਉਣੀ ਚਾਹੀ, ਪਰ ਪੁਲਿਸ ਨੇ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ।
‘ਜੰਮੂ ਐਂਡ ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ’ ਦਾ ਪ੍ਰਧਾਨ ਪਰਵੇਜ਼ ਇਮਰੋਜ਼ ਦੱਸਦਾ ਹੈ, “ਇੰਚਾਰਜ ਅਫ਼ਸਰ ਯੂæਐਨæ ਸ਼ਾਂਤੀ ਸੈਨਾ ਵਿਚ ਸ਼ਾਮਲ ਹੋਣ ਜਾ ਰਿਹਾ ਸੀ। ਹਿੰਦੁਸਤਾਨ ਅਕਸਰ ਉਨ੍ਹਾਂ ਲੋਕਾਂ ਨੂੰ ਯੂæਐਨæ ਭੇਜਦਾ ਹੈ ਜਿਹੜੇ ਕਸ਼ਮੀਰ ਵਿਚ ਲੜਦੇ ਹਨ। ਇਹ ਮੁਲਕ ਲਈ ਪੈਸਾ ਬਣਾਉਣ ਵਾਲੀ ਵੱਡੀ ਮਸ਼ੀਨ ਹੈæææਮੇਰੀ ਜਥੇਬੰਦੀ ਨੇ ਉਸ ਦਾ ਪਤਾ ਲਾ ਲਿਆ ਅਤੇ ਉਸ ਦੇ ਜੁਰਮਾਂ ਬਾਰੇ ਯੂæਐਨæ ਨੂੰ ਸਾਰੇ ਸਬੂਤ ਭੇਜ ਦਿੱਤੇ। ਉਸ ਦੀ ਅਰਜ਼ੀ ਖਾਰਜ ਹੋ ਗਈ।”
ਦਰਅਸਲ ਮੈਂ ਹਿੰਦੁਸਤਾਨੀ ਯੂæਐਨæ ‘ਸ਼ਾਂਤੀ-ਸੈਨਿਕਾਂ’ ਨੂੰ ਕਾਂਗੋ ਜਮਹੂਰੀ ਗਣਰਾਜ ਵਿਚ ਗੋਮਾ ਅੰਦਰ ਕਾਰਵਾਈ ਦੌਰਾਨ ਦੇਖਿਆ ਸੀ, ਜਿਥੇ ਯੂæਐਨæ ਐਚæਸੀæਆਰ (ਸ਼ਰਨਾਰਥੀਆਂ ਲਈ ਯੂæਐਨæ ਹਾਈ ਕਮਿਸ਼ਨਰ) ਦੇ ਸਾਬਕਾ ਮੁਖੀ ਮਾਸਾਕੋ ਯੋਨੇਕਾਵਾ ਨੇ ਹਿੰਦੁਸਤਾਨੀ ‘ਸ਼ਾਂਤੀ ਸੈਨਿਕ ਦਸਤੇ’ ਵਲੋਂ ਕੀਤੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਮੇਰੇ ਧਿਆਨ ਵਿਚ ਲਿਆਂਦੀਆਂ ਸਨ।
ਫਿਰ ਭੱਟ ਤੇ ਮੈਂ ਜੇਹਲਮ ਦਰਿਆ ਦੇ ਕੰਢੇ ਜਾ ਖੜ੍ਹੇ ਹੋਏ।
“ਇਹ ਬਹੁਤ ਦੂਰ ਪਾਕਿਸਤਾਨ ਤਕ ਜਾਂਦਾ ਹੈ।” ਉਸ ਨੇ ਹੌਕਾ ਲਿਆ। ਜਿਸ ਭਿਆਨਕਤਾ ਵਿਚੋਂ ਭੱਟ ਗੁਜ਼ਰਿਆ ਹੈ, ਉਸ ਦੇ ਬਾਵਜੂਦ ਉਹ ਦਿਆਲੂ, ਸੱਜਣ ਪੁਰਸ਼ ਹੈ। ਮੈਂ ਉਸ ਨੂੰ ਪੁੱਛਿਆ, “ਕੀ ਉਹ ਸੋਚਦਾ ਹੈ ਕਿ ਕਿਸੇ ਵਕਤ ਕਸ਼ਮੀਰ ਆਜ਼ਾਦੀ ਹਾਸਲ ਕਰ ਲਵੇਗਾ।”
“80 ਫੀਸਦੀ ਕਸ਼ਮੀਰੀ ਆਵਾਮ ਆਜ਼ਾਦੀ ਚਾਹੁੰਦੇ ਹਨ। 80 ਫ਼ੀਸਦੀ ਬਹੁਤ ਜ਼ਿਆਦਾ ਹੁੰਦੀ ਹੈ, ਹੈ ਕਿ ਨਹੀਂ?”
ਹੁਣ ਮੈਨੂੰ ਉਹ ਜਗਾ੍ਹ ਦਿਖਾਈ ਜਾ ਰਹੀ ਹੈ ਜਿਥੇ 1993 ‘ਚ ਬੀæਐਸ਼ਐਫ਼ ਵਲੋਂ ਪੂਰਾ ਇਲਾਕਾ ਤਬਾਹ ਕਰ ਦਿੱਤਾ ਗਿਆ ਸੀ। ਉਦੋਂ 53 ਲੋਕ ਮਾਰੇ ਗਏ ਸਨ।
ਬਾਅਦ ਵਿਚ ਅਸੀਂ ਅੱਧੀ ਰਾਤ ਨੂੰ ਇਕ ਘਰ ਅੰਦਰ ਜਾਂਦੇ ਹਾਂ ਜਿਥੇ ਕੁਝ ਦਿਨ ਪਹਿਲਾਂ ਹੀ ਸੁਰੱਖਿਆ ਬਲਾਂ ਅਤੇ ਮੁਜਾਹਿਦੀਨ ਦਰਮਿਆਨ ਮੁਕਾਬਲਾ ਹੋਇਆ ਸੀ।æææਸੋਪੋਰ ਅਜੇ ਵੀ ਲੜ ਰਿਹਾ ਹੈ; ਪਰ ਉਥੇ ਭੈਅ ਦਾ ਆਲਮ ਹੈ। ਠੰਢ ਹੈ; ਹਰ ਪਾਸੇ ਭੈਅ ਹੈ।
ਕਈਆਂ ਨੇ ਮੈਨੂੰ ਦੱਸਿਆ ਕਿ ਹੁਣ ਲੋਕ ਮੁੱਢਲੀਆਂ ਲੋੜਾਂ ਦੀ ਸਪਲਾਈ ਦੀ ਥੁੜ੍ਹ ਖ਼ਿਲਾਫ਼ ਰੋਸ ਪ੍ਰਗਟਾਉਣ ਤੋਂ ਵੀ ਤ੍ਰਹਿੰਦੇ ਹਨ। ਕਿਸੇ ਨੂੰ ਲਾਪਤਾ ਕਰ ਦੇਣਾ ਮਾਮੂਲੀ ਗੱਲ ਹੈ।
ਮੈਨੂੰ ਦੱਸਿਆ ਗਿਆ ਕਿ ਇਥੇ ਹਿੰਦੁਸਤਾਨੀ ਫੋਰਸ ਨੌਜਵਾਨਾਂ ਨੂੰ ਟਾਕਰੇ ਤੋਂ ਪਾਸੇ ਰੱਖਣ ਲਈ ਸ਼ਰਾਬ ਤੇ ਹੋਰ ਨਸ਼ਿਆਂ ‘ਤੇ ਲਾਉਣ ਦੇ ਯਤਨ ਕਰ ਰਹੇ ਹਨ। ਕੁਝ ਹੋਰ ਕਹਿੰਦੇ ਹਨ: ਇਸ ਸ਼ਹਿਰ (ਸੋਪੋਰ) ਵਿਚ ਆਵਾਮ ਦੇ ਇਰਾਦੇ ਦ੍ਰਿੜ ਹਨ। ਉਹ ਟੱਕਰ ਲੈਂਦੇ ਹਨ। ਇਥੇ ਉਹ ਸਰਗਰਮ ਹਨ। ਇਹ ਸ਼ਹਿਰ ਵੱਡੀਆਂ ਸ਼ਖਸੀਅਤਾਂ ਪੈਦਾ ਕਰਦਾ ਹੈ! ਲੋਕ ਜੋ ਗੋਡੇ ਨਹੀਂ ਟੇਕਦੇ! ਹਿੰਦੁਸਤਾਨੀ ਫੋਰਸਾਂ ਇਸ ਨੂੰ ‘ਨਿੱਕਾ ਪਾਕਿਸਤਾਨ’ ਕਹਿੰਦੀਆਂ ਹਨ।
ਕੀ ਇੰਨੀ ਵੱਡੀ ਤਾਕਤ ਨੂੰ ਸੱਚੀਂ ਹੀ ਹਰਾਇਆ ਜਾ ਸਕਦਾ ਹੈ, ਜੇ ਹਾਂ ਤਾਂ ਕਿਵੇਂ?æææਇਹ ਹੈ ਕਸ਼ਮੀਰ ਦਾ ਹਾਲ! ਇਹ ਹੈ ਸੋਪੋਰ! ਤੇ ਉਹ ਵੀ ਅੱਧੀ ਰਾਤ ਨੂੰæææਉਸ ਘਰ ਦੇ ਸਾਹਮਣੇ ਜਿਥੇ ਪਿਛੇ ਜਿਹੇ ਹੀ ਅਸਲੀ ਮੁਕਾਬਲਾ ਹੋ ਕੇ ਹਟਿਆ ਸੀ।æææਹਰ ਕੋਈ ਹਕੀਕਤਵਾਦੀ ਹੋ ਜਾਂਦਾ ਹੈ: “ਸਿਰਫ਼ ਕੌਮਾਂਤਰੀ ਦਬਾਅ ਹੀ ਮਦਦ ਕਰ ਸਕਦਾ ਹੈ!”
***
ਇਕ ਸਮੇਂ ਬੰਦਾ ਗ਼ੈਰ-ਕਾਨੂੰਨੀ ਹੱਤਿਆਵਾਂ, ਲਾਪਤਾ ਕਰ ਦੇਣ, ਤਸੀਹਿਆਂ ਅਤੇ ਜਬਰ-ਜਨਾਹਾਂ ਦੇ ਦਸਤਾਵੇਜ਼ੀ ਵੇਰਵੇ ਸੁਣ ਕੇ ਅੱਕ ਜਾਂਦਾ ਹੈ, ਦਿਮਾਗ ਤਕਰੀਬਨ ਸੁੰਨ ਹੋ ਜਾਂਦਾ ਹੈ।
ਇਕ ਸਮੇਂ ‘ਤੇ ਜਾ ਕੇ ਮੈਨੂੰ ਇਕ ਐਸੇ ਬੰਦੇ ਬਾਰੇ ਸਬੂਤਾਂ ਦੇ ਰੂ-ਬ-ਰੂ ਕਰਾਇਆ ਗਿਆ ਜਿਸ ਨੂੰ ਫੜ ਲਿਆ ਗਿਆ ਸੀ, ਤਫ਼ਤੀਸ਼ ਕੀਤੀ ਗਈ ਅਤੇ ਜਦੋਂ ਲੱਗਿਆ ਕਿ ਉਹ ਬਾਗ਼ੀ ਹੈ ਤਾਂ ਉਸ ਦੇ ਦੋਵੇਂ ਪੈਰ ਵੱਢ ਦਿੱਤੇ ਗਏ। ਉਸ ਨੇ ਇਹ ਵੀ ਸਹਿ ਲਿਆ। ਬਾਅਦ ਵਿਚ ਜਦੋਂ ਉਹ ਅਜੇ ਹਿਰਾਸਤ ਵਿਚ ਸੀ, ਸੁਰੱਖਿਆ ਬਲਾਂ ਨੇ ਉਸ ਦੇ ਜਿਸਮ ਦੇ ਵੱਖ-ਵੱਖ ਅੰਗਾਂ ਤੋਂ ਵਾਹਵਾ ਮਾਸ ਲਾਹ ਕੇ ਰਿੰਨ੍ਹ ਲਿਆ ਅਤੇ ਉਸ ਨੂੰ ਖਾਣ ਲਈ ਮਜਬੂਰ ਕਰਦੇ ਰਹੇ। ਉਸ ਨੇ ਇਹ ਵੀ ਸਹਿ ਲਿਆæææ। ਹੁਣ ਮਾਮਲੇ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨਿਆਂ ਦੀ ਮੰਗ ਕਰ ਰਹੀਆਂ ਹਨ। ਸਜ਼ਾ ਕਿਸੇ ਨੂੰ ਨਹੀਂ ਹੋਈ।
***
ਇਥੇ ਨਸਲਕੁਸ਼ੀ ਹੋ ਰਹੀ ਹੈ: ਭਿਆਨਕ, ਕਹਿਰ ਭਰੀ ਅਤੇ ਹਿੰਦੁਸਤਾਨ ਤੇ ਪੱਛਮ ਦੋਹਾਂ ਦਾ ਬੁਜ਼ਦਿਲ ਮੀਡੀਆ ਅਤੇ ਬੁੱਧੀਜੀਵੀ ਇਸ ਦੀ ਚਰਚਾ ਤੱਕ ਨਹੀਂ ਕਰਦੇ।
ਜੋ ਕਸ਼ਮੀਰ ਦੀ ਇਸ ਹਾਲਤ ਬਾਰੇ ਬੋਲਦੇ ਤੇ ਲਿਖਦੇ ਹਨ, ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ, ਮੁਲਕ-ਬਦਰ ਕਰ ਦਿੱਤਾ ਜਾਂਦਾ ਹੈ ਅਤੇ ਜਿਸਮਾਨੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਅਰੁੰਧਤੀ ਰਾਏ ਨੂੰ ਵਾਰ-ਵਾਰ ਦੇਸ਼-ਧ੍ਰੋਹੀ ਕਿਹਾ ਗਿਆ, ਮੁਕੱਦਮਾ ਚਲਾਉਣ ਅਤੇ ਉਮਰ ਕੈਦ ਦੀਆਂ ਧਮਕੀਆਂ ਦਿੱਤੀਆਂ ਗਈਆਂ। ਹਰਮਨ ਪਿਆਰੇ ਰੇਡੀਓ ਹੋਸਟ ਡੇਵਿਡ ਬਰਸਾਮੀਆਂ (ਆਲਟ੍ਰਨੇਟਿਵ ਰੇਡੀਓ ਅਮੈਰਿਕਾ ਦੇ ਬਾਨੀ) ਨੂੰ ਹਿੰਦੁਸਤਾਨ ‘ਚੋਂ ਕੱਢ ਦਿੱਤਾ ਗਿਆ, ਕੋਈ ਕਾਰਨ ਵੀ ਨਹੀਂ ਦੱਸਿਆ ਗਿਆ।
ਅਕਤੂਬਰ 2011 ਵਿਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਵਲੋਂ ਕਸ਼ਮੀਰ ਬਾਰੇ ਟਿੱਪਣੀਆਂ ਕੀਤੇ ਜਾਣ ‘ਤੇ ਸੁਪਰੀਮ ਕੋਰਟ ਦੇ ਅੰਦਰ ਚੈਂਬਰ ਵਿਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਹਨੇ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਫ਼ੌਜੀਕਰਨ ਦੀ ਗੱਲ ਕੀਤੀ ਸੀ।
***
ਕਸ਼ਮੀਰ ਵਿਚ ਮਹਿਜ਼ ਹਿੰਦੁਸਤਾਨੀ ਹੀ ਨਹੀਂ, ਸਗੋਂ ਵਿਦੇਸ਼ੀ ਸੈਲਾਨੀ ਵੀ ਤੁਰੇ ਰਹਿੰਦੇ ਹਨ। ਉਹ ਗੁਲਮਾਰਗ ਵਿਚ ਬਰਫ਼ ‘ਤੇ ਚਹਿਲਕਦਮੀਂ ਤੇ ਸਨੋਅ-ਬੋਰਡਿੰਗ ਕਰਨ, ਜਾਂ ਲੱਦਾਖ਼ ਪਹਾੜਾਂ ‘ਤੇ ਪੈਦਲ ਸਫ਼ਰ ਲਈ ਜਾਂਦੇ ਹਨ। ਇਥੇ ਯੂਰਪੀ ਤੇ ਇਜ਼ਰਾਈਲੀ ਅਤੇ ਕੁਝ ਲਾਤੀਨੀ ਅਮਰੀਕੀ ਸੈਲਾਨੀ ਜਾਂਦੇ ਹਨ। ਬਹੁਤ ਸਾਰੇ ਮੁਕਾਮੀ ਲੋਕ ਇਸ ਨੂੰ ‘ਬਲਾਤਕਾਰ-ਸਤਾਨ ਦਾ ਭਿਆਨਕ ਸੈਰ-ਸਪਾਟਾ’ ਕਹਿੰਦੇ ਹਨ।
ਗੁਲਮਾਰਗ ਵਿਚ ਪਹਾੜਾਂ ਉਪਰ ਮੈਨੂੰ ਕਈ ਜੋੜੇ ਮਿਲੇ। ਬਹੁਤ ਉਚਾਈ ਉਪਰ ਬੇਹੱਦ ਤਾਜ਼ੀ ਹਵਾ ਨਾਲ ਲਾਲ ਸੂਹੀਆਂ ਗੱਲ੍ਹਾਂ ਵਾਲੇ। ਮੈਂ ਬਰਫ਼ ‘ਤੇ ਚਹਿਲਕਦਮੀਂ ਕਰ ਰਹੇ ਬਰਤਾਨਵੀ ਜੋੜੇ ਤੇ ਛੁੱਟੀਆਂ ਕੱਟਣ ਆਏ ਜਰਮਨ ਜੋੜੇ ਨਾਲ ਗੱਲ ਤੋਰੀ। ਕਸ਼ਮੀਰ ਵਿਚ ਜੋ ਹੋ ਰਿਹਾ ਸੀ, ਉਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਜਦੋਂ ਮੈਂ ਉਨ੍ਹਾਂ ਦੇ ਖਹਿੜੇ ਹੀ ਪੈ ਗਿਆ ਕਿ “ਤੁਸੀਂ ਫ਼ੌਜੀ ਬੰਕਰ, ਫ਼ੌਜ ਦੀ ਆਵਾਜਾਈ ਤੇ ਨਾਕੇ, ਇਹ ਸਭ ਤਾਂ ਦੇਖਿਆ ਹੋਵੇਗਾ”, ਤਾਂ ਉਨ੍ਹਾਂ ਦਾ ਸਿੱਧਾ ਜਿਹਾ ਜਵਾਬ ਸੀ: “ਹਾਂæææਠੀਕ ਹੈ, ਹਿੰਦੁਸਤਾਨ ਨੂੰ ਦਹਿਸ਼ਤਵਾਦ ਦੇ ਮਸਲੇ ਲਈ ਕੁਝ ਤਾਂ ਕਰਨਾ ਹੀ ਪਵੇਗਾ ਨਾ?”
ਇਹ ਤੱਥ ਬਾਕਾਇਦਾ ਲਿਖਤਾਂ ‘ਚ ਆ ਚੁੱਕਾ ਹੈ ਕਿ ਅਮਰੀਕੀ ਸਲਤਨਤ ਕੁਲ ਆਲਮ ਵਿਚ ਬਹੁਤ ਸਾਰੇ ਮੁਲਕਾਂ ਉਪਰ ਟੇਕ ਰੱਖ ਕੇ ਚੱਲ ਰਹੀ ਹੈ, ਇਸ ਦੇ ਹਿੱਤ ਲਈ ਉਹ ਆਪਣੇ ‘ਆਂਢ-ਗੁਆਂਢ’ ਵਿਚ ਦਹਿਸ਼ਤ ਫੈਲਾਉਂਦੇ ਹਨ, ਇੱਥੋਂ ਤਕ ਕਿ ਅਕਸਰ ਆਪਣੇ ਹੀ ਲੋਕਾਂ ਨੂੰ ਤਸੀਹੇ ਦਿੰਦੇ ਹਨ। ਮਸਲਨ, ਇਹ ਮੁਲਕ ਅਫ਼ਰੀਕਾ ਵਿਚ ਰਵਾਂਡਾ, ਯੂਗਾਂਡਾ ਤੇ ਕੀਨੀਆ, ਲਾਤੀਨੀ ਅਮਰੀਕਾ ਵਿਚ ਹਾਂਡੂਰਸ ਅਤੇ ਕੋਲੰਬੀਆ, ਮੱਧ ਪੂਰਬ ਵਿਚ ਇਜ਼ਰਾਈਲ, ਸਾਊਦੀ ਅਰਬ ਅਤੇ ਕਤਰ, ਇੰਡੋਨੇਸ਼ੀਆ, ਥਾਈਲੈਂਡ ਅਤੇ ਹੁਣ ਦੱਖਣੀ ਏਸ਼ੀਆ ਵਿਚ ਹਿੰਦੁਸਤਾਨ ਹਨ।
ਜ਼ਿਆਦਾਤਰ ਵਹਿਸ਼ੀ ਝੋਲੀਚੁੱਕ ਦੇਸ਼ਾਂ ਨੂੰ ‘ਜਮਹੂਰੀਅਤਾਂ’, ਸਹਿਣਸ਼ੀਲ, ਅਗਵਾਈ ਦੇਣ ਦੇ ਯੋਗ ਮਿਸਾਲਾਂ ਦੱਸਿਆ ਜਾਂਦਾ ਹੈ।
ਇਨ੍ਹਾਂ ਮੁਲਕਾਂ ਨੂੰ ‘ਮੁਸਕਾਨ ਬਖੇਰਦੇ ਮੁਲਕ’, ਜਾਂ ‘ਅਹਿੰਸਕ ਸੰਸਕ੍ਰਿਤੀਆਂ’ ਵਜੋਂ ਵਡਿਆਇਆ ਜਾਂਦਾ ਹੈ। ਇਹ ਹਾਸੋਹੀਣਾ ਹੈ, ਪਰ ਕਿਸੇ ਕਾਰਨ ਬਹੁਤੇ ਲੋਕਾਂ ਨੂੰ ਇਹ ਹਾਸੋਹੀਣਾ ਨਹੀਂ ਜਾਪਦਾ; ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੈ; ਕਿਉਂਕਿ ਵਹਿਸ਼ਤ ਤੇ ਸਨਕੀਪਣ ਅੱਜ ਵੀ ਮੁਨਾਫ਼ੇ ਦਾ ਸਾਧਨ ਹੈ; æææ ਤੇ ਇਹ ਪਹੁੰਚ ਬੰਦ ਹੋਣੀ ਚਾਹੀਦੀ ਹੈ! ਇਨਸਾਨੀਅਤ ਦੇ ਖ਼ਿਲਾਫ਼ ਵਹਿਸ਼ੀ ਜੁਰਮਾਂ ਨੂੰ ਨੰਗਾ ਕਰਨਾ ਹੋਵੇਗਾ। ਹਜ਼ਾਰਾਂ ਬੇਕਸੂਰ ਲੋਕਾਂ ਨੂੰ ਕਤਲ ਕਰ ਰਹੇ ਮੁਲਕਾਂ ਨੂੰ ਜਨਤਕ ਤੌਰ ‘ਤੇ ਸ਼ਰਮਿੰਦਾ ਕਰਨਾ ਹੋਵੇਗਾ ਅਤੇ ਉਨ੍ਹਾਂ ਨਾਲ ਕੌਮਾਂਤਰੀ ਪੱੱਧਰ ‘ਤੇ ਨਜਿੱਠਣਾ ਹੋਵੇਗਾ। ਇਹ ਕਹਿਣ ਦੀ ਲੋੜ ਨਹੀਂ ਕਿ ਅਮਰੀਕੀ ਸਲਤਨਤ ਦੇ ਤਾਬਿਆਦਾਰ ਅਤੇ ਆਜ਼ਾਦੀ ਲਈ ਤਾਂਘਦੇ ਲੋਕਾਂ ਨੂੰ ਤਸੀਹੇ ਦੇਣ ਵਾਲੀਆਂ, ਉਨ੍ਹਾਂ ਨਾਲ ਜਬਰ-ਜਨਾਹ ਕਰਨ ਵਾਲੀਆਂ ਤੇ ਨਾਲ ਹੀ ਆਪਣੇ ਹੀ ਗ਼ਰੀਬ ਲੋਕਾਂ ਨੂੰ ਬੇਇੱਜ਼ਤ ਕਰਨ ਵਾਲੀਆਂ ਹਕੂਮਤਾਂ ਦੀ ਕਦੇ ਵੀ ਬਰਿੱਕਸ ਵਰਗੀਆਂ ਜਥੇਬੰਦੀਆਂ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ!
***
ਜਿਵੇਂ ਮੈਂ ਇਕਰਾਰ ਕੀਤਾ ਸੀ, 26 ਜਨਵਰੀ ਨੂੰ ਸ੍ਰੀਨਗਰ ਦੀ ਵੱਡੀ ਮਸਜਿਦ ਦੇ ਇਲਾਕੇ ‘ਚ ਮੁੜ ਆਇਆ। ਮੈਂ ਮੁੰਡਿਆਂ ਪਿੱਛੇ ਤੁਰਦਾ ਰਿਹਾ। ਕੁਝ ਗਲੀਆਂ ਅੱਗੇ ਜਾ ਕੇ, ਦੁਪਹਿਰ ਦੇ ਦੋ ਵਜੇ ਮੁਕਾਬਲਾ ਸ਼ੁਰੂ ਹੋ ਗਿਆ। ਇਹ ਅਨਾੜੀ ਅਤੇ ਸਖ਼ਤ ਸੀ, ਸਾਫ਼ ਤੌਰ ‘ਤੇ ਇਹ ਫ਼ਲਸਤੀਨ ਵਰਗਾ। ਇਕੋ-ਇਕ ਵੱਡਾ ਫ਼ਰਕ ਇਹ ਸੀ ਕਿ ਮੈਨੂੰ ਛੱਡ ਕੇ ਉਥੇ ਮੁਕਾਮੀ ਨੌਜਵਾਨਾਂ ਦੇ ਹੌਸਲੇ, ਤੇ ਨਾਲ ਹੀ ਹਿੰਦੁਸਤਾਨੀ ਸਟੇਟ ਵਲੋਂ ਕਸ਼ਮੀਰੀ ਆਵਾਮ ਦੇ ਦਮਨ ਨੂੰ ਬਿਆਨ ਕਰਨ ਵਾਲਾ ਕੋਈ ਗਵਾਹ ਨਹੀਂ ਸੀ। ਦੋ ਦਿਨ ਬਾਅਦ ਮੈਂ ਗੁਲਮਾਰਗ ਵਿਚ ਏਸ਼ੀਆ ਦੀ ਸਭ ਤੋਂ ਲੰਮੀ ਕੇਬਲ ਕਾਰ ‘ਤੇ ਸਵਾਰ ਹੋਇਆ। ਮੈਂ ਦੇਖਣਾ ਚਾਹੁੰਦਾ ਸੀ ਕਿ ‘ਉਥੇ ਪਹਾੜੀ ਉਪਰ ਕੀ ਸੀ’। ਨਿਸ਼ਚੇ ਹੀ ਉਥੇ ਫ਼ੌਜੀ ਅੱਡਾ ਹੈ!
ਹੇਠਾਂ ਉਤਰਦੇ ਵਕਤ ਬਿਜਲੀ ਗੁੱਲ ਹੋ ਗਈ ਅਤੇ ਸਾਡਾ ਆਸਮਾਨੀ ਸ਼ਿਕਾਰਾ ਹਵਾ ‘ਚ ਬੰਦ ਹੋ ਕੇ ਲਟਕ ਗਿਆ। ਬੂਹਾ ਬੰਦ ਨਹੀਂ ਸੀ ਹੁੰਦਾ ਤੇ ਥਾਂ-ਥਾਂ ਮੋਰੀਆਂ ਸਨ। ਆਖ਼ਿਰ, ਇਹ ਹਿੰਦੁਸਤਾਨ ਸੀ। ਜੇ ਕੁਝ ਮਿੰਟਾਂ ਬਾਅਦ ਇਹ ਚੱਲਣਾਂ ਸ਼ੁਰੂ ਨਾ ਹੁੰਦਾ, ਤਾਂ ਉਥੇ ਹੀ ਕੁਲਫ਼ੀ ਜੰਮ ਕੇ ਮੈਂ ਅੱਲ੍ਹਾ ਨੂੰ ਪਿਆਰੇ ਹੋ ਜਾਣਾ ਸੀ।
ਹਿੰਦੁਸਤਾਨ ਇਸ ਧਰਤੀ ਉਪਰਲੀਆਂ ਕੁਝ ਸਭ ਤੋਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ: ਅਨਪੜ੍ਹਤਾ ਤੋਂ ਲੈ ਕੇ ਘੋਰ ਗ਼ਰੀਬੀ ਤਕ। ਵਿਹਾਰਕ ਤੌਰ ‘ਤੇ ਗੱਲ ਕੀਤੀ ਜਾਵੇ, 7 ਲੱਖ ਸੁਰੱਖਿਆ ਬਲਾਂ ਦਾ ਸਾਲਾਨਾ ਖ਼ਰਚਾ ਅਰਬਾਂ ਡਾਲਰਾਂ ਵਿਚ ਹੈ। ਜੇ ਹਿੰਦੁਸਤਾਨੀ ਕੁਲੀਨ ਤਬਕੇ, ਹਕੂਮਤ ਅਤੇ ਫ਼ੌਜ ਨੂੰ ਕਸ਼ਮੀਰੀ ਆਵਾਮ ਅਤੇ ਉਨ੍ਹਾਂ ਦੇ ਬੁਰੇ ਹਾਲ ਦੀ ਪ੍ਰਵਾਹ ਨਹੀਂ, ਘੱਟੋ-ਘੱਟ ਉਹ ਆਪਣੇ ਗ਼ਰੀਬਾਂ ਦੀ ਪ੍ਰਵਾਹ ਤਾਂ ਕਰਨ!
ਕਸ਼ਮੀਰ ਨੂੰ ਉਸ ਦੀ ਇੱਛਾ ਦੇ ਵਿਰੁੱਧ ਕਬਜ਼ੇ ‘ਚ ਰੱਖਣ ਦਾ ਹਿੰਦੁਸਤਾਨ ਅਤੇ ਇਸ ਦੇ ਆਵਾਮ ਨੂੰ ਕੋਈ ਫ਼ਾਇਦਾ ਨਹੀਂ ਹੋਣ ਲੱਗਿਆ। ਨਿਸ਼ਚੇ ਹੀ ਇਹ ਗ਼ੈਰ-ਜਮਹੂਰੀ ਅਤੇ ਵਹਿਸ਼ੀ ਹੈæææਤੇ ਉੱਕਾ ਹੀ ਗ਼ੈਰ-ਜ਼ਰੂਰੀ!
***
ਕਸ਼ਮੀਰ ਵਿਚ ਤੁਹਾਡਾ ਸਵਾਗਤ ਹੈ! ਇਸ ਦੀ ਖ਼ੂਬਸੂਰਤੀ ਸੱਚੀਂ ਹੀ ਦੰਦ-ਕਥਾਵਾਂ ਵਾਲੀ ਹੈ। ਇਸ ਦੀਆਂ ਝੀਲਾਂ, ਪਰਬਤਮਾਲਾ, ਡੂੰਘੀਆਂ ਘਾਟੀਆਂ ਅਤੇ ਦਰਿਆ ਮਾਣਮੱਤੇ ਤੇ ਦਿਲ ਨੂੰ ਧੂਹ ਪਾਉਣ ਵਾਲੇ ਹਨ। ਲੋਕ ਨਿੱਘੇ ਸੁਭਾਅ ਦੇ, ਆਓ-ਭਗਤ ਕਰਨ ਵਾਲੇ, ਪਰ ਇਰਾਦੇ ਦੇ ਪੱਕੇ।
ਕਸ਼ਮੀਰ ਲਹੂ-ਲੁਹਾਣ ਹੈ। ਇਸ ਦੀਆਂ ਘਾਟੀਆਂ ਕੰਡੇਦਾਰ ਤਾਰਾਂ ਨੇ ਵੰਡ ਦਿੱਤੀਆਂ ਹਨ। ਇਸ ਦੀਆਂ ਔਰਤਾਂ ਨਾਲ ਜਬਰ-ਜਨਾਹ ਕੀਤੇ ਜਾਂਦੇ ਹਨ। ਇਸ ਦੇ ਮਰਦ ਤਸੀਹੇ ਅਤੇ ਜ਼ਲਾਲਤ ਝੱਲਦੇ ਹਨ। ਕਸ਼ਮੀਰੀ ਆਵਾਮ ਦੀਆਂ ਚੀਕਾਂ ਦਬਾ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੇ ਮੰਦੇ ਹਾਲ, ਉਨ੍ਹਾਂ ਦੀ ਪੀੜਾ ਬਾਰੇ ਦੁਨੀਆਂ ਕੁਝ ਨਹੀਂ ਜਾਣਦੀ।
7 ਲੱਖ ਸੁਰੱਖਿਆ ਫੋਰਸਾਂ ਤਿੰਨ ਕੁ ਸੌ ਬੰਦਿਆਂ ਨਾਲ ਲੜ ਰਹੀਆਂ ਹਨ! ਤੇ ਉਹ ਜਿੱਤ ਨਹੀਂ ਸਕਦੀਆਂ। ਕਿਉਂ? ਜਵਾਬ ਸਿੱਧਾ ਜਿਹਾ ਹੈ। ਵਜ੍ਹਾ ਇਹ ਹੈ ਕਿ ਧਰਤੀ ਉਪਰ ਹੁਣ ਤਕ ਕੋਈ ਵੀ ਵਹਿਸ਼ੀ ਤਾਕਤ ਆਪਣੀ ਸਰਜ਼ਮੀਨ ਦੀ ਹੋਂਦ ਨੂੰ ਬਚਾਉਣ ਲਈ ਜੂਝਣ ਵਾਲਿਆਂ ਨੂੰ ਕਦੇ ਹਰਾ ਨਹੀਂ ਸਕੀ ਜਿਨ੍ਹਾਂ ਨੂੰ ਉਹ ਇਤਨੀ ਪਿਆਰੀ ਹੈ!
(ਸਮਾਪਤ)