‘ਨਾਗਮਣੀ ਸ਼ਾਮ’ ਅਤੇ ਅੰਮ੍ਰਿਤਾ ਪਰਿਵਾਰ

ਅੰਮ੍ਰਿਤਾ ਪ੍ਰੀਤਮ-3
ਗੁਰਬਚਨ ਸਿੰਘ ਭੁੱਲਰ
ਫੋਨ: 1191-1142502364
ਦੇਵਿੰਦਰ ਦੇ ਦੀਦੀਵਾਦ ਦਾ ਸਥਾਪਕ ਹੋਣ ਦਾ ਸਾਡਾ ਸ਼ੱਕ ਇਕ ਘਟਨਾ ਨੇ ਪੱਕਾ ਕਰ ਦਿੱਤਾ। ਇਕ ਸ਼ਾਮ ਗੁਰਦੇਵ ਨੂੰ ਤੇ ਮੈਨੂੰ ਉਹ ਕਨਾਟ ਪਲੇਸ ਦੇ ਤੰਬੂ ਵਾਲੇ ਜਨਤਾ ਕਾਫੀ ਹਾਊਸ ਦੇ ਬਾਹਰ ਖਲੋਤਾ ਮਿਲ ਗਿਆ। ਗੱਲਾਂ ਵਿਚ ਅੰਮ੍ਰਿਤਾ ਦਾ ਜ਼ਿਕਰ ਆਏ ਤੋਂ ਕਹਿੰਦਾ, “ਤੁਸੀਂ ਦੋਵੇਂ ਜੱਟ ਟੇਢੇ ਚਲਦੇ ਹੋ, ਦੀਦੀ ਨੂੰ ਦੀਦੀ ਕਿਹਾ ਕਰੋ।”

ਮੈਂ ਤਾਂ ਏਨਾ ਆਖ ਕੇ ਸਾਰ ਲਿਆ, “ਜਿਵੇਂ ਤੈਨੂੰ ਬੀਬੀ ਲਫ਼ਜ਼ ਦਾ ਪਤਾ ਨਹੀਂ, ਮੈਨੂੰ ਦੀਦੀ ਦੇ ਅਰਥ ਨਹੀਂ ਆਉਂਦੇ।” ਗੁਰਦੇਵ ਕਈ ਵਾਰ ਟਿੱਚਰ ਕਰਨ ਲੱਗਾ ਅੱਗਾ-ਪਿੱਛਾ ਨਹੀਂ ਸੀ ਦੇਖਦਾ। ਕਹਿੰਦਾ, “ਕੀ ਪਤਾ, ਕੱਲ੍ਹ ਨੂੰ ਰਿਸ਼ਤਾ ਬਦਲ ਜਾਵੇ।” ਕੁਝ ਦਿਨਾਂ ਮਗਰੋਂ ‘ਨਾਗਮਣੀ ਸ਼ਾਮ’ ਸੀ। ਅਸੀਂ ਦੋਵੇਂ ਆਮ ਵਾਂਗ ਕੁਝ ਸਮਾਂ ਪਹਿਲਾਂ ਹੀ ਪਹੁੰਚ ਗਏ। ਅੰਮ੍ਰਿਤਾ ਆਪਣੇ ਕਮਰੇ ਵਿਚੋਂ ਆਈ ਅਤੇ ਬੜੀ ਤਿੱਖੀ ਮੁਸਕਰਾਹਟ ਨਾਲ ਕਹਿੰਦੀ, “ਰੁਪਾਣੇ, ਪਹਿਲੇ ਰਿਸ਼ਤੇ ਨਾਲ ਹੀ ਆਇਆ ਏਂ ਕਿ ਰਿਸ਼ਤਾ ਬਦਲ ਗਿਆ?” ਗੁਰਦੇਵ ਨੇ ਸੋਚਿਆ, ਚੁੱਪ ਰਹਿਣਾ ਜਾਂ ਝਿਪਣਾ ਤਾਂ ਠੀਕ ਨਹੀਂ। ਉਹ ਹੱਸਿਆ, “ਇਹ ਤਾਂ ਦੇਵਿੰਦਰ ਦੀ ਬੇੜੀ ਬੈਠ ਗਈ!” ਸਾਡੇ ਨਾਲ ਹੀ ਉਹ ਵੀ ਹੱਸ ਪਈ ਤੇ ਗੱਲ ਆਈ-ਗਈ ਹੋ ਗਈ।
ਮੈਂ ਹੋਰ ਕਈਆਂ ਦੇ ਤਾਂ ਚੂੰਢੀਆਂ ਵੱਢ ਲੈਂਦਾ ਪਰ ਮੈਥੋਂ ਅੰਮ੍ਰਿਤਾ ਨੂੰ ਟਿੱਚਰ ਨਹੀਂ ਸੀ ਕੀਤੀ ਜਾਂਦੀ। ਵੱਡੇ ਲੇਖਕਾਂ ਨਾਲ ਮੈਂ ਹਮੇਸ਼ਾ ਹੀ ਇਕ ਹੱਦ ਮਿਥ ਕੇ ਚਲਦਾ ਰਿਹਾ ਹਾਂ, ਪਰ ਗੁਰਦੇਵ ਉਹਨੂੰ ਵੀ ਟਿੱਚਰ ਕਰ ਲੈਂਦਾ। ਇਕ ਵਾਰ ਉਹ ਕਹਿੰਦੀ, ਬਈ ਆਪਣਾ ਆਪਣਾ ਜਾਂ ਆਪਣੇ ਆਪਣੇ ਇਸ਼ਕ ਸੁਣਾਓ। ਅਜਿਹੀਆਂ ਗੱਲਾਂ ਵਿਚੋਂ ਉਹਨੂੰ ਬੜਾ ਸੁਆਦ ਆਉਂਦਾ। ਮੈਂ ਇਹ ਆਖ ਕੇ ਗੱਲ ਮੁਕਾ ਦਿੱਤੀ, “ਮੇਰਾ ਵਿਆਹ ਪਹਿਲਾਂ ਹੋਇਆ, ਇਸ਼ਕ ਮਗਰੋਂ। ਪਤਨੀ ਹੀ ਮੇਰੀ ਪ੍ਰੇਮਿਕਾ ਹੈ।” ਉਹਨੂੰ ਅਜਿਹੇ ਜਵਾਬ ਦੀ ਆਸ ਨਹੀਂ ਸੀ। ਉਹਦਾ ਸੁਆਦ ਬਕਬਕਾ ਜਿਹਾ ਹੋ ਗਿਆ ਤੇ ਕਰਾਰਾ ਕਰਨ ਲਈ ਉਹਨੇ ਗੁਰਦੇਵ ਵੱਲ ਦੇਖਿਆ। ਉਹ ਕਹਿੰਦਾ, “ਕਿਉਂ? ਤੁਸੀਂ ਸਵੈਜੀਵਨੀ ਲਿਖ ਰਹੇ ਹੋਂ?” ਉਹ ਹੈਰਾਨ ਹੋਈ, “ਸਵੈਜੀਵਨੀ ਇਸ ਗੱਲ ਵਿਚ ਕਿਥੋਂ ਆ ਗਈ?”
ਗੁਰਦੇਵ ਕਹਿੰਦਾ, “ਸਿਆਣੇ ਬੰਦੇ ਇਸੇ ਤਰ੍ਹਾਂ ਇਸ਼ਾਰੇ ਕਰਦੇ ਹੁੰਦੇ ਐ।
ਇਕ ਕੁੜੀ ਕਹਿੰਦੀ, ਭਲਕੇ ਆਪਣੇ ਘਰ ਇਕ ਜੀਅ ਨਹੀਂ ਹੋਣਾ ਤੇ ਇਕ ਭਾਂਡਾ ਨਹੀਂ ਹੋਣਾ। ਉਹ ਰਾਤ ਨੂੰ ਯਾਰ ਨਾਲ ਨਿੱਕਲ ਗਈ ਤੇ ਜਾਂਦੀ ਹੋਈ ਇਕ ਗਲਾਸ ਵੀ ਲੈ ਗਈ। ਸਵੇਰੇ ਉਹਦੀ ਮਾਂ ਕਹੇ, ‘ਮੇਰੀ ਧੀ ਤਾਂ ਜਾਣੀਜਾਣ ਸੀ, ਕੱਲ੍ਹ ਹੀ ਭਵਿੱਖਵਾਣੀ ਕਰਦੀ ਸੀ, ਇਕ ਜੀਅ ਨਹੀਂ ਹੋਣਾ ਤੇ ਇਕ ਭਾਂਡਾ ਨਹੀਂ ਹੋਣਾ! ਦੇਖ ਲਉ, ਅੱਜ ਹੀ ਸਾਡੇ ਘਰੋਂ ਇਕ ਜੀਅ ਘਟ ਗਿਆ ਤੇ ਇਕ ਭਾਂਡਾ ਘਟ ਗਿਆ।’…ਤੁਸੀਂ ਸਵੈਜੀਵਨੀ ਲਿਖ ਕੇ ਇਸ਼ਕ ਤਾਂ ਆਪਣੇ ਸੁਣਾਉਣੇ ਨੇ,
ਓਸ ਕੁੜੀ ਵਾਂਗੂੰ ਭਵਿੱਖਵਾਣੀ ਸਾਡੇ ਇਸ਼ਕਾਂ ਵਿਚੋਂ ਦੀ ਕਰਦੇ ਹੋ।…ਚਲੋ ਹੁਣ ਆਪਣੇ ਇਸ਼ਕਾਂ ਦਾ ਚਿੱਠਾ ਵੀ ਖੋਲ੍ਹ ਹੀ ਦਿਉ!”
ਉਹ ਹੱਸੀ, “ਚਿੱਠਾ ਤਾਂ ਤੂੰ ਇਉਂ ਕਹਿੰਦਾ ਹੈਂ ਜਿਵੇਂ ਮੇਰੇ ਆਸ਼ਕਾਂ ਦੇ ਨਾਂਵਾਂ ਦੀ ਲਿਸਟ ਬੜੀ ਲੰਮੀ ਹੋਵੇ।…”
ਗੁਰਦੇਵ ਦੇ ਮਨ ਵਿਚ ਤਾਂ ਪਤਾ ਨਹੀਂ ਆਇਆ ਕਿ ਨਹੀਂ ਆਇਆ, ਮੇਰੇ ਮਨ ਵਿਚ ਆਇਆ, ਕਹਾਂ, “ਬੀਬੀ, ਸੁਣਿਆ ਤਾਂ ਇਉਂ ਹੀ ਹੈ!” ਪਰ ਬੀਬੀ ਸੰਬੋਧਨ ਨਾਲ ਇਹ ਗੱਲ ਜਚਦੀ-ਸ਼ੋਭਦੀ ਨਹੀਂ ਸੀ। ਮੈਂ ਵੀ ਚੁੱਪ ਹੀ ਕਰ ਰਿਹਾ। ਅੰਮ੍ਰਿਤਾ ਨੇ ਆਪਣੀ ਗੱਲ ਪੂਰੀ ਕੀਤੀ, “ਮੈਂ ਤਾਂ ਕੁੱਲ ਮਿਲਾ ਕੇ ਡੇਢ ਇਸ਼ਕ ਕੀਤਾ ਹੈ, ਇਕ ਸਾਹਿਰ ਨੂੰ, ਉਸ ਨਾਲੋਂ ਅੱਧਾ ਜੀਤੀ ਨੂੰ। ਪਰ ਇਹ ਸਾਹਿਰ ਦੇ ਇਸ਼ਕ ਦੇ ਮੁਕਾਬਲੇ ਅੱਧਾ ਹੈ, ਉਂਜ ਆਪਣੇ-ਆਪ ਵਿਚ ਉਹਦੇ ਇਸ਼ਕ ਵਾਂਗ ਹੀ ਪੂਰਾ ਹੈ!” ਚਿਤਰਕਾਰ ਵਜੋਂ ਅੰਮ੍ਰਿਤਾ ਦਾ ਇੰਦਰਜੀਤ ਤੋਂ ਬਣਾਇਆ ਇਮਰੋਜ਼ ਅਜੇ ਦੋਸਤਾਂ-ਵਾਕਿਫ਼ਾਂ ਵਾਸਤੇ ਤਾਂ ਇੰਦਰਜੀਤ ਸੀ ਹੀ, ਅੰਮ੍ਰਿਤਾ ਵਾਸਤੇ ਵੀ ਜੀਤੀ ਹੀ ਸੀ। ਇਮਰੋਜ਼ ਬਾਕੀ ਸਭਨਾਂ ਵਾਸਤੇ ਤੇ ਐਮੀ ਇਕੱਲੀ ਅੰਮ੍ਰਿਤਾ ਵਾਸਤੇ ਉਹ ਹੌਲੀ-ਹੌਲੀ ਬਣਿਆ।
ਗੁਰਦੇਵ ਨੇ ਗੱਲ ਮੁਕਾਈ, “ਖ਼ੈਰ, ‘ਅੱਧਾ ਬਰਾਬਰ ਹੈ ਇਕ’ ਜਿਹੇ ਲੇਖੇ-ਜੋਖੇ ਇਸ਼ਕ ਦੇ ਗਣਿਤ ਵਿਚ ਤਾਂ ਸੰਭਵ ਹੁੰਦੇ ਹੀ ਨੇ।”
ਇਮਰੋਜ਼ ਕਿਤੇ ਨੇੜੇ ਹੀ ਫਿਰਦਾ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਹ ਆਇਆ ਤੇ ਅੰਮ੍ਰਿਤਾ ਦੇ ਪਿੱਛੇ ਖਲੋ ਕੇ ਉਹਦੇ ਮੋਢਿਆਂ ਉਤੇ ਬਾਂਹਾਂ ਰਖਦਿਆਂ ਚਿਹਰੇ ਨੂੰ ਬੱਚੇ ਨਾਲ ਲਡਾਈਂਦੇ ਲਾਡ ਵਾਂਗ ਪਲੋਸਣ ਲੱਗ ਪਿਆ। ਉਹ ਕਈ ਵਾਰ ਅਜਿਹਾ ਕਰਦਾ। ਪਤਾ ਨਹੀਂ ਉਹਨੂੰ ਅੰਮ੍ਰਿਤਾ ਨਾਲ ਪਿਆਰ ਦੀ ਇਉਂ ਵਾਰ-ਵਾਰ ਪੁਸ਼ਟੀ ਕਰਨ ਦੀ ਲੋੜ ਕਿਉਂ ਮਹਿਸੂਸ ਹੁੰਦੀ ਸੀ! ਸ਼ਾਇਦ ਉਹ ਦੱਸਣਾ-ਦਿਖਾਉਣਾ ਚਾਹੁੰਦਾ ਸੀ ਕਿ ਉਨ੍ਹਾਂ ਦਾ ਸਾਹਿਰ ਦੇ ਮੁਕਾਬਲੇ ਅੱਧਾ ਪਿਆਰ ਵੈਸੇ ਆਪਣੇ ਆਪ ਵਿਚ ਸੱਚਮੁੱਚ ਹੀ ਪੂਰਾ ਹੈ!
ਮਗਰੋਂ ਗੱਲ ਖੁੱਲ੍ਹੀ, ਅੰਮ੍ਰਿਤਾ ਉਨ੍ਹੀਂ ਦਿਨੀਂ ਸਵੈਜੀਵਨੀ ਲਿਖਣ ਬਾਰੇ ਹੀ ਸੋਚ ਰਹੀ ਸੀ ਜੋ ਸਮੇਂ ਨਾਲ ‘ਰਸੀਦੀ ਟਿਕਟ’ ਦੇ ਰੂਪ ਵਿਚ ਸਾਹਮਣੇ ਆਈ। ਇਹ ਨਾਂ ਉਸ ਨੂੰ ਸਵੈਜੀਵਨੀ ਲਿਖਣ ਬਾਰੇ ਸੋਚਦੀ ਸੁਣ ਕੇ ਕੀਤੀ ਖ਼ੁਸ਼ਵੰਤ ਸਿੰਘ ਦੀ ਇਸ ਟਿੱਪਣੀ ਵਿਚੋਂ ਨਿੱਕਲਿਆ ਸੀ ਕਿ “ਤੇਰੀ ਸਵੈਜੀਵਨੀ ਦਾ ਕੀ ਹੈ, ਰਸੀਦੀ ਟਿਕਟ ਦੇ ਪੁੱਠੇ ਪਾਸੇ ਲਿਖੀ ਜਾ ਸਕਦੀ ਹੈ!” ਖੁਸ਼ਵੰਤ ਸਿੰਘ ਦੇ ਇਨ੍ਹਾਂ ਸ਼ਬਦਾਂ ਪਿੱਛੇ ਕੀ ਅਰਥ ਛੁਪੇ ਹੋਏ ਸਨ ਤੇ ਅੰਮ੍ਰਿਤਾ ਨੇ ਇਨ੍ਹਾਂ ਸ਼ਬਦਾਂ ਦੇ ਕੀ ਅਰਥ ਦੇਖੇ-ਸਮਝੇ, ਇਹ ਤਾਂ ਉਹ ਦੋਵੇਂ ਜਾਣਨ ਪਰ ਇਸ ਟਿੱਪਣੀ ਬਾਰੇ ਮੇਰਾ ਟੀਕਾ ਇਹ ਹੈ ਕਿ ਖੁਸ਼ਵੰਤ ਸਿੰਘ ਕਹਿ ਰਿਹਾ ਸੀ, ਤੇਰੀ ਜ਼ਿੰਦਗੀ ਵਿਚ ਬਹੁਤਾ ਕੁਝ ਉਹ ਵਾਪਰਿਆ ਹੈ ਜੋ ਤੂੰ ਲਿਖਣਾ ਨਹੀਂ ਚਾਹੇਂਗੀ ਤੇ ਜੋ ਕੁਝ ਲਿਖਣਾ ਤੈਨੂੰ ਵਾਰਾ ਖਾਣਾ ਹੈ, ਉਹ ਏਨਾ ਥੋੜ੍ਹਾ ਹੈ ਕਿ ਰਸੀਦੀ ਟਿਕਟ ਦੇ ਪੁੱਠੇ ਪਾਸੇ ਲਿਖੇ ਜਾਣ ਜੋਗਾ ਹੈ!
‘ਨਾਗਮਣੀ ਸ਼ਾਮ’ ਦਾ ਮਾਹੌਲ ਸਿਰਫ ਸਾਹਿਤਕ ਹੀ ਨਹੀਂ ਸੀ ਹੁੰਦਾ, ਰਚਣਈ ਸਾਹਿਤਕ ਹੁੰਦਾ। ਕੋਈ ਰਸਮਵਾਦ ਨਹੀਂ, ਕੋਈ ਉਚੇਚ ਨਹੀਂ। ਅੰਮ੍ਰਿਤਾ ਨੂੰ ਨਵੇਂ ਲੇਖਕਾਂ ਨੂੰ ਲਿਖਣ ਵਾਸਤੇ ਉਤਸ਼ਾਹਿਤ ਤੇ ਪ੍ਰੇਰਿਤ ਕਰਨ ਦੀ ਬੜੀ ਜਾਚ ਤੇ ਜੁਗਤ ਸੀ। ਆਪਣੇ ਤੋਂ ਉਮਰ ਵਿਚ ਛੋਟੇ ਲੇਖਕਾਂ ਵਾਸਤੇ ਉਸ ਕੋਲ ਮੋਹ ਹੀ ਨਹੀਂ, ਮਮਤਾ ਵੀ ਹੁੰਦੀ। ਸਾਹਿਤਕ ਉਤਸ਼ਾਹ ਲੋੜਦੇ ਉਸ ਪੜਾਅ ਸਮੇਂ ਉਹ ਮੈਨੂੰ ਬੜੀ ਸਹਾਈ ਰਹੀ। ਉਸ ਕੋਲੋਂ ਪਰਤਣ ਵੇਲੇ ਕਲਮ ਕੁਝ ਲਿਖਣ ਲਈ ਉਤਾਵਲੀ ਹੋਈ ਹੁੰਦੀ। ਕੁਝ ਸ਼ਾਮਾਂ ਮਗਰੋਂ ਮੈਂ ਕਹਾਣੀ ‘ਓਪਰਾ ਮਰਦ’ ਸੁਣਾਈ। ਸੁਣ ਕੇ ਉਹਨੇ ਇਹ ਕਹਾਣੀ ਮੰਗ ਲਈ ਅਤੇ ‘ਨਾਗਮਣੀ’ ਵਿਚ ਛਾਪੀ। ਇਸ ਕਹਾਣੀ ਨੇ ਜਿਵੇਂ ਉਹਨੂੰ ਮੋਹ ਹੀ ਲਿਆ। ਇਹਨੇ ਕਹਾਣੀਕਾਰ ਵਜੋਂ ਮੇਰਾ ਨਾਂ ਆਮ ਪਾਠਕਾਂ ਵਾਸਤੇ ਵੀ ਜਾਣਿਆ-ਪਛਾਣਿਆ ਬਣਾ ਦਿੱਤਾ। ਕੁਝ ਸਮਾਂ ਮਗਰੋਂ ਇਸੇ ਨਾਂ ਵਾਲੀ ਪੁਸਤਕ ਛਪੀ ਤਾਂ ਸੁਭਾਵਿਕ ਸੀ ਕਿ ਮੈਂ ਪਹਿਲੀ ਕਾਪੀ ਉਹਨੂੰ ਹੀ ਭੇਟ ਕਰਦਾ। ਦੇਖ ਕੇ ਉਹ ਬਹੁਤ ਖੁਸ਼ ਹੋਈ ਅਤੇ ਕਮਰੇ ਵਿਚ ਜਾ ਕੇ ਇਕ ਰੁਪਏ ਦਾ ਨਵਾਂ-ਨਕੋਰ ਨੋਟ ਲੈ ਕੇ ਪਰਤੀ। ਮੇਰੇ ਕੋਲ ਬੈਠ ਕੇ ਉਹਨੇ ਨੋਟ ਦੀ ਸਫੈਦ ਥਾਂ ਉਤੇ ਆਪਣੇ ਦਸਤਖ਼ਤ ਕੀਤੇ ਅਤੇ ਬੋਲੀ, “ਐਹ ਲੈ, ਤੇਰੇ ਓਪਰੇ ਮਰਦ ਨੂੰ ਸ਼ਗਨ।” ਇਹ ਨੋਟ ਮੈਂ ਆਪਣੇ ਵੱਡੇ ਸਾਹਿਤਕ ਸਨਮਾਨਾਂ ਵਿਚ ਰਖਿਆ ਹੋਇਆ ਹੈ।
ਉਹਦੀ ਇਕ ਖਾਸੀਅਤ ਇਹ ਸੀ ਕਿ ਜੇ ਕੋਈ ਰਚਨਾ ਚੰਗੀ ਲਗਦੀ, ਉਹਦੀ ਪਸੰਦ ਨੂੰ ਰਚਨਾਕਾਰ ਨਾਲ ਨੇੜਤਾ ਜਾਂ ਦੂਰੀ, ਦੋਸਤੀ ਜਾਂ ਰੋਸੇ ਦਾ ਕੋਈ ਫਰਕ ਨਹੀਂ ਸੀ ਪੈਂਦਾ। ਮੇਰੇ ਨਾਲ ਗੁੱਸੇ ਹੋਣ ਮਗਰੋਂ ਜਦੋਂ ਕਿਤੇ ਸਬੱਬੀਂ ਮਿਲਣ ਸਮੇਂ ਉਹ ਮੇਰਾ ਸਤਿਕਾਰ ਵੀ ਨਜ਼ਰ ਤਿਰਛੀ ਕਰ ਕੇ ਤੇ ਬੁੱਲ੍ਹ ਨੂੰ ਥੋੜ੍ਹਾ ਮਰੋੜਾ ਦੇ ਕੇ ਪਰਵਾਨ ਕਰਨ ਲੱਗੀ ਸੀ, ‘ਓਪਰਾ ਮਰਦ’ ਪਹਿਲਾਂ ਵਾਂਗ ਹੀ ਪੰਜਾਬੀ ਕਹਾਣੀਆਂ ਦੀ ਉਹਦੀ ਸਿਖਰੀ ਪਸੰਦ ਵਿਚ ਸ਼ਾਮਲ ਰਹੀ। ਪੰਜਾਬੀ ਸੈਕਸ਼ਨ ਸ਼ੁਰੂ ਕਰ ਰਹੇ ਇਕ ਅੰਗਰੇਜ਼ੀ ਪ੍ਰਕਾਸ਼ਕ ਨੇ ਉਹਨੂੰ ਸਲਾਹਕਾਰ ਬਣਾਇਆ ਅਤੇ ਚੋਣਵੀਆਂ ਕਹਾਣੀਆਂ ਦਾ ਇਕ ਸੰਗ੍ਰਿਹ ਤਿਆਰ ਕਰਨ ਵਾਸਤੇ ਕਿਹਾ। ਉਹਨੇ ਰੋਸੇ ਨੂੰ ਲਾਂਭੇ ਛਡਦਿਆਂ ‘ਸੋਨੇ ਦੀਆਂ ਮੋਹਰਾਂ’ ਨਾਂ ਦੇ ਉਸ ਸੰਗ੍ਰਿਹ ਵਿਚ ਸ਼ਾਮਲ ਕਰਨ ਲਈ ਝੱਟ ਕਹਾਣੀ ‘ਓਪਰਾ ਮਰਦ’ ਬਾਰੇ ਮੈਨੂੰ ਸਹਿਮਤੀ ਮੰਗਦਾ ਕਾਰਡ ਲਿਖ ਭੇਜਿਆ।
‘ਨਾਗਮਣੀ ਸ਼ਾਮ’ ਹੁੰਦੀ ਤਾਂ ਉਹਦੇ ਘਰ ਸੀ ਪਰ ਇਹਦਾ ਉਹਦੇ ਘਰ ਦੇ ਜੀਆਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਪਤੀ ਪ੍ਰੀਤਮ ਸਿੰਘ ਨਾਲੋਂ ਆਪਣਾ ਰਾਹ ਉਹਨੇ ਬਹੁਤ ਪਹਿਲਾਂ, ਬਿਨਾਂ ਬਾਹਰ-ਡੁੱਲ੍ਹਵੇਂ ਝਗੜਿਉਂ ਤੇ ਬਿਨਾਂ ਤਲਾਖੋਂ ਵੱਖ ਕਰ ਲਿਆ ਸੀ। ਉਹਨੇ ਆਪਣੀਆਂ ਲਿਖਤਾਂ ਵਿਚ ਕਈ ਵਾਰ ‘ਸ਼ਾਂਤਮਈ’ ਵਖਰੇਵੇਂ ਦਾ ਜ਼ਿਕਰ ਕੀਤਾ ਹੈ। ਪਰ ਸ਼ਾਇਦ ਇਹ ਏਨਾ ਸ਼ਾਂਤਮਈ ਵੀ ਨਹੀਂ ਸੀ। ਇਸੇ ਕਰਕੇ ਤਾਂ ਜਦੋਂ ਬੀਮਾਰੀ ਦੀ ਹਾਲਤ ਵਿਚ ਨਵਰਾਜ ਦਾ ਘਰ ਦੇ ਆਪਣੇ ਵਾਲੇ ਹਿੱਸੇ ਵਿਚ ਲਿਆਂਦਾ ਪ੍ਰੀਤਮ ਸਿੰਘ ਦੋ-ਤਿੰਨ ਸਾਲਾਂ ਦੇ ਲੰਮੇ ਸਮੇਂ ਤੱਕ ਮੌਤ ਦਾ ਮੰਜਾ ਮੱਲੀਂ ਪਿਆ ਰਿਹਾ, ਅੰਮ੍ਰਿਤਾ ਇਕ ਵਾਰ ਵੀ ਉਹਨੂੰ ਦੇਖਣ ਨਹੀਂ ਸੀ ਪਹੁੰਚੀ। ਮੰਨ ਲਵੋ, ਗੱਲ ਉਲਟੀ ਹੁੰਦੀ, ਭਾਵ ਬੀਮਾਰ ਅੰਮ੍ਰਿਤਾ ਹੁੰਦੀ, ਪ੍ਰੀਤਮ ਸਿੰਘ ਉਹਦਾ ਹਾਲ ਪੁਛਦਾ ਜਾਂ ਨਾ, ਇਹ ਹੁਣ ਕਿਆਸ ਦੀ ਗੱਲ ਹੈ।
ਕੰਦਲਾ ਕਦੀ ਆਈ ਤਾਂ ਕੀ, ਇਕ ਵਾਰ ਵੀ ਡਰਾਇੰਗ ਰੂਮ ਵਿਚੋਂ ਲੰਘੀ ਤੱਕ ਨਹੀਂ ਸੀ। ‘ਨਾਗਮਣੀ ਸ਼ਾਮ’ ਵਾਲਿਆਂ ਨੇ ਉਹਦੀ ਸ਼ਕਲ ਵੀ ਨਹੀਂ ਸੀ ਦੇਖੀ ਹੋਈ। ਸ਼ੈਲੀ, ਭਾਵ ਨਵਰਾਜ ‘ਨਾਗਮਣੀ ਸ਼ਾਮ’ ਦਾ ਅੰਗ ਤਾਂ ਕਦੀ ਨਹੀਂ ਸੀ ਬਣਿਆ, ਬੈਠਕ ਵਿਚ ਕਦੀ ਕਦੀ ਕੋਈ ਚੀਜ਼ ਰੱਖਣ-ਚੁੱਕਣ ਜਾਂ ਮਾਂ ਨੂੰ ਕੁਝ ਕਹਿਣ ਜਾਂ ਮਾਂ ਤੋਂ ਕੁਝ ਪੁੱਛਣ ਵਾਸਤੇ ਬੇਝਿਜਕ ਆ ਜਾਂਦਾ। ਸਾਹਿਤ, ਸਾਹਿਤਕਾਰਾਂ ਜਾਂ ‘ਨਾਗਮਣੀ ਸ਼ਾਮ’ ਵਿਚ ਉਹਨੂੰ ਕੋਈ ਦਿਲਚਸਪੀ ਨਹੀਂ ਸੀ ਦਿਸਦੀ।
ਇਕ ‘ਨਾਗਮਣੀ ਸ਼ਾਮ’ ਵਿਚ ਵਾਪਰੀ ਘਟਨਾ ਮੈਨੂੰ ਅੱਜ ਵੀ ਚੇਤੇ ਹੈ। ਜਦੋਂ ਸ਼ੈਲੀ ਉਥੇ ਆਇਆ, ਕਿਸੇ ਲੇਖਕ ਦੀ ਸੁਣਾਈ ਰਚਨਾ ਬਾਰੇ ਚਰਚਾ ਚੱਲ ਰਹੀ ਸੀ ਅਤੇ ਅੰਮ੍ਰਿਤਾ ਨੇ ਆਪਣੇ ਵਿਚਾਰ ਦਸਦਿਆਂ ਪੀਲੂ ਦੀ ਪ੍ਰਸਿੱਧ ਤੁਕ “ਗਲੀਆਂ ਹੋਵਣ ਸੁੰਨੀਆਂ, ਵਿਚ ਮਿਰਜ਼ਾ ਯਾਰ ਫਿਰੇ” ਬੋਲੀ। ਸ਼ੈਲੀ ਲੰਘਿਆ ਜਾਂਦਾ ਕਹਿੰਦਾ, ਮੰਮੀ, ਇਹ ਮਿਰਜ਼ਾ ਗ਼ਾਲਿਬ ਦੀ ਗੱਲ ਹੈ? ਅੰਮ੍ਰਿਤਾ ਸਮੇਤ ਸਭ ਹੱਸ ਪਏ ਤੇ ਉਹ ਕਹਿੰਦੀ, ਇਸ ਮਿਰਜ਼ੇ ਨਾਲ ਤੈਨੂੰ ਫੇਰ ਮਿਲਾਊਂ!
(ਚਲਦਾ)