ਕੇਂਦਰ ਦੀ ਸਾਹਿਤ ਅਕਾਡਮੀ

ਗੁਲਜ਼ਾਰ ਸਿੰਘ ਸੰਧੂ
ਏਸ ਵਰ੍ਹੇ ਦਾ ਕੇਂਦਰੀ ਸਾਹਿਤ ਅਕਾਡਮੀ ਪੁਰਸਕਾਰ ਗਜ਼ਲਗੋ ਜਸਵਿੰਦਰ ਨੂੰ ਮਿਲਣ ਉਤੇ ਗਜ਼ਲਗੋਆਂ ਨੇ ਤਾਂ ਖੁਸ਼ ਹੋਣਾ ਹੀ ਸੀ, ਮੇਰੇ ਵਰਗੇ ਚੰਗੇ ਤੇ ਵਧੀਆ ਗਜ਼ਲ ਦੇ ਰਸੀਏ ਵੀ ਬੜੇ ਖੁਸ਼ ਹਨ। ਪੰਜਾਬੀ ਭਾਸ਼ਾ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਵੀਆਂ ਵਿਚ ਭਾਈ ਵੀਰ ਸਿੰਘ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ ਤੇ ਸੁਰਜੀਤ ਪਾਤਰ ਵਰਗੇ ਮਹਾਰਥੀ ਵੀ ਹਨ ਪਰ

ਗਜ਼ਲ ਦੀ ਵਿਧਾ ਵਿਚ ਇਹ ਸਨਮਾਨ ਜਗਤਾਰ ਤੋਂ ਪਿੱਛੋਂ ਕੇਵਲ ਜਸਵਿੰਦਰ ਨੂੰ ਮਿਲਿਆ ਹੈ। ਬਠਿੰਡਾ ਜ਼ਿਲੇ ਦੇ ਰੇਤਿਆਂ ਦਾ ਜੰਮਪਲ ਇਹ ਕਵੀ ਸੂਖਮਤਾ ਦੀਆਂ ਸਿਖਰਾਂ ਛੂਹਣ ਵਿਚ ਸਭ ਤੋਂ ਅੱਗੇ ਹੈ। ਮੈਨੂੰ ਆਪਣੇ ਵਿਦਿਆਰਥੀ ਜੀਵਨ ਵਿਚ ਬਲਵੰਤ ਗਾਰਗੀ ਦੀ ਪੁਸਤਕ ਸਰਕਦਾ ਆਇਆ ਸਿਵਾ ਵਸਦੇ ਘਰਾਂ ਦੇ ਕੋਲ ਕੋਲ।

ਤੇਰੇ ਦਿਲ ਢਾਹੂ ਜਵਾਬਾਂ ਨਾਲ ਮੈਂ ਮੁੱਕਿਆ ਨਾ ਸੀ,
ਮੈਂ ਉਦੋਂ ਮੁੱਕਿਆ ਜਦੋਂ ਸੀ ਮੁੱਕ ਗਏ ਮੇਰੇ ਸਵਾਲ।

ਤਪਸ਼ ਇਹ ਮੇਰੀ ਚਿਖਾ ਦੀ, ਠਰਦਿਆਂ ਨੂੰ ਦੇ ਦਿਓ,
ਉਮਰ ਭਰ ਬਲਦਾ ਰਿਹਾਂ, ਕੀ ਬਲ ਗਏ ਦਾ ਬਾਲਣਾ।

ਸਿਰਾਂ ‘ਤੇ ਕਿਸ਼ਤੀਆਂ ਧਰ ਕੇ ਮਲਾਹਾਂ ਨੂੰ ਪਿਆ ਮੁੜਨਾ।
ਗਏ ਸੀ ਟਾਪੂਆਂ ਦੀ ਭਾਲ ਵਿਚ ਸਾਗਰ ਗੁਆ ਆਏ।

ਇਹ ਸਰਹੱਦਾਂ ਉਲੰਘੇ ਕਿਉਂ, ਬਗਾਨੇ ਖੇਤ ਕਿਉਂ ਸਿੰਜੇ,
ਫੜੋ ਇਸ ਨੂੰ ਹਕੂਮਤ ਦੀ ਖਿਲਾਫਤ ਕਰ ਗਿਆ ਪਾਣੀ।
ਉਰਦੂ ਗਜ਼ਲਗੋਆਂ ਦੀ ਨੀਅਤ ਕਹਿ ਲਓ ਜਾਂ ਪੰਜਾਬੀ ਵਿਚ ਗਜ਼ਲ ਕਹਿਣ ਤੋਂ ਅਸਮਰਥ ਕਵੀਆਂ ਦੀ ਚੁਤਰਾਈ, ਪੰਜਾਬੀ ਵਾਲੇ ਗਜ਼ਲ ਨੂੰ ਦੂਰੋਂ ਦੂਰੋਂ ਹੀ ਦੁਰਕਾਰਦੇ ਆਏ ਹਨ। ਮੌਲਾ ਬਖਸ਼ ਕੁਸ਼ਤਾ ਦਾ ਦੀਵਾਨ ਛਪਣ ਤੋਂ ਪਿੱਛੋਂ ਮੋਹਨ ਸਿੰਘ, ਈਸ਼ਵਰ ਚਿਤਕਾਰ, ਹਰਿਭਜਨ ਸਿੰਘ, ਜਗਤਾਰ ਤੇ ਸੁਰਜੀਤ ਪਾਤਰ ਨੇ ਆਪਣੇ ਕਾਵਿ ਸੰਗ੍ਰਿਹਾਂ ਵਿਚ ਆਪਣੀ ਰਚਨਾ ਕਾਰੀ ਨੂੰ ਗ਼ਜ਼ਲ ਦਾ ਤੜਕਾ ਤਾਂ ਲਾਇਆ ਪਰ ਇਹ ਯਤਨ ਤੜਕੇ ਤੱਕ ਹੀ ਸੀਮਤ ਰਿਹਾ। ਪਹਿਲਾਂ ਜਗਤਾਰ ਤੇ ਹੁਣ ਜਸਵਿੰਦਰ ਦੋ ਹੀ ਵਿਅਕਤੀ ਹਨ ਜਿਨ੍ਹਾਂ ਨੇ ਨਿਸ਼ੰਗ ਹੋ ਕੇ ਇਸ ਵਿਧਾ ਦਾ ਪੱਲਾ ਫੜਿਆ ਤੇ ਇਸ ਨੂੰ ਸ਼ਿੰਗਾਰਿਆ। ਉਂਜ ਤਾਂ ਸਿਰੀ ਰਾਮ ਅਰਸ਼ ਵੀ ਸੀ ਪਰ ਉਹ ਕਿਧਰੇ ਰਸਤੇ ਵਿਚ ਹੀ ਗੁਆਚ ਗਿਆ।
ਜਸਵਿੰਦਰ ਦੀ ਰਚਨਾਕਾਰੀ ਗਿਣਤੀ ਵਿਚ ਕਿੰਨੀ ਵੀ ਘੱਟ ਹੋਵੇ, ਗੁਣਾਤਮਕ ਪੱਖ ਤੋਂ ਉਤਮ ਹੈ। ਉਸ ਨੇ ਸ਼ਿਅਰ ਦੀ ਸੂਖਮਤਾ ਨੂੰ ਜਿਹੜੀ ਕਲਗੀ ਲਾਈ ਹੈ, ਸਾਹਿਤ ਅਕਾਡਮੀ ਪੁਰਸਕਾਰ ਉਸ ਦੀ ਸ਼ਾਹਦੀ ਭਰਦਾ ਹੈ।
ਜਾਣ ਵੇਲੇ ਮੇਰੇ ਵਲ ਬਾਹਾਂ ਉਲਾਰ ਬਾਲ ਜੇ,
ਪਰਤ ਕੇ ਵੇਖਾਂ ਹੀ ਨਾ, ਏਨਾ ਵੀ ਮੈਂ ਗੌਤਮ ਨਹੀਂ।

ਜੰਗਲ ਖਾਮੋਸ਼ ਅਚਾਨਕ ਚੀਖ ਪਿਆ,
ਤੱਕਿਆ ਜਦ ਆਰੇ ਨੂੰ ਦਸਤਾ ਸੰਦਲ ਦਾ।

ਗਲੀਆਂ ‘ਚ ਬੇਵਫਾਈ ਦਾ ਸ਼ੋਰ ਭਾਵੇਂ ਪਾਇਆ,
ਦਿਲ ਵਿਚ ਖਿਆਲ ਤੇਰਾ ਫਿਰ ਵੀ ਲੁਕੋ ਗਿਆ ਹਾਂ।

ਖੂਬ ਹੈ ਅੰਦਾਜ਼ ਉਨ੍ਹਾਂ ਦਾ ਅਮੀਰੀ ਦੇਣ ਦਾ,
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ ਨਾਲ

ਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ,
ਮੇਰੀਆਂ ਅੱਖਾਂ ‘ਚ ਅੱਧਾ ਹਾੜ੍ਹ ਅੱਧਾ ਸੌਣ ਹੈ।

ਜਸਵਿੰਦਰ ਦੀ ਗਜ਼ਲਗੋਈ ਠੀਕ ਹੀ ਪੰਜਾਬੀ ਜਗਤ ਦੀ ਇਕ ਵਧੀਆ ਪ੍ਰਾਪਤੀ ਹੈ। ਚੁਣਨ ਵਾਲਿਆਂ ਨੂੰ ਵਧਾਈ।
ਮਾਰਚ ਮਹੀਨੇ ਦੇ ਮੌਸਮਾਂ ਦੀ ਗੱਲ: ਫਰਵਰੀ ਮਹੀਨੇ ਦੇ ਅੰਤ ਅਤੇ ਮਾਰਚ ਦੇ ਅਰੰਭ ਵਿਚ ਸਰਦੀ ਦਾ ਅੰਤ ਹੁੰਦਾ ਹੈ ਤੇ ਗਰਮੀ ਦਾ ਅਰੰਭ। ਥੋੜੀ ਜਿਹੀ ਅਣਗਹਿਲੀ ਵਰਤਿਆਂ ਠੰਢ ਲਗ ਸਕਦੀ ਹੈ। ਜੇ ਪਹਾੜਾਂ ਵਿਚ ਬਰਫਬਾਰੀ ਹੋ ਜਾਵੇ ਤਾਂ ਮੈਦਾਨਾਂ ਦੀ ਵਰਖਾ ਸਿੱਟਿਆਂ ਉਤੇ ਆਈ ਕਣਕ ਦੀ ਫਸਲ ਨੂੰ ਧਰਤੀ ਉਤੇ ਲੰਮੀ ਪਾ ਕੇ ਬੇਕਾਰ ਕਰ ਸਕਦੀ ਹੈ। ਕੱਚੇ ਮਕਾਨ ਢਹਿ ਜਾਂਦੇ ਹਨ ਤੇ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ। ਬਰਾਤੀਆਂ ਅਤੇ ਸਕੂਲੀ ਬੱਚਿਆਂ ਦੇ ਵਾਹਨ ਉਨ੍ਹਾਂ ਦੀ ਜਾਨ ਦਾ ਖੌਅ ਬਣ ਜਾਂਦੇ ਹਨ। ਇਸ ਵਾਰੀ ਵੀ ਸਭ ਕੁਝ ਹੋਇਆ।
1984 ਦੇ ਇਨ੍ਹਾਂ ਦਿਨਾਂ ਵਿਚ ਮੈਂ ਕੇਂਦਰ ਦੀ ਸਰਕਾਰ ਦੇ ਕਿਸੇ ਕੰਮ ਸ਼ਿਮਲਾ ਗਿਆ ਹੋਇਆ ਸਾਂ। ਬਰਫਬਾਰੀ ਨੇ ਸ਼ਹਿਰ ਦੀਆਂ ਸੜਕਾਂ ਹੀ ਨਹੀਂ, ਰੁੱਖ ਅਤੇ ਇਮਾਰਤਾਂ ਵੀ ਚਿੱਟੀਆਂ ਕਰ ਛੱਡੀਆਂ ਸਨ। ਇਕ ਬਲਾਕ ਡਿਵੈਲਪਮੈਂਟ ਅਫਸਰ ਆਪਣੇ ਦਫਤਰੋਂ ਘਰ ਨੂੰ ਜਾਂਦਿਆਂ ਸਾਈਕਲ ਦਾ ਪਹੀਆ ਖਿਸਕਣ ਕਾਰਨ ਅਜਿਹੀ ਥਾਂ ਡਿੱਗਿਆ ਕਿ ਉਸ ਨੂੰ ਵਰ੍ਹਦੀ ਬਰਫ ਨੇ ਦਬਾ ਲਿਆ ਤੇ ਉਥੇ ਹੀ ਖਤਮ ਹੋ ਗਿਆ।
ਮਾਰਚ 1966 ਵਿਚ ਬਰਫਬਾਰੀ ਤਾਂ ਨਹੀਂ ਸੀ ਹੋਈ ਪਰ ਮੌਸਮ ਫੇਰ ਵੀ ਸੁਖਾਵਾਂ ਨਹੀਂ ਸੀ। ਮੇਰੇ ਵਿਆਹ ਵਾਲੇ ਦਿਨ ਸਾਡੀ ਜੰਜ ਇੱਕ ਵੱਡੀ ਬੱਸ ਤੇ ਦੋ ਕਾਰਾਂ ਵਿਚ ਮਾਹਿਲਪੁਰ ਤੋਂ ਨੌਸ਼ਹਿਰਾ ਪੰਨੂਆ ਗਈ ਸੀ। ਕਾਰਾਂ ਵਿਚੋਂ ਇੱਕ ਮੇਰੀ ਆਪਣੀ ਸੀ, ਜਿਸ ਨੂੰ ਮੈਂ ਖੁਦ ਹੀ ਡਰਾਇਵ ਕਰ ਰਿਹਾ ਸਾਂ। ਮੇਰੇ ਵਾਲੀ ਕਾਰ ਵਿਚ ਕਵੀ ਮੋਹਨ ਸਿੰਘ, ਅਜੀਤ ਦੇ ਮਾਲਕ ਡਾæ ਸਾਧੂ ਸਿੰਘ ਹਮਦਰਦ ਅਤੇ ਅਕਾਲੀ ਪਤ੍ਰਿਕਾ ਦੇ ਸੰਪਾਦਕ ਸ਼ਾਦੀ ਸਿੰਘ ਵੀ ਸਨ। ਮੈਂ ਨਵੀਂ ਨਵੀਂ ਡਰਾਇਵਰੀ ਸਿੱਖੀ ਸੀ, ਜਲੰਧਰ ਵਿਖੇ ਦੇਰੀ ਹੋ ਜਾਣ ਕਰਕੇ ਲੇਟ ਸਾਂ। ਤੇਜ਼ੀ ਦੇ ਬਾਵਜੂਦ ਬਾਕੀ ਜੰਜ ਨਾਲੋਂ ਬਹੁਤ ਪਛੜ ਕੇ ਪਹੁੰਚਿਆ ਸਾਂ।
ਇਸ ਮਾਰਚ ਦੀਆਂ ਦੁਰਘਟਨਾਵਾਂ ਨੇ ਮੈਨੂੰ ਉਹ ਦਿਨ ਚੇਤੇ ਕਰਵਾ ਦਿੱਤਾ ਹੈ। ਕੋਈ ਵੀ ਭਾਣਾ ਵਰਤ ਸਕਦਾ ਸੀ। ਕਿੰਨੇ ਦਿਲ ਗੁਰਦੇ ਸਨ ਮੇਰੀ ਕਾਰ ਵਿਚ ਬੈਠਣ ਵਾਲੇ। ਉਨ੍ਹਾਂ ਦੀਆਂ ਰੂਹਾਂ ਨੂੰ ਸਲਾਮ!
ਅੰਤਿਕਾ: (ਨਿਦਾ ਫਾਜ਼ਲੀ)
ਜ਼ਿੰਦਾ ਕੈਸੇ ਦੌਰ ਮੇਂ ਹਮ ਹੈਂ।
ਗਮ ਹੈਂ ਜ਼ਿਆਦਾ ਆਂਸੂ ਕਮ ਹੈਂ।
ਜੁਰਮੋ ਕੇ ਹੈ ਪਾਓਂ ਸਲਾਮਤ,
ਇਨਸਾਫੋਂ ਕੇ ਹਾਥ ਕਲਮ ਹੈ।