ਰੱਬੀ ਦਾ ਰਾਹ-ਸੂਫੀ ਸੰਗੀਤ ਦੀ ਸੰਗਤ

ਰੱਬੀ ਸ਼ੇਰਗਿੱਲ ਦਾ ਸੰਗੀਤ-ਰੰਗ ਹੋਰ ਗਵੱਈਆਂ ਤੋਂ ਵੱਖਰਾ ਹੈ, ਉਹਦੇ ਸਰੋਕਾਰ ਵੀ ਵੱਖਰੇ ਹਨ। ਉਹ ਸੰਗੀਤ ਤੋਂ ਅੱਗੇ ਸਿਆਸਤ ਵੱਲ ਵੀ ਉਡਾਣ ਭਰਦਾ ਹੈ। 2013 ਵਿਚ ਜਦੋਂ ਦਿੱਲੀ ਵਿਚ ਆਮ ਆਦਮੀ ਪਾਰਟੀ (ਆਪ) ਨੇ ਸਿਆਸਤ ਦੀ ਦੁਨੀਆਂ ਵਿਚ ਨਵਾਂ ਪਿੜ ਬੰਨ੍ਹਣਾ ਚਾਹਿਆ ਤਾਂ ਰੱਬੀ ਨੇ ਆਪਣੇ ਸੰਗੀਤ ਰਾਹੀਂ ਇਸ ਪਿੜ ਵਿਚ ਪਿੜ ਬੰਨ੍ਹਿਆ।

ਉਹਦੇ ਸੰਗੀਤ ਵਿਚ ਸ਼ਾਇਰੀ ਦਾ ਬੜਾ ਉਚਾ ਮੁਕਾਮ ਹੈ, ਇਸੇ ਕਰ ਕੇ ਹੀ ਉਹ ਹੋਰਾਂ ਤੋਂ ਦੋ ਕਦਮ ਅਗਾਂਹ ਤੁਰਦਾ ਦਿਸਦਾ ਹੈ। -ਸੰਪਾਦਕ

ਰੱਬੀ ਸ਼ੇਰਗਿੱਲ ਪਿਛਲੇ ਸਮੇਂ ਦੌਰਾਨ ਉਭਰਿਆ ਅਜਿਹਾ ਪੰਜਾਬੀ ਸੰਗੀਤਕਾਰ ਅਤੇ ਗਾਇਕ ਹੈ ਜੋ ਆਪਣੇ ਆਲੇ-ਦੁਆਲੇ ਸੰਗੀਤ ਦੀ ਪੂਰੀ ਦੁਨੀਆਂ ਲੈ ਕੇ ਤੁਰਦਾ ਹੈ। ਉਸ ਦਾ ਅੰਦਾਜ਼ ਐਨ ਵੱਖਰਾ ਅਤੇ ਵਿਲੱਖਣ ਵੀ। ਉਸ ਨੇ ਸੂਫ਼ੀ ਸ਼ਾਇਰੀ ਅਤੇ ਸੰਗੀਤ ਦਾ ਅਜਿਹਾ ਸੁਮੇਲ ਕੀਤਾ ਕਿ ਇਸ ਵਿਚੋਂ ਵੱਖਰੀ ਤਰ੍ਹਾਂ ਦਾ ਸੰਗੀਤ ਪੈਦਾ ਹੋਇਆ। ਇਸ ਨਵੇਂ ਸੰਗੀਤ ਸਦਕਾ ਦਰਸ਼ਕਾਂ ਨੇ ਵੀ ਉਸ ਨੂੰ ਇਕ ਤਰ੍ਹਾਂ ਨਾਲ ਪਲਕਾਂ ਉਤੇ ਬਿਠਾਇਆ ਅਤੇ ਸੰਗੀਤ-ਆਲੋਚਕਾਂ ਨੇ ਵੀ ਉਸ ਦੇ ਸੂਫ਼ੀ ਸੰਗੀਤ ਤੇ ਸ਼ਾਇਰੀ ਦੇ ਇਸ ਸੁਮੇਲ ਦੀ ਪ੍ਰਸ਼ੰਸਾ ਕੀਤੀ। ਪਿਛਲੇ ਦਿਨੀਂ ਉਹ ਜਦੋਂ ਚੰਡੀਗੜ੍ਹ ਨੇੜੇ ਮੁਹਾਲੀ ਦੀ ਇਕ ਵਿਦਿਅਕ ਸੰਸਥਾ ਦੌਰਾਨ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਤਾਂ ਉਸ ਨੂੰ ਸਰੋਤਿਆਂ ਦਾ ਠੰਢਾ ਹੁੰਗਾਰਾ ਪ੍ਰੇਸ਼ਾਨ ਕਰ ਗਿਆ। ਉਹ ਬਹੁਤ ਹੈਰਾਨ ਵੀ ਸੀ ਕਿ ਵਿਦਿਆਰਥੀਆਂ ਨੇ ਉਸ ਦੇ ਪ੍ਰੋਗਰਾਮ ਬਾਰੇ ਇੰਨੀ ਖਾਮੋਸ਼ੀ ਕਿਉਂ ਧਾਰੀ! ਉਸ ਦਾ ਕਹਿਣਾ ਸੀ ਕਿ ਬਾਬੇ ਨਾਨਕ ਵਰਗੇ ਗੁਰੂਆਂ ਅਤੇ ਬੁੱਲ੍ਹੇ ਸ਼ਾਹ ਵਰਗੇ ਫਕੀਰਾਂ ਦੇ ਦੇਸ ਪੰਜਾਬ ਵਿਚ ਹੁਣ ਸਿਰਫ ਹਥਿਆਰਾਂ ਅਤੇ ਨਸ਼ਿਆਂ ਦੀ ਹੀ ਗੱਲ ਕਿਉਂ ਭਾਰੂ ਹੋ ਗਈ ਹੈ? ਇਨ੍ਹਾਂ ਸ਼ਖਸੀਅਤਾਂ ਦੀਆਂ ਰਚਨਾਵਾਂ ਵਿਚ ਤਾਂ ਸੰਗੀਤ ਦਾ ਭਰ ਵਗਦਾ ਦਰਿਆ ਤੁਰਦਾ ਦਿਸਦਾ ਹੈ। ਉਹ ਦੰਗ ਹੀ ਰਹਿ ਗਿਆ ਸੀ ਕਿ ਪੰਜਾਬੀ ਦੇ ਹਰ ਤੀਜੇ ਗੀਤ ਵਿਚ ਹਥਿਆਰਾਂ ਦੀ ਹਿੰਸਾ ਅਤੇ ਨਸ਼ਿਆਂ ਦਾ ਨਾਅਰਾ ਬੁਲੰਦ ਹੋਇਆ ਨਜ਼ਰੀਂ ਪੈ ਜਾਂਦਾ ਹੈ। ਹੋਰ ਤਾਂ ਹੋਰ, ਸਾਧਾਰਨ ਗੀਤਾਂ ਦੇ ਵੀ ਜਿਹੜੇ ਵੀਡੀਓ ਤਿਆਰ ਹੁੰਦੇ ਹਨ, ਉਨ੍ਹਾਂ ਵਿਚ ਵੀ ਸਾਰਾ ਮਾਹੌਲ ਪੰਜਾਬ ਅਤੇ ਪੰਜਾਬੀਅਤ ਦੇ ਉਲਟ ਹੀ ਦਿਖਾਇਆ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਫਿਲਮਾਂ ਵੀ ਬਣ ਰਹੀਆਂ ਹਨ, ਉਹ ਵੀ ਮਿਆਰ ਤੋਂ ਬਹੁਤ ਹੇਠਾਂ ਅਤੇ ਊਣੀਆਂ ਹੀ ਰਹਿ ਗਈਆਂ ਹਨ।
ਰੱਬੀ ਸ਼ੇਰਗਿੱਲ ਜਿਸ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਸ਼ੇਰਗਿੱਲ ਹੈ, ਦਾ ਇਤਨੀ ਗਹਿਰਾਈ ਨਾਲ ਸੋਚਣ ਦਾ ਇਕ ਹੀ ਕਾਰਨ ਹੈ ਕਿ ਉਹ ਪੂਰਾ-ਸੂਰਾ ਸੰਗੀਤ ਦੇ ਸੁਹਜ ਨੂੰ ਪ੍ਰਨਾਇਆ ਹੋਇਆ ਹੈ। 1973 ਵਿਚ ਜਨਮੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਦੀ ਪਹਿਲੀ ਐਲਬਮ ḔਰੱਬੀḔ ਸਾਲ 2005 ਵਿਚ ਰਿਲੀਜ਼ ਹੋਈ ਸੀ ਅਤੇ ਉਸ ਤੋਂ ਬਾਅਦ ਉਹ ਰੱਬੀ ਸ਼ੇਰਗਿੱਲ ਹੋ ਗਿਆ। ਇਸ ਐਲਬਮ ਵਿਚ ਸ਼ਾਮਲ ਗੀਤ Ḕਬੁੱਲ੍ਹਾ ਕੀ ਜਾਣਾ ਮੈਂ ਕੌਣḔ ਨੇ ਉਸ ਦੀਆਂ ਧੁੰਮਾਂ ਪੂਰੀ ਦੁਨੀਆਂ ਵਿਚ ਪਾ ਦਿੱਤੀਆਂ। ਪੰਜਾਬੀ ਰੰਗ ਵਿਚ ਰੰਗਿਆ ਉਸ ਦਾ ਇਹ ਸੰਗੀਤ ਅਸਲ ਵਿਚ ਰੌਕ ਸੰਗੀਤ ਸੀ। ਰੱਬੀ ਸ਼ੇਰਗਿੱਲ ਅਜਿਹਾ ਸੰਗੀਤ ਆਪਣੇ ਕਾਲਜ ਦੀਆਂ ਸਟੇਜਾਂ ਉਤੇ ਵੀ ਗਾਹੇ-ਬਗਾਹੇ ਬਿਖੇਰਦਾ ਰਿਹਾ ਸੀ, ਪਰ ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਉਸ ਨੇ ਆਪਣਾ ਵੱਖਰਾ ਸੰਗੀਤ ਜਥਾ ḔਕਾਫਿਰḔ ਬਣਾ ਲਿਆ। ਇਸ ਜਥੇ ਨੇ ਕਈ ਸੰਗੀਤ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ ਅਤੇ ਧਾਂਕ ਜਮਾਈ। ਉਸ ਨੇ Ḕਸੋਨੀ ਮਿਊਜ਼ਿਕḔ ਨਾਲ ਵੀ ਕੁਝ ਸਮਾਂ ਕੰਮ ਕੀਤਾ ਪਰ ਗੱਲ ਨਾ ਬਣ ਸਕੀ। ਕੁਝ ਸਮਾਂ ਉਹਨੇ ḔਤਹਿਲਕਾḔ ਨਾਲ ਵੀ ਲਾਇਆ, ਪਰ ਗੱਲ ਉਥੇ ਦੀ ਉਥੇ ਹੀ ਰਹੀ। ਇਸ ਤੋਂ ਬਾਅਦ ਉਸ ਨੇ Ḕਬੁੱਲ੍ਹਾ ਕੀ ਜਾਣਾ ਮੈਂ ਕੌਣḔ ਦੀ ਰਚਨਾ ਕੀਤੀ ਅਤੇ ਫਿਰ ਤਾਂ ਚੱਲ ਸੋ ਚੱਲ!
ਰੱਬੀ ਸ਼ੇਰਗਿੱਲ ਦੱਸਦਾ ਹੈ ਕਿ ਉਹ ਅੱਜ ਜਿਸ ਮੁਕਾਮ ਉਤੇ ਹੈ, ਉਸ ਵਿਚ ਉਸ ਦੇ ਆਲੇ-ਦੁਆਲੇ, ਖਾਸ ਕਰ ਕੇ ਪਰਿਵਾਰ ਦਾ ਮਾਹੌਲ ਬਹੁਤ ਮਦਦਗਾਰ ਸਾਬਤ ਹੋਇਆ ਹੈ। ਉਸ ਦਾ ਪਿਤਾ ਸਿੱਖ ਪ੍ਰਚਾਰਕ ਸੀ ਅਤੇ ਮਾਂ ਪੰਜਾਬੀ ਦੀ ਸ਼ਾਇਰਾ ਹੋਣ ਦੇ ਨਾਲ ਹੀ ਕਾਲਜ ਪ੍ਰਿੰਸੀਪਲ ਸੀ। ਉਸ ਦੀ ਭੈਣ ਗਗਨ ਗਿੱਲ ਹਿੰਦੀ ਦੀ ਜਾਣੀ-ਪਛਾਣੀ ਸ਼ਾਇਰਾ ਹੈ। ਰੱਬੀ ਸ਼ੇਰਗਿੱਲ ਦੀ ਦੂਜੀ ਐਲਬਮ Ḕਆਵੇਂਗੀ ਜਾਂ ਨਹੀਂḔ 2008 ਵਿਚ ਯਸ਼ਰਾਜ ਮਿਊਜ਼ਿਕ ਨੇ ਰਿਲੀਜ਼ ਕੀਤੀ ਸੀ। ਇਸ ਐਲਬਮ ਵਿਚ 9 ਗੀਤ ਸ਼ਾਮਲ ਸਨ ਅਤੇ ਇਸ ਵਿਚ ਸ਼ਾਮਲ ਫ਼ਿਰਕੂ ਸਦਭਾਵਨਾ, ਸਮਾਜਕ ਜ਼ਿੰਮੇਵਾਰੀ ਅਤੇ ਸਮੂਹਿਕ ਨੈਤਿਕਤਾ ਨੂੰ ਸਮਰਪਿਤ ਗੀਤਾਂ ਨੇ ਇਕ ਵਾਰ ਫਿਰ ਸਰੋਤਿਆਂ ਦਾ ਮਨ ਮੋਹ ਲਿਆ। ਰੱਬੀ ਨੇ ਕੁਝ ਫਿਲਮਾਂ ਲਈ ਵੀ ਗੀਤ ਗਾਏ। ਇਨ੍ਹਾਂ ਵਿਚ ਹਿੰਦੀ ਫਿਲਮ Ḕਦਿੱਲੀ ਹਾਈਟਸḔ ਅਤੇ Ḕਜਬ ਤਕ ਹੈ ਜਾਨḔ ਫਿਲਮ ਦੇ ਗੀਤ ਸ਼ਾਮਲ ਹਨ। ਫਿਲਮ Ḕਜਬ ਤਕ ਹੈ ਜਾਨḔ ਵਿਚ ਉਸ ਨੇ ਜਿਹੜਾ ਗੀਤ ਗਾਇਆ, ਉਹ ਗੁਲਜ਼ਾਰ ਨੇ ਲਿਖਿਆ ਸੀ ਅਤੇ ਇਸ ਦਾ ਸੰਗੀਤ ਏæਆਰæ ਰਹਿਮਾਨ ਨੇ ਤਿਆਰ ਕੀਤਾ ਸੀ। ਇਸ ਨੂੰ ਉਹ ਆਪਣੀ ਪ੍ਰਾਪਤੀ ਦੱਸਦਾ ਹੈ।
-ਗੁਰਬਖਸ਼ ਸਿੰਘ ਸੋਢੀ