‘ਆਪ’ ਦੀ ਹਨੇਰੀ ਅਤੇ ਪੰਜਾਬ

ਪੰਜਾਬ ਟਾਈਮਜ਼ ਦੇ 28 ਫਰਵਰੀ ਦੇ ਅੰਕ ਵਿਚ ਗੁਰਦਿਆਲ ਸਿੰਘ ਬੱਲ ਦਾ ਪੰਜਾਬ ਦੇ ਭਵਿੱਖ ਵਿਚ ਆਮ ਆਦਮੀ ਪਾਰਟੀ (ਆਪ) ਦੇ ਰੋਲ ਬਾਰੇ ਦਿਲਚਸਪ ਲੇਖ ਪੜ੍ਹਿਆ। ਲੇਖਕ ਨੇ ਜਾਤੀ ਅਨੁਭਵਾਂ ਦੀ ਛੋਹ ਨਾਲ ਪਾਰਟੀ ਨੂੰ ਇਕ ਜੱਥੇਬੰਦਕ ਢਾਂਚਾ ਉਸਾਰਨ, ਸੱਚੇ ਸੁੱਚੇ ਅਕਸ ਵਾਲੇ ਨੇਤਾਵਾਂ ਦੀ ਭਾਲ ਕਰਨ ਤੇ ਪ੍ਰੌੜ ਕਾਰਜਵਿਧੀ ਅਪਨਾਉਣ ਦੀ ਲੋੜ ‘ਤੇ ਜੋਰ ਦਿਤਾ ਹੈ।

ਮੇਰੇ ਖਿਆਲ ਵਿਚ ਗੁਰਦਿਆਲ ਬੱਲ ਨੇ ਬੁਨਿਆਦੀ ਨੁਕਤਿਆਂ ‘ਤੇ ਉਂਗਲੀ ਰੱਖੀ ਹੈ। ਪਿਛਲੀਆਂ ਚੋਣਾਂ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਪੱਖ ਵਿਚ ਉਬਾਲ ਤਾਂ ਸੀ ਪਰ ਉਪਰੋਕਤ ਕਮੀਆਂ ਕਾਰਨ ਇਹ ਉਬਾਲ ਬਹੁਤਾ ḔਆਪḔ ਪੱਖੀ ਨਤੀਜਿਆਂ ਵਿਚ ਤਬਦੀਲ ਨਹੀਂ ਸੀ ਹੋ ਸਕਿਆ। ਦਿੱਲੀ ਵਿਚ ਭਰਵੀਂ ਜਿੱਤ ਤੋਂ ਬਾਅਦ ਹੁਣ ਇਸ ਸੂਬੇ ਵਿਚ ਹੇਠਲੇ ਪੱਧਰ ਦੀਆਂ ਚੋਣਾਂ ਨਾ ਲੜ ਕੇ ਆਪਣਾ ਸਮਰਥਨ ਆਧਾਰ ਮਜਬੂਤ ਕਰਨ ਵੱਲ ਧਿਆਨ ਦੇ ਕੇ ḔਆਪḔ ਪਾਰਟੀ ਇਹ ਭੁੱਲ ਠੀਕ ਕਰ ਰਹੀ ਹੈ।
ਸਮੂਚੇ ਭਾਰਤ ਵਾਂਗ ਪੰਜਾਬ ਦੀ ਰਾਜਨੀਤੀ ਵੀ ਆਪਣੇ ਪਤਨ ‘ਤੇ ਪਹੁੰਚੀ ਹੋਈ ਹੈ। ਕੁਰਸੀ ਦੇ ਦੀਵਾਨੇ ਲੀਡਰ ਹਰ ਹੀਲੇ ਸੱਤਾ ਨਾਲ ਚਿੰਬੜੇ ਰਹਿਣਾ ਚਾਹੁੰਦੇ ਹਨ। ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਸੱਤਾ ਮਿਲਦੇ ਹੀ ਭੁੱਲ ਜਾਂਦੇ ਹਨ। ਕੁਨਬਾਪ੍ਰਸਤੀ ਤੇ ਰਿਸ਼ਵਤਖੋਰੀ ਦਾ ਚਾਰੇ ਪਾਸੇ ਬੋਲ ਬਾਲਾ ਹੈ। ਏਜੰਟਾਂ ਰਾਹੀਂ ਪੈਸੇ ਨਾਲ ਅੰਦਰਖਾਤੇ ਸਭ ਕੰਮ ਆਸਾਨੀ ਨਾਲ ਹੁੰਦੇ ਹਨ ਪਰ ਆਮ ਆਦਮੀ ਦੇ ਕੰਮਾਂ ਲਈ ਦਫਤਰਾਂ ‘ਚੋਂ ਮੰਤਰੀ ਤੇ ਬਾਬੂ ਦੋਵੇਂ ਗਾਇਬ ਹੁੰਦੇ ਹਨ। ਇਨ੍ਹਾਂ ਹਾਲਤਾਂ ਵਿਚ ਮੁਲਕ ਦਾ ਨਵਾਂ ਵਿਕਾਸ ਤਾਂ ਕੀ ਹੋਣਾ ਸੀ ਪਹਿਲਾਂ ਹੋਇਆ ਵੀ ਪੁੱਠਾ ਮੁੜੀ ਜਾਂਦਾ ਹੈ। ਸਿੱਖਿਆ, ਸਿਹਤ, ਆਵਾਜਾਈ, ਸਮਾਜ ਭਲਾਈ, ਬਿਜਲੀ, ਪਾਣੀ ਆਦਿ ਦੀਆਂ ਸਹੂਲਤਾਂ ਬੰਦ ਹੋਣ ਕਿਨਾਰੇ ਹਨ। ਸਰਕਾਰੀ ਖਜ਼ਾਨਾ ਖਾਲੀ ਹੋ ਚੁੱਕਾ ਹੈ। ਕੰਮ ਕਰਨ ਵਾਲਿਆਂ ਨੂੰ ਤਨਖਾਹਾਂ ਤੇ ਪੈਨਸਨਾਂ ਨਹੀਂ ਮਿਲਦੀਆਂ। ਵਿਧਾਇਕ ਤੇ ਮੰਤਰੀ ਹਰ ਸ਼ੈਸ਼ਨ ਵਿਚ ਆਪੇ ਹੀ ਆਪਣੇ ਪਰਕ-ਭੱਤੇ ਵਧਾ ਕੇ ਮਾਲਾ-ਮਾਲ ਹੋਈ ਜਾਂਦੇ ਹਨ। ਲੋਹੜੇ ਦੀ ਗੱਲ ਤਾਂ ਇਹ ਹੈ ਕਿ ਹੁਕਮਰਾਨ ਕਿਸੇ ਵੀ ਕੁਤਾਹੀ ਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈਂਦੇ ਸਗੋਂ ਜਵਾਬਦੇਹੀ ਤੋਂ ਪਹਿਲਾਂ ਹੀ ਕਸੂਰਵਾਰ ਕਿਸੇ ਹੋਰ ਨੂੰ, ਖਾਸ ਕਰਕੇ ਕੇਂਦਰ ਸਰਕਾਰ ਨੂੰ ਠਹਿਰਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਈ ਜਾਂਦੇ ਹਨ। ਗੱਲ ਕੀ, ਪੂਰੇ ਪੰਜ ਸਾਲ ਲੋਕਾਂ ਤੇ ਸਰਕਾਰ ਦੋਹਾਂ ਨੂੰ ਦੋਹੀਂ ਹੱਥੀਂ ਲੁੱਟਦੇ ਹਨ ਤੇ ਗਿਰਗਿਟ ਵਾਂਗ ਰੰਗ ਬਦਲ ਕੇ ਅਗਲੀਆਂ ਚੋਣਾਂ ਵਿਚ ਫਿਰ ਆ ਖੜ੍ਹਦੇ ਹਨ। ਚੋਣਾਂ ਵਿਚ ਨਾਜਾਇਜ਼ ਪੈਸਾ ਝੋਕ ਕੇ ਇਨ੍ਹਾਂ ਨੇ ਚੋਣ ਪ੍ਰਕ੍ਰਿਆ ਨੂੰ ਹੀ ਇੰਨਾ ਮਹਿੰਗਾ ਬਣਾ ਦਿਤਾ ਹੈ ਕਿ ਕੋਈ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲਾ ਇਮਾਨਦਾਰ ਵਿਅਕਤੀ ਇਸ ਪਿੜ ਵਿਚ ਪੈਰ ਧਰਨ ਦਾ ਸੁਪਨਾ ਵੀ ਨਹੀਂ ਲੈ ਸਕਦਾ। ਆਮ ਲੋਕ ਖਾਸ ਕਰਕੇ ਨਵੀਆਂ ਪੀੜ੍ਹੀਆਂ ਦੇ ਨੌਜਵਾਨ ਤਾਂ ਇਸ ਭ੍ਰਿਸ਼ਟ ਖੇਡ ਨੂੰ ਹੀ ਰਾਜਨੀਤੀ ਦਾ ਅਸਲੀ ਤੇ ਕੁਦਰਤੀ ਰੂਪ ਸਮਝ ਬੈਠੇ ਹਨ ਤੇ ਇਸੇ ਵਿਚ ਹੀ ਵਿਚਰਨ ਨੂੰ ਆਪਣੇ ਹੋਣੀ ਮੰਨ ਬੈਠੇ ਹਨ।
ਇਸ ਪਿੱਠਭੂਮੀ ਵਿਚ ḔਆਪḔ ਅੰਦੋਲਨ ਇਕ ਕ੍ਰਾਂਤੀ ਤੋਂ ਘੱਟ ਨਹੀਂ ਹੈ ਅਤੇ ਰਾਜਸੀ ਤੌਰ ‘ਤੇ ਲਤਾੜਿਆ ਹੋਇਆ ਹਰ ਪੰਜਾਬੀ ਇਸ ਨੂੰ ਜੀ ਆਇਆਂ ਆਖੇਗਾ। ਪਰ ਡਰ ਇਹ ਹੈ ਕਿ ਕਿਤੇ ਭ੍ਰਿਸ਼ਟ ਰਾਜਨੀਤੀ ਦੀ ਦਲਦਲ ਵਿਚ ਵਿਚ ਆ ਕੇ ਇਹ ਅੰਦੋਲਨ ਠੁਸ ਨਾ ਹੋ ਜਾਵੇ। ਜਿਨ੍ਹਾਂ ਕੁਰਸੀਖੋਰਾਂ ਨੂੰ ਸੱਤਾ ਦੀ ਲਤ ਲੱਗੀ ਹੋਈ ਹੈ, ਉਹ ਆਪਣੀਆਂ ਪਾਰਟੀਆਂ ਛੱਡ ਕੇ ਇਸ ਵਿਚ ਦਾਖਲ ਹੋ ਸਕਦੇ ਹਨ ਤੇ ਇਸ ਨੂੰ ਵੀ ਛੋਟੇ ਜਾਤੀ ਹਿੱਤਾਂ ਦੀ ਲੜਾਈ ਤੇ ਭ੍ਰਿਸ਼ਟਾਚਾਰ ਦਾ ਅਖਾੜਾ ਬਣਾਉਣਗੇ। ਇਸ ਪਾਰਟੀ ਲਈ ਚੰਗਾ ਅਕਸ਼ ਹੀ ਨਹੀਂ, ਆਮ ਆਦਮੀ ਦਾ ਪਿਛੋਕੜ ਤੇ ਲੋਕ-ਹਿੱਤ ਲਈ ਪ੍ਰਬਲ ਪ੍ਰੇਰਣਾ ਵੀ ਜ਼ਰੂਰੀ ਹੈ।
ਇਸ ਲਈ ਆਮ ਆਦਮੀ ਪਾਰਟੀ ਨੂੰ ਪਾਰਟੀ ਦੀ ਮੈਂਬਰਸ਼ਿਪ ਬਾਰੇ ਠੋਸ ਦਿਸ਼ਾ-ਨਿਰਦੇਸ਼ ਨਿਰਧਾਰਤ ਕਰਨੇ ਚਾਹੀਦੇ ਹਨ ਤਾਂ ਜੋ ਗਲਤ ਆਦਮੀ ਇਸ ਦੇ ਢਾਂਚੇ ਵਿਚ ਪ੍ਰਵੇਸ਼ ਹੀ ਨਾ ਕਰ ਸਕੇ। ਪਾਰਟੀ ਦੇ ਸੰਵਿਧਾਨ ਵਿਚ ਭ੍ਰਿਸ਼ਟਾਚਾਰ ਪ੍ਰਤਿ “ਜ਼ੀਰੋ ਟਾਲਰੈਂਸ” ਦਾ ਅਸੂਲ ਖੁਲ੍ਹ ਕੇ ਦਰਜ ਕਰਨਾ ਚਾਹੀਦਾ ਹੈ। ਨਾਲ ਹੀ ਲਾਲ-ਬੱਤੀ ਕਲਚਰ ਤੇ ਹੋਰ ਪ੍ਰਚਲਿਤ ਢੰਗਾਂ ਰਾਹੀਂ ਤਾਕਤ ਦਾ ਨੰਗਾ ਨਾਚ ਖਤਮ ਕਰਨ ਤੇ ਉਚ-ਵਰਗੀ ਸਰਕਾਰੀ ਮੁਹਾਂਦਰਾ ਬਦਲਣ ਬਾਰੇ ਵਚਨਬੱਧਤਾ ਸਪਸ਼ਟ ਸ਼ਬਦਾਂ ਵਿਚ ਦਰਸਾਈ ਜਾਣੀ ਚਾਹੀਦੀ ਹੈ। ਸੰਖੇਪ ਵਿਚ ਆਮ ਆਦਮੀ ਪਾਰਟੀ ਦ੍ਰਿੜਤਾ ਨਾਲ ਇਹ ਹਾਮੀ ਭਰੇ ਕਿ ਇਸ ਦੇ ਰਾਜ ਵਿਚ ਵਿਚ ਵਿਅਕਤੀ ਦਾ ਨਹੀਂ ਸਗੋਂ ਕਾਨੂੰਨ ਦਾ ਰਾਜ ਹੋਵੇਗਾ। ਮੰਤਰੀ ਤੇ ਸੰਤਰੀ ਨਾਲ ਬਰਾਬਰ ਦਾ ਵਿਹਾਰ ਹੋਵੇਗਾ ਤੇ ਕਿਸੇ ਨੂੰ ਵੀ ਕਾਨੂੰਨ ਨਾਲ ਖਿਆਨਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਅਜਿਹਾ ਕਰਨ ਨਾਲ ਇਸ ਪਾਰਟੀ ਦਾ ਆਧਾਰ ਮਜ਼ਬੂਤ ਹੋਵੇਗਾ ਤੇ ਭ੍ਰਿਸ਼ਟ ਲੋਕ ਇਸ ਤੋਂ ਦੂਰ ਰਹਿਣਗੇ।
-ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310