‘ਆਪ’ ਅਤੇ ਪਰਵਾਸੀ ਪੰਜਾਬੀਆਂ ਦੀ ਚਿੰਤਾ

ਪੰਜਾਬ ਟਾਈਮਜ਼ ਦੇ 28 ਫਰਵਰੀ ਦੇ ਅੰਕ ਵਿਚ ਛਪੇ ਗੁਰਦਿਆਲ ਬੱਲ ਦੇ ਲੇਖ ‘ਦਿੱਲੀ ਚੋਣ ਸੁਨਾਮੀ ਦੀਆਂ ਪੰਜਾਬ ਲਈ ਸੰਭਾਵਨਾਵਾਂ’ ਵਿਚ ਬਹੁਤ ਹੀ ਡੂੰਘਾ ਤੇ ਪ੍ਰਭਾਵਸ਼ਾਲੀ ਮੰਥਨ ਕਰਦਿਆਂ ਉਨ੍ਹਾਂ ਨੇ ਪੰਜਾਬ ਵਿਚ ਵੱਖ ਵੱਖ ਥਾਂਵਾਂ ਤੇ ਦੇਸ਼ ਕੌਮ ਨੂੰ ਸਮਰਪਿਤ ਲੋਕਾਂ ਦੀ ਇੱਕ ਲੰਬੀ ਲਿਸਟ ਸਾਡੇ ਸਾਹਮਣੇ ਲਿਆਂਦੀ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦੇ ਬੂਟੇ ਦੀ ਪੰਜਾਬ ਸ਼ਾਖ ਦੇ ਮੌਲਣ ਦੇ ਚੰਗੇ ਆਸਾਰ ਹਨ ਪਰ ਜੇ ਪਾਰਟੀ ਲੀਡਰ ਵੀ ਇਹ ਲੇਖ ਪੜ੍ਹ ਕੇ ਇਸ ਦੀ ਨਬਜ਼ ਪਛਾਣਨ।

ਆਮ ਆਦਮੀ ਪਾਰਟੀ (ਆਪ) ਦੀ ਹੂੰਝਾ ਫੇਰੂ ਜਿੱਤ ਨੇ ਸਭ ਰਾਜਸੀ ਧਿਰਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਲੋਕ ਰਾਏ ਹੀ ਹੈ ਜੋ ਵੱਡੇ ਤੋਂ ਵੱਡਾ ਇਨਕਲਾਬ ਲਿਆ ਸਕਦੀ ਹੈ। ਸ਼ਾਇਦ ਅੱਜ ਹਥਿਅਰਬੰਦ ਇਨਕਲਾਬ ਦੀ ਲੋੜ ਨਹੀਂ। ਭਾਰਤੀ ਰਾਜਨੀਤੀ ਸੈਕੂਲਰਇਜ਼ਮ ਤੋਂ ਦੂਰ ਜਾ ਕੇ ਲੋਕਾਂ ਨੂੰ ਫਿਰਕਿਆਂ, ਧਰਮਾਂ, ਜਾਤਾਂ ਤੇ ਡੇਰਿਆਂ ਦੀ ਤਾਕਤ ‘ਚ ਵੰਡ ਕੇ ਆਪਣਾ ਉਲੂ ਸਿੱਧਾ ਕਰਕੇ 5 ਤੋਂ 50 ਸਾਲ ਰਾਜ ਕਰਨ ਦੇ ਸੁਪਨੇ ਅਤੇ ਲੋਕਾਂ ਨੂੰ ਲਾਰਿਆਂ ਨਾਲ ਬੁਧੂ ਬਣਾ ਕੇ ਲੁੱਟਣ ਦੇ ਸਾਰੇ ਰਾਹ ‘ਆਪ’ ਨੇ ਬੰਦ ਕਰ ਦਿੱਤੇ ਹਨ। ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਸ਼ਾਇਦ ਭਾਰਤੀ ਲੋਕ ‘ਜੋੜੋ ਤੇ ਰਾਜ ਕਰੋ’ ‘ਚ ਬਦਲ ਦੇਣਗੇ। ‘ਆਪ’ ਦੀ ਜਿੱਤ ਸਿਰਫ ਇਸ ਗੱਲ ਨਾਲ ਹੋਈ ਹੈ ਕਿ ਇੱਥੇ ਕਿਸੇ ਵੀ ਧਰਮ, ਜਾਤ ਜਾਂ ਫਿਰਕੇ ਦੇ ਉਮੀਦਵਾਰ ਨੂੰ ਜਿਤਾਉਣ ਲਈ ਲੋਕਾਂ ਨੇ ਵੋਟ ਨਹੀਂ ਪਾਈ ਸਗੋਂ ਇਨਸਾਨੀ ਰਿਸ਼ਤੇ ਨੂੰ ਸਾਹਮਣੇ ਰੱਖਿਆ ਗਿਆ ਹੈ।
ਇੱਥੇ ਆਮ ਆਦਮੀ ਪਾਰਟੀ ਲਈ ਵੀ ਇਹ ਸਮਝਣਾ ਜ਼ਰੂਰੀ ਹੋਵੇਗਾ ਕਿ ਮੌਕਾਪ੍ਰਸਤੀ ਦੀ ਰਾਜਨੀਤੀ ਉਪਰ ਵੀ ਕਰੜੀ ਨਜ਼ਰ ਰੱਖੀ ਜਾਵੇ ਕਿਉਂਕਿ ਪਹਿਲੀਆਂ ਪਾਰਟੀਆਂ ਨੂੰ ਬਹੁਤ ਸਾਰੇ ਮੌਕਾਪ੍ਰਸਤ ਅਤੇ ਸੁਆਰਥੀ ਲੋਕਾਂ ਦੇ ਘੇਰੇ ਨੇ ਦੂਰ-ਅੰਦੇਸ਼ੀ ਨਾਲ ਦੇਖਣ-ਸੁਣਨ ਹੀ ਨਹੀਂ ਦਿੱਤਾ। ਆਪਣੀਆਂ ਚਾਲਾਂ ਵਿਚ ਫਸਾ ਕੇ ਉਨ੍ਹਾਂ ਦਾ ਅੰਤ ਕਰ ਦਿੱਤਾ, ਆਪਣਾ ਸੁਆਰਥ ਸਿੱਧ ਕਰ ਲਿਆ। ਇਸ ਤੱਥ ਦੀ ਪੁਸ਼ਟੀ ਬੱਲ ਨੇ ਆਪਣੇ ਲੇਖ ਵਿਚ ਕੀਤੀ ਹੈ। ਇਹ ਗੱਲ ਬਿਲਕੁਲ ਠੀਕ ਹੈ ਕਿ 1975 ਦੀ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ। ਉਘੇ ਯੁੱਗ ਪੁਰਸ਼ ਜੈ ਪ੍ਰਕਾਸ਼ ਨਰਾਇਣ ਦੇ ਪੈਰੋਕਾਰਾਂ ਦੀਆਂ ਗਲਤੀਆਂ ਨੇ ਛੇਤੀ ਹੀ ਸਰਕਾਰ ਦਾ ਭੋਗ ਪਾ/ਪੁਆ ਦਿੱਤਾ ਸੀ। ਜੇ ਕੋਈ ਪਾਰਟੀ ਦੇਸ਼ ਕੌਮ ਦੀ ਸੇਵਾ ਇਮਾਨਦਾਰੀ ਨਾਲ ਕਰਨ ਦੀਆਂ ਨੀਤੀਆਂ ਨੂੰ ਅਪਨਾਵੇਗੀ, ਲੋਕ ਸਾਥ ਦੇਣਗੇ।
ਹੁਣ ਪੰਜਾਬ ਦਰਦੀਆਂ ਦੀਆਂ ਅੱਖਾਂ ਪੰਜਾਬ ਅਤੇ ਬਾਕੀ ਸੂਬਿਆਂ ‘ਤੇ ਲੱਗੀਆਂ ਹੋਈਆਂ ਹਨ। ਪੰਜਾਬ ਨੇ ਲੰਮਾ ਸਮਾਂ ਸੰਤਾਪ ਭੋਗਿਆ ਹੈ। ਲੋਕਾਂ ਨੂੰ ਅਕਾਲੀ-ਕਾਂਗਰਸ ਤੋਂ ਬਿਨਾਂ ਕੋਈ ਤੀਜਾ ਬਦਲ ਨਜ਼ਰ ਨਹੀਂ ਸੀ ਆ ਰਿਹਾ। ਪੰਜਾਬ ਨੂੰ ਕੰਗਾਲ ਕਰਨ ਦੀ ਸਰਕਾਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ਜੋ ਕਦੇ ਨੰਬਰ ਇੱਕ ਸੂਬਾ ਹੋਇਆ ਕਰਦਾ ਸੀ, ਦੀ ਆਰਥਿਕਤਾ, ਜੁਆਨੀ, ਸੱਭਿਆਚਾਰ- ਸਭ ਕੁਝ ਲੁਟਿਆ ਪੁਟਿਆ ਗਿਆ ਹੈ। ਅੱਜ ਪੰਜਾਬ ਦਾ ਕੋਈ ਵਾਲੀ-ਵਾਰਸ ਨਜ਼ਰ ਨਹੀਂ ਆ ਰਿਹਾ, ਇਹ ਪੂਰੀ ਤਰ੍ਹਾਂ ਯਤੀਮ ਹੋ ਚੁੱਕਾ ਹੈ। ਹੁਣ ‘ਆਪ’ ਦੇ ਸੁਹਿਰਦ ਲੀਡਰਾਂ ਤੇ ਪੰਜਾਬ ਦੇ ਲੋਕਾਂ ਨੂੰ ਸੋਚ-ਸਮਝ ਤੋਂ ਕੰਮ ਲੈ ਕੇ ਦੇਸ਼ ਨੂੰ ਬਾਕੀ ਦੁਨੀਆਂ ਦੇ ਹਾਣ ਦਾ ਬਣਾਉਣ ਲਈ ਮਿਹਨਤ ਕਰਨ ਦੀ ਲੋੜ ਹੈ। ਪੰਜਾਬ ਵਿਚ ਬਹੁਤ ਹੀ ਯੋਗ, ਤੇ ਕੌਮੀ ਦਰਦ ਰੱਖਣ ਵਾਲੇ ਲੋਕ ਮਜੂਦ ਹਨ, ਉਨ੍ਹਾਂ ਦੀ ਯੋਗਤਾ ਦਾ ਲਾਭ ਲੈਣ ਲਈ ਪਾਰਟੀ ਨੂੰ “ਪਾਣੀ ਪੁਣ ਪੁਣ ਪੀਣ” ਦੀ ਲੋੜ ਹੈ। ਪਾਰਟੀ ਨੂੰ ਇੱਕਮੁੱਠ ਰੱਖ ਕੇ ਪਿਛਲੇ ਇਤਿਹਾਸ ਤੋਂ ਸਬਕ ਲੈਂਦਿਆਂ ਨਵਾਂ ਇਤਿਹਾਸ ਸਿਰਜਣ ਦੀ ਲੋੜ ਹੈ।
ਆਸ ਹੈ ਕਿ ਲੋਕਤੰਤਰ ਵਿਚ ਲੋਕ ਰਾਏ ਦੀ ਤਾਕਤ ਦਾ ਜੋ ਕ੍ਰਿਸਮਾਂ ਦਿੱਲੀ ਵਿਧਾਨ ਸਭਾ ਦੀ ਚੋਣ ਵਿਚ ਹੋਇਆ ਹੈ, ਇਹ ਹਵਾ ਹੁਣ ਪੰਜਾਬ ਵਿਚ ਅਤੇ ਪੰਜਾਬ ਦੇ ਆਲੇ-ਦੁਆਲੇ ਵੀ ਵਗੇਗੀ। ਪੰਜਾਬ ਆਪਣਾ ਖੁਸਿਆ ਵੱਕਾਰ ਵਾਪਸ ਹਾਸਲ ਕਰ ਸਕੇਗਾ। ਸ਼ਰਤ ਇਹ ਹੈ ਕਿ ਆਮ ਆਦਮੀ ਪਾਰਟੀ ਆਪਸੀ ਫੁੱਟ ਤੋਂ ਖ਼ਬਰਦਾਰ ਹੋਵੇ, ਤਾਂ ਹੀ ਇਹ ਸੁਪਨੇ ਸੱਚ ਵਿਚ ਬਦਲ ਸਕਦੇ ਹਨ। ਉਮੀਦ ਹੈ ਕਿ ਇਨ੍ਹਾਂ ਕੌੜੀਆਂ ਸੱਚਾਈਆਂ ਨੂੰ ‘ਆਪ’ ਦੇ ਕਾਰਕੁਨ ਉਨੀ ਹੀ ਗੰਭੀਰਤਾ ਨਾਲ ਲੈਣਗੇ, ਜਿੰਨੀ ਗੰਭੀਰਤਾ ਨਾਲ ਪਰਵਾਸੀ ਪੰਜਾਬੀ ਲੈ ਰਹੇ ਹਨ।
-ਸਤਨਾਮ ਸਿੰਘ ਢਾਅ
ਕੈਲਗਰੀ, ਅਲਬਰਟਾ, ਕੈਨੇਡਾ।