ਕਬੀਰ ਬੇਦੀ ਦੇ ਕਹਿਕਹੇ…

ਮਸ਼ਹੂਰ ਅਦਾਕਾਰ ਕਬੀਰ ਬੇਦੀ ਅਤੇ ਵਿਨੋਦ ਖੰਨਾ Ḕਮੈਂ ਤੁਲਸੀ ਤੇਰੇ ਆਂਗਨ ਕੀḔ ਵਰਗੀ ਯਾਦਗਾਰੀ ਫਿਲਮ ਤੋਂ ਬਾਅਦ ਫਿਲਮਸਾਜ਼ ਰੋਹਿਤ ਸ਼ੈਟੀ ਦੀ ਅਗਲੀ ਫਿਲਮ ਵਿਚ ਇਕ ਵਾਰ ਫਿਰ ਇਕੱਠੇ ਆ ਰਹੇ ਹਨ। ਇਸ ਫਿਲਮ ਦਾ ਨਾਂ ਅਜੇ ਰੱਖਿਆ ਨਹੀਂ ਗਿਆ ਹੈ। ਇਸ ਫਿਲਮ ਵਿਚ ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਪੁਰਾਣੀ ਹਿੱਟ ਜੋੜੀ ਨੂੰ ਲਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਵਰੁਣ ਧਵਨ ਅਤੇ ਕ੍ਰਿਤੀ ਸੇਨਨ ਦੀਆਂ ਵੀ ਅਹਿਮ ਭੂਮਿਕਾਵਾਂ ਹੋਣਗੀਆਂ। ਫਿਲਮ ਵਿਚ ਕਬੀਰ ਬੇਦੀ ਕਾਜੋਲ ਦੇ ਪਿਤਾ ਅਤੇ ਵਿਨੋਦ ਖੰਨਾ ਸ਼ਾਹਰੁਖ ਖ਼ਾਨ ਦੇ ਪਿਤਾ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਫਿਲਮ ਬਾਰੇ ਪੁੱਛਣ ‘ਤੇ ਕਬੀਰ ਬੇਦੀ ਜੋ ਕਿਊਬਾ ਵਿਚ ਛੁੱਟੀਆਂ ਮਨਾ ਰਿਹਾ ਹੈ, ਨੇ ਆਪਣੇ ਜਾਣੇ-ਪਛਾਣੇ ਕਹਿਕਹੇ ਲਗਾਉਂਦਿਆਂ ਕਿਹਾ ਕਿ ਰੋਹਿਤ ਨਾਲ ਕੰਮ ਕਰਨਾ, ਤੇ ਉਹ ਵੀ ਵਿਨੋਦ ਵਰਗੇ ਅਦਾਕਾਰ ਨਾਲ, ਉਸ ਨੂੰ ਇਸ ਫਿਲਮ ਦੀ ਬੜੀ ਉਤਸੁਕਤਾ ਹੈ।
ਕਬੀਰ ਬੇਦੀ ਪੰਜਾਬੀ ਪਿਤਾ ਪਿਆਰੇ ਲਾਲ ਬੇਦੀ ਅਤੇ ਬ੍ਰਿਟਿਸ਼ ਔਰਤ ਫਰੀਦਾ ਬੇਦੀ ਦੇ ਘਰ ਪੈਦਾ ਹੋਇਆ ਸੀ। ਉਹਨੇ ਬਹੁਤ ਸਾਲ ਥਿਏਟਰ ਸਟੇਜਾਂ ਉਤੇ ਆਪਣੀ ਅਦਾਕਾਰੀ ਦੀਆਂ ਧੁੰਮਾਂ ਪਾਈਆਂ। ਉਸ ਨੇ ਸ਼ੇਕਸਪੀਅਰ ਦੇ ਨਾਟਕ ḔਓਥੈਲੋḔ ਅਤੇ ਇਕ ਹੋਰ ਮਸ਼ਹੂਰ ਨਾਟਕ ḔਤੁਗਲਕḔ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ। ਉਡੀਸੀ ਡਾਂਸਰ ਪ੍ਰੋਤਿਮਾ ਬੇਦੀ ਤੇ ਕਬੀਰ ਬੇਦੀ ਦੀ ਧੀ ਪੂਜਾ ਬੇਦੀ ਨੇ ਵੀ ਫਿਲਮਾਂ ਵਿਚ ਕੰਮ ਕੀਤਾ ਪਰ ਉਹ ਬਹੁਤੀ ਸਫ਼ਲ ਨਹੀਂ ਹੋ ਸਕੀ। ਕਬੀਰ ਦੇ ਇਕ ਪੁੱਤਰ ਸਿਧਾਰਥ ਬੇਦੀ ਦੀ 26 ਵਰ੍ਹਿਆਂ ਦੀ ਉਮਰ ਵਿਚ 1997 ਵਿਚ ਮੌਤ ਹੋ ਗਈ ਸੀ। ਉਹ ਸਕਿਜ਼ੋਫਰੇਨੀਆ ਦਾ ਮਰੀਜ਼ ਸੀ। ਕਬੀਰ ਬੇਦੀ ਦਾ ਇਕ ਹੋਰ ਪੁੱਤਰ ਐਡਮ ਬੇਦੀ ਕੌਮਾਂਤਰੀ ਪੱਧਰ ਦਾ ਮਾਡਲ ਹੈ। ਐਡਮ ਨੇ ਬਾਲੀਵੁੱਡ ਦੀ ਹਿੰਦੀ ਫਿਲਮ Ḕਹੈਲੋ? ਕੌਨ ਹੈ!Ḕ ਵਿਚ ਕੰਮ ਕੀਤਾ ਸੀ ਪਰ ਉਸ ਦੀ ਗੱਡੀ ਵੀ ਫਿਲਮਾਂ ਵਿਚ ਨਹੀਂ ਰੁੜ੍ਹੀ। ਕਬੀਰ ਬੇਦੀ ਨੇ ਹਾਲੀਵੁੱਡ ਦੀਆਂ ਕਈ ਅਹਿਮ ਫਿਲਮਾਂ ਅਤੇ ਸੀਰੀਅਲਾਂ ਵਿਚ ਕੰਮ ਕੀਤਾ ਹੈ। ਉਸ ਦੀ ਪਹਿਲੀ ਫਿਲਮ ḔਹਲਚਲḔ 1971 ਵਿਚ ਰਿਲੀਜ਼ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ḔਸੀਮਾḔ, Ḕਸਜ਼ਾḔ, Ḕਕੱਚੇ ਧਾਗੇḔ, ḔਅਨਾੜੀḔ ਅਤੇ Ḕਆਖ਼ਰੀ ਕਸਮḔ ਵਰਗੀਆਂ ਦਮਦਾਰ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ।
ਕਬੀਰ ਬੇਦੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਅੱਖਾਂ ਸਦਾ-ਸਦਾ ਲਈ ਬੰਦ ਹੋਣ ਤੱਕ ਫਿਲਮਾਂ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। ਕਲਾ ਤੋਂ ਬਿਨਾਂ ਉਸ ਦੀ ਜ਼ਿੰਦਗੀ ਦਾ ਹੋਰ ਕੋਈ ਅਰਥ ਹੀ ਨਹੀਂ ਹੈ। ਇਸੇ ਕਰ ਕੇ ਉਹ ਆਪਣੀਆਂ ਫਿਲਮਾਂ ਦੀ ਗਿਣਤੀ ਵਧਾਉਣ ਪਿਛੇ ਕਦੇ ਨਹੀਂ ਭੱਜਿਆ, ਉਸ ਨੇ ਉਹੀ ਫਿਲਮ ਕੀਤੀ ਜਿਸ ਦੀ ਪਟਕਥਾ ਉਸ ਨੂੰ ਪਸੰਦ ਆਈ। ਇਸੇ ਕਰ ਕੇ ਅੱਜ ਉਹਦਾ ਸ਼ੁਮਾਰ ਚੋਟੀ ਦੇ ਕਲਾਕਾਰਾਂ ਵਿਚ ਹੁੰਦਾ ਹੈ।
____________________________

ਨਰਗਿਸ ਦੀ ਮੁਹਿੰਮ
ਨਰਗਿਸ ਫਾਖਰੀ ਅੱਜ ਕੱਲ੍ਹ ਆਪਣੀ ਸਿਹਤ ਬਣਾ ਰਹੀ ਹੈ। ਪਿਛਲੇ ਪੰਜ-ਛੇ ਹਫ਼ਤਿਆਂ ਵਿਚ ਹੀ ਉਹ ਆਪਣਾ ਭਾਰ ਤਿੰਨ ਕਿਲੋ ਘਟਾ ਕੇ ਹੋਰ ਵੀ ਪਤਲੀ ਪਤੰਗ ਹੋ ਗਈ ਹੈ। ਕੁਝ ਲੋਕਾਂ ਨੇ ਉਸ ਦੀ ਇਸ ਸਿਹਤ ਮੁਹਿੰਮ ਉਤੇ ਚੁਟਕੀ ਲਈ ਹੈ ਕਿ ਫਾਖਰੀ ਵੀ ਮੁੰਡਿਆਂ ਵਾਂਗ ਐਬਸ ਬਣਾਉਣ ਲੱਗੀ ਹੋਈ ਹੈ। ਉਂਜ ਨਰਗਿਸ ਫਾਖਰੀ ਮੁੱਢ ਤੋਂ ਹੀ ਆਪਣੇ ਖਾਣ-ਪੀਣ ਵੱਲ ਉਚੇਚਾ ਧਿਆਨ ਦਿੰਦੀ ਰਹੀ ਹੈ। ਉਸ ਦੀ ਇਸ ਫਿਗਰ ਕਰ ਕੇ ਹੀ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ।
ਪਾਕਿਸਤਾਨੀ ਪਿਤਾ ਮੁਹੰਮਦ ਫਾਖਰੀ ਅਤੇ ਚੈਕ ਮਾਤਾ ਮੈਰੀ ਫਾਖਰੀ ਦੇ ਘਰ ਜੰਮੀ ਨਰਗਿਸ ਨੇ ਆਪਣਾ ਫਿਲਮ ਕਰੀਅਰ 2011 ਵਿਚ ਫਿਲਮ Ḕਰੌਕ ਸਟਾਰḔ ਨਾਲ ਸ਼ੁਰੂ ਕੀਤਾ ਸੀ। ਉਸ ਨੇ ਹੁਣ ਤੱਕ ਕੁੱਲ ਪੰਜ ਹੀ ਫਿਲਮਾਂ ਕੀਤੀਆਂ ਹਨ ਪਰ ਉਸ ਦੀ ਗਿਣਤੀ ਪਹਿਲੀ ਕਤਾਰ ਦੀਆਂ ਹੀਰੋਇਨਾਂ ਵਿਚ ਹੋਣ ਲੱਗ ਪਈ ਹੈ। ਆਪਣੀ ਦੂਜੀ ਫਿਲਮ Ḕਮਦਰਾਸ ਕੈਫੇḔ ਰਾਹੀਂ ਉਹ ਖੂਬ ਹਿੱਟ ਹੋ ਗਈ ਸੀ। ਤੀਜੀ ਫਿਲਮ Ḕਫਟਾ ਪੋਸਟਰ ਨਿਕਲਾ ਹੀਰੋḔ ਵਿਚ ਉਸ ਨੇ ਸਿਰਫ ਇਕ ਗੀਤ ਗਾਇਆ ਸੀ। Ḕਮੈਂ ਤੇਰਾ ਹੀਰੋḔ ਵਿਚ ਉਸ ਨੇ ਇਕ ਵਾਰ ਫਿਰ ਆਪਣੇ ਸੁਹੱਪਣ ਅਤੇ ਅਦਾਕਾਰੀ ਦਾ ਜਲਵਾ ਵਿਖਾਇਆ। ḔਕਿੱਕḔ ਫਿਲਮ ਵਿਚ ਵੀ ਉਸ ਨੇ ਗੀਤ ਹੀ ਗਾਇਆ ਸੀ। ਅੱਜ ਕੱਲ੍ਹ ਉਹ ਦੋ ਫਿਲਮਾਂ ਬਣਾਉਣ ਵਿਚ ਰੁੱਝੀ ਹੋਈ ਹੈ। ਇਨ੍ਹਾਂ ਵਿਚੋਂ ਇਕ ਹਾਲੀਵੁੱਡ ਫਿਲਮ ḔਸਪਾਈḔ ਹੈ।