ਪੰਜਾਬ ‘ਚ ਨਿੱਕੀਆਂ ਚੋਣਾਂ ਨੇ ਦਿੱਤਾ ਵੱਡਾ ਸੁਨੇਹਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਨੂੰ ਨਵੀਂ ਸੇਧ ਦੇਣ ਵੱਲ ਸੈਨਤ ਮਾਰ ਦਿੱਤੀ ਹੈ। ਇਨ੍ਹਾਂ ਚੋਣਾਂ ਵਿਚ ਕਿਸੇ ਸਿਆਸੀ ਪਾਰਟੀ ਦੀ ਥਾਂ ਉਮੀਦਵਾਰ ਦੇ ਨਿੱਜੀ ਆਧਾਰ ਨੂੰ ਫਤਵਾ ਮਿਲਿਆ ਹੈ। ਸੂਬੇ ਦੀਆਂ 128 ਨਗਰ ਕੌਂਸਲ, ਨਗਰ ਪੰਚਾਇਤਾਂ ਤੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ।

ਚੋਣਾਂ ਵਿਚ ਆਜ਼ਾਦ ਉਮੀਦਵਾਰਾਂ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਦਾ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਤੋਂ ਮੋਹ-ਭੰਗ ਹੋ ਚੁੱਕਾ ਹੈ ਤੇ ਹੁਣ ਉਹ ਲੋਕ ਮਸਲੇ ਚੁੱਕਣ ਵਾਲੀ ਕਿਸੇ ਧਿਰ ਦੀ ਉਡੀਕ ਵਿਚ ਹਨ। ਰਵਾਇਤੀ ਪਾਰਟੀਆਂ ਲਈ ਨਮੋਸ਼ੀ ਦੀ ਗੱਲ ਇਹ ਵੀ ਹੈ ਕਿ ਚੋਣ ਜਿੱਤੇ ਜ਼ਿਆਦਾਤਰ ਆਜ਼ਾਦ ਉਮੀਦਵਾਰ ਇਨ੍ਹਾਂ ਪਾਰਟੀਆਂ ਤੋਂ ਬਾਗੀ ਹੋਏ ਉਮੀਦਵਾਰ ਹਨ।
ਨਗਰ ਕੌਂਸਲਾਂ ਦੇ ਕੁੱਲ 2044 ਵਾਰਡਾਂ ਵਿਚੋਂ 813 ਅਕਾਲੀ, 624 ਆਜ਼ਾਦ, 348 ਭਾਜਪਾ ਤੇ 253 ਉਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਭਾਵੇਂ ਸਭ ਤੋਂ ਵੱਧ ਸੀਟਾਂ ਜਿੱਤਣ ਵਿਚ ਸਫਲ ਰਿਹਾ, ਪਰ ਜਿੱਤ ਪੱਖੋਂ ਦੂਜੇ ਨੰਬਰ ‘ਤੇ ਰਹਿ ਕੇ ਆਜ਼ਾਦ ਉਮੀਦਵਾਰਾਂ ਨੇ ਸਿਆਸੀ ਧਿਰਾਂ ਦੀ ਗਿਣਤੀ-ਮਿਣਤੀ ਹਿਲਾ ਦਿੱਤੀ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਰਾਜਸੀ ਪਾਰਟੀਆਂ ਲਈ ਲੋਕ ਕਚਹਿਰੀ ਵਿਚ ਜਾਣ ਦੀ ਇਹ ਪਹਿਲੀ ਪ੍ਰੀਖਿਆ ਸੀ। ਇਸ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਅਤੇ ਭਾਜਪਾ ਨੂੰ ਵੀ ਆਸ ਮੁਤਾਬਕ ਲੋਕਾਂ ਦਾ ਸਮਰਥਨ ਨਹੀਂ ਮਿਲਿਆ। ਜੇ ਪਾਰਟੀ ਮੁਤਾਬਕ ਮੁਲੰਕਣ ਕੀਤਾ ਜਾਵੇ, ਤਾਂ ਅਕਾਲੀ ਦਲ ਨੂੰ 301 ਵਾਰਡਾਂ ਵਿਚੋਂ ਸਿਰਫ਼ 80, ਭਾਵ 27 ਫ਼ੀਸਦੀ ਵਾਰਡਾਂ ਉਤੇ ਜਿੱਤ ਹਾਸਲ ਹੋਈ ਹੈ। ਇਸੇ ਤਰ੍ਹਾਂ ਭਾਜਪਾ ਨੂੰ 28 ਫ਼ੀਸਦੀ, ਭਾਵ 85 ਵਾਰਡਾਂ ਵਿਚ ਸਫ਼ਲਤਾ ਮਿਲੀ। ਦੂਜੇ ਪਾਸੇ ਕਾਂਗਰਸ 22 ਫ਼ੀਸਦੀ ਅਤੇ ਆਜ਼ਾਦ 21 ਫ਼ੀਸਦੀ ਵਾਰਡ ਜਿੱਤਣ ਵਿਚ ਸਫ਼ਲ ਰਹੇ। ਇਨ੍ਹਾਂ ਦੋਵਾਂ ਨੂੰ ਕ੍ਰਮਵਾਰ 67 ਤੇ 64 ਥਾਂਵਾਂ ‘ਤੇ ਜਿੱਤ ਮਿਲੀ ਹੈ। ਬਸਪਾ ਵੀ ਦੋ ਥਾਂ ਖਾਤਾ ਖੋਲ੍ਹਣ ਵਿਚ ਸਫ਼ਲ ਰਹੀ।
ਉਧਰ, ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ ਵੀ ਆਜ਼ਾਦ ਉਮੀਦਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਬਰਾਬਰ ਦੀ ਟੱਕਰ ਦਿੱਤੀ ਹੈ। ਮੁਹਾਲੀ ਵਿਚ ਅਕਾਲੀ ਦਲ ਨੂੰ 16, ਭਾਜਪਾ ਨੂੰ ਸੱਤ ਤੇ ਕਾਂਗਰਸ ਨੂੰ 14 ਸੀਟਾਂ ਮਿਲੀਆਂ ਜਦੋਂ ਕਿ 17 ਵਾਰਡਾਂ ਤੋਂ ਆਜ਼ਾਦ ਚੋਣ ਜਿੱਤ ਗਏ। ਫਗਵਾੜਾ ਵਿਚ ਅਕਾਲੀ ਦਲ ਦੇ 9, ਭਾਜਪਾ ਦੇ 16, ਕਾਂਗਰਸ ਦੇ 14, ਆਜ਼ਾਦ 9 ਤੇ ਬਸਪਾ ਦੇ ਦੋ ਉਮੀਦਵਾਰ ਜੇਤੂ ਰਹੇ। ਬਠਿੰਡਾ ਵਿਚ ਅਕਾਲੀ ਦਲ 21, ਭਾਜਪਾ ਅੱਠ, ਕਾਂਗਰਸ 10 ਤੇ 10 ਵਾਰਡਾਂ ‘ਤੇ ਆਜ਼ਾਦ ਜੇਤੂ ਰਹੇ।
ਹੁਸ਼ਿਆਰਪੁਰ ਵਿਚ ਅਕਾਲੀ ਦਲ ਨੂੰ 10, ਭਾਜਪਾ 17 ਤੇ ਕਾਂਗਰਸ ਨੂੰ 17 ਸੀਟਾਂ ਮਿਲੀਆਂ ਜਦਕਿ ਛੇ ਆਜ਼ਾਦ ਉਮੀਦਵਾਰ ਜਿੱਤੇ। ਮੋਗਾ ਵਿਚ ਅਕਾਲੀ ਦਲ ਨੂੰ 24, ਭਾਜਪਾ ਨੂੰ ਅੱਠ ਤੇ ਕਾਂਗਰਸ ਇਕ ਵਾਰਡ ‘ਤੇ ਜਿੱਤ ਮਿਲੀ ਜਦਕਿ 17 ਆਜ਼ਾਦ ਉਮੀਦਵਾਰ ਵੀ ਚੋਣ ਜਿੱਤ ਗਏ। ਪਠਾਨਕੋਟ ਵਿਚ ਅਕਾਲੀਆਂ ਦਾ ਸਫਾਇਆ ਹੋ ਗਿਆ। ਇਥੇ ਭਾਜਪਾ ਨੂੰ 29 ਸੀਟਾਂ ਮਿਲੀਆਂ। ਕਾਂਗਰਸ ਦੇ 11 ਤੇ 9 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਲ ਕੀਤੀ ਹੈ।
ਤਕਰੀਬਨ ਪੌਣੇ ਦੋ ਸਾਲ ਬਾਅਦ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫ਼ਾਈਨਲ ਮੰਨੀ ਜਾਣ ਵਾਲੀ ਇਹ ਚੋਣ ਪੰਜਾਬ ਦੇ ਸਿਆਸੀ ਸਫ਼ਬੰਦੀ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ। ਸਿਆਸੀ ਮਾਹਿਰ ਇਹ ਵੀ ਮੰਨ ਰਹੇ ਹਨ ਕਿ ਸਮਾਂ ਘੱਟ ਹੋਣ ਦੇ ਬਾਵਜੂਦ ਜੇ ਆਮ ਆਦਮੀ ਪਾਰਟੀ (ਆਪ) ਦੇ ਚੋਣ ਨਿਸ਼ਾਨ ‘ਝਾੜੂ’ ਉਤੇ ਉਮੀਦਵਾਰ ਨਿੱਤਰੇ ਹੁੰਦੇ ਤਾਂ ਸੂਬੇ ਦੀ ਸਿਆਸੀ ਤਸਵੀਰ ਹੋਰ ਵੀ ਬਦਲ ਸਕਦੀ ਸੀ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਆਗੂਆਂ ਦੇ ਆਪਣੇ ਹਲਕੇ ਵਿਚ ਖੁੱਸ ਰਹੇ ਆਧਾਰ ਨੂੰ ਵੀ ਨਸ਼ਰ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਜੱਦੀ ਹਲਕੇ ਕਾਦੀਆਂ ਦੇ ਵਾਰਡ ਨੰਬਰ ਤਿੰਨ ਵਿਚੋਂ ਵੀ ਕਾਂਗਰਸ ਨੂੰ ਜਿਤਾ ਨਹੀਂ ਸਕੇ, ਜਿਥੇ ਉਨ੍ਹਾਂ ਦੇ ਪਰਿਵਾਰ ਦੀਆਂ ਵੋਟਾਂ ਬਣੀਆਂ ਹੋਈਆਂ ਹਨ।
ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਭਾਰੀ ਬਹੁਮਤ ਨਾਲ ਪਟਿਆਲਾ ਜ਼ਿਮਨੀ ਚੋਣ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਹਲਕੇ ਪਟਿਆਲਾ ਵਿਚ ਵੀ 2 ਵਾਰਡਾਂ ਵਾਸਤੇ ਹੋਏ ਜ਼ਿਮਨੀ ਚੋਣ ਵਿਚ ਕਾਂਗਰਸ ਹਾਰ ਗਈ ਹੈ ਜਦੋਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਜੱਦੀ ਲੋਕ ਸਭਾ ਅਧੀਨ ਆਉਂਦੇ ਮਾਨਸਾ ਜ਼ਿਲ੍ਹੇ ਵਿਚ ਬਹੁਤੇ ਥਾਂਵਾਂ ਉਪਰ ਅਕਾਲੀਆਂ ਨੂੰ ਮੂੰਹ ਦੀ ਖਾਣੀ ਪਈ ਹੈ। ਆਮ ਆਦਮੀ ਪਾਰਟੀ ਨੇ ਭਾਵੇਂ ਇਹ ਚੋਣਾਂ ਨਾ ਲੜਨ ਦਾ ਐਲਾਨ ਕੀਤਾ, ਇਸ ਦੇ ਬਾਵਜੂਦ ਬਹੁਤ ਸਾਰੇ ਵਰਕਰਾਂ ਨੇ ਆਜ਼ਾਦ ਚੋਣਾਂ ਲੜੀਆਂ ਅਤੇ ਪਾਰਟੀ ਆਗੂਆਂ ਦੇ ਬੈਨਰ ਤੇ ਮਾਟੋ ਵੀ ਦੇਖਣ ਨੂੰ ਮਿਲਦੇ ਰਹੇ।