‘ਆਪ’ ਵਿਚ ਆਪੋ-ਧਾਪ

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਦੀ ਗਿਣਤੀ-ਮਿਣਤੀ ਹਿਲਾਉਣ ਵਾਲੀ ਆਮ ਆਦਮੀ ਪਾਰਟੀ (ਆਪ) ਅੰਦਰੂਨੀ ਕਲੇਸ਼ ਵਿਚ ਉਲਝ ਗਈ ਹੈ। ‘ਆਪ’ ਦੀ ਕੇਂਦਰੀ ਇਕਾਈ ਵਿਚ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਉਤੇ ‘ਇਕ ਬੰਦਾ-ਇਕ ਅਹੁਦਾ’ ਦੀ ਮੰਗ ਨੂੰ ਲੈ ਕੇ ਗੰਭੀਰ ਮਤਭੇਦ ਪੈਦਾ ਹੋ ਗਏ ਹਨ

ਤੇ ਪਾਰਟੀ ਦੇ ਸੀਨੀਅਰ ਆਗੂ ਪ੍ਰਸ਼ਾਂਤ ਭੂਸ਼ਨ ਤੇ ਯੋਗੇਂਦਰ ਯਾਦਵ ‘ਤੇ ਕੇਜਰੀਵਾਲ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦੇ ਯਤਨਾਂ ਦੇ ਦੋਸ਼ ਲੱਗੇ ਹਨ। ਦੂਜੇ ਪਾਸੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ‘ਕੋਝੀ ਲੜਾਈ’ ਨੇ ਲੋਕਾਂ ਵਲੋਂ ਪਾਰਟੀ ਵਿਚ ਪ੍ਰਗਟਾਇਆ ਭਰੋਸਾ ਤੋੜਿਆ ਹੈ।
ਪਾਰਟੀ ਦਾ ਅੰਦਰੂਨੀ ਸੰਕਟ ਉਸ ਸਮੇਂ ਡੂੰਘਾ ਹੋ ਗਿਆ ਸੀ ਜਦੋਂ ਪ੍ਰਸ਼ਾਂਤ ਭੂਸ਼ਣ ਵਲੋਂ ਪਿਛਲੇ ਹਫ਼ਤੇ ਲਿਖੀ ਚਿੱਠੀ ਜਨਤਕ ਹੋ ਗਈ ਸੀ। ਇਸ ਚਿੱਠੀ ਵਿਚ ਭੂਸ਼ਣ ਨੇ ਕਿਹਾ ਸੀ ਕਿ ‘ਇਕ ਵਿਅਕਤੀ ਕੇਂਦਰਤ’ ਪ੍ਰਚਾਰ ਮੁਹਿੰਮ ਨਾਲ ਪਾਰਟੀ ਦੂਜੀਆਂ ਪਾਰਟੀਆਂ ਵਾਂਗ ਦਿਖੇਗੀ ਅਤੇ ਉਨ੍ਹਾਂ ਨੇ ਪਾਰਟੀ ਅੰਦਰ ਜ਼ਿਆਦਾ ਸਵੈਰਾਜ ਦੀ ਪੈਰਵੀ ਕੀਤੀ ਸੀ। ਯਾਦਵ ਦੇ ਨਾਲ ਭੂਸ਼ਣ ਨੇ ਕੌਮੀ ਕਾਰਜਕਾਰਨੀ ਨੂੰ ਸਾਂਝੀ ਚਿੱਠੀ ਵੀ ਦਿੱਤੀ ਸੀ ਅਤੇ ਨੈਤਿਕਤਾ ਤੇ ਸ਼ਿਕਾਇਤ ਕਮੇਟੀ ਦੀਆਂ ਗੱਲਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਸੀ।
ਦੱਸਣਯੋਗ ਹੈ ਕਿ ‘ਆਪ’ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀæਏæਸੀæ) ਦੇ ਮੈਂਬਰ ਪ੍ਰਸ਼ਾਂਤ ਭੂਸਣ ਵੱਲੋਂ 26 ਫਰਵਰੀ ਨੂੰ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਲਿਖੇ ਪੱਤਰ ਵਿਚ ਕਈ ਨੁਕਤੇ ਉਠਾਏ ਸਨ। ਸ੍ਰੀ ਭੂਸ਼ਣ ਮੁਤਾਬਕ ਹੋਰ ਪਾਰਟੀਆਂ ਵਿਚੋਂ ਲਿਆਂਦੇ ਉਮੀਦਵਾਰਾਂ ਨਾਲ ਪਾਰਟੀ ਮੂਲ ਸਿਧਾਂਤ ਤੋਂ ਪਿੱਛੇ ਹਟੀ ਹੈ। ਪੀæਏæਸੀæ ਦੇ ਕਈ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਸੀ। ਸ੍ਰੀ ਭੂਸ਼ਣ ਨੇ ਪਾਰਟੀ ਦੀ ਪਾਰਦਰਸ਼ਿਤਾ ਅਤੇ ਜਵਾਬਦੇਹੀ ਉਤੇ ਕਿੰਤੂ ਕਰਦੇ ਹੋਏ ਕਿਹਾ ਹੈ ਕਿ ‘ਆਪ’ ਨੇ ਫੰਡ ਦੀ ਰਾਸ਼ੀ ਤਾਂ ਵੈਬਸਾਈਟ ‘ਤੇ ਪਾਈ ਹੈ, ਪਰ ਇਸ ਦੇ ਖ਼ਰਚੇ ਵੀ ਜਨਤਕ ਕਰਨੇ ਚਾਹੀਦੇ ਹਨ।
ਪਾਰਟੀ ਨੇ ਕੌਮੀ ਕਾਰਜਕਾਰਨੀ ਤੇ ਪੀæਏæਸੀæ ਦੇ ਫ਼ੈਸਲੇ ਵੀ ਵੈਬਸਾਈਟ ‘ਤੇ ਨਹੀਂ ਪਾਏ। ਉਮੀਦਵਾਰਾਂ ਦੀ ਚੋਣ ਦੇ ਮਾਮਲੇ ਵਿਚ ਵੀ ਵਲੰਟੀਅਰਾਂ ਦੀ ਸੱਦ-ਪੁੱਛ ਨਹੀਂ। ਨਾ ਹੀ ਉਮੀਦਵਾਰਾਂ ਦੇ ਨਾਂ ਅਤੇ ਉਨ੍ਹਾਂ ਦਾ ਜੀਵਨ ਵੇਰਵੇ ਜਨਤਕ ਕੀਤੇ ਗਏ ਹਨ।
________________________________________
ਪੰਜਾਬ ਵਿਚ ਵੀ ਨਹੀਂ ਖੈਰਾਂæææ
ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਵੀ ਘਮਾਸਾਣ ਚੱਲ ਰਿਹਾ ਹੈ। ਪੰਜਾਬ ਇਕਾਈ ਦਾ ਮਾਮਲਾ ਹੁਣ ਦਿੱਲੀ ਦਰਬਾਰ ਪੁੱਜ ਗਿਆ ਹੈ ਜਿਸ ਕਾਰਨ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਕੁਰਸੀ ਨੂੰ ਵੀ ਖ਼ਤਰਾ ਖੜ੍ਹਾ ਹੋ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦੀ ‘ਆਪ’ ਵਿਚ ਸ਼ਮੂਲੀਅਤ ਦੇ ਮਾਮਲੇ ਨੇ ਪਾਰਟੀ ਆਗੂਆਂ ਵਿਚ ਦੂਰੀ ਵਧਾ ਦਿੱਤੀ ਹੈ। ਪਾਰਟੀ ਦੇ ਪੰਜਾਬ ਤੋਂ ਚਾਰ ਸੰਸਦ ਮੈਂਬਰਾਂ ਵੱਲੋਂ ਸ਼ ਛੋਟੇਪੁਰ ਉਤੇ ਆਪਹੁਦਰੇਪਣ ਦੇ ਦੋਸ਼ ਲਾਏ ਜਾ ਰਹੇ ਹਨ। ਅਸਲ ਵਿਚ ਸੰਸਦ ਮੈਂਬਰਾਂ ਸਮੇਤ ਸੂਬੇ ਦੇ ਕਈ ਹੋਰ ਆਗੂ, ਸੁਖਪਾਲ ਸਿੰਘ ਖਹਿਰਾ ਨੂੰ ‘ਆਪ’ ਵਿਚ ਸ਼ਾਮਲ ਕਰਨ ਦੇ ਹੱਕ ਵਿਚ ਨਹੀਂ ਹਨ। ਸ਼ ਛੋਟੇਪੁਰ ਦੀ ‘ਕਾਹਲ’ ਜਿਥੇ ਸੰਸਦ ਮੈਂਬਰਾਂ ਦੀ ਨਾਰਾਜ਼ਗੀ ਦਾ ਕਾਰਨ ਬਣੀ, ਉਥੇ ਸ਼ ਖਹਿਰਾ ਦੀ ‘ਆਪ’ ਵਿਚ ਸ਼ਮੂਲੀਅਤ ਦੇ ਰਾਹ ਵਿਚ ਅੜਿੱਕਾ ਬਣ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਜਗਮੀਤ ਸਿੰਘ ਬਰਾੜ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਵੀ ਇਹੋ ਹਸ਼ਰ ਹੋਇਆ ਸੀ।
ਪਾਰਟੀ ਦੇ ਤਿੰਨ ਸੰਸਦ ਮੈਂਬਰ ਪਹਿਲਾਂ ਹੀ ਸੂਬਾਈ ਕਨਵੀਨਰ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਨਾਰਾਜ਼ ਹਨ ਅਤੇ ਉਹ ਉਨ੍ਹਾਂ ਵੱਲੋਂ ਸੱਦੀਆਂ ਮੀਟਿੰੰਗਾਂ ਵਿਚ ਵੀ ਸ਼ਾਮਲ ਨਹੀਂ ਹੋ ਰਹੇ। ਇਥੋਂ ਤੱਕ ਕਿ ਪਾਰਟੀ ਵਲੋਂ ‘ਦਰਦ ਪੰਜਾਬ ਦਾ ਮੁਹਿੰਮ’ ਦੇ ਆਗਾਜ਼ ਵੇਲੇ ਮੁਹਾਲੀ ਵਿਚ ਰੱਖੇ ਪ੍ਰੋਗਰਾਮ ਵਿਚ ਕੋਈ ਵੀ ਸੰਸਦ ਮੈਂਬਰ ਮੌਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਇਕਾਈ ਦੀਆਂ ਸਰਗਰਮੀਆਂ ਉਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਕਿਉਕਿ ਸ੍ਰੀ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਤੋਂ ਵੱਡੀਆਂ ਆਸਾਂ ਹਨ ਤੇ ਉਹ ਪੰਜਾਬ ਦਾ ਲੰਬਾ ਦੌਰਾ ਕਰਨ ਦਾ ਪ੍ਰੋਗਰਾਮ ਬਣਾ ਰਹੇ ਹਨ।