‘ਆਪ’ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਦਮਖਮ ਵਿਖਾਉਣ ਲਈ ਤਿਆਰੀਆਂ

ਮੁਹਾਲੀ: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਪੈਰ ਜਮਾਉਣ ਲਈ ਮਿਸ਼ਨ ਪੰਜਾਬ ਵਿਧਾਨ ਸਭਾ ਚੋਣਾਂ 2017 ਦਾ ਜ਼ੋਰ-ਸ਼ੋਰ ਨਾਲ ਆਗਾਜ਼ ਕਰਕੇ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸੀਆਂ ਦੀ ਨੀਂਦ ਉਡਾ ਦਿੱਤੀ ਹੈ। ‘ਆਪ’ ਵਲੋਂ ਸੂਬੇ ਵਿਚ ਕਈ ਥਾਂਈਂ ਰੋਡ ਸ਼ੋਅ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਹੈ।

ਪਾਰਟੀ ਵਲੋਂ ‘ਹਾਲ ਪੰਜਾਬ ਦਾ-ਦਰਦ ਪੰਜਾਬ ਦਾ’ ਮੁਹਿੰਮ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਆਪਣੇ ਬਲਬੂਤੇ ‘ਤੇ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਉਤੇ ਚੋਣ ਲੜੇਗੀ। ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਆਮ ਲੋਕਾਂ ਦਾ ਦਿਲ ਜਿੱਤਣ ਲਈ ਚੰਗੇ ਕਿਰਦਾਰ ਵਾਲੇ ਵਿਅਕਤੀ ਹੀ ਚੋਣ ਮੈਦਾਨ ਵਿਚ ਉਤਾਰੇ ਜਾਣ। ਉਨ੍ਹਾਂ ਦੱਸਿਆ ਕਿ ‘ਆਪ’ ਨੇ ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਇਸ ਕਰਕੇ ਨਹੀਂ ਲੜੀਆਂ, ਕਿਉਂਕਿ ਉਨ੍ਹਾਂ ਕੋਲ ਏਨਾ ਸਮਾਂ ਨਹੀਂ ਸੀ ਕਿ ਚੋਣਾਂ ਲਈ ਰਣਨੀਤੀ ਘੜੀ ਜਾ ਸਕੇ। ਇੰਨੇ ਘੱਟ ਸਮੇਂ ਵਿਚ ਸਹੀ ਉਮੀਦਵਾਰਾਂ ਦੀ ਚੋਣ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਿੱਲੀ ਫਤਹਿ ਕਰਨ ਮਗਰੋਂ ਦੇਸ਼ ਵਿਚ ਸਿਆਸੀ ਸਮੀਕਰਨ ਬਦਲੇ ਹਨ ਤੇ ਨਵੀਂ ਰਾਜਨੀਤਕ ਕ੍ਰਾਂਤੀ ਆਈ ਹੈ। ਇਸ ਕਰਕੇ ਹੁਣ ‘ਆਪ’ ਦੀ ਵੀ ਪੁੱਛ-ਪ੍ਰਤੀਤ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਪਣੇ ਬਲਬੂਤੇ ‘ਤੇ ਵਿਧਾਨ ਸਭਾ ਚੋਣਾਂ ਲੜੇਗੀ। ਪੰਜਾਬ ਵਿਚ ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਸਮੇਤ ਅਪਰਾਧ ਨੂੰ ਠੱਲ੍ਹ ਪਾਉਣ ‘ਤੇ ਜ਼ੋਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਭਾਜਪਾ ਨੂੰ ਕਿਸਾਨਾਂ ਦੀ ਦੁਸ਼ਮਣ ਜਮਾਤ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਭੂਮੀ ਗ੍ਰਹਿਣ ਬਿੱਲ ਰਾਹੀਂ ਕਿਸਾਨਾਂ ਨੂੰ ਤਬਾਹ ਕਰਨ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਅਜਿਹਾ ਵੱਡੇ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਹੈ। ਅਫਸੋਸ ਦੀ ਗੱਲ ਹੈ ਕਿ ਲੋਕਤੰਤਰੀ ਢਾਂਚੇ ਵਿਚ ਪਾਰਲੀਮੈਂਟ ਸੁਪਰੀਮ ਹੈ ਪਰ ਕੇਂਦਰ ਨੇ ਦੇਸ਼ ਦੇ ਲੋਕਾਂ ਨੂੰ ਧੋਖੇ ਵਿਚ ਰੱਖਣ ਲਈ ਆਰਡੀਨੈਂਸ ਦਾ ਸਹਾਰਾ ਲਿਆ ਹੈ। ਸ੍ਰੀ ਛੋਟੇਪੁਰ ਨੇ ‘ਆਪ’ ਦੀਆਂ ਮੀਟਿੰਗਾਂ ਵਿਚ ਵੱਡੀ ਗਿਣਤੀ ਵਿਚ ਜੁੜ ਰਹੇ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਨੂੰ ਰਾਜਨੀਤੀ ਵਿਚ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਮਜ਼ਬੂਤੀ ਲਈ ਆਉਣ ਵਾਲੇ ਸਮੇਂ ਵਿਚ ਸ਼ਹਿਰ ਤੇ ਪਿੰਡ ਪੱਧਰ ‘ਤੇ ਸਬ ਕਮੇਟੀਆਂ ਬਣਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ ‘ਆਪ’ ਦੀ ਨਵੀਂ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਅਕਾਲੀ ਦਲ-ਭਾਜਪਾ ਤੇ ਕਾਂਗਰਸ ਨੂੰ ਇਕ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਦੇਸ਼ ਤੇ ਸੂਬੇ ਨੂੰ ਲੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ ਹੈ। ‘ਆਪ’ ਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਕਨਵੀਨਰ ਅਮਨਦੀਪ ਕੌਰ ਨੇ ਕਿਹਾ ਕਿ ਪਾਰਟੀ ਦੀਆਂ ਸਰਗਰਮੀਆਂ ਤੇ ਗਤੀਵਿਧੀਆਂ ਨਾਲ ਸਮਾਜ ਵਿਚ ਔਰਤਾਂ ਦਾ ਮਾਣ- ਸਨਮਾਨ ਵਧਿਆ ਹੈ।