ਸਰਕਾਰ ਵਲੋਂ ਬੰਦੀ ਸਿੱਖਾਂ ਦੀ ਰਿਹਾਈ ਤੋਂ ਕੋਰੀ ਨਾਂਹ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਨੇ 82 ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਵਿਚ ਮਰਨ ਵਰਤ ‘ਤੇ ਬੈਠੇ ਸੂਰਤ ਸਿੰਘ ਖ਼ਾਲਸਾ ਦੀ ਮੰਗ ਬਾਰੇ ਕਿਹਾ ਕਿ ਕਾਨੂੰਨ ਮੁਤਾਬਕ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਰਿਹਾ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਕਿਸੇ ਵੀ ਗਲਤ ਮੰਗ ਅੱਗੇ ਝੁਕਣ ਦਾ ਸਵਾਲ ਪੈਦਾ ਨਹੀਂ ਹੁੰਦਾ। ਸ਼੍ਰੀ ਸੈਣੀ ਨੇ ਕਿਹਾ ਕਿ ਕਾਫੀ ਯਤਨਾਂ ਤੋਂ ਬਾਅਦ ਖਾੜਕੂ ਜਗਤਾਰ ਸਿੰਘ ਤਾਰਾ, ਹਰਮਿੰਦਰ ਸਿੰਘ ਮਿੰਟੂ, ਰਤਨਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਰਮਨਦੀਪ ਸਿੰਘ ਉਰਫ ਗੋਲਡੀ ਆਦਿ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਪੁਲਿਸ ਮੁਖੀ ਨੇ ਕਿਹਾ ਕਿ ਸੂਰਤ ਸਿੰਘ ਖ਼ਾਲਸਾ ਨੇ 82 ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਤੇ ਇਨ੍ਹਾਂ ਵਿਚੋਂ 25 ਵਿਅਕਤੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਖ਼ਾਲਸਾ ਵਲੋਂ ਜਾਰੀ ਕੀਤੀ ਸੂਚੀ ਵਿਚ ਜਗਤਾਰ ਸਿੰਘ ਤਾਰਾ, ਮਿੰਟੂ, ਗੋਪੀ, ਗੋਲਡੀ ਤੇ ਰਤਨਦੀਪ ਸਿੰਘ ਵੀ ਸ਼ਾਮਲ ਹਨ। ਸੂਚੀ ਵਿਚ 16 ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਉਮਰ ਕੈਦ ਤੋਂ ਘੱਟ ਸਜ਼ਾ ਹੋਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਰਿਹਾ ਹੋ ਜਾਣਾ ਹੈ। ਇਸ ਸੂਚੀ ਵਿਚੋਂ ਸ਼ਾਮਲ ਛੇ ਕੈਦੀ ਪਹਿਲਾਂ ਹੀ ਰਿਹਾ ਹੋ ਚੁੱਕੇ ਹਨ। ਖ਼ਾਲਸਾ ਵਲੋਂ ਜਿਹੜੇ ਅੱਠ ਸੀਨੀਅਰ ਨਾਗਰਿਕਾਂ ਦੀ ਰਿਹਾਈ ਮੰਗੀ ਗਈ ਹੈ ਉਹ ਵਿਅਕਤੀ ਸਾਲ 1987 ਵਿਚ ਲੁਧਿਆਣੇ ਦੇ ਬੈਂਕ ਵਿਚ ਡਾਕਾ ਮਾਰਨ ਦੇ ਦੋਸ਼ ਹੇਠ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਨੂੰ 7 ਤੋਂ 10 ਸਾਲ ਦੀ ਸਜ਼ਾ ਮਿਲੀ ਹੈ। ਇਸ ਸੂਚੀ ਵਿਚ ਸ਼ਾਮਲ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਮਿਲੀ ਹੈ, ਜੋ ਚੰਡੀਗੜ੍ਹ ਨਾਲ ਸਬੰਧਤ ਹੈ।
ਪੰਜਾਬ ਵਿਚਲੇ ਪੰਜ ਉਮਰ ਕੈਦੀਆਂ ਵਿਚੋਂ ਤਿੰਨ ਦੀ ਸਜ਼ਾ ਮੁਆਫੀ ਲਈ ਨਿਰਧਾਰਤ ਘੱਟੋ ਘੱਟ ਸਜ਼ਾ ਵੀ ਹਾਲੇ ਪੂਰੀ ਨਹੀਂ ਹੋਈ। ਇਨ੍ਹਾਂ ਵਿਚੋਂ ਦੋ ਕੈਦੀ ਨਿਰਧਾਰਤ ਸਜ਼ਾ ਪੂਰੀ ਕਰ ਚੁਕੇ ਹਨ ਪਰ ਜੁਲਾਈ 2014 ਦੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਉਨ੍ਹਾਂ ਨੂੰ ਰਾਜ ਸਰਕਾਰ ਰਿਹਾ ਨਹੀਂ ਕਰ ਸਕਦੀ। ਪੰਜਾਬ ਸਰਕਾਰ ਵਲੋਂ 8 ਜਨਵਰੀ ਨੂੰ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ ਜਲਦ ਕਰਨ ਦੀ ਅਪੀਲ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ 3665 ਉਮਰ ਕੈਦੀ ਹਨ ਤੇ ਫਿਲਹਾਲ 223 ਕੈਦੀ ਹੀ ਅਜਿਹੇ ਹਨ ਜੋ ਰਿਹਾ ਕੀਤੇ ਜਾਣ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ। ਦੱਸਣਯੋਗ ਹੈ ਕਿ ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਦੀ ਹਮਾਇਤ ਵਿਚ ਦਲ ਖ਼ਾਲਸਾ, ਅਕਾਲੀ ਦਲ (ਪੰਚ ਪ੍ਰਧਾਨੀ), ਯੂਨਾਈਟਿਡ ਅਕਾਲੀ ਦਲ ਤੇ ਅਕਾਲੀ ਦਲ (ਅ) ਆਦਿ ਨੇ ਤਿੰਨ ਮਾਰਚ ਨੂੰ ਸਾਂਝੇ ਤੌਰ ‘ਤੇ ਦਿੱਲੀ ਵਿਚ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ।
____________________________
ਸੁਮੇਧ ਸੈਣੀ ਉਤੇ ਗੁੰਮਰਾਹ ਕਰਨ ਦੇ ਦੋਸ਼
ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਨੇ ਆਖਿਆ ਹੈ ਕਿ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸਿੰਘ ਸੈਣੀ ਸਿਆਸੀ ਬਿਆਨਬਾਜ਼ੀ ਕਰਕੇ ਸਿੱਖਾਂ ਦੇ ਜ਼ਖਮਾਂ ਉਪਰ ਨਮਕ ਛਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਸੂਰਤ ਸਿੰਘ ਖਾਲਸਾ ਜਮਹੂਰੀ ਢੰਗ ਨਾਲ ਮਰਨ ਵਰਤ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸੇ ਲੜੀ ਤਹਿਤ ਯੂਨਾਈਟਿਡ ਅਕਾਲੀ ਦਲ ਪੁਰਅਮਨ ਢੰਗ ਨਾਲ ਇਸ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ। ਪੰਜਾਬ ਪੁਲਿਸ ਨੇ ਪੂਰੀ ਤਰ੍ਹਾਂ ਸਿੱਖਾਂ ਦਾ ਮੂੰਹ ਬੰਦ ਕਰਨ ਦੇ ਰਾਹ ਪੈਂਦਿਆਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਤੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਖੁਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਰਚੇ ਲਾ ਕੇ ਸਿੱਖਾਂ ਦੀ ਰਿਹਾਈ ਦੀ ਮੰਗ ਕਰਦੇ ਰਹੇ ਹਨ। ਹੁਣ ਯੂਨਾਈਟਿਡ ਅਕਾਲੀ ਦਲ ਇਸ ਲੜੀ ਨੂੰ ਅੱਗੇ ਚਲਾ ਕੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਹੁਣ ਪੰਜਾਬ ਸਰਕਾਰ ਵਲੋਂ ਗੁਨਾਹ ਮੰਨਿਆ ਜਾ ਰਿਹਾ ਹੈ।