ਪੰਜਾਬ ਵਿਚ ਲਾਵਾਰਸ ਹੋਈਆਂ ਸਿਹਤ ਨਾਲ ਸਬੰਧਤ ਸੇਵਾਵਾਂ

ਚੰਡੀਗੜ੍ਹ: ਪੰਜਾਬ ਵਿਚ ਸਿਹਤ ਸੇਵਾਵਾਂ ਦੀ ਗੱਡੀ ਲੀਹੋਂ ਲੱਥ ਗਈ ਹੈ। ਸਿਹਤ ਵਿਭਾਗ ਵਿਚੋਂ 175 ਮਾਹਿਰ ਡਾਕਟਰਾਂ ਦੇ ਇਕੋ ਦਿਨ ਇਕੱਠਿਆਂ ਨੌਕਰੀ ਛੱਡਣ ਕਾਰਨ ਕਈ ਹਸਪਤਾਲ ਡਾਕਟਰਾਂ ਤੋਂ ਸੱਖਣੇ ਹੋ ਗਏ ਹਨ। ਨੌਕਰੀ ਛੱਡਣ ਵਾਲੇ ਡਾਕਟਰਾਂ ਨੂੰ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲਾਂ ਵਿਚ ਸੀਨੀਅਰ ਰੈਜ਼ੀਡੈਂਟ ਦੀ ਨੌਕਰੀ ਮਿਲ ਗਈ ਹੈ।

ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਲੋਂ 250 ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਭਰਤੀ ਲਈ ਜਨਵਰੀ ਵਿਚ ਅਰਜ਼ੀਆਂ ਮੰਗੀਆਂ ਗਈਆਂ ਸਨ। ਇਨ੍ਹਾਂ ਆਸਾਮੀਆਂ ਲਈ 400 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਤੇ ਚੁਣੇ ਗਏ ਉਮੀਦਵਾਰਾਂ ਵਿਚੋਂ 250 ਸਿਹਤ ਵਿਭਾਗ ਵਿਚ ਤਾਇਨਾਤ ਸਨ।
ਪਹਿਲੇ ਗੇੜ ਵਿਚ ਪੌਣੇ ਦੋ ਸੌ ਮਾਹਿਰ ਡਾਕਟਰਾਂ ਨੇ ਸਿਹਤ ਵਿਭਾਗ ਨੂੰ ਛੱਡ ਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਜੁਆਇਨ ਕਰ ਲਿਆ ਹੈ। ਦੂਜੇ ਗੇੜ ਵਿਚ 75 ਹੋਰ ਡਾਕਟਰਾਂ ਵਲੋਂ ਵੀ ਸਿਹਤ ਵਿਭਾਗ ਨੂੰ ਅਲਵਿਦਾ ਕਹਿਣ ਦੀ ਤਿਆਰੀ ਹੈ। ਚੁਣੇ ਗਏ ਡਾਕਟਰਾਂ ਨੂੰ 17 ਫਰਵਰੀ ਨੂੰ ਨਿਯੁਕਤੀ ਪੱਤਰ ਮਿਲੇ ਸਨ ਤੇ ਸਿਹਤ ਵਿਭਾਗ ਵਲੋਂ ਇਨ੍ਹਾਂ ਨੂੰ ਗੌਰਮਿੰਟ ਮੈਡੀਕਲ ਕਾਲਜਾਂ ਵਿਚ ਤਬਦੀਲ ਕਰਨ ਲਈ ਲਿਖਤੀ ਆਗਿਆ ਦੇ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਗੌਰਮਿੰਟ ਮੈਡੀਕਲ ਕਾਲਜਾਂ ਵਿਚ 30 ਹੋਰ ਸੀਨੀਅਰ ਰੈਜ਼ੀਡੈਂਟ ਨੇ ਵੀ ਨੌਕਰੀ ਜੁਆਇਨ ਕਰ ਲਈ ਹੈ ਪਰ ਇਹ ਸਰਕਾਰੀ ਨੌਕਰੀ ਵਿਚ ਨਹੀਂ ਸਨ। ਸਿਹਤ ਵਿਭਾਗ ਵਲੋਂ ਗੌਰਮਿੰਟ ਮੈਡੀਕਲ ਕਾਲਜਾਂ ਵਿਚ ਜਾਣ ਲਈ ਜਿਨ੍ਹਾਂ ਡਾਕਟਰਾਂ ਨੂੰ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਵਿਚ ਨੌਕਰੀ ਦੀ ਆਗਿਆ ਦਿੱਤੀ ਗਈ ਹੈ ਉਨ੍ਹਾਂ ਵਿਚ ਮਨੋਰੋਗ ਦੇ ਸੱਤ ਡਾਕਟਰ ਸ਼ਾਮਲ ਹਨ। ਸਿਹਤ ਵਿਭਾਗ ਕੋਲ ਨਸ਼ਿਆਂ ਵਿਰੁਧ ਛੇੜੀ ਮੁਹਿੰਮ ਨੂੰ ਚਲਾਉਣ ਲਈ ਪਹਿਲਾਂ ਹੀ ਮਨੋਰੋਗ ਦੇ ਮਾਹਿਰਾਂ ਦੀ ਘਾਟ ਹੈ ਉਤੋਂ ਤੀਹਾਂ ਵਿਚੋਂ ਸੱਤ ਡਾਕਟਰ ਹੋਰ ਘਟ ਗਏ ਹਨ। ਪਤਾ ਲੱਗਾ ਹੈ ਕਿ ਅੰਮ੍ਰਿਤਸਰ, ਅਬੋਹਰ, ਫਾਜਿਲਕਾ, ਕਪੂਰਥਲਾ ਤੇ ਫਗਵਾੜਾ ਦੇ ਨਸ਼ਾ ਛਡਾਉ ਕੇਂਦਰਾਂ ਵਿਚ ਮਨੋਰੋਗ ਦੇ ਮਾਹਿਰ ਡਾਕਟਰ ਨਹੀਂ ਰਹੇ ਹਨ। ਸਿਹਤ ਵਿਭਾਗ ਵਲੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਤਾਇਨਾਤ ਮਾਹਿਰਾਂ ਦੀ ਗਿਣਤੀ ਸਿਰਫ 53 ਹੈ ਅਤੇ ਇਨ੍ਹਾਂ ਵਿਚੋਂ 18 ਨੇ ਵਿਭਾਗ ਛੱਡ ਦਿੱਤਾ ਹੈ। ਜਿਨ੍ਹਾਂ ਹੋਰ ਮਾਹਿਰਾਂ ਨੇ ਸਿਹਤ ਵਿਭਾਗ ਵਿਚੋਂ ਨੌਕਰੀ ਛੱਡੀ ਹੈ ਉਨ੍ਹਾਂ ਵਿਚ ਇਕ ਜ਼ਿਲ੍ਹਾ ਨੋਡਲ ਅਫਸਰ ਸਮੇਤ 18 ਪੈਥਾਲੋਜਿਸਟ ਅਤੇ 4 ਮਾਈਕਰੋਬਾਇਲੋਜਿਸਟ ਸ਼ਾਮਲ ਹਨ।
ਮਰੀਜ਼ ਇਲਾਜ ਕਰਾਉਣ ਲਈ ਪ੍ਰਾਈਵੇਟ ਡਾਕਟਰਾਂ ਕੋਲ ਜਾਣ ਲਈ ਮਜਬੂਰ ਹਨ। ਮੈਡੀਕਲ ਕਾਲਜਾਂ ਵਾਸਤੇ ਅਰਜ਼ੀ ਦੇਣ ਲਈ ਮਾਹਿਰ ਡਾਕਟਰਾਂ ਨੇ ਸਰਕਾਰ ਤੋਂ ਬਾਕਾਇਦਾ ਆਗਿਆ ਲਈ ਸੀ। ਆਗਿਆ ਲੈਣ ਪਿਛੋਂ ਦੋ ਮਹੀਨੇ ਲੰਘ ਗਏ ਹਨ ਪਰ ਸਰਕਾਰ ਨੇ ਖਾਲੀ ਹੋਣ ਵਾਲੀਆਂ ਸੰਭਾਵੀ ਆਸਾਮੀਆਂ ਨੂੰ ਪੁਰ ਕਰਨ ਲਈ ਬੰਦੋਬਸਤ ਕਰਨ ਦੀ ਜ਼ਰੂਰਤ ਨਹੀਂ ਸਮਝੀ, ਜਿਸ ਦਾ ਖ਼ਮਿਆਜਾ ਆਮ ਲੋਕ ਭੁਗਤਣ ਲਈ ਮਜਬੂਰ ਹੋ ਰਹੇ ਹਨ। ਸਿਹਤ ਵਿਭਾਗ ਵਿਚ ਮਾਹਿਰਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ ਦੀ ਗਿਣਤੀ 1700 ਹੈ ਤੇ ਇਨ੍ਹਾਂ ਵਿਚੋਂ ਇਕ ਹਜ਼ਾਰ ਖਾਲੀ ਹਨ। ਪੌਣੇ ਦੋ ਸੌ ਡਾਕਟਰਾਂ ਦੇ ਮੈਡੀਕਲ ਵਿਭਾਗ ਵਿਚ ਚਲੇ ਜਾਣ ਬਾਰੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ਪੀæਐਲ਼ ਗਰਗ ਨੇ ਕਿਹਾ ਹੈ ਕਿ ਸਰਕਾਰ ਦੀਆਂ ਕੱਚਘਰੜ ਨੀਤੀਆਂ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਡਾਕਟਰਾਂ ਦੇ ਜਾਣ ਨਾਲ ਸਿਹਤ ਸੇਵਾਵਾਂ ਬਿਲਕੁਲ ਪ੍ਰਭਾਵਿਤ ਨਹੀਂ ਹੋਈਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਡਾਕਟਰਾਂ ਨੂੰ ਬਿਹਤਰ ਸਥਾਨ ਉਤੇ ਜਾਣ ਤੋਂ ਰੋਕਣਾ ਠੀਕ ਨਹੀਂ ਹੋਵੇਗਾ। ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਸਿਹਤ ਵਿਭਾਗ ਵਿਚੋਂ ਚਲੇ ਜਾਣ ਨਾਲ ਨਿਰਸੰਦੇਹ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਪਰ ਨਾਲ ਹੀ ਨਵੀਂ ਭਰਤੀ ਸ਼ੁਰੂ ਕਰ ਲਈ ਗਈ ਹੈ ਤੇ ਮਰੀਜ਼ਾਂ ਦਾ ਠੀਕ ਇਲਾਜ ਹੋ ਰਿਹਾ ਹੈ।
_________________________________________
ਕੈਂਸਰ ਤੇ ਨਸ਼ਿਆਂ ਵਿਰੁਧ ਮੁਹਿੰਮ ਵੀ ਦਮ ਤੋੜਨ ਲੱਗੀ
ਹਸਪਤਾਲਾਂ ਵਿਚ ਲਾਏ ਮਾਹਿਰ ਚਲੇ ਜਾਣ ਨਾਲ ਸਰਕਾਰ ਦੀ ਕੈਂਸਰ ਤੇ ਨਸ਼ਿਆਂ ਵਿਰੁਧ ਛੇੜੀ ਮੁਹਿੰਮ ਵੀ ਅੱਧਵਾਟੇ ਦਮ ਤੋੜਨ ਲੱਗੀ ਹੈ। ਇਸ ਤੋਂ ਇਲਾਵਾ ਸਵਾਈਨ ਫਲੂ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਦਿੱਕਤ ਆਉਣ ਲੱਗੀ ਹੈ। ਪਿਛਲੇ ਤਿੰਨ ਸਾਲਾਂ ਨਾਲੋਂ ਸਵਾਈਨ ਫਲੂ ਕਰਕੇ ਸਭ ਤੋਂ ਜ਼ਿਆਦਾ ਮੌਤਾਂ ਇਸ ਵਾਰ ਹੋਈਆਂ ਹਨ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਿਚ ਕੁਲ ਸੱਤ ਮਾਈਕਰੋਬਾਇਲੋਜਿਸਟ ਕੰਮ ਕਰ ਰਹੇ ਹਨ। ਇਨ੍ਹਾਂ ਵਿਚੋਂ ਚਾਰ ਨੇ ਸਿਹਤ ਵਿਭਾਗ ਤੋਂ ਵਿਦਾਇਗੀ ਲੈ ਲਈ ਹੈ। ਸਿਹਤ ਵਿਭਾਗ ਵਿਚ ਪੈਥਾਲੋਜਿਸਟਾਂ ਦੀ ਗਿਣਤੀ ਸਿਰਫ 53 ਹੈ ਜਿਨ੍ਹਾਂ ਵਿਚੋਂ ਅਠਾਰਾਂ ਨੇ ਨੌਕਰੀ ਕਰਨ ਤੋਂ ਅਸਤੀਫਾ ਦੇ ਦਿੱਤਾ ਹੈ। ਸਵਾਈਨ ਫਲੂ ਵਿਰੁਧ ਛੇੜੀ ਮੁਹਿੰਮ ਵਿਚ ਜ਼ਿਲ੍ਹਾ ਪੱਧਰ ‘ਤੇ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ ਤੇ ਗੁਰਦਾਸਪੁਰ ਦੇ ਨੋਡਲ ਅਫਸਰ ਸਮੇਤ ਨੌਕਰੀ ਛੱਡਣ ਵਾਲੇ ਸਾਰੇ ਮਾਹਿਰਾਂ ਨੂੰ ਵਿਭਾਗ ਵਲੋਂ ਰਲੀਵ ਕਰ ਦਿੱਤਾ ਗਿਆ ਹੈ।