ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ ਵਿਚ ਸੋਨੇ ਤੋਂ ਵੀ ਮਹਿੰਗੇ ਰਤਨ-ਜਵਾਹਰਾਂ ਦੇ ਚੂਰੇ ਤੋਂ ਤਿਆਰ ਵਿਸ਼ੇਸ਼ ਸਿਆਹੀ ਨਾਲ ਹਰ ਅੰਗ (ਪੰਨੇ) ‘ਤੇ ਚਿੱਤਰਕਾਰੀ ਕੀਤੀ ਜਾਂਦੀ ਸੀ।
ਸਿੱਖ ਸਾਹਿਤ ਦੇ ਅਧਿਐਨਕਾਰਾਂ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਰਿਸਰਚ ਸਕਾਲਰਾਂ (ਖੋਜ ਵਿਦਿਆਰਥੀਆਂ) ਨੂੰ 400 ਸਾਲ ਪੁਰਾਣੀਆਂ ਕਈ ਦੁਰਲੱਭ ਬੀੜਾਂ ਦੇ ਦਰਸ਼ਨ ਕਰਵਾਏ ਗਏ ਤੇ ਉਨ੍ਹਾਂ ਸਰੂਪਾਂ ਵਿਚ ਹੋਈ ਚਿੱਤਰਕਾਰੀ, ਲਿੱਪੀ ਦੇ ਵਿਕਾਸ, ਸ਼ਬਦਾਂ ਦੀ ਘਾੜ੍ਹਤ, ਰੰਗਾਂ ਦੇ ਮਹੱਤਵ, ਸਿਆਹੀ ਤੇ ਸਰੂਪਾਂ ਲਈ ਵਿਸ਼ੇਸ਼ ਕਾਗ਼ਜ਼ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋæ ਅਮਰ ਸਿੰਘ ਨੇ ਦੱਸਿਆ ਕਿ 400 ਸਾਲ ਪੁਰਾਤਨ ਕਈ ਬੀੜਾਂ ਵਿਚ ਸੋਨੇ ਤੋਂ ਵੀ ਮਹਿੰਗੇ ਨੀਲਮ ਰਤਨ ਤੋਂ ਤਿਆਰ ਸਿਆਹੀ ਦੀ ਵਰਤੋਂ ਵੇਖਣ ਨੂੰ ਮਿਲੀ ਹੈ। ਬੀੜਾਂ ਵਿਚ ਸੋਨੇ, ਨੀਲਮ ਤੇ ਹੋਰ ਬੇਸ਼ਕੀਮਤੀ ਜਵਾਹਰਾਂ ਦੇ ਚੂਰੇ ਤੋਂ ਤਿਆਰ ਸਿਆਹੀ ਦੀ ਵਰਤੋਂ ਹੁੰਦੀ ਸੀ ਤੇ ਕੁਝ ਬੀੜਾਂ ਵਿਚ ਤਾਂ ਇਨ੍ਹਾਂ ਰਤਨ-ਜਵਾਹਰਾਂ ਤੋਂ ਸਿਆਹੀ ਤਿਆਰ ਕਰਨ ਦੇ ਤਰੀਕੇ ਵੀ ਬੀੜਾਂ ਵਿਚ ਦਰਜ ਹਨ। ਇਹੀ ਨਹੀਂ, ਬੀੜਾਂ ਵਿਚ ਹਰੇ ਰੰਗ ਦੀ ਵਰਤੀ ਗਈ ਸਿਆਸੀ ਹਰੇ ਪੱਤਿਆਂ ਤੋਂ ਤਿਆਰ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਜਿਸ ਸਰੂਪ ਦੀ ਚਿੱਤਰਕਾਰੀ ਵਿਚ ਕੇਸਰੀ ਰੰਗ ਭਾਰੂ ਹੋਵੇਗਾ ਉਹ ਕਸ਼ਮੀਰ ਦੇ ਨਿਕਾਸਾਂ ਵਲੋਂ ਬਣਾਈ ਗਈ ਚਿੱਤਰਕਾਰੀ ਹੋਵੇਗੀ। ਡਾæ ਅਮਰ ਸਿੰਘ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਚਿੱਤਰਕਾਰੀ ਉਹ ਸਾਧਨ ਹੈ, ਜੋ ਮਨੁੱਖ ਨੂੰ ਅੱਖਰਾਂ ਦੇ ਗਿਆਨ ਵੱਲ ਪ੍ਰੇਰਦੀ ਹੈ। ਚਿੱਤਰਕਾਰੀ ਦਾ ਸਭ ਤੋਂ ਵੱਧ ਵਿਕਾਸ ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੋਇਆ। ਉਨ੍ਹਾਂ ਕਰਤਾਰਪੁਰੀ ਬੀੜ, ਭਾਈ ਬੰਨੋ-ਵਾਲੀ/ਖਾਰੀ ਬੀੜ ਤੇ ਦਮਦਮੀ ਬੀੜ ਵਿਚਲੇ ਆਏ ਅੰਤਰ ਵਿਰੋਧਾਂ ਨੂੰ ਵਿਸਥਾਰ ਪੂਰਵਕ ਸਪੱਸ਼ਟ ਕੀਤਾ।
ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਹੱਥ ਲਿਖਤ ਮੂਲ-ਮੰਤਰ ਖੋਜ ਵਿਦਿਆਰਥੀਆਂ ਸਾਹਮਣੇ ਦ੍ਰਿਸ਼ਟੀਗੋਚਰ ਕੀਤਾ ਗਿਆ। ਪ੍ਰੋæ ਅਮਰ ਸਿੰਘ ਨੇ ਸੁਝਾਅ ਦਿੱਤਾ ਕਿ ਸਾਡਾ ਪੁਰਾਤਨ ਸਾਹਿਤ ਰਾਜਨੀਤਕ ਤੇ ਭੂਗੋਲਿਕ ਸਥਿਤੀਆਂ ਕਰਕੇ ਨਸ਼ਟ ਹੋ ਚੁੱਕਾ ਹੈ ਤੇ ਅਜੋਕੇ ਸਮੇਂ ਵਿਚ ਡਿਜ਼ਿਟਲਾਇਜ਼ੇਸ਼ਨ ਇਕ ਅਜਿਹੀ ਵਿਧੀ ਹੈ ਜੋ ਸਾਡੇ ਪੁਰਾਤਨ ਹੱਥ ਲਿਖਤ ਗ੍ਰੰਥਾਂ ਤੇ ਸਾਹਿਤ ਦੀ ਸੰਭਾਲ ਕਰਦੀ ਹੈ।
ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੀ ਮੁਖੀ ਡਾæ ਜਸਪਾਲ ਕੌਰ ਕਾਂਗ ਨੇ ਕਿਹਾ ਕਿ ਰਤਨ-ਜਵਾਹਰਾਂ ਤੋਂ ਤਿਆਰ ਸਿਆਹੀ ਦੀ ਖਾਸੀਅਤ ਇਹ ਸੀ ਕਿ ਉਹ ਪੱਕੀ ਸੀ, ਰੰਗ ਨਹੀਂ ਛੱਡਦੀ ਸੀ। ਬੀੜਾਂ ‘ਤੇ ਅਜਿਹੀ ਸਿਆਹੀ ਨਾਲ ਬੇਮਿਸਾਲ ਤੇ ਉੱਚ ਪੱਧਰੀ ਚਿੱਤਰਕਾਰੀ ਦੇ ਕਈ ਕਾਰਨਾਂ ਵਿਚੋਂ ਇਕ ਮੁੱਖ ਕਾਰਨ ਇਹ ਵੀ ਹੈ ਕਿ ਸਾਰੀ ਬਾਣੀ ਦੀ ਵਿਸ਼ਵ ਵਿਆਪਕਤਾ ਹੈ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਵਿਸ਼ਵ ਦੀ ਇਕੋ ਇਕ ਐਨੀ ਕ੍ਰਾਂਤੀਕਾਰੀ ਲਿਖਤ ਹੈ, ਜਿਸ ਵਿਚ ਪੂਰਨ ਤੌਰ ‘ਤੇ ਧਰਮ ਨਿਰਪੱਖਤਾ ਮਿਲਦੀ ਹੈ।