ਰੱਬ, ਧਰਮ ਤੇ ਵਿਗਿਆਨ

ਦਲਜੀਤ ਅਮੀ
ਫੋਨ: 91-97811-21873
ਬੰਗਲਾਦੇਸ਼ ਵਿਚ ਕਿਤਾਬ ਮੇਲੇ ਤੋਂ ਪਰਤਦੇ ਅਭੀਜੀਤ ਰਾਏ ਦਾ ਕਤਲ ਕਰ ਦਿੱਤਾ ਗਿਆ। ਉਹਦੇ ਲਹੂ ਨਾਲ ਸਿੰਨ੍ਹੀ ਸੜਕ ਦੀ ਬੰਨੀ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਛਪੀਆਂ। ਇੱਕ ਤਸਵੀਰ ਵਿਚ ਸਫ਼ਾਈ ਕਾਮੇ ਲਹੂ ਦੇ ਦਾਗ਼ ਧੋਣ ਲੱਗੇ ਹੋਏ ਹਨ। ਬੰਨੀ ਦੇ ਹੇਠਾਂ ਨਾਲੀ ਦਾ ਸੁਰਾਖ਼ਾਂ ਵਾਲਾ ਢੱਕਣ ਹੈ।

ਅਭੀਜੀਤ ਦੇ ਕਾਤਲਾਂ ਨੇ ਇਸ ਕਤਲ ਨੂੰ Ḕਇਸਲਾਮ ਖ਼ਿਲਾਫ਼ ਜੁਰਮਾਂ ਦਾ ਬਦਲਾḔ ਕਰਾਰ ਦਿੱਤਾ ਹੈ। ਦੂਜੇ ਪਾਸੇ ਬਲੌਗ ਤੋਂ ਬਣੀ ਵੈਬਸਾਈਟ Ḕਮੁਖਤੋ-ਮੋਨਾḔ (ਖੁੱਲ੍ਹਨਜ਼ਰੀ) ਦੇ ਬਾਨੀਆਂ ਵਿਚ ਸ਼ੁਮਾਰ ਅਭੀਜੀਤ ਦੀ 2007 ਵਿਚ ਛਪੀ ਮੁਲਾਕਾਤ ਆਪਣੀ ਹੋਂਦ ਦੀ ਤਫ਼ਸੀਲ ਪੇਸ਼ ਕਰਦੀ ਹੈ, “ਅਗਾਂਹਵਧੂ, ਤਰਕਸ਼ੀਲ ਅਤੇ ਨਿਰਪੱਖ ਸਮਾਜ ਦੀ ਉਸਾਰੀ ਲਈ ਅਹਿਮ ਮਸਲਿਆਂ ਉਤੇ ਸੰਵਾਦ ਅਤੇ ਬਹਿਸ ਨੂੰ ਅੱਗੇ ਵਧਾਉਣ ਲਈ Ḕਮੁਖਤੋ-ਮੋਨਾḔ 2000 ਦੌਰਾਨ ਬਲੌਗ ਵਜੋਂ ਹੋਂਦ ਵਿਚ ਆਈ ਸੀ। ਅਸੀਂ ਉਨ੍ਹਾਂ ਮੁੱਦਿਆਂ ਉਤੇ ਵਿਚਾਰ-ਚਰਚਾ ਕਰਨਾ ਚਾਹੁੰਦੇ ਸਾਂ ਜਿਨ੍ਹਾਂ ਨੂੰ ਬੰਗਲਾਦੇਸ਼ ਸਮੇਤ ਸਮੁੱਚੇ ਦੱਖਣੀ ਏਸ਼ੀਆ ਦਾ ਮੀਡੀਆ ਨਜ਼ਰਅੰਦਾਜ਼ ਕਰਦਾ ਹੈ।æææਮੇਰੀ ਜਾਣਕਾਰੀ ਮੁਤਾਬਕ ਇਹ ਦੱਖਣੀ ਏਸ਼ੀਆ ਵਿਚ ਇੰਟਰਨੈਟ ਉਤੇ ਸ਼ੁਰੂ ਕੀਤੀ ਗਈ ਪਹਿਲੀ ਮਨੁੱਖਵਾਦੀ ਅਤੇ ਤਰਕਸ਼ੀਲ ਪਹਿਲਕਦਮੀ ਸੀ। ਅਸੀਂ ਅਜਿਹੇ ਸਮਾਜ ਦੀ ਉਸਾਰੀ ਕਰਨਾ ਚਾਹੁੰਦੇ ਹਾਂ ਜੋ ਆਪੇ ਥਾਪੇ ਅਦਾਰਿਆਂ ਦੇ ਫਤਵਿਆਂ, ਅੰਧ-ਵਿਸ਼ਵਾਸ, ਸਾਹ-ਘੋਟੂ ਰਵਾਇਤਾਂ ਅਤੇ ਫਿਰਕਾਪ੍ਰਸਤੀ ਦੇ ਬੰਧਨਾਂ ਤੋਂ ਮੁਕਤ ਹੋਵੇ। ਸਮਾਜ ਦਲੀਲ, ਦਰਦਮੰਦੀ, ਮਨੁੱਖਤਾ, ਬਰਾਬਰੀ ਅਤੇ ਵਿਗਿਆਨ ਦੀਆਂ ਧਾਰਨਾਵਾਂ ਨਾਲ ਜੁੜਿਆ ਹੋਵੇ।”
ਇਸ ਅਭੀਜੀਤ ਦਾ ਕਤਲ ਸਿਰਫ਼ ਇਸ ਕਰ ਕੇ ਹੀ ਬੰਗਲਾਦੇਸ਼ ਦੀਆਂ ਸਰਹੱਦਾਂ ਤੋਂ ਵਡੇਰਾ ਸੁਆਲ ਨਹੀਂ ਬਣ ਜਾਂਦਾ ਕਿ ਉਹ ਅਮਰੀਕਾ ਦਾ ਸ਼ਹਿਰੀ ਸੀ। ਉਸ ਦੇ ਫ਼ਿਕਰਾਂ ਅਤੇ ਉਸ ਦੇ ਕਾਤਲਾਂ ਦਾ ਦਾਅਵਾ ਵਡੇਰੇ ਕੌਮਾਂਤਰੀ ਰੁਝਾਨ ਦੀ ਸ਼ਨਾਖ਼ਤ ਕਰਦਾ ਹੈ। ਅਭੀਜੀਤ ਆਪ ਬੰਗਲਾਦੇਸ਼ ਦੇ ਮੁਕਾਮੀ ਸੁਆਲਾਂ ਦੇ ਹਵਾਲੇ ਨਾਲ ਆਪਣੇ ਫ਼ਿਕਰਾਂ ਨੂੰ ਦੱਖਣੀ ਏਸ਼ੀਆ ਨਾਲ ਜੋੜਦਾ ਹੈ। ਇਨ੍ਹਾਂ ਸੁਆਲਾਂ ਨੂੰ ਮੁਖ਼ਾਤਬ ਹੋਣ ਲਈ ਉਹ ਕੌਮਾਂਤਰੀ ਪੱਧਰ ਉਤੇ ਦਰਦਮੰਦਾਂ ਦੀ ਸਾਂਝ ਦੀ ਧਾਰਨੀ ਸੀ। ਉਹ ਲਿਖਦਾ ਹੈ, “ਮੰਦੇ ਭਾਗੀਂ ਅਸੀਂ ਇਕੱਲੇ ਨਹੀਂ ਹਾਂ। ਪੂਰੀ ਦੁਨੀਆਂ ਵਿਚ ਦਲੀਲ ਅਤੇ ਵਿਗਿਆਨ ਦੇ ਹਵਾਲੇ ਨਾਲ ਖੁੱਲ੍ਹਨਜ਼ਰੀ ਵਾਲਾ ਸਮਾਜ ਸਿਰਜਣ ਵਾਲੇ ਦਰਦਮੰਦ ਲੋਕ ਵਸਦੇ ਹਨ। ਇੰਟਰਨੈਟ ਦੇ ਦੌਰ ਵਿਚ ਸਾਨੂੰ ਆਪਸ ਵਿਚ ਜੋਟੀ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ।” ਇਸ ਲਿਹਾਜ ਨਾਲ ਅਭੀਜੀਤ ਸਮੁੱਚੀ ਦੁਨੀਆਂ ਦੇ ਉਸ ਤਬਕੇ ਦਾ ਨੁਮਾਇੰਦਾ ਹੈ ਜੋ ਮਨੁੱਖੀ ਫ਼ਿਕਰਾਂ ਨੂੰ ਮੁਖ਼ਾਤਬ ਹੋਣ ਵੇਲੇ ਦਲੀਲ ਦਾ ਪੱਲਾ ਫੜਦੇ ਹਨ; ਜੋ ਵਿਗਿਆਨ ਦੇ ਹਵਾਲੇ ਨਾਲ ਮਨੁੱਖੀ ਹੋਂਦ ਦੇ ਸੁਆਲਾਂ ਨੂੰ ਮੁਖ਼ਾਤਬ ਹੋਣਾ ਚਾਹੁੰਦੇ ਹਨ। ਇਹ ਉਹ ਤਬਕਾ ਹੈ ਜੋ ਰੱਬ ਦੀ ਰਜ਼ਾ ਦੀ ਥਾਂ ਪਿਆਰ ਅਤੇ ਦਰਦਮੰਦੀ ਨੂੰ ਦਸਤੂਰ ਬਣਾਉਣਾ ਚਾਹੁੰਦਾ ਹੈ। ਢਾਕੇ ਦੇ ਨਾਲੇ ਵੱਲ ਵਗਦਾ ਲਹੂ ਸਭ ਦਾ ਹੈ। ਇਸ ਕਾਫ਼ਲੇ ਵਿਚੋਂ ਅਭੀਜੀਤ ਦਾ ਵਿਦਾ ਹੋਣਾ ਮੌਜੂਦਾ ਦੌਰ ਦੇ Ḕਸਮਾਜਵਾਦੀ ਸੋਚ ਨੂੰ ਪ੍ਰਣਾਈ ਵਿਗਿਆਨ ਸੋਚḔ ਉਤੇ ਬੇਕਿਰਕ ਹਮਲੇ ਦੀ ਸੋਚ ਨੂੰ ਗੂੜ੍ਹਾ ਕਰਦਾ ਹੈ। ਇਸ ਹਮਲੇ ਦਾ ਸ਼ਿਕਾਰ ਹੋਣ ਵਾਲੀਆਂ ਦੀ ਲੰਮੀ ਲੜੀ ਹੈ ਅਤੇ ਅਭੀਜੀਤ ਇਸੇ ਦੀ ਅਗਲੀ ਕੜੀ ਹੈ। ਇਸ ਲੜੀ ਦੀਆਂ ਕੜੀਆਂ ਪੂਰੀ ਦੁਨੀਆਂ ਵਿਚ ਫੈਲੀਆਂ ਹਨ। ਇਸ ਤਰ੍ਹਾਂ ਇਹ ਸੋਚ ਦੀ ਸ਼ਨਾਖ਼ਤ ਕੀਤੇ ਗਏ ਕਤਲਾਂ ਦਾ ਰੁਝਾਨ ਕੌਮਾਂਤਰੀ ਹੈ ਜਿਸ ਦਾ ਕਰੂਰ ਖ਼ਾਸਾ ਦੱਖਣੀ ਏਸ਼ੀਆ ਵਿਚ ਨਜ਼ਰ ਆਉਂਦਾ ਹੈ।
ਜੇ ਸੁਆਲ ਨੂੰ ਅਭੀਜੀਤ ਦੀਆਂ ਲਿਖਤਾਂ ਜਾਂ ਪਹਿਲਕਦਮੀਆਂ ਤੱਕ ਮਹਿਦੂਦ ਕੀਤਾ ਜਾਵੇ ਤਾਂ ਇਸ ਕਤਲ ਦੀਆਂ ਜੜ੍ਹਾਂ ਬੰਗਲਾਦੇਸ਼ ਦੀਆਂ ਫਿਰਕੂ ਜਥੇਬੰਦੀਆਂ ਦੀ ਸੋਚ ਵਿਚੋਂ ਲੱਭੀਆਂ ਜਾ ਸਕਦੀਆਂ ਹਨ। ਉਂਝ ਇਸ ਕਤਲ ਦੀ ਸਾਜ਼ਿਸ਼ ਮਾਹੌਲ ਵਿਚ ਹੈ। ਇੰਟਰਨੈਟ ਰਾਹੀਂ ਅਭੀਜੀਤ ਆਪਣੇ ਦਰਦਮੰਦ ਸਾਥੀਆਂ ਦੀ ਪਛਾਣ ਕਰ ਰਿਹਾ ਹੈ। ਉਸੇ ਇੰਟਰਨੈਟ ਰਾਹੀਂ ਕਤਲ ਦੀ ਸਾਜ਼ਿਸ਼ ਕੀਤੀ ਜਾਂਦੀ ਹੈ। ਉਸ ਖ਼ਿਲਾਫ਼ ਲਗਾਤਾਰ ਨਫ਼ਰਤ ਉਕਸਾਊ ਲਿਖਤਾਂ ਛਪ ਰਹੀਆਂ ਸਨ, ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਫਤਵੇ ਦਿੱਤੇ ਜਾ ਰਹੇ ਸਨ। ਢਾਕੇ ਦੀ ਸੜਕ ਦੀ ਬੰਨੀ ਅਤੇ ਕਿਤਾਬ ਮੇਲੇ ਉਤੇ ਅਭੀਜੀਤ ਦਾ ਆਉਣਾ ਕਾਤਲ ਲਈ ਸਿਰਫ਼ ਮੌਕਾ ਬਣਿਆ ਹੈ। ਇਹ ਕਤਲ ਕੰਧ ਉਤੇ ਲਿਖਿਆ ਹੋਇਆ ਸੀ। ਇਸ ਦੇ ਖ਼ਬਰ ਬਣਨ ਨਾਲ ਸਿਰਫ਼ ਸਮਾਂ ਅਤੇ ਸਥਾਨ ਤੈਅ ਹੋਏ ਹਨ। ਹਰ ਰੰਗ ਦੀ ਫਿਰਕਾਪ੍ਰਸਤੀ ਆਪਣੀ ਰਈਅਤ ਅੰਦਰ ਡਰ ਭਰ ਰਹੀ ਹੈ। ਮਨੁੱਖ ਅੰਦਰ ਬੇਬਸੀ ਵਧਾ ਕੇ ਉਹ ਬੰਦੇ ਦੀ ਹਿੰਸਕ ਬਿਰਤੀ ਨੂੰ ਉਕਸਾਉਂਦੇ ਹਨ। ਜਦੋਂ ਬੰਦੇ ਦਾ ਡਰ ਸਮਾਜਕ ਰੁਝਾਨ ਵਜੋਂ ਸਿਆਸਤ ਬਣਦਾ ਹੈ ਤਾਂ ਇਹ ਸਭ ਤੋਂ ਬੇਕਿਰਕ ਹੋ ਜਾਂਦਾ ਹੈ। ਇਸ ਸਿਆਸਤ ਦੇ ਹੱਥੇ ਚੜ੍ਹੇ ਹਰ ਬੰਦੇ ਵਿਚ ਫਿਦਾਈਨ ਬਿਰਤੀ ਘਰ ਕਰ ਜਾਂਦੀ ਹੈ ਜੋ ਭਾਵੇਂ ਦੂਜਿਆਂ ਉਤੇ ਹਮਲੇ ਦੇ ਰੂਪ ਵਿਚ ਸਾਹਮਣੇ ਨਾ ਆਵੇ, ਪਰ ਉਹ ਭਾਵਨਾ ਜਾਂ ਸ਼ਰਧਾ ਤਹਿਤ ਹਰ ਦਲੀਲ ਨੂੰ ਖਾਰਜ ਕਰ ਦਿੰਦਾ ਹੈ। ਸੀਲ ਸ਼ਰਧਾਲੂ ਆਪਣੀਆਂ ਮਨੁੱਖੀ ਸਮਰੱਥਾਵਾਂ ਨੂੰ ਮੌਲਣ ਤੋਂ ਰੋਕਦਾ ਹੈ ਅਤੇ ਇਹੋ ਜਿਹੀ ਪਾਬੰਦੀਆਂ ਦੀ ਸਮਾਜ ਅਤੇ ਸਰਕਾਰ ਤੋਂ ਤਵੱਕੋ ਕਰਦਾ ਹੈ। ਉਸ ਨੂੰ ਆਪਣੀ ਸ਼ਰਧਾ ਉਤੇ ਕੀਤਾ ਹਰ ਸੁਆਲ ਸਾਜ਼ਿਸ਼ ਲੱਗਦਾ ਹੈ। ਸੁਆਲ ਕਰਨ ਵਾਲੇ ਨੂੰ ਕਾਫ਼ਰ, ਨਾਸਤਿਕ, ਦੇਸ਼ ਧ੍ਰੋਹੀ, ਅਨੈਤਿਕ ਜਾਂ ਪਾਗ਼ਲ ਕਰਾਰ ਦਿੱਤਾ ਜਾਣਾ ਜ਼ਿਆਦਾ ਔਖਾ ਨਹੀਂ ਹੈ। ਇਹ ਸਾਰੇ ਫਤਵੇ ਪੁਰਾਣੀਆਂ ਜਥੇਬੰਦੀਆਂ ਆਪ ਦਿੰਦੀਆਂ ਹਨ। ਕਤਲ ਕਰਨ ਲਈ ਪੁਰਾਣੀਆਂ ਜਥੇਬੰਦੀਆਂ ਦੀ ਸਰਪ੍ਰਸਤੀ ਵਿਚ ਨਵੀਂ ਜਥੇਬੰਦੀਆਂ ਬਣਦੀਆਂ ਹਨ।
ਜ਼ਿੰਦਗੀ ਦਾ ਨਿਰਾਦਰ ਕਰ ਕੇ ਕਿਸੇ ਨੇ ਪੁੰਨ ਕਮਾਉਣਾ ਹੈ। ਕਿਸੇ ਨੇ ਮਨੁੱਖ ਦੇ ਲਹੂ ਨਾਲ ਹੱਥ ਰੰਗ ਕੇ ਜੰਨਤ, ਹੂਰਾਂ ਅਤੇ ਤਹੂਰ ਹਾਸਲ ਕਰਨਾ ਹੈ। ਕਿਸੇ ਨੇ ਅਖੰਡ ਹਿੰਦੂ ਭਾਰਤ ਦੀ ਉਸਾਰੀ ਕਰਨੀ ਹੈ। ਕਿਸੇ ਨੇ ਪੂਰੀ ਦੁਨੀਆਂ ਨੂੰ ਸਭਿਅਤਾ ਦੇ ਰਾਹੇ ਪਾਉਣਾ ਹੈ। ਹਰ ਧਰਮ ਦਾ ਦਾਅਵਾ ਹੈ ਕਿ ਧਰਮ ਖ਼ਤਰੇ ਵਿਚ ਹੈ। ਇਸੇ ਡਰ ਨਾਲ ਸਿਆਸਤ ਹੁੰਦੀ ਹੈ ਅਤੇ ਇਸੇ ਡਰ ਨਾਲ ਹਮਲਾਵਰ ਬਿਰਤੀ ਦਾ ਪਸਾਰਾ ਹੁੰਦਾ ਹੈ। ਸਿਆਸੀ ਪਾਰਟੀਆਂ ਇਸ ਡਰ ਨੂੰ ਗੋਲਬੰਦੀ ਦਾ ਸੰਦ ਬਣਾਉਂਦੀਆਂ ਹਨ। ਹਰ ਜਗਿਆਸੂ ਨੂੰ ਚੁੱਪ ਰਹਿਣ ਦਾ ਸਬਕ ਸਿਖਾਉਣ ਲਈ ਡਰ ਦਾ ਮਾਹੌਲ ਸਾਜ਼ਗ਼ਾਰ ਸਾਬਤ ਹੁੰਦਾ ਹੈ। ਇਹੋ ਡਰ ਮੋਦੀ ਦੀ ਜਿੱਤ ਦਾ ਸਬੱਬ ਬਣਦਾ ਹੈ। ਮੋਦੀ ਦਾ ਡਰ ਹੀ ਦਿੱਲੀ ਵਿਚ ਭਾਜਪਾ ਦੀ ਹਾਰ ਦਾ ਇੱਕ ਕਾਰਨ ਬਣਦਾ ਹੈ। ਡਰ ਦੀ ਸਿਆਸਤ ਵਿਚ ਜਿੱਤ ਜਾਂ ਹਾਰ ਦੇ ਹਵਾਲੇ ਨਾਲ ਅਹਿਮ ਸੁਆਲ ਰੱਦ ਕਰ ਦਿੱਤੇ ਜਾਂਦੇ ਹਨ।
ਧਰਮ ਦਾ ਕਿਸੇ ਨਾ ਕਿਸੇ ਢੰਗ ਨਾਲ ਦਾਅਵਾ ਹੈ ਕਿ ਧਾਰਮਿਕ ਗ੍ਰੰਥ ਹੀ ਵਿਗਿਆਨ ਹਨ। ਧਰਮ ਨੂੰ ਵਿਗਿਆਨ ਕਹਿਣਾ ਇੱਕ ਪਾਸੇ ਧਰਮ ਗ੍ਰੰਥਾਂ ਦੇ ਰਚਣਹਾਰਿਆਂ ਦੀ ਖ਼ਿਆਲੀ ਉਡਾਣ ਦਾ ਨਿਰਾਦਰ ਹੈ ਅਤੇ ਦੂਜੇ ਪਾਸੇ ਮੌਜੂਦਾ ਵਿਗਿਆਨ ਦੀਆਂ ਨਿਆਮਤਾਂ ਤੋਂ ਨਾਸ਼ੁਕਰਾ ਹੋਣਾ ਹੈ। ਡਰ ਦੀ ਸਿਆਸਤ ਕਰਨ ਵਾਲਿਆਂ ਨੂੰ ਮਾਰੂ ਹਥਿਆਰ ਤਾਂ ਚਾਹੀਦੇ ਹਨ ਪਰ ਵਿਗਿਆਨਕ ਸੋਚ ਨਹੀਂ ਚਾਹੀਦੀ। ਵਿਗਿਆਨ ਡਰ ਉਤੇ ਕਾਬੂ ਪਾਉਣ ਦੀ ਕੁੰਜੀ ਹੈ। ਇਸ ਕੁੰਜੀ ਨਾਲ ਬੰਦਾ ਤੰਗਦਿਲੀ ਤੋਂ ਖੁੱਲ੍ਹਦਿਲੀ ਅਤੇ ਤੰਗਨਜ਼ਰੀ ਤੋਂ ਖੁੱਲ੍ਹਨਜ਼ਰੀ ਦੇ ਰਾਹ ਪੈਂਦਾ ਹੈ। ਬੰਦੇ ਦੀ ਜਗਿਆਸਾ ਨੂੰ ਬਲ ਮਿਲਦਾ ਹੈ। ਉਹ ਸੁਆਲ ਪੁੱਛਦਾ ਹੈ। ਸੁਆਲਾਂ ਨਾਲ ਸਿਆਸਤ ਅਤੇ ਧਰਮ ਦੇ ਕਿਲ੍ਹੇ ਹਿੱਲਦੇ ਹਨ। ਇਹ ਸਾਰੀ ਦਲੀਲ ਵਿਗਿਆਨ ਅਤੇ ਤਕਨਾਲੋਜੀ ਦੀਆਂ ਪੈਦਾ ਕੀਤੀਆਂ ਸਹੂਲਤਾਂ ਜਾਂ ਸੇਵਾਵਾਂ ਤੱਕ ਮਹਿਦੂਦ ਨਹੀਂ ਹੈ। ਇਹ ਸਮਾਜਕ ਵਿਹਾਰ ਉਤੇ ਲਾਗੂ ਹੁੰਦੀ ਹੈ। ਇਸ ਨਾਲ ਮਨੁੱਖੀ ਸ਼ਾਨ, ਇਨਸਾਫ਼ ਅਤੇ ਬਰਾਬਰੀ ਦੇ ਸੁਆਲ ਜੁੜਦੇ ਹਨ। ਮੌਜੂਦਾ ਮੀਡੀਆ ਵਿਚ ਲੋਕਾਂ ਨੂੰ ਉਨ੍ਹਾਂ ਦੇ ਸੁਆਲਾਂ ਕਾਰਨ ਦੇਸ਼ ਧ੍ਰੋਹੀ ਜਾਂ ਅਨੈਤਿਕ ਕਰਾਰ ਦਿੱਤਾ ਜਾਂਦਾ ਹੈ। ਕੁਝ ਬੀਬੀਆਂ ਨੇ Ḕਟਾਈਮਜ਼ ਨਾਓḔ ਦੇ ਮੁੱਖ ਸੰਪਾਦਕ ਅਰਨਬ ਗੋਸੁਆਮੀ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ ਕਿ ਉਹ ਇੱਕ ਖ਼ਾਸ ਸੋਚ ਨੂੰ ਛੁਟਿਆਉਣ ਲਈ ਹਰ ਹਰਵਾ ਵਰਤਦਾ ਹੈ।
ਮੌਜੂਦਾ ਸਰਕਾਰਾਂ ਨੇ ਮੂੰਹ-ਜ਼ੋਰ ਹੋਏ ਬੁਨਿਆਦਪ੍ਰਸਤਾਂ ਨੂੰ ਰੋਕਣ ਦੀ ਥਾਂ ਇਨ੍ਹਾਂ ਨੂੰ ਖ਼ੁਸ਼ ਰੱਖਣ ਦੀ ਨੀਤੀ ਅਪਨਾਈ ਹੋਈ ਹੈ। ਨਤੀਜੇ ਵਜੋਂ ਸਮਾਜਵਾਦੀ-ਨਾਸਤਿਕ ਆਦਮੀ ਨੂੰ ਹਰ ਤਰ੍ਹਾਂ ਦਾ ਖ਼ਤਰਾ ਦਰਪੇਸ਼ ਹੈ। ਸਰਕਾਰਾਂ ਜਮ੍ਹਾਂ ਬੁਨਿਆਦਪ੍ਰਸਤਾਂ ਦਾ ਗੱਠਜੋੜ ਤੈਅ ਕਰ ਰਿਹਾ ਹੈ ਕਿ ਇਤਿਹਾਸ ਨੂੰ ਕਿਵੇਂ ਸਮਝਿਆ ਜਾਵੇ? ਇਹ ਦੱਸਿਆ ਜਾ ਰਿਹਾ ਹੈ ਕਿ ਧਰਮ ਹੀ ਮਨੁੱਖ ਦੀ ਬੰਦਖ਼ਲਾਸੀ ਦਾ ਸਬੱਬ ਬਣ ਸਕਦਾ ਹੈ। ਇਸ ਵੇਲੇ ਧਰਮ ਤੋਂ ਜ਼ਿਆਦਾ ਇਸ਼ਤਿਹਾਰਬਾਜ਼ੀ ਕਿਸੇ ਹੋਰ ਚੀਜ਼ ਦੀ ਨਹੀਂ ਹੋ ਰਹੀ। ਹਰ ਮੀਡੀਆ ਅਦਾਰੇ ਨੇ ਪਰਉਪਕਾਰ ਜਾਂ ਬਾਜ਼ਾਰ ਦੇ ਨਾਮ ਉਤੇ ਧਰਮ ਪ੍ਰਚਾਰ ਨੂੰ ਖੁੱਲ੍ਹੀ ਥਾਂ ਦਿੱਤੀ ਹੋਈ ਹੈ। ਧਾਰਮਿਕ ਅਦਾਰਿਆਂ ਕੋਲ ਮਨੁੱਖੀ ਸਰੋਤ ਤੋਂ ਲੈ ਕੇ ਜ਼ਮੀਨ-ਜਾਇਦਾਦ ਦੀ ਕੋਈ ਤੋਟ ਨਹੀਂ ਹੈ। ਸ਼ਰਧਾ ਦਾ ਧੰਦਾ ਸਭ ਤੋਂ ਵੱਡਾ ਹੋ ਗਿਆ ਹੈ। ਇੱਕ ਬੰਦੇ ਨੇ ਦੂਜੇ ਬੰਦੇ ਨਾਲ ਵਰਤਣ ਦਾ ਸਲੀਕਾ ਧਰਮ ਸਿਖਾ ਰਿਹਾ ਹੈ। ਇਹ ਤੈਅ ਕਰਨ ਦੀ ਬੁਨਿਆਦੀ ਸ਼ਰਤ ਵੀ ਧਰਮ ਦੇ ਹਵਾਲੇ ਨਾਲ ਦਿੱਤੀ ਜਾ ਰਹੀ ਹੈ ਕਿ ਕੌਣ ਕਿਸ ਨਾਲ ਕਿਵੇਂ ਵਿਆਹ ਕਰਵਾ ਸਕਦਾ ਹੈ?
ਸ਼ਰਧਾ, ਸਰਕਾਰ, ਮੰਡੀ ਅਤੇ ਫਿਰਕਾਪ੍ਰਸਤੀ ਦਾ ਗੱਠਜੋੜ ਜਿੰਨਾ ਵੀ ਮਜ਼ਬੂਤ ਅਤੇ ਮਾਰੂ ਹੋਵੇ ਪਰ ਇਹ ਬੁਨਿਆਦੀ ਤੌਰ ਉਤੇ ਮਨੁੱਖੀ ਸ਼ਾਨ ਅਤੇ ਜਗਿਆਸੂ ਬਿਰਤੀ ਦੇ ਖ਼ਿਲਾਫ਼ ਹੈ। ਧਰਮ ਦਾ ਖ਼ੂੰਖ਼ਾਰ ਖ਼ਾਸਾ ਹਰ ਦੌਰ ਵਿਚ ਮਨੁੱਖੀ ਪਿੰਡੇ ਉਤੇ ਉਕਰਿਆ ਗਿਆ ਹੈ। ਮਨੁੱਖ ਨੇ ਹਰ ਕੁਰਬਾਨੀ ਦੇ ਕੇ ਸੁਆਲ ਕੀਤੇ ਹਨ ਜਿਨ੍ਹਾਂ ਦਾ ਆਪਣਾ ਕੁਰਬਾਨੀਆਂ ਭਰਿਆ ਸ਼ਾਨਾਂਮੱਤਾ ਇਤਿਹਾਸ ਹੈ। ਸੁਆਲ ਮਨੁੱਖੀ ਇਤਿਹਾਸ ਵਿਚ ਸ਼ਰਧਾ ਤੋਂ ਕਿਤੇ ਪਹਿਲਾਂ ਦਰਜ ਹੋਇਆ ਹੈ। ਰੱਬ ਅਤੇ ਧਰਮ ਮਨੁੱਖੀ ਦੀ ਜਗਿਆਸਾ ਦੀ ਉਪਜ ਹਨ। ਰੱਬ ਅਤੇ ਧਰਮ ਨਾਲੋਂ ਮਨੁੱਖੀ ਜਗਿਆਸਾ ਦੀ ਵਿਰਾਸਤ ਕਿਤੇ ਵੱਡੀ ਹੈ। ਇਸੇ ਜਗਿਆਸਾ ਨੇ ਬਹੁਤ ਸਾਰੇ ਵਿਸ਼ਵਾਸਾਂ ਅਤੇ ਤਜਰਬਿਆਂ ਨੂੰ ਵਿਗਿਆਨ ਵਿਚ ਤਬਦੀਲ ਕੀਤਾ ਹੈ। ਆਪਣੀ ਵਿਰਾਸਤ ਉਤੇ ਸੁਆਲ ਕਰਨਾ ਮਨੁੱਖ ਦਾ ਸਦੀਵੀ ਹੱਕ ਹੈ।
ਧਰਮ ਦੇ ਘੇਰੇ ਦੇ ਅੰਦਰ ਰਹਿ ਕੇ ਵੀ ਵਿਚ ਰੱਬ ਨੂੰ ਖਾਰਜ ਕਰਨ, ਉਸ ਦੀ ਹੋਂਦ ਉਤੇ ਸੁਆਲ ਕਰਨ ਅਤੇ ਉਸ ਦੀ ਰਜ਼ਾ ਤੋਂ ਮੁਨਕਰ ਹੋਣ ਦੇ ਹਕੂਕ ਮਨੁੱਖੀ ਵਿਰਾਸਤ ਦਾ ਹਿੱਸਾ ਹਨ। ਨਾਸਤਿਕ ਹੋਣਾ ਅਤੇ ਸਮਾਜ ਤੇ ਕੁਦਰਤ ਦੀ ਵਿਗਿਆਨ ਸੋਚ ਨਾਲ ਪੜਚੋਲ ਕਰਨਾ ਮਨੁੱਖੀ ਵਿਰਸੇ ਦਾ ਅਨਿੱਖੜਵਾਂ ਅੰਗ ਹੈ। ਇਸ ਤਰ੍ਹਾਂ ਪਿਆਰ ਅਤੇ ਕੁਫ਼ਰ ਮਨੁੱਖ ਦਾ ਜਮਾਂਦਰੂ ਹਕੂਕ ਹੈ ਜੋ ਮਨੁੱਖ ਨੇ ਧਰਮ, ਰਾਜ, ਕਾਨੂੰਨ ਤੋਂ ਮੁਲਕ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹਾਸਲ ਕੀਤੇ ਹਨ। ਇਹ ਹਕੂਕ ਹੋਂਦ ਵਿਚ ਆਏ ਪਹਿਲੇ ਜੀਅ ਨੇ ਪਹਿਲੇ ਸਾਹ ਨਾਲ ਹੀ ਕਮਾ ਲਏ ਸਨ। ਇਸ ਵਿਰਾਸਤ ਦੀ ਦਾਅਵੇਦਾਰ ਧਿਰ ਗਿਣਤੀ ਪੱਖੋਂ ਭਾਵੇਂ ਕਿੰਨੀ ਵੀ ਨਿਗੂਣੀ ਹੋਵੇ, ਸਰਮਾਏ ਪੱਖੋਂ ਕਿੰਨੀ ਵੀ ਗ਼ਰੀਬ ਹੋਵੇ, ਤਾਕਤ ਪੱਖੋਂ ਭਾਵੇਂ ਕਿੰਨੀ ਵੀ ਗ਼ਰੀਬ ਹੋਵੇ ਪਰ ਪਿਆਰ, ਦਰਦਮੰਦੀ ਅਤੇ ਬੌਧਿਕਤਾ ਪੱਖੋਂ ਬੇਹੱਦ ਅਮੀਰ ਹੈ। ਇਸੇ ਵਿਰਾਸਤ ਵਿਚ ਮਨੁੱਖ ਦੇ ਤੰਗਨਜ਼ਰੀ ਵਿਚ ਨਿਕਲ ਕੇ ਖ਼ੂਬਸੂਰਤ ਖੁੱਲ੍ਹਦਿਲੀ ਅਤੇ ਖੁੱਲ੍ਹਨਜ਼ਰੀ ਵਾਲਾ ਵੰਨ-ਸੁਵੰਨਾ ਸਮਾਜ ਸਿਰਜਣ ਦੀ ਸੰਭਾਵਨਾ ਹੈ। ਸਾਥੀਆਂ ਦਾ ਬੇਕਿਰਕੀ ਨਾਲ ਕਤਲ ਹੋਣਾ ਸੋਗ਼ਵਾਰ ਹੈ। ਇਹ ਦਿਲ ਨੂੰ ਡੋਬੂ ਪਾਉਂਦਾ ਹੈ ਪਰ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਇਸ ਦੌਰ ਵਿਚ ਜਗਿਆਸੂ ਬੰਦੇ ਦੀ ਰਾਖੀ, ਦਰਦਮੰਦੀ ਦਾ ਅਹਿਸਾਸ ਅਤੇ ਵਿਗਿਆਨਕ ਸੋਚ ਦਾ ਪਸਾਰਾ ਮਨੁੱਖਤਾ ਦੇ ਨਾਮ ਲਿਖਿਆ ਸਭ ਤੋਂ ਖ਼ੂਬਸੂਰਤ ਖ਼ਤ ਹੈ। ਕਤਲ ਹੋਏ ਹਮਸਾਇਆਂ ਦਾ ਖ਼ੂਨ ਆਵਾਜ਼ ਦਿੰਦਾ ਹੈ ਕਿ ਬੰਦੇ ਦੀ ਬੰਦੇ ਹੱਥੋਂ ਬੰਦਖ਼ਲਾਸੀ ਦਰਦਮੰਦ ਵਿਗਿਆਨਕ ਸੋਚ ਨੇ ਕਰਨੀ ਹੈ ਅਤੇ ਬੰਦਿਆਈ ਦਾ ਬੇਪ੍ਰਵਾਹ ਇਸ਼ਕ, ਨਫ਼ੀਸ ਬੰਦੇ ਦੀ ਰਜ਼ਾ ਵਿਚ ਪ੍ਰਵਾਨ ਚੜ੍ਹਨਾ ਹੈ।