ਜੁਝਾਰੂ ਆਦਿਵਾਸੀਆਂ ਦਾ ਰੋਹ ਤੇ ਰੋਸ

ਬੂਟਾ ਸਿੰਘ
ਫੋਨ: 91-94634-74342
ਭਾਰਤੀ ਹੁਕਮਰਾਨਾਂ ਵਲੋਂ ਮਾਓਵਾਦੀ ਅਗਵਾਈ ਹੇਠਲੀ ਇਨਕਲਾਬੀ ਆਵਾਮੀ ਲਹਿਰ ਨੂੰ ਕੁਚਲਣ ਲਈ ਚਲਾਏ ਜਾ ਰਹੇ ਓਪਰੇਸ਼ਨ ਗ੍ਰੀਨ ਹੰਟ ਦਾ ਛੇਵਾਂ ਸਾਲ ਚੱਲ ਰਿਹਾ ਹੈ। ਇਸ ਦੌਰਾਨ ‘ਕੌਮੀ ਸੁਰੱਖਿਆ’ ਅਤੇ ‘ਵਿਕਾਸ’ ਦੇ ਨਾਂ ਹੇਠ ਆਦਿਵਾਸੀ ਆਵਾਮ ਦੀ ਬੇਸ਼ੁਮਾਰ ਜਾਨੀ ਤੇ ਮਾਲੀ ਤਬਾਹੀ ਕੀਤੀ ਗਈ ਹੈ।

ਸੁਰੱਖਿਆ ਅਤੇ ਅਮਨ-ਕਾਨੂੰਨ ਦੇ ਨਾਂ ਹੇਠ ਬਣਾਇਆ ਵਹਿਸ਼ੀ ਰਾਜਤੰਤਰ ਮੁਲਕ ਦੇ ਨਾਗਰਿਕਾਂ ਦੀ ਨਸਲਕੁਸ਼ੀ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਮਨਮਾਨੀਆਂ ਗ੍ਰਿਫ਼ਤਾਰੀਆਂ, ਲੁੱਟਮਾਰ, ਜਬਰ-ਜਨਾਹ, ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖ ਕੇ ਤਸ਼ੱਦਦ, ਜੰਗਲ ਜਾਂ ਬਾਜ਼ਾਰ ਵਿਚ ਸਾਧਾਰਨ ਆਦਿਵਾਸੀ ਨੂੰ ਗੋਲੀ ਮਾਰ ਕੇ ਢੇਰ ਕਰ ਦੇਣਾ, ਫਰਜ਼ੀ ਮੁਕਾਬਲੇ ਆਦਿ ਆਮ ਗੱਲ ਹੈ। ਆਪਣੇ ਹੀ ਲੋਕਾਂ ਵਿਰੁਧ ਇਸ ਨੀਮ-ਫ਼ੌਜੀ ਜੰਗ ਨੂੰ ਮਹਿਜ਼ ‘ਪੁਲਿਸ ਕਾਰਵਾਈ’ ਦਾ ਨਾਂ ਦਿੱਤਾ ਹੋਣ ਕਾਰਨ ਤਾਨਾਸ਼ਾਹ ਰਾਜ ਜੰਗ ਹੇਠਲੇ ਇਲਾਕਿਆਂ ਉਪਰ ਲਾਗੂ ਹੁੰਦੇ ਕੌਮਾਂਤਰੀ ਕਾਇਦੇ-ਕਾਨੂੰਨਾਂ ਦਾ ਪਾਬੰਦ ਵੀ ਨਹੀਂ ਹੈ। ਮਾਓਵਾਦੀ ਲਹਿਰ ਦੇ ਜ਼ੋਰ ਵਾਲੇ ਇਲਾਕਿਆਂ ਦੀ ਭਾਵੇਂ ਮੁਕੰਮਲ ਘੇਰਾਬੰਦੀ ਕੀਤੀ ਹੋਈ ਹੈ, ਫਿਰ ਵੀ ਜਿੰਨੀਆਂ ਕੁ ਸੀਮਤ ਰਿਪੋਰਟਾਂ ਜਿਵੇਂ-ਕਿਵੇਂ ਬਾਹਰ ਆ ਰਹੀਆਂ ਹਨ, ਉਨ੍ਹਾਂ ਤੋਂ ਉਥੇ ਆਦਿਵਾਸੀਆਂ ਦੀ ਨਾਬਰੀ ਨੂੰ ਕੁਚਲਣ ਲਈ ਕੀਤੇ ਜਾ ਰਹੇ ਫਾਸ਼ੀਵਾਦੀ ਦਮਨ ਅਤੇ ਮਨੁੱਖੀ ਹੱਕਾਂ ਦੇ ਘਾਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਪਿਛਲੇ ਸਾਲ 8 ਅਕਤੂਬਰ ਨੂੰ ਸੀæਆਰæਪੀæਐਫ਼, ਪੁਲਿਸ ਅਤੇ ਕੋਇਆ ਕਮਾਂਡੋਜ਼ ਵਲੋਂ ਪਿੰਡ ਪੋਟੇਨਾਰ (ਜ਼ਿਲ੍ਹਾ ਬੀਜਾਪੁਰ) ਵਿਚ ਸੀæਪੀæਆਈæ ਮਾਓਵਾਦੀ ਦੀ ਛਾਪਾਮਾਰ ਟੁਕੜੀ ਉਪਰ ਕੀਤੀ ਗੋਲੀਬਾਰੀ ਵਿਚ ਮੜਕਮ ਰੰਬਾਟੀ ਮਾਰੀ ਗਈ ਜਦਕਿ ਪੂਨਮ ਅਤੇ ਮੜਕਮ ਲਕਸ਼ਮੀ ਨੂੰ ਜ਼ਖ਼ਮੀ ਹਾਲਤ ‘ਚ ਗ੍ਰਿਫ਼ਤਾਰ ਕਰ ਲਿਆ ਗਿਆ। Ḕਸੁਰੱਖਿਆ ਬਲਾਂḔ ਨੇ ਇਨ੍ਹਾਂ ਜ਼ਖ਼ਮੀ ਛਾਪਾਮਾਰਾਂ ਨਾਲ ਸਮੂਹਿਕ ਜਬਰ-ਜਨਾਹ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿੱਤਾ। ਪੂਨਮ ਦੇ ਅਲਫ਼ ਨੰਗੇ ਜਿਸਮ ਦੀਆਂ ਤਸਵੀਰਾਂ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਨੂੰ ਜਾਰੀ ਕੀਤੀਆਂ ਜੋ ਪੱਤਰਕਾਰੀ ਦੇ ਅਸੂਲਾਂ ਦੀਆਂ ਧੱਜੀਆਂ ਉਡਾ ਕੇ ਇਕ ਮੁਕਾਮੀ ਹਿੰਦੀ ਰਸਾਲੇ ਨੇ ਛਾਪੀਆਂ।
ਇਸ ਤੋਂ ਪਹਿਲਾਂ ਜੂਨ 2012 ਨੂੰ ਸੀ-60 ਕਮਾਂਡੋਜ਼ ਗੜ੍ਹਚਿਰੌਲੀ ਜ਼ਿਲ੍ਹੇ (ਮਹਾਂਰਾਸ਼ਟਰ) ਦੀ ਇਟਾਪੱਲੀ ਸਬ-ਡਿਵੀਜ਼ਨ ਦੇ ਮੇਦਰੀ ਪਿੰਡ ਨੇੜੇ ਮੁਕਾਬਲੇ ਵਿਚ ਗ੍ਰਿਫ਼ਤਾਰ ਕੀਤੀਆਂ ਛਾਪਾਮਾਰ ਔਰਤਾਂ ਨਾਲ ਵੀ ਸਰਕਾਰੀ ਹਥਿਆਰਬੰਦ ਤਾਕਤਾਂ ਨੇ ਇਸੇ ਤਰ੍ਹਾਂ ਦਾ ਸਲੂਕ ਕੀਤਾ ਸੀ। ਪਹਿਲਾਂ ਕਮਾਂਡੋਜ਼ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ, ਫਿਰ ਜਬਰ-ਜਨਾਹ ਕੀਤੇ ਅਤੇ ਫਿਰ ਲਾਸ਼ਾਂ ਦੀ ਬੇਅਦਬੀ ਕੀਤੀ। ਜ਼ਮੀਰਫ਼ਰੋਸ਼ ਮੁੱਖਧਾਰਾ ਮੀਡੀਆ ਅਤੇ ਪ੍ਰੈਸ ਇੰਡਸਟਰੀ ਲਈ ਇਹ ਮਹਿਜ਼ ਵੇਚੀਆਂ ਜਾਣ ਵਾਲੀਆਂ ਖ਼ਬਰਾਂ ਹਨ। ਪੁਲਿਸ ਦੀ ਵਹਿਸ਼ਤ, ਮਨੁੱਖੀ ਹੱਕਾਂ ਦਾ ਘਾਣ, ਜਨੇਵਾ ਕਨਵੈਨਸ਼ਨ ਅਨੁਸਾਰ ਜੰਗੀ ਕੈਦੀਆਂ ਦੀ ਜ਼ਿੰਦਗੀ ਦੀ ਰਾਖੀ ਅਤੇ ਮਾਣ-ਸਨਮਾਨ ਉਨ੍ਹਾਂ ਲਈ ਕੋਈ ਮੁੱਦਾ ਹੀ ਨਹੀਂ ਹੈ। ਇਹ ਕਦੇ ਚਰਚਾ ਦਾ ਵਿਸ਼ਾ ਹੀ ਨਹੀਂ ਬਣਦਾ ਕਿ ਮਾਓਵਾਦੀ ਲਹਿਰ ਨੂੰ Ḕਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾḔ ਕਰਾਰ ਦੇ ਕੇ ਕੁਚਲਣ ਦੇ ਨਾਂ ਹੇਠ ਇਨ੍ਹਾਂ ਇਲਾਕਿਆਂ ਵਿਚ ਕਿੰਨੇ ਵਸੀਹ ਪੈਮਾਨੇ ‘ਤੇ ਕਤਲੇਆਮ, ਜਬਰ-ਜਨਾਹ ਅਤੇ ਤਬਾਹੀ ਕੀਤੀ ਜਾ ਰਹੀ ਹੈ।
‘ਜਿਥੇ ਜ਼ੁਲਮ ਹੈ, ਉਥੇ ਟੱਕਰ ਹੈ’ ਦੀ ਕਹਾਵਤ ਅਨੁਸਾਰ ਹੁਣ ਇਨ੍ਹਾਂ ਇਲਾਕਿਆਂ ਦੇ ਆਮ ਲੋਕਾਂ ਦਾ ਸਬਰ ਵੀ ਜਵਾਬ ਦੇ ਚੁੱਕਾ ਹੈ। ਉਹ ਹੁਣ ਹਕੂਮਤੀ ਦਹਿਸ਼ਤਗਰਦੀ ਦੇ ਲੋਹ-ਪਰਦੇ ਚੀਰ ਕੇ ਇਸ ਜ਼ੁਲਮ ਖ਼ਿਲਾਫ਼ ਖੁਲ੍ਹੇਆਮ ਆਵਾਜ਼ ਉਠਾਉਣ ਲੱਗੇ ਹਨ। ਪਿਛਲੇ ਮਹੀਨੇ ਦਾਂਤੇਵਾੜਾ ਜ਼ਿਲ੍ਹੇ ਦੇ ਕੂਆਕੌਂਡਾ ਬਲਾਕ ਵਿਚ ‘ਸੁਰੱਖਿਆ ਬਲਾਂ’ ਵਲੋਂ ਇਕ ਆਮ ਆਦਿਵਾਸੀ ਨੂੰ ਗੋਲੀ ਮਾਰਨ ਖ਼ਿਲਾਫ਼ 20 ਪਿੰਡਾਂ ਦੇ 5000 ਲੋਕ ਸੜਕਾਂ ‘ਤੇ ਆ ਨਿਕਲੇ ਸਨ। ਇਹ ਹਕੂਮਤੀ ਜ਼ੁਲਮਾਂ ਵਿਰੁਧ ਖੌਲ਼ ਰਹੇ ਲੋਕ ਰੋਹ ਦੀ ਹੀ ਝਲਕ ਸੀ।
ਹੁਣ ਕੁਝ ਹਫ਼ਤਿਆਂ ‘ਚ ਹੀ ਦੂਜੀ ਵਾਰ ਵੱਡੀ ਤਾਦਾਦ ‘ਚ ਔਰਤਾਂ ਸਮੇਤ 1000 ਆਦਿਵਾਸੀਆਂ ਨੇ ਪੂਰੇ ਸਤਾਰਾਂ ਘੰਟੇ ਛੱਤੀਸਗੜ੍ਹ-ਆਂਧਰਾ ਪ੍ਰਦੇਸ਼ ਕੌਮੀ ਮਾਰਗ ਜਾਮ ਰੱਖਿਆ। ਇਕ ਹਫ਼ਤੇ ਤੋਂ ਵੱਧ ਸਮਾਂ ਪੱਕਾ ਮੋਰਚਾ ਲਾਇਆ। ਹੁਣ ਮਾਮਲਾ ਸੁਕਮਾ ਜ਼ਿਲ੍ਹੇ ਦੇ ਹਮੀਰਗੜ੍ਹ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਕੁੱਕ ਵਜੋਂ ਨੌਕਰੀ ਕਰਦੇ ਮੁਚਕੀ ਹੜਮਾ ਦੀ ਗ੍ਰਿਫ਼ਤਾਰੀ ਦਾ ਹੈ। ਪਿੰਡ ਵਾਸੀਆਂ ਅਨੁਸਾਰ 15 ਫਰਵਰੀ ਦੀ ਰਾਤ ਨੂੰ ਪੁਲਿਸ ਨੇ ਕੋਲਾਕੌਂਟਾ ਬਸਤੀ ਉਪਰ ਧਾਵਾ ਬੋਲ ਕੇ ਆਦਿਵਾਸੀਆਂ ਨੂੰ ਘਰਾਂ ਵਿਚੋਂ ਬਾਹਰ ਕੱਢ ਲਿਆ। ਡੁਲਗੋ ਪਾਂਡੂ, ਹਿੜਮਾ ਪੋਡੀਅਮ, ਉਸ ਦੀ 27 ਸਾਲਾਂ ਦੀ ਪਤਨੀ ਮਾਡੋ ਪੜਿਆਮੀ ਅਤੇ ਉਨ੍ਹਾਂ ਦੀ ਬਜ਼ੁਰਗ ਮਾਂ ਦੀ ਕੁੱਟਮਾਰ ਕਰ ਕੇ ਮਾਓਵਾਦੀਆਂ ਦੇ ਹਮਾਇਤੀ ਪਿੰਡ ਵਾਸੀਆਂ ਦੀ ਸੂਹ ਦੇਣ ਲਈ ਕਿਹਾ। ਪੁਲਿਸ ਨੇ ਉਨ੍ਹਾਂ ਦੇ ਘਰਾਂ ‘ਚੋਂ ਕੀਮਤੀ ਸਮਾਨ ਅਤੇ ਨਗਦੀ ਲੁੱਟ ਲਈ। ਓੜਕ ਪੁਲਿਸ 11 ਆਦਿਵਾਸੀਆਂ ਨੂੰ ਗੱਡੀਆਂ ਵਿਚ ਸੁੱਟ ਕੇ ਟੌਂਗਪਾਲ ਥਾਣੇ ਲੈ ਗਈ। ਅਗਲੇ ਦਿਨ ਸਵੇਰੇ ਹੀ ਪਿੰਡ ਦੇ ਸਰਪੰਚ ਦੀ ਅਗਵਾਈ ਵਿਚ ਲੋਕਾਂ ਵਲੋਂ ਥਾਣੇ ਜਾ ਕੇ ਫੜੇ ਬੰਦਿਆਂ ਦੀ ਰਿਹਾਈ ਲਈ ਦਬਾਅ ਪਾਉਣ ‘ਤੇ ਤ੍ਰਿਕਾਲਾਂ ਨੂੰ 10 ਬੰਦੇ ਤਾਂ ਛੱਡ ਦਿੱਤੇ ਪਰ ਮੁਚਕੀ ਹੜਮਾ ਨੂੰ ਪੁੱਛਗਿੱਛ ਪੂਰੀ ਕਰ ਕੇ ਛੱਡਣ ਦਾ ਵਾਅਦਾ ਕੀਤਾ। ਅਗਲੇ ਦਿਨ ਉਸ ਉਪਰ ਕਤਲ, ਫ਼ਸਾਦ, ਘਾਤਕ ਹਥਿਆਰਾਂ, ਗ਼ੈਰ-ਕਾਨੂੰਨੀ ਮੀਟਿੰਗ ਕਰਨ ਦੇ ਸੰਗੀਨ ਇਲਜ਼ਾਮ ਲਾ ਕੇ ਜੁਡੀਸ਼ੀਅਲ ਮੈਜਿਸਟਰੇਟ ਦੇ ਪੇਸ਼ ਕਰ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਪੁਲਿਸ ਮੁਖ਼ਬਰ ਅਨਿਲ ਠਾਕੁਰ ਨੂੰ ਇਸ ਪਿੰਡ ਨੇੜੇ ਹਥਿਆਰਬੰਦ ਬੰਦਿਆਂ ਵਲੋਂ ਅਗਵਾ ਕਰ ਕੇ ਮਾਰ ਦੇਣ ਦੀ ਵਾਰਦਾਤ ਵਿਚ ਮੁਚਕੀ ਹੜਮਾ ਸ਼ਾਮਲ ਸੀ। ਉਦੋਂ ਤੋਂ ਹੀ ਪੁਲਿਸ ਇਸ ਪਿੰਡ ਦੇ ਬਾਸ਼ਿੰਦਿਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਇਸੇ ਪਿੰਡ ਦੇ ਕਵਾਸੀ ਹਿੜਮਾ ਨੂੰ ਟੌਂਗਪਾਲ ਬਾਜ਼ਾਰ ਵਿਚੋਂ ਪੁਲਿਸ ਨੇ ਅਗਵਾ ਕਰ ਕੇ ਹਿਰਾਸਤ ਵਿਚ ਪੰਜ ਦਿਨ ਬੁਰੀ ਤਰ੍ਹਾਂ ਤਸੀਹੇ ਦਿੱਤੇ ਸਨ। ਰਿਹਾ ਹੋਣ ‘ਤੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਹੋ ਕੇ ਉਸ ਨੇ ਚੁੱਪ-ਚੁਪੀਤੇ ਇਲਾਜ ਕਰਵਾ ਲਿਆ ਸੀ ਤੇ ਤਸੀਹਿਆਂ ਤੇ ਜ਼ਲਾਲਤ ਦੀ ਪੀੜਾ ਅੰਦਰੋ-ਅੰਦਰੀ ਪੀ ਲਈ ਸੀ।
ਨਿੱਤ ਦੀ ਇਸ ਜ਼ਲਾਲਤ ਅਤੇ ਜ਼ੁਲਮਾਂ ਦੇ ਸਤਾਏ 1000 ਆਦਿਵਾਸੀਆਂ ਨੇ ਆਪ-ਮੁਹਾਰੇ ਕਾਫ਼ਲੇ ਬੰਨ੍ਹ ਕੇ 17 ਫਰਵਰੀ ਨੂੰ ਕੌਮੀ ਮਾਰਗ ਜਾਮ ਕਰ ਦਿੱਤਾ। ਜਦੋਂ ਪੁਲਿਸ ਜਾਮ ਖੁੱਲ੍ਹਵਾਉਣ ਵਿਚ ਨਾਕਾਮ ਰਹੀ, ਤਾਂ ਕਵਾਸੀ ਹਿੜਮਾ, ਬੁਦਰਾ ਅਤੇ ਮੰੜਾਵੀ ਰਾਮਜੀ ਨੂੰ ਗ਼ੈਰ-ਕਾਨੂੰਨੀ ਤੌਰ ‘ਤੇ ਇਕੱਠੇ ਹੋਣ ਦੇ ਇਲਜ਼ਾਮ ‘ਚ ਚੁੱਕ ਕੇ ਲੈ ਗਈ। ਪੁਲਿਸ ਦੀ ਬਣਾਈ ਕਹਾਣੀ ਤਾਂ ਵੱਡੀਆਂ ਸੁਰਖ਼ੀਆਂ ਬਣਦੀ ਹੈ, ਪਰ ਆਦਿਵਾਸੀ ਆਵਾਮ ਦੇ ਇਸ ਸਭ ਤੋਂ ਅਹਿਮ ਸਵਾਲ ਨੂੰ ਮੁੱਖਧਾਰਾ ਮੀਡੀਆ ਸੁਣਨ ਲਈ ਵੀ ਤਿਆਰ ਨਹੀਂ ਕਿ Ḕਸੁਰੱਖਿਆ ਬਲਾਂḔ ਵਲੋਂ ਔਰਤਾਂ ਨਾਲ ਜਬਰ-ਜਨਾਹ, ਬਿਨਾਂ ਵਾਰੰਟ ਗ੍ਰਿਫ਼ਤਾਰੀਆਂ, ਬਿਨਾਂ ਗ੍ਰਿਫ਼ਤਾਰੀ ਕਈ-ਕਈ ਦਿਨ ਹਿਰਾਸਤ ਵਿਚ ਤਸੀਹੇ ਕਿਸ ਸੰਵਿਧਾਨ ਅਨੁਸਾਰ ਕਾਨੂੰਨੀ ਅਤੇ ਜਾਇਜ਼ ਹਨ।
ਆਦਿਵਾਸੀਆਂ ਵਿਚ ਇਤਨਾ ਰੋਹ ਸੀ ਕਿ ਆਦਿਵਾਸੀ ਆਮ ਆਦਮੀ ਪਾਰਟੀ ਦੀ ਆਗੂ ਸੋਨੀ ਸੋਰੀ ਅਤੇ ਕਾਰਕੁਨ ਬੇਲਾ ਭਾਟੀਆ ਦੀ ਦਖ਼ਲਅੰਦਾਜ਼ੀ ਅਤੇ ਪ੍ਰੇਰਨਾ ਨਾਲ ਵੀ ਜਾਮ ਖੋਲ੍ਹਣਾ ਨਾ ਮੰਨੇ। ਉਨ੍ਹਾਂ ਦੀ ਮੰਗ ਸੀ ਕਿ ਭਾਵੇਂ ਮੁਚਕੀ ਹੜਮਾ ਦੇ ਮਾਮਲੇ ਵਿਚ ਹੁਣ ਕਾਨੂੰਨੀ ਚਾਰਾਜੋਈ ਦਾ ਸਹਾਰਾ ਲੈਣਾ ਪਵੇਗਾ ਪਰ ਤਿੰਨ ਮੁਜ਼ਾਹਰਾਕਾਰੀਆਂ ਦੀ ਰਿਹਾਈ ਤਕ ਉਹ ਉਥੋਂ ਨਹੀਂ ਜਾਣਗੇ। ਆਦਿਵਾਸੀਆਂ ਦੇ ਦ੍ਰਿੜ ਇਰਾਦੇ ਦੇਖ ਕੇ ਪੁਲਿਸ ਨੇ ਉਨ੍ਹਾਂ ਤਿੰਨਾਂ ਨੂੰ ਰਿਹਾ ਕਰ ਦਿੱਤਾ, ਪਰ ਜਦੋਂ ਉਹ ਪੁਲਿਸ ਹਿਰਾਸਤ ‘ਚੋਂ ਬਾਹਰ ਆਏ ਤਾਂ ਉਨ੍ਹਾਂ ਉਪਰ ਕੀਤੇ ਤਸ਼ੱਦਦ ਨੂੰ ਦੇਖ ਕੇ ਆਦਿਵਾਸੀਆਂ ਦਾ ਰੋਹ ਭੜਕ ਉਠਿਆ। ਉਨ੍ਹਾਂ ਨੂੰ ਉਦੋਂ ਤਕ ਡਾਂਗਾਂ ਨਾਲ ਕੁੱਟਿਆ ਗਿਆ ਸੀ ਜਦੋਂ ਤਕ ਉਹ ਬੇਹੋਸ਼ ਨਹੀਂ ਹੋ ਗਏ। ਉਨ੍ਹਾਂ ਦੇ ਸਿਰ ਪਾਣੀ ਦੀਆਂ ਭਰੀਆਂ ਬਾਲਟੀਆਂ ਵਿਚ ਵਾਰ-ਵਾਰ ਡੁਬੋਏ ਗਏ। ਫਿਰ ਪੁਲਿਸ ਨੇ ਮੁਕਾਮੀ ਸਰਕਾਰੀ ਡਾਕਟਰ ਕੋਲੋਂ ਟੀਕੇ ਲਗਵਾ ਕੇ ਉਨ੍ਹਾਂ ਨੂੰ ਐਸ਼ਡੀæਐਮæ ਦੇ ਪੇਸ਼ ਕਰ ਕੇ ਦਾਂਤੇਵਾੜਾ ਜੇਲ੍ਹ ਵਿਚ ਬੰਦ ਰੱਖਿਆ ਸੀ। ਇਹ ਹਾਲ ਸੁਣ ਕੇ ਸੁਕਮਾ ਤੇ ਬਸਤਰ ਜ਼ਿਲ੍ਹਿਆਂ ਦੇ ਡਰਬਾ, ਕੂਆਕੌਂਡਾ, ਛਿੰਦਗੜ੍ਹ ਅਤੇ ਸੁਕਮਾ ਬਲਾਕਾਂ ਦੇ ਆਦਿਵਾਸੀ ਵਹੀਰਾਂ ਘੱਤ ਕੇ ਟੌਂਗਪਾਲ ਆ ਪਹੁੰਚੇ। ਇਕੱਠ ਵਧਦਾ-ਵਧਦਾ 5000 ਹੋ ਗਿਆ। ਫਿਰ ਉਨ੍ਹਾਂ ਨੇ ਕੌਮੀ ਮਾਰਗ ਦਾ ਜਾਮ ਖ਼ਤਮ ਕਰ ਕੇ 22 ਫਰਵਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਟੌਂਗਪਾਲ ਦੇ ਖੁੱਲ੍ਹੇ ਮੈਦਾਨ ਵਿਚ ਧਰਨਾ ਲਾ ਦਿੱਤਾ।
ਇਤਨੇ ਵਸੀਹ ਲੋਕ ਵਿਰੋਧ ਦੇ ਬਾਵਜੂਦ ਘੋਰ ਲਾ-ਕਾਨੂੰਨੀਆਂ ‘ਚ ਗਲਤਾਨ ਪੁਲਿਸ ਐਨੀ ਬੇਖੌਫ਼ ਹੈ ਕਿ ਥਾਣਾ ਮੁਖੀ ਪੱਤਰਕਾਰਾਂ ਨੂੰ ਸ਼ਰੇਆਮ ਕਹਿ ਰਿਹਾ ਸੀ, “ਜੇ ਉਹ ਹੁਣ ਚੱਕਾ ਜਾਮ ਕਰਦੇ ਹਨ, ਫਿਰ ਅਸਲੀ ਕਾਰਵਾਈ ਹੋਵੇਗੀ।”
21 ਫਰਵਰੀ ਨੂੰ ਆਦਿਵਾਸੀਆਂ ਨੇ ਤਿੰਨ ਕਿਲੋਮੀਟਰ ਲੰਮਾ ਮੌਨ ਜਲੂਸ ਕੱਢ ਕੇ ਹਕੂਮਤੀ ਜ਼ੁਲਮਾਂ ਨੂੰ ਲਾਹਨਤ ਪਾਈ। ਉਨ੍ਹਾਂ ਵਲੋਂ ਚੁੱਕੀਆਂ ਤਖ਼ਤੀਆਂ ਉਪਰ ਨਾਅਰੇ ਲਿਖੇ ਹੋਏ ਸਨ: ‘ਹਮ ਭੀ ਇਨਸਾਨ ਹੈ, ਹਮੇ ਭੀ ਜੀਨੇ ਦੋ’, ‘ਨਿਰਦੋਸ਼ ਆਦਿਵਾਸੀਓਂ ਪਰ ਪੁਲਿਸ ਅਪਨਾ ਦਮਨ ਬੰਦ ਕਰੇ।’ ਹੜਮਾ ਮੁਚਕੀ ਦੀ ਰਿਹਾਈ ਦੇ ਨਾਲ-ਨਾਲ ਹੁਣ ਉਹ ਬਿਨਾਂ ਵਾਰੰਟ ਪੁਲਿਸ ਵਲੋਂ ਮਨਮਾਨੀਆਂ ਗ੍ਰਿਫ਼ਤਾਰੀਆਂ ਪੂਰੀ ਤਰ੍ਹਾਂ ਬੰਦ ਕਰਨ, ਔਰਤ ਪੁਲਿਸ ਮੁਲਾਜ਼ਮਾਂ ਵਲੋਂ ਹੀ ਘਰਾਂ ਦੀ ਤਲਾਸ਼ੀ ਅਤੇ ਔਰਤਾਂ ਤੋਂ ਪੁੱਛਗਿੱਛ ਕਰਨ ਦੀ ਮੰਗ ਕਰ ਰਹੇ ਹਨ। ਧਰਨਾਕਾਰੀ ਔਰਤਾਂ ਦੱਸਦੀਆਂ ਹਨ: “ਜਦੋਂ ‘ਫੋਰਸ ਵਾਲਾ’ ਪਿੰਡ ਵਿਚ ਤਲਾਸ਼ੀਆਂ ਦੀ ਕਾਰਵਾਈ ਕਰਦੇ ਹਨ ਤਾਂ ਔਰਤਾਂ ਨੂੰ ਵੀ ਨਹੀਂ ਬਖ਼ਸ਼ਦੇ। ਜਦੋਂ ਅਸੀਂ ਇਕੱਲੀਆਂ ਹੁੰਦੀਆਂ ਹਾਂ ਤਾਂ ਮਰਦ ਘਰਾਂ ਵਿਚ ਆ ਘੁਸਦੇ ਹਨ।” ਇਸੇ ਬਲਾਕ ਦੇ ਪਿੰਡ ਪੇਂਦਲਨਾਰ ਦਾ ਸਰਪੰਚ ਮੁੜਾ ਕਵਾਸੀ ਕਹਿੰਦਾ ਹੈ, “ਪਿੰਡਾਂ ਵਿਚ ਆਪਣੇ ਘਰਾਂ ਵਿਚ ਸਹਿਜ ਜ਼ਿੰਦਗੀ ਜਿਉਣਾ ਅਤੇ ਹਾਟ-ਬਾਜ਼ਾਰ ਜਾਣਾ ਵੀ ਅਸੰਭਵ ਹੋ ਚੁੱਕਾ ਹੈ। ਕਿਸੇ ਨਾ ਕਿਸੇ ਪੁੱਛ-ਪੜਤਾਲ ਜਾਂ ਨਕਸਲੀ ਹੋਣ ਦੇ ਸ਼ੱਕ ‘ਚ ਫੜ ਲੈਣ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ।”
ਤਸ਼ੱਦਦ ਦਾ ਸੱਜਰਾ ਸ਼ਿਕਾਰ ਹੋਇਆ ਕਵਾਸੀ ਹਿੜਮਾ ਕਹਿੰਦਾ ਹੈ, “ਸੁਕਮਾ, ਡਰਬਾ ਅਤੇ ਕੂਆਕੌਂਡਾ ਦੇ ਗੁਆਂਢੀ ਬਲਾਕਾਂ ਦੇ ਪਿੰਡਾਂ ਦੀ ਵੀ ਇਹੋ ਕਹਾਣੀ ਹੈ। ਇਸੇ ਕਰ ਕੇ ਇਤਨੇ ਤਾਦਾਦ ‘ਚ ਲੋਕ ਸਾਡੀ ਹਮਾਇਤ ‘ਚ ਇਥੇ ਆ ਜੁੜੇ ਹਨ।” ਦੋਲੇਰਾਸ ਪਿੰਡ ਦਾ ਸਰਪੰਚ ਕਹਿੰਦਾ ਹੈ, “ਅਸੀਂ ਉਦੋਂ ਤਾਈਂ ਇਥੇ ਧਰਨੇ ‘ਤੇ ਬੈਠੇ ਰਹਾਂਗੇ ਜਦੋਂ ਤਾਈਂ ਅਧਿਕਾਰੀਆਂ ਵਲੋਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ, ਚਾਹੇ ਮਹੀਨਾ ਲੱਗ ਜਾਵੇ।”
ਸੋਨੀ ਸੋਰੀ ਕਹਿੰਦੀ ਹੈ, “ਇਸ ਵਾਰ ਲੋਕ ਦ੍ਰਿੜ ਜਾਪਦੇ ਹਨ। ਉਹ ਚਾਹੁੰਦੇ ਹਨ ਉਨ੍ਹਾਂ ਦੀ ਸੁਣਵਾਈ ਹੋਵੇ ਅਤੇ ਉਹ ਇਸ ਤਰ੍ਹਾਂ ਦਾ ਵਿਹਾਰ ਸਹਿਣ ਤੋਂ ਨਾਬਰ ਹਨ।”
ਪੁਲਿਸ ਅਤੇ ਸੁਰੱਖਿਆ ਬਲਾਂ ਅਨੁਸਾਰ ਇਨ੍ਹਾਂ ਰੋਸ ਵਿਖਾਵਿਆਂ ਦੀ ਅਸਲ ਅਗਵਾਈ ਕਰਨ ਵਾਲੇ ਹੋਰ ਹਨ। ਥਾਣਾ ਮੁਖੀ ਪੱਤਰਕਾਰ ਨੂੰ ਕਹਿੰਦਾ ਹੈ, “ਜਦੋਂ ਇਹ ਖ਼ਤਮ ਹੋ ਗਿਆ ਤਾਂ ਥਾਣੇ ਆਇਓ। ਮੈਂ ਤੁਹਾਨੂੰ ਸਾਡੇ ਹੱਥ ਲੱਗੀ ਗੱਲਬਾਤ ਦੀ ਰਿਕਾਰਡਿੰਗ ਸੁਣਾਵਾਂਗਾ ਕਿ ਇਸ ਇਕੱਠ ਨੂੰ ਅਗਵਾਈ-ਸੇਧ ਉਹ ਲੋਕ (ਮਾਓਵਾਦੀ) ਦੇ ਰਹੇ ਹਨ।”