-ਜਤਿੰਦਰ ਪਨੂੰ
27 ਫਰਵਰੀ ਦੇ ਦਿਨ ਭਾਰਤ ਦੀ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਗੱਲ ਇਹ ਕਹੀ ਕਿ ਐਵੇਂ ਭਰਮ ਕਰਨ ਦੀ ਲੋੜ ਨਹੀਂ, ਪਿਛਲੀ ਸਰਕਾਰ ਦੀ ਮਨਰੇਗਾ ਸਕੀਮ ਅਸੀਂ ਬੰਦ ਨਹੀਂ ਕਰ ਰਹੇ, ਕਾਂਗਰਸ ਦੀ ਨਾਕਾਮੀ ਦੀ ਯਾਦਗਾਰ ਦੇ ਤੌਰ ਉਤੇ ਅਸਾਂ ਇਹ ਕਾਇਮ ਰੱਖਣੀ ਤੇ ਇਸ ਦਾ ਢੰਡੋਰਾ ਪਿੱਟਣਾ ਹੈ।
ਕਾਂਗਰਸ ਬਾਰੇ ਨਰਿੰਦਰ ਮੋਦੀ ਜਾਂ ਕੋਈ ਹੋਰ ਕੁਝ ਕਹਿ ਦੇਵੇ, ਕਾਂਗਰਸ ਵਾਲੇ ਆਪ ਜਵਾਬ ਦਿੰਦੇ ਰਹਿਣ, ਉਸ ਪਾਰਟੀ ਦੇ ਨਾਲ ਸਾਡੇ ਵਰਗੇ ਲੋਕਾਂ ਦੀ ਕੋਈ ਹਮਦਰਦੀ ਨਹੀਂ। ਜਿਹੜੀ ਕਾਂਗਰਸ ਪਾਰਟੀ ਵਿਚ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦਾ ਜਵਾਈ ਇਸ ਗੱਲ ਲਈ ਸਿਰ ਉਚਾ ਕਰ ਕੇ ਕੂਕਿਆ ਸੀ ਕਿ ਭ੍ਰਿਸ਼ਟਾਚਾਰੀਆਂ ਦਾ ਲਿਹਾਜ ਨਹੀਂ ਕਰਨਾ ਚਾਹੀਦਾ, ਉਸੇ ਕਾਂਗਰਸ ਪਾਰਟੀ ਦੀ ਅਜੋਕੀ ਪ੍ਰਧਾਨ ਆਪਣੇ ਮਹਾਂ ਭ੍ਰਿਸ਼ਟ ਜਵਾਈ ਦੇ ਬਚਾਅ ਲਈ ਪਾਰਟੀ ਨੂੰ ਕੂੜੇ ਦੇ ਢੇਰ ਉਤੇ ਸੁੱਟਣ ਤੁਰ ਪਈ ਹੈ। ਏਦਾਂ ਦੀ ਪਾਰਟੀ ਦੇ ਬਚਾਅ ਖਾਤਰ ਕੋਈ ਦੂਸਰਾ ਐਵੇਂ ਸਿਰ ਫਸਾਉਣ ਦੀ ਲੋੜ ਨਹੀਂ ਸਮਝੇਗਾ। ਪਾਰਟੀ ਲੀਡਰ ਮਲਿਕ ਅਰਜੁਨ ਖੜਗੇ ਨੇ ਜ਼ਿਮੇਵਾਰੀ ਨਿਭਾਈ ਹੈ ਅਤੇ ਨਰਿੰਦਰ ਮੋਦੀ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਮਨਰੇਗਾ ਸਾਰੇ ਭਾਰਤ ਵਿਚ ਕਾਂਗਰਸ ਦੀ ਨਾਕਾਮੀ ਦਾ ਮੈਮੋਰੀਅਲ ਹੈ ਤਾਂ ਜਿਸ ਗੁਜਰਾਤ ਵਿਚ ਤੁਹਾਡਾ ਰਾਜ ਸੀ, ਉਥੇ ਗਰੀਬੀ ਤੁਹਾਥੋਂ ਦੂਰ ਕਿਉਂ ਨਾ ਕੀਤੀ ਜਾ ਸਕੀ? ਖੜਗੇ ਦਾ ਏਨਾ ਕੁ ਜਵਾਬ ਕਾਫੀ ਹੈ, ਜਿਸ ਨਾਲ ਕਾਂਗਰਸ ਹਾਈ ਕਮਾਨ ਕੋਲ ਵੀ ਉਸ ਦੇ ਲੋੜ ਜੋਗੇ ਨੰਬਰ ਬਣ ਗਏ ਹੋਣਗੇ।
ਮਨਰੇਗਾ ਕਿਸੇ ਕਾਂਗਰਸੀ ਦੇ ਦਿਮਾਗ ਦੀ ਕਾਢ ਨਹੀਂ ਸੀ। ਜਦੋਂ ਮਨਮੋਹਨ ਸਿੰਘ ਦੀ ਪਹਿਲੀ ਸਰਕਾਰ ਬਣੀ ਤਾਂ ਖੱਬੇ ਪੱਖੀਆਂ ਦੇ ਆਸਰੇ ਚੱਲਦੀ ਹੋਣ ਕਰ ਕੇ ਉਨ੍ਹਾਂ ਨੇ ਮੰਗ ਉਠਾਈ ਸੀ ਕਿ ਪੇਂਡੂ ਗਰੀਬਾਂ ਨੂੰ ਰੁਜ਼ਗਾਰ ਦੇਣ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਉਦੋਂ ਇਸ ਨੂੰ ‘ਨਰੇਗਾ’ (ਨੈਸ਼ਨਲ ਰੂਰਲ ਇੰਪਲਾਈਮੈਂਟ ਗਾਰੰਟੀ ਐਕਟ) ਵਜੋਂ ਜਾਣਿਆ ਜਾਂਦਾ ਸੀ ਤੇ ਅਗਲੀ ਵਾਰੀ ਜਦੋਂ ਕਾਂਗਰਸ ਨੇ ਖੱਬੇ ਪੱਖੀਆਂ ਤੋਂ ਬਿਨਾਂ ਸਰਕਾਰ ਬਣਾ ਲਈ ਤਾਂ ਇਸ ਦੇ ਮੁੱਢ ਵਿਚ ਮਹਾਤਮਾ ਗਾਂਧੀ ਜੋੜ ਕੇ ਨਰੇਗਾ ਤੋਂ ਮਨਰੇਗਾ ਬਣਾ ਦਿੱਤਾ ਸੀ। ਇਸ ਕਾਨੂੰਨ ਨੂੰ ਮਾੜਾ ਨਹੀਂ ਆਖਿਆ ਜਾ ਸਕਦਾ। ਦੇਸ਼ ਦੇ ਉਨ੍ਹਾਂ ਪੇਂਡੂ ਗਰੀਬਾਂ ਦੀ ਇਹ ਲੋੜ ਸੀ, ਜਿਹੜੇ ਹਰ ਰਾਜ ਵਿਚ ਹਨ।
ਅਸੀਂ ਕਈ ਵਕੀਲਾਂ ਬਾਰੇ ਸੁਣਦੇ ਰਹਿੰਦੇ ਹਾਂ ਕਿ ਉਹ ਜਦੋਂ ਬਹਿਸ ਕਰਨ ਤਾਂ ਪੀੜਤ ਨੂੰ ਦੋਸ਼ੀ ਅਤੇ ਦੋਸ਼ੀ ਨੂੰ ਪੀੜਤ ਸਾਬਤ ਕਰ ਸਕਦੇ ਹਨ। ਨਰਿੰਦਰ ਮੋਦੀ ਨੂੰ ਸਾਬਤ ਕਰਨ ਦੀ ਲੋੜ ਨਹੀਂ, ਉਹ ਏਦਾਂ ਦੇ ਦਾਅਵੇ ਵੀ ਕਰ ਜਾਂਦਾ ਹੈ, ਜਿਹੜੇ ਨਿਰਾ ਝੂਠ ਹੋਣ ਤੇ ਸਾਹਮਣੇ ਬੈਠੇ ਲੋਕਾਂ ਵਲੋਂ ਕਿੰਤੂ ਕੀਤੇ ਜਾਣ ਦੀ ਪ੍ਰਵਾਹ ਵੀ ਕਦੇ ਨਹੀਂ ਕਰਦਾ। ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਉਸ ਨੇ ਇੱਕ ਵਾਰੀ ਇਹ ਕਹਿ ਦਿੱਤਾ ਸੀ ਕਿ ਮੇਰੀ ਸਰਕਾਰ ਹੋਣ ਕਾਰਨ ਦਿੱਲੀ ਦੇ ਲੋਕ ਗੁਜਰਾਤ ਦਾ ਦੁੱਧ ਪੀਂਦੇ ਹਨ। ਇਹ ਅੱਧਾ ਕੁ ਸੱਚ ਸੀ। ਦਿੱਲੀ ਨੂੰ ਅਮੁੱਲ ਕੰਪਨੀ ਦੁੱਧ ਸਪਲਾਈ ਕਰਦੀ ਹੈ, ਉਹ ਗੁਜਰਾਤ ਦੀ ਹੈ, ਪਰ ਆਨੰਦ ਸ਼ਹਿਰ ਦੇ ਨਾਂ ਉਤੇ ਬਣਾਈ ‘ਆਨੰਦ ਮਿਲਕ ਯੂਨੀਅਨ ਲਿਮਟਿਡ’ (ਅਮੁਲ) ਜਦੋਂ ਪਹਿਲੀ ਦਸੰਬਰ 1946 ਵਿਚ ਹੋਂਦ ਵਿਚ ਆਈ ਸੀ, ਉਦੋਂ ਨਰਿੰਦਰ ਮੋਦੀ ਨਾਂ ਦਾ ਬੰਦਾ ਅਜੇ ਦੁਨੀਆਂ ਉਤੇ ਨਹੀਂ ਸੀ ਆਇਆ। ਉਸ ਦਾ ਜਨਮ ਸਤੰਬਰ 1950 ਦਾ ਹੈ। ਦਿੱਲੀ ਨੂੰ ਅਮੁਲ ਦੀ ਦੁੱਧ ਸਪਲਾਈ ਵੀ ਉਸ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ। ਫਿਰ ਵੀ ਇਹ ਗੱਲ ਕੱਟਣ ਦੀ ਕਿਸੇ ਦੀ ਹਿੰਮਤ ਇਸ ਲਈ ਨਹੀਂ ਪਈ ਕਿ ਕਹਿਣ ਵਾਲਾ ਨਰਿੰਦਰ ਮੋਦੀ ਸੀ, ਜਿਸ ਨੂੰ ਕੁਝ ਵੀ ਕਹੀ ਜਾਣ ਦਾ ਹੱਕ ਹੈ।
ਕਾਂਗਰਸ ਆਗੂ ਮਲਿਕ ਅਰਜੁਨ ਖੜਗੇ ਜਦੋਂ ਗੁਜਰਾਤ ਦੀ ਗੱਲ ਕਰਦਾ ਹੈ ਕਿ ਉਥੇ ਵੀ ਗਰੀਬੀ ਹੈ ਤਾਂ ਇਸ ਦੇ ਨਾਲ ਉਹ ਆਪਣੀ ਪਾਰਟੀ ਦੀਆਂ ਸਰਕਾਰਾਂ ਦੀ ਨਾਕਾਮੀ ਨਹੀਂ ਢੱਕ ਸਕਦਾ। ਉਸ ਦੀ ਕੋਸ਼ਿਸ਼ ਨਾਲ ਇਹੋ ਸਾਫ ਹੁੰਦਾ ਹੈ ਕਿ ਜੇ ਅਸੀਂ ਨਹੀਂ ਕਰ ਸਕੇ ਤਾਂ ਹੋਰ ਕਿਸੇ ਨੇ ਵੀ ਲੋਕਾਂ ਲਈ ਕੁਝ ਨਹੀਂ ਕੀਤਾ। ਸੱਚ ਵੀ ਇਹੋ ਹੈ। ਪੰਜਵੀਂ ਵਾਰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦਾ ਹੈ ਕਿ ਮੇਰੀ ਸਰਕਾਰ ਗਰੀਬਾਂ ਨੂੰ ਸਸਤਾ ਆਟਾ ਤੇ ਸਸਤੀ ਦਾਲ ਦੇਵੇਗੀ ਤੇ ਉਨ੍ਹਾਂ ਦੀਆਂ ਧੀਆਂ ਲਈ ਸਾਈਕਲ ਦੇਵੇਗੀ ਤਾਂ ਉਸ ਨੂੰ ਅੱਗੋਂ ਕੋਈ ਇਹ ਨਹੀਂ ਪੁੱਛਦਾ ਕਿ ਇਨ੍ਹਾਂ ਨੂੰ ਮੁਫਤ ਮਿਲਣ ਵਾਲਾ ਪ੍ਰਸ਼ਾਦ ਕਿੰਨੇ ਦਹਾਕੇ ਵਿਖਾਈ ਜਾਣਾ ਹੈ? ਕੀ ਇਨ੍ਹਾਂ ਨੂੰ ਇਸ ਲਈ ਗਰੀਬ ਰੱਖਿਆ ਜਾਂਦਾ ਹੈ ਕਿ ਚੋਣਾਂ ਵਿਚ ਇਨ੍ਹਾਂ ਲਈ ਮੁਫਤ ਦੀਆਂ ਚੀਜ਼ਾਂ ਦਾ ਐਲਾਨ ਕਰ ਕੇ ਵੋਟਾਂ ਬਟੋਰਨ ਵਾਸਤੇ ਰਾਹ ਖੁੱਲ੍ਹਾ ਰਹਿ ਸਕੇ? ਅੰਗਰੇਜ਼ੀ ਦੀ ਕਹਾਵਤ ਹੈ ਕਿ ਭੁੱਖੇ ਨੂੰ ਖਾਣ ਲਈ ਮੱਛੀ ਦੇਣ ਦੀ ਲੋੜ ਨਹੀਂ, ਸਗੋਂ ਉਸ ਨੂੰ ਮੱਛੀ ਫੜਨ ਦੀ ਜਾਚ ਸਿਖਾਓ, ਤਾਂ ਕਿ ਉਹ ਭਲਕੇ ਫਿਰ ਤੁਹਾਡੇ ਵੱਲ ਨਾ ਝਾਕਦਾ ਰਹੇ ਅਤੇ ਆਪ ਫੜ ਕੇ ਖਾਣ ਦਾ ਪ੍ਰਬੰਧ ਕਰ ਸਕੇ। ਸਰਕਾਰ ਕੇਂਦਰ ਦੀ ਹੋਵੇ ਜਾਂ ਕਿਸੇ ਰਾਜ ਦੀ, ਇਹ ਪ੍ਰਬੰਧ ਕਿਸੇ ਨੂੰ ਵੀ ਸੂਤ ਨਹੀਂ ਬੈਠਦਾ। ਰਾਜ-ਗੱਦੀ ਸਾਂਭ ਚੁੱਕੀ ਜਾਂ ਸਾਂਭਣ ਦੀ ਝਾਕ ਰੱਖਦੀ ਹਰ ਪਾਰਟੀ ਨੂੰ ਵੋਟਾਂ ਦੀ ਲੋੜ ਹੈ ਅਤੇ ਵੋਟਾਂ ਲੈਣ ਲਈ ਇਹ ਆਗੂ ਲਾਰਿਆਂ ਦੀ ਗੁੰਜਾਇਸ਼ ਰੱਖਦੇ ਹਨ। ਪਾਰਲੀਮੈਂਟ ਵਿਚ ਇਹ ਗੱਲ ਕਿਸੇ ਨੇ ਮੋਦੀ ਨੂੰ ਨਹੀਂ ਆਖੀ।
ਆਮ ਆਦਮੀ ਸਿਆਸਤ ਦੇ ਉਨ੍ਹਾਂ ਖਿਡਾਰੀਆਂ ਵਿਚਾਲੇ ਫੁੱਟਬਾਲ ਬਣਿਆ ਪਿਆ ਹੈ, ਜਿਨ੍ਹਾਂ ਨੂੰ ਕਦੀ ਸ਼ਰਮ ਦਾ ਅਹਿਸਾਸ ਨਹੀਂ ਹੁੰਦਾ। ਜਦੋਂ ਮੋਦੀ ਸਾਹਿਬ ਇਹ ਗੱਲਾਂ ਕਹਿੰਦੇ ਹਨ ਕਿ ਭਾਰਤ ਵਿਚ ਗਰੀਬੀ ਕਾਂਗਰਸ ਪਾਰਟੀ ਦੀ ਨਾਕਾਮੀ ਦਾ ਸਬੂਤ ਹੈ ਤਾਂ ਇਸ ਵਿਚ ਬਿਨਾਂ ਸ਼ੱਕ ਕਾਂਗਰਸ ਦੀ ਨਾਕਾਮੀ ਹੋਰਨਾਂ ਤੋਂ ਵੱਧ ਹੈ, ਪਰ ਇਹ ਕਾਂਗਰਸ ਪਾਰਟੀ ਇਕੱਲੀ ਦੀ ਨਾਕਾਮੀ ਦਾ ਸਬੂਤ ਨਹੀਂ। ਆਜ਼ਾਦੀ ਮਿਲਣ ਮਗਰੋਂ ਪੰਜਾਬ ਵਿਚ ਇੱਕੀ ਤੋਂ ਵੱਧ ਸਾਲ ਅਕਾਲੀ ਦਲ ਦਾ ਕਦੇ ਇਕੱਲਿਆਂ ਅਤੇ ਕਦੀ ਕਿਸੇ ਨਾਲ ਭਾਈਵਾਲੀ ਦਾ ਰਾਜ ਰਿਹਾ ਹੈ। ਦੇਸ਼ ਦੀ ਕੇਂਦਰ ਸਰਕਾਰ ਵਿਚ ਵੀ ਬਾਰਾਂ ਕੁ ਸਾਲ ਹੋਰ ਪਾਰਟੀਆਂ ਦੀ ਅਗਵਾਈ ਹੇਠ ਇਹ ਭਾਈਵਾਲ ਰਹੀ ਹੈ। ਗਰੀਬੀ ਹਟਾਉਣ ਲਈ ਉਨ੍ਹਾਂ ਵੀ ਕੁਝ ਖਾਸ ਯਤਨ ਨਹੀਂ ਸੀ ਕੀਤੇ। ‘ਨੱਥਾ ਸਿੰਘ, ਪ੍ਰੇਮ ਸਿੰਘ, ਵੰਨ ਐਂਡ ਦਾ ਸੇਮ ਥਿੰਗ’ ਦਾ ਫਾਰਮੂਲਾ ਹੀ ਸਭ ਥਾਂ ਰਿਹਾ ਹੈ।
ਪ੍ਰਾਪਤ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਗਰੀਬੀ ਛੱਤੀਸਗੜ੍ਹ ਵਿਚ ਹੈ, ਜਿੱਥੇ ਪਿਛਲੇ ਬਾਰਾਂ ਸਾਲਾਂ ਤੋਂ ਭਾਜਪਾ ਦਾ ਰਮਨ ਸਿੰਘ ਰਾਜ ਕਰੀ ਜਾ ਰਿਹਾ ਹੈ, ਪਰ ਗਰੀਬੀ ਦਾ ਹੱਲ ਨਹੀਂ ਪੇਸ਼ ਕਰ ਸਕਿਆ। ਜਿਸ ਮੱਧ ਪ੍ਰਦੇਸ਼ ਵਿਚ ਪਿਛਲੇ ਕਰੀਬ ਗਿਆਰਾਂ ਵਰ੍ਹਿਆਂ ਤੋਂ ਭਾਜਪਾ ਦੇ ਮੁੱਖ ਮੰਤਰੀ ਰਾਜ ਕਰ ਰਹੇ ਹਨ, ਉਥੇ ਵੀ ਗਰੀਬੀ ਰੇਖਾ ਤੋਂ ਹੇਠਾਂ ਵੱਸਦੇ ਲੋਕਾਂ ਦੀ ਗਿਣਤੀ ਅਜੇ ਤੱਕ ਇਕੱਤੀ ਫੀਸਦੀ ਤੋਂ ਵੱਧ ਹੈ। ਏਨੀ ਲੰਮੀ ਸਿਆਸੀ ਸਰਦਾਰੀ ਪਿੱਛੋਂ ਵੀ ਗਰੀਬੀ ਤਾਂ ਉਹ ਦੂਰ ਨਹੀਂ ਕਰ ਸਕੇ, ਪਰ ਗਰੀਬਾਂ ਦਾ ਜਲੂਸ ਕੱਢਣ ਲਈ ਉਨ੍ਹਾਂ ਦੇ ਘਰਾਂ ਉਤੇ ਇਹ ਲਿਖ ਦਿੱਤਾ ਸੀ ਕਿ ਇਹ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਲੋਕ ਹਨ, ਜਿਨ੍ਹਾਂ ਦਾ ਗੁਜ਼ਾਰਾ ਸਰਕਾਰ ਦੀ ਖੈਰਾਤ ਨਾਲ ਚੱਲਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਿਹੜੇ ਢੰਗ ਨਾਲ ਹੁਣ ਇਹ ਗੱਲ ਆਖੀ ਹੈ, ਕਈਆਂ ਲਈ ਸ਼ਰਮ ਦਾ ਕਾਰਨ ਹੋ ਸਕਦੀ ਹੈ।
ਜੀ ਹਾਂ, ਇਹ ਗੱਲ ਕਈਆਂ ਲਈ ਸ਼ਰਮ ਦਾ ਮੁੱਦਾ ਹੋ ਸਕਦੀ ਹੈ, ਪਰ ਹੁੰਦੀ ਕਦੇ ਨਹੀਂ। ਜਦੋਂ ਉਹ ਕਾਂਗਰਸ ਦੇ ਰਾਜ ਵਿਚ ਗਰੀਬੀ ਦੀ ਇਸ ਹਾਲਤ ਅਤੇ ਕਾਂਗਰਸ ਪਾਰਟੀ ਦੀ ਨਾਕਾਮੀ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੇ ਨਾਲ ਕੁਝ ਉਹ ਲੋਕ ਬੈਠੇ ਹੁੰਦੇ ਹਨ, ਜਿਨ੍ਹਾਂ ਨੇ ਅੱਧੀ ਤੋਂ ਵੱਧ ਉਮਰ ਕਾਂਗਰਸ ਵਿਚ ਬਿਤਾਈ ਸੀ। ਨਜਮਾ ਹੈਪਤੁਲਾ ਤੋਂ ਰਾਓ ਇੰਦਰਜੀਤ ਸਿੰਘ ਤੱਕ ਸਾਰੇ ਪਹਿਲਾਂ ਕਾਂਗਰਸ ਵਿਚ ਹੁੰਦੇ ਸਨ ਅਤੇ ਹੁਣ ਜਦੋਂ ਨਰਿੰਦਰ ਮੋਦੀ ਕਾਂਗਰਸ ਦਾ ਤਵਾ ਲਾਉਂਦਾ ਹੈ ਤਾਂ ਤਾੜੀਆਂ ਮਾਰਦੇ ਹਨ। ਇੱਕ ਵਾਰੀ ਲੋਕ ਸਭਾ ਵਿਚ ਅਟਲ ਬਿਹਾਰੀ ਵਾਜਪਾਈ ਨੇ ਕਾਂਗਰਸ ਦੇ ਜੈਪਾਲ ਰੈਡੀ ਵਲੋਂ ਉਠਾਏ ਮੁੱਦਿਆਂ ਦਾ ਢੁਕਵਾਂ ਜਵਾਬ ਦੇਣ ਦੀ ਥਾਂ ਇਹ ਕਹਿ ਕੇ ਉਸ ਨੂੰ ਠਿੱਠ ਕੀਤਾ ਸੀ ਕਿ ਮੈਂ ਤੇਰੇ ਵਾਂਗ ਪਾਰਟੀ ਕਦੀ ਨਹੀਂ ਬਦਲੀ। ਵਾਜਪਾਈ ਦੇ ਪਿੱਛੇ ਤਾੜੀ ਮਾਰਨ ਵਾਲਿਆਂ ਵਿਚ ਸੁਸ਼ਮਾ ਸਵਰਾਜ ਵੀ ਸੀ ਅਤੇ ਮੇਨਕਾ ਗਾਂਧੀ ਵੀ, ਜਿਨ੍ਹਾਂ ਨੇ ਆਪ ਦਲ-ਬਦਲੀ ਕੀਤੀ ਹੋਈ ਸੀ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਐਮਰਜੈਂਸੀ ਦੇ ਦੁਖਾਂਤ ਬਾਰੇ ਲਿਖੀ ਕਿਤਾਬ ਦੀ ਜਦੋਂ ਘੁੰਡ-ਚੁਕਾਈ ਕਰਵਾਈ, ਉਸ ਵਿਚ ਸੰਜੇ ਗਾਂਧੀ ਦੇ ਖਿਲਾਫ ਕਈ ਕੁਝ ਲਿਖਿਆ ਸੀ, ਪਰ ਮੇਨਕਾ ਗਾਂਧੀ ਆਪਣੇ ਪਤੀ ਦਾ ਗੁੱਡਾ ਬੰਨ੍ਹਣ ਵਾਲੀ ਉਸ ਕਿਤਾਬ ਦੇ ਰਿਲੀਜ਼ ਸਮਾਗਮ ਵਿਚ ਸਤਿਕਾਰਤ ਮਹਿਮਾਨ ਬਣ ਕੇ ਗਈ ਸੀ। ਲੋਕ ਨੁੱਕਰਾਂ ਵਿਚ ਖੜੇ ਹੋ ਕੇ ਗੱਲਾਂ ਕਰਦੇ ਸਨ, ਮੇਨਕਾ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ‘ਅੱਜ’ ਵਿਚ ਜਿਊਣ ਤੇ ਰਾਜ ਮਾਨਣ ਨੂੰ ਪਹਿਲ ਦੇ ਰਹੀ ਸੀ। ਕਈ ਲੋਕ ਹੁਣ ਮੋਦੀ ਦੇ ਨਾਲ ਜੁੜ ਕੇ ਵੀ ‘ਅੱਜ’ ਵਿਚ ਜਿਊਣ ਦੀ ਕੋਸ਼ਿਸ਼ ਕਰਦੇ ਹਨ ਤੇ ਭਾਰਤ ਦੇ ਲੋਕਾਂ ਦੇ ਸਿਰ ਜਿੰਨੇ ਵੀ ਦੁਖਾਂਤ ਅਤੇ ਦੁੱਖੜੇ ਪੈਂਦੇ ਹਨ, ਉਹ ਸਾਰੇ ਦੁੱਖੜੇ ਤੇ ਦੁਖਾਂਤ ਇਹੋ ਜਿਹੇ ਸਿਆਸੀ ਮੈਦਾਨ ਦੇ ਫਸਲੀ ਬਟੇਰਿਆਂ ਕਾਰਨ ਹੀ ਹਨ।
ਭਾਰਤ ਦੀ ਸਿਆਸਤ ਵਿਚ ਸਭ ਤੋਂ ਵੱਧ ਕਾਮਯਾਬ ਉਹ ਬੰਦਾ ਹੈ, ਜਿਹੜਾ ਲੋਕਾਂ ਨੂੰ ਹਰ ਵਾਰੀ ਇਸ ਤਰ੍ਹਾਂ ਦੇ ਸਬਜ਼ ਬਾਗ ਵਿਖਾਵੇ ਤੇ ਏਨੀ ਕੁ ਤੇਜ਼ੀ ਨਾਲ ਵਿਖਾਵੇ ਕਿ ਲੋਕ ਹੋਰ ਕੁਝ ਸੋਚ ਹੀ ਨਾ ਸਕਣ। ਇੱਕ ਵਾਰੀ ਪੰਜਾਬ ਵਿਚ ਇਹ ਹੋਇਆ ਕਿ ਇੱਕ ਕਾਂਗਰਸੀ ਤੇ ਅਕਾਲੀ ਦੀ ਮੁਕਾਬਲੇਬਾਜ਼ੀ ਵਿਚ ਅਕਾਲੀ ਜਿੱਤ ਗਿਆ ਅਤੇ ਇਹ ਕਹਿ ਕੇ ਜਿੱਤ ਗਿਆ ਕਿ ਕਾਂਗਰਸ ਨਾਲ ਦੀ ਲੋਕਾਂ ਦੀ ਦੁਸ਼ਮਣ ਕੋਈ ਪਾਰਟੀ ਹੈ ਹੀ ਨਹੀਂ। ਦੂਸਰੀ ਵਾਰ ਹਲਕਾ ਵੀ ਉਹੋ ਤੇ ਬੰਦੇ ਵੀ ਉਹੋ ਦੋਵੇਂ, ਪਰ ਇੱਕ ਫਰਕ ਪੈ ਗਿਆ ਕਿ ਪਿਛਲੀ ਵਾਰ ਦਾ ਹਾਰਿਆ ਕਾਂਗਰਸ ਆਗੂ ਤਾਂ ਅਕਾਲੀ ਦਲ ਵਲੋਂ ਉਮੀਦਵਾਰ ਬਣ ਗਿਆ ਤੇ ਉਦੋਂ ਜਿੱਤਿਆ ਅਕਾਲੀ ਇਸ ਵਾਰੀ ਕਾਂਗਰਸ ਉਮੀਦਵਾਰ ਵਲੋਂ ਕਹਿੰਦਾ ਫਿਰੇ ਕਿ ਆਜ਼ਾਦੀ ਲਹਿਰ ਦੇ ਦਿਨਾਂ ਤੋਂ ਕਾਂਗਰਸ ਨੇ ਲੋਕਾਂ ਦੀ ਸੇਵਾ ਕੀਤੀ ਹੈ, ਅਕਾਲੀਆਂ ਨੇ ਲੋਕ ਸੇਵਾ ਦੀ ਕਦੀ ਗੱਲ ਹੀ ਨਹੀਂ ਕੀਤੀ। ਕਮਾਲ ਦੀ ਗੱਲ ਇਹ ਕਿ ਪਿਛਲੀ ਵਾਰ ਅਕਾਲੀਆਂ ਵਲੋਂ ਜਿੱਤ ਚੁੱਕਾ ਬੰਦਾ ਇਸ ਵਾਰੀ ਅਕਾਲੀਆਂ ਨੂੰ ਭੰਡ ਕੇ ਕਾਂਗਰਸ ਵਲੋਂ ਜਿੱਤ ਗਿਆ ਅਤੇ ਦੂਸਰਾ ਬੰਦਾ ਦੋਵਾਂ ਪਾਰਟੀਆਂ ਤੋਂ ਟਿਕਟ ਲੈ ਕੇ ਦੋਵੇਂ ਵਾਰੀ ਹਾਰ ਗਿਆ, ਕਿਉਂਕਿ ਉਹ ਲਿਫਾਫੇਬਾਜ਼ੀ ਕਰਨ ਵਿਚ ਜਿੱਤਣ ਵਾਲੇ ਤੋਂ ਊਣਾ ਸੀ।
ਨਰਿੰਦਰ ਮੋਦੀ ਇਸ ਵਕਤ ਭਾਰਤ ਦਾ ਪ੍ਰਧਾਨ ਮੰਤਰੀ ਹੈ। ਉਹ ਹੁਣ ਇਕੱਲੀ ਭਾਜਪਾ ਦਾ ਆਗੂ ਨਹੀਂ, ਸਾਰੇ ਦੇਸ਼ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਹੈ, ਜਿਨ੍ਹਾਂ ਵਿਚ ਅਸੀਂ ਲੋਕ ਵੀ ਸ਼ਾਮਲ ਹਾਂ। ਪ੍ਰਧਾਨ ਮੰਤਰੀ ਉਹ ਇਸ ਲਈ ਨਹੀਂ ਬਣ ਗਿਆ ਕਿ ਉਸ ਦਾ ਰਿਕਾਰਡ ਚੰਗਾ ਜਾਂ ਅਕਸ ਵਧੀਆ ਸੀ ਜਾਂ ਉਸ ਕੋਲ ਅਕਲ ਦੂਸਰਿਆਂ ਤੋਂ ਵੱਧ ਨਜ਼ਰ ਆਈ ਸੀ। ਪੰਜਾਬ ਦੇ ਲੋਕਾਂ ਤੋਂ ਕੁੱਟ ਖਾ ਕੇ ਪਿੱਛੇ ਪਰਤ ਗਏ ਸਿਕੰਦਰ ਬਾਦਸ਼ਾਹ ਨੂੰ ਹਰਾਉਣ ਦਾ ਸਿਹਰਾ ਤਾਂ ਮੋਦੀ ਉਸ ਬਿਹਾਰ ਦੇ ਲੋਕਾਂ ਨੂੰ ਦੇਈ ਜਾਂਦਾ ਸੀ, ਜਿੱਥੇ ਸਿਕੰਦਰ ਕਦੇ ਗਿਆ ਹੀ ਨਹੀਂ ਸੀ। ਇਸ ਦੇ ਬਾਵਜੂਦ ਮੋਦੀ ਜੇ ਜਿੱਤ ਗਿਆ ਤਾਂ ਇਸ ਲਈ ਕਿ ਉਹ ਨਿਰਾ ਝੂਠ ਬੋਲ ਕੇ ਵੀ ਲੋਕਾਂ ਨੂੰ ਕੀਲ ਲੈਣ ਦੀ ਯੋਗਤਾ ਰੱਖਦਾ ਸੀ ਤੇ ਹੁਣ ਵੀ ਉਹ ਜੋ ਕੁਝ ਕਹਿੰਦਾ ਤੇ ਕਰਦਾ ਹੈ, ਇਹੋ ਗੱਲ ਮੁੱਖ ਰੱਖ ਕੇ ਕਰ ਰਿਹਾ ਹੈ ਕਿ ਉਸ ਦੀ ਗੱਲ ਕਿਸੇ ਨੇ ਕੱਟਣੀ ਨਹੀਂ, ਜੋ ਮਰਜ਼ੀ ਕਹੀ ਜਾਵੇ। ਜਦੋਂ ਹਾਲਤ ਪੰਜਾਬੀ ਦੇ ਮੁਹਾਵਰੇ ‘ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ’ ਵਾਲੀ ਬਣ ਗਈ ਹੋਵੇ, ਫਿਰ ਦੇਸ਼ ਉਤੇ ਰਾਜ ਜਿਹੋ ਜਿਹਾ ਆਗੂ ਕਰ ਸਕਦਾ ਹੈ, ਉਹ ਮੋਦੀ ਵਰਗਾ ਹੀ ਹੋ ਸਕਦਾ ਹੈ, ਜਿਸ ਨੂੰ ਕੰਮ ਕਰਨ ਨਾਲੋਂ ਵੱਧ ਅਗਲੇ ਭਾਸ਼ਣ ਦੇ ਲਫਜ਼ ਚੁਣਨ ਦਾ ਖਿਆਲ ਰਹਿੰਦਾ ਹੈ। ਰਹੀ ਗੱਲ ਭਾਰਤ ਦੇ ਲੋਕਾਂ ਦੇ ਪੱਲੇ ਪਈ ਗਰੀਬੀ ਦੀ, ਇਹ ਹਟਾਉਣੀ ਕੌਣ ਚਾਹੁੰਦਾ ਹੈ? ਇਹ ਹੁਣ ਭਾਰਤ ਦੀ ਲੋੜ ਹੈ। ਜਦੋਂ ਵੀ ਅਗਲੀ ਚੋਣ ਆਵੇਗੀ, ਉਦੋਂ ਰੰਗ ਦੀ ਦੁੱਕੀ ਵਾਂਗ ਫਿਰ ਇਹ ਗਰੀਬੀ ਹੀ ਵਰਤਣੀ ਹੈ, ਇਸ ਕਰ ਕੇ ਇਸ ਦੀ ਲੋੜ ਹੈ।