ਸਚੁ ਤਰਾਜੀ ਤੋਲੁ

ਬਲਜੀਤ ਬਾਸੀ
ਕਾਰੋਬਾਰੀ ਦੁਨੀਆਂ ਤੋਲਣ ਤੋਂ ਬਿਨਾਂ ਚੱਲ ਨਹੀਂ ਸਕਦੀ। ਸੌਦਾ ਤੋਲ ਕੇ ਹੀ ਵੇਚਿਆ-ਖਰੀਦਿਆ ਜਾਂਦਾ ਹੈ। ਜਦ ਦੁਕਾਨਦਾਰ ਸੌਦਾ ਤੋਲ ਰਿਹਾ ਹੁੰਦਾ ਹੈ ਤਾਂ ਗਾਹਕ ਦੀ ਨਿਗਾਹ ਤਕੜੀ ਦੀ ਡੰਡੀ ‘ਤੇ ਟਿਕੀ ਹੁੰਦੀ ਹੈ, ਇਹ ਤਾੜਨ ਲਈ ਕਿ ਇਹ ਸਿੱਧੀ ਵੀ ਹੈ ਕਿ ਨਹੀਂ। ਦੁਕਾਨਦਾਰ ਦੀ ਚੋਰ ਅੱਖ ਗਾਹਕ ਦੀ ਅੱਖ ‘ਤੇ ਹੁੰਦੀ ਹੈ,

ਨਜ਼ਰ ਏਧਰ-ਉਧਰ ਫੇਰੇ ਕਿ ਉਹ ਠੂੰਗਾ ਮਾਰ ਲਵੇ, ਪਰ ਦੁਕਾਨਦਾਰ ਕੋਲ ਹੇਰ-ਫੇਰ ਕਰਨ ਦੇ ਹੋਰ ਬਹੁਤ ਢੰਗ ਹਨ ਜਿਵੇਂ ਡੰਡੀ ਨੂੰ ਹੀ ਇਕ ਪਾਸਿਓਂ ਵੱਡੀ-ਛੋਟੀ ਰੱਖਣਾ ਜਾਂ ਵੱਟੇ ਹਲਕੇ ਬਣਾ ਲੈਣੇ। ਉਂਜ ਕਾਰੋਬਾਰੀ ਸਦਾਚਾਰ ਅਜਿਹੇ ਵਿਹਾਰ ਦੀ ਨਿਖੇਧੀ ਕਰਦਾ ਹੈ। ਗੁਰੂ ਨਾਨਕ ਦੇਵ ਫਰਮਾਉਂਦੇ ਹਨ, “ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੇ ਤੋਲਿ॥” ਇਸ ਪ੍ਰਸੰਗ ਵਿਚ ਵਾਰਿਸ ਸ਼ਾਹ ਵਲੋਂ ਰਾਂਝੇ ਦੇ ਮੂੰਹੋਂ ਸਹਿਤੀ ਨੂੰ ਕਹਾਏ ਬੋਲ ਸੁਣੋ,
ਸਰੇ ਖੈਰ ਸੋ ਹੱਸ ਕੇ ਆਣ ਦੀਚੇ,
ਲਏ ਦੁਆ ਤੇ ਮਿੱਠੜਾ ਬੋਲੀਏ ਨੀ।
ਲਏ ਅੱਘ ਚੜ੍ਹਾਇਕੇ ਦੁਧ ਪੈਸਾ,
ਪਰ ਤੋਲ ਥੀਂ ਘਟ ਨਾ ਤੋਲੀਏ ਨੀ।
ਬੁਰਾ ਬੋਲ ਨਾ ਰੱਬ ਦੇ ਪੂਰਿਆਂ ਨੂੰ,
ਨੀ ਬੇਸ਼ਰਮ ਕੁਪੱਤੀਏ ਲੂਲੀਏ ਨੀ।
ਮਸਤੀ ਨਾਲ ਫਕੀਰਾਂ ਨੂੰ ਦੇਂ ਗਾਲੀਂ,
ਵਾਰਸ ਸ਼ਾਹ ਦੋ ਠੋਕ ਮਨੋਲੀਏ ਨੀ।
ਜਿੰæਦਗੀ ਦੇ ਵਰਤੋਂ ਵਿਹਾਰ ਵੀ ਇਕ ਤਰ੍ਹਾਂ ਕਾਰੋਬਾਰ ਦੇ ਨਿਆਈਂ ਹੀ ਹਨ ਜਿਥੇ ਫੈਸਲਿਆਂ ਦਾ ਤਰਕ ਤੇ ਵਿਵੇਕ ਦੀ ਤੱਕੜੀ ਵਿਚ ਤੋਲਣਾ ਬੜਾ ਜ਼ਰੂਰੀ ਹੁੰਦਾ ਹੈ। ਐਵੇਂ ਨਹੀਂ ਕਿਹਾ ਜਾਂਦਾ, “ਪਹਿਲਾਂ ਤੋਲੋ, ਫਿਰ ਬੋਲੋ।” ਤੋਲਣਾ ਦਾ ਆਮ ਅਰਥ ਭਾਰ ਜੋਖਣਾ ਹੈ ਤੇ ਲਾਖਣਿਕ ਜੋਹਣ ਜਾਚਣ ਕਰਨਾ।
ਤੋਲ ਦਾ ਧਾਤੂ ਹੈ ḔਤੁਲḔ ਜਿਸ ਵਿਚ ਉਠਾਉਣ, ਚੁੱਕਣ, ਭਾਰ ਜੋਖਣ ਦੇ ਭਾਵ ਹਨ। ਧਿਆਨ ਦਿਓ ਕਿ ਅਸਲ ਵਿਚ ਭਾਰ ਵੀ ਕਿਸੇ ਚੀਜ਼ ਨੂੰ ਉਪਰ ਚੁੱਕਣ ਨਾਲ ਹੀ ਜੋਖਿਆ ਜਾਂਦਾ ਹੈ। ਵਿਆਹ ਸਮੇਂ ਜਦ ਮਿਲਣੀ ਹੁੰਦੀ ਹੈ ਤਾਂ ਤਕੜਾ ਮਾਮਾ ਮਾੜੇ ਮਾਮੇ ਨੂੰ ਤੋਲ ਹੀ ਦਿੰਦਾ ਹੈ। ਕਿਸੇ ਚੀਜ਼ ਨੂੰ ਉਪਰ ਚੁੱਕਣ ਨਾਲ ਅਸੀਂ ਉਸ ਦੇ ਭਾਰ ਦਾ ਮਾਨਸਿਕ ਤੌਰ ‘ਤੇ ਅੰਦਾਜ਼ਾ ਲਾ ਸਕਦੇ ਹਾ। “ਪਰ ਤੋਲਣੇ” ਮੁਹਾਵਰੇ ਵਿਚ ਵੀ ਆਪਣੀ ਸ਼ਕਤੀ ਦਾ ਅਨੁਮਾਨ ਲਾਉਣ ਦਾ ਭਾਵ ਹੈ ਜਿਵੇਂ ਪੰਛੀ ਉਡਣ ਤੋਂ ਪਹਿਲਾਂ ਆਪਣੇ ਪਰਾਂ ਨੂੰ ਫੜਫੜਾ ਕੇ ਦੇਖਦਾ ਹੈ। ਤੋਲਣ ਦੇ ਚੁੱਕਣ ਵਾਲੇ ਅਰਥਾਂ ਤੋਂ ਹੀ ਤੁਲ ਸ਼ਬਦ ਦਾ ਇਕ ਅਰਥ ਲੀਵਰ ਜਿਹਾ ਹੈ ਅਰਥਾਤ ਕਿਸੇ ਡੰਡੇ ਆਦਿ ਨੂੰ ਇਕ ਬਿੰਦੂ ‘ਤੇ ਟਿਕਾ ਕੇ ਤੇ ਇਕ ਪਾਸੇ ਜ਼ੋਰ ਲਾ ਕੇ ਕਿਸੇ ਬਹੁਤ ਭਾਰੀ ਚੀਜ਼ ਨੂੰ ਸੌਖਿਆਂ ਹੀ ਉਪਰ ਚੁੱਕਣਾ। ਆਰਸ਼ੀਮਦਸ ਨੇ ਕਿਹਾ ਸੀ ਕਿ ਮੈਨੂੰ ਖੜੇ ਹੋਣ ਨੂੰ ਥਾਂ ਦਿਓ ਤਾਂ ਮੈਂ ਤੁਲ ਨਾਲ ਧਰਤੀ ਚੁੱਕ ਸਕਦਾ ਹਾਂ।
ਗੁਰੂ ਨਾਨਕ ਸਾਹਿਬ ਦਾ ਕਥਨ ਹੈ, “ਧਰਿ ਤਾਰਾਜੀ ਅੰਬਰ ਤੋਲੀ ਪਿਛੈ ਟੰਕੁ ਚੜਾਈ॥” ਗੁਰੂ ਅਮਰ ਦਾਸ ਫਰਮਾਉਂਦੇ ਹਨ, “ਬਿਨੁ ਤਕੜੀ ਤੋਲੈ ਸੰਸਾਰਾ॥” ‘ਤੂਲ ਦੇਣਾ’ ਦਾ ਅਰਥ ਕਿਸੇ ਨੂੰ ਚੁਕਣਾ, ਭੜਕਾਉਣਾ ਹੁੰਦਾ ਹੈ। ਲੱਕੜਾਂ ਤੇ ਕਾਹੀ ਆਦਿਕ ਬੰਨ੍ਹ ਕੇ ਬਣਾਈ ਅਣਘੜਤ ਜਿਹੀ ਕਿਸ਼ਤੀ ਨੂੰ ਤੁਲ੍ਹਾ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ਭਾਰ ਉਠਾਉਣ ਦੇ ਭਾਵ ਤੋਂ ਹੀ ਵਿਕਸਿਤ ਹੋਇਆ ਹੈ। ਤੁਲ੍ਹਾ ਸਾਨੂੰ ਪਾਣੀ ਵਿਚ ਚੁੱਕੀ ਰੱਖਦਾ ਹੈ, “ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਿ ਲੇਹਿ ਤਾਰਣ ਰਾਇਆ॥” (ਗੁਰੂ ਨਾਨਕ ਦੇਵ)। ਸ਼ਾਹ ਹੁਸੈਨ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ,
ਨੈਅ ਭੀ ਡੂੰਘੀ ਤੁਲ੍ਹਾ ਪੁਰਾਣਾ,
ਸ਼ੀਹਾਂ ਤਾਂ ਪੱਤਣ ਮੱਲੇ।
ਜੇ ਕੋਈ ਖ਼ਬਰ ਮਿੱਤਰਾਂ ਦੀ ਲਿਆਵੇ,
ਮੈਂ ਹੱਥ ਦੇ ਦੇਨੀ ਆਂ ਛੱਲੇ।
ਕਿਸੇ ਵਸਤੂ ਦੇ ਭਾਰ ਬਾਰੇ ਸੁਨਿਸਚਤ ਹੋਣ ਲਈ ਅਸੀਂ ਇਸ ਨੂੰ ਤੱਕੜੀ ਆਦਿ ਵਿਚ ਤੋਲਦੇ ਹਾਂ, “ਧਰ ਤਰਾਜੂ ਤੋਲੀਐ ਨਿਵੇ ਸੋ ਗਉਰਾ ਹੋਇ॥” (ਗੁਰੂ ਨਾਨਕ ਸਾਹਿਬ)। ਭਾਰ ਦੇ ਅਰਥਾਂ ਵਿਚ ਵੀ ਤੋਲ ਸ਼ਬਦ ਵਰਤਿਆ ਜਾਂਦਾ ਹੈ, “ਭਉ ਮੁਚੁ ਭਾਰਾ ਵਡਾ ਤੋਲੁ” (ਗੁਰੂ ਨਾਨਕ ਦੇਵ) ਅਰਥਾਤ ਪਰਮਾਤਮਾ ਦਾ ਭੈਅ ਭਾਰ ਵਿਚ ਬਹੁਤ ਜ਼ਿਆਦਾ ਹੁੰਦਾ ਹੈ। ਕਵਿਤਾ ਛੰਦ-ਬਧ ਵਿਧਾ ਹੈ ਜਿਸ ਦੀਆਂ ਤੁਕਾਂ ਦਾ ਤਵਾਜ਼ਨ ਦੇਖਣਾ ਪੈਂਦਾ ਹੈ। ਹਰ ਛੰਦ ਦੀ ਕਵਿਤਾ ਦੀਆਂ ਤੁਕਾਂ ਦਾ ਆਪਣਾ ਤੋਲ ਹੁੰਦਾ ਹੈ ਜੋ ਮਾਤਰਾਵਾਂ ਦੀ ਗਿਣਤੀ ਨਾਲ ਕੀਤਾ ਜਾਂਦਾ ਹੈ। ਤੋਲ-ਤੁਕਾਂਤ ਉਕਤੀ ਆਮ ਹੀ ਚਲਦੀ ਹੈ। ਕਈ ਲੋਕ ਗੱਲ ਵੀ ਨਾਪ ਤੋਲ ਕੇ ਹੀ ਕਰਦੇ ਹਨ। ਪੰਜਾਬੀ ਤਾਂ ਗਾਲਾਂ ਵੀ ਤੋਲ ਕੇ ਕੱਢਦੇ ਹਨ, ਮਣ ਮਣ ਪੱਕੇ ਦੀਆਂ। ਤੋਲਣ ਵਿਚ ਬਹੁਤ ਭਾਰੀ ਚੀਜ਼ ਚੁੱਕਣ ਦਾ ਭਾਵ ਵੀ ਹੈ ਇਸ ਲਈ ਕੁਫਰ ਤੋਲਿਆ ਜਾਂਦਾ ਹੈ, ਮਤਲਬ ਬਹੁਤ ਭਾਰੀ ਝੂਠ ਬੋਲਿਆ ਜਾਂਦਾ ਹੈ। ਤੁਲ ਤੋਂ ਬਣੇ ਤੁਲਨਾ ਦਾ ਭਾਵ ਹੈ- ਦੋ ਚੀਜ਼ਾਂ ਆਦਿ ਦੇ ਗੁਣਾਂ ਦਾ ਟਾਕਰਾ ਜਾਂ ਮੁਕਾਬਲਾ ਕਰਨਾ। ਤੱਕੜੀ ‘ਤੇ ਤੋਲਦੇ ਸਮੇਂ ਵੱਟੇ ਅਤੇ ਚੀਜ਼-ਵਸਤ ਦੇ ਭਾਰ ਦੀ ਤੁਲਨਾ ਹੀ ਹੁੰਦੀ ਹੈ। ਅਸੀਂ ਓਨਾ ਚਿਰ ਤੁਲਣ ਵਾਲੀ ਵਸਤ ਦੀ ਹੋਰ ਮਾਤਰਾ ਪਾਉਂਦੇ ਜਾਂਦੇ ਹਾਂ ਜਿੰਨਾ ਚਿਰ ਤੱਕੜੀ ਦੀ ਡੰਡੀ ਸਿੱਧੀ ਨਾ ਹੋ ਜਾਵੇ। ਇਸ ਤਰ੍ਹਾਂ ਇਸ ਕਿਰਿਆ ਵਿਚ ਬਰਾਬਰੀ ਦੇ ਭਾਵ ਵੀ ਆ ਗਏ। ਜਿਵੇਂ Ḕਦੁੱਧ ਵੇਚਣ ਨੂੰ ਪੁੱਤ ਵੇਚਣ ਦੇ ਤੁਲ ਮੰਨਿਆ ਜਾਂਦਾ ਸੀḔ, “ਕੀੜੀ ਤੁਲਿ ਨਾ ਹੋਵਨੀ” (ਜਪੁ ਜੀ ਸਾਹਿਬ)। ਤੁਲ ਦਾ ਇਕ ਅਰਥ ਤੱਕੜੀ ਵੀ ਹੈ, “ਆਪੇ ਤੁਲੁ ਪਰਵਾਣੁ” (ਗੁਰੂ ਰਾਮ ਦਾਸ)।
ਤੋਲਕ ਜਾਂ ਭਾਰ-ਤੋਲਕ ਨੂੰ ਅੱਜ ਕਲ੍ਹ ਵੇਟ ਲਿਫਟਰ ਦੇ ਅਰਥਾਂ ਵਿਚ ਵਰਤਿਆ ਜਾ ਰਿਹਾ ਹੈ। ਤੋਲਾ ਜਾਂ ਤੁਲਾਵਾ ਦਾ ਅਰਥ ਤੋਲਣ ਵਾਲਾ ਹੈ, ਖਾਸ ਤੌਰ ‘ਤੇ ਬੋਹਲ। ਨਾਪ-ਤੋਲ ਦੀ ਇਕ ਛੋਟੀ ਇਕਾਈ ਤੋਲਾ ਜਾਂ ਇਸ ਦਾ ਰੁਪਾਂਤਰ ਤੋਲ਼ਾ ਹੈ। ਤੋਲ਼ਾ ਬਾਰਾਂ ਮਾਸੇ ਦਾ ਹੁੰਦਾ ਹੈ ਤੇ ਆਮ ਤੌਰ ‘ ਤੇ ਸੋਨਾ-ਚਾਂਦੀ ਜਿਹੀਆਂ ਕੀਮਤੀ ਧਾਤਾਂ ਤੋਲਣ ਲਈ ਵਰਤਿਆ ਜਾਂਦਾ ਹੈ, “ਪ੍ਰਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ॥” (ਗੁਰੂ ਨਾਨਕ ਦੇਵ)। ਚੰਚਲ ਸੁਭਾਅ ਵਾਲੇ ਬੰਦੇ ਨੂੰ “ਪਲ ‘ਚ ਤੋਲਾ, ਪਲ ‘ਚ ਮਾਸਾ” ਬਿਆਨਿਆ ਜਾਂਦਾ ਹੈ। ਤੁਲ ਸ਼ਬਦ ਦੇ ਵਿਪਰੀਤ ਅਤੁਲ ਦਾ ਅਰਥ ਜੋ ਤੋਲਿਆ ਨਾ ਜਾ ਸਕੇ ਅਰਥਾਤ ਬੇਸ਼ੁਮਾਰ, ਬਹੁਤ ਅਧਿਕ। “ਸਾਹਿਬ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ” ਜਦਕਿ ਅਤੋਲਾ ਦਾ ਅਰਥ ਜਿਸ ਦੇ ਤੁਲ ਜਾਂ ਬਰਾਬਰ ਕੋਈ ਨਹੀਂ, “ਸੰਗਿ ਸਹਾਈ ਛੋਡਿ ਨ ਓਹੁ ਅਗਹ ਅਤੋਲਾ॥” ਤੁਲ ਤੋਂ ਹੀ ਸੰਤੁਲਨ ਜਾਂ ਸਮਤੋਲ ਸ਼ਬਦ ਬਣੇ ਜਿਨ੍ਹਾਂ ਦਾ ਅਰਥ ਹੁੰਦਾ ਹੈ ਵਿਭਿੰਨ ਟਕਰਾਉਂਦੀਆਂ ਸ਼ਕਤੀਆਂ ਦੇ ਅਧੀਨ ਵਿਚਰਦਿਆਂ ਵੀ ਟਿਕਾਅ ਵਿਚ ਰਹਿਣਾ, ਤਵਾਜ਼ਨ।
ਇਨ੍ਹਾਂ ਸ਼ਬਦਾਂ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਵੀ ਸੁਜਾਤੀ ਸ਼ਬਦ ਮਿਲ ਜਾਂਦੇ ਹਨ। ਇਨ੍ਹਾਂ ਦਾ ਭਾਰੋਪੀ ਮੂਲ ਹੈ ਠeਲe ਤੇ ਅਰਥ ਹੈ ਭਾਰ ਉਠਾਉਣਾ, ਚੁੱਕਣਾ। ਇਸ ਤੋਂ ਲਾਤੀਨੀ ਸ਼ਬਦ ਬਣਿਆ ਠੋਲeਰਅਰe ਜਿਸ ਦਾ ਸ਼ਾਬਦਿਕ ਅਰਥ ਹੁੰਦਾ ਹੈ, ਭਾਰ ਚੁੱਕਣਾ, ਉਠਾਉਣਾ, ਧਾਰਨ ਕਰਨਾ ਪਰ ਵਿਕਸਿਤ ਅਰਥ ਬਣਿਆ ਬਰਦਾਸ਼ਤ ਕਰਨਾ, ਸਹਾਰਨਾ, ਝੱਲਣਾ ਆਦਿ। ਅੰਗਰੇਜ਼ੀ ਠੋਲeਰਅਟe, ਠੋਲeਰਅਟਿਨ ਜਾਂ ਠੋਲeਰਅਨਚe ਇਸੇ ਤੋਂ ਬਣੇ ਹਨ। ਇਹ ਸਮਝਣ ਵਾਲੀ ਗੱਲ ਹੈ ਕਿ (ਭਾਰ) ਚੁੱਕਣਾ ਦਾ ਭਾਵ ਬਰਦਾਸ਼ਤ ਕਰਨਾ ਵਿਚ ਕਿਵੇਂ ਵਿਕਸਿਤ ਹੋਇਆ ਹੋਵੇਗਾ। ਮਾੜੀ ਜਿਹੀ ਹੀ ਘੁੰਡੀ ਹੈ। ਬਰਦਾਸ਼ਤ ਕਰਨਾ ਵੀ ਇਕ ਤਰ੍ਹਾਂ ਮਾਨਸਿਕ ਬੋਝ ਚੱਕਣ ਵਾਲੀ ਗੱਲ ਹੀ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਕਿ ਜਦ ਅਸੀਂ ਕਿਸੇ ਭਾਰੀ ਚੀਜ਼ ਨੂੰ ਚੁੱਕਦੇ ਹਾਂ ਤਾਂ ਸਮਝੋ ਅਸੀਂ ਇਸ ਨੂੰ ਸਹਾਰਦੇ ਹੀ ਹਾਂ। ਸਹਾਰਾ ਸ਼ਬਦ ਹੀ ਲਵੋ। ਥੰਮੀ ਜੋ ਭਾਰ ਚੁੱਕਦੀ ਹੈ ਇਕ ਤਰ੍ਹਾਂ ਸਹਾਰਾ ਹੀ ਹੈ। ਸਹਾਰੇ ਵਿਚ ਥੰਮੀ ਦੇ ਭਾਵ ਵੀ ਹਨ। ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਅਰਬੀ ਵਲੋਂ ਆਇਆ ਇਕ ਸ਼ਬਦ ਲੈਂਦੇ ਹੈ ḔਤਹੱਮਲḔ ਜਿਸ ਦਾ ਅਰਥ ਹੁੰਦਾ ਹੈ ਧੀਰਜ, ਬਰਦਾਸ਼ਤ ਕਰਨ ਦੀ ਸ਼ਕਤੀ। ਅਰਬੀ ਵਿਚ ਇਸ ਸ਼ਬਦ ਦਾ ਅਰਥ ਭਾਰ ਚੁੱਕਣਾ ਵੀ ਹੁੰਦਾ ਹੈ ਤੇ ਬਰਦਾਸ਼ਤ ਕਰਨਾ ਵੀ। ਇਸ ਦਾ ਧਾਤੂ ਹੈ ḔਹਮਲḔ ਜਿਸ ਦੇ ਮਾਅਨੇ ਹਨ ਭਾਰ ਚੁੱਕਣਾ। ਪੰਜਾਬੀ ਵਿਚ ਆਮ ਤੌਰ ‘ਤੇ ਇਹ ਸ਼ਬਦ “ਹਮਲ ਗਿਰਨਾ” ਉਕਤੀ ਵਿਚ ਵਰਤਿਆ ਜਾਂਦਾ ਹੈ, ਮਤਲਬ ਹੈ ਗਰਭ ਡਿਗਣਾ। ਗਰਭ ਵੀ ਭਾਰ ਹੀ ਹੁੰਦਾ ਹੈ। ਹਾਮਲਾ ਅਰਬੀ ਵਿਚ ਗਰਭਵਤੀ ਨੁੰ ਆਖਦੇ ਹਨ ਤੇ ਅਰਬੀ ਹੱਮਾਲ ਦੇ ਮਾਅਨੇ ਹਨ ਭਾਰ ਢੋਣ ਵਾਲਾ, ਪਾਂਡੀ। ਸਮਾਨਅੰਤਰ ਵਿਕਾਸ ਦੀ ਇਕ ਹੋਰ ਉਦਾਹਰਣ ਪੇਸ਼ ਹੈ। ਅੰਗਰੇਜ਼ੀ ਸ਼ਬਦ ਭeਅਰ ਦਾ ਅਰਥ ਭਾਰ ਚੁੱਕਣਾ ਵੀ ਹੁੰਦਾ ਹੈ ਤੇ ਬਰਦਾਸ਼ਤ ਕਰਨਾ ਵੀ।
ਠeਲe ਮੂਲ ਤੋਂ ਬਣੇ ਅੰਗਰੇਜ਼ੀ ਦੇ ਸ਼ਬਦ ਓਣਟੋਲਲ ਦਾ ਮੁਢਲਾ ਅਰਥ ਤਾਂ ਉਪਰ ਚੁੱਕਣਾ ਹੀ ਹੈ ਪਰ ਵਿਕਸਿਤ ਅਰਥ ਹੈ ਵਡਿਆਈ ਕਰਨਾ ਜਾਂ ਸਲਾਹੁਣਾ। ਵਡਿਆਈ ਕਰਨ ਵਿਚ ਕਿਸੇ ਨੂੰ ਉਚਾ ਚੁੱਕਣ ਦਾ ਹੀ ਆਸ਼ਾ ਹੈ। ਇਕ ਅੰਗਰੇਜ਼ੀ ਸ਼ਬਦ ਹੈ ਠeਲਅਮੋਨ ਜੋ ਆਦਮੀ ਦੀ ਸ਼ਕਲ ਦੇ ਥੰਮ ਨੂੰ ਆਖਦੇ ਹਨ। ਇਹ ਮਿਲਦੇ-ਜੁਲਦੇ ਗਰੀਕ ਸ਼ਬਦ ਤੋਂ ਬਣਿਆ ਹੈ ਜਿਸ ਦਾ ਮੁਢਲਾ ਭਾਵ ਵੀ ਸਹਾਰਾ ਦੇਣ ਵਾਲਾ ਹੁੰਦਾ ਹੈ। ਅਸਮਾਨ ਦੇ ਥੰਮਾਂ ਨੂੰ ਚੁੱਕਣ ਵਾਲੇ ਗਰੀਕ ਦੈਂਤ (ਟਾਈਟਨ) ḔਐਟਲਸḔ ਵਿਚ ਵੀ ਇਹੀ ਮੂਲ ਬੋਲਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ- ਅਸਮਾਨ ਨੂੰ ਚੁੱਕਣ ਵਾਲਾ। ਅਸਲ ਵਿਚ ਇਹ ਸ਼ਬਦ ਠeਲਅਮੋਨ ਦਾ ਹੀ ਵਿਕਸਿਤ ਰੂਪ ਹੈ। ਅਸੀਂ ਐਟਲਸ ਨੂੰ ਨਕਸ਼ਿਆਂ ਦੀ ਕਿਤਾਬ ਵਜੋਂ ਜਾਣਦੇ ਹਾਂ ਪਰ ਇਸ ਅਰਥ ਵਿਚ ਇਹ ਸ਼ਬਦ ਇਸ ਲਈ ਪ੍ਰਚਲਿਤ ਹੋਇਆ ਕਿਉਂਕਿ ਸੋਲਵ੍ਹੀਂ ਸਦੀ ਵਿਚ ਪਹਿਲੀ ਵਾਰ ਦੁਨੀਆਂ ਦਾ ਐਟਲਸ ਛਪਵਾਉਣ ਵਾਲੇ ਨੇ ਇਹ ਸ਼ਬਦ ਵਰਤਿਆ ਸੀ। ਉਸ ਦੇ ਐਟਲਸ ਦੇ ਸਰਵਰਕ ਵਿਚ ਇਸ ਦਾਨਵ ਦਾ ਚਿੱਤਰ ਸੀ। ਮੌਰੀਟੇਨੀਆ (ਉਤਰ ਪੱਛਮੀ ਅਫਰੀਕਾ ਦਾ ਇਕ ਦੇਸ਼ ਜੋ ਐਟਲਾਂਟਿਨ ਸਾਗਰ ਦੇ ਨਾਲ ਲਗਦਾ ਹੈ) ਵਿਚ ਇਕ ਪਰਬਤ ਦਾ ਨਾਂ ਹੈ- ਮਾਊਂਟ ਐਟਲਸ। ਇਸ ਦੇ ਪ੍ਰਸੰਗ ਵਿਚ ਐਟਲਾਂਟਿਕ ਸ਼ਬਦ ਪ੍ਰਚਲਿਤ ਹੋਇਆ ਜੋ ਬਾਅਦ ਵਿਚ ਸਮੁਚੇ ਐਟਲਾਂਟਿਕ ਸਾਗਰ ਲਈ ਵਰਤਿਆ ਜਾਣ ਲੱਗਾ। ਅੰਗਰੇਜ਼ੀ ਤੇ ਹੋਰ ਹਿੰਦ-ਆਰਿਆਈ ਭਾਸ਼ਾਵਾਂ ਦੇ ਬਹੁਤ ਸਾਰੇ ਜਾਣੇ-ਪਛਾਣੇ ਸ਼ਬਦ ਇਸ ਮੂਲ ਨਾਲ ਜਾ ਜੁੜਦੇ ਹਨ ਜਿਨ੍ਹਾਂ ਦੀ ਵਿਆਖਿਆ ਫਿਰ ਕਦੇ ਕੀਤੀ ਜਾਵੇਗੀ।