ਅਰਬਾਂ ਨਾਲ ਦਸਤਪੰਜਾ

ਗੋਲਡਾ ਮਾਇਰ ਅਤੇ ਇਕ ਦੇਸ਼ ਦਾ ਜਨਮ-4
ਸਿੱਖ ਵਿਦਵਾਨ ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਗੋਲਡਾ ਮਾਇਰ (3 ਮਈ 1898-8 ਦਸੰਬਰ 1978) ਦੇ ਬਹਾਨੇ ਇਜ਼ਰਾਈਲ ਦੇ ਪਿਛੋਕੜ ਬਾਰੇ ਕੁਝ ਗੱਲਾਂ-ਬਾਤਾਂ ਇਸ ਲੰਮੇ ਲੇਖ ਵਿਚ ਸਾਂਝੀਆਂ ਕੀਤੀਆਂ ਹਨ। ਇਸ ਵਿਚ ਯਹੂਦੀਆਂ ਦੇ ਧਰਮ, ਇਤਿਹਾਸ, ਕਲਚਰ ਅਤੇ ਸਿਆਸੀ ਸਮੱਸਿਆਵਾਂ ਬਾਰੇ ਖੁੱਲ੍ਹਾ ਖੁਲਾਸਾ ਤਾਂ ਕੀਤਾ ਹੀ ਗਿਆ ਹੈ;

ਅੰਧਕਾਰ ਵਿਚੋਂ ਕਿਵੇਂ ਬਚ-ਬਚ ਨਿਕਲਣਾ ਹੈ ਤੇ ਧੀਰਜ ਨਾਲ ਕਸ਼ਟ ਝੱਲਦਿਆਂ ਲੰਮਾ ਸਮਾਂ ਸੰਘਰਸ਼ ਕਿਵੇਂ ਕਰਨਾ ਹੈ, ਇਸ ਬਾਬਤ ਵੀ ਕਿੱਸਾ ਛੋਹਿਆ ਗਿਆ ਹੈ। ਗੋਲਡਾ ਦਾ ਜਨਮ ਯੂਕਰੇਨ ਦੇ ਸ਼ਹਿਰ ਕੀਵ ਵਿਚ ਹੋਇਆ ਸੀ ਜਿੱਥੋਂ ਦੇ ਅੱਜ ਕੱਲ੍ਹ ਦੇ ਹਾਲਾਤ ਫਲਸਤੀਨ ਅਤੇ ਇਜ਼ਰਾਈਲ ਨਾਲੋਂ ਕੋਈ ਬਹੁਤੇ ਵੱਖਰੇ ਨਹੀਂ। ਪਿਛਲੇ ਅੰਕਾਂ ਵਿਚ ਪਾਠਕਾਂ ਨੇ 20ਵੀਂ ਸਦੀ ਦੇ ਅਰੰਭ ਵਿਚ ਯਹੂਦੀਆਂ ਦੇ ਹਾਲ ਅਤੇ ਫਿਰ ਇਜ਼ਰਾਈਲ ਦੀ ਕਾਇਮੀ ਲਈ ਜੂਝਦੇ ਜਿਊੜਿਆਂ ਦਾ ਜ਼ਿਕਰ ਪੜ੍ਹਿਆ। ਇਸ ਵਾਰ ਇਜ਼ਰਾਈਲ ਦੀ ਕਾਇਮੀ ਤੋਂ ਬਾਅਦ ਦੇ ਜੁਝਾਰੂ ਦਿਨਾਂ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਇੱਛਾ ਦੇ ਐਨ ਉਲਟ ਗੋਲਡਾ ਮਾਇਰ ਨੂੰ ਰੂਸ ਵਿਚ ਰਾਜਦੂਤ ਲਾ ਦਿੱਤਾ। ਉਹਨੇ ਇਤਰਾਜ਼ ਕੀਤਾ, ਮੈਂ ਕੀ ਗੁਨਾਹ ਕੀਤਾ ਕਿ ਆਜ਼ਾਦ ਹੋਣ ਸਾਰ ਜਲਾਵਤਨੀ ਮਿਲੀ? ਵਿਦੇਸ਼ ਮੰਤਰੀ ਸ਼ੈਰੇ ਨੇ ਕਿਹਾ, ਤੇਰੀ ਧੀ ਸਾਰਾ, ਜਵਾਈ ਜ਼ਕਰੀਆ ਤੇਰੇ ਨਾਲ ਚਲੇ ਜਾਣ, ਤੇਰਾ ਦਿਲ ਲੱਗਾ ਰਹੇਗਾ। ਰਾਜਦੂਤ ਵਜੋਂ ਜਦੋਂ ਰੂਸ ਵਿਚ ਸਲਾਮੀ ਦਿੱਤੀ ਜਾਵੇਗੀ, ਉਦੋਂ ਕਿਸ ਤਰ੍ਹਾਂ ਦਾ ਲਿਬਾਸ ਪਹਿਨਿਆ ਜਾਏ? ਇਜ਼ਰਾਈਲ ਦਾ ਕੌਮੀ ਲਿਬਾਸ ਹੈ ਈ ਨਹੀਂ! ਵਧੇਰੇ ਹਾਰ-ਸ਼ਿੰਗਾਰ, ਦਿਖਾਵੇ ਦੀ ਕੀ ਲੋੜ? ਜਿਹੋ ਜਿਹਾ ਗਰੀਬ ਅਤੇ ਜ਼ਖਮੀ ਇਜ਼ਰਾਈਲ, ਗੋਲਡਾ ਉਵੇਂ ਰਹੇਗੀ। ਸਿਰ Ḕਤੇ ਮਖਮਲੀ ਦਸਤਾਰ ਵਲੇਟੇਗੀ, ਕਾਲੇ ਰੰਗ ਦਾ ਚੋਲਾ ਹੋਵੇਗਾ, ਜਿਹੋ ਜਿਹਾ ਕਾਨਵੋਕੇਸ਼ਨ ‘ਤੇ ਡਿਗਰੀ ਲੈਣ ਵੇਲੇ ਪਹਿਨੀਦਾ ਹੈ।
ਮਾਸਕੋ ਜਾਣ ਸਾਰ ਵਰਗ-ਮੁਕਤ ਰੂਸ ਦੀ ਝਲਕ ਦੇਖੀ। ਔਰਤਾਂ ਜੋ ਸੜਕ ਉਸਾਰੀ ਮਜ਼ਦੂਰੀ ਤੇ ਸਫਾਈ ਕਰਦੀਆਂ ਹੁੰਦੀਆਂ, ਕੜਕਦੀ ਸਰਦੀ ਵਿਚ ਉਨ੍ਹਾਂ ਨੇ ਪੈਰਾਂ ਦੁਆਲੇ ਚੀਥੜੇ ਲਪੇਟੇ ਹੁੰਦੇ। ਕੀਮਤੀ ਗਰਮ ਸੂਟ ਪਹਿਨੀ ਕਾਰਾਂ ਵਿਚ ਸਜੀਆਂ ਔਰਤਾਂ ਉਨ੍ਹਾਂ ਲਾਗਿਓਂ ਲੰਘਦੀਆਂ।
ਸਲਾਮੀ ਦੀ ਰਸਮ ਤੋਂ ਬਾਅਦ ਗੋਲਡਾ ਨੇ ਚਾਹਿਆ, ਯਹੂਦੀਆਂ ਨੂੰ ਮਿਲਾਂ, ਪਰ ਕਿਥੇ? ਕਿਸੇ ਯਹੂਦੀ ਮੰਦਰ ਵਿਚ। ਰੂਸ ਨੇ ਜ਼ਿਓਨਿਜ਼ਮ ਉਪਰ ਪਾਬੰਦੀ ਲਾਈ ਹੋਈ ਸੀ, ਹਿਬਰੂ ਉਪਰ ਵੀ ਪਾਬੰਦੀ, ਯਿਦਿਸ਼ ਅਜੇ ਸਿਸਕ ਰਹੀ ਸੀ। ਗੋਲਡਾ ਦਾ ਸਟਾਫ ਕਈ ਯਹੂਦੀਆਂ ਨੂੰ ਜਾਣਦਾ ਸੀ, ਕੁਝ ਤਾਂ ਰਿਸ਼ਤੇਦਾਰ ਵੀ ਸਨ ਪਰ ਜੇ ਉਨ੍ਹਾਂ ਨੂੰ ਮਿਲਣ Ḕਤੇ ਸਰਕਾਰ ਜਾਣ ਗਈ ਕਿ ਇਨ੍ਹਾਂ ਦੀ ਰਿਸ਼ਤੇਦਾਰੀ ਇਜ਼ਰਾਈਲ ਵਿਚ ਹੈ ਤਾਂ ਕੀ ਹੋਵੇਗਾ? ਰੂਸੀ ਮੁਸ਼ੱਕਤ ਕੈਂਪਾਂ ਬਾਰੇ ਸੋਚ ਕੇ ਕਾਂਬਾ ਛਿੜ ਜਾਂਦਾ। ਮੰਦਰ ਵਿਚ ਅਧੇੜ ਅਤੇ ਵੱਡੀ ਉਮਰ ਦੇ ਬਜ਼ੁਰਗ ਦੇਖੇ। ਅੱਖਾਂ ਵਿਚ ਉਦਾਸੀ, ਚਿਹਰਿਆਂ Ḕਤੇ ਥਕਾਨ। ਪੁਜਾਰੀ ਨੇ ਅਰਦਾਸ ਪਿਛੋਂ ਜਦੋਂ ਗੋਲਡਾ ਦਾ ਨਾਮ ਲਿਆ, ਸਾਰੀ ਸੰਗਤ ਦੀਆਂ ਨਿਗਾਹਾਂ ਉਸ ਵੱਲ ਗਈਆਂæææਲਗਾਤਾਰ, ਦੇਰ ਤੱਕ ਦੇਖਦੇ ਰਹੇ। ਉਹਨੇ ਚਾਹਿਆ, ਅਗਲੇ ਹਫਤੇ ਇਸ ਤੋਂ ਵੱਡੇ ਮੰਦਰ ਵਿਚ ਜਾਵੇਗੀ।
ḔਪਰਾਵਦਾḔ ਵਿਚ ਇਲੀਆ ਅਹਿਰਨਬਰਗ ਦਾ ਲੇਖ ਛਪਿਆ- ‘ਸਤਾਲਿਨ ਨਾ ਹੁੰਦਾ, ਇਜ਼ਰਾਈਲ ਨਾਂ ਦੀ ਸਟੇਟ ਨਹੀਂ ਸੀ ਹੋਣੀ, ਹੁਣ ਇਜ਼ਰਾਈਲ ਨੂੰ ਰੂਸੀ ਯਹੂਦੀਆਂ ਦਾ ਫਿਕਰ ਕਰਨ ਦੀ ਲੋੜ ਨਹੀਂ।’ ਇਹ ਗੋਲਡਾ ਅਤੇ ਰੂਸੀ ਯਹੂਦੀਆਂ ਨੂੰ ਚਿਤਾਵਨੀ ਸੀ।
ਪਰ ਇਹ ਕੀ? ਜਿਸ ਗਿਰਜੇ ਵਿਚ ਦੋ ਹਜ਼ਾਰ ਤੋਂ ਵੱਧ ਯਹੂਦੀ ਨਹੀਂ ਸਨ ਆਉਂਦੇ, ਗੋਲਡਾ ਬਾਰੇ ਸੁਣ ਕੇ ਪੰਜਾਹ ਹਜ਼ਾਰ ਦਾ ਇਕੱਠ ਹੋ ਗਿਆ। ਇਹ ਸਨ ਉਹ ਯਹੂਦੀ ਜਿਨ੍ਹਾਂ ਨੇ ਅਹਿਰਨਬਰਗ ਦੀ ਧਮਕੀ ‘ਪਰਾਵਦਾ’ ਵਿਚ ਪੜ੍ਹ ਕੇ ਜਾਣਿਆ ਸੀ, ਗੋਲਡਾ ਮੰਦਰ ਵਿਚ ਆਏਗੀ। ਇਹ ਭੀੜ ਗੋਲਡਾ ਦੇ, ਇਜ਼ਰਾਈਲ ਦੇ ਸਵਾਗਤ ਵਿਚ ਤੇ ਧਮਕੀ ਦੇ ਜਵਾਬ ਵਿਚ ਚੱਲ ਕੇ ਆਈ। ਪ੍ਰਾਰਥਨਾ ਤੋਂ ਬਾਅਦ ਯਿਦਿਸ਼ ਵਿਚ ਨਾਅਰੇ ਲੱਗੇ- ਸਾਡੀ ਗੋਲਡਾ, ਪਿਆਰੀ ਗੋਲਡਾ, ਸਲਾਮ ਗੋਲਡਾ। ਕੋਈ ਹੱਸ ਰਿਹਾ ਸੀ, ਕੋਈ ਰੋ ਰਿਹਾ ਸੀ, ਕੋਈ ਹੱਥ ਹਿਲਾ ਰਿਹਾ ਸੀ। ਇਨ੍ਹਾਂ ਦਾ ਸ਼ੁਕਰਾਨਾ ਕਿਵੇਂ ਕੀਤਾ ਜਾਏ! ਉਚੀ ਥਾਂ Ḕਤੇ ਖਲੋ ਕੇ ਗੋਲਡਾ ਨੇ ਉਚੀ ਆਵਾਜ਼ ਵਿਚ ਯਿਦਿਸ਼ ਵਾਕ ਬੋਲਿਆ, ‘ਸ਼ੁਕਰਾਨਾ ਰੱਬ ਦਾ, ਤੁਸੀਂ ਯਹੂਦੀ ਹੀ ਰਹੇ।’ ਬਿਜਲੀ ਵਾਂਗ ਇਹ ਵਾਕ ਹਰ ਇਕ ਦਿਲ-ਦਿਮਾਗ ਵਿਚ ਝੁਣਝੁਣੀ ਛੇੜਦਾ ਲੰਘਿਆ।
ਭੀੜ ਦਾ ਇਕ ਹਿੱਸਾ ਅੰਬੈਸੀ ਵਿਚ ਨਾਲ ਹੀ ਤੁਰ ਆਇਆ। ਗੱਲ ਕੋਈ ਨਹੀਂ ਸੀ ਹੋ ਰਹੀ, ਸਭ ਖਾਮੋਸ਼ ਪਰ ਕੋਈ ਸੁਨੇਹਾ ਆ-ਜਾ ਰਿਹਾ ਸੀ। ਗੋਲਡਾ ਦਾ ਇਜ਼ਰਾਈਲੀ ਸਟਾਫ ਰੋ ਪਿਆ। ਬਹੁਤੇ ਯਹੂਦੀ ਕਹਿ ਰਹੇ ਸਨ, ਜਦੋਂ ਰੱਬ ਦੀ ਰਜ਼ਾ ਹੋਈ, ਅਸੀਂ ਇਜ਼ਰਾਈਲ ਤੁਹਾਡੇ ਕੋਲ ਆ ਕੇ ਰਹਾਂਗੇ ਗੋਲਡਾ। ਸਤਾਲਿਨ ਵਰਗਾ ਸਖਤਜਾਨ ਤਾਨਾਸ਼ਾਹ ਯਹੂਦੀ ਸਪਿਰਿਟ ਨੂੰ ਤੋੜ ਨਾ ਸਕਿਆ। ਭੀੜ ਵਿਚ ਖਲੋਤੀ ਗੋਲਡਾ ਦੀ ਤਸਵੀਰ ਕਿਸੇ ਅਖਬਾਰ ਵਿਚ ਛਪੀ। ਵੀਹ ਸਾਲ ਬਾਅਦ ਤੱਕ ਰੂਸੀ ਯਹੂਦੀ ਇਜ਼ਰਾਈਲ ਵਿਚ ਸ਼ਰਨ ਲੈਣ ਆਉਂਦੇ, ਗੋਲਡਾ ਨੂੰ ਪੀਲੀ ਹੋ ਚੁੱਕੀ ਇਹ ਫੋਟੋ ਦਿਖਾਉਂਦੇ, ਸਾਂਭ-ਸਾਂਭ ਰੱਖੀ ਹੋਈ ਯਾਦਗਾਰ। ਯਹੂਦੀ ਅਰਦਾਸ ਦਾ ਆਖਰੀ ਵਾਕ ਹੈ- ਇੰਸ਼ਾ ਅੱਲਾਹ, ਅਗਲੇ ਸਾਲ ਯੋਰੋਸ਼ਲਮ ਵਿਚ ਹੋਵਾਂਗੇ।
ਇਕ ਅੰਗਰੇਜ਼ ਪੱਤਰਕਾਰ ਗੋਲਡਾ ਕੋਲ ਆ ਕੇ ਕਹਿਣ ਲੱਗਾ, ਅਹਿਰਨਬਰਗ ਨੂੰ ਮਿਲਾਵਾਂ? ਗੋਲਡਾ ਨੇ ਕਿਹਾ, ਵਧੀਆ ਰਹੇ, ਹੈ ਉਹ ਵੀ ਯਹੂਦੀ ਪਰਿਵਾਰ ਵਿਚੋਂ। ਚੈਕ ਦੂਤਾਵਾਸ ਵਿਚ ਡਿਨਰ ਸੀ, ਉਹ ਵੀ ਆਇਆ ਸੀ। ਪੱਤਰਕਾਰ ਨੇ ਗੋਲਡਾ ਨੂੰ ਕਿਹਾ, ਅਹੁ ਬੈਠਾ, ਲਿਆਵਾਂ? ਗੋਲਡਾ ਨੇ ਕਿਹਾ, ਉਹ ਤਾਂ ਸ਼ਰਾਬੀ ਲਗਦੈ। -ਹਾਂ ਮੈਡਮ, ਰੋਜ਼ ਦਾ ਇਹੀ ਹਾਲ ਐ ਕਾਮਰੇਡ ਦਾ। ਉਹ ਜਾਣਦਾ ਹੈ ਕਿ ਮੂਲੋਂ ਤੁਸੀਂ ਰੂਸ ਦੇ ਵਸਨੀਕ ਹੋ। ਪੱਤਰਕਾਰ ਲੜਖੜਾਉਂਦੇ ਅਹਿਰਨਬਰਗ ਨੂੰ ਲੈ ਆਇਆ। ਸਾਹਮਣੇ ਆ ਕੇ ਰਸ਼ੀਅਨ ਬੋਲਣ ਲੱਗ ਪਿਆ ਤਾਂ ਗੋਲਡਾ ਨੇ ਅੰਗਰੇਜ਼ੀ ਵਿਚ ਕਿਹਾ, ਮੈਂ ਰਸ਼ੀਅਨ ਨਹੀਂ ਬੋਲ ਸਕਦੀ। ਤਲਖੀ ਨਾਲ ਅਹਿਰਨਬਰਗ ਬੋਲਿਆ, ਰੂਸ ਵਿਚ ਜੰਮ ਕੇ ਜਿਹੜਾ ਅੰਗਰੇਜ਼ੀ ਬੋਲੇ, ਮੈਂ ਉਹਨੂੰ ਨਫਰਤ ਕਰਦਾਂ। ਗੋਲਡਾ ਬੋਲੀ, ਯਹੂਦੀ ਘਰ ਵਿਚ ਜੰਮ ਕੇ ਜਿਸ ਨੂੰ ਹਿਬਰੂ ਨਹੀਂ ਆਉਂਦੀ, ਯਿਦਿਸ਼ ਵੀ ਨਾ ਆਉਂਦੀ ਹੋਵੇ, ਲਾਹਣਤ। ਆਲੇ-ਦੁਆਲੇ ਇਕੱਤਰ ਹੋਈ ਰੂਸੀਆਂ ਦੀ ਭੀੜ ਨੇ ਅਹਿਰਨਬਰਗ ਵੱਲ ਨਫਰਤ ਨਾਲ ਦੇਖਿਆ।
ਇਸੇ ਤਰ੍ਹਾਂ ਦੇ ਇਕ ਹੋਰ ਰਾਤਰੀ ਭੋਜ Ḕਤੇ ਰੂਸ ਦਾ ਵਿਦੇਸ਼ ਮੰਤਰੀ ਮੋਲੋਤੋਵ ਆਪਣੀ ਪਤਨੀ ਸਣੇ ਮਿਲਿਆ। ਮਿਸਿਜ਼ ਮੋਲੋਤੋਵ ਨੇ ਯਿਦਿਸ਼ ਵਿਚ ਗੱਲਾਂ ਸ਼ੁਰੂ ਕਰਦਿਆਂ ਕਿਹਾ, ਦੇਰ ਤੋਂ ਤੁਹਾਨੂੰ ਮਿਲਣ ਦੀ ਇੱਛੁਕ ਸਾਂ, ਅੱਜ ਮੌਕਾ ਮਿਲਿਆ। -ਤੂੰ ਯਹੂਦੀ ਹੈਂ? ਮਿਸਿਜ਼ ਮੋਲੋਤੋਵ ਨੇ ਕਿਹਾ, ਹਾਂ, ਪੱਕੀ। ਸੁਣਿਆ ਹੈ, ਤੁਹਾਡੀ ਧੀ ਤੁਹਾਡੇ ਨਾਲ ਆਈ ਹੈ, ਕਿਥੇ ਹੈ? ਗੋਲਡਾ ਨੇ ਬੁਲਾ ਲਈ, ਸਾਰਾ ਨੇ ਵੀ ਯਿਦਿਸ਼ ਵਿਚ ਗੱਲਾਂ ਕੀਤੀਆਂ। ਮਿਸਿਜ਼ ਮੋਲੋਤੋਵ ਬਾਅਦ ਵਿਚ ਗ੍ਰਿਫਤਾਰ ਕਰ ਲਈ ਗਈ। ਯਹੂਦੀਆਂ ਨੇ ਇਜ਼ਰਾਈਲੀ ਦੂਤ ਦਾ ਇੰਨਾ ਆਦਰ ਕਿਉਂ ਕੀਤਾ; ਫਿਰ ਮਾਸਕੋ ਦਾ ਯਿਦਿਸ਼ ਥਿਏਟਰ ਬੰਦ, ਯਿਦਿਸ਼ ਅਖਬਾਰ ਤੇ ਯਿਦਿਸ਼ ਪ੍ਰਕਾਸ਼ਨ ਹਾਊਸ ਵੀ ਬੰਦ। ਇਸ ਗੱਲ ਦੀ ਪ੍ਰਵਾਹ ਨਹੀਂ ਕਿ ਇਹ ਸਾਰੇ ਅਦਾਰੇ ਕਮਿਊਨਿਸਟ ਲਾਈਨ ਉਤੇ ਚੱਲ ਰਹੇ ਸਨ ਪਰ ਇਜ਼ਰਾਈਲ ਵਿਚ ਦਿਲਚਸਪੀ ਲੈਣ ਦੀ ਕੀ ਵਜ੍ਹਾ? ਪੰਜ ਮਹੀਨੇ ਬਾਅਦ ਇਕ ਵੀ ਯਹੂਦੀ ਨੇ ਗੋਲਡਾ ਨਾਲ ਸੰਪਰਕ ਕਰਨ ਦੀ ਜੁਰਅਤ ਨਹੀਂ ਕੀਤੀ। ਸੱਤ ਮਹੀਨੇ ਦਾ ਸਮਾਂ ਰੂਸ ਵਿਚ ਬਿਤਾ ਕੇ ਉਹ ਇਜ਼ਰਾਈਲ ਪਰਤ ਆਈ ਅਤੇ ਲੇਬਰ ਤੇ ਮਕਾਨ ਉਸਾਰੀ ਮੰਤਰੀ ਬਣ ਗਈ। ਪੁਜਾਰੀਆਂ ਨੇ ਇਕ ਔਰਤ ਨੂੰ ਏਡਾ ਰੁਤਬਾ ਦੇਣ ਖਿਲਾਫ ਰੋਸ ਕੀਤਾ ਪਰ ਜਦੋਂ ਦੱਸਿਆ ਕਿ ਪੁਰਾਤਨ ਸਮੇਂ ਦੇਬੋਰਾ ਨਾਮ ਦੀ ਔਰਤ ਯਹੂਦੀਆਂ ਦੀ ਜੱਜ ਰਹੀ ਹੈ ਤਾਂ ਚੁੱਪ ਹੋ ਗਏ। ਸੱਤ ਸਾਲ ਦਾ ਉਹਦਾ ਮੰਤਰਾਲੇ ਦਾ ਸਮਾਂ ਸਭ ਤੋਂ ਵਧੀਕ ਖੁਸ਼ੀ ਵਾਲਾ ਰਿਹਾ।
ਅਰਬਾਂ ਨੇ ਜੰਗਬੰਦੀ ਤਾਂ ਕਰ ਲਈ ਪਰ ਬਾਰਡਰ ਪਾਰ ਕਰ ਕੇ ਹਥਿਆਰਬੰਦ ਗ੍ਰੋਹ ਆਉਂਦੇ, ਲੁੱਟਮਾਰ, ਅਗਜ਼ਨੀ ਅਤੇ ਕਤਲ ਕਰ ਕੇ ਪਰਤ ਜਾਂਦੇ; ਫਲਸਰੂਪ ਹੱਦਾਂ Ḕਤੇ ਵੱਸਦੇ ਯਹੂਦੀਆਂ ਦੀ ਜ਼ਿੰਦਗੀ ਨਰਕ ਸਮਾਨ ਸੀ। ਦੋ ਸਾਲਾਂ ਵਿਚ ਦੁਨੀਆਂ ਭਰ ਵਿਚੋਂ ਯਹੂਦੀ ਸ਼ਰਨਾਰਥੀ ਆਉਣ ਕਾਰਨ ਆਬਾਦੀ ਦੁੱਗਣੀ ਹੋ ਗਈ ਜਿਨ੍ਹਾਂ ਨੂੰ ਵਸਾਉਣਾ ਤੇ ਰੁਜ਼ਗਾਰ ਦੇਣਾ ਸੀ। ਭਾਂਤ-ਸੁਭਾਂਤੀਆਂ ਬੋਲੀਆਂ, ਭਾਂਤ-ਸੁਭਾਂਤੇ ਲਿਬਾਸ, ਭਿੰਨ-ਭਿੰਨ ਕਲਚਰ, ਬੱਸ ਇਕੋ ਚੀਜ਼ ਸਾਂਝੀ ਸੀ- ਸਭ ਯਹੂਦੀ ਸਨ, ਸਭ ਨੂੰ ਹਿਬਰੂ ਬਾਈਬਲ ਪੜ੍ਹਨੀ ਆਉਂਦੀ ਹੁੰਦੀ।
1949 ਵਿਚ 48 ਹਜ਼ਾਰ ਯਹੂਦੀ ਯਮਨ ਤੋਂ ਹਵਾਈ ਜਹਾਜਾਂ ਰਾਹੀਂ ਇਜ਼ਰਾਈਲ ਪੁੱਜੇ ਕਿਉਂਕਿ ਅਰਬਾਂ ਨੇ ਸੁਏਜ਼ ਨਹਿਰ ਯਹੂਦੀਆਂ ਦੇ ਲਾਂਘੇ ਵਾਸਤੇ ਬੰਦ ਕਰ ਦਿੱਤੀ ਸੀ। ਇਕ ਬਜ਼ੁਰਗ ਜਹਾਜ ਤੋਂ ਹੇਠਾਂ ਉਤਰਿਆ, ਗੋਲਡਾ ਨੇ ਪੁੱਛਿਆ, ਪਹਿਲਾਂ ਕਦੀ ਜਹਾਜੇ ਚੜ੍ਹੇ? ਬਜ਼ੁਰਗ ਨੇ ਕਿਹਾ, ਮੈਂ ਤਾਂ ਕਦੀ ਹੱਥ ਲਾ ਕੇ ਨਹੀਂ ਸੀ ਦੇਖਿਆ। ਪੁੱਛਿਆ, ਡਰ ਨਹੀਂ ਲੱਗਾ? ਬੋਲਿਆ, ਡਰ ਕਾਹਦਾ? ਬਾਈਬਲ ਵਿਚ ਲਿਖਿਆ ਤਾਂ ਹੋਇਐ, ਉਹ ਬਾਜ਼ਾਂ ਦੇ ਖੰਭਾਂ ਉਪਰ ਬੈਠ ਕੇ ਉਡ ਆਉਣਗੇ। ਜਦੋਂ ਇਸ ਯਾਤਰੀ ਨੇ ਹਿਬਰੂ ਦਾ ਇਹ ਮੂਲ ਵਾਕ ਸੁਣਾਇਆ, ਉਹਦੀਆਂ ਅੱਖਾਂ ਵਿਚ ਖੁਸ਼ੀ ਅਤੇ ਸ਼ੁਕਰਾਨੇ ਦੀ ਲਿਸ਼ਕ ਝਲਕੀ।
ਇਨ੍ਹਾਂ ਲੋਕਾਂ ਨੂੰ ਵਸਾਉਣ ਵਾਸਤੇ ਬਹੁਤ ਵੱਡੀ ਰਕਮ ਚਾਹੀਦੀ ਸੀ। ਆਲੇ-ਦੁਆਲੇ ਕਿਉਂਕਿ ਦੁਸ਼ਮਣ ਹੱਦਾਂ ਸਨ, ਧਨ ਦਾ ਬਹੁਤਾ ਹਿੱਸਾ ਤਾਂ ਫੌਜ ਅਤੇ ਹਥਿਆਰ ਚੱਟ ਜਾਂਦੇ। ਰਿਫਿਊਜੀਆਂ ਨੂੰ ਕੰਮ ਦੇਣਾ ਹੈ, ਕਿਹੜਾ ਕੰਮ? ਨਾ ਇਨ੍ਹਾਂ ਨੇ ਮਕਾਨ ਉਸਾਰੀ ਕੀਤੀ, ਨਾ ਖੇਤੀਬਾੜੀ। ਚਲੋ ਸੜਕਾਂ ਬਣਾਈਏ, ਪਰ ਸੜਕ ਬਣਾਉਣ ਦੀ ਨਿਗਰਾਨੀ ਅਤੇ ਅਗਵਾਈ ਕੌਣ ਕਰੇ? ਚਲੋ ਫੋਰਮੈਨ ਲੱਭ ਲਿਆ, ਸੜਕ ਬਣਾਉਣ ਲਈ ਸਮਾਨ ਤੇ ਮਸ਼ੀਨਰੀ? ਉਹ ਵੀ ਆ ਗਈ, ਇਕ ਫੋਰਮੈਨ ਨੂੰ ਦਸ ਮਜ਼ਦੂਰ ਦੇ ਦਿੱਤੇ, ਇਹ ਦਸ ਜਣੇ ਦਸ ਦੇਸ਼ਾਂ ਵਿਚੋਂ ਆਏ ਹਨ, ਕਿਸੇ ਨੂੰ ਨਾ ਫੋਰਮੈਨ ਦੀ ਬੋਲੀ ਸਮਝ ਆਏ, ਨਾ ਇਕ-ਦੂਜੇ ਦੀ। ਫਿਰ ਵੀ ਸੜਕਾਂ ਬਣੀਆਂ। ਗੋਲਡਾ ਦੇ ਸਤਿਕਾਰ ਵਜੋਂ ਇਨ੍ਹਾਂ ਸੜਕਾਂ ਦਾ ਨਾਮ ਗੋਲਡਨ ਰੋਡਜ਼ ਰੱਖਿਆ।
ਦਾਨ ਬਥੇਰਾ ਲੈ ਲਿਆ, ਇਜ਼ਰਾਈਲ ਮੰਗਤਾ ਨਹੀਂ ਰਹਿਣਾ ਚਾਹੀਦਾ। ਗੋਲਡਾ ਨੇ ਕਿਹਾ, ਕਰਜ਼ਾ ਮੰਗੀਏ। ਵਜ਼ਾਰਤ ਹੱਸੀ, ਮੰਗਤਿਆਂ ਨੂੰ ਕਰਜ਼ਾ ਕੌਣ ਦਏਗਾ? ਗੋਲਡਾ ਫਿਰ ਦੁਨੀਆਂ ਵਿਚ ਕਰਜ਼ੇ ਵਾਸਤੇ ਘੁੰਮੀ, ਕਿਸੇ ਨੇ ਜ਼ਮਾਨਤ ਬਾਰੇ ਸਵਾਲ ਨਾ ਕੀਤਾ, ਪਰ ਆਪੇ ਆਖ ਦਿੰਦੀ, ਅਣਖੀਲੇ ਯਹੂਦੀਆਂ ਨੂੰ ਛੱਤ ਮਿਲ ਜਾਏਗੀ, ਤਾਂ ਬੱਚੇ ਵੱਡੇ ਹੋ ਕੇ ਤੁਹਾਡਾ ਕਰਜ਼ਾ ਲਾਹ ਦੇਣਗੇ, ਮੈਂ ਇਜ਼ਰਾਈਲ ਦੇ ਬੱਚਿਆਂ ਨੂੰ ਤੁਹਾਡੇ ਕੋਲ ਗਹਿਣੇ ਰੱਖਣ ਆਈ ਹਾਂ। ਦੁਨੀਆਂ ਨੇ ਵੱਡੀਆਂ ਰਕਮਾਂ ਦੇ ਕੇ ਬਾਂਡ ਖਰੀਦੇ ਤੇ ਰਿਫਿਊਜੀਆਂ ਨੂੰ ਘਰ ਮਿਲ ਗਏ। ਅੰਧਕਾਰ ਦਾ ਸਾਹਮਣਾ ਕਰਦੇ, ਨੀਵੀਂ ਪਾਈ, ਲੀਰ-ਲੀਰ ਲਿਬਾਸ ਪਹਿਨੀ ਫਿਰਦੇ ਮਾਯੂਸ ਯਹੂਦੀਆਂ ਦੇ ਹੱਥਾਂ ਵਿਚ ਕਹੀਆਂ-ਕੁਹਾੜੀਆਂ, ਖੁਰਪੇ, ਗੈਂਤੀਆਂ ਆਉਂਦੀਆਂ, ਤਾਂ ਹੋਠਾਂ ‘ਤੇ ਮੁਸਕਾਨ ਆ ਜਾਂਦੀ। 1951 ਦੇ ਅਖੀਰ ਤੱਕ ਤਿੰਨ ਬਿਲੀਅਨ ਡਾਲਰ ਦੇ ਬਾਂਡ ਵਿਕ ਗਏ।
ਯੂæਐਨæਓæ ਨੇ ਸਲਾਹ ਦਿੱਤੀ ਕਿ ਰੋਜ਼ਾਨਾ ਖੂਨ-ਖਰਾਬਾ ਨਾ ਹੋਵੇ, ਸਹਿਮਤੀ ਨਾਲ ਯੋਰੋਸ਼ਲਮ ਨੂੰ ਵੈਟੀਕਨ ਸਿਟੀ ਐਲਾਨ ਦਿੱਤਾ ਜਾਵੇ। ਇਥੇ ਕੌਮਾਂਤਰੀ ਪੁਲਿਸ ਹੋਵੇਗੀ ਤੇ ਯੂæਐਨæਓæ ਆਪਣਾ ਗਵਰਨਰ ਨਿਯੁਕਤ ਕਰੇਗੀ। ਅਰਬਾਂ ਨੇ ਇਹ ਵਿਉਂਤ ਰੱਦ ਕਰ ਦਿੱਤੀ। ਯਹੂਦੀ, ਅਰਬਾਂ ਦੇ ਇਸ ਫੈਸਲੇ ਤੋਂ ਖੁਸ਼ ਹੋਏ ਕਿਉਂਕਿ ਯਹੂਦੀਆਂ ਦੀ ਗਿਣਤੀ ਇਕ ਲੱਖ ਸੀ ਤੇ 1948 ਦੇ ਸਾਲ ਮੁਸਲਮਾਨਾਂ ਦੀ ਗਿਣਤੀ ਸੀ 65 ਹਜ਼ਾਰ। ਬਿਨ ਗੁਰੀਓਂ ਨੇ ਐਲਾਨ ਕੀਤਾ ਕਿ ਤਲ ਅਵੀਵ ਤੋਂ ਬਦਲ ਕੇ ਰਾਜਧਾਨੀ ਯੋਰੋਸ਼ਲਮ ਹੋਵੇਗੀ, ਵਡੇਰਿਆਂ ਦੇ ਸ਼ਹਿਰ ਵਿਚ, ਪੈਗੰਬਰ ਦਾਊਦ ਦੇ ਸ਼ਹਿਰ ਵਿਚ। ਗੁਰੀਓਂ ਨੇ ਇਹ ਫੈਸਲਾ ਕਾਹਲੀ ਵਿਚ ਇਸ ਲਈ ਕੀਤਾ ਕਿ ਕਿਤੇ ਅਰਬਾਂ ਦੇ ਵਿਰੋਧ ਦੇ ਬਾਵਜੂਦ ਯੂæਐਨæਓæ ਸ਼ਹਿਰ ਨੂੰ ਵੈਟੀਕਨ ਦਾ ਦਰਜਾ ਨਾ ਦੇ ਦੇਵੇ। ਮਿਸਰ ਅਤੇ ਜਾਰਡਨ ਦੇ ਬੰਬਾਂ ਨੇ ਸ਼ਹਿਰ ਵਿਚ ਤਬਾਹੀ ਮਚਾ ਦਿੱਤੀ। ਕਿਸੇ ਦੇਸ਼ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ।
ਇਜ਼ਰਾਈਲ ਵਿਚੋਂ ਜਿਹੜੇ ਮੁਸਲਮਾਨ ਬਾਰਡਰ ਪਾਰ ਕਰ ਕੇ ਦੂਜੇ ਦੇਸ਼ਾਂ ਵਿਚ ਚਲੇ ਜਾਂਦੇ, ਉਨ੍ਹਾਂ ਦੇ ਘਰ ਰਿਫਿਊਜੀਆਂ ਨੂੰ ਅਲਾਟ ਕਰ ਦਿੱਤੇ ਜਾਂਦੇ। ਜੇ ਪਹਿਲਾ ਮਾਲਕ ਵਾਪਸ ਆ ਜਾਂਦਾ, ਉਹਨੂੰ ਘਰ ਵਾਪਸ ਦੇ ਦਿੱਤਾ ਜਾਂਦਾ, ਜਾਂ ਉਹ ਕਿਸੇ ਹੋਰ ਵਧੀਕ ਸੁਰੱਖਿਅਤ ਥਾਂ Ḕਤੇ ਰਹਿਣਾ ਚਾਹੁੰਦਾ, ਤਦ ਉਹਨੂੰ ਨਵਾਂ ਘਰ ਦਿੱਤਾ ਜਾਂਦਾ। ਮੁਆਵਜ਼ਾ ਮੰਗਦਾ ਤਾਂ ਮੁਆਵਜ਼ਾ ਦਿੱਤਾ ਜਾਂਦਾ। ਅਜਿਹਾ ਕਰਨ ਵੇਲੇ ਉਸ ਤੋਂ ਭਵਿੱਖ ਵਿਚ ਵਫਾਦਾਰ ਰਹਿਣ ਦਾ ਕੋਈ ਇਕਰਾਰਨਾਮਾ ਨਹੀਂ ਸੀ ਮੰਗਿਆ ਜਾਂਦਾ। ਕਈ ਵਾਰ ਕ੍ਰੋਧਵਾਨ ਹੋ ਕੇ ਯਹੂਦੀ ਰਿਫਿਊਜੀ ਚੀਕਦੇ- ਸਾਡੇ ਨਾਲੋਂ ਮੁਸਲਮਾਨਾਂ ਦੀ ਵਧੀਕ ਕਦਰ ਹੋ ਰਹੀ ਹੈ। ਹਇਫਾ ਸ਼ਹਿਰ ਦੇ ਮੁਸਲਮਾਨ ਹਿਜਰਤ ਕਰ ਕੇ ਬਾਰਡਰ ਪਾਰ ਕਰਨ ਲੱਗੇ। ਗੋਲਡਾ ਤੁਰੰਤ ਪੁੱਜੀ, ਰੁਕਣ ਲਈ ਅਰਜ਼ ਕੀਤੀ, ਸੁਰੱਖਿਆ ਦਾ ਭਰੋਸਾ ਦਿੱਤਾ, ਕਿਹਾ ਕਿ ਗੁਰਬਤ ਤੁਹਾਨੂੰ ਨਿਗਲ ਜਾਵੇਗੀ। ਮੁਸਲਮਾਨਾਂ ਨੇ ਕਿਹਾ, ਕਿਸੇ ਡਰ ਕਾਰਨ ਨਹੀਂ, ਬੀਬੀ ਸਾਨੂੰ ਸਾਡੇ ਅਰਬ ਭਰਾਵਾਂ ਨੇ ਹੁਕਮ ਦਿੱਤਾ ਹੈ ਕਿ ਇਜ਼ਰਾਈਲ ਵਿਚੋਂ ਨਿਕਲੋ, ਨਾ ਨਿਕਲੇ ਤਾਂ ਉਹ ਸਾਨੂੰ ਗੱਦਾਰ ਕਹਿਣਗੇ। 1948 ਦੇ ਅਖੀਰ ਤੱਕ ਛੇ ਲੱਖ ਮੁਸਲਮਾਨ ਹਿਜਰਤ ਕਰ ਗਏ; ਤਾਂ ਵੀ ਅਜੇ ਬਹੁਤ ਵੱਡੀ ਗਿਣਤੀ ਮੁਸਲਮਾਨਾਂ ਨੇ ਇਜ਼ਰਾਈਲ ਵਿਚ ਟਿਕੇ ਰਹਿਣ ਦਾ ਫੈਸਲਾ ਕੀਤਾ। ਹਾਂ, ਮੁਸਲਮਾਨਾਂ ਦੇ ਵੱਖਰੇ ਪਿੰਡ ਸਨ, ਯਹੂਦੀਆਂ ਦੇ ਵੱਖਰੇ। ਵੀਹ ਸਾਲ ਦੇ ਸਮੇਂ ਵਿਚ ਇਕ ਵੀ ਪਿੰਡ ਅਜਿਹਾ ਨਹੀਂ ਰਿਹਾ ਸੀ ਜਿਥੇ ਬਿਜਲੀ ਅਤੇ ਪਾਣੀ ਨਾ ਪੁੱਜਦਾ ਹੋਵੇ।
ਗੈਲੀਲੀ ਦੇ ਇਕ ਪਿੰਡ ਦੀ ਵਸੋਂ ਪਹਾੜੀ Ḕਤੇ ਸੀ। ਸੜਕ ਨਹੀਂ ਸੀ, ਬਣਾ ਦਿੱਤੀ। ਉਦਘਾਟਨ ਵਾਸਤੇ ਗੋਲਡਾ ਪਿੰਡ ਗਈ। ਸਭ ਨੇ ਸ਼ੁਕਰਾਨਾ ਕੀਤਾ। ਰਿਵਾਜ ਦੇ ਉਲਟ ਕੋਈ ਮੁਸਲਮਾਨ ਔਰਤ ਖਲੋ ਕੇ ਬੋਲੀ- ਬੀਬੀ ਮਰਦਾਂ ਦੇ ਪੈਰਾਂ ਨੂੰ ਸੜਕ ਕਾਰਨ ਆਰਾਮ ਮਿਲਿਆ, ਸਹੀ; ਪਰ ਸਾਡੇ ਸਿਰਾਂ ਨੂੰ ਵੀ ਕਦੀ ਆਰਾਮ ਮਿਲੇਗਾ? ਮਤਲਬ, ਪਿੰਡ ਪਹਾੜੀ ਉਪਰ ਹੈ ਤੇ ਖੂਹ ਹੇਠਾਂ। ਅਗਲੇ ਸਾਲ ਟੂਟੀਆਂ ਦਾ ਉਦਘਾਟਨ ਕਰ ਆਈ।
ਪੰਜ ਸਾਲ ਦੀ ਮਿਆਦ ਪੂਰੀ ਕਰਨ ਪਿਛੋਂ ਪ੍ਰਧਾਨ ਮੰਤਰੀ ਗੁਰੀਓਂ ਨੇ ਐਲਾਨ ਕੀਤਾ ਕਿ ਹੁਣ ਬਾਕੀ ਸਮਾਂ ਆਰਾਮ ਕਰਾਂਗਾ, ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਦਿਉ। ਉਹ ਗੱਲਾਂ ਨਾਲ ਸਹਿਮਤੀ ਹਾਸਲ ਕਰਨ ਦੀ ਥਾਂ ਫੈਸਲੇ ਕਰਦਾ ਹੁੰਦਾ ਸੀ ਜਿਹੜੇ ਆਖਰ ਸਹੀ ਸਾਬਤ ਹੁੰਦੇ। ਜਦੋਂ ਕੋਈ ਮੰਤਰੀ ਨਵੀਂ ਸਲਾਹ ਦਿੰਦਾ, ਉਹਦਾ ਇਕੋ ਸਵਾਲ ਹੁੰਦਾ- ਲੰਮੀ ਅਉਧ ਪਿਛੋਂ ਇਹ ਕੰਮ ਦੇਸ਼ ਲਈ ਲਾਭਦਾਇਕ ਰਹੇਗਾ? ਕਿਹਾ ਕਰਦਾ, ਮੈਨੂੰ ਲੋਕ ਤੇ ਵਿਸ਼ਵ ਰਾਇ ਦੀ ਪ੍ਰਵਾਹ ਨਹੀਂ। ਬਿਆਨਾਂ ਅਤੇ ਸੰਪਾਦਕੀਆਂ ਸਦਕਾ ਨਹੀਂ, ਸਹੀ ਕੰਮਾਂ ਸਦਕਾ ਇਜ਼ਰਾਈਲ ਦੁੱਖਾਂ ਤੋਂ ਮੁਕਤ ਹੋਵੇਗਾ। ਉਸ ਪਿਛੋਂ ਸ਼ੈਰੇ ਪ੍ਰਧਾਨ ਮੰਤਰੀ ਬਣਿਆ।
ਗੁਰੀਓਂ ਨੇ ਇਕ ਵਾਰ ਗੁੱਸੇ ਵਿਚ ਕਿਸੇ ਵਜ਼ੀਰ ਨੂੰ ਬੇਈਮਾਨ ਕਹਿ ਦਿੱਤਾ, ਗੋਲਡਾ ਬੋਲੀ, ਅਕਲਮੰਦ ਹੋਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕੋਈ ਬੰਦਾ ਜਮਾਂਦਰੂ ਬੇਈਮਾਨ ਨਹੀਂ ਹੁੰਦਾ। ਬੇਈਮਾਨੀ ਸਿੱਖਣੀ ਪੈਂਦੀ ਹੈ। ਮੈਨੂੰ ਫਖਰ ਹੈ ਕਿ ਸਾਡੇ ਵਿਚੋਂ ਕੋਈ ਬੇਈਮਾਨੀ ਦੀ ਸਿਖਲਾਈ ਲੈਣ ਸਕੂਲ ਨਹੀਂ ਗਿਆ।
1956 ਵਿਚ ਗੋਲਡਾ ਨੂੰ ਵਿਦੇਸ਼ ਮੰਤਰਾਲਾ ਦਿੱਤਾ ਗਿਆ। ਮਿਸਰ ਦੇ ਫਿਦਾਈਨ ਗੁਰੀਲੇ ਗਾਜ਼ਾ ਪੱਟੀ ਵਲੋਂ ਮਾਰੂ ਹਮਲੇ ਕਰਦੇ। ਜਾਰਡਨ, ਸੀਰੀਆ ਤੇ ਲੈਬਨਾਨ ਵਿਚ ਵੀ ਉਨ੍ਹਾਂ ਦੇ ਅੱਡੇ ਸਨ। ਉਹ ਇਜ਼ਰਾਈਲ ਦੇ ਐਨ ਵਿਚਕਾਰ ਤੱਕ ਪੁੱਜ ਕੇ ਮਾਰੋ-ਮਾਰ ਕਰਦੇ। ਕਰਨਲ ਨਾਸਰ ਨੇ ਮਿਸਰ ਦੀ ਹਕੂਮਤ ਸੰਭਾਲਦਿਆਂ ਕਿਹਾ, ਸਾਨੂੰ ਜਹਾਦ ਦਾ ਹੱਕ ਹੈ। ਕਾਹਿਰਾ ਰੇਡੀਓ ਤੋਂ ਐਲਾਨ ਆਉਂਦਾ- ਆਪਣੀ ਹੋਣੀ ਉਪਰ ਰੋ ਲੈ ਇਜ਼ਰਾਈਲ, ਤੇਰਾ ਅੰਤ ਨੇੜੇ ਹੈ।
ਚੈਕੋਸਲਵਾਕੀਆ ਉਪਰ ਰੂਸ ਦਾ ਕੰਟਰੋਲ ਸੀ। ਚੈਕ ਸਰਕਾਰ ਨੇ ਮਿਸਰ ਨਾਲ ਹਥਿਆਰਾਂ ਦੀ ਸੰਧੀ ਕਰ ਲਈ। ਰੂਸ ਨੇ ਟੈਂਕਾਂ ਸਮੇਤ ਭਾਰੀ ਮਾਤਰਾ ਵਿਚ ਮਿਸਰ ਨੂੰ ਹਥਿਆਰ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਆਖਰ ਇਜ਼ਰਾਈਲ ਵਿਰੁਧ ਵਰਤੇ ਜਾਣੇ ਸਨ। ਰੂਸ ਨੇ ਪਾਪੀ ਵਿਚਾਰਧਾਰਾ ਜ਼ੀਓਨਿਜ਼ਮ ਦਾ ਖਾਤਮਾ ਕਰਨਾ ਸੀ। ਮਾਸਕੋ ਤੋਂ Ḕਡਾਕਟਰਾਂ ਦੀ ਸਾਜਿਸ਼Ḕ ਨਾਂ ਦੀ ਖਬਰ ਨਸ਼ਰ ਹੋਈ, ਨੌਂ ਡਾਕਟਰਾਂ ਨੇ ਸਤਾਲਿਨ ਸਮੇਤ ਹੋਰ ਲੀਡਰਾਂ ਨੂੰ ਕਤਲ ਕਰਨਾ ਚਾਹਿਆ ਸੀ ਜਿਨ੍ਹਾਂ ਵਿਚੋਂ ਛੇ ਯਹੂਦੀ ਸਨ। ਇਨ੍ਹਾਂ ਡਾਕਟਰਾਂ ਉਪਰ ਮੁਕੱਦਮਾ ਚਲਾਉਂਦਿਆਂ ਯਹੂਦੀਆਂ ਨੂੰ ਬਦਨਾਮ ਕੀਤਾ। ਫਿਰ ਤਲ ਅਵੀਵ ਸਥਿਤ ਰੂਸੀ ਦੂਤਾਵਾਸ ਦੇ ਅਹਾਤੇ ਵਿਚ ਬੰਬ ਫਟ ਗਿਆ। ਰੂਸ ਨੇ ਤਲਖੀ ਦਿਖਾਉਂਦਿਆਂ ਜ਼ਿੰਮੇਵਾਰੀ ਇਜ਼ਰਾਈਲੀ ਸਰਕਾਰ ਉਪਰ ਸੁੱਟ ਕੇ ਸਬੰਧ ਤੋੜ ਲਏ।
ਉਧਰ ਰੂਸ, ਮਿਸਰ ਨੂੰ ਧੜਾਧੜ ਮੁਫਤ ਹਥਿਆਰ ਦੇ ਰਿਹਾ ਸੀ, ਇਧਰ ਅਮਰੀਕਾ ਤੇ ਇੰਗਲੈਂਡ ਨੇ ਇਜ਼ਰਾਈਲ ਨੂੰ ਹਥਿਆਰ ਵੇਚਣ ਤੋਂ ਵੀ ਇਨਕਾਰ ਕਰ ਦਿੱਤਾ। ਅਮਰੀਕਾ ਨੇ ਕਹਿ ਦਿੱਤਾ, ਕੈਨੇਡਾ ਜਾਂ ਫਰਾਂਸ ਤੋਂ ਇਜ਼ਰਾਈਲ ਹਥਿਆਰ ਖਰੀਦ ਲਵੇ ਤਾਂ ਇਤਰਾਜ਼ ਨਹੀਂ। ਫਰਾਂਸ ਨੇ ਅਮਰੀਕਾ ਦੇ ਐਲਾਨ ਤੋਂ ਪਹਿਲਾਂ ਹੀ ਹਥਿਆਰ ਦੇਣ ਦਾ ਐਲਾਨ ਕਰ ਦਿੱਤਾ। ਉਧਰ, ਮਿਸਰ ਨਾਲ ਸੀਰੀਆ ਨੇ ਸੰਧੀ ਕਰ ਲਈ। ਮਿਸਰ ਨੇ ਸੁਏਜ਼ ਨਹਿਰ ਦਾ ਕੌਮੀਕਰਨ ਕਰ ਕੇ ਇਜ਼ਰਾਈਲ ਲਈ ਰਸਤਾ ਬੰਦ ਕਰ ਦਿੱਤਾ, ਇਸ ਨਾਲ ਫਰਾਂਸ ਤੇ ਇੰਗਲੈਂਡ ਦੇ ਵਪਾਰ ਵਿਚ ਵੀ ਵਿਘਨ ਪਂੈਦਾ ਸੀ; ਸੋ, ਦੋਹਾਂ ਲਈ ਇਜ਼ਰਾਈਲ ਦੀ ਮਦਦ ਕਰਨੀ ਮਜਬੂਰੀ ਬਣ ਗਈ। ਫੈਸਲਾ ਹੋ ਗਿਆ ਕਿ ਐਤਕਾਂ ਅਰਬਾਂ ਨੂੰ ਪਹਿਲ ਨਹੀਂ ਕਰਨ ਦੇਣੀ, 29 ਅਕਤੂਬਰ 1956 ਨੂੰ ਸ਼ਾਮੀਂ ਹਮਲਾ ਕਰ ਕੇ ਗਾਜ਼ਾ ਪੱਟੀ ਅਤੇ ਸਿਨਾਈ ਝੀਲ ਸਮੇਤ ਦੁਆਲੇ ਦੀ ਜ਼ਮੀਨ ਮਿਸਰ ਤੋਂ 100 ਘੰਟਿਆਂ ਅੰਦਰ ਖੋਹ ਲੈਣੀ ਹੈ। ਇਹ ਸਾਰਾ ਰਕਬਾ ਇਜ਼ਰਾਈਲ ਦੇ ਉਸ ਵੇਲੇ ਦੇ ਖੇਤਰ ਨਾਲੋਂ ਢਾਈ ਗੁਣਾ ਵੱਧ ਸੀ। ਛੇ ਦਿਨਾਂ ਬਾਅਦ ਜੰਗਬੰਦੀ ਹੋਵੇਗੀ, ਹੋਈ। ਇਜ਼ਰਾਈਲੀ ਫੌਜਾਂ ਬਾਜ਼ਾਂ ਵਾਂਗ ਝਪਟੀਆਂ। ਮਿਸਰ ਦੇ ਪੈਰ ਉਖੜ ਗਏ, ਫੌਜ ਦਾ ਤੀਜਾ ਹਿੱਸਾ ਤਬਾਹ। ਫਿਦਾਈਨ ਦੀਆਂ ਛੁਪਣਗਾਹਾਂ ਭੰਨ ਦਿੱਤੀਆਂ। ਲੱਖਾਂ ਹਥਿਆਰ ਅਤੇ ਕਰੋੜਾਂ ਦੀ ਰਕਮ ਦਾ ਅਣਵਰਤਿਆ ਅਸਲਾ ਖੋਹ ਲਿਆ। ਮਿਸਰ ਦੇ 30 ਹਜ਼ਾਰ ਸੈਨਿਕ ਮਾਰੂਥਲ ਵਿਚ ਘਿਰ ਗਏ। ਜੇ ਇਜ਼ਰਾਈਲ ਘੇਰਾਬੰਦੀ ਨਾ ਚੁੱਕਦਾ, ਇਨ੍ਹਾਂ ਨੇ ਪਿਆਸੇ ਮਰ ਜਾਣਾ ਸੀ। ਪੰਜ ਹਜ਼ਾਰ ਬੰਦੀ ਬਣਾ ਲਏ, ਬਾਕੀ ਛੱਡ ਦਿੱਤੇ। ਇਨ੍ਹਾਂ ਬੰਦੀਆਂ ਬਦਲੇ ਅਰਬਾਂ ਤੋਂ ਆਪਣੇ ਕੈਦੀ ਜੁ ਛੁਡਾਉਣੇ ਸਨ। ਇਜ਼ਰਾਈਲ ਦੇ 172 ਸੈਨਿਕ ਮਰੇ, 800 ਜ਼ਖਮੀ ਹੋਏ। ਜੇ ਹਮਲਾ ਕਰਨ ਵਿਚ ਅਰਬ ਪਹਿਲ ਕਰਦੇ, ਤਦ ਨੁਕਸਾਨ ਵੱਧ ਹੋਣਾ ਸੀ। ਛੇ ਦਿਨਾਂ ਦੇ ਇਸ ਯੁੱਧ ਨਾਲ ਅਰਬਾਂ ਨੂੰ ਅਕਲ ਆ ਗਈ, ਉਹ ਗੱਲ ਕਰਨ ਲਈ ਤਿਆਰ ਹੋ ਗਏ।
ਯੂæਐਨæਓæ ਦਾ ਹੁਕਮ ਆ ਗਿਆ ਕਿ ਜੰਗਬੰਦੀ ਕਰ ਕੇ ਜਿੱਤੇ ਇਲਾਕੇ ਖਾਲੀ ਕਰੋ, ਤੇ 1949 ਵਾਲਾ ਇਜ਼ਰਾਈਲ ਸੰਭਾਲੋ। ਫਰਾਂਸ ਤੇ ਇੰਗਲੈਂਡ ਵਲੋਂ ਸੈਨਿਕ ਮਦਦ ਇਜ਼ਰਾਈਲ ਨੂੰ ਕਿਉਂ ਦਿੱਤੀ ਗਈ, ਅਮਰੀਕਾ ਦਾ ਰਾਸ਼ਟਰਪਤੀ ਈਜ਼ਨਹਾਵਰ ਪੂਰੇ ਗੁੱਸੇ ਵਿਚ ਆ ਗਿਆ। ਜੇ ਜਿੱਤੀਆਂ ਥਾਂਵਾਂ ਇਜ਼ਰਾਈਲ ਨੇ ਨਾ ਛੱਡੀਆਂ ਤਾਂ ਯੂæਐਨæਓæ ਵਿਚ ਇਜ਼ਰਾਈਲ ਖਿਲਾਫ ਮਤਾ ਪਾਏਗਾ, ਧਮਕੀ ਦਿੱਤੀ। ਰੂਸ ਵੱਖਰਾ ਪਸੀਨੋ-ਪਸੀਨੀ ਹੋਈ ਫਿਰਦਾ ਸੀ, ਉਹਦੇ ਹਥਿਆਰ ਯਹੂਦੀਆਂ ਕੋਲ ਚਲੇ ਗਏ। ਉਹਨੇ ਧਮਕੀ ਦਿੱਤੀ ਕਿ ਹੁਣ ਜੇ ਇਜ਼ਰਾਈਲ ਪਿੱਛੇ ਨਾ ਹਟਿਆ ਤਾਂ ਰੂਸ ਖੁਦ ਯੁੱਧ ਵਿਚ ਉਤਰੇਗਾ।
ਗੋਲਡਾ ਨੂੰ ਯੂæਐਨæਓæ ਦੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ। ਉਹਨੇ ਫੈਸਲਾ ਕੀਤਾ, ਪਹਿਲਾਂ ਜਿੱਤੇ ਹੋਏ ਇਲਾਕੇ ਦੇਖਾਂਗੀ। ਗਾਜ਼ਾ ਪੱਟੀ ਵਿਚ ਫਿਦਾਈਨਾਂ ਦੇ ਮੋਰਚੇ ਖਿੱਲਰੇ ਪਏ ਸਨ। ਸਿਨਾਈ ਝੀਲ ਦਾ ਪਾਣੀ ਸਾਫ ਗੂੜ੍ਹਾ ਨੀਲਾ ਸੀ, ਪਹਾੜ ਲਾਲ, ਵੈਂਗਣੀ ਚਮਕੀਲੇ ਰੰਗਾਂ ਦੇ ਸਨ। ਢਾਈ ਲੱਖ ਗਰੀਬ ਮੁਸਲਮਾਨ ਤੰਬੂਆਂ ਵਿਚ ਭੁੱਖਮਰੀ ਨਾਲ ਜੂਝ ਰਹੇ ਸਨ। ਅਰਬ ਦੇਸ਼ ਇਨ੍ਹਾਂ ਨੂੰ ਯਹੂਦੀਆਂ ਵਲੋਂ ਕੱਢੇ ਰਿਫਿਊਜੀ ਕਹਿ ਕੇ ਦੁਨੀਆਂ ਤੋਂ ਧਨ ਅਤੇ ਹਥਿਆਰ ਮੰਗਦੇ ਸਨ। ਉਹ ਇਨ੍ਹਾਂ ਨੂੰ ਆਸਾਨੀ ਨਾਲ ਆਪਣੇ ਦੇਸ਼ਾਂ ਵਿਚ ਵਸਾ ਕੇ ਕੁੰਭੀ ਨਰਕ ਵਿਚੋਂ ਕੱਢ ਸਕਦੇ ਸਨ ਪਰ ਇਸ ਨਾਲ ਉਨ੍ਹਾਂ ਨੂੰ ਸਿਆਸੀ ਪੈਂਤੜੇ ਤੋਂ ਨੁਕਸਾਨ ਸੀ। ਜੇ ਨਿਹੱਥਾ ਇਜ਼ਰਾਈਲ ਯਹੂਦੀ ਰਿਫਿਊਜੀਆਂ ਨੂੰ ਵਸਾ ਸਕਦਾ ਹੈ ਤਾਂ ਅਰਬ ਪਤੀ ਸ਼ੇਖ ਮੁਸਲਮਾਨਾਂ Ḕਤੇ ਰਹਿਮ ਕਿਉਂ ਨਹੀਂ ਕਰਦੇ?
ਯੂæਐਨæਓæ ਵਿਚ ਬੋਲਣ ਦਾ ਮੌਕਾ ਮਿਲਿਆ, ਗੋਲਡਾ ਨੇ ਕਿਹਾ, ਮਾਰੂਥਲ ਵਿਚ ਇਜ਼ਰਾਈਲ ਨੇ ਬਾਗ ਲਾਏ, ਸੜਕਾਂ ਬਣਾਈਆਂ, ਖੂਹ ਪੁੱਟੇ, ਹਸਪਤਾਲ ਬਣਾਏ। ਅਰਬ, ਫਿਦਾਈਨ ਭੇਜ ਕੇ ਇਨ੍ਹਾਂ ਨੂੰ ਬੰਬਾਂ ਨਾਲ ਤੋੜਦੇ ਹਨ। ਮੌਤ ਦੇ ਮੂੰਹ ਵਿਚ ਜਾ ਰਹੇ ਯਹੂਦੀ ਬੱਚੇ ਲੱਖਾਂ ਦੀ ਗਿਣਤੀ ਵਿਚ ਬਚਾਏ; ਫਿਦਾਈਨ ਬੱਚਾ ਜੱਚਾ ਘਰ ਬੰਬਾਂ ਨਾਲ ਉਡਾ ਰਹੇ ਹਨ। ਪਾਣੀ ਤੇ ਬਿਜਲੀ ਦੀਆਂ ਲਾਈਨਾਂ ਉਡਾ ਰਹੇ ਹਨ; ਮੰਦਰ ਤੋੜ ਰਹੇ ਹਨ ਤੇ ਮਿਸਰ ਰਾਸ਼ਟਰਪਤੀ ਨਾਸਰ ਇਹਨੂੰ ਧਰਮ ਯੁੱਧ ਕਹਿੰਦਾ ਹੈ। ਜਹਾਦ। ਸਥਾਈ ਅਮਨ ਦੀ ਉਮੀਦ ਨਾਲ ਇਜ਼ਰਾਈਲ ਨੇ ਅਰਬਾਂ Ḕਤੇ ਹੱਲਾ ਬੋਲਿਆ, ਕਿਉਂਕਿ ਲੁਕ-ਛੁਪ ਕੇ ਅਰਬ ਹਰ ਰਾਤ ਹੱਲੇ ਕਰਦੇ ਹਨ। ਅਸੀਂ ਮਿੱਤਰਤਾ ਲਈ ਅਰਬਾਂ ਨੂੰ Ḕਵਾਜਾਂ ਮਾਰੀਆਂ, ਸਾਡੀ ਆਵਾਜ਼ ਦੀ ਗੂੰਜ ਵੀ ਵਾਪਸ ਨਹੀਂ ਆਈ। ਹਿਟਲਰ ਨੇ ਜਿਸ ਪਰੰਪਰਾ ਦੀ ਸ਼ਰੂਆਤ ਕੀਤੀ, ਉਹ ਜਾਰੀ ਰੱਖਣ ਦਾ ਫੈਸਲਾ ਹੁਣ ਅਰਬਾਂ ਨੇ ਆਪਣੇ ਹੱਥ ਲੈ ਲਿਆ ਹੈ। ਹਿਟਲਰ ਦੀ ਆਤਮ-ਕਥਾ ਅਰਬੀ ਜ਼ਬਾਨ ਵਿਚ ਛਾਪ ਕੇ ਹਰ ਇਕ ਫੌਜੀ ਦੇ ਹੱਥ ਫੜਾ ਰੱਖੀ ਹੈ। ਹੁਣ ਸਿਨਾਈ ਇਲਾਕਾ ਫਿਦਾਈਨ ਦੀਆਂ ਛੁਪਣਗਾਹਾਂ ਵਾਸਤੇ ਫਿਰ ਖਾਲੀ ਕਰ ਦੇਈਏ?
ਇਨ੍ਹਾਂ ਗੱਲਾਂ ਦਾ ਕਿਸੇ ਦੇਸ਼ ਦੇ ਨੁਮਾਇੰਦੇ ਉਪਰ ਅਸਰ ਨਹੀਂ ਹੋਇਆ। ਯੂæਐਨæਓæ ਦਾ ਸੈਕਟਰੀ ਬੋਲਿਆ, ਜੇ ਫੌਜਾਂ ਜਿੱਤੇ ਇਲਾਕੇ ਖਾਲੀ ਕਰ ਕੇ ਵਾਪਸ ਨਹੀਂ ਜਾਂਦੀਆਂ ਤਾਂ ਵਿਸ਼ਵ ਯੁੱਧ ਛਿੜੇਗਾ, ਤੇ ਇਜ਼ਰਾਈਲ ਜ਼ਿੰਮੇਵਾਰ ਹੋਵੇਗਾ। ਹਾਂ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਜ਼ਰਾਈਲ ਦੇ ਸਮੁੰਦਰੀ ਜਹਾਜ ਨਹੀਂ ਰੋਕੇ ਜਾਣਗੇ ਤੇ ਗਾਜ਼ਾ ਪੱਟੀ, ਸਿਨਾਈ ਆਦਿਕ ਥਾਂਵਾਂ Ḕਤੇ ਫੌਜੀ ਬੰਕਰ ਨਹੀਂ ਬਣਨਗੇ। ਇਹ ਕਹਿ ਕੇ, ਕਿ ਬਿਲਕੁਲ ਕੁਝ ਨਹੀਂ ਨਾਲੋਂ ਜਿੰਨਾ ਕੁ ਮਿਲਿਆ, ਉਸ ਉਪਰ ਸਬਰ ਕਰੀਏ, ਇਜ਼ਰਾਈਲ ਨੇ ਜਿੱਤੇ ਇਲਾਕੇ ਵਾਪਸ ਕਰਨ ਦੇ ਮਤੇ ਉਤੇ ਦਸਤਖ਼ਤ ਕਰ ਦਿੱਤੇ।
ਉਦਾਸ ਮਨ ਨਾਲ ਦਸਤਖਤ ਕਰਨ ਪਿਛੋਂ ਗੋਲਡਾ ਨੇ ਆਪਣੇ ਸਕੱਤਰ ਨੂੰ ਕਿਹਾ, ਅਰਬਾਂ ਨੂੰ ਦਿਖਾ ਦਿਤਾ ਹੈ ਕਿ ਜਦੋਂ ਯੁੱਧ ਛਿੜੇਗਾ, ਉਹ ਹਾਰਨਗੇ। ਇਹ ਕੋਈ ਮਾੜੀ ਪ੍ਰਾਪਤੀ ਨਹੀਂ। ਇਜ਼ਰਾਈਲ ਨਾਂ ਦੇ ਇਸ ਬੱਚੇ ਨੂੰ ਪੰਜ ਅਰਬ ਦੇਸ਼ਾਂ ਨੇ ਜੰਮਦਿਆਂ ਮਾਰਨ ਦਾ ਫੈਸਲਾ ਕੀਤਾ, ਇਹ ਬਚ ਗਿਆ। ਹੁਣ ਸੱਤ ਸਾਲ ਦੇ ਇਸ ਬੱਚੇ ਨੇ ਅਰਬਾਂ ਦਾ ਲੱਕ ਤੋੜ ਦਿੱਤਾ ਹੈ। ਹੁਣ ਸਾਡਾ ਨਕਸ਼ਾ ਕੋਈ ਨਹੀਂ ਮਿਟਾ ਸਕੇਗਾ।
ਅਮਰੀਕਾ ਵਿਚ ਕੈਨੇਡੀ ਰਾਸ਼ਟਰਪਤੀ ਚੁਣਿਆ ਗਿਆ, ਗੋਲਡਾ ਮਿਲਣ ਗਈ। ਵ੍ਹਾਈਟ ਹਾਊਸ ਵਿਚ ਮੀਟਿੰਗ ਦੌਰਾਨ ਦੋ ਆਦਮੀ ਹੋਰ ਸਨ। ਗੋਲਡਾ ਨੇ ਕਿਹਾ, ਮੈਂ ਇਜ਼ਰਾਈਲ ਵਾਸਤੇ ਹਥਿਆਰ ਮੰਗਣ ਆਈ ਹਾਂ ਪਰ ਪਹਿਲਾਂ ਦੱਸ ਦਿਆਂ, ਇਜ਼ਰਾਈਲ ਹੈ ਕੀ। ਅਸੀਂ ਤਿੰਨ ਹਜ਼ਾਰ ਸਾਲ ਪਹਿਲਾਂ ਦੇ ਯਹੂਦੀ ਹਾਂ ਜਿਨ੍ਹਾਂ ਕੋਲੋਂ ਸਾਡਾ ਦੇਸ਼ ਖੁੱਸ ਗਿਆ ਸੀ। ਉਦੋਂ ਹੋਰ ਕੌਮਾਂ ਵੀ ਸਨ- ਅਮੋਲੀ, ਮੋਆਬੀ, ਅਸੀਰੀਏ, ਬੇਬੀਲੋਨ ਆਦਿ। ਇਨ੍ਹਾਂ ਸਾਰਿਆਂ ਉਤੇ ਇੰਨੀਆਂ ਸਖਤੀਆਂ ਹੋਈਆਂ ਕਿ ਇਹ ਥੱਕ ਗਏ, ਖੁਰ ਗਏ, ਖਤਮ ਹੋ ਗਏ। ਸਖਤੀਆਂ ਯਹੂਦੀਆਂ ਉਪਰ ਵੀ ਹੋਈਆਂ, ਉਨ੍ਹਾਂ ਨੇ ਭਾਣਾ ਮਿੱਠਾ ਕਰ ਕੇ ਮੰਨਿਆ ਤੇ ਬਚ ਗਏ। ਹੁਣ ਉਹ ਆਪਣੇ ਦੇਸ਼ ਵਿਚ ਆ ਚੁੱਕੇ ਹਨ ਪਰ ਦਸ ਮੁਸਲਮਾਨ ਦੇਸ਼ਾਂ ਵਿਚ ਘਿਰੇ ਹੋਏ ਹਨ। ਹੁਣ ਫਿਰ ਉਨ੍ਹਾਂ ਦਾ ਬੀਜਨਾਸ ਕਰਨ ਦੀਆਂ ਵਿਉਂਤਾਂ ਬਣ ਰਹੀਆਂ ਨੇ। ਸੱਠ ਲੱਖ ਤਾਂ ਇਕੱਲੇ ਹਿਟਲਰ ਦੀ ਜਾੜ੍ਹ ਹੇਠ ਆ ਗਏ, ਬਾਕੀ ਅਰਬ ਖਾ ਜਾਣਗੇ। ਅਮਰੀਕਾ ਵਿਚ 56 ਲੱਖ ਯਹੂਦੀ ਨੇ। ਪਤਾ ਕਰਾਉ, ਉਨ੍ਹਾਂ ਨੇ ਅਮਰੀਕਾ ਦੀ ਖੁਸ਼ਹਾਲੀ ਲਈ ਜਾਨ ਮਾਰ ਕੇ ਕਿੰਨਾ ਕੰਮ ਕੀਤਾ ਹੈ। ਗੁਲਾਮ ਗਰੀਬ ਯਹੂਦੀਆਂ ਨੇ ਆਪਣੇ ਹੱਥਾਂ ਨਾਲ ਅਨੇਕ ਦੇਸ਼ ਅਮੀਰ ਕਰ ਦਿੱਤੇ। ਇਨ੍ਹਾਂ ਨੂੰ ਬਚਾਉ ਮਿਸਟਰ ਕੈਨੇਡੀ।
ਪੌਣਾ ਘੰਟਾ ਪੂਰੇ ਧਿਆਨ ਨਾਲ ਰਾਸ਼ਟਰਪਤੀ ਨੇ ਗੋਲਡਾ ਦੀ ਗੱਲ ਸੁਣੀ। ਫਿਰ ਉਠਿਆ, ਗੋਲਡਾ ਉਠੀ, ਉਹਦਾ ਹੱਥ ਆਪਣੇ ਹੱਥ ਵਿਚ ਫੜ ਕੇ ਕੈਨੇਡੀ ਨੇ ਕਿਹਾ, ਫਿਕਰ ਨਾ ਕਰ ਮਿਸਿਜ਼ ਗੋਲਡਾ ਮਾਇਰ। ਸਮਝ ਆ ਗਈ ਤੇਰੀ ਗੱਲ ਮੈਨੂੰ। ਇਜ਼ਰਾਈਲ ਦਾ ਵਾਲ ਵਿੰਗਾ ਨਹੀਂ ਹੋਵੇਗਾ। ਛੇਤੀ ਖਬਰ ਮਿਲੀ, ਕੈਨੇਡੀ ਦਾ ਕਤਲ ਹੋ ਗਿਆ। ਜਾਨਸਨ ਨੇ ਅਗਲੇ ਰਾਸ਼ਟਰਪਤੀ ਵਜੋਂ ਹਲਫ ਲਿਆ। ਸਮਾਂ ਮੁਕਰਰ ਕਰ ਕੇ ਗੋਲਡਾ ਮਿਲਣ ਗਈ। ਅਜੇ ਕੋਈ ਗੱਲ ਨਹੀਂ ਹੋਈ ਸੀ, ਬੋਲਿਆ, ਮੈਨੂੰ ਪਤੈ ਗੋਲਡਾ, ਇਕ ਮਿੱਤਰ ਦੇ ਵਿਛੋੜੇ ਕਾਰਨ ਤੁਸੀਂ ਦੁੱਖ ਵਿਚ ਹੋ। ਯਕੀਨ ਕਰਨਾ, ਸਾਬਤ ਕਰਾਂਗਾ ਮੈਂ ਵੀ ਤੁਹਾਡਾ ਮਿੱਤਰ ਹਾਂ। ਉਹਨੇ ਦੋਸਤੀ ਨਿਭਾਈ।
ਪੈਰਿਸ ਵਿਚ ਜਾ ਕੇ ਪ੍ਰਧਾਨ ਮੰਤਰੀ ਚਾਰਲਸ ਡੀ ਗਾਲ ਨੂੰ ਮਿਲੀ ਜਿਸ ਬਾਰੇ ਸੁਣਿਆ ਸੀ, ਬੜਾ ਸਵੈਭਿਮਾਨੀ ਹੈ। ਜਿਹੜਾ ਫਰੈਂਚ ਨਹੀਂ ਜਾਣਦਾ, ਉਸ ਨਾਲ ਗੱਲ ਕਰਨੀ ਪਸੰਦ ਨਹੀਂ ਕਰਦਾ। ਸਹਿਮੀ ਗੋਲਡਾ ਅੰਦਰ ਗਈ, ਡੀ ਗਾਲ ਗਰਮਜੋਸ਼ੀ ਨਾਲ ਮਿਲਿਆ, ਦੁਭਾਸ਼ੀਏ ਰਾਹੀਂ ਗੱਲਾਂ ਹੋਈਆਂ। ਅਖੀਰ ਵਿਚ ਕਿਹਾ, ਜਦੋਂ ਪੂਰੀ ਤਰ੍ਹਾਂ ਮੁਸੀਬਤ ਵਿਚ ਘਿਰ ਜਾਏਂ, ਉਦੋਂ Ḕਵਾਜ ਮਾਰੀਂ ਗੋਲਡਾ, ਮਦਦ ਕਰਾਂਗਾ। ਜੇ ਤੂੰ ਆਪ ਹਮਲਾ ਕਰਨ ਦੀ ਪਹਿਲ ਕੀਤੀ, ਇਜ਼ਰਾਈਲ ਤਾਂ ਤਬਾਹ ਹੋਵੇਗਾ ਹੀ ਹੋਵੇਗਾ, ਸੰਸਾਰ ਯੁੱਧ ਯਕੀਨੀ ਹੈ।
ਕੈਨੇਡੀ ਦੇ ਜਨਾਜ਼ੇ ਵਿਚ ਸ਼ਾਮਲ ਹੋਈ; ਦੇਖਿਆ, ਡੀ ਗਾਲ ਵੀ ਖਲੋਤਾ ਸੀ। ਉਹਨੇ ਗੋਲਡਾ ਨੂੰ ਦੇਖਿਆ ਤੇ ਉਧਰ ਤੁਰ ਪਿਆ। ਕਿਹਾ ਜਾਂਦਾ ਸੀ, ਡੀ ਗਾਲ ਆਪ ਕਿਸੇ ਕੋਲ ਨਹੀਂ ਜਾਂਦਾ; ਜਿਸ ਨਾਲ ਕੰਮ ਹੋਵੇ, ਉਹਨੂੰ ਆਪਣੇ ਕੋਲ ਸੱਦਦਾ ਹੈ। ਉਚਾ ਲੰਮਾ ਸਰੂ ਕੱਦ ਡੀ ਗਾਲ ਕਿਸ ਵੱਲ ਚੱਲਿਐ? ਕੌਣ ਹੈ ਇੰਨਾ ਮਹਾਨ ਸ਼ਖਸ? ਗੋਲਡਾ ਕੋਲ ਆ ਕੇ ਰੁਕਿਆ। ਵਧੀਆ ਅੰਗਰੇਜ਼ੀ ਬੋਲਦਿਆਂ ਹਾਲ-ਚਾਲ ਪੁੱਛਿਆ ਤੇ ਕਿਹਾ, ਮੁਸ਼ਕਿਲ ਵਿਚ ਸਹਾਈ ਹੋਵਾਂਗਾ। ਗੋਲਡਾ ਨੇ ਕਿਹਾ, ਅੱਜ ਤਾਂ ਇਉਂ ਹੋਇਆ ਜਿਵੇਂ ਲਾਲ ਸਾਗਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੋਵੇ ਤੇ ਯਹੂਦੀ ਜਾਨਾਂ ਬਚਾ ਕੇ ਸੁੱਕੇ ਰੇਤ ਉਪਰ ਦੀ ਮਹਿਫੂਜ਼ ਲੰਘ ਜਾਣ!
(ਚਲਦਾ)