ਇਹੁ ਜਗਤੁ ਮਮਤਾ ਮੁਆ ਜੀਵਣੁ ਕੀ ਬਿਧਿ ਨਾਹਿ

ਡਾæ ਗੁਰਨਾਮ ਕੌਰ, ਕੈਨੇਡਾ
ਇਸ ਲੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੯ ਤੋਂ ੫੨੬ ਤੱਕ ਦਰਜ ਗੁਰੂ ਅਮਰਦਾਸ ਸਾਹਿਬ ਦੀ ਗੂਜਰੀ ਰਾਗੁ ਵਿਚ ਰਚੀ ਵਾਰ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਰਾਗੁ ਵਿਚ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਰਚਿਤ ਦੋ ਵਾਰਾਂ ਪ੍ਰਾਪਤ ਹਨ।

ਗੁਰਮਤਿ ਵਿਚਾਰਧਾਰਾ ਵਿਚ ਮਨੁੱਖ ਲਈ ਅਸਲੀ ਰਸਤਾ ਗੁਰੂ ਦਾ ਦੱਸਿਆ ਪ੍ਰਵਾਨ ਕੀਤਾ ਗਿਆ ਹੈ ਜਿਸ ਨੂੰ ਭਾਈ ਗੁਰਦਾਸ ਨੇ Ḕਗੁਰਮੁਖਿ ਗਾਡੀ ਰਾਹḔ ਕਿਹਾ ਹੈ। ਇਸ ਰਸਤੇ ‘ਤੇ ਚੱਲ ਕੇ ਹੀ ਮਨੁੱਖ ਨੂੰ ਅਸਲੀ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ। ਇਸ ਤੋਂ ਬਿਲਕੁਲ ਉਲਟ ਮਨਮੁੱਖਤਾ ਦਾ ਰਸਤਾ ਹੈ ਜਿਸ ‘ਤੇ ਚੱਲ ਕੇ ਮਨੁੱਖ ਖੁਆਰ ਹੁੰਦਾ ਹੈ। ਇਸ ਸਲੋਕ ਵਿਚ ਵੀ ਇਸੇ ਤੱਥ ਨੂੰ ਉਜਾਗਰ ਕੀਤਾ ਗਿਆ ਹੈ।
ਗੁਰੂ ਅਮਰਦਾਸ ਫੁਰਮਾਉਂਦੇ ਹਨ ਕਿ ਇਹ ਸੰਸਾਰ ਮੋਹ-ਮਮਤਾ ਵਿਚ ਏਨਾ ਫਸਿਆ ਹੋਇਆ ਹੈ ਕਿ ਇਸ ਨੂੰ ਜੀਵਨ ਜਿਉਣ ਦਾ ਢੰਗ ਆਉਂਦਾ ਹੀ ਨਹੀਂ ਹੈ। ਜਿਹੜਾ ਜੀਵ ਗੁਰੂ ਦੀ ਆਗਿਆ ਨੂੰ ਮੰਨ ਕੇ ਚੱਲਦਾ ਹੈ, ਉਸ ਨੂੰ ਹੀ ਆਤਮ-ਅਨੁਭਵ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਹ ਜੀਵਨ ਜਿਉਣ ਦੀ ਜਾਚ ਸਿੱਖ ਲੈਂਦਾ ਹੈ। ਜੋ ਮਨੁੱਖ ਆਪਣਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਦੇ ਹਨ ਉਹ ਆਤਮਕ ਤੌਰ ‘ਤੇ ਸਦਾ ਜੀਵਤ ਰਹਿੰਦੇ ਹਨ। ਗੁਰੂ ਦੇ ਸਨਮੁਖ ਹੋਇਆਂ ਉਹ ਮਿਹਰ ਕਰਨ ਵਾਲਾ ਅਕਾਲ ਪੁਰਖ ਮਨੁੱਖ ਦੇ ਮਨ ਵਿਚ ਆ ਵਸਦਾ ਹੈ ਅਤੇ ਗੁਰਮੁਖ ਸਹਿਜ ਅਵਸਥਾ ਨੂੰ ਪਹੁੰਚ ਜਾਂਦੇ ਹਨ ਜਿਥੇ ਉਨ੍ਹਾਂ ਦਾ ਮਨ ਦੁਨਿਆਵੀ ਪਦਾਰਥਾਂ ਵੱਲ ਨਹੀਂ ਡੋਲਦਾ,
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ॥
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ॥
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ॥੧॥ (ਪੰਨਾ ੫੦੮)
ਦੂਸਰੇ ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇ ਮਨ ਵਿਚ ਦਵੈਤ ਭਾਵ ਹੈ, ਭਰਮ ਅਤੇ ਅਗਿਆਨ ਹੈ ਉਨ੍ਹਾਂ ਨੇ ਝਮੇਲਿਆਂ ਵਿਚ ਫਸਣ ਦਾ ਦੁੱਖ ਆਪ ਹੀ ਆਪਣੇ ਸਿਰ ਸਹੇੜਿਆ ਹੋਇਆ ਹੈ। ਉਹ ਮਾਇਆ ਦੇ ਮੋਹ ਵਿਚ ਗਲਤਾਨ ਹੋਏ, ਸੁੱਤੇ ਹੋਏ ਕਦੇ ਜਾਗਦੇ ਨਹੀਂ, ਚੇਤੰਨ ਨਹੀਂ ਹੁੰਦੇ। ਮਨਮੁੱਖ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਨਾ ਹੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਅਜਿਹੇ ਲੋਕ ਮਨ ਦੇ ਪਿੱਛੇ ਲੱਗ ਕੇ ਚੱਲਣ ਵਾਲੇ ਮਨੁੱਖਾਂ ਨੂੰ ਇਸ ਜਨਮ ਵਿਚ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਉਨ੍ਹਾਂ ਦਾ ਦੁਨੀਆਂ ‘ਤੇ ਜਨਮ ਲੈਣਾ ਬੇਅਰਥ ਜਾਂਦਾ ਹੈ, ਉਨ੍ਹਾਂ ਨੂੰ ਜਮਾਂ ਦੇ ਹੱਥੋਂ ਮਾਰ ਖਾਣੀ ਪੈਂਦੀ ਹੈ ਅਤੇ ਖੁਆਰ ਹੋਣਾ ਪੈਂਦਾ ਹੈ,
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ॥
ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ॥
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ॥
ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ॥੨॥ (ਪੰਨਾ ੫੦੮-੯)
ਪਹਿਲੀ ਪਉੜੀ ਵਿਚ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਅਵਸਥਾ ਦੱਸੀ ਗਈ ਹੈ ਕਿ ਰਚਨਾ ਤੋਂ ਪਹਿਲਾਂ ਸਿਰਫ ਤੇ ਸਿਰਫ ਕਰਤਾ ਪੁਰਖ ਦੀ ਆਪਣੀ ਹੀ ਹੋਂਦ ਸੀ, ਹੋਰ ਕੁਝ ਵੀ ਨਹੀਂ ਸੀ। ਉਹ ਆਪ ਹੀ ਸਭ ਕੁਝ ਕਰਨ ਵਾਲਾ ਸੀ, ਇਸ ਲਈ ਆਪਣੀ ਸਲਾਹ ਜਾਂ ਮਸ਼ਵਰਾ ਵੀ ਆਪ ਹੀ ਕਰਦਾ ਸੀ, ਜੋ ਉਹ ਕਰਤਾ ਪੁਰਖ ਕਰਦਾ ਸੀ ਉਹੀ ਹੁੰਦਾ ਸੀ। ਉਦੋਂ ਅਕਾਸ਼, ਪਾਤਾਲ, ਧਰਤੀ ਆਦਿ ਕੁਝ ਵੀ ਨਹੀਂ ਸੀ, ਤਿੰਨੇ ਲੋਕਾਂ ਦੀ ਕੋਈ ਹੋਂਦ ਹੀ ਨਹੀਂ ਸੀ। ਉਦੋਂ ਉਹ ਮਾਇਆ ਤੋਂ ਨਿਰਲੇਪ ਅਕਾਲ ਪੁਰਖ ਆਪ ਹੀ ਸੀ, ਕੋਈ ਉਤਪਤੀ ਨਹੀਂ ਸੀ ਹੋਈ ਅਰਥਾਤ ਉਸ ਤੋਂ ਬਿਨਾ ਹੋਰ ਕਿਸੇ ਦੀ ਹੋਂਦ ਨਹੀਂ ਸੀ (ਇਸ ਨੂੰ ਗੁਰਮਤਿ ਵਿਚਾਰਧਾਰਾ ਵਿਚ ਪਾਰਬ੍ਰਹਮ ਦੀ ਸੁੰਨ ਸਮਾਧੀ ਦੀ ਅਵਸਥਾ ਵੀ ਕਿਹਾ ਗਿਆ ਹੈ)। ਗੁਰੂ ਸਾਹਿਬ ਕਹਿੰਦੇ ਹਨ ਕਿ ਸਭ ਕੁਝ ਉਸ ਦੇ ਭਾਣੇ ਵਿਚ ਵਾਪਰ ਰਿਹਾ ਹੈ ਅਰਥਾਤ ਜਿਵੇਂ ਉਸ ਨੂੰ ਚੰਗਾ ਲਗਦਾ ਹੈ ਉਹ ਉਵੇਂ ਹੀ ਕਰਦਾ ਹੈ, ਕਿਉਂਕਿ ਉਸ ਤੋਂ ਬਿਨਾ ਕੋਈ ਦੂਸਰਾ ਕਰ ਸਕਣ ਦੇ ਸਮਰੱਥ ਨਹੀਂ ਹੈ,
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ॥
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ॥
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ॥
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ॥
ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ॥੧॥ (ਪੰਨਾ ੫੦੯)
ਅਗਲੇ ਸਲੋਕ ਵਿਚ ਉਸ ਪਰਮ ਹਸਤੀ ਦੀ ਸਦੀਵਤਾ ਦਾ ਬਿਆਨ ਹੈ ਕਿ ਉਹ ਮਾਲਕ ਅਕਾਲ ਪੁਰਖ ਸਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਸ਼ਬਦ ਰਾਹੀਂ ਦੇਖ ਸਕੀਦਾ ਹੈ, ਅਨੁਭਵ ਕਰ ਸਕੀਦਾ ਹੈ। ਉਹ ਅਬਿਨਾਸ਼ੀ ਹੈ, ਕਦੇ ਵੀ ਨਾਸ ਨਾ ਹੋਣ ਵਾਲੀ ਹਸਤੀ ਹੈ ਜੋ ਨਾ ਜਨਮ ਲੈਂਦੀ ਹੈ ਅਤੇ ਨਾ ਹੀ ਮਰਦੀ ਹੈ। ਉਹ ਇਸ ਸ੍ਰਿਸ਼ਟੀ ਦੀ ਰਚਨਾ ਕਰਕੇ ਆਪ ਹੀ ਇਸ ਵਿਚ ਸਮਾਇਆ ਹੋਇਆ ਹੈ, ਇਸ ਲਈ ਉਸ ਇੱਕ ਦੀ ਹੀ ਅਰਾਧਨਾ ਕਰਨੀ ਚਾਹੀਦੀ ਹੈ ਜੋ ਸਭ ਦੇ ਅੰਦਰ ਸਮਾਇਆ ਹੋਇਆ ਹੈ। ਹੋਰ ਹਸਤੀਆਂ ਜੋ ਜਨਮ ਲੈਂਦੀਆਂ ਅਤੇ ਮਰਦੀਆਂ ਹਨ ਉਨ੍ਹਾਂ ਦੀ ਅਰਾਧਨਾ ਕਿਉਂ ਕਰਨੀ ਹੈ? ਕਿਉਂਕਿ ਜੋ ਜਨਮ ਲੈਂਦਾ ਅਤੇ ਮਰ ਜਾਂਦਾ ਹੈ ਉਹ ਪਰਮ ਹਸਤੀ ਨਹੀਂ ਹੋ ਸਕਦਾ। ਅਜਿਹੇ ਮਨੁੱਖਾਂ ਦਾ ਸਾਰਾ ਜੀਵਨ ਹੀ ਬੇਅਰਥ ਜਾਂਦਾ ਹੈ ਜੋ ਆਪਣੇ ਸਿਰਜਣਹਾਰ ਨੂੰ ਨਹੀਂ ਜਾਣਦੇ ਅਤੇ ਦੂਸਰੀਆਂ ਹਸਤੀਆਂ ਜਿਵੇਂ ਅਵਤਾਰਾਂ ਆਦਿ ਨਾਲ ਆਪਣਾ ਮਨ ਜੋੜ ਕੇ ਰੱਖਦੇ ਹਨ। ਗੁਰੂ ਅਮਰਦਾਸ ਕਹਿੰਦੇ ਹਨ ਕਿ ਅਜਿਹੇ ਮਨੁੱਖਾਂ ਨੂੰ ਕਰਤਾ ਪੁਰਖ ਕਿਹੋ ਜਿਹੀ ਸਜਾ ਦਿੰਦਾ ਹੈ, ਇਹ ਇਸ ਤਰ੍ਹਾਂ ਨਹੀਂ ਦੱਸੀ ਜਾ ਸਕਦੀ ਅਰਥਾਤ ਇਸ ਦਾ ਇਸ ਤਰ੍ਹਾਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ,
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ॥
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ
ਆਪਣਾ ਅਵਰੀ ਕਉ ਚਿਤੁ ਲਾਇ॥
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ॥੧॥ (ਪੰਨਾ ੫੦੯)
ਉਹ ਅਕਾਲ ਪੁਰਖ ਨਾਮ-ਰੂਪ ਹੋ ਕੇ ਆਪਣੀ ਰਚਨਾ ਵਿਚ ਸਮਾਇਆ ਹੋਇਆ ਹੈ, ਇਸ ਲਈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹੀ ਸੰਦੇਸ਼ ਗੁਰੂ ਅਮਰਦਾਸ ਦੇ ਇਸ ਸਲੋਕ ਵਿਚ ਦਿੱਤਾ ਗਿਆ ਹੈ। ਗੁਰੂ ਸਾਹਿਬ ਨੇ ਦੱਸਿਆ ਹੈ ਕਿ ਉਹ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਹਰ ਥਾਂ ਵਸਦਾ ਅਤੇ ਸਭ ਕੁਝ ਕਰਦਾ ਹੈ, ਇਸ ਲਈ ਉਸ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਉਹੀ ਮਨੁੱਖ ਉਸ ਦੇ ਦਰ ‘ਤੇ ਪਰਵਾਨ ਹੁੰਦਾ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ ਜੋ ਉਸ ਦਾ ਹੁਕਮ ਬੁੱਝ ਕੇ ਉਸ ਦੇ ਭਾਣੇ ਵਿਚ ਚਲਦਾ ਹੈ। ਇਸ ਦੇ ਉਲਟ ਜਿਹੜਾ ਮਨੁੱਖ ਨਿਰੀਆਂ ਗੱਲਾਂ ਕਰਦਾ ਹੈ ਅਤੇ ਉਸ ਦੇ ਹੁਕਮ ਨੂੰ ਨਹੀਂ ਪਛਾਣਦਾ, ਉਹ ਗਿਆਨ-ਵਿਹੂਣਾ ਹੈ ਅਤੇ ਕੱਚੀਆਂ ਗੱਲਾਂ ਕਰਦਾ ਹੈ,
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ॥
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ॥
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨਾ ਬੁਝਈ ਅੰਧਾ ਕਚੁ ਨਿਕਚੁ॥੨॥ (ਪੰਨਾ ੫੦੯)
ਪਹਿਲੀ ਪਉੜੀ ਵਿਚ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਅਵਸਥਾ ਬਿਆਨ ਕੀਤੀ ਗਈ ਹੈ ਜਦੋਂ ਪਾਰਬ੍ਰਹਮ ਨੇ ਆਪ ਹੀ ਆਪਣੀ ਉਤਪਤੀ ਕੀਤੀ ਸੀ। ਦੂਸਰੀ ਪਉੜੀ ਵਿਚ ਦੱਸਿਆ ਗਿਆ ਹੈ ਕਿ ਉਸ ਕਰਤਾ ਪੁਰਖ ਨੇ ਸੰਜੋਗ ਅਤੇ ਵਿਜੋਗ ਅਰਥਾਤ ਮੇਲ ਅਤੇ ਵਿਛੋੜੇ ਦੇ ਨਿਯਮ ਦੀ ਰਚਨਾ ਕਰਕੇ ਇਸ ਸ੍ਰਿਸ਼ਟੀ ਦਾ ਮੁੱਢ ਬੰਨਿਆ। ਉਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਆਪਣੇ ਹੁਕਮ ਵਿਚ ਹੀ ਕੀਤੀ ਅਤੇ ਰਚਨਾ ਕਰਕੇ ਆਪਣੀ ਜੋਤ ਇਸ ਵਿਚ ਮਿਲਾ ਦਿੱਤੀ ਭਾਵ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਕੇ ਫਿਰ ਆਪ ਹੀ ਇਸ ਵਿਚ ਨਿਵਾਸ ਕੀਤਾ। ਇਹ ਸਾਰੀ ਸ੍ਰਿਸ਼ਟੀ ਉਸੇ ਪਰਮ ਹਸਤੀ ਦੀ ਜੋਤਿ ਨਾਲ ਪ੍ਰਕਾਸ਼ਤ ਹੈ, ਇਹ ਗਿਆਨ ਸਤਿਗੁਰੂ ਨੇ ਦੱਸਿਆ, ਸਤਿਗੁਰੂ ਦੇ ਸ਼ਬਦ ਤੋਂ ਇਹ ਗਿਆਨ ਪ੍ਰਾਪਤ ਹੋਇਆ। ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਜਿਨ੍ਹਾਂ ਨੂੰ ਆਮ ਤੌਰ ‘ਤੇ ਰਚਨਾ ਕਰਨ ਵਾਲਾ, ਪਾਲਣ ਵਾਲਾ ਅਤੇ ਸੰਘਾਰ ਕਰਤਾ ਮੰਨਿਆ ਜਾਂਦਾ ਹੈ, ਕੋਈ ਸੁਤੰਤਰ ਹਸਤੀਆਂ ਨਹੀਂ ਹਨ, ਸਭ ਦੀ ਰਚਨਾ ਉਸ ਅਕਾਲ ਪੁਰਖ ਨੇ ਕੀਤੀ ਹੈ ਅਤੇ ਮਾਇਆ ਦੇ ਤਿੰਨਾ ਗੁਣਾਂ ਨੇ ਉਨ੍ਹਾਂ ਨੂੰ ਆਪਣੇ ਆਪਣੇ ਕਾਰਜਾਂ ਵਿਚ ਲਗਾ ਦਿੱਤਾ। ਇਸ ਤਰ੍ਹਾਂ ਕਰਤਾ ਪੁਰਖ ਨੇ ਮਾਇਆ ਦਾ ਮੂਲ ਰਚ ਦਿੱਤਾ ਪਰ ਇਸ ਮਾਇਆਵੀ ਸੰਸਾਰ ਵਿਚ ਰਹਿ ਕੇ ਸੁੱਖ ਉਸ ਨੇ ਪ੍ਰਾਪਤ ਕੀਤਾ ਜਿਸ ਨੇ ਤੁਰੀਆ ਅਵਸਥਾ ਪ੍ਰਾਪਤ ਕੀਤੀ,
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ॥
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ॥
ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ॥
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ॥
ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ॥੨॥ (ਪੰਨਾ ੫੦੯)
ਅਗਲੇ ਸਲੋਕ ਵਿਚ ਆਪਾ-ਭਾਵ ਤਿਆਗ ਕੇ ਪੂਰਨ ਸਮਰਪਣ ਦੀ ਗੱਲ ਕੀਤੀ ਹੈ। ਦੱਸਿਆ ਗਿਆ ਹੈ ਕਿ ਉਹ ਸਿਮਰਨ ਅਤੇ ਭਗਤੀ ਹੀ ਸਹੀ ਹੈ ਜੋ ਸਤਿਗੁਰੁ ਦੇ ਭਾਣੇ ਅਨੁਸਾਰ ਕੀਤੀ ਜਾਂਦੀ ਹੈ। ਸਤਿਗੁਰੂ ਦੇ ਭਾਣੇ ਵਿਚ ਚੱਲ ਕੇ ਵਡਿਆਈ ਪ੍ਰਾਪਤ ਹੁੰਦੀ ਹੈ। ਗੁਰੂ ਅਮਰਦਾਸ ਫਰਮਾਉਂਦੇ ਹਨ ਕਿ ਆਪਾ-ਭਾਵ ਦਾ ਤਿਆਗ ਕਰਕੇ ਹੀ ਮਨੁੱਖ ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ,
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ॥
ਸਤਿਗੁਰ ਕੈ ਭਾਣੈ ਵਡਿਆਈ ਪਾਵੈ॥
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ॥੧॥ (ਪੰਨਾ ੫੦੯)
ਉਪਰਲੇ ਸਲੋਕ ਵਿਚ ਸਤਿਗੁਰ ਦੇ ਭਾਣੇ ਅਤੇ ਅਕਾਲ ਪੁਰਖ ਦੀ ਮਿਹਰ ਦੀ ਗੱਲ ਕੀਤੀ ਗਈ ਹੈ। ਗੁਰੂ ਅਮਰਦਾਸ ਫਰਮਾਉਂਦੇ ਹਨ ਕਿ ਸਹੀ ਰਸਤੇ ਦੀ ਸੋਝੀ ਸਤਿਗੁਰੂ ਦੀ ਸਿੱਖਿਆ ਤੇ ਅਮਲ ਕਰਨ ਨਾਲ ਆਉਂਦੀ ਹੈ। ਪਰ ਸਤਿਗੁਰੂ ਦੀ ਸਿੱਖਿਆ ਕੋਈ ਉਹ ਵਿਰਲਾ ਮਨੁੱਖ ਲੈਂਦਾ ਹੈ ਜਿਸ ਉਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ। ਇਹ ਵਡਿਆਈ ਕਿਸੇ ਭਾਗਾਂ ਵਾਲੇ ਮਨੁੱਖ ਨੂੰ ਮਿਲਦੀ ਹੈ ਜਿਸ ਤੇ ਆਪ ਅਕਾਲ ਪੁਰਖ ਮਿਹਰ ਕਰੇ,
ਗੁਰ ਕੀ ਸਿਖ ਕੋ ਵਿਰਲਾ ਲੇਵੈ॥
ਨਾਨਕ ਜਿਸੁ ਆਪਿ ਵਡਿਆਈ ਦੇਵੈ॥੨॥ (ਪੰਨਾ ੫੦੯)
ਗੁਰਮਤਿ ਦਰਸ਼ਨ ਅਨੁਸਾਰ ਹਉਮੈ ਅਗਿਆਨ ਦਾ ਪ੍ਰਤੀਕ ਹੈ ਅਤੇ ਉਸ ਅਕਾਲ ਪੁਰਖ ਦਾ ਹੁਕਮ ਅਤੇ ਨਾਮ ਗਿਆਨ ਦਾ ਪ੍ਰਤੀਕ ਹੈ। ਇਸੇ ਲਈ ਹਉਮੈ ਦਾ ਨਾਮ ਨਾਲ ਵਿਰੋਧ ਹੈ। ਜਿਥੇ ਅਗਿਆਨ ਹੈ, ਉਥੇ ਨਾਮ ਨਹੀਂ ਹੈ। ਅਗਿਆਨ ਵਸ ਹੀ ਮਨੁੱਖ ਕਾਮ, ਕਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਵਿਕਾਰਾਂ ਵਿਚ ਫਸ ਕੇ ਕਰਮ ਕਰਦਾ ਹੈ ਜੋ ਉਸ ਦੇ ਬੰਧਨ ਦਾ ਕਾਰਨ ਬਣਦੇ ਹਨ। ਤੀਸਰੀ ਪਉੜੀ ਵਿਚ ਗੁਰੂ ਅਮਰਦਾਸ ਜੀ ਦੱਸਦੇ ਹਨ ਕਿ ਮਾਇਆ ਅਤੇ ਮੋਹ ਅਗਿਆਨ ਹਨ ਜਿਨ੍ਹਾਂ ਕਾਰਨ ਮਨੁੱਖ ਬੰਧਨ ਵਿਚ ਪੈ ਜਾਂਦਾ ਹੈ, ਜਿਸ ਕਾਰਨ ਉਸ ਦਾ ਸੰਸਾਰ ਸਾਗਰ ਦਾ ਪੈਂਡਾ ਔਖਾ ਅਤੇ ਭਾਰਾ ਹੋ ਜਾਂਦਾ ਹੈ ਅਰਥਾਤ ਇਸ ਸੰਸਾਰ ਸਾਗਰ ਨੂੰ ਤਰਨਾ ਮੁਸ਼ਕਿਲ ਹੋ ਜਾਂਦਾ ਹੈ। ਜੇ ਕਿਸੇ ਮਨੁੱਖ ਨਾਲ ਕੋਈ ਬੋਝ ਬੰਨ੍ਹਿਆ ਹੋਇਆ ਹੋਵੇ ਉਹ ਭਾਰਾ ਹੋਣ ਕਰਕੇ ਡੁੱਬ ਜਾਂਦਾ ਹੈ। ਇਸੇ ਤਰ੍ਹਾਂ ਵਿਕਾਰਾਂ ਵਿਚ ਪੈ ਕੇ ਮਨੁੱਖ ਜੋ ਕਰਮ ਕਰਦਾ ਹੈ, ਉਨ੍ਹਾਂ ਪਾਪਾਂ ਦੇ ਬੋਝ ਨਾਲ ਲੱਦਿਆ ਹੋਇਆ ਉਹ ਇਸ ਭਵ-ਸਾਗਰ ਨੂੰ ਕਿਵੇਂ ਪਾਰ ਕਰ ਸਕਦਾ ਹੈ। ਜਿਹੜੇ ਜੀਵ ਹਰ ਰੋਜ਼ ਪਰਮਾਤਮਾ ਦੀ ਭਗਤੀ ਵਿਚ ਲੱਗੇ ਰਹਿੰਦੇ ਹਨ, ਉਸ ਦੇ ਨਾਮ ਦੇ ਰੰਗ ਵਿਚ ਰੰਗੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਕਾਲ ਪੁਰਖ ਇਸ ਸੰਸਾਰ ਸਾਗਰ ਤੋਂ ਪਾਰ ਲਗਾ ਦਿੰਦਾ ਹੈ। ਗੁਰੂ ਦੇ ਸ਼ਬਦ, ਗੁਰੂ ਦੀ ਸਿੱਖਿਆ ‘ਤੇ ਚੱਲਣ ਨਾਲ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਗੁਰੂ ਦੇ ਸ਼ਬਦ ਰਾਹੀਂ ਉਹ ਹਉਮੈ ਆਦਿ ਵਿਕਾਰਾਂ ਨੂੰ ਛੱਡ ਦਿੰਦਾ ਹੈ। ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਕਿ ਵਿਕਾਰਾਂ ਦੀ ਮੈਲ ਮਨ ਤੋਂ ਸਾਫ ਹੋ ਜਾਵੇ ਅਤੇ ਅਕਾਲ ਪੁਰਖ ਇਸ ਸੰਸਾਰ ਸਾਗਰ ਤੋਂ ਪਾਰ ਲੰਘਾ ਦੇਵੇ,
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥
ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ॥
ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ॥
ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ॥੩॥ (ਪੰਨਾ ੫੦੯)
ਅਗਲੇ ਸਲੋਕ ਨਾਲ ḔਮਹਲਾḔ ਨਹੀਂ ਲੱਗਿਆ ਹੋਇਆ ਪਰ ਭਗਤ ਕਬੀਰ ਜੀ ਦਾ ਸੰਬੋਧਨ ਹੈ। ਕਿਹਾ ਹੈ ਕਿ ਹੇ ਕਬੀਰ! ਮੁਕਤੀ ਦਾ ਦਰਵਾਜ਼ਾ ਬਹੁਤ ਹੀ ਸੁੰਗੜਿਆ ਹੋਇਆ ਹੈ, ਰਾਈ ਦਾ ਵੀ ਦਸਵਾਂ ਹਿੱਸਾ ਹੈ ਅਰਥਾਤ ਬਹੁਤ ਛੋਟਾ ਹੈ। ਇਸ ਵਿਚੋਂ ਕਿਵੇਂ ਨਿਕਲਿਆ ਜਾਵੇ। ਮਨ ਹਉਮੈ ਕਾਰਨ ਮਸਤ ਹਾਥੀ ਦੀ ਤਰ੍ਹਾਂ ਹੋ ਗਿਆ ਹੈ ਕਿਵੇਂ ਇਸ ਦਰਵਾਜ਼ੇ ਵਿਚੋਂ ਪਾਰ ਹੋਵੇਗਾ। ਜੇ ਅਜਿਹਾ ਸਤਿਗੁਰ ਮਿਲ ਜਾਵੇ ਜੋ ਖੁਸ਼ ਹੋ ਕੇ ਆਪਣੀ ਮਿਹਰ ਕਰੇ ਤਾਂ ਇਹ ਮੁਕਤੀ ਦਾ ਦਰਵਾਜ਼ਾ ਖੁਲ੍ਹ ਸਕਦਾ ਹੈ ਅਤੇ ਇਸ ਵਿਚੋਂ ਸਹਿਜ ਨਾਲ ਹੀ ਪਾਰ ਹੋਇਆ ਜਾ ਸਕਦਾ ਹੈ,
ਕਬੀਰ ਮੁਕਤਿ ਸੰਕੁੜਾ ਰਾਈ ਦਸਵੈ ਭਾਇ॥
ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉਕਰਿ ਜਾਇ॥
ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ॥
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ॥੧॥ (ਪੰਨਾ ੫੦੯)
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਇਸੇ ਦਾ ਉਤਰ ਦਿੰਦੇ ਹਨ ਕਿ ਮੁਕਤੀ ਦਾ ਦਰਵਾਜ਼ਾ ਬੇਹੱਦ ਛੋਟਾ ਹੈ ਅਤੇ ਬਹੁਤ ਛੋਟਾ ਹੋ ਕੇ ਹੀ ਇਸ ਵਿਚੋਂ ਲੰਘਿਆ ਜਾ ਸਕਦਾ ਹੈ। ਪਰ ਹਉਮੈ ਨਾਲ ਇਹ ਮਨ ਏਨਾ ਮੋਟਾ ਹੋ ਜਾਂਦਾ ਹੈ ਕਿ ਇਸ ਵਿਚੋਂ ਪਾਰ ਹੋਣਾ ਮੁਸ਼ਕਿਲ ਹੈ। ਜਦੋਂ ਮਨੁੱਖ ਸਤਿਗੁਰ ਨੂੰ ਮਿਲਦਾ ਹੈ ਤਾਂ ਮਨ ਤੋਂ ਹਉਮੈ ਆਦਿ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਅੰਦਰ ਗਿਆਨ ਦੀ ਜੋਤਿ ਜਗ ਪੈਂਦੀ ਹੈ, ਮਨ ਗਿਆਨ ਨਾਲ ਪ੍ਰਕਾਸ਼ਿਤ ਹੋ ਜਾਂਦਾ ਹੈ। ਫਿਰ ਇਹ ਜੀਵ ਸਦੀਵੀ ਤੌਰ ‘ਤੇ ਮੁਕਤ ਹੋ ਜਾਂਦਾ ਹੈ ਅਤੇ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ ਹੈ,
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾ੍ਹ ਹੋਇ ਸੁ ਜਾਇ॥
ਹਉਮੈ ਮਨੁ ਅਸਥੂਲੁ ਹੈ ਕਿਉਕਰਿ ਵਿਚੁਦੇ ਜਾਇ॥
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭੁ ਆਇ॥
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ॥੨॥ (ਪੰਨਾ ੫੦੯-੧੦)