ਕਸ਼ਮੀਰ ਵਿਚ ਨਸਲਕੁਸ਼ੀ: ਲਾਹਨਤ ਹੈ ਹਿੰਦੁਸਤਾਨ!

ਹਾਲ-ਏ-ਕਸ਼ਮੀਰ
ਜੰਮੂ ਕਸ਼ਮੀਰ ਨੂੰ ਆਖਰਕਾਰ ‘ਚੁਣੀ ਹੋਈ ਸਰਕਾਰ’ ਮਿਲ ਗਈ ਹੈ। ਜਿਹੜੀਆਂ ਧਿਰਾਂ ਪਹਿਲਾਂ ਇਕ-ਦੂਜੇ ਖਿਲਾਫ ਬਿਆਨ ਦਾਗ ਰਹੀਆਂ ਸਨ, ਹੁਣ ਸਾਂਝੀ ਸਰਕਾਰ ਲਈ ਸਹਿਮਤ ਹਨ। ਇਹ ਉਹੀ ਰਿਆਸਤ ਹੈ ਜਿਥੇ ਹਜ਼ਾਰਾਂ ਨੌਜਵਾਨ ਮਰ-ਖਪ ਗਏ ਤੇ ਹਜ਼ਾਰਾਂ ਹੋਰ ਲਾਪਤਾ ਹਨ। ਮਾਪੇ ਇਨ੍ਹਾਂ ਪੁੱਤਾਂ ਦੀ ਉਡੀਕ ਅੱਜ ਵੀ ਉਦਾਸ ਨੈਣਾਂ ਨਾਲ ਕਰ ਰਹੇ ਹਨ, ਪਰ ਪੁਕਾਰ ਸੁਣਨ ਵਾਲਾ ਕੋਈ ਨਹੀਂ।

ਐਤਕੀਂ 26 ਜਨਵਰੀ ਨੂੰ ਪ੍ਰਸਿੱਧ ਖੋਜੀ ਪੱਤਰਕਾਰ ਆਂਦਰੇ ਵਲਚੇਕ ਨੇ ਕਸ਼ਮੀਰੀ ਆਵਾਮ ਦਾ ਹਾਲ ਜਾਣਨ ਲਈ ਗੇੜਾ ਕੱਢਿਆ ਅਤੇ ਆਪਣੇ ਭਾਵ, ਲੰਮੇ ਲੇਖ ‘ਜੇਨੋਸਾਈਡ ਇਨ ਕਸ਼ਮੀਰ: ਇੰਡੀਆਜ਼ ਸ਼ੇਮ’ ਵਿਚ ਦਰਜ ਕੀਤੇ ਹਨ। ਇਸ ਲੇਖ ਵਿਚ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਪੇਸ਼ ਹੋਏ ਹਨ। ਦੋ ਕਿਸ਼ਤਾਂ ਵਿਚ ਛਾਪੇ ਜਾ ਰਹੇ ਇਸ ਲੇਖ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਰੂਸ ਵਿਚ 1963 ‘ਚ ਜੰਮਿਆ ਆਂਦਰੇ ਵਲਚੇਕ ਖੋਜੀ ਪੱਤਰਕਾਰ ਤੋਂ ਇਲਾਵਾ ਨਾਵਲਕਾਰ ਤੇ ਫਿਲਮਸਾਜ਼ ਵੀ ਹੈ। ਉਹ ਲੰਮਾ ਸਮਾਂ ਨਿਊ ਯਾਰਕ ਸ਼ਹਿਰ ਵਿਚ ਰਿਹਾ ਅਤੇ ਅੱਜ ਕੱਲ੍ਹ ਪੂਰਬੀ ਏਸ਼ੀਆ ਤੇ ਅਫਰੀਕਾ ਗਾਹ ਰਿਹਾ ਹੈ। -ਸੰਪਾਦਕ

ਆਂਦਰੇ ਵਲਚੇਕ
ਅਨੁਵਾਦ: ਬੂਟਾ ਸਿੰਘ

ਕਸ਼ਮੀਰ ਵਿਚ ਤੁਹਾਡਾ ਸਵਾਗਤ ਹੈ! ਕੜਾਕੇ ਦੀ ਠੰਢ ਵਾਲੀ ਰੁੱਤ। ਬਰਫ ਨਾਲ ਕੱਜੇ ਪਹਾੜ ਅਤੇ ਝੀਲਾਂ ਕੰਢੇ ਰੁੰਡ-ਮਰੁੰਡ ਰੁੱਖ ਸੂਰਜ ਚੜ੍ਹਨ ਵੇਲੇ ਉਦਾਸ, ਪਰ ਸ਼ਾਨ ਨਾਲ ਸਿਰ ਉਠਾਈ ਖੜ੍ਹੇ ਨਜ਼ਰ ਆਉਂਦੇ ਹਨ, ਐਨ ਰੰਗਾਂ ਨਾਲ ਚਿੱਤਰੀ ਮੁਕੰਮਲ ਚੀਨੀ ਤਸਵੀਰ ਵਰਗੇ।
ਤੁਹਾਡਾ ਸਵਾਗਤ ਕਰਦੀ ਹੈ ਹਿੰਦੁਸਤਾਨ ਦੇ ਸੱਤ ਲੱਖ ਜ਼ਬਰਦਸਤ ਸੁਰੱਖਿਆ ਕਰਮੀਆਂ ਦੀ ਲਿਤਾੜੀ ਕੌਮ। ਕੰਡੇਦਾਰ ਤਾਰਾਂ, ਫੌਜੀ ਦਸਤਿਆਂ, ਅਤੇ ‘ਸੁਰੱਖਿਆ ਦਸਤਿਆਂ ਦੀਆਂ ਤਲਾਸ਼ੀਆਂ’ ਦੀ ਲਗਾਤਾਰ ਮੌਜੂਦਗੀ। ਉਹ ਵਹਿਸ਼ਤ ਜਿਸ ਦੀ ਧਰਤੀ ਉਪਰ ਹੋਰ ਕਿਤੇ ਕਲਪਨਾ ਨਹੀਂ ਕੀਤੀ ਜਾ ਸਕਦੀ!
ਸਵਾਗਤ ਕਰਦੀ ਹੈ ਅਮਰੀਕਾ, ਇਜ਼ਰਾਈਲ ਅਤੇ ਹਿੰਦੁਸਤਾਨ ਵਲੋਂ ਸਾਂਝੀਆਂ ਫੌਜੀ ਮਸ਼ਕਾਂ ਦੀ ਦਰੜੀ ਧਰਤੀæææਕਸ਼ਮੀਰ! ਖ਼ੂਬਸੂਰਤ ਪਰ ਸਹਿਮਿਆ ਹੋਇਆ। ਮਾਣਮੱਤਾ, ਪਰ ਲਹੂ-ਲੁਹਾਣ ਅਤੇ ਬੁਰੀ ਤਰ੍ਹਾਂ ਟੁੱਟ ਚੁੱਕਾæææਅਜੇ ਵੀ ਡਟਿਆ ਹੋਇਆ, ਟੱਕਰ ਲੈ ਰਿਹਾ। ਮੁਕਤ ਅਤੇ ਆਜ਼ਾਦ, ਘੱਟੋ-ਘੱਟ ਦਿਲੋਂ!
***
ਚਾਰ ਜਵਾਕ ਸ੍ਰੀਨਗਰ ਵਿਚ ਵੱਡੀ ਮਸਜਿਦ ਲਾਗੇ ਖੜ੍ਹੇ ਹਨ। ਤਿੱਖੇ। ਕੁੱਦ ਪੈਣ, ਛੂਟ ਵੱਟਣ ਅਤੇ ਭਿੜਨ ਲਈ ਤਿਆਰ-ਬਰ-ਤਿਆਰ। ਲੋੜ ਪੈਣ ‘ਤੇ ਭੱਜ ਜਾਣ ਅਤੇ ਪਿੱਛੇ ਹਟ ਜਾਣ ਲਈ ਤਿਆਰ। ਇਹ ਸਭ ਹਾਲਾਤ ‘ਤੇ ਮੁਨੱਸਰ ਹੈ।
“ਉਹ ਸਾਡੀਆਂ ਮਾਂਵਾਂ-ਭੈਣਾਂ ਨਾਲ ਜਬਰ-ਜਨਾਹ ਕਰ ਰਹੇ ਨੇ!” ਇਕ ਮੁੰਡਾ ਚੀਕਦਾ ਹੈ। ਉਹ ਮੈਨੂੰ ਅੱਥਰੂ ਗੈਸ ਦੇ ਖਾਲੀ ਗੋਲੇ ਦਿਖਾਉਂਦੇ ਹਨ ਜੋ ਆਲਮ ਵਿਚ ਕਈ ਹੋਰ ਥਾਂਈਂ ਵਿਖਾਵਾਕਾਰੀਆਂ ਨੂੰ ਤਿਤਰ-ਬਿਤਰ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਗੋਲਿਆਂ ਵਰਗੇ ਹਨ। ਆਮ ਤੌਰ ‘ਤੇ ਇਹ ਹਵਾ ਵਿਚ ਸੁੱਟੇ ਜਾਂਦੇ ਹਨ, ਪਰ ਇਥੇ ਸੁਰੱਖਿਆ ਕਰਮੀ ਇਹ ਸਿੱਧੇ ਆਵਾਮ ਦੇ ਸਿਰਾਂ ‘ਤੇ ਸੁੱਟਦੇ ਹਨ- ਹੱਤਿਆ ਕਰਨ ਦੀ ਮਨਸ਼ਾ ਨਾਲ।
ਇਸ ਕਸ਼ਮੀਰੀ ਇੰਤਿਫਦਾ (ਬਗਾਵਤ) ਦੌਰਾਨ, ਇਸ ਬਗ਼ਾਵਤ ਨੂੰ ਕੁਚਲਣ ਲਈ ਪੁਲਿਸ, ਫੌਜ ਅਤੇ ਨੀਮ-ਫੌਜੀ ਦਸਤੇ ਗੁਲੇਲਾਂ, ਬੰਦੂਕਾਂ, ਅੱਥਰੂ ਗੈਸ ਦੇ ਗੋਲੇ; ਜੋ ਵੀ ਕੋਲ ਹੈ, ਇਸਤੇਮਾਲ ਕਰਦੇ ਹਨ।
ਇਹੀ ਨਹੀਂ, ਵੀਡੀਓ ਕੈਮਰੇ ਵੀ ਇਸਤੇਮਾਲ ਕੀਤੇ ਜਾਂਦੇ ਹਨ; ਪਥਰਾਓ ਕਰਨ ਵਾਲੇ ਵਿਖਾਵਾਕਾਰੀਆਂ ਦੀ ਫਿਲਮ ਬਣਾ ਲਈ ਜਾਂਦੀ ਹੈ, ਫਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ‘ਲਾਪਤਾ’ ਕਰ ਦਿੱਤਾ ਜਾਂਦਾ ਹੈ, ਤੇ ਕਦੇ ਤਾਂ ਉਨ੍ਹਾਂ ਨੂੰ ਤੋੜਨ ਲਈ ਵਹਿਸ਼ੀ ਤਸੀਹਿਆਂ ਦੇ ਢੰਗ ਅਜ਼ਮਾਏ ਜਾਂਦੇ ਹਨ।
ਇਸ ਮੁਹੱਲੇ ਦੇ ਮੁੰਡਿਆਂ ਨੂੰ ਆਮ ਹੀ ਫੜਿਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਘੱਟੋ-ਘੱਟ ਇਕ ਵਾਰ ਤਾਂ ਜ਼ਰੂਰ ਹੀ ਤਸ਼ੱਦਦ ਦਾ ਸ਼ਿਕਾਰ ਹੋਏ ਹਨ।
ਮੈਂ ਉਨ੍ਹਾਂ ਦੇ ਹੱਥਾਂ ਵਿਚ ਫੜੇ ਗੋਲਿਆਂ ਦੀਆਂ ਤਸਵੀਰਾਂ ਲੈ ਰਿਹਾ ਹਾਂ, ਹਮੇਸ਼ਾ ਕੈਮਰੇ ਨੂੰ ਉਨ੍ਹਾਂ ਦੇ ਚਿਹਰਿਆਂ ਤੋਂ ਦੂਰ ਰੱਖ ਕੇ। ਉਂਜ, ਜਵਾਕ ਹੁਣ ਤਸਵੀਰ ਖਿਚਵਾਉਣੀ ਚਾਹੁੰਦੇ ਹਨ: ਉਨ੍ਹਾਂ ਨੂੰ ਹੁਣ ਕੋਈ ਡਰ-ਭੈਅ ਨਹੀਂ ਹੈ।
ਇਹ ਵਿਅੰਗ ਹੀ ਹੈ ਕਿ ਅੱਜ 26 ਜਨਵਰੀ ਹੈ, ਹਿੰਦੁਸਤਾਨੀ ਗਣਤੰਤਰ ਦਿਹਾੜਾ।
“ਬਾਅਦ ਵਿਚ ਅਸੀਂ ਉਥੇ ਜਾਵਾਂਗੇ! ਉਨ੍ਹਾਂ ਨਾਲ ਦੋ-ਦੋ ਹੱਥ ਕਰਨ! ਸਾਡੇ ਨਾਲ ਚੱਲਿਓ!” ਉਹ ਅਰਬੀ ਲਫ਼ਜ਼ ਬੋਲਦੇ ਹਨ! ਆਪਣੀਆਂ ਉਂਗਲੀਆਂ ਉਪਰ ਅਸਮਾਨ ਵੱਲ ਕਰ ਕੇ। ਚਿਹਰਿਆਂ ‘ਤੇ ਮੁਸਕਾਨ ਲਿਆ ਕੇ, ਉਹ ਬਹਾਦਰ ਤੇ ਮਰਨ/ਸ਼ਹੀਦ ਹੋਣ ਲਈ ਤਿਆਰ ਹੋਣ ਦਾ ਵਿਖਾਵਾ ਕਰਦੇ ਹਨ, ਪਰ ਮੈਂ ਜਾਣਦਾ ਹਾਂ ਕਿ ਉਨ੍ਹਾਂ ਦੇ ਅੰਦਰ ਸਹਿਮ ਹੈ। ਬਹੁਤ ਸਾਲਾਂ ਤੋਂ ਮੇਰੀ ਇਹੀ ਹਾਲਤ ਹੈæææਮੈਂ ਭਾਂਪ ਸਕਦਾ ਹਾਂ ਕਿ ਉਹ ਕਿੰਨਾ ਸਹਿਮੇ ਹੋਏ ਹਨ।
ਉਹ ਚੰਗੇ ਬੱਚੇ ਹਨ। ਮਾਯੂਸ, ਸੰਕਟਗ੍ਰਸਤ ਪਰ ਚੰਗੇ। ਮੈਂ ਉਨ੍ਹਾਂ ਨਾਲ ਇਕਰਾਰ ਕਰਦਾ ਹਾਂ। ਮੈਂ ਆਵਾਂਗਾ। ਬਾਅਦ ਵਿਚ; ਹਮੇਸ਼ਾ ਵਾਂਗ, ਮੈਂ ਆਪਣਾ ਇਕਰਾਰ ਪੂਰਾ ਕਰਦਾ ਹਾਂ।
***
ਕੁਝ ਦਿਨ ਬਾਅਦ ਨਵੀਂ ਦਿੱਲੀ ਵਿਚ ਆਪਣੇ ਸੁਖਾਵੇਂ, ਪੁਰਾਣੀ ਤਰਜ਼ ਦੇ ਘਰ ਵਿਚ, ਹਿੰਦੁਸਤਾਨੀ-ਕਸ਼ਮੀਰੀ ਦਸਤਾਵੇਜ਼ੀ ਫਿਲਮਸਾਜ਼ ਸੰਜੇ ਕਾਕ, ਕਸ਼ਮੀਰ ਤੇ ਉਤਰ-ਪੂਰਬ, ਦੋਵਾਂ ਖਿੱਤਿਆਂ ਵਿਚ ਹਿੰਦੁਸਤਾਨੀ ਬਸਤੀਵਾਦ ਬਾਰੇ ਚਰਚਾ ਕਰਦਾ ਹੈ।
ਅਸੀਂ ਦੋਵੇਂ ਸਹਿਮਤ ਹਾਂ ਕਿ ਕੁਲ ਆਲਮ ਨੂੰ, ਕਸ਼ਮੀਰ ਦੇ ਕਬਜ਼ੇ ਦੇ ਖ਼ੌਫ਼ ਬਾਰੇ ਬਹੁਤ ਘੱਟ ਇਲਮ ਹੈ। ਉਤਰ-ਪੂਰਬ ਬਾਰੇ ਤਾਂ ਬਿਲਕੁਲ ਹੀ ਜਾਣਕਾਰੀ ਨਹੀਂ ਹੈ। ਹਿੰਦੁਸਤਾਨ ਅਤੇ ਪੱਛਮ ਦਾ ਜਨਤਕ ਮੀਡੀਆ ਇਸ ਦਾਬੇ, ਕਤਲੋਗ਼ਾਰਤ, ਤਸੀਹਿਆਂ ਅਤੇ ਜਬਰ-ਜਨਾਹਾਂ ਦੇ ਅਸਲ ਸੁਭਾਅ ਬਾਰੇ ਜਾਣਕਾਰੀ ਨੂੰ ਦਬਾਉਣ ਬਾਰੇ ਇਕਸੁਰ ਹੈ।
ਵਜ੍ਹਾ ਇਹ ਹੈ ਕਿ ਹਿੰਦੁਸਤਾਨ ਨੇ ‘ਬਰਿੱਕਸ’ ਨਾਲ ਦਗ਼ਾ ਕਮਾਇਆ ਹੈ ਅਤੇ ਇਹ ਫੌਜੀ ਸੰਧੀਆਂ ‘ਤੇ ਸਹੀ ਪਾਉਂਦਿਆਂ ਖੁੱਲ੍ਹੀ ਮੰਡੀ ਦਾ ਜਾਪ ਕਰਦੇ ਹੋਏ ਅਮਰੀਕੀ ਸਲਤਨਤ ਅਤੇ ਪੱਛਮ ਦੇ ਹੋਰ ਨੇੜੇ ਸਰਕਦਾ ਗਿਆ ਹੈ। ਹੁਣ ਇਹ ‘ਖ਼ਾਸ ਰੁਤਬੇ’ ਉਪਰ ਮਾਣ ਕਰ ਸਕਦਾ ਹੈ, ਇੰਡੋਨੇਸ਼ੀਆ ਵਾਂਗ। ਇਸ ਦੀ ਹਕੀਕਤ ਕੁਝ ਵੀ ਹੋਵੇ, ਇਹ ਸਹਿਜੇ ਹੀ ਇਸ ਨੂੰ ਹਜ਼ਮ ਹੋ ਜਾਵੇਗਾ! ਸੰਜੇ ਕਾਕ ਇਹ ਵੀ ਕਹਿੰਦਾ ਹੈ ਕਿ ਅੱਜ ਕੱਲ੍ਹ “ਦੁੱਖਾਂ ਦੀ ਆਲਮੀ ਮੰਡੀ ਵਿਚ ਮੁਕਾਬਲਾ ਸਖ਼ਤ ਹੋ ਗਿਆ ਹੈ।”
ਮੇਰੇ ਵਲੋਂ ਕਸ਼ਮੀਰ ਵਿਚ ਹਿੰਦੁਸਤਾਨ ਦੀਆਂ ਫੌਜੀ ਮੁਹਿੰਮਾਂ ਅਤੇ ਇਸ ਦੇ ਨਾਲ ਹੀ ਹਿੰਦੁਸਤਾਨੀ ਪੁਲਿਸ ਤੇ ਕਸ਼ਮੀਰ ਵਿਚ ਲਗਾਏ ਫੌਜੀ ਅਫ਼ਸਰਾਂ ਨੂੰ ਸਿਖਲਾਈ ਦੇਣ ਵਿਚ ਅਮਰੀਕਾ ਤੇ ਇਜ਼ਰਾਈਲ ਦੇ ਸ਼ਾਮਲ ਹੋਣ ਦਾ ਜ਼ਿਕਰ ਕਰਨ ‘ਤੇ ਸੰਜੇ ਕਾਕ ਜਵਾਬ ਦਿੰਦਾ ਹੈ, “ਜਿੱਥੋਂ ਤਾਈਂ ਵਹਿਸ਼ਤ ਦਾ ਸਵਾਲ ਹੈ, ਇਸ ਪੱਖੋਂ ਤਾਂ ਦਰਅਸਲ ਹਿੰਦੁਸਤਾਨੀ ਪੁਲਿਸ-ਫੌਜ ਇਜ਼ਰਾਈਲ ਤੇ ਅਮਰੀਕਾ- ਦੋਵਾਂ ਨੂੰ ਕਈ ਚੀਜ਼ਾਂ ਸਿਖਾ ਸਕਦੀ ਹੈ।”
ਸੰਜੇ ਕਾਕ ਦੀ ਮਿੱਤਰ, ਲੇਖਕਾ ਤੇ ਮਨੁੱਖੀ ਅਧਿਕਾਰ ਕਾਰਕੁਨ ਅਰੁੰਧਤੀ ਰਾਏ ਨੇ ਮਾਰਚ 2013 ਵਿਚ ‘ਡੈਮੋਕਰੇਸੀ ਨਾਓ’ ਉਪਰ ਚਰਚਾ ਵਿਚ ਖ਼ੁਲਾਸਾ ਕੀਤਾ ਸੀ, “ਅੱਜ ਕਸ਼ਮੀਰ ਦੁਨੀਆਂ ਵਿਚ ਸਭ ਤੋਂ ਵੱਧ ਫੌਜੀ ਤਾਇਨਾਤੀ ਵਾਲਾ ਖੇਤਰ ਹੈ। ਹਿੰਦੁਸਤਾਨ ਨੇ ਇਥੇ 7 ਲੱਖ ਤੋਂ ਉਪਰ ਸੁਰੱਖਿਆ ਕਰਮੀ ਲਗਾਏ ਹੋਏ ਹਨ; ਤੇ 90ਵਿਆਂ ਦੇ ਸ਼ੁਰੂ ‘ਚ ਲੜਾਈ, ਹਥਿਆਰਬੰਦ ਸੰਘਰਸ਼ ਵਿਚ ਬਦਲ ਗਈ, ਤੇ ਉਦੋਂ ਤੋਂ ਲੈ ਕੇ 70 ਹਜ਼ਾਰ ਤੋਂ ਉਪਰ ਲੋਕ ਮਾਰੇ ਗਏ, ਸ਼ਾਇਦ ਇਕ ਲੱਖ ਤੋਂ ਵੱਧ ਨੂੰ ਤਸੀਹੇ ਦਿੱਤੇ ਗਏ, 8 ਹਜ਼ਾਰ ਤੋਂ ਉਪਰ ਲਾਪਤਾ ਕਰ ਦਿੱਤੇ ਗਏ। ਮੇਰੇ ਕਹਿਣ ਦਾ ਭਾਵ, ਅਸੀਂ ਚਿੱਲੀ, ਪਿਨੋਚੇ ਬਾਰੇ ਤਾਂ ਬਥੇਰੀ ਚਰਚਾ ਕਰਦੇ ਹਾਂ, ਪਰ ਇਥੇ ਤਾਦਾਦ ਉਸ ਤੋਂ ਕਿਤੇ ਵਧੇਰੇ ਹੈ।”
***
ਖ਼ੁਦ ਕਸ਼ਮੀਰ ਵਿਚ ਮੈਂ ‘ਜੰਮੂ ਐਂਡ ਕਸ਼ਮੀਰ ਕੁਲੀਸ਼ਨ ਆਫ ਸਿਵਲ ਸੁਸਾਇਟੀ’ (ਜੇæਕੇæਸੀæਸੀæਐਸ਼) ਨਾਲ ਮਿਲ ਕੇ ਕੰਮ ਕਰ ਰਿਹਾ ਹਾਂ। ਇਸ ਦੇ ਪ੍ਰਧਾਨ ਪਰਵੇਜ਼ ਇਮਰੋਜ਼ ਤੇ ਮਨੁੱਖੀ ਅਧਿਕਾਰਾਂ ਬਾਰੇ ਖੋਜਕਾਰ ਪਰਵੇਜ਼ ਮਾਟਾ ਨਾਲ ਮਿਲ ਕੇ। ਦੋਵੇਂ ਮੇਰੇ ਵਧੀਆ ਮਿੱਤਰ ਬਣ ਗਏ ਹਨ। ਦਰਅਸਲ ਇਸ ਸੁਸਾਇਟੀ ਦਾ ਮੰਨਣਾ ਹੈ ਕਿ 90ਵਿਆਂ ਤੋਂ ਲੈ ਕੇ ਕਸ਼ਮੀਰ ਵਿਚ 70 ਹਜ਼ਾਰ ਤੋਂ ਉਪਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜ਼ਿਆਦਾਤਰ ਆਮ ਸ਼ਹਿਰੀਆਂ ਦੀਆਂ। ਜੋ ਕਸ਼ਮੀਰ ਵਿਚ ਹੋ ਰਿਹਾ ਹੈ, ਉਸ ਨੂੰ ਇਹ ਸੰਸਥਾ ਸ਼ਰੇਆਮ ਨਸਲਕੁਸ਼ੀ ਕਰਾਰ ਦਿੰਦੀ ਹੈ।
ਪਰਵੇਜ਼ ਇਮਰੋਜ਼ ਨੇ ਲਿਖਿਆ ਹੈ, “1989 ਤੋਂ ਹੀ ਫੌਜ ਜੰਗੀ ਜੁਰਮ ਕਰਦੀ ਆ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਕਾਨੂੰਨੀ ਖੁੱਲ੍ਹ-ਖੇਡ ਦਿੱਤੀ ਗਈ ਹੈ ਅਤੇ ਸ਼ਾਇਦ ਹੀ ਕਦੇ ਕਿਸੇ ਫੌਜੀ ਨੂੰ ਇਨਸਾਨੀਅਤ ਦੇ ਖਿਲਾਫ ਜੁਰਮਾਂ ਬਦਲੇ ਸਜ਼ਾ ਮਿਲੀ ਹੋਵੇ। ਜੰਮੂ ਕਸ਼ਮੀਰ ਦੇ ਫੌਜੀਕਰਨ ਨੇ ਜ਼ਿੰਦਗੀ ਦੇ ਹਰ ਪਹਿਲੂ ‘ਤੇ ਅਸਰ ਪਾਇਆ ਹੈ ਅਤੇ ਮੰਦੇ ਭਾਗਾਂ ਨੂੰ ਕੁਝ ਮਿਸਾਲਾਂ ਨੂੰ ਛੱਡ ਕੇ, ਹਿੰਦੁਸਤਾਨੀ ਮੀਡੀਆ ਅਤੇ ਸਿਵਲ ਸੁਸਾਇਟੀ ਵੀ ਫੌਜ ਨੂੰ ਸਿਆਸੀ ਤੇ ਇਖ਼ਲਾਕੀ ਖੁੱਲ੍ਹ-ਖੇਡ ਦਿੰਦੇ ਆਏ ਹਨ ਜਿਸ ਬਾਰੇ ਇਨ੍ਹਾਂ ਦਾ ਵਿਸ਼ਵਾਸ ਹੈ ਕਿ ਫੌਜ ਸਰਹੱਦ ਪਾਰਲੇ ਦਹਿਸ਼ਤਵਾਦ ਨਾਲ ਲੜ ਰਹੀ ਹੈ। ਹਿੰਦੁਸਤਾਨੀ ਅਤੇ ਕੌਮਾਂਤਰੀ ਮੀਡੀਆ, ਗਿਣ-ਮਿਥ ਕੇ ਲਾਪਤਾ ਕਰ ਦੇਣ ਦੇ ਮਾਮਲਿਆਂ, ਵਸੀਹ ਪੈਮਾਨੇ ‘ਤੇ ਕਬਰਾਂ, ਤਸੀਹਿਆਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਦਾ ਆ ਰਿਹਾ ਹੈ।æææ ਜੰਮੂ ਕਸ਼ਮੀਰ ਦੇ ਸੰਘਰਸ਼ ਨੂੰ ਕੁਚਲਣ ਲਈ, ਹਿੰਦੁਸਤਾਨੀ ਹਕੂਮਤ ਨੇ ਗਿਣੇ-ਮਿਥੇ ਅਤੇ ਸੰਸਥਾਗਤ ਦਮਨ ਦਾ ਢੰਗ ਅਖ਼ਤਿਆਰ ਕੀਤਾ ਹੈ। ਹਥਿਆਰਬੰਦ ਸੰਘਰਸ਼ ਨੂੰ ਬੇਅਸਰ ਬਣਾਉਣ ਅਤੇ ਜੰਮੂ ਕਸ਼ਮੀਰ ਦੇ ਆਵਾਮ ਨੂੰ ਕਾਬੂ ਕਰਨ ਲਈ 7 ਲੱਖ ਤੋਂ ਉਪਰ ਹਥਿਆਰਬੰਦ ਕਰਮੀ ਲਗਾਏ ਹੋਏ ਹਨ। ਇਹ ਆਵਾਮ ਉਹ ਸਵੈ-ਨਿਰਣਾ ਚਾਹੁੰਦੇ ਹਨ ਜਿਸ ਦਾ ਵਾਅਦਾ ਹਿੰਦੁਸਤਾਨੀ ਹਕੂਮਤ ਨੇ 1948 ਅਤੇ 1949 ਦੇ ਮਤਿਆਂ ਵਿਚ ਸੰਯੁਕਤ ਰਾਸ਼ਟਰ ਵਿਚ ਕੀਤਾ ਸੀ। ਹਿੰਦੁਸਤਾਨੀ ਸਟੇਟ ਵਲੋਂ ਜਬਰ ਬਾਕਾਇਦਾ ਨੀਤੀ ਦਾ ਹਿੱਸਾ ਹੈ। ਇੱਥੋਂ ਤਕ ਕਿ ਨਿਆਂ ਪ੍ਰਬੰਧ ਵੀ ਸਟੇਟ ਦੇ ਅੰਗ ਵਜੋਂ ਹਕੂਮਤ ਦੇ ਮੁਫ਼ਾਦ ਲਈ ਕੰਮ ਕਰ ਰਿਹਾ ਹੈ, ਜੰਮੂ ਕਸ਼ਮੀਰ ਦੇ ਆਵਾਮ ਦੇ ਹਿੱਤ ਲਈ ਨਹੀਂ।æææਕੌਮਾਂਤਰੀ ਸੰਸਥਾਵਾਂ, ਖ਼ਾਸ ਕਰ ਕੇ ਪੱਛਮੀ ਸਿਵਲ ਸੁਸਾਇਟੀ ਤੇ ਹਕੂਮਤਾਂ 9/11 ਪਿੱਛੋਂ ਅਤੇ ਇਸਲਾਮ ਹਊਏ ਤੇ ਹੋਰ ਹਿੱਤਾਂ ਕਾਰਨ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਲਗਾਤਾਰ ਅੱਖੋਂ-ਪਰੋਖੇ ਕਰ ਰਹੇ ਹਨ।”
***
ਕਸ਼ਮੀਰ ਵਿਚ ਮੈਂ ਜਿਥੇ ਵੀ ਗਿਆ, ਜਿੱਧਰ ਵੀ ਸਫ਼ਰ ਕੀਤਾ, ਹਰ ਪਾਸੇ ਕਬਜ਼ੇ ਦੀਆਂ ਲਗਾਤਾਰ, ਜ਼ਬਰਦਸਤ ਨਿਸ਼ਾਨੀਆਂ ਨਜ਼ਰ ਆਉਂਦੀਆਂ ਰਹੀਆਂ। ਤਕਰੀਬਨ ਹਰ ਥਾਂ ਫੌਜ, ਪੁਲਿਸ ਅਤੇ ਨੀਮ-ਫੌਜੀ ਕਰਮੀਆਂ ਦੀ ਅਜੀਬ ਮੌਜੂਦਗੀ ਤੋਂ ਲੈ ਕੇ ਵਿਆਪਕ ਕਬਰਾਂ ਤਕ। ਹਰ ਵੱਡੀ ਸੜਕ ਦੇ ਨਾਲ-ਨਾਲ ਫੌਜ ਦੀਆਂ ਬੈਰਕਾਂ ਦੀਆਂ ਕਤਾਰਾਂ ਹਨ। ਸਾਰੀਆਂ ਹੀ ਵੱਡੀਆਂ-ਨਿੱਕੀਆਂ ਸੜਕਾਂ ਉਪਰ ਫੌਜ ਤੇ ਪੁਲਿਸ ਦੇ ਟਰੱਕ ਦਗੜ-ਦਗੜ ਕਰਦੇ ਫਿਰਦੇ ਹਨ। ਥਾਂ-ਥਾਂ ਬੇਸ਼ੁਮਾਰ ਨਾਕੇ ਅਤੇ ਤਲਾਸ਼ੀ ਕੇਂਦਰ ਬਣੇ ਹੋਏ ਹਨ।
ਨਿਰੀ ਸਿੱਧੀ ਤੇ ਵਹਿਸ਼ੀ ਤਾਕਤ ਹੀ ਕਸ਼ਮੀਰ ਵਿਚ ਖੂਨ-ਖਰਾਬਾ ਅਤੇ ਤਬਾਹੀ ਨਹੀਂ ਕਰ ਰਹੀ। ਪਰਵੇਜ਼ ਮਾਟਾ ਖੁਲਾਸਾ ਕਰਦਾ ਹੈ ਕਿ ਇਹ ਅਥਾਹ ਹਿੰਦੁਸਤਾਨੀ ਸੁਰੱਖਿਆ ਕਰਮੀ ਮੁਕਾਮੀ (ਸਥਾਨਕ) ਸਮਾਜ ‘ਚ ਘੁਸਪੈਠ ਕਰਨ ਤੇ ਪਾਟਕ ਪਾਉਣ ‘ਚ ਕਾਮਯਾਬ ਹੋ ਗਈਆਂ ਹਨ। ਜਾਸੂਸਾਂ ਤੇ ਮੁਖਬਰਾਂ ਨੇ ਘੁਸਪੈਠ ਕਰ ਲਈ ਹੈ। ਜੰਗਜੂ ਯੋਧਿਆਂ ਨੂੰ ਮੁਖਬਰ ਕਹਿ ਕੇ ਬਦਨਾਮ ਕੀਤਾ ਗਿਆ। ਟਾਕਰਾ ਤਹਿਰੀਕ ਖੇਰੂੰ-ਖੇਰੂੰ ਤੇ ਫੁੱਟ ਦਾ ਸ਼ਿਕਾਰ ਹੋ ਗਈ ਹੈ, ਇਵੇਂ ਹੀ ਮੁਕਾਮੀ ਭਾਈਚਾਰਿਆਂ ਤੇ ਪਰਿਵਾਰਾਂ ਵਿਚ ਹੋਇਆ।
ਘੋਰ ਅਸੁਰੱਖਿਆ ਦਾ ਬੋਲਬਾਲਾ ਹੈ। ਪਹਿਲਾਂ ਜਿਨ੍ਹਾਂ ਅਖੌਤੀ ਖਾੜਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਫ਼ੋਨ ਕਰ ਕੇ ਤਫ਼ਤੀਸ਼ੀ ਅਧਿਕਾਰੀ ਧਮਕਾਉਂਦੇ ਹਨ, “ਛੇਤੀ ਹੀ ਅਸੀਂ ਤੇਰੀ ਭੈਣ ਨੂੰ ਚੁੱਕਾਂਗੇ।”
ਇਥੇ ਤਸੀਹਿਆਂ ਦੀ ਵਹਿਸ਼ਤ ਕਿਸੇ ਹਿਸਾਬ ਨਾਲ ਵੀ ਕਲਪਨਾ ਤੋਂ ਬਾਹਰੀ ਹੈ। ਮੈਂ ਕੁੱਲ ਆਲਮ ਵਿਚ ਬੇਸ਼ੁਮਾਰ ਯੁੱਧ ਖੇਤਰਾਂ ਦੀ ਪਤਾ ਨਹੀਂ ਕਿੰਨੀ ਵਾਰ ਛਾਣ-ਬੀਣ ਤੇ ਰਿਪੋਰਟ ਕੀਤੀ ਹੈ, ਮੇਰਾ ਵਾਹ ਲੂੰ-ਕੰਡੇ ਖੜ੍ਹੇ ਕਰਨ ਵਾਲੀ ਵਹਿਸ਼ਤ ਨਾਲ ਪੈਂਦਾ ਰਿਹਾ ਹੈ, ਪਰ ਕਸ਼ਮੀਰ ਵਿਚ ਮੈਨੂੰ ਜੋ ਪਤਾ ਲੱਗਾ, ਉਹ ਭਿਆਨਕ ਤੋਂ ਭਿਆਨਕ ਵਹਿਸ਼ਤ ਨੂੰ ਵੀ ਮਾਤ ਦਿੰਦਾ ਹੈ।
ਆਧੁਨਿਕ ਇਤਿਹਾਸ ਵਿਚ ਕਸ਼ਮੀਰ ਅੰਦਰ ਹਿੰਦੁਸਤਾਨੀ ਸੁਰੱਖਿਆ ਬਲਾਂ ਦੀ ਬੇਰਹਿਮੀ ਦਾ ਮੁਕਾਬਲਾ ਸਿਰਫ 1965 ਵਿਚ ਇੰਡੋਨੇਸ਼ੀਆ ਵਿਚ ਢਾਹੇ ਗਏ ਜ਼ੁਲਮਾਂ ਅਤੇ ਪੂਰਬੀ ਤਿਮੋਰ ਵਿਚ ਇਸ ਵਲੋਂ ਕੀਤੀ ਗਈ ਨਸਲਕੁਸ਼ੀ, ਇਸੇ ਤਰ੍ਹਾਂ ਪਾਪੂਆ ਵਿਚ ਨਸਲਕੁਸ਼ੀ ਜਾਂ ਕਾਂਗੋ ਦੇ ਜਮਹੂਰੀ ਗਣਰਾਜ ਵਿਚ ਰਵਾਂਡਾ ਅਤੇ ਯੁਗਾਂਡਾ ਦੇ ਬਲਾਂ ਦੀ ਵਹਿਸ਼ਤ ਨਾਲ ਕੀਤਾ ਜਾ ਸਕਦਾ ਹੈ; ਜਾਂ ਫਿਰ ਖੁਦ ਅਮਰੀਕੀ ਸਲਤਨਤ ਵਲੋਂ ਹਿੰਦ-ਚੀਨ ਵਿਚ ਸਿੱਧੀ ਕਤਲੋਗ਼ਾਰਤ ਨਾਲ।
ਇਹ ਹੈਰਤ-ਅੰਗੇਜ਼ ਨਹੀਂ ਕਿ ਹਿੰਦੁਸਤਾਨ ਅਤੇ ਇੰਡੋਨੇਸ਼ੀਆ-ਦੋਵੇਂ ਪੱਛਮ ਦੇ ਗਾਹਕ ਸਟੇਟ ਹਨ ਜਿਨ੍ਹਾਂ ਨੂੰ ‘ਜਮਹੂਰੀਅਤ’ ਅਤੇ ‘ਸਹਿਣਸ਼ੀਲਤਾ’ ਦੀਆਂ ਮਿਸਾਲਾਂ ਦੱਸਿਆ ਜਾਂਦਾ ਹੈ।
***
“ਹਿੰਦੁਸਤਾਨ ਅੰਨਾ, ਧੌਂਸਬਾਜ਼ ਅਤੇ ਦਰਿੰਦਾ ਹੈ”, ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਪਰਵੇਜ਼ ਇਮਰੋਜ਼ ਦੇ ਘਰ ਮੈਨੂੰ ਦੱਸਿਆ ਜਾਂਦਾ ਹੈ।
ਪੂਰੀ ਤਰ੍ਹਾਂ ਰਵਾਇਤੀ ਕਸ਼ਮੀਰੀ ਰਿਵਾਜ ਮੁਤਾਬਕ ਬਹੁਤ ਸਾਰੇ ਲੋਕ ਫੈਰਨ ਹੇਠ ਪੁਰਾਣੇ ਜ਼ਮਾਨੇ ਦੀਆਂ ਨਿੱਘ ਦੇਣ ਵਾਲੀਆਂ ਕਾਂਗੜੀਆਂ ਟਿਕਾਈ ਭੁੰਜੇ ਲੱਤਾਂ ਪਸਾਰੀ ਬੈਠੇ ਹਨ। ਅਸੀਂ ਚਾਹ ਪੀ ਰਹੇ ਹਾਂ। ਜਿੱਥੋਂ ਤਾਈਂ ਇਸ ਬੈਠਕ ਦਾ ਸਵਾਲ ਹੈ, ਮੈਂ ਮਹਿਜ਼ ਇਸ ਲੇਖ ਵਿਚ ਜ਼ਿਕਰ ਕੀਤੇ ਜੇæਕੇæਸੀæਸੀæਐਸ਼ ਦੇ ਦੋ ਜਣਿਆਂ ਨੂੰ ਹੀ ਅਸਲ ਨਾਂਵਾਂ ਤੋਂ ਜਾਣਦਾ ਹਾਂ। ਬਾਕੀ ਦੇ ਇਸ ਲਤਾੜੀ ਹੋਈ ਧਰਤੀ ਦੀ ਤਰਫੋਂ ਕੰਮ ਕਰ ਰਹੇ ਹਨ, ਪਰ ਜੇ ਉਹ ਆਪਣੀ ਪਛਾਣ ਨਸ਼ਰ ਕਰਦੇ ਤਾਂ ਕੌਮਾਂਤਰੀ ਸੰਸਥਾਵਾਂ ਅਤੇ ਪ੍ਰੈਸ ਏਜੰਸੀਆਂ ਵਿਚ ਉਨ੍ਹਾਂ ਨੂੰ ਆਪਣੀਆਂ ਪੁਜੀਸ਼ਨਾਂ ਨਾਲ ਸਮਝੌਤਾ ਕਰਨਾ ਪੈਣਾ ਸੀ।
ਉਨ੍ਹਾਂ ਸਾਰਿਆਂ ਨੇ ਰਾਹਨੁਮਾਈ ਕਰ ਕੇ, ਹਾਲਾਤ ਬਿਆਨ ਕੇ, ਸੰਪਰਕ ਤੇ ਜਾਣਕਾਰੀ ਦੇ ਕੇ ਮੇਰੀ ਮਦਦ ਕੀਤੀ। ਉਹ ਆਪਣੀ ਪਛਾਣ ਨਾ ਦੱਸੇ ਜਾਣ ਦੀ ਸ਼ਰਤ ‘ਤੇ ਗੱਲ ਕਰਨ ਦੇ ਚਾਹਵਾਨ ਸਨ, ਤੇ ਇਹ ਸਾਫ ਸੀ ਕਿ ਉਨ੍ਹਾਂ ਦੇ ਦਿਲ ਤੇ ਵਫ਼ਾਦਾਰੀਆਂ ਕਿਸ ਧਿਰ ਨਾਲ ਸਨ, “ਜਦੋਂ ਫ਼ਲਸਤੀਨ ਦਾ ਸਵਾਲ ਆਉਂਦਾ ਹੈ ਤਾਂ ਹਿੰਦੁਸਤਾਨੀ ਬਹੁਤ ਇਖ਼ਲਾਕ ਪ੍ਰੇਮੀ ਹੁੰਦੇ ਹਨæææਹਾਲਾਂਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹਿੰਦੁਸਤਾਨ ਨੂੰ ਪੱਛਮ ਦੇ ਵਧੇਰੇ ਤੋਂ ਵਧੇਰੇ ਨੇੜੇ ਲੈ ਜਾਣ ਨਾਲ ਇਹ ਵੀ ਬਦਲ ਰਿਹਾ ਹੈ। ਅਮਰੀਕਾ ਅਤੇ ਇਜ਼ਰਾਈਲ ਇਥੇ ‘ਦਹਿਸ਼ਤਵਾਦ ਵਿਰੋਧੀ ਸਿਖਲਾਈ’ ਵਿਚ ਸ਼ਾਮਲ ਹਨ। ਬੇਸ਼ੁਮਾਰ ਫੌਜੀ ਤੇ ਪੁਲਿਸ ਅਫ਼ਸਰ ਅਮਰੀਕਾ, ਯੂਰਪੀ ਯੂਨੀਅਨ ਅਤੇ ਇਜ਼ਰਾਈਲ ਵਿਚ ਸਿਖਲਾਈ ਲੈ ਰਹੇ ਹਨ। ਪੁਲਿਸ ਅਧਿਕਾਰੀ ਵਿਦੇਸ਼ ਜਾ ਰਹੇ ਹਨ। ਹਿੰਦੁਸਤਾਨੀ ਫੌਜ, ਅਮਰੀਕੀ ਅਤੇ ਇਜ਼ਰਾਈਲੀ ਤਾਕਤਾਂ ਮਿਲ ਕੇ ਬਾਕਾਇਦਾ ਜੰਗੀ ਅਭਿਆਸ ਕਰ ਰਹੀਆਂ ਹਨ, ਮੁੱਖ ਤੌਰ ‘ਤੇ ਪਾਕਿਸਤਾਨ ਲਾਗੇ ਲੱਦਾਖ਼ ਦੇ ਇਲਾਕੇ ਵਿਚ।”
“ਦਰਅਸਲ ਲੱਦਾਖ਼ ਇਜ਼ਰਾਈਲੀਆਂ ਵਿਚ ਬੜਾ ਹਰਮਨਪਿਆਰਾ ਹੈ। ਹਰ ਸਾਲ 20 ਤੋਂ 30 ਹਜ਼ਾਰ ਇਜ਼ਰਾਈਲੀ ਸੈਲਾਨੀਆਂ ਵਜੋਂ ਜਾਂ ਹੋਰ ਦੂਹਰੀ ਹੈਸੀਅਤ ਵਿਚ ਇਥੇ ਆਉਂਦੇ ਹਨ।”
“ਇਜ਼ਰਾਈਲੀ ਬਸਤੀਆਂ ਦੇ ਖ਼ਿਆਲ ਤੇ ਢੰਗ ਇਥੇ ਵਸੀਹ ਪੈਮਾਨੇ ‘ਤੇ ਇਸਤੇਮਾਲ ਕੀਤੇ ਜਾਂਦੇ ਹਨ ਪਰ ਇਥੇ ਉਨ੍ਹਾਂ ਨੂੰ ‘ਹੋਰ ਮਾਂਜਿਆ-ਸੰਵਾਰਿਆ’ ਜਾਂਦਾ ਹੈ। ਹਿੰਦੁਸਤਾਨੀ ਸਟੇਟ ਨਸਲੀ ਭੇਦਭਾਵ ਦੀਆਂ ਇਜ਼ਰਾਈਲੀ ਨੀਤੀਆਂ ਨੂੰ ਚਾਰ ਚੰਨ ਲਾ ਰਿਹਾ ਹੈ।”
ਇਥੇ ਹਰ ਕੋਈ ਸਹਿਮਤ ਹੈ ਕਿ ਕਸ਼ਮੀਰ ਵਿਚ ਵਹਿਸ਼ਤ ਫਲਸਤੀਨ ਤੋਂ ਕਿਤੇ ਜ਼ਿਆਦਾ ਹੈ, “ਇਜ਼ਰਾਈਲੀ ਤਾਕਤਾਂ ਦੀ ਵਹਿਸ਼ਤ ਲੁਕੀ-ਛਿਪੀ ਨਹੀਂ, ਸ਼ਰੇਆਮ ਹੈ। ਫ਼ਲਸਤੀਨੀ ਆਵਾਮ ਖਿਲਾਫ ਹਰ ਕਾਰਵਾਈ ਲਿਖਤੀ ਰਿਕਾਰਡ ‘ਚ ਦਰਜ ਹੁੰਦੀ ਹੈ। ਵਿਦੇਸ਼ਾਂ ‘ਚੋਂ, ਤੇ ਮੁਲਕ ਦੇ ਅੰਦਰੋਂ ਵੀ ਇਜ਼ਰਾਈਲੀ ਕਾਰਵਾਈਆਂ ਦੀ ਲਗਾਤਾਰ ਨੁਕਤਾਚੀਨੀ ਹੁੰਦੀ ਰਹਿੰਦੀ ਹੈ। ਮੁਲਕਾਂ ਦੇ ਵੱਡੇ ਗੁੱਟ, ਇੱਥੋਂ ਤਕ ਕਿ ਯੂਰਪੀ ਯੂਨੀਅਨ ਵੀ, ਫ਼ਲਸਤੀਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਹਨ; ਕਸ਼ਮੀਰ ਦਾ ਮਾਮਲਾ ਵੱਖਰਾ ਹੈ: ਸਾਡੀ ਬਗਾਵਤ ਦੀ ਬਾਕੀ ਆਲਮ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਡੇ ਘੱਟੋ-ਘੱਟ 80,000 ਲੋਕ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਲੱਖਾਂ ਦੇ ਹਿਸਾਬ ਲੋਕਾਂ ਨੂੰ ਤਸੀਹੇ ਦਿੱਤੇ ਗਏ ਹਨ ਪਰ ਇਸ ਬਾਰੇ ਵਿਦੇਸ਼ਾਂ ਨੇ ਤਕਰੀਬਨ ਮੁਕੰਮਲ ਖ਼ਾਮੋਸ਼ੀ ਧਾਰੀ ਹੋਈ ਹੈ।”
ਫ਼ਲਸਤੀਨ ਤੇ ਕਸ਼ਮੀਰੀ ਟਾਕਰੇ ਅਤੇ ਉਨ੍ਹਾਂ ਦੇ ਆਜ਼ਾਦੀ ਤੇ ਵੱਖਰੀ ਰਿਆਸਤ ਦੇ ਨਿਸ਼ਾਨੇ ਦਰਮਿਆਨ ਉਘੜਵੀਆਂ ਸਮਾਨਤਾਵਾਂ ਹਨ। ਨਵੀਂ ਦਿੱਲੀ ਤੋਂ ਮੇਰੇ ਮਿੱਤਰ ਸੰਜੇ ਕਾਕ ਦੀਆਂ ਬਣਾਈਆਂ ਬਹੁਤ ਹੀ ਮਸ਼ਹੂਰ ਫਿਲਮਾਂ ਵਿਚੋਂ ਇਕ ਦਾ ਨਾਂ ਹੈ ‘ਜਸ਼ਨ-ਏ-ਆਜ਼ਾਦੀ: ਅਸੀਂ ਆਪਣੀ ਆਜ਼ਾਦੀ ਦੇ ਜਸ਼ਨ ਕਿਵੇਂ ਮਨਾਉਂਦੇ ਹਾਂ’, ਅਤੇ ਇਹ ਐਨ ਵਿਸ਼ੇ ਦੇ ਮੁਤਾਬਿਕ ਹੈ। ਸੰਜੇ ਨੇ ਕਿਤਾਬ ਦਾ ਸੰਪਾਦਨ ਵੀ ਕੀਤਾ: ਜਦੋਂ ਤਕ ਮੈਨੂੰ ਮੇਰੀ ਆਜ਼ਾਦੀ ਨਹੀਂ ਮਿਲਦੀ- ਕਸ਼ਮੀਰ ਵਿਚ ਨਵਾਂ ਇੰਤਿਫਦਾ (2011)।
***
ਕੁਪਵਾੜਾ। ਪਹਾੜੀ ਉਪਰ ਕਬਰਾਂ ਹੀ ਕਬਰਾਂ ਨਜ਼ਰ ਆ ਰਹੀਆਂ ਹਨ।
ਜਿਸ ਵਕਤ ਅਸੀਂ ਇਥੇ ਪਹੁੰਚੇ, ਕਸਬਾ ਪੂਰੀ ਤਰ੍ਹਾਂ ਬੰਦ ਸੀ। ਹਿੰਦੁਸਤਾਨੀ ਬਲਾਂ ਵਲੋਂ ਮੁਕਾਮੀ (ਸਥਾਨਕ) ਆਵਾਮ ਦੀ ਕਤਲੋਗ਼ਾਰਤ ਦੀ 21ਵੀਂ ਬਰਸੀ ਹੈ। ਦੋ ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਜਦੋਂ ਆਵਾਮ ਨੇ ਹਿੰਦੁਸਤਾਨੀ ਕਬਜ਼ਾ ਖਤਮ ਕੀਤੇ ਜਾਣ ਦੀ ਮੰਗ ਕੀਤੀ ਤਾਂ 27 ਬੰਦਿਆਂ ਨੂੰ ਕਤਲ ਕਰ ਦਿੱਤਾ ਗਿਆ ਸੀ।
“ਇਥੇ ਬਹੁਤ ਸਾਰੇ ਲੋਕ ‘ਲਾਪਤਾ ਕਰ ਦਿੱਤੇ ਗਏ’; ਉਨ੍ਹਾਂ ਨੂੰ ਅਖੌਤੀ ਮੁਕਾਬਲਿਆਂ ਵਿਚ ਮਾਰ ਦਿੱਤਾ ਗਿਆ ਸੀ। ਇਹ ਕਈ ਮੌਕਿਆਂ ‘ਤੇ ਹੋਇਆ”, ਪਰਵੇਜ਼ ਮਾਟਾ ਖ਼ੁਲਾਸਾ ਕਰਦਾ ਹੈ। “ਬੇਸ਼ੁਮਾਰ ਵੱਢੀਆਂ-ਟੁੱਕੀਆਂ ਲਾਸ਼ਾਂ ਮੁਕਾਮੀ ਹਸਪਤਾਲਾਂ ਵਿਚ ਆਉਂਦੀਆਂ ਰਹੀਆਂ; ਕਈਆਂ ਦੀਆਂ ਲੱਤਾਂ ਨਹੀਂ ਸਨ, ਇਹ ਤਸੀਹਿਆਂ ਦਾ ਜ਼ਾਹਰਾ ਨਤੀਜਾ ਸੀ।”
ਰੁੱਖ ਨਾਲ ਜੰਗਾਲ ਖਾਧੇ ਸਟਰੇਚਰ ਖੜ੍ਹੇ ਕੀਤੇ ਹੋਏ ਸਨ। ਮੈਨੂੰ ਦੱਸਿਆ ਗਿਆ ਕਿ ਇਹ ਹਸਪਤਾਲ ਤੋਂ ਉਨ੍ਹਾਂ ਕਬਰਾਂ ਤਕ ਲਾਸ਼ਾਂ ਢੋਣ ਲਈ ਇਸਤੇਮਾਲ ਕੀਤੇ ਜਾਂਦੇ ਸਨ। ਸੁਰੱਖਿਆ ਬਲਾਂ ਵਲੋਂ ਜੰਗਲ ਤੋਂ ਲਿਆਂਦੀਆਂ ਜਾਣ ਵਾਲੀਆਂ ਲਾਸ਼ਾਂ ਲਗਾਤਾਰ ਇਥੇ ਆਉਂਦੀਆਂ ਰਹੀਆਂ। ਪੂਰੀ ਪਹਾੜੀ ਉਪਰ ਵਸੀਹ ਪੈਮਾਨੇ ‘ਤੇ ਕਬਰਾਂ ਬਣੀਆਂ ਹੋਈਆਂ ਹਨ, ਕੁਝ ਤਾਂ ਐਨ ਸਕੂਲ ਦੇ ਨਾਲ ਹਨ ਜੋ ਚੋਟੀ ‘ਤੇ ਬਣਾਇਆ ਗਿਆ ਹੈ।
ਮੈਨੂੰ ਦੱਸਿਆ ਗਿਆ, “ਸੁਰੱਖਿਆ ਬਲਾਂ ਵਲੋਂ ਲਾਸ਼ਾਂ ਨੂੰ ‘ਬੇਪਛਾਣ ਵਿਦੇਸ਼ੀ ਦਹਿਸ਼ਤਗਰਦਾਂ’ ਦੀਆਂ ਲਾਸ਼ਾਂ ਕਰਾਰ ਦੇ ਦਿੱਤਾ ਜਾਂਦਾ ਸੀ, ਪਰ ‘ਵਿਦੇਸ਼ੀ’ ਤਾਂ ਪਹਿਲਾਂ ਹੀ ਸ਼ਨਾਖ਼ਤ ਦਾ ਇਕ ਰੂਪ ਹੈ।” ਉਥੇ 7000 ਬੇਪਛਾਣ ਜਨਤਕ ਕਬਰਾਂ ਹਨ।
7 ਲੱਖ ਦੀ ਤਾਦਾਦ ਵਿਚ ਮਜ਼ਬੂਤ ਸੁਰੱਖਿਆ ਬਲਾਂ ਦੋ-ਤਿੰਨ ਸੌ ਸਰਗਰਮ ਮੁਜਾਹਿਦੀਨ, ਜੰਗਜੂਆਂ ਨਾਲ ਲੜ ਰਹੀਆਂ ਹਨ।
ਮੁੱਖ ਤੌਰ ‘ਤੇ ਬੇਕਸੂਰ ਰਾਹਗੀਰਾਂ ਜਾਂ ਦੂਰ-ਦਰਾਜ ਦੇ ਇਲਾਕਿਆਂ ਵਿਚ ਪੇਂਡੂਆਂ ਦੇ ਕਤਲ ਹੀ ‘ਲੜਾਈ’ ਹਨ। ਫਿਰ ਇਨ੍ਹਾਂ ਲਾਸ਼ਾਂ ਨੂੰ ‘ਮੁਕਾਬਲੇ ਵਿਚ ਮਰੇ’ ਮੁਜਾਹਿਦੀਨ ਦੀਆਂ ਲਾਸ਼ਾਂ ਕਹਿ ਦਿੱਤਾ ਜਾਂਦਾ ਹੈ। ਸਿੱਟਾ ਇਹ ਹੈ ਕਿ ਇਸ ਨਾਲ ਵਸੀਹ ਫੌਜੀ ਕਾਰਵਾਈਆਂ ਅਤੇ ਬਜਟ ਨੂੰ ‘ਵਾਜਬੀਅਤ’ ਮਿਲ ਜਾਂਦੀ ਹੈ।
‘ਲੜਾਈ’ ਵਿਚ ਕਿਸੇ ਨੂੰ ਵੀ ਤਸੀਹੇ ਦੇਣਾ ਸ਼ਾਮਲ ਹੈ ਜਿਸ ਬਾਰੇ ਮੁਜਾਹਿਦੀਨ ਹੋਣ ਦਾ ਸ਼ੱਕ ਹੋਵੇ, ਜਾਂ ਉਸ ਉਪਰ ਮੁਜਾਹਿਦੀਨ ਨਾਲ ਸਬੰਧਤ ਜਾਂ ਉਨ੍ਹਾਂ ਦਾ ਹਮਾਇਤੀ ਹੋਣ ਦਾ ‘ਦੋਸ਼’ ਹੋਵੇ; ਭਾਵ ਜਿਸ ਕਿਸੇ ਬਾਰੇ ਵੀ ਸੁਰੱਖਿਆ ਬਲ ਇਹ ਸ਼ਨਾਖ਼ਤ ਮਿੱਥ ਲੈਂਦੇ ਹਨ।
ਕੁਪਵਾੜਾ ਵਿਚ ਤਸੀਹਿਆਂ ਵਜੋਂ ਲੱਤਾਂ ਜਾਂ ਉਂਗਲਾਂ ਵੱਢ ਦੇਣਾ ਆਮ ਹੈ। ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਸ ਇਲਾਕੇ ਵਿਚ ਤਸੀਹੇ ਦੇਣ ਵਾਲੇ ਯੰਤਰ ਅਤੇ ਢੰਗ ਬਹੁਤ ਵਸੀਹ ਕਿਸਮ ਦੇ ਹਨ। ਤਸੀਹਿਆਂ ਦੇ ਵੱਸ ਪੈਣ ਵਾਲਿਆਂ ਦੀਆਂ ਛਾਤੀਆਂ ਨੂੰ ਗਰਮ ਸਿੱਕੇ ਨਾਲ ਲੂਹਿਆ ਜਾਂਦਾ ਹੈ, ਤੇ ਗੁਪਤ ਅੰਗ ਨੂੰ ਬਿਜਲੀ ਦਾ ਕਰੰਟ ਲਗਾਇਆ ਜਾਂਦਾ ਹੈ। ਪਤਾਲੂ ਲੂਹ ਦਿੱਤੇ ਜਾਂਦੇ ਹਨ। ਛੱਤ ਨਾਲ ਪੁੱਠੇ ਲਟਕਾ ਕੇ ਗੁਦਾ ਵਿਚ ਸ਼ਰਾਬ ਦੀਆਂ ਬੋਤਲਾਂ ਧੱਕ ਦਿੱਤੀਆਂ ਜਾਂਦੀਆਂ ਹਨ। ਲੱਤਾਂ ਨਕਾਰਾ ਕਰਨ ਲਈ ਲੱਕੜ ਦੇ ਭਾਰੀ ਰੋਲਰ ਵਰਤੇ ਜਾਂਦੇ ਹਨ। ਬੰਦੀਆਂ ਦੇ ਪੈਰਾਂ ਵਿਚ ਕਿੱਲਾਂ ਠੋਕ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਦੇ ਜਿਸਮ ਉਪਰ ਅੱਧੇ ਚੰਨ ਖੁਣਵਾਏ ਗਏ ਹੋਣ, ਉਨ੍ਹਾਂ ਨੂੰ ਗਰਮ ਜੰਬੂਰਾਂ ਨਾਲ ਨੋਚ ਕੇ ਮਿਟਾਇਆ ਜਾਂਦਾ ਹੈ।
ਜੇ ਕੋਈ ਔਰਤ ਗ੍ਰਿਫ਼ਤਾਰ ਕੀਤੀ ਜਾਂਦੀ ਹੈ, ਇਹ ਲਗਭਗ ਤੈਅ ਹੈ ਕਿ ਉਸ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਵਿਚ ਸਮੂਹਕ ਜਬਰ-ਜਨਾਹ ਸ਼ਾਮਲ ਹੋਵੇਗਾ। ਮਰਦ ਬੰਦੀਆਂ ਨਾਲ ਬਦਫੈਲੀ ਆਮ ਹੈ। ਨਿਸ਼ਚੇ ਹੀ, ਇਹ ਸਾਰਾ ਕੁਝ ‘ਆਪ-ਮੁਹਾਰਾ’ ਵਰਤਾਰਾ ਨਹੀਂ ਹੋ ਸਕਦਾ। ਸਾਫ਼ ਤੌਰ ‘ਤੇ ਇਹ ਤੈਅਸ਼ੁਦਾ ਨਮੂਨੇ ਮੁਤਾਬਕ ਹੁੰਦਾ ਹੈ। ਸੁਰੱਖਿਆ ਬਲ ਜੋ ਕੁਝ ਕਰ ਰਹੇ ਹਨ, ਉਨ੍ਹਾਂ ਨੂੰ ਇਹ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਟੇਟ ਵਲੋਂ ਨਵਾਂ, ਘੋਰ ਵਹਿਸ਼ੀ ਗਰੋਹ ਖੜ੍ਹਾ ਕੀਤਾ ਗਿਆ ਹੈ। ਇਸ ਨੂੰ ਐਸ਼ਓæਜੀæ (ਸਪੈਸ਼ਲ ਓਪਰੇਸ਼ਨ ਗਰੁਪ) ਕਿਹਾ ਜਾਂਦਾ ਹੈ। ਇਹ ਮੁੱਖ ਤੌਰ ‘ਤੇ ਮੁਜਾਹਿਦੀਨ ਨਾਲ ਟੱਕਰਾਂ ਵਿਚ ਮਾਰੇ ਗਏ ਪੁਲਸੀਆਂ ਅਤੇ ਫੌਜੀਆਂ ਦੇ ਟੱਬਰਾਂ ਦੇ ਬੱਚਿਆਂ ਨੂੰ ਲੈ ਕੇ ਬਣਾਇਆ ਜਾਂਦਾ ਹੈ। ਇਹ ਜਿਸ ਤਰ੍ਹਾਂ ਦੇ ਢੰਗ ਇਸਤੇਮਾਲ ਕਰਦੇ ਹਨ, ਉਸ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ।
“ਤਸੀਹਿਆਂ ਅਤੇ ਜਬਰ-ਜਨਾਹ ਦੇ ਜ਼ਿਆਦਾਤਰ ਮਾਮਲਿਆਂ ਨੂੰ ਕਿਤੇ ਦਰਜ ਹੀ ਨਹੀਂ ਕੀਤਾ ਜਾਂਦਾ”, ਪਰਵੇਜ਼ ਨੇ ਖ਼ੁਲਾਸਾ ਕੀਤਾ। “ਪਰ ਇਕੱਲੀ ਮੇਰੀ ਜਥੇਬੰਦੀ ਨੇ ਪਹਿਲਾਂ ਹੀ ਤਸੀਹਿਆਂ ਦੇ 5000 ਦੇ ਕਰੀਬ ਮਾਮਲਿਆਂ ਨੂੰ ਲਿਖਤੀ ਰੂਪ ਦਿੱਤਾ ਹੈ। ਮਿਸਾਲ ਵਜੋਂ, ਇਕ ਬਾਪ ਦਾ ਸਿਰ ਉਸ ਦੇ ਖੌਫ਼ ਨਾਲ ਸਹਿਮੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਕਲਮ ਕਰ ਦਿੱਤਾ ਗਿਆ।”
ਮੈਂ ਉਸ ਨੂੰ ਰੋਕ ਦਿੰਦਾ ਹਾਂ, ਘੱਟੋ-ਘੱਟ ਕੁਝ ਪਲ ਲਈ। ਮੈਂ ਜੋ ਆਲੇ-ਦੁਆਲੇ ਦੇਖਿਆ ਹੈ, ਤੇ ਜੋ ਮੈਨੂੰ ਦੱਸਿਆ ਗਿਆ ਹੈ, ਉਸ ਨੂੰ ਬਰਦਾਸ਼ਤ ਕਰਨ ਲਈ ਥੋੜ੍ਹਾ ਵਕਤ ਚਾਹੀਦਾ ਹੈ।
(ਚਲਦਾ)