ਸਿਰੁ ਦੀਜੈ ਕਾਣਿ ਨ ਕੀਜੈ

ਪ੍ਰੋæ ਹਰਪਾਲ ਸਿੰਘ
ਫੋਨ: 916-478-1640
ਸੱਚ ਸੁਣਨਾ, ਬੋਲਣਾ, ਸੱਚ ‘ਤੇ ਚੱਲਣਾ ਅਤੇ ਸੱਚ ਲਈ ਕੁਰਬਾਨ ਹੋਣ ਦਾ ਨਾਂ ਹੀ ਸ਼ਹੀਦੀ ਹੈ। ਸ਼ਹੀਦ ਉਹ ਬੰਦਾ ਹੁੰਦਾ ਹੈ ਜੋ ਸੱਚ ਖਾਤਰ ਸਿਰ-ਧੜ ਦੀ ਬਾਜ਼ੀ ਲਾ ਦੇਵੇ, ਸੱਚ ਨੂੰ ਸਮੁੱਚੀ ਕਾਇਨਾਤ ਵਿਚ ਪ੍ਰਗਟ ਕਰ ਦੇਵੇ। ਸ਼ਹੀਦ ਦੇ ਖੂਨ ਵਿਚ ਉਚੇਰੇ ਆਦਰਸ਼ ਸਮਾਏ ਹੁੰਦੇ ਹਨ। ਕਈ ਵਾਰ ਸ਼ਹੀਦ ਦੂਜਿਆਂ ਦੇ ਵਿਸ਼ਵਾਸ ਲਈ ਵੀ ਆਪਾ ਕੁਰਬਾਨ ਕਰਨ ਦਾ ਉਚੇਰਾ ਆਦਰਸ਼ ਰੱਖਦਾ ਹੈ।

ਸੱਚ ਅਤੇ ਮਨੁੱਖਤਾ ਦੇ ਭਲੇ ਲਈ ਜੂਝ ਮਰਨਾ ਹੀ ਅੰਤਿਮ ਸੱਚ ਹੈ। “ਸ਼ਹੀਦ ਉਹ ਅਦੁੱਤੀ ਸ਼ਖਸੀਅਤ ਹੁੰਦਾ ਹੈ ਜਿਹੜਾ ਮੌਤ ਦੇ ਭੈਅ ਤੋਂ ਕੋਹਾਂ ਦੂਰ ਹੁੰਦਾ ਹੈ। ਉਹ ਉਚੀਆਂ ਕੀਮਤਾਂ ਦੀ ਬਹਾਲੀ ਲਈ ਲੋਕਾਂ ਨੂੰ ਜਾਗ੍ਰਿਤ ਕਰਦਾ ਹੈ ਅਤੇ ਇਸ ਦੀ ਕੀਮਤ ਵਜੋਂ ਉਹ ਆਪਣੀ ਜਾਨ ਕੁਰਬਾਨ ਕਰਨ ਲਈ ਤਤਪਰ ਰਹਿੰਦਾ ਹੈ।” (ਡਾæ ਸਰਬਜਿੰਦਰ ਸਿੰਘ)
ਪੁਰਾਤਨ ਭਾਰਤੀ ਚਿੰਤਨ ਵਿਚ ਸਾਨੂੰ ‘ਬਲੀ’ ਦੀ ਪਰੰਪਰਾ ਤਾਂ ਮਿਲਦੀ ਹੈ, ਪਰ ਸ਼ਹੀਦੀ ਦਾ ਸੰਕਲਪ ਨਹੀਂ ਮਿਲਦਾ। ਬਲੀ ਦੀ ਵਸਤੂ ਕੋਈ ਵੀ ਹੋ ਸਕਦੀ ਹੈ, ਮਨੁੱਖ ਤੋਂ ਲੈ ਕੇ ਪਸ਼ੂ ਤੱਕ। ਬਲੀ ਸਵੈ-ਸੇਵੀ ਨਹੀਂ ਹੁੰਦੀ ਕਿਉਂਕਿ ਇਸ ਵਿਚ ਬਲੀ ਦਿੱਤੇ ਜਾਣ ਵਾਲੇ ਦੀ ਇੱਛਾ ਸ਼ਾਮਲ ਨਹੀਂ ਹੁੰਦੀ। ਹਿੰਦੂ ਸੰਸਕ੍ਰਿਤੀ ਵਿਚ ਕੁਰਬਾਨੀ ਵਾਰ-ਵਾਰ ਆਉਂਦਾ ਹੈ। ਕੁਰਬਾਨੀ ਕਿਸੇ ਦੇਵਤੇ ਨੂੰ ਖੁਸ਼ ਕਰਨ ਲਈ ਦਿੱਤੀ ਜਾਂਦੀ ਹੈ ਜਾਂ ਕਿਸੇ ਕਰੋਧਵਾਨ ਦੇਵਤੇ ਦੇ ਕਰੋਧ ਤੋਂ ਬਚਣ ਲਈ। ਹਿੰਦੂ ਧਰਮ ਵਿਚ ਕਿਸੇ ਆਦਰਸ਼ਕ ਸੱਚਾਈ ਲਈ ਆਪਣੀ ਆਹੂਤੀ ਦੇਣ ਦਾ ਸੰਕਲਪ ਨਹੀਂ ਸੀ। ਹਿੰਦੂ ਧਰਮ ਗ੍ਰੰਥਾਂ ਤੇ ਹਿੰਦੂ ਇਤਿਹਾਸ ਵਿਚ ਕਿਧਰੇ ਵੀ ਕਿਸੇ ਉਚੇ ਆਦਰਸ਼ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਉਦੇਸ਼ ਨਹੀਂ ਸੀ ਅਤੇ ਨਾ ਹੀ ਮੌਜੂਦਾ ਸਮੇਂ ਵਿਚ ਸ਼ਹੀਦ ਹੋਣ ਦਾ ਸੰਕਲਪ। ਹਿੰਦੂ ਸ਼ਹੀਦ ਕਰਵਾ ਤਾਂ ਸਕਦਾ ਹੈ, ਸ਼ਹੀਦ ਹੋ ਨਹੀਂ ਸਕਦਾ। ਕਿਸੇ ਹਿੰਦੂ ਗੁਰੂ ਨੇ, ਮੱਠਾਂ-ਮੰਦਰਾਂ ਵਿਚ ਰਹਿਣ ਵਾਲਿਆਂ ਸ਼ੰਕਰਚਾਰੀਆਂ ਨੇ ਜੁਰਮ ਵਿਰੁਧ ਕਦੀ ਸ਼ਹਾਦਤ ਨਹੀਂ ਦਿੱਤੀ। ਤੁਲਸੀ ਦਾਸ ਵਰਗਿਆਂ ਨੇ ਰਮਾਇਣ ਦੀ ਰਚਨਾ ਕੀਤੀ, ਸੂਰਦਾਸ ਵਰਗਿਆਂ ਨੇ ਕਵਿਤਾ ਦੇ ਗ੍ਰੰਥ ਰਚੇ, ਪਰ ਕਿਸੇ ਵੀ ਹਿੰਦੂ ਨੇ ਉਸ ਵਕਤ ਜ਼ੁਲਮ ਢਾਹੁਣ ਵਾਲੇ ਜਰਵਾਣਿਆਂ ਵਿਰੁਧ ਕੋਈ ਵੀ ਲਾਈਨ ਨਹੀਂ ਲਿਖੀ। ਬਲੀਦਾਨ ਕਦੇ ਵੀ ਸ਼ਹਾਦਤ ਨਹੀਂ ਬਣ ਸਕਦਾ ਕਿਉਂਕਿ ਇਸ ਵਿਚ ਸੱਚ ਨੂੰ ਸਥਾਪਤ ਕਰਨ ਦੀ ਸੂਰਮਗਤੀ ਨਹੀਂ ਹੁੰਦੀ ਸਗੋਂ ਦੇਵਤੇ ਦੇ ਕਰੋਧ ਤੋਂ ਬਚਣ ਦੀ ਮਜਬੂਰੀ ਹੁੰਦੀ ਹੈ।
ਨਿੱਤ ਨਵੇਂ ਦਿਨ ਪੱਛਮ ਵਲੋਂ ਕੋਈ ਨਾ ਕੋਈ ਹਮਲਾਵਰ ਤੁਰਿਆ ਰਹਿੰਦਾ ਪਰ ਮਜਾਲ ਹੈ, ਕਿਸੇ ਹਿੰਦੂ ਨੇ ਕਿਸੇ ਆਦਰਸ਼ ਦੀ ਸੱਚਾਈ ਲਈ ਆਪਣੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਜ਼ਾਲਮ ਵਿਰੁਧ ਬੀੜਾ ਚੁੱਕਿਆ ਹੋਵੇ। ਜਦੋਂ ਮਹਿਮੂਦ ਗਜ਼ਨਵੀ ਨੇ ਸੋਮਨਾਥ ਦੇ ਮੰਦਰ (1025 ਈਸਵੀ) ਉਤੇ ਹਮਲਾ ਕੀਤਾ ਅਤੇ ਇਸ ਨੂੰ ਢਾਹਿਆ ਤਾਂ ਉਸ ਕੋਲ ਕੇਵਲ 36 ਹਜ਼ਾਰ ਸਿਪਾਹੀ ਸਨ ਤੇ ਸੋਮਨਾਥ ਮੰਦਰ ਤਹਿਤ 36 ਹਜ਼ਾਰ ਪਿੰਡ ਸਨ; ਭਾਵ 36 ਹਜ਼ਾਰ ਪਿੰਡਾਂ ਦੇ ਲੋਕਾਂ ਨੇ ਰਲ ਕੇ ਵੀ 36 ਹਜ਼ਾਰ ਸਿਪਾਹੀਆਂ ਦਾ ਮੁਕਾਬਲਾ ਨਾ ਕੀਤਾ ਅਤੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਧਰਮ ਅਸਥਾਨਾਂ ਨੂੰ ਮਲੀਆਮੇਟ ਹੁੰਦੇ ਦੇਖਦੇ ਰਹੇ। ਮੁਸਲਮਾਨਾਂ ਦੇ ਇਤਿਹਾਸਕ ਅਭਿਲੇਖਾਂ ਵਿਚ ਉਸ ਦੇ 17 ਤਬਾਹੀ ਅਤੇ ਕਤਲੇਆਮ ਭਰੇ ਹੱਲਿਆਂ ਦਾ ਅਤੇ ਹਰ ਹੱਲੇ ਪਿਛੋਂ ਲਿਜਾਏ ਗਏ ਬੇਅੰਤ ਧਨ-ਦੌਲਤ ਦਾ ਵਰਣਨ ਬੜੇ ਚਾਅ ਨਾਲ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਕੱਲੇ ਨਗਰਕੋਟ ਵਿਚੋਂ ਉਹ 700,000 ਸੋਨੇ ਦੇ ਦਿਨਾਰ, 700 ਮਣ ਸੋਨੇ ਤੇ ਚਾਂਦੀ ਦੀਆਂ ਪਲੇਟਾਂ, 200 ਮਣ ਨਿਰੋਲ ਸੋਨਾ, 2000 ਮਣ ਚਾਂਦੀ, 20 ਮਣ ਕਈ ਪ੍ਰਕਾਰ ਦੇ ਜਵਾਹਰਾਤ ਜਿਨ੍ਹਾਂ ਵਿਚ ਮੋਤੀ, ਮੂੰਗੇ, ਹੀਰੇ ਅਤੇ ਰੂਬੀ ਸਨ, ਲੈ ਕੇ ਗਿਆ। ਮੁਗਲਾਂ, ਲੋਧੀਆਂ, ਖਿਲਜੀ ਦੀ ਹਕੂਮਤ ਸਮੇਂ ਰਾਜਿਆਂ ਨੇ ਹਰ ਹੀਲਾ ਵਰਤ ਕੇ ਹਿੰਦੂਆਂ ਨੂੰ ਜ਼ਲੀਲ ਕਰਨ ਦੀ ਕੋਈ ਕੋਸ਼ਿਸ਼ ਨਾ ਛੱਡੀ। ਜ਼ਜੀਆ ਲਾਇਆ, ਧਰਮ ਅਸਥਾਨ ਢਾਹੇ, ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰਿਆ, ਬਹੂ-ਬੇਟੀਆਂ ਦੀ ਇੱਜ਼ਤ ਸ਼ਰੇ-ਬਾਜ਼ਾਰ ਨਿਲਾਮ ਕੀਤੀ ਪਰ ਮਜਾਲ ਹੈ, ਕਿਸੇ ਹਿੰਦੂ ਰਾਜੇ, ਗੁਰੂ ਜਾਂ ਸ਼ੰਕਰਚਾਰੀਆ ਨੇ ਜ਼ੁਲਮ ਵਿਰੁਧ ਸ਼ਹਾਦਤ ਦਿੱਤੀ ਹੋਵੇ।
“ਹਿੰਦੂ ਸਮਾਜ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨਾਂ ਵਿਸ਼ਵਾਨਾਥ (ਬਨਾਰਸ) ਅਤੇ ਕੇਸ਼ਵਨਾਥ (ਮਥੁਰਾ) ਦੇ ਮੰਦਰਾਂ ਦੇ ਸਿਰਾਂ ‘ਤੇ ਇਸਲਾਮੀ ਮਸਜਿਦਾਂ ਦਿਨ-ਰਾਤ ਬੱਕਰੇ ਬੁਲਾ ਰਹੀਆਂ ਸਨ, ਪਰ ਬ੍ਰਾਹਮਣ ਲੋਕ ਫਿਰ ਵੀ ਬਿੱਲੀ ਤੋਂ ਡਰਦੇ ਕਬੂਤਰ ਵਾਂਗ ਅੱਖਾਂ ਮੀਟ ਕੇ, ਅਹਿੰਸਾ ਪਰਮੋ-ਧਰਮ ਦਾ ਪਾਠ ਪੜ੍ਹਾ ਰਹੇ ਸਨ। ਇਸਲਾਮ ਦੇ ਸਿਆਸੀ ਮਾਲਕਾਂ ਨੇ ਤਲਵਾਰ ਦੇ ਜ਼ੋਰ ਨਾਲ, ਰਾਜਪੂਤਾਂ ਦੀ ਅਣਖ ਨੂੰ ਹੱਥ ਪਾਇਆ ਅਤੇ ਰਾਜਪੂਤਾਂ ਦੇ ਜਿਗਰਾਂ ਦੀਆਂ ਲਾਡਲੀਆਂ ਦੇ ਆਪਣੇ ਹਰਮਾਂ ਵਿਚ ਕੁਆਰੇ ਖੂਨ ਵਗਾਏ ਪਰ ਰਾਜਪੂਤਾਂ ਦੀ ਅਣਖ ਇੰਨੀ ਮਰ ਚੁੱਕੀ ਸੀ ਕਿ ਉਹ ਇਸ ਨੂੰ ਆਪਣੀਆਂ ਰਿਸ਼ਤੇਦਾਰੀਆਂ ਦੱਸ ਰਹੇ ਸਨ।” (ਡਾæ ਸੁਖਦਿਆਲ ਸਿੰਘ, ਖਾਲਸਾ ਪ੍ਰਭੂਸੱਤਾ ਸਿਧਾਂਤ, ਸਫਾ 1,2)
ਭਾਰਤ ਦੇ ਗੁਲਾਮ ਰਹਿਣ ਦਾ ਕਾਰਨ ਭਾਰਤੀ ਧਰਮਾਂ ਦਾ ਰਵਾਇਤੀ ਵਿਹਾਰ ਸੀ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਭਾਰਤੀ ਧਰਮਾਂ ਨੇ ਹਮੇਸ਼ਾ ਕੇਵਲ ਅੱਗਾ ਸੁਆਰਨ ਲਈ ਹੀ ਪ੍ਰੇਰਿਆ ਹੈ (ਸਿੱਖ ਮਤ ਵਿਚ ਵੀ ਇਹ ਵਿਚਾਰ ਅੱਜ ਭਾਰੂ ਹੈ)। ਇਸੇ ਕਰ ਕੇ ਸੰਨਿਆਸੀ ਅਤੇ ਤਿਆਗੀ, ਭਾਰਤੀ ਲੋਕਾਂ ਦੇ ਆਦਰਸ਼ ਰਹੇ ਹਨ। ਇਨ੍ਹਾਂ ਲਈ ਮਾਨਵੀ ਕਦਰਾਂ-ਕੀਮਤਾਂ, ਮਨੁੱਖੀ ਅਜ਼ਾਦੀ ਤੇ ਵਿਹਾਰ ਦਾ ਕੋਈ ਮਹੱਤਵ ਨਹੀਂ। ਰਹਿੰਦੀ ਕਸਰ ਬੁੱਧ ਮਤ ਅਤੇ ਜੈਨ ਮਤ ਦੀ ਅਣਵਿਗਿਆਨਕ ਸੋਚ ਨੇ ਪੂਰੀ ਕਰ ਦਿੱਤੀ। ਅਹਿੰਸਾ ਪਰਮੋ-ਧਰਮ ਦੀ ਰਟ ਲਗਾਈ ਗਈ ਅਤੇ ਲੋਕ ਸ਼ਕਤੀ ਨੂੰ ਨਿਪੁੰਸਕ ਕਰ ਦਿੱਤਾ ਗਿਆ। ਸੰਨਿਆਸ ਅਤੇ ਤਿਆਗ ਦੀਆਂ ਰੁਚੀਆਂ, ਅਹਿੰਸਾ ਨੂੰ ਜੀਵਨ ਦਾ ਮੂਲ ਮੰਨ ਕੇ ਲੈਣਾ ਭਾਰਤੀ ਗੁਲਾਮੀ ਦਾ ਮੂਲ ਕਾਰਨ ਸੀ। (ਮੇਰਾ ਆਪਣਾ ਯਕੀਨ ਹੈ ਕਿ ਜੇ ਪੰਜਾਬ ਦੀ ਸਰਜ਼ਮੀਨ ‘ਤੇ ਸਿੱਖ ਗੁਰੂਆਂ ਦਾ ਆਗਮਨ ਨਾ ਹੁੰਦਾ, ਮੀਰੀ-ਪੀਰੀ ਦਾ ਸੰਕਲਪ ਜਨਮ ਨਾ ਲੈਂਦਾ, ਖਾਲਸੇ ਦੀ ਤੇਗ ਨਾ ਚਮਕਦੀ ਤਾਂ ਅੱਜ ਵੀ ਬਾਹਰਲੇ ਧਾੜਵੀ ਹਿੰਦੁਸਤਾਨ ਦੀ ਜ਼ਮੀਨ ਨੂੰ ਹਰ ਰੋਜ਼ ਪੈਰਾਂ ਹੇਠ ਦਰੜਦੇ। ਸਿੱਖ ਇਨਕਲਾਬ ਨੇ ਨਵਾਂ ਸਮਾਜ, ਨਵੇਂ ਸਿਧਾਂਤ ਅਤੇ ਨਵੀਂ ਕੌਮ ਦੀ ਸਥਾਪਨਾ ਕੀਤੀ)।
ਸ਼ਹੀਦ ਅਤੇ ਸ਼ਹਾਦਤ
ਇਹ ਦੋਵੇਂ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹਾਦਤ ਸ਼ਬਦ ‘ਤੁਸਹਾਦ’ ਤੋਂ ਬਣਿਆ ਹੈ। ਸ਼ਹਾਦਤ ਦੇਣ ਵਾਲਾ ਹੀ ਸ਼ਹੀਦ ਅਖਵਾਉਂਦਾ ਹੈ। ਸ਼ਹਾਦਤ ਦੇ ਅਰਥ ਹਨ- ਗਵਾਹੀ, ਸੱਚੀ ਗਵਾਹੀ ਦੇਣਾ, ਸਾਖੀ ਭਰਨਾ, ਰੱਬ ਦੇ ਰਾਹ ‘ਤੇ ਮਾਰੇ ਜਾਣਾ। ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਸ਼ਬਦ ਦਾ ਪ੍ਰਯੋਗ ਕੁਰਾਨ ਸ਼ਰੀਫ ਵਿਚ ਵੀ ਆਇਆ ਹੈ। ‘ਇਨਸਾਈਕਲੋਪੀਡੀਆ ਆਫ ਇਸਲਾਮ’ ਵਿਚ ਸ਼ਹੀਦ ਦਾ ਅਰਥ ਗਵਾਹ ਹੈ ਪਰ ਕਿਤੇ-ਕਿਤੇ ਗਵਾਹੀ ਸ਼ਬਦ ਖੁਦਾ (ਰੱਬ) ਵਾਸਤੇ ਵੀ ਆਇਆ ਹੈ, ਜਿਵੇਂ,
ਰੱਬ ਤੁਹਾਡੇ ਕਰਮਾਂ ਸ਼ਾਹਿਦ ਹੈ, ਭਾਵ ਗਵਾਹ ਹੈ। (ਸੂਰਾ 3-98)
ਸਾਮੀ ਪਰੰਪਰਾ ਵਿਚ ਸ਼ਹੀਦ ਸ਼ਬਦ ਸ਼ੋਹਿਦ ਤੋਂ ਆਇਆ ਹੈ ਜਿਸ ਦੇ ਸ਼ਬਦੀ ਅਰਥ ਗਵਾਹੀ ਦੇਣਾ ਹੈ। ਸਾਮੀ ਪਰੰਪਰਾ ਵਿਚ ਇਹ ਸ਼ਬਦ ਸ਼ਾਇਦ ਯੂਨਾਨੀ ਭਾਸ਼ਾ ਵਿਚੋਂ ਆਇਆ ਹੈ ਅਤੇ ਇਸ ਲਈ ਸ਼ਬਦ ੂAਠAਫ ਵਰਤਿਆ ਗਿਆ ਹੈ। ਇਸ ਦੇ ਅਰਥ ਵੀ ਗਵਾਹੀ ਹਨ। ਸਾਮੀ ਪਰੰਪਰਾ ਵਿਚ ਸ਼ਹੀਦ ਉਹ ਹੁੰਦਾ ਹੈ ਜੋ ਵਿਸ਼ਵਾਸ ਦੇ ਬੋਲਬਾਲੇ ਵਾਸਤੇ ਜ਼ੁਲਮ ਸਹਿਣ ਲਈ ਤਿਆਰ ਹੋਵੇ, ਜਾਂ ਧਰਮ ਬਦਲੇ ਆਪਣੇ ਸੱਚ ‘ਤੇ ਦ੍ਰਿੜ ਰਹਿ ਕੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੋਵੇ, ਜਾਂ ਧਰਮ ਬਦਲੇ ਆਪਣੇ ਸੱਚ ‘ਤੇ ਦ੍ਰਿੜ ਰਹਿ ਕੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹੇ। ਇਹ ਮੌਤ ਤੋਂ ਡਰਨ ਦੀ ਥਾਂ ਮੌਤ ਨੂੰ ਪਿਆਰ ਨਾਲ ਜਾ ਚੁੰਮਣਾ ਹੈ। (ਇਨਸਾਈਕਲੋਪੀਡੀਆ ਆਫ਼ ਰਿਲਜੀਨ ਐਂਡ ਐਥਿਕਸ, ਸਫਾ 473)
ਇਰਾਨੀ ਪਰੰਪਰਾ ਵਿਚ ਧਰਮ ਲਈ ਆਪਾ ਕੁਰਬਾਨ ਕਰਨ ਵਾਲੇ ਨੂੰ ਸ਼ਹੀਦ ਕਿਹਾ ਗਿਆ ਹੈ। ਜਪਾਨੀ ਭਾਸ਼ਾ ਵਿਚ ਸ਼ਹੀਦ ਉਸ ਨੂੰ ਕਿਹਾ ਗਿਆ ਹੈ ਜੋ ਆਪਣੀ ਜ਼ਿੰਦਗੀ ਕੌਮ ਅਤੇ ਦੇਸ਼ ਲਈ ਕੁਰਬਾਨ ਕਰ ਦੇਵੇ। ਚੀਨ ਵਿਚ ਨੇਕੀ ਖਾਤਰ ਕੁਰਬਾਨੀ ਕਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਯਹੂਦੀ ਧਰਮ ਵਿਚ ਉਹ ਲੋਕ ਜੋ ਰੱਬੀ ਕਾਨੂੰਨ ਦਿਲ, ਆਤਮਾ ਤੇ ਪੂਰੀ ਸ਼ਕਤੀ ਨਾਲ ਮੰਨਦੇ ਹਨ ਤੇ ਦੁੱਖ ਸਹਿੰਦੇ ਹਨ ਪਰ ਨਿਯਮ ਦੀ ਪਾਲਣਾ ਤੋਂ ਮੂੰਹ ਨਹੀਂ ਮੋੜਦੇ, ਉਹ ਸ਼ਹੀਦ ਹਨ।
ਈਸਾਈ ਧਰਮ ਵਿਚ ਵੀ ਸ਼ਹਾਦਤ ਦਾ ਅਰਥ ਗਵਾਹੀ ਹੈ। ਈਸਾਈ ਧਰਮ ਦੇ ਅਰੰਭ ਵੇਲੇ ਲੋਕਾਂ ਵਲੋਂ ਇਸ ਧਰਮ ਦਾ ਜਿਹੜਾ ਵਿਰੋਧ ਕੀਤਾ ਗਿਆ ਅਤੇ ਉਸ ਵਿਰੋਧ ਦੇ ਬਾਵਜੂਦ ਈਸਾ ਦੇ ਸਿਧਾਂਤ ‘ਤੇ ਪੂਰੀ ਤਰ੍ਹਾਂ ਦ੍ਰਿੜ ਵਿਸ਼ਵਾਸ ਰੱਖਦਿਆਂ ਜਿਹੜੇ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਨ੍ਹਾਂ ਨੂੰ ਈਸਾਈ ਧਰਮ ਵਿਚ ਗਵਾਹੀ ਮੰਨ ਲਿਆ ਗਿਆ। ਇਸ ਧਰਮ ਵਿਚ ਸਭ ਤੋਂ ਵੱਡੀ ਕੁਰਬਾਨੀ ਜਾਂ ਗਵਾਹੀ ਈਸਾ ਦੀ ਮੰਨੀ ਜਾਂਦੀ ਹੈ, ਪਰ ਨਵੇਂ ਨੇਮ (ਂeੱ ਠeਸਟਅਮeਨਟ) ਵਿਚ ਸੇਂਟ ਸਟੀਫਨ ਨੂੰ ਪਹਿਲਾ ਸ਼ਹੀਦ ਪ੍ਰਵਾਨ ਕੀਤਾ ਗਿਆ ਹੈ। (ਪਵਿੱਤਰ ਬਾਈਬਲ, ਨਵਾਂ ਨੇਮ, ਮਤੀ ਦੀ ਇੰਜੀਲ 1,6,7- ਸਫਾ 9)। ਈਸਾਈ ਵਿਸ਼ਵਾਸ ਅਨੁਸਾਰ ਸ਼ਹੀਦ ਨੂੰ ਸਵਰਗ ਦੀਆਂ ਸਾਰੀਆਂ ਖੁਸ਼ੀਆਂ, ਮਾਨਵ ਦਾ ਪੂਰਾ ਅਧਿਕਾਰ ਮਿਲ ਜਾਂਦਾ ਹੈ ਜਦਕਿ ਦੂਜਿਆਂ ਨੂੰ ਕਿਆਮਤ ਦੇ ਦਿਨ ਤੱਕ ਉਡੀਕ ਕਰਨੀ ਪਵੇਗੀ। ਈਸਾਈ ਧਰਮ ਅਨੁਸਾਰ ਸ਼ਹੀਦ ਪਰਮਾਤਮਾ ਦੇ ਅਜਿਹੇ ਪਹਿਲਵਾਨ ਹਨ ਜਿਨ੍ਹਾਂ ਨੂੰ ਉਹ ਖੁਦ ਸਵਰਗ ਦੇ ਦਰਵਾਜੇ ‘ਤੇ ਆ ਕੇ ਸਤਿਕਾਰ ਸਹਿਤ ਅੰਦਰ ਆਉਣ ਲਈ ਨਿਵਾਜਦਾ ਹੈ।
ਈਸਾਈ ਧਰਮ ਵਿਚ ਸ਼ਹਾਦਤ ਦਾ ਰੁਤਬਾ ਬਹੁਤ ਉਚਾ ਹੈ, ਪਰ ਇਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਈਸਾਈ ਕੇਵਲ ਆਪਣੇ ਸੱਚ ਲਈ ਹੀ ਸ਼ਹੀਦੀ ਦਿੰਦਾ ਹੈ। ਸਿੱਖ ਧਰਮ ਦੂਜਿਆਂ ਦੇ ਵਿਸ਼ਵਾਸ ਲਈ ਵੀ ਜ਼ਿੰਦਗੀ ਅਤੇ ਮੌਤ ਨੂੰ ਇਕੋ ਜਿਹਾ ਸਮਝ ਕੇ ਸ਼ਹਾਦਤ ਦਿੰਦਾ ਹੈ।
ਇਸਲਾਮ ਵਿਚ ਸ਼ਹਾਦਤ ਨੂੰ ਚੁੰਮਣ ਵਾਲਿਆਂ ਲਈ ਸ਼ਹੀਦ, ਸ਼ੋਹਿਦ ਆਦਿ ਸ਼ਬਦ ਵਰਤੇ ਗਏ ਹਨ। ਸ਼ਹਾਦਤ ਸ਼ਬਦ ਨੂੰ ਗਵਾਹੀ ਵਜੋਂ ਵਰਤਣਾ, ਪਵਿੱਤਰ ਇਕਰਾਰ ਤਸੱਵਰ ਕੀਤਾ ਜਾਂਦਾ ਹੈ। ਇਸਲਾਮੀ ਪਿਛੋਕੜ ਵਿਚ ‘ਕੁਰਾਨ ਮਜੀਦ’ ਵਰਤੇ ਗਏ ਸ਼ਬਦ ‘ਸ਼ਹੀਦ’ ਅਤੇ ‘ਸ਼ਹਾਦਤ’ ਦਾ ਗੌਰਵ ਅੱਲਾਹ ਜਿੰਨਾ ਹੀ ਪਵਿੱਤਰ ਹੈ। ਕੁਰਾਨ ਮਜੀਦ ਵਿਚ ਸ਼ਹੀਦ ਸ਼ਬਦ ਤਕਰੀਬਨ 35 ਵਾਰ ਆਇਆ ਹੈ। ਇਸਲਾਮ ਵਿਚ ਸ਼ਹੀਦ ਉਸ ਨੂੰ ਕਿਹਾ ਜਾਂਦਾ ਹੈ ਜੋ ਇਸਲਾਮ ਦੇ ਪ੍ਰਚਾਰ ਤੇ ਪਸਾਰ ਲਈ ਕਾਫਿਰਾਂ ਵਿਰੁਧ ਲੜਦਾ ਹੋਇਆ ਮਾਰਿਆ ਜਾਂਦਾ ਹੈ। ਅਜਿਹੇ ਬੰਦੇ ਲਈ ਬਹਿਸ਼ਤਾਂ ਤੇ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ‘ਮੁਨਕਰ’ ਤੇ ਨਕੀਰ ਫਰਿਸ਼ਤੇ ਉਸ ਦੇ ਕਰਮਾਂ ਦਾ ਹਿਸਾਬ ਨਹੀਂ ਕਰਦੇ। ਉਸ ਨੂੰ ਬਹਿਸ਼ਤ ਵਿਚ ਖੁਦਾ ਦੇ ਤਖਤ ਦੇ ਨੇੜੇ ਜਗ੍ਹਾ ਮਿਲਦੀ ਹੈ। ਇਉਂ ਇਸਲਾਮ ਅਨੁਸਾਰ ਸ਼ਹੀਦ ਮਰਦਾ ਨਹੀਂ ਸਗੋ ਮੌਤ ਤਾਂ ਉਸ ਦਾ ਇਮਤਿਹਾਨ ਹੁੰਦੀ ਹੈ ਤੇ ਇਹ ਇਮਤਿਹਾਨ ਲੈਣ ਵਾਲਿਆਂ ਵਿਚ ਅੱਲਾਹ ਤੇ ਪੈਗੰਬਰ ਖੁਦ ਹਾਜ਼ਰ ਹੁੰਦੇ ਹਨ। ਕੁਰਾਨ ਵਿਚ ਕਿਹਾ ਗਿਆ ਹੈ,
ਜੇ ਤੁਸੀਂ ਅੱਲਾਹ ਦੇ ਰਾਹ ਵਿਚ
ਮਾਰੇ ਜਾਓ ਜਾਂ ਮਰ ਜਾਓ
ਤਾਂ ਅੱਲਾਹ ਵਲੋਂ ਤੁਹਾਡੇ ਵੱਲ ਆਉਣ ਵਾਲੀ
ਬਖਸ਼ਿਸ਼ ਤੇ ਮਿਹਰ ਬਹੁਤ ਚੰਗੀ ਹੋਵੇਗੀ।
ਅਰਥਾਤ ਜੇ ਤੁਸੀਂ ਮਰ ਜਾਓ ਜਾਂ ਮਾਰੇ ਜਾਓ ਤਾਂ ਤੁਹਾਨੂੰ ਅੱਲ੍ਹਾਹ ਦੇ ਹਜ਼ੂਰ ਪਰਤਾ ਕੇ ਇਕੱਤਰ ਕੀਤਾ ਜਾਵੇਗਾ।
ਇਸਲਾਮ ਵਿਚ ਸ਼ਹੀਦ ਦਾ ਰੁਤਬਾ ਬਹੁਤ ਪਵਿੱਤਰ ਹੈ। ਇਸਲਾਮ ਵਿਚ ਸ਼ਹੀਦ ਨੂੰ ਸ਼ਹੀਦ-ਉਲ-ਕਾਮਿਲ ਦਾ ਨਾਮ ਵੀ ਦਿੱਤਾ ਜਾਂਦਾ ਹੈ ਕਿਉਂਕਿ ਇਹੀ ਮਨੁੱਖ ਅੱਲਾਹ ਦੇ ਅਸਲ ਵਾਰਿਸ ਸਿੱਧ ਹੁੰਦੇ ਹਨ। ਇਸਲਾਮ ਵਿਚ ਉਤਮ ਦਰਜੇ ਦਾ ਸ਼ਹੀਦ ਉਹ ਹੈ ਜਿਸ ਨੇ ਹਜ਼ਰਤ ਮੁਹੰਮਦ ਨਾਲ ਲੜਾਈਆਂ ਵਿਚ ਸ਼ਾਮਲ ਹੋ ਕੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੋਵੇ। ਅਜਿਹੇ ਸ਼ਹੀਦਾਂ ਜਿਹੜੇ ਦੀਨ ਫੈਲਾਉਣ ਲਈ ਸ਼ਹੀਦੀ ਪ੍ਰਾਪਤ ਕਰਦੇ ਹਨ, ਨੂੰ ਅਮਰਤਾ ਪ੍ਰਾਪਤ ਹੁੰਦੀ ਹੈ। ਇਹੀ ਕਾਰਨ ਹੈ ਕਿ ਮੁਸਲਮਾਨ ਜਹਾਦ (ਧਰਮ ਯੁੱਧ) ਵਿਚ ਸ਼ਾਮਲ ਹੋਣਾ ਆਪਣਾ ਉਤਮ ਕਰਤਵ ਤਸੱਵਰ ਕਰਦੇ ਹਨ।
ਰੱਬ ਦੇ ਰਾਹ ‘ਤੇ ਜੋ ਯੁੱਧ ਦੀ ਧੂੜ ਨਾਲ ਢਕਿਆ ਗਿਆ
ਉਸ ਦੀਆਂ ਲੱਤਾਂ ਨੂੰ ਨਰਕ-ਅਗਨੀ ਛੂਹ ਨਹੀਂ ਸਕੇਗੀ।
(ਹਦੀਸ ਬੁਖਾਰੀ ਅਤੇ ਮੁਸਲਿਮ)
ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਹਾਂ
ਕਿ ਮੈਂ ਰੱਬ ਦੇ ਰਾਹ ‘ਤੇ ਲੜ ਕੇ ਮਰਨਾ ਚਾਹਾਂਗਾ।
ਮਾਰਿਆ ਜਾਵਾਂਗਾ ਤਾਂ ਫਿਰ ਜੀਵਨ ਵਿਚ ਲਿਆਇਆ ਜਾਵਾਂਗਾ।
ਫਿਰ ਮਾਰਿਆ ਜਾਵਾਂਗਾ ਅਤੇ ਦੁਬਾਰਾ ਜੀਵਨ ਵਿਚ ਲਿਆਂਦਾ ਜਾਵਾਂਗਾ
ਤਾਂ ਕਿ ਹਰ ਵਾਰੀ ਮੈਨੂੰ ਨਵਾਂ ਫਲ ਮਿਲੇ।
(ਹਦੀਸ ਬੁਖਾਰੀ ਅਤੇ ਮੁਸਲਿਮ)
ਇਸਲਾਮ ਵਿਚ ਸਭ ਤੋਂ ਉਤਮ ਸ਼ਹੀਦ ਉਸ ਨੂੰ ਕਿਹਾ ਜਾਂਦਾ ਹੈ ਜੋ ਰੱਬ ਦੀ ਰਜ਼ਾ ਵਿਚ ਸੱਚਾਈ ਦੇ ਮਾਰਗ ਉਤੇ ਚੱਲਦਿਆਂ ਆਪਣੀ ਜਾਨ ਵਾਰ ਦੇਵੇ। ਇਸੇ ਕਰ ਕੇ ਇਮਾਮ ਹੁਸੈਨ ਇਸਲਾਮ ਵਿਚ ਮਹਾਨ ਸ਼ਹੀਦ ਦੀ ਪਦਵੀ ਪ੍ਰਾਪਤ ਹੈ।
ਇਸਲਾਮ ਦੋ ਤਰ੍ਹਾਂ ਦੀ ਸ਼ਹੀਦੀ ਮੰਨਦਾ ਹੈ। ਖੁਦਾ ਦੇ ਡਰ ਨਾਲ ਰੋਂਦਿਆਂ ਜੇ ਕੋਈ ਮਰ ਜਾਵੇ ਤਾਂ ਉਸ ਨੂੰ ‘ਸ਼ਹਾਦਤ ਕਿਬਰਾ’ ਅਰਥਾਤ ਵੱਡੀ ਸ਼ਹੀਦੀ ਪ੍ਰਾਪਤ ਹੁੰਦੀ ਹੈ ਅਤੇ ਸ਼ਹੀਦੇ-ਅਕਬਰ ਤੋਂ ਰਿਆਮਤ ਵੇਲੇ ਕਿਸੇ ਪ੍ਰਕਾਰ ਦਾ ਹਿਸਾਬ ਨਹੀਂ ਮੰਗਿਆ ਜਾਂਦਾ। ਦੂਜੀ ਪ੍ਰਕਾਰ ਦੀ ਸ਼ਹੀਦੀ ਵਿਚ ਪਲੇਗ, ਤਪਦਿਕ ਆਦਿ ਨਾਲ ਮਰਨ ਵਾਲੇ ਉਹ ਬੰਦੇ ਆਉਂਦੇ ਹਨ ਜੋ ਮੋਮਨ ਹੋਣ, ਤੇ ਬਿਮਾਰੀ ਕਾਰਨ ਹੋਣ ਵਾਲੀ ਮੌਤ ਤੋਂ ਡਰ ਕੇ ਦੇਸ਼ ਛੱਡ ਕੇ ਨਾ ਚਲੇ ਜਾਣ। ਅਜਿਹੇ ਸ਼ਹੀਦਾਂ ਨੂੰ ਕਿਆਮਤ ਵਾਲੇ ਦਿਨ ਹਿਸਾਬ ਦੇਣਾ ਪੈਂਦਾ ਹੈ। ਬੇਗੁਨਾਹ ਦਾ ਕਤਲ ਵੀ ਸ਼ਹਾਦਤ ਮੰਨਿਆ ਜਾਂਦਾ ਹੈ। ਜੇ ਕਿਸੇ ਦੀ ਜ਼ਹਿਰ ਨਾਲ ਮੌਤ ਹੋ ਜਾਵੇ ਤਾਂ ਉਸ ਨੂੰ ਵੀ ਸ਼ਹੀਦ ਮੰਨਿਆ ਜਾਂਦਾ ਹੈ ਪਰ ਜੋ ਜ਼ਹਿਰ ਖੁਦ ਖਾ ਲਵੇ, ਤਾਂ ਖੁਦਕੁਸ਼ੀ ਹੈ।
ਇਸਲਾਮ ਵਿਚ ਸ਼ਹੀਦ ਤੇ ਗਾਜ਼ੀ ਵਿਚ ਵੀ ਅੰਤਰ ਕੀਤਾ ਗਿਆ ਹੈ। ਜਿਹੜਾ ਮੁਸਲਮਾਨ, ਕਾਫ਼ਿਰਾਂ ਨਾਲ ਲੜਦਾ ਮਾਰਿਆ ਜਾਵੇ, ਉਹ ਸ਼ਹੀਦ ਕਹਾਉਂਦਾ ਹੈ, ਤੇ ਜਿਹੜਾ ਸਫਲ ਹੋ ਜਾਵੇ ਤੇ ਕਾਫਰਾਂ ਨੂੰ ਜਿੱਤ ਲਵੇ, ਗਾਜ਼ੀ ਕਹਾਉਂਦਾ ਹੈ। ਇਸਲਾਮ ਵਿਚ ਸ਼ਹੀਦੀ ਨੂੰ ਰੱਬੀ ਦਾਤ ਤਸੱਵਰ ਕੀਤਾ ਗਿਆ ਹੈ ਅਤੇ ਇਹ ਰੱਬੀ ਹੁਕਮ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਇਸਲਾਮੀ ਵਿਸ਼ਵਾਸ ਵਿਚ ਵੀ ਈਸਾਈ ਧਰਮ ਵਾਂਗ ਸ਼ਹੀਦ ਸਿੱਧੇ ਸਵਰਗਾਂ ਨੂੰ ਜਾਂਦੇ ਹਨ। ਸਵਰਗ ਵਿਚ ਹਰਿਆਵਲੇ ਬਾਗਾਂ ਵਿਚ ਸੁੰਦਰ ਅਤੇ ਸੁਹਾਵਣੇ ਝਰਨਿਆਂ ਦੀਆਂ ਠੰਢੀਆਂ ਹਵਾਵਾਂ ਵਿਚ ਸ਼ਹੀਦਾਂ ਨੂੰ ਖੁਸ਼ੀ ਮਾਣਦੇ ਦੱਸਿਆ ਗਿਆ ਹੈ ਅਤੇ ਉਨ੍ਹਾਂ ਦੀ ਸੰਗਤ ਲਈ ਹਰ ਇਕ ਵਾਸਤੇ ਕਾਲੀਆਂ ਮੋਟੀਆਂ ਅੱਖਾਂ ਵਾਲੀਆਂ 72 ਹੂਰਾਂ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਉਨ੍ਹਾਂ ਦਾ ਹੁਸਨ ਉਨ੍ਹਾਂ ਨੂੰ ਹਮੇਸ਼ਾ ਖੁਸ਼ ਰੱਖੇਗਾ। ਫਲਾਂ ਨਾਲ ਲੱਦੇ ਬ੍ਰਿਛ ਤੇ ਖੁੱਲ੍ਹੀ ਛਾਂ ਹੇਠ ਵਗਦੇ ਪਾਣੀਆਂ ਦੇ ਕੰਢੇ ਫਲਾਂ ਦੇ ਢੇਰ ਉਤੇ ਉਨ੍ਹਾਂ ਦਾ ਬਸੇਰਾ ਹੋਵੇਗਾ। (ਕੁਰਾਨ ਮਜੀਦ, ਸੂਰਤ-ਅਲ-ਇਮਰਾਨ, 3æ196, ਸਫਾ 174)
ਸਿੱਖ ਧਰਮ ਵਿਚ ਸ਼ਹਾਦਤ ਦਾ ਸੰਕਲਪ
ਸਵੈ-ਮਾਣ ਨਾਲ ਭਰੇ ਸਿੱਖਾਂ ਲਈ ਇਹ ਫਖਰ ਵਾਲੀ ਗੱਲ ਹੈ ਕਿ ਇਸ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਭਾਰਤੀ ਚਿੰਤਨ ਵਿਚ ਸ਼ਹੀਦ ਸ਼ਬਦ ਪਹਿਲੀ ਵਾਰ ਸਿਧਾਂਤ ਅਤੇ ਅਮਲ ਦੇ ਰੂਪ ਵਿਚ ਸਿੱਖ ਮਤ ਵਿਚ ਉਦੇਮਾਨ ਹੋਇਆ। ਸਿੱਖਾਂ ਦੇ ਜੀਵਨ ਜਾਚ ਵਿਚ ਸ਼ਹੀਦੀ ਦਾ ਸੰਕਲਪ ਹਰ ਰੋਜ਼ ਦਾ ਅਮਲ ਹੈ। ਸਿੱਖਾਂ ਦਾ ਰੋਮ-ਰੋਮ ਸ਼ਹਾਦਤ ਦੀ ਗਵਾਹੀ ਭਰਦਾ ਹੈ। ਸਿੱਖ ਸ਼ਹੀਦੀ ਦੇ ਚਾਓ ਦੀ ਪੂਰਤੀ ਲਈ ਹਰ ਵਕਤ ਤਿਆਰ ਰਹਿੰਦਾ ਹੈ। ਸਿੱਖ ਗੁਰੂਆਂ ਨੇ ‘ਜੂਝ ਮਰੋ ਤਹਿ ਸਾਜ ਪਤੀਜੈ’ ਦਾ ਮਹਾਨ ਸੰਕਲਪ ਸਿੱਖਾਂ ਦੇ ਦਿਲਾਂ ਦੀ ਧੜਕਣ ਵਿਚ ਵਸਾ ਦਿੱਤਾ ਜਿਸ ‘ਤੇ ਚੱਲਦਿਆਂ ਲੱਖਾਂ ਸਿੱਖਾਂ ਨੇ ਸੱਚ, ਇਨਸਾਫ ਤੇ ਇਨਸਾਨੀ ਕਦਰਾਂ-ਕੀਮਤਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ।
ਸਿੱਖ ਇਤਿਹਾਸ ਦੇ ਸਫੇ ਸ਼ਹੀਦਾਂ ਦੇ ਖੂਨ ਨਾਲ ਭਰੇ ਪਏ ਹਨ। ਇਹ ਸ਼ਹੀਦੀਆਂ ਕਿਸੇ ਇਕ ਦੌਰ ਦੀਆਂ ਨਹੀਂ ਸਗੋਂ ਸਦੀਆਂ ਪੁਰਾਣੀਆਂ ਹਨ। ਸਿੱਖ ਚਿੰਤਨ ਵਿਚ ਸੱਚ ਅਤੇ ਮਨੁੱਖਤਾ ਦੇ ਭਲੇ ਲਈ ਜੂਝ ਮਰਨਾ ਹੀ ਸ਼ਹਾਦਤ ਹੈ। ਸਿੱਖ ਸ਼ਹਾਦਤ ਨਾ ਤਾਂ ਨਿੱਜ ਲਈ ਹੈ, ਤੇ ਨਾ ਕੇਵਲ ਆਪਣੀ ਕੌਮ ਦੇ ਸਨਮਾਨ ਵਾਸਤੇ ਹੈ, ਸਗੋਂ ਇਹ ਤਾਂ ਮਨੁੱਖਤਾ ਦੇ ਸਨਮਾਨ ਅਤੇ ਹਰ ਤਰ੍ਹਾਂ ਦੀ ਬੇਇਨਸਾਫੀ ਵਿਰੁਧ ਹੈ। ਸ਼ਹੀਦ ਉਹ ਹੁੰਦਾ ਹੈ ਜੋ ਦੇਹ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣੀ ਚੇਤਨਾ ਨੂੰ ਰੱਬੀ ਸੁਹਜ ਨਾਲ ਇਕਸੁਰ ਕਰ ਲੈਂਦਾ ਹੈ। “ਸ਼ਹਾਦਤ ਮਨੁੱਖੀ ਹਸਤੀ ਨੂੰ ਰੱਬੀ ਸੁਹਜ ਦੇ ਕੇਂਦਰ ਵਿਚ ਲਿਆਉਂਦੀ ਹੈ। ਇਵੇਂ ਮਨੁੱਖ ਦਾ ਰੂਹਾਨੀ ਸਫਰ ਅਜ਼ੀਮ ਸਾਬਤ ਹੋ ਜਾਂਦਾ ਹੈ ਅਤੇ ਉਸ ਨੂੰ ਹਾਸਲ ਕਰਦਿਆਂ ਰਹਿਮ ਵਿਚ ਅੰਤਮ ਨਾਂਹ ਨੂੰ ਆਪਣੇ ਵਿਚ ਸਮੋ ਲੈਣ ਦੀ ਤਾਕਤ ਆ ਜਾਂਦੀ ਹੈ।” (ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖਾਲਸਾ)
ਸਭ ਤੋਂ ਪਹਿਲਾਂ ਸਿੱਖ ਧਰਮ ਵਿਚ ਸ਼ਹੀਦ ਸ਼ਬਦ ਗੁਰੂ ਨਾਨਕ ਵਲੋਂ ਉਚਾਰੀ ਬਾਣੀ ਵਿਚ ਮਿਲਦਾ ਹੈ। ਇਸ ਵਿਚ ਸ਼ਹੀਦ ਸ਼ਬਦ ਨੂੰ ਮਹਾਨ ਰੁਤਬਾ ਦੇ ਕੇ ਪੀਰਾਂ, ਪੈਗੰਬਰਾਂ ਅਤੇ ਗੁਰੂਆਂ ਵਰਗਾ ਹੀ ਮੰਨਿਆ ਹੋਇਆ ਹੈ ਅਤੇ ਇਨ੍ਹਾਂ ਨੂੰ ਬਰਾਬਰੀ ਦਾ ਆਧਾਰ ਮੁਹੱਈਆ ਕਰਵਾਉਂਦਿਆਂ ਗੁਰੂ ਜੀ ਹੁਕਮ ਕਰਦੇ ਹਨ,
ਪੀਰ ਪੈਕਾਮਰ ਸਾਲਕ ਸਾਦਕ
ਸੁਹਦੇ ਅਉਰੁ ਸਹੀਦ॥
ਸੇਖ ਮਸਾਇਕ ਕਾਜੀ ਮੁਲਾ
ਦਰਿ ਦਰਵੇਸ ਰਸੀਦ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਸਿਰੀ ਰਾਗ ਮਹਲਾ ਪਹਿਲਾ, ਸਫਾ 53)
ਜੋ ਨਿਰਭਉ ਹੈ, ਜੋ ਨਿਰਵੈਰ ਹੈ, ਉਹ ਸ਼ਹੀਦ ਹੈ। “ਜੋ ਦੂਜਿਆਂ ਦੀ ਆਜ਼ਾਦੀ ਲਈ, ਉਨ੍ਹਾਂ ਦੀ ਵਿਚਾਰਧਾਰਾ ਦੀ ਰਾਖੀ ਲਈ ਮਰ ਮਿਟਣ ਦਾ ਸੰਕਲਪ ਪਾਲਦਾ ਹੈ, ਉਹ ਸ਼ਹੀਦ ਹੈ।” ਸਿੱਖ ਸ਼ਹਾਦਤ ਨਾ ਤਾਂ ਨਿੱਜ ਲਈ ਹੈ, ਤੇ ਨਾ ਹੀ ਕੇਵਲ ਆਪਣੀ ਕੌਮ ਦੇ ਸਨਮਾਨ ਲਈ ਸਗੋਂ ਇਹ ਸ਼ਹਾਦਤ ਮਨੁੱਖਤਾ ਦੇ ਸਨਮਾਨ ਅਤੇ ਹਰ ਤਰ੍ਹਾਂ ਦੀ ਬੇਇਨਸਾਫੀ ਵਿਰੁਧ ਲੜ ਮਰਨ ਦੀ ਲੜਾਈ ਹੈ। ਗੁਰੂਆਂ ਦੀ ਸ਼ਹਾਦਤ ਜ਼ੁਲਮ, ਬੇਇਨਸਾਫੀ ਅਤੇ ਧਿੰਗੋਜ਼ੋਰੀ ਦੇ ਵਿਰੁਧ ਸੀ, ਕਿਸੇ ਖਾਸ ਧਰਮ ਤੇ ਮਨੁੱਖ ਵਿਰੁਧ ਨਹੀਂ। ਸਿੱਖ ਗੁਰੂਆਂ ਦੀ ਸ਼ਹੀਦੀ, ਵਿਚਾਰਾਂ ਦੀ ਆਜ਼ਾਦੀ ਲਈ ਸੀ। ਵਿਚਾਰਾਂ ਦੀ ਆਜ਼ਾਦੀ ਮਨੁੱਖਤਾ ਦਾ ਸਾਂਝਾ ਧਰਮ ਹੈ ਤੇ ਸਾਂਝੇ ਧਰਮ ਵਾਸਤੇ ਮਰ ਮਿਟਣਾ ਗੁਰੂਆਂ ਦੀ ਸਭ ਤੋਂ ਉਚੀ ਤੇ ਸੁੱਚੀ ਸ਼ਹਾਦਤ ਸੀ ਜਿਸ ਦੀ ਮਿਸਾਲ ਕਿਸੇ ਵੀ ਧਰਮ ਵਿਚ ਤਲਾਸ਼ ਕਰਨੀ ਲਗਭਗ ਅਸੰਭਵ ਹੈ।
“ਸਿੱਖ ਕੌਮ ਨੂੰ ਸ਼ਹੀਦੀ ਵਿਰਸੇ ਵਿਚ ਮਿਲੀ ਹੈ। ਬਹਾਦਰ ਕੌਮਾਂ ਦੇ ਮਹਿਲ ਇੱਟਾਂ ਤੇ ਗਾਰੇ ਨਾਲ ਨਹੀਂ ਉਸਾਰੇ ਜਾਂਦੇ, ਸਗੋਂ ਸ਼ਹੀਦ ਦੀਆਂ ਹੱਡੀਆਂ, ਖੂਨ ਤੇ ਮਿੱਝ ਨਾਲ ਉਸਾਰੇ ਹੁੰਦੇ ਹਨ। ਇਹ ਮਹਿਲ ਜ਼ੁਲਮ ਦੇ ਝੱਖੜਾਂ ਨਾਲ ਗਿਰਦੇ ਨਹੀਂ ਸਗੋਂ ਕੌਮ ਦੇ ਲਤਾੜੇ ਤੇ ਪਛਾੜੇ ਲੋਕਾਂ ਨੂੰ ਸ਼ਰਨ ਦਿੰਦੇ ਹਨ। ਸ਼ਹੀਦ ਦਾ ਖੂਨ ਧਰਤੀ ‘ਤੇ ਇਸੇ ਲਈ ਹੀ ਡੁੱਲ੍ਹਣ ਦਿੱਤਾ ਜਾਂਦਾ ਹੈ ਕਿਉਂਕਿ ਇਸ ਖੂਨ ਵਿਚ ਕ੍ਰਾਂਤੀ ਦੇ ਬੀਜ ਹੁੰਦੇ ਹਨ। ਇਸ ਨਾਲ ਕੌਮਾਂ ਵਿਚ ਪਰਿਵਰਤਨ ਆਉਂਦਾ ਹੈ, ਕੌਮ ਮੁੜ ਜਾਗ ਉਠਦੀ ਹੈ। ਅਜਿਹਾ ਸਾਹਸ ਜ਼ੁਲਮ ਦਾ ਖੁਰਾ-ਖੋਜ ਮਿਟਾਉਣ ਲਈ ਦਲੇਰੀ ਬਖਸ਼ਦਾ ਹੈ। ਚੜ੍ਹਦੀ ਕਲਾ ਸ਼ਹੀਦ ਦੇ ਖੂਨ ਦਾ ਬੁਨਿਆਦੀ ਤੱਤ ਹੁੰਦਾ ਹੈ।” (ਡਾæ ਸ਼ਮਸ਼ੇਰ ਸਿੰਘ)
ਸ਼ਹੀਦਾਂ ਨੂੰ ਭਾਵੇਂ ਅਸੀਂ ਕਿਸੇ ਨਿਯਮਬੱਧ ਸ਼੍ਰੇਣੀ ਵਿਚ ਨਹੀਂ ਰੱਖ ਸਕਦੇ ਪਰ ਸਿੱਖ ਧਰਮ ਅੰਦਰ ਇਕ ਤਾਂ ਉਹ ਸ਼ਹੀਦ ਹਨ ਜਿਨ੍ਹਾਂ ਨੇ ਧਰਮ, ਕੌਮ, ਸੱਚੇ ਤੇ ਸੁੱਚੇ ਆਦਰਸ਼ਾਂ ਲਈ ਸ਼ਾਂਤਮਈ ਰਹਿ ਕੇ ਕੁਰਬਾਨੀ ਦਿੱਤੀ। ਦੁੱਖ-ਤਕਲੀਫਾਂ ਨੂੰ ਖਿੜੇ ਮੱਥੇ ਕਬੂਲ ਕੀਤਾ। ‘ਤੇਰਾ ਭਾਣਾ ਮੀਠਾ ਲਾਗੈ’ ਦਾ ਸੰਕਲਪ ਸੁਰਜੀਤ ਕੀਤਾ। ਗੁਰੂ ਅਰਜਨ ਦੇਵ ਸੰਸਾਰ ਦੇ ਉਹ ਪਹਿਲੇ ਸ਼ਹੀਦ ਹਨ ਜਿਨ੍ਹਾਂ ਨੇ ਜ਼ੁਲਮ ਸਹਿੰਦੇ ਹੋਏ ਸ਼ਾਂਤਮਈ ਸ਼ਹੀਦੀ ਪ੍ਰਾਪਤ ਕੀਤੀ।
ਦੂਜੇ ਸ਼ਹੀਦ ਉਹ ਹਨ ਜੋ ਮੈਦਾਨ-ਏ-ਜੰਗ ਵਿਚ ਜੂਝਦੇ ਹਨ ਅਤੇ ਜ਼ੁਲਮ ਤੇ ਜ਼ਾਲਮ ਖਿਲਾਫ ਸ਼ਹੀਦੀ ਦਿੰਦੇ ਹਨ। ਗੁਰਬਾਣੀ ਦਾ ਫਰਮਾਨ ਹੈ,
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ॥
ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਪਹਿਲਾ ਨੇਤਾ ਸੀ ਜਿਸ ਨੇ ਲੜਾਈਆਂ ਮੁਗਲ ਰਾਜ ਨੂੰ ਨਕਾਰਾ ਕਰਨ ਲਈ ਹੀ ਨਹੀਂ ਲੜੀਆਂ ਸਗੋਂ ਇਸ ਦਾ ਖੁਰਾ-ਖੋਜ ਮਿਟਾਉਣ ਲਈ ਲੜੀਆਂ; ਇਸ ਕੰਮ ਵਿਚ ਭਾਵੇਂ ਉਹ ਆਪ ਸ਼ਹੀਦ ਹੋ ਗਏ ਪਰ ਇਹ ਚਿਣਗ ਸਿੱਖਾਂ ਨੂੰ ਲਾ ਦਿੱਤੀ ਕਿ ਮੁਗਲ ਅਜੇਤੂ ਨਹੀਂ ਹਨ। ਡਾæ ਗੰਡਾ ਸਿੰਘ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਹੋਏ ਸਿੰਘਾਂ ਦੀ ਗੱਲ ਕਰਦੇ ਹੋਏ ਲਿਖਦੇ ਹਨ, “ਬੰਦਾ ਸਿੰਘ ਦੇ ਲਗਭਗ 200 ਸਾਥੀ ਸਨ ਜੋ ਸਭ ਸੰਗਲਾਂ ਨਾਲ ਬੰਨ੍ਹੇ ਹੋਏ ਸਨ। ਅਬਦੁੱਲ ਸਮਦ ਖਾਂ ਦੇ ਪੁੱਤਰ ਜ਼ਕਰੀਆਂ ਖਾਂ ਜੋ ਇਸ ਕਾਰਵਾਈ ਦਾ ਇੰਚਾਰਜ ਸੀ, ਨੇ ਮਹਿਸੂਸ ਕੀਤਾ ਕਿ ਬਾਦਸ਼ਾਹ ਨੂੰ ਪੇਸ਼ ਕਰਨ ਲਈ ਇਹ 200 ਕੈਦੀ ਥੋੜ੍ਹੇ ਹਨ, ਇਸ ਲਈ ਉਸ ਨੇ ਰਸਤੇ ਵਿਚ ਆਉਂਦੇ ਪਿੰਡਾਂ ਵਿਚੋਂ ਕਈ ਹਜ਼ਾਰ ਹੋਰ ਆਦਮੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਕੈਦੀਆਂ ਦੀ ਗਿਣਤੀ 740 ਅਤੇ ਨੇਜਿਆਂ ‘ਤੇ ਟੰਗੇ ਸਿਰਾਂ ਦੀ ਗਿਣਤੀ 2000 ਹੋ ਗਈ। ਇਨ੍ਹਾਂ ਤੋਂ ਇਲਾਵਾ ਸਿੱਖਾਂ ਦੇ ਸਿਰਾਂ ਨਾਲ ਲੱਦੇ ਹੋਏ 700 ਗੱਡੇ ਵੀ ਇਸ ਅਤਿ ਨਿਰਦਈ ਘਟਨਾ ਦਾ ਭਾਗ ਸਨ।” (ਸਿੱਖ ਇਤਿਹਾਸ, ਸਫਾ 98-99, ਪ੍ਰਿੰæ ਤੇਜਾ ਸਿੰਘ ਤੇ ਡਾæ ਗੰਡਾ ਸਿੰਘ)
ਗਿਆਨੀ ਗਿਆਨ ਸਿੰਘ ਅਨੁਸਾਰ, ਮੁਗਲ ਫੌਜਦਾਰਾਂ ਨੇ ਬਹੁਤ ਸਾਰੇ ਹਿੰਦੂ ਵੀ ਜੋ ਕੇਸ-ਦਾੜ੍ਹੀ ਵਾਲੇ ਸਨ, ਫੜ੍ਹ ਕੇ ਕੈਦੀਆਂ ਦੀ ਗਿਣਤੀ ਆਪਣੀ ਬਹਾਦਰੀ, ਚਲਾਕੀ ਵਿਖਾਉਣ ਲਈ ਵਧਾ ਲਈ। ਕੋਈ ਲਾਲਚ, ਕੋਈ ਦਿਲਾਸਾ ਉਨ੍ਹਾਂ ਨੂੰ ਬੇ-ਦੀਨ ਨਾ ਕਰ ਸਕਿਆ। ਉਹ ਅੰਦਰੋਂ ਇੰਨੇ ਦ੍ਰਿੜ ਸੰਕਲਪ ਸਨ ਕਿ ਉਨ੍ਹਾਂ ਨੇ ਬੇਕਸੂਰ ਹੁੰਦਿਆਂ ਵੀ ਨਾ ਤਾਂ ਕਿਸੇ ਹਾਕਮ ਅੱਗੇ ਫਰਿਆਦ ਕੀਤੀ ਅਤੇ ਨਾ ਹੀ ਆਪਣੀ ਜਾਨ ਬਖਸ਼ੀ ਲਈ ਕੋਈ ਹੋਰ ਯਤਨ ਕੀਤਾ। ਡਾæ ਗੋਕਲ ਚੰਦ ਨਾਰੰਗ ਨੇ ਫਾਰਸੀ ਸਰੋਤਾਂ ਦੇ ਹਵਾਲੇ ਨਾਲ ਇਸ ਘਟਨਾ ਦਾ ਮੁਲੰਕਣ ਕਰਦਿਆਂ ਲਿਖਿਆ ਹੈ, “ਉਨ੍ਹਾਂ ਨੇ ਪੂਰਨ ਨਿਰਲੇਪਤਾ ਨਾਲ ਸ਼ਹੀਦੀ ਕਬੂਲ ਕੀਤੀ ਸਗੋਂ ਉਨ੍ਹਾਂ ਨੇ ਇਕ-ਦੂਜੇ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰਨ ਲਈ ਤਤਪਰਤਾ ਵਿਖਾਈ।” (ਗੋਕਲ ਚੰਦ ਨਾਰੰਗ, ਸਿੱਖ ਮਤ ਦਾ ਪਰਿਵਰਤਨ, ਸਫਾ 120)
ਸਿਦਕ ਨਾ ਹਾਰਨ ਵਾਲੇ ਅਤੇ ਧਰਮ ਯੁੱਧ ਵਿਚ ਸ਼ਹੀਦੀਆਂ ਦੇਣ ਵਾਲਿਆਂ ਦੀ ਸੂਚੀ ਵਿਚ ਭਾਈ ਤਾਰਾ ਸਿੰਘ (ਸੰਨ 1702-25), ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਭਾਈ ਸੁਬੇਗ ਸਿੰਘ, ਭਾਈ ਸਹਿਬਾਜ਼ ਸਿੰਘ, ਬਾਬਾ ਗੁਰਬਖਸ਼ ਸਿੰਘ, ਬਾਬਾ ਰਾਮ ਸਿੰਘ ਬੇਦੀ ਅਤੇ ਬਾਬਾ ਦੀਪ ਸਿੰਘ ਵੀ ਸਨ। ਲੱਖਾਂ ਸਿੰਘ-ਸਿੰਘਣੀਆਂ ਦੀ ਸ਼ਹੀਦੀ ਰੋਜ਼ ਦਾ ਵਰਤਾਰਾ ਸੀ। ਇਨ੍ਹਾਂ ਸਿੰਘਾਂ-ਸਿੰਘਣੀਆਂ ਨੇ ਗੁਰੂ ਨਾਨਕ ਦੁਆਰਾ ਸਿੱਖੀ ਪ੍ਰਵੇਸ਼ ਲਈ ਪਹਿਲੀ ਸ਼ਰਤ ਦੀ ਪੂਰਤੀ ਕਰ ਵਿਖਾਈ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਸਫਾ 1412)
ਦੂਜੇ ਲੋਕਾਂ ਦਾ ਧਰਮ ਬਚਾਉਣ ਲਈ ਸ਼ਹੀਦ ਹੋਣਾ, ਸ਼ਹੀਦੀ ਦਾ ਉਤਮ ਦਰਜਾ ਹੈ। ਐਸੇ ਸ਼ਹੀਦ ਲਈ ਬਿਖੜੇ ਅਤੇ ਔਖੇ ਰਸਤੇ ਆਉਂਦੇ ਹਨ। ਹਕੂਮਤ ਵਲੋਂ ਕਈ ਪ੍ਰਕਾਰ ਦੇ ਲਾਲਚ ਅਤੇ ਡਰਾਵੇ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਜੁਆਬ ਉਹ ਕੁਰਬਾਨੀ ਰਾਹੀਂ ਦਿੰਦਾ ਹੈ। ਐਸੇ ਸ਼ਹੀਦ ਦਾ ਇਤਿਹਾਸ ਖੂਨ ਨਾਲ ਲਿਖਿਆ ਜਾਂਦਾ ਹੈ। ਸ਼ਹੀਦ ਦੀ ਮਿੱਟੀ ਭਾਗਾਂ ਵਾਲੀ ਹੁੰਦੀ ਹੈ। ਲੋਕ ਇਸ ਨੂੰ ਸਜਦਾ ਕਰਦੇ ਹਨ ਅਤੇ ਮੱਥੇ ‘ਤੇ ਲਾਉਂਦੇ ਹਨ। ਸਿੱਖ ਗੁਰੂਆਂ ਦੀ ਸ਼ਹੀਦੀ ਅਨੋਖੀ ਤੇ ਵਿਲੱਖਣ ਹੈ। ਉਨ੍ਹਾਂ ਨੇ ਸ਼ਹਾਦਤ ਆਪਣੇ ਧਰਮ ਲਈ ਹੀ ਨਹੀਂ ਦਿੱਤੀ ਸਗੋਂ ਸਮੁੱਚੀ ਮਾਨਵਤਾ ਦੇ ਜਮਹੂਰੀ ਹੱਕਾਂ ਲਈ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਬਾਰੇ ਲਿਖਦਿਆਂ ਗੁਰੂ ਗੋਬਿੰਦ ਸਿੰਘ ਦਾ ਇਹ ਕਥਨ ‘ਧਰਮ ਹੇਤ ਸਾਕਾ ਜਿਨ ਕੀਆ॥ ਸੀਸ ਦੀਆ ਪਰ ਸਿਰਰ ਨ ਦੀਆ॥’ ਇਸੇ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਉਨ੍ਹਾਂ ਦੀ ਸ਼ਹਾਦਤ ਧਰਮ ਦੀ ਰੱਖਿਆ ਵਾਸਤੇ ਸੀ, ਭਾਵੇਂ ਉਹ ਧਰਮ ਕਿਸੇ ਦੂਜੇ ਦਾ ਹੀ ਸੀ। ਗੁਰੂ ਤੇਗ ਬਹਾਦਰ ਦਾ ਇਹ ਦ੍ਰਿੜ ਸੰਕਲਪ ਸੀ ਕਿ ਧਾਰਮਿਕ ਵਿਚਾਰਾਂ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰ ਦੀ ਰਖਵਾਲੀ ਲਈ ਸਿਰ ਤਾਂ ਦਿੱਤਾ ਜਾ ਸਕਦਾ ਹੈ ਪਰ ਪਿਛੇ ਨਹੀਂ ਹਟਿਆ ਜਾ ਸਕਦਾ। ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਅਤੇ ਵੱਡੇ ਕਾਜ਼ੀ ਵਿਚ ਹੋਈ ਵਾਰਤਾਲਾਪ ਇਸ ਗੱਲ ਦੀ ਪੁਸ਼ਟੀ ਕਰਦੀ ਹੈ,
ਇਹ ਮੇਰੀ ਸ਼ਹਾਦਤ ਜ਼ੁਲਮ ਦੇ ਵਿਰੁਧ ਹੈ, ਨਾ ਕਿ ਇਸਲਾਮ ਦੇ ਵਿਰੁਧ।
ਔਰੰਗਜ਼ੇਬ ਮਜ਼ਲੂਮਾਂ ਉਤੇ ਜ਼ੁਲਮ ਕਰ ਰਿਹਾ ਹੈ,
ਜੇ ਉਸ ਦੇ ਜ਼ੁਲਮ ਵਿਰੁਧ ਮੁਲਸਮਾਨ ਵੀ ਮੇਰੇ ਕੋਲ ਸਹਾਇਤਾ ਲਈ ਆਉਂਦੇ,
ਤਾਂ ਮੈਂ ਆਪਣੀ ਜਾਨ ਉਨ੍ਹਾਂ ਲਈ ਵੀ ਨਿਛਾਵਰ ਕਰ ਦਿੰਦਾ। (ਡਾæ ਸਰਬਜਿੰਦਰ ਸਿੰਘ)
13 ਮੱਘਰ 1732 ਸੰਮਤ, ਭਾਵ ਦਸਬੰਰ 1675 ਈਸਵੀ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਦੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ ਵੀ ਵੱਖ-ਵੱਖ ਤਰ੍ਹਾਂ ਸ਼ਹੀਦ ਕੀਤਾ ਗਿਆ।
ਸਬਰ, ਸਿਦਕ ਵਾਲੀ ਸ਼ਹੀਦੀ ਦਾ ਸਿਲਸਿਲਾ ਅਗਾਂਹ ਤੁਰਿਆ ਅਤੇ ਨੌਵੇਂ ਪਾਤਿਸ਼ਾਹ ਦੇ ਦੋ ਪੋਤਰਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਚਮਕੌਰ ਦੀ ਲੜਾਈ ਵਿਚ ਦੁਸ਼ਮਣਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦਿਆਂ- ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਲਾਸਾਨੀ ਸ਼ਹਾਦਤ ਦਿੱਤੀ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਨੂੰ ਧਰਮ ਨਾਲੋਂ ਤੋੜ ਕੇ ਹੋਰ ਕਿਸੇ ਪੱਖ ਤੋਂ ਦੇਖਣਾ ਬਿਲਕੁਲ ਅਸੰਭਵ ਹੈ। ਉਨ੍ਹਾਂ ਦੇ ਸਾਹਮਣੇ ਕੇਵਲ ਦੋ ਹੀ ਰਸਤੇ ਸਨ- ਜਾਂ ਧਰਮ ਤਿਆਗੋ, ਤੇ ਜਾਂ ਮੌਤ ਪ੍ਰਵਾਨ ਕਰੋ। ਉਨ੍ਹਾਂ ਹੱਸ ਕੇ ਮੌਤ ਕਬੂਲ ਕਰ ਲਈ ਅਤੇ ਧਰਮ ਵਾਸਤੇ ਸਭ ਕੁਝ ਕੁਰਬਾਨ ਕਰਨ ਦਾ ਸੰਦੇਸ਼ ਸੰਸਾਰ ਨੂੰ ਦੇ ਗਏ।
ਸਿੱਖਾਂ ਦੀ ਅਰਦਾਸ
ਸਿੱਖ ਧਰਮ ਵਿਚ ਸ਼ਹੀਦੀ ਦੀ ਮਹਿਮਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਿਥੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਵਾਇਆ ਜਾਂਦਾ ਹੈ, ਉਥੇ ਪਾਠ ਦਾ ਭੋਗ ਪੈਣ ‘ਤੇ ਜਿਹੜੀ ਅਰਦਾਸ ਕੀਤੀ ਜਾਂਦੀ ਹੈ, ਉਨ੍ਹਾਂ ਵਿਚ ਸ਼ਹੀਦਾਂ ਦੀ ਸ਼ਹੀਦੀ ਦਾ ਸਮੂਹਕ ਗੁਣ-ਗਾਣ ਕੀਤਾ ਜਾਂਦਾ ਹੈ,
ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ,
ਹਠੀਆਂ, ਜਪੀਆਂ, ਤਪੀਆਂ
ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ,
ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠਾ ਕੀਤਾ,
ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ
ਖਾਲਸਾ ਜੀ, ਬੋਲੋ ਜੀ ਵਾਹਿਗੁਰੂ
ਜਿਨ੍ਹਾਂ ਸਿੰਘਾਂ, ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ,
ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜ੍ਹੇ,
ਆਰਿਆਂ ਨਾਲ ਸੀਸ ਚਿਰਾਏ,
ਸਿੱਖੀ ਕੇਸਾਂ, ਸੁਆਸਾਂ ਨਾਲ ਨਿਭਾਈ,
ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ
ਖਾਲਸਾ ਜੀ, ਬੋਲੋ ਜੀ ਵਾਹਿਗੁਰੂ।
ਅਰਦਾਸ ਵਿਚ ਪੇਸ਼ ਕੀਤੀ ਸ਼ਹੀਦੀਆਂ ਲਈ ਸ਼ਰਧਾ ਸਿੱਖ ਕੌਮ ਨੂੰ ਸ਼ਹੀਦਾਂ ਦੇ ਨਕਸ਼ੇ-ਕਦਮ ‘ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ, ਸ਼ਹੀਦੀ ਲਈ ਚਾਉ ਤੇ ਉਤਸ਼ਾਹ ਦੀ ਜੋਤ ਜਗਾਉਂਦੀ ਹੈ।