ਦੀਦੀਵਾਦੀਆਂ ਦੀ ਭੀੜ ਵਿਚ ਅਸੀਂ ਬੇਦੀਦੀਏ

ਅੰਮ੍ਰਿਤਾ ਪ੍ਰੀਤਮ-2
ਗੁਰਬਚਨ ਸਿੰਘ ਭੁੱਲਰ
ਫੋਨ: 1191-1142502364
ਮੈਂ ਤੇ ਗੁਰਦੇਵ ਖੁੱਲ੍ਹ ਕੇ ਗੱਲਾਂ ਕਰਦੇ, ਰਚਨਾਵਾਂ ਬਾਰੇ ਟਿੱਪਣੀਆਂ ਕਰਦੇ, ਲਤੀਫ਼ੇ ਤੇ ਟੋਟਕੇ ਸੁਣਾਉਂਦੇ ਤੇ ਵਿਚ-ਵਿਚ ਟਿੱਚਰਾਂ ਦਾ ਛਿੱਟਾ ਦਿੰਦੇ। ਅਸੀਂ ਕੋਰੇ ਲੱਠੇ ਵਾਂਗ ਸੀ ਜਿਸ ਉਤੇ ਅਜੇ ਕੋਈ ਹੋਰ ਰੰਗ ਨਾ ਚੜ੍ਹਿਆ ਹੋਵੇ। ਸਾਡੇ ਬੋਲਣ, ਹੱਸਣ, ਵਿਚਰਨ ਵਿਚ ਸੁਭਾਵਿਕਤਾ ਤੇ ਕੁਦਰਤੀਪਨ ਸੀ।

ਸ਼ਹਿਰੀ ਕਿਸਮ ਦਾ ਸੰਕੋਚ, ਨੀਵੀਂ ਸੁਰ ਵਿਚ ਬੋਲਣਾ, ਨੀਵੀਂ ਸੁਰ ਵਿਚ ਹੱਸਣਾ ਸਾਨੂੰ ਪਖੰਡ ਲਗਦਾ। ਕਈ ਵਾਰ ਸਾਡੀ ਅਣਜਾਣਤਾ ਕੁਝ ਕਸੂਤਾ ਕਰ ਬੈਠਦੀ। ਜਦੋਂ ਅਸੀਂ ਆਪਣਾ ਹੀ ਮਖੌਲ ਉਡਾਉਣ ਵਾਲੀ ਅਜਿਹੀ ਗੱਲ ਵੀ ਛੁਪਾਉਂਦੇ ਨਾ, ਸਗੋਂ ਆਪੇ ਸੁਣਾ ਦਿੰਦੇ, ਉਹ ਹੈਰਾਨ ਵੀ ਹੁੰਦੀ ਤੇ ਖੁਸ਼ ਵੀ।
ਇਕ ਸ਼ਾਮ ਉਹਦੇ ਘਰੋਂ ਦਾਰੂ-ਪਾਰਟੀ ਤੋਂ ਮਗਰੋਂ ਬਾਹਰ ਆਏ ਤਾਂ ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ ਸਾਨੂੰ ਦੋਵਾਂ ਨੂੰ ਕਹਿਣ ਲੱਗੇ, ਆਓ, ਮੈਂ ਤੁਹਾਨੂੰ ਕਨਾਟ ਪਲੇਸ ਉਤਾਰ ਦੇਵਾਂਗਾ, ਉਥੋਂ ਬੱਸਾਂ ਸੌਖੀਆਂ ਮਿਲ ਜਾਣਗੀਆਂ। ਜੋਸ਼ੀ ਜੀ ਉਦੋਂ ਜੱਜ ਸਨ ਪਰ ਜੱਜਪੁਣਾ ਮੱਥੇ ਉਤੇ ਚੇਪ ਕੇ ਨਹੀਂ ਸਨ ਰਖਦੇ। ਸਾਊ ਸਨ, ਸਨਿਮਰ ਸਨ। ਉਭਰਦੇ ਕਹਾਣੀਕਾਰਾਂ ਵਜੋਂ ਸਾਡੀ ਦੋਵਾਂ ਦੀ ਤਾਂ ਬਹੁਤ ਹੀ ਕਦਰ ਕਰਦੇ ਤੇ ਉਨ੍ਹਾਂ ਵਾਂਗ ਹੀ ਮਲਵਈ ਪੇਂਡੂ ਹੋਣ ਕਰਕੇ ਮੋਹ ਵੀ ਬਹੁਤ ਕਰਦੇ। ਸਾਡੇ ਪਿੰਡਾਂ ਵਿਚ ਅਜੇ ਕਾਰਾਂ ਉਕਾ ਹੈ ਹੀ ਨਹੀਂ ਸਨ। ਟੈਂ ਵਾਲੇ ਲੋਕ ਬਰਾਤ ਉਠਾਂ-ਘੋੜਿਆਂ ਦੀ ਥਾਂ ਲਾਰੀਆਂ ਉਤੇ ਲਿਜਾਣ ਲੱਗੇ ਸਨ ਜਿਸ ਵਿਚ ਵਾਪਸੀ ਸਮੇਂ ਅਗਲੇ ਹਿੱਸੇ ਨੂੰ ਖੇਸ ਬੰਨ੍ਹ ਕੇ ਲਾੜੇ-ਲਾੜੀ ਵਾਸਤੇ ‘ਵਿਸ਼ੇਸ਼ ਡੱਬਾ’ ਬਣਾ ਦਿੱਤਾ ਜਾਂਦਾ ਸੀ। ਅੱਗੇ ਚੱਲ ਕੇ ਲਾਰੀ ਨਾਲ ਕਿਰਾਏ ਦੀ ਇਕ ਕਾਰ ਲਿਆਂਦੀ ਜਾਣ ਲੱਗੀ। ਪਰ ਇਸ ਕਾਰ ਨੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ। ਬਰਾਤ ਤੁਰਨ ਵੇਲੇ ਮਾਮੇ, ਫੁੱਫੜ, ਭਣੋਈਏ, ਸਭ ਲੜ-ਭਿੜ ਕੇ ਉਸੇ ਵਿਚ ਚੜ੍ਹਨਾ ਚਾਹੁੰਦੇ। ਭਾਵ ਇਹ ਕਿ ਮੈਨੂੰ ਤੇ ਗੁਰਦੇਵ ਨੂੰ ਡਰਾਈਵਰ ਬਨਾਮ ਸਵਾਰੀ ਦੇ ‘ਪਰੋਟੋਕੋਲ’ ਦਾ ਕੋਈ ਇਲਮ ਨਹੀਂ ਸੀ।
ਜੋਸ਼ੀ ਜੀ ਦਾ ਸੱਦਾ ਦੇਣ ਸਾਰ ਹੀ ਅਸੀਂ ਪਿਛਲੇ ਦਰਵਾਜ਼ੇ ਖੋਲ੍ਹ ਕੇ ਬਿਰਾਜਮਾਨ ਹੋ ਗਏ ਅਤੇ ਬੋਲੇ, ਜੋਸ਼ੀ ਜੀ, ਚੱਲੋ। ਉਹ ਜੱਕੋ-ਤੱਕੀ ਜਿਹੀ ਵਿਚ ਪੈ ਗਏ ਤੇ ਅਖੀਰ ਹਿੰਮਤ ਕਰ ਕੇ ਕਹਿੰਦੇ, “ਇਕ ਜਣਾ ਅੱਗੇ ਆ ਜਾਓ, ਜੇ ਅੱਗੇ ਮੈਂ ਇਕੱਲਾ ਹੋਵਾਂ, ਮੇਰਾ ਕਾਰ ਚਲਾਉਣ ਦਾ ਕਾਨਫ਼ੀਡੈਂਸ ਨਹੀਂ ਬਣਦਾ।” ਅਸੀਂ ਹੱਸ ਪਏ, ਕਾਰ ਤੁਸੀਂ ਚਲਾਉਣੀ, ਸਾਡੇ ਬੈਠਿਆਂ-ਨਾ ਬੈਠਿਆਂ ਤੁਹਾਨੂੰ ਕੀ ਫ਼ਰਕ ਪੈਂਦਾ ਹੈ! ਫੇਰ ਉਨ੍ਹਾਂ ਨੇ ਅੱਗੋਂ ਆਉਂਦੀਆਂ ਕਾਰਾਂ ਦੀ ਲਿਸ਼ਕੋਰ ਦੀ, ਉਸ ਪਿੱਛੋਂ ਗਲਤੀ ਨਾਲ ਐਨਕ ਪੁਰਾਣੀ ਚੱਕ ਲਿਆਂਦੀ ਹੋਣ ਦੀ ਦਲੀਲ ਦਿੱਤੀ, ਪਰ ਸਾਡਾ ਜਵਾਬ “ਚਲੋ ਜੀ ਚਲੋ, ਤੁਰੋ” ਹੀ ਰਿਹਾ। ਮੈਂ ਸੋਚਿਆ, ਇਹ ਅੱਗੇ ਬਹਾਉਣ ਵਾਸਤੇ ਏਨਾ ਜ਼ੋਰ ਕਿਉਂ ਲਾ ਰਹੇ ਨੇ? ਅਚਾਨਕ ਮੇਰਾ ਤੀਜਾ ਨੇਤਰ ਖੁੱਲ੍ਹਿਆ, ਓਹੋ! ਇਹ ਤਾਂ ਸਾਡੇ ਡਰਾਈਵਰ ਵਾਂਗ ਲਗਦੇ ਨੇ! ਮੈਂ ਕੱਚਾ ਜਿਹਾ ਹੋ ਕੇ ਉਨ੍ਹਾਂ ਨੂੰ ਜਾਂ ਗੁਰਦੇਵ ਨੂੰ ਕੁਝ ਵੀ ਕਹੇ ਬਿਨਾਂ ਚੁੱਪ ਕਰ ਕੇ ਉਨ੍ਹਾਂ ਦੇ ਬਰਾਬਰ ਜਾ ਬੈਠਾ।
ਅਗਲੀ ‘ਨਾਗਮਣੀ ਸ਼ਾਮ’ ਤੋਂ ਪਹਿਲਾਂ ਪਹੁੰਚੇ ਤਾਂ ਅਸੀਂ ਇਹ ਗੱਲ ਆਪੇ ਹੀ ਸੁਣਾ ਦਿੱਤੀ। ਬਹੁਤ ਹਾਸਾ ਪਿਆ। ਜਦੋਂ ਹਾਸਾ ਕੁਝ ਥੰਮ੍ਹਿਆ, ਮੈਂ ਕਿਹਾ, “ਤੁਸੀਂ ਸਾਡੇ ਉਤੇ ਹਸਦੇ ਹੋ ਕਿ ਜੋਸ਼ੀ ਜੀ ਉਤੇ?” ਮੱਠਾ ਪਿਆ ਹਾਸਾ ਮੇਰੀ ਇਸ ਗੱਲ ਨਾਲ ਪਹਿਲਾਂ ਨਾਲੋਂ ਵੀ ਵੱਧ ਛੁੱਟ ਪਿਆ। ਏਨੇ ਨੂੰ ਸ਼ੈਲੀ ਆ ਗਿਆ। ਪਤਾ ਨਹੀਂ ਉਹ ਹਾਸਾ ਸੁਣ ਕੇ ਹੀ ਆਇਆ ਸੀ ਕਿ ਆਇਆ ਹੋਰ ਕਿਸੇ ਗੱਲ ਲਈ ਸੀ ਤੇ ਹਸਦੇ ਦੇਖ ਬੋਲ ਪਿਆ ਸੀ, “ਮੰਮੀ, ਦੇਖੋ, ਇਹ ਅੰਕਲ ਆਉਂਦੇ ਨੇ ਤਾਂ ਆਪਣਾ ਘਰ ਕਿਵੇਂ ਹਾਸੇ ਨਾਲ ਭਰ ਜਾਂਦਾ ਹੈ, ਨਹੀਂ ਤਾਂ ਇੰਜ ਖ਼ਾਮੋਸ਼ੀ ਰਹਿੰਦੀ ਹੈ ਜਿਵੇਂ ਇਥੇ ਕੋਈ ਵਸਦਾ ਹੀ ਨਾ ਹੋਵੇ!”
ਅੰਮ੍ਰਿਤਾ ਨੂੰ ਸਾਡੀਆਂ ਗੱਲਾਂ ਬੜੀਆਂ ਪਸੰਦ ਆਉਂਦੀਆਂ। ਇਉਂ ਉਥੇ ਸਾਡੀ ਦੋਵਾਂ ਦੀ ਵਾਹਵਾ ਨਿਵੇਕਲੀ ਥਾਂ ਬਣ ਗਈ। ਉਦੋਂ ਤੱਕ ਅੰਮ੍ਰਿਤਾ ਦੇ ਸਬੰਧ ਵਿਚ ਦੀਦੀਵਾਦ ਦਾ ਬੋਲਬਾਲਾ ਹੋ ਚੁੱਕਾ ਸੀ। ਇਹਦੀ ਸ਼ੁਰੂਆਤ ਗਲਪਕਾਰ ਦੇਵਿੰਦਰ ਨੇ ਕੀਤੀ ਲਗਦੀ ਸੀ ਜੋ ਆਮ ਕਰਕੇ ਰੇਡੀਓ ਵਾਲੇ ਦੇਵਿੰਦਰ ਵਜੋਂ ਜਾਣਿਆ ਜਾਂਦਾ ਸੀ। ਉਸ ਤੋਂ ਲੱਗੀ ਲਾਗ ਕਾਰਨ ਅੰਮ੍ਰਿਤਾ ਜਗਤ-ਦੀਦੀ ਬਣੀ ਹੋਈ ਸੀ। ਮੈਨੂੰ ਦੀਦੀ ਸ਼ਬਦ ਉਦੋਂ ਵੀ ਓਪਰਾ, ਸਤਹੀ ਤੇ ਗ਼ੈਰ-ਪੰਜਾਬੀ ਲਗਦਾ ਸੀ, ਅੱਜ ਵੀ ਲਗਦਾ ਹੈ। ਦੀਦੀਵਾਦੀਆਂ ਦੀ ਭੀੜ ਵਿਚ ਇਕ ਬੱਸ ਗੁਰਦੇਵ ਸੀ, ਜੋ Ḕਅੰਮ੍ਰਿਤਾ ਜੀḔ ਆਖਦਾ ਸੀ। ਪਰ ਮੈਨੂੰ ਇਹ ਸੰਬੋਧਨ ਵੀ ਠੀਕ ਨਾ ਲੱਗਾ। ਉਮਰ ਸਦਕਾ ਤੇ ਸਾਹਿਤਕ ਕੱਦ ਸਦਕਾ ਮੈਂ ਉਹਦਾ ਨਾਂ ਲੈ ਕੇ ਨਹੀਂ ਸੀ ਬੁਲਾਉਣਾ ਚਾਹੁੰਦਾ। ਮੇਰੇ ਲਈ ਔਰਤ ਨੂੰ ਦਿਲੀ ਆਦਰ ਨਾਲ ਬੁਲਾਉਣ ਦਾ ਸ਼ਬਦ ਬਚਪਨ ਤੋਂ ਬੀਬੀ ਰਿਹਾ ਹੈ। ਅਸੀਂ ਚਾਚੇ-ਤਾਇਆਂ ਦੀਆਂ ਧੀਆਂ ਨੂੰ ਛੋਟੀ ਬੀਬੀ, ਵੱਡੀ ਬੀਬੀ ਜਾਂ ਵਿਆਹੀ ਜਾਣ ਪਿੱਛੋਂ ਅਮਕੇ ਪਿੰਡ ਵਾਲੀ ਬੀਬੀ ਹੀ ਆਖਦੇ। ਮੈਂ ਅੰਮ੍ਰਿਤਾ ਨੂੰ ਬੀਬੀ ਆਖਣ ਵਾਲਾ ਉਥੇ ਇਕੱਲਾ ਹੀ ਸੀ। ਜਦੋਂ ਮੈਂ ਪਹਿਲੀ ਵਾਰ ਬੀਬੀ ਆਖਿਆ, ਉਹਨੇ ਮੇਰੇ ਵੱਲ ਦੇਖਿਆ। ਮਗਰੋਂ ਉਹਨੇ ਇਕੱਲੇ ਗੁਰਦੇਵ ਕੋਲ ਹੱਸ ਕੇ ਕਿਹਾ, “ਤੇਰਾ ਦੋਸਤ ਗੱਲਾਂ ਤਾਂ ਬੜੀਆਂ ਦਿਲਚਸਪ ਕਰਦਾ ਹੈ, ਵਿਚ ਵਿਚ ਬੋਲੀ ਭਾਈ ਜੀਆਂ ਵਾਲੀ ਬੋਲਦਾ ਹੈ!”
ਮੈਨੂੰ ਤੇ ਗੁਰਦੇਵ ਨੂੰ ਉਹ ਸਾਡੀਆਂ ਕਹਾਣੀਆਂ ਸਦਕਾ ਤੇ ਸਾਡੇ ਹਾਸੇ-ਠੱਠੇ ਵਾਲੇ ਸੁਭਾਅ ਸਦਕਾ ਬੜਾ ਮੋਹ ਕਰਦੀ। ਇਕ ‘ਨਾਗਮਣੀ ਸ਼ਾਮ’ ਤੋਂ ਦੂਜੇ ਦਿਨ ਮੈਂ ਉਥੇ ਹੋਈਆਂ ਗੱਲਾਂ ਨੂੰ ਲੈ ਕੇ ਛੋਟਾ ਜਿਹਾ ਲੇਖ ਲਿਖਿਆ ਅਤੇ ਅੰਮ੍ਰਿਤਾ ਨੂੰ ਦੇ ਦਿੱਤਾ। ਉਹ ਬੋਲੀ, “ਬਈ, ਬਹੁਤ ਦਿਲਚਸਪ ਬਣ ਗਿਆ ਇਹ ਤਾਂ!æææਤੂੰ ਹਰ ਮਹੀਨੇ ਇਸੇ ਤਰ੍ਹਾਂ ਲਿਖ ਕੇ ਦਿਆ ਕਰ।” ਇਹ ਲੜੀ ‘ਨਾਗਮਣੀ’ ਵਿਚ ਕਾਫ਼ੀ ਸਮਾਂ ਚਲਦੀ ਰਹੀ।
ਬਹੁਤ ਵਾਰ ਉਹ ਸਾਨੂੰ ‘ਨਾਗਮਣੀ ਸ਼ਾਮ’ ਤੋਂ ਵੱਖਰੀ, ਕਿਸੇ ਦੋਸਤ-ਮਿੱਤਰ ਲਈ ਸਜਾਈ ਸ਼ਾਮ ਦੀ ਨਿੱਜੀ ਮਹਿਫਿਲ ਵਿਚ ਵੀ ਬੁਲਾ ਲੈਂਦੀ। ਇਕ ਵਾਰ ਉਹਨੂੰ ਇਕ ਸਮਾਜਵਾਦੀ ਦੇਸ ਦੇ ਕਲਚਰਲ ਸੈਕਰੈਟਰੀ ਨੇ ਸ਼ਾਮ ਦੇ ਖਾਣੇ ਲਈ ਘਰ ਬੁਲਾਇਆ। ਉਹ ਉਹਨੂੰ ਪਹਿਲਾਂ ਦੱਸ ਕੇ ਜਿਨ੍ਹਾਂ ਨੂੰ ਨਾਲ ਲੈ ਕੇ ਗਈ, ਉਹ ਡਾæ ਹਰਿਭਜਨ ਸਿੰਘ, ਦੇਵਿੰਦਰ ਤੇ ਮੈਂ ਸੀ। ਚੌਥਾ ਗੁਰਦੇਵ ਹੋਣਾ ਸੀ ਪਰ ਐਨ ਮੌਕੇ ਉਤੇ ਕੋਈ ਅੜਿੱਕਾ ਪੈ ਜਾਣ ਕਰਕੇ ਉਹ ਪਹੁੰਚ ਨਾ ਸਕਿਆ। ਇਕ ਦਿਨ ਉਹਨੇ ਹੱਸ ਕੇ ਦੱਸਿਆ, ਉਸ ਕੋਲ ਦੇਵਿੰਦਰ ਨੇ ਗਿਲਾ ਕੀਤਾ, “ਦੀਦੀ, ਤੁਸੀਂ ਇਨ੍ਹਾਂ ਕੱਲ੍ਹ ਦੇ ਮੁੰਡਿਆਂ ਨੂੰ ਮੈਥੋਂ ਵੀ ਵੱਧ ਨੇੜੇ ਲਾਉਣ ਤੇ ਮੋਹ ਕਰਨ ਲੱਗੇ ਹੋ।” ਉਹਨੇ ਤਸੱਲੀ ਦਿੱਤੀ, “ਦੇਵਿੰਦਰ, ਨੇੜਤਾ ਜਾਂ ਮੋਹ ਕੋਈ ਪਤਾਸੇ ਨਹੀਂ ਜੋ ਇਕ ਨੂੰ ਦਿੱਤਿਆਂ ਦੂਜੇ ਲਈ ਨਹੀਂ ਬਚਣੇ!”
ਡਾæ ਹਰਿਭਜਨ ਸਿੰਘ ਦੇ ਜ਼ਿਕਰ ਤੋਂ ਇਕ ਹੋਰ ਗੱਲ ਚੇਤੇ ਆ ਗਈ। ਅੰਮ੍ਰਿਤਾ ਦੋਸਤਾਂ ਦੀ ਖੁਸ਼ੀ ਵਿਚ ਸਿਰਫ ਖੁਸ਼ ਹੀ ਨਾ ਹੁੰਦੀ ਸਗੋਂ ਉਹ ਖੁਸ਼ੀ ਮਨਾਉਂਦੀ ਵੀ। ਮੈਨੂੰ ਯਾਦ ਹੈ, ਜਦੋਂ ਮੋਹਨ ਸਿੰਘ ਨੂੰ ‘ਸੋਵੀਅਤ ਦੇਸ’ ਨਹਿਰੂ ਪੁਰਸਕਾਰ ਮਿਲਿਆ, ਉਹਦੇ ਘਰ ਪਾਰਟੀ ਹੋਈ। ਵਿਰਕ ਦੇ ਸਾਹਿਤ ਅਕਾਦਮੀ ਇਨਾਮ ਵੇਲੇ ਵੀ ਖੁਸ਼ੀ ਮਨਾਈ ਗਈ ਤੇ ਡਾæ ਹਰਿਭਜਨ ਸਿੰਘ ਦੇ ਇਨਾਮ ਵੇਲੇ ਵੀ। ਵਿਰਕ ਵਾਲੇ ਦਿਨ ਉਹਨੂੰ ਆਪਣਾ ਪ੍ਰਭਾਵ ਦੱਸਣ ਲਈ ਕਿਹਾ ਗਿਆ। ਉਦੋਂ ਅਜੇ ਅਕਾਦਮੀ ਪੁਰਸਕਾਰ ਦੇ ਤਖਤ ਉਤੇ ਨੂਰ-ਵੰਸ਼ ਦੇ ਸੁਲਤਾਨਾਂ ਦਾ ਭੱਠਾ-ਬਿਠਾਊ ਰਾਜ ਕਾਇਮ ਨਹੀਂ ਸੀ ਹੋਇਆ। ਪੁਰਸਕਾਰ ਮਿਲਣਾ ਮਾਣ ਵਾਲੀ ਗੱਲ ਸੀ। ਪੁਰਸਕਾਰ ਜੇਤੂ ਦਿਲੋਂ ਸ਼ਰਮਿੰਦੇ ਜਿਹੇ ਮਹਿਸੂਸ ਨਹੀਂ ਸਨ ਕਰਦੇ ਅਤੇ ਮੂੰਹ ਛੁਪਾਉਂਦੇ ਨਹੀਂ ਸੀ ਫਿਰਦੇ। ਵਿਰਕ ਬਹੁਤ ਘੱਟ ਬੋਲਦਾ ਸੀ। ਛੋਟੀਆਂ ਅੱਖਾਂ ਹੋਰ ਛੋਟੀਆਂ ਕਰ ਕੇ ਮੁਸਕਰਾਇਆ, “ਆਪਣਾ ਕੰਮ ਸੌਰ ਗਿਆ, ਆਪਾਂ ਹੁਣ ਕੀ ਬੋਲਣਾ ਹੈ!”
ਡਾæ ਹਰਿਭਜਨ ਸਿੰਘ ਵਾਲੇ ਦਿਨ ਤਾਂ ਇਕ ਅਜੀਬ ਵਾਕਿਆ ਹੋਇਆ, ਭਾਵੇਂ ਹੋਇਆ ਅੰਮ੍ਰਿਤਾ ਦੇ ਘਰੋਂ ਬਾਹਰ। ਡਾਕਟਰ ਸਾਹਿਬ ਨਾਲ ਉਹਦਾ ਬੇਲੀ ਹਰਿਨਾਮ ਆ ਗਿਆ। ਅੰਮ੍ਰਿਤਾ ਜਿਨ੍ਹਾਂ ਅਜਿਹੇ ਲੋਕਾਂ ਨੂੰ ਚੰਗਾ ਨਹੀਂ ਸੀ ਸਮਝਦੀ, ਉਨ੍ਹਾਂ ਬਾਰੇ ਆਪਣੀ ਰਾਇ ਕਿਸੇ ਤੋਂ ਛੁਪਾ ਕੇ ਨਹੀਂ ਸੀ ਰਖਦੀ। ਬਹਾਨੇ ਵਜੋਂ ਉਹ ਡਾਕਟਰ ਦੇ ਨਾਂ ਦੀ ਵਿਸਕੀ ਲੈ ਆਇਆ। ਅੰਮ੍ਰਿਤਾ ਦਾ ਅਜਿਹੇ ਲੋਕਾਂ ਤੋਂ ਸੰਕੋਚ ਸੱਚਾ ਸੀ। ਉਹ ਕੋਈ ਨਾ ਕੋਈ ਘਤਿੱਤ ਕਰੇ ਬਿਨਾ ਰਹਿੰਦੇ ਨਹੀਂ ਸਨ। ਜੇ ਉਥੇ ਨਾ ਕਰਦੇ, ਤਾਂ ਉਹਦਾ ਜਾਂ ‘ਨਾਗਮਣੀ ਸ਼ਾਮ’ ਦਾ ਨਾਂ ਲੈ ਕੇ ਕਾਫ਼ੀ ਹਾਊਸ ਵਿਚ ਜਾਂ ਹੋਰ ਕਿਤੇ ਲੇਖਕਾਂ ਵਿਚ ਕਰਦੇ। ਉਸ ਦਿਨ ਮਹਿਫਿਲ ਮਗਰੋਂ ਹਰਿਭਜਨ ਸਿੰਘ ਹੋਰ ਕਿਸੇ ਨਾਲ ਚਲਿਆ ਗਿਆ। ਅਸੀਂ ਬੱਸ ਲੈਣ ਲਈ ਤੁਰ ਪਏ। ਹਰਿਨਾਮ ਸਾਡੇ ਨਾਲ ਸੀ। ਗੁਲਜ਼ਾਰ ਸਿੰਘ ਸੰਧੂ ਵੀ ਪਤਾ ਨਹੀਂ ਕਿਉਂ, ਕਾਰ ਲੈ ਕੇ ਨਹੀਂ ਸੀ ਆਇਆ। ਅਸੀਂ ਸੜਕ ਉਤੇ ਪਹੁੰਚੇ ਤਾਂ ਮਹਿਰੌਲੀ ਤੋਂ ਬਿਲਕੁਲ ਖਾਲੀ ਬੱਸ ਆ ਗਈ। ਪਿਛਲੇ ਦਰਵਾਜ਼ੇ ਥਾਣੀਂ ਚੜ੍ਹ ਕੇ ਅਸੀਂ ਪਿੱਛੇ ਹੀ ਬੈਠ ਗਏ। ਮੈਂ ਤੇ ਗੁਰਦੇਵ ਗੱਲੀਂ ਲੱਗੇ ਹੋਏ ਸੀ ਕਿ ਅਚਾਨਕ ਦੇਖਿਆ, ਗੁਲਜ਼ਾਰ ਦੇ ਲਫੇੜੇ ਨਾਲ ਹਰਿਨਾਮ ਦੀ ਪੱਗ ਡਰਾਈਵਰ ਕੋਲ ਜਾ ਡਿੱਗੀ। ਅਸੀਂ ਹਰਿਨਾਮ ਨੂੰ ਪਰੇ ਕੀਤਾ ਤੇ ਪੱਗ ਲਿਆ ਦਿੱਤੀ।
ਮਗਰੋਂ ਪਤਾ ਲੱਗਾ, ਹਰਿਨਾਮ ਕਹਿੰਦਾ, “ਅੰਮ੍ਰਿਤਾ ਸਮੇਤ ਜਿਹੜੇ ਤੁਸੀਂ ਲੋਕ ਡਾਕਟਰ ਦੇ ਇਨਾਮ ਨਾਲ ਦਿਲੋਂ ਖੁਸ਼ ਨਹੀਂ, ਫੋਕਾ ਦਿਖਾਵਾ ਕਰਦੇ ਹੋਂ, ਮੈਂ ਇਕ ਲੇਖ ਲਿਖ ਕੇ ਸਭ ਦੀ ਪੱਗ ਉਛਾਲੂੰ।” ਗੁਲਜ਼ਾਰ ਕਹਿੰਦਾ, “ਤੂੰ ਤਾਂ ਜਦੋਂ ਉਛਾਲੇਂਗਾ, ਉਦੋਂ ਹੀ ਉਛਾਲੇਂਗਾ, ਲੈ ਆਪਣੀ ਉਛਲਦੀ ਹੁਣੇ ਦੇਖ!” ਅਗਲੇ ਦਿਨ ਅਸੀਂ ਕਈ ਲੇਖਕ ਕਾਫੀ ਹਾਊਸ ਵਿਚ ਬੈਠੇ ਸੀ, ਗੁਲਜ਼ਾਰ ਵੀ ਆ ਗਿਆ। ਸਾਡੇ ਕੁਝ ਬੋਲਣ ਤੋਂ ਪਹਿਲਾਂ ਹੀ ਬੋਲਿਆ, “ਬਈ ਹਰਿਨਾਮ ਨਹੀਂ ਆਇਆ?” ਮੈਂ ਕਿਹਾ, “ਕਿਉਂ ਬਾਈ, ਇਕ ਹੋਰ ਜੜਨੀ ਹੈ?” ਉਹ ਆਪਣੇ ਫੱਕਰ ਅੰਦਾਜ਼ ਵਿਚ ਕਹਿੰਦਾ, “ਓ ਨਹੀਂ ਯਾਰ, ਆਪਣਾ ਹੀ ਲੇਖਕ ਭਰਾ ਹੈ, ਰੁੱਸ ਨਾ ਗਿਆ ਹੋਵੇ!”
(ਚਲਦਾ)