ਸ਼ਬਦ-ਸਲਾਈਆਂ ਨਾਲ ਸਿਆਸਤ ਦੀ ਬੁਣਤੀ

ਕੁਝ ਲੋਕ ਸਿਰਫ ਆਪਣੇ ਪਹਿਨਣ ਵਾਲੇ ਕੱਪੜਿਆਂ ਦੇ ਸੰਪਰਕ ਵਿਚ ਹੀ ਹੁੰਦੇ ਹਨ, ਦੂਜਿਆਂ ਨਾਲ ਮੇਲ-ਮਿਲਾਪ ਦੀ ਸ਼ਾਬਾਸ਼ ਉਨ੍ਹਾਂ ਨੇ ਕਦੇ ਲਈ ਨਹੀਂ ਹੁੰਦੀ। ਇਨ੍ਹਾਂ ਹੀ ਲੋਕਾਂ ਨੇ ਪਿੱਠ ਪਿੱਛੇ ਕਹਿਣਾ ਹੁੰਦਾ ਹੈ- ‘ਮੈਂ ਜਾਣਦਾਂ ਉਹਨੂੰ ਚੰਗੀ ਤਰ੍ਹਾਂ’, ਤੇ ਸਾਹਮਣੇ ਆਉਣ ‘ਤੇ ਇਹ ਆਖ ਰਹੇ ਹੁੰਦੇ ਨੇ- ‘ਤੂੰ ਮੈਨੂੰ ਜਾਣਦਾ ਨਹੀਂæææਤੈਨੂੰ ਹਾਲੇ ਮੇਰਾ ਪਤਾ ਨਹੀਂ!’

ਇਹ ਅਸਲ ਵਿਚ ਭਰਮ ਦੀ ਚਟਣੀ ਹੀ ਰਗੜ ਰਹੇ ਹੁੰਦੇ ਹਨ। ਇਹ ਭੋਲੇ, ਹਨ੍ਹੇਰੇ ਵਿਚ ਹੀ ਘੁੰਮਦੇ ਰਹਿੰਦੇ ਹਨ। ਇਨ੍ਹਾਂ ਨੂੰ ਨਹੀਂ ਪਤਾ ਕਿ ਦੁਨੀਆਂ ਹਰ ਇਕ ਨੂੰ ਜਾਣਦੀ ਹੈ ਤੇ ਇਹ ਸਿਰਫ ਵਕਤ ਆਉਣ ‘ਤੇ ਹੀ ਪੱਤੇ ਖੋਲ੍ਹਦੀ ਹੈ। ਕਈਆਂ ਕੋਲ ਦੀਵਾ ਵੀ ਹੁੰਦਾ ਹੈ, ਤੇਲ ਤੇ ਬੱਤੀ ਵੀ, ਪਰ ਤ੍ਹੀਲਾਂ ਦੀ ਸਲ੍ਹਾਬੀ ਹੋਈ ਡੱਬੀ ਵਾਹ-ਪੇਸ਼ ਨਹੀਂ ਚੱਲਣ ਦਿੰਦੀ। ਦੁਨੀਆਂ ਫਿਰ ਇਨ੍ਹਾਂ ਲੋਕਾਂ ਨੂੰ ‘ਦੀਵੇ’ ਆਖਦੀ ਹੈ। ਬਾਪੂ ਆਸਾ ਰਾਮ ਨੂੰ ਨਹੀਂ ਪਤਾ ਸੀ ਕਿ ਬੁੱਢੇ ਵਾਰੇ ਠਰਕ ਉਹਦੀ ਸਾਰੀ ਜਾਇਦਾਦ ਤੋਂ ਵੀ ਕਿਤੇ ਵੱਧ ਮਹਿੰਗਾ ਹੋ ਜਾਵੇਗਾ। ਵਿਚਾਰਾ ਹਰਿਆਣੇ ਆਲਾ ਰਾਮਪਾਲ ਵੀ ਨਹੀਂ ਸੀ ਜਾਣਦਾ ਕਿ ਹੱਥ ਆਮ ਜਨਤਾ ਦੇ ਦੇਖੀਦੇ ਹੁੰਦੇ ਆ, ਕਾਨੂੰਨ ਦੇ ਨਹੀਂ। ਉੱਲੂ ਦੀਆਂ ਅੱਖਾਂ ਚੰਗਾ ਹੈ ਜੇ ਹਾਲੇ ਦਿਨ ਨੂੰ ਨਾ ਹੀ ਖੁੱਲ੍ਹਣ। ਦੁਨੀਆਂ 107/51 ਵਿਚ ਵਰਤੇ ਡਾਂਗਾਂ-ਸੋਟੇ ਹੀ ਸੰਭਾਲਣ ਲੱਗ ਪਈ ਹੈ ਜਦਕਿ ਭਲੇ ਲੋਕਾਂ ਨੂੰ ਪਤਾ ਹੈ ਕਿ ਜਿੱਤੀਆਂ ਗਈਆਂ ਇਤਿਹਾਸਕ ਜੰਗਾਂ ਦੇ ਹਥਿਆਰਾਂ ਨੇ ਹੀ ਅਜਾਇਬਘਰਾਂ ਵਿਚ ਸ਼ਸ਼ੋਭਿਤ ਹੋਣਾ ਹੁੰਦਾ ਹੈ। ਪਾਗਲਾਂ ਨੂੰ ਅਕਲ ਦੀਆਂ ਪੌੜੀਆਂ ਚੜ੍ਹਾਉਗੇ ਤਾਂ ਪੌਡੇ ਤੇ ਗੋਡੇ- ਦੋਵੇਂ ਟੁੱਟ ਜਾਣਗੇ। ਜੈਕਾਰੇ ਸੰਗਤ ਨੇ ਲਾਉਣੇ ਹੁੰਦੇ ਨੇ, ਤੇ ਨਾਅਰੇ ਭੀੜ ਨੇ। ਸੰਗਤ ਵਿਚ ਸ਼ਰਧਾ ਹੁੰਦੀ ਹੈ ਤੇ ਭੀੜ ਕੋਲ ਜ਼ਿੰਦਾਬਾਦ-ਮੁਰਦਾਬਾਦ! ਵਰਤਮਾਨ ਸਿਆਸੀ ਹਾਲਾਤ ਨੇ ਬੇਸੁਰੇ ਨਾਅਰੇ ਗੂੰਜਣ ਲਾ ਦਿੱਤੇ ਹਨ। ਇਹ ਸ਼ੋਰ ਪ੍ਰਦੂਸ਼ਣ ਵਧ ਵੀ ਲਗਾਤਾਰ ਰਿਹਾ ਹੈ। ਆਹ ਪੜ੍ਹ ਕੇ ਲੱਗੇਗਾ ਕਿ ਵਾਸ਼ਨਾ ਤਾਂ ਸੁਆਦਲੇ ਭੋਜਨ ਦੀ ਵੀ ਆਉਂਦੀ ਸੀ ਪਰ ਖਾਣਾ ਨਸੀਬ ਨਹੀਂ ਹੋਇਆ। ਫਿਰ ਜੀਭ ਜੇ ਜੈਕਾਰੇ ਨਹੀਂ, ਨਾਅਰੇ ਲਾਵੇਗੀ, ਨਹੀਂ ਤਾਂ ਹੋਰ ਫਿਰ ਕੀ ਕਰੇਗੀ?

ਐਸ਼ ਅਸ਼ੋਕ ਭੌਰਾ
ਹਰ ਇਨਸਾਨ ਦੀ ਜ਼ਿੰਦਗੀ ਵਿਚ ਅਜਿਹਾ ਕਦੇ ਨਾ ਕਦੇ ਵਾਪਰਿਆ ਜ਼ਰੂਰ ਹੈ ਜੋ ਸੀ ਤਾਂ ਤਰਤੀਬ ਵਿਚ, ਪਰ ਵਕਤ ਨੇ ਅਠੋਤਰੀ ਮਾਲਾ ਦੇ ਟੁੱਟੇ ਧਾਗੇ ਵਾਂਗ ਮੋਤੀ ਖਿਲਾਰ ਕੇ ਸਭ ਕੁਝ ਬੇ-ਤਰਬੀਬ ਕਰ ਦਿੱਤਾ। ‘ਜੇ ਇੱਦਾਂ ਨਾ ਹੁੰਦਾ ਤਾਂ ਇੱਦਾਂ ਹੋਣਾ ਸੀ’, ਦੀ ਸੋਚ ਵਾਂਗ ਮੈਂ ਵੀ ਹਰ ਵਕਤ ਉਲਝਿਆ ਰਿਹਾ ਹਾਂ, ਕਿਉਂਕਿ ਦਰਜਨਾਂ ਦੇਸ਼ ਦੇਖ ਕੇ ਆਪਣਾ ਮੁਲਕ ਛੱਡ, ਕਿਤੇ ਵੀ ਸਥਾਈ ਤੌਰ ‘ਤੇ ਵਸਣਾ ਮੇਰੇ ਜੀਵਨ ਦੇ ਵਿਧੀ-ਵਿਧਾਨ ਵਿਚ ਨਹੀਂ ਸੀ। ਅਮਰੀਕਾ ਦੀ ਪੱਕੀ ਠਹਿਰ ਦਾ ਮੈਨੂੰ ਕੋਈ ਝੋਰਾ ਨਹੀਂ, ਤੇ ਇਥੇ ਮੈਂ ਕਿਉਂ ਵਸ ਗਿਆ ਹਾਂ, ਇਹ ਕੋਈ ਇਤਫ਼ਾਕ ਨਹੀਂ ਸੀ। ਸਮਾਂ ਆਉਣ ‘ਤੇ ਗੰਢੇ ਦੀ ਛਿੱਲ ਵਾਂਗ ਇਹ ਸੱਚ ਵੀ ਕਦੇ ਜ਼ਰੂਰ ਉਤਾਰਾਂਗਾ, ਕਿਉਂਕਿ ਦੁੱਧ ‘ਤੇ ਆਈ ਮਲਾਈ ਲਾਹ ਕੇ ਖਾਣ ਤੋਂ ਕਈ ਵਾਰ ਮਰੀਜ਼ ਡਾਕਟਰਾਂ ਦੇ ਕਹਿਣ ‘ਤੇ ਵੀ ਨਹੀਂ ਹਟਦਾ, ਮਰੀਜ਼ ਲਈ ਇਹ ਘਟਨਾ ਬਿਮਾਰੀ ਨਾਲ ਨਹੀਂ, ਸੁਆਦ ਤੇ ਪ੍ਰਸੰਨਤਾ ਨਾਲ ਵੀ ਜੁੜੀ ਹੁੰਦੀ ਹੈ।
ਹਰ ਜ਼ਿੰਮੇਵਾਰੀ ਦਾ ਅਹਿਸਾਸ ਹੋਣ ਕਰ ਕੇ ਮੈਂ ਜ਼ਿੰਦਗੀ ਨਾਲ ਕਦੇ ਕੋਈ ਸ਼ਿਕਾਇਤ ਨਹੀਂ ਕਰਦਾ, ਉਲਾਂਭਾ ਵੀ ਨਹੀਂ ਦਿੰਦਾ, ਅਮੀਰ ਬਣਨ ਦਾ ਵੀ ਭਰਮ ਨਹੀਂ, ਪਰ ਔਰਤ ਤੋਂ ਬਾਅਦ ਕਈ ਤਸਵੀਰਾਂ ਵੀ ਤੁਹਾਡੇ ਘਰ ਦਾ ਸ਼ਿੰਗਾਰ ਹੁੰਦੀਆਂ ਹਨ ਜੋ ਬੋਲਦੀਆਂ ਭਾਵੇਂ ਨਹੀਂ, ਕਹਿੰਦੀਆਂ ਸਭ ਕੁਝ ਹਨ।
ਕੋਈ ਸਮਾਂ ਸੀ, ਸਤਲੁਜ-ਜਮਨਾ ਲਿੰਕ ਵਾਂਗ ਜਗਦੇਵ ਸਿੰਘ ਜੱਸੋਵਾਲ ਅਤੇ ਮੇਰੀ ਬੇਹੱਦ ਸਾਂਝ ਸੀ। ਫਰਕ ਸਿਰਫ਼ ਇਹੀ ਸੀ ਕਿ ਪਾਣੀਆਂ ਵਾਂਗ ਝਗੜਾ ਕੋਈ ਨਹੀਂ ਸੀ, ਸਗੋਂ ਅਸੀਂ ਸਭਿਆਚਾਰਕ ਪੁਲ ਉਸਾਰਨ ਵਿਚ ਲੱਗੇ ਹੋਏ ਸਾਂ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਦੋ ਮੇਲਿਆਂ-ਲੁਧਿਆਣੇ ਲਗਦੇ ਪ੍ਰੋæ ਮੋਹਨ ਸਿੰਘ ਤੇ ਮਾਹਿਲਪੁਰ ਲਗਦੇ ਸ਼ੌਂਕੀ ਮੇਲੇ, ਪੰਜਾਬ ਦੇ ਸਭਿਆਚਾਰਕ ਨਕਸ਼ੇ ‘ਤੇ ਪੂਰੇ ਗੂੜ੍ਹੇ ਹੋ ਕੇ ਉਘੜੇ ਸਨ। ਦੋਹਾਂ ਮੇਲਿਆਂ ‘ਤੇ ਸਰਕਾਰੀ ਛੁੱਟੀ ਹੁੰਦੀ ਰਹੀ, ਲੱਖਾਂ ਲੋਕ ਜੁੜਦੇ ਰਹੇ ਅਤੇ ਕਲਾ ਤੇ ਗਾਇਨ ਦਾ ਹਰ ਰੰਗ ਉਘੜਿਆ। ਇਨ੍ਹਾਂ ਮੇਲਿਆਂ ਵਿਚੋਂ ਇਕ ਦੀ ਕਮਾਨ ਜੱਸੋਵਾਲ ਤੇ ਦੂਜੇ ਦੀ ਕਮਾਨ ਮੇਰੇ ਕੋਲ ਸੀ।
ਹੋਇਆ ਇਉਂ ਕਿ ਬੇਅੰਤ ਸਿੰਘ ਦੀ ਸਰਕਾਰ ਸੀ 1993 ਵਿਚ, ਤੇ ਉਦੋਂ ਚਰਚਾ ਇਹ ਛਿੜ ਗਈ ਸੀ ਕਿ ਜੱਸੋਵਾਲ ਦੇ ਕੱਦ ਦੇ ਹਿਸਾਬ ਨਾਲ ਉਹਨੂੰ ਕੋਈ ਸਰਕਾਰੀ ਰੁਤਬਾ ਦਿੱਤਾ ਜਾਵੇ। ਕਨਸੋਅ ਸੀ ਕਿ ਪੁਰਾਤੱਤਵ ਤੇ ਸਭਿਆਚਾਰਕ ਵਿਭਾਗ ਹੀ ਉਹਨੂੰ ਦੇ ਦਿੱਤਾ ਜਾਵੇ। ਮੈਨੂੰ ਇਸ ਭੇਤ ਦਾ ਉਦੋਂ ਪਤਾ ਲੱਗਾ ਜਦੋਂ ਜੱਸੋਵਾਲ ਮੈਨੂੰ ਨਾਲ ਲੈ ਕੇ ਚੰਡੀਗੜ੍ਹ ਗਿਆ। ਪਹਿਲੇ ਦਿਨ ਮੁੱਖ ਮੰਤਰੀ ਨਾਲ ਮੇਲ ਨਹੀਂ ਹੋ ਸਕਿਆ। ਰਾਤ ਅਸੀਂ ਕਿਸਾਨ ਭਵਨ ਠਹਿਰੇ। ਸਵੇਰੇ ਗਿਆਰਾਂ ਕੁ ਵਜੇ ਜਦੋਂ ਸਕੱਤਰੇਤ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਿਲੇ, ਤਾਂ ਜੱਸੋਵਾਲ ਦੀ ਫਰਾਖਦਿਲੀ ਵੇਖ ਕੇ ਮੈਂ ਸੁੰਨ ਜਿਹਾ ਹੋ ਗਿਆ। ਦੋਹਾਂ ਜਣਿਆਂ ਦੀ ਆਪਸੀ ਰਾਜਨੀਤਕ, ਪਰ ਗੂੜ੍ਹੀ ਮਿੱਤਰਤਾ ਸੀ। ਜੱਸੋਵਾਲ ਕਹਿਣ ਲੱਗਾ, “ਸੀæਐਮæ ਸਾਹਿਬ! ਮੈਂ ਤਾਂ ਹੋ ਗਿਆ ਬੁੱਢਾ, ਬਥੇਰਾ ਸੁਆਦ ਦੇਖ ਲਿਆ; ਇਸ ਮੁੰਡੇ ਨੇ ਵੀ ਬਹੁਤ ਕੰਮ ਕੀਤਾæææਢਾਡੀਆਂ, ਕਵੀਸ਼ਰਾਂ ਬਾਰੇ ਲਿਖਿਆ, ਸ਼ੌਂਕੀ ਮੇਲਾ ਲਾਉਂਦਾæææਮੈਨੂੰ ਛੱਡੋ, ਇਹਨੂੰ ਲਾਓ ਕਿਤੇ।” ਸਾਡੇ ਬੈਠਿਆਂ ਹੀ ਬੇਅੰਤ ਸਿੰਘ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਬੁਲਾ ਕੇ ਕਾਰਵਾਈ ਕਰਨ ਲਈ ਕਹਿ ਦਿੱਤਾ। ਹੁਣ ਮੈਂ ਆਪਣੀ ਯੋਗਤਾ ਤੇ ਹੋਰ ਕੰਮਾਂ ਦੀ ਫਾਈਲ ਤਿਆਰ ਕਰ ਕੇ ਭੇਜਣੀ ਸੀ!
ਇਹ ਘਟਨਾ ਵਾਪਰ ਤਾਂ ਗਈ, ਜੱਸੋਵਾਲ ਹੱਥ ਫਾਈਲ ਮੈਂ ਤਿਆਰ ਕਰ ਕੇ ਭੇਜ ਵੀ ਦਿੱਤੀ, ਪਰ ਮੇਰਾ ਸਿਆਸੀ ਪਿਛੋਕੜ ਨਾ ਹੋਣ ਕਰ ਕੇ ਕਹਾਣੀ ਬਿਨਾਂ ਪਾਤਰ ਵਾਲੀ ਬਣ ਗਈ। ਮੇਰਾ ਕਿਸੇ ਪਾਰਟੀ ਨਾਲ ਬਹੁਤਾ ਲੱਗ-ਲਗਾ ਨਹੀਂ ਸੀ!
ਦਿਲਬਾਗ ਸਿੰਘ ਨਵਾਂ ਸ਼ਹਿਰ ਉਦੋਂ ਬੇਅੰਤ ਸਿੰਘ ਸਰਕਾਰ ਵਿਚ ਖੇਤੀਬਾੜੀ ਤੇ ਸਹਿਕਾਰੀ ਮੰਤਰੀ ਸਨ। ਜੱਸੋਵਾਲ ਵਾਪਸੀ ‘ਤੇ ਕਹਿਣ ਲੱਗਾ, “ਦਿਲਬਾਗ ਸਿੰਘ ਤੇਰਾ ਗਰਾਈਂ ਐ, ਚੱਲ ਉਹਨੂੰ ਮਿਲ ਚੱਲਦੇ ਆਂ। ਉਹ ਵੀ ਸਿਫ਼ਾਰਸ਼ ਕਰ ਦਏਗਾ।” ਸੱਤ ਵਜੇ ਦੇ ਕਰੀਬ ਅਸੀਂ ਉਹਦੀ ਅਠਾਰਾਂ ਸੈਕਟਰ ਵਾਲੀ ਕੋਠੀ ਗਏ, ਪਰ ਉਨ੍ਹਾਂ ਇਹ ਕਹਿ ਕੇ ਜਿਵੇਂ ਨਿਚੋੜ ਹੀ ਕੱਢ ਦਿੱਤਾ ਹੋਵੇ, “ਅੱਛਾ, ਤੂੰ ਫਲਾਣੇ ਦਾ ਮੁੰਡਾ ਏਂ।” ਗਰੀਬ ਦੀ ਕੰਧ ਤਾਂ ਕਈ ਵਾਰ ਪੱਕੀਆਂ ਇੱਟਾਂ ਦੀ ਹੁੰਦੀ ਐ, ਪਰ ਗਾਰੇ ਦੀ ਚਿਣਾਈ ਕਰ ਕੇ ਊਂਈ ਡਿੱਗਣ-ਡਿੱਗਣ ਕਰਦੀ ਰਹਿੰਦੀ ਐ। ਮੈਨੂੰ ਲੱਗਾ ਕਿ ਡੋਲੀ ਤਾਂ ਤੁਰੀ ਸੀ, ਪਰ ਮੁਕਲਾਵਾ ਨਹੀਂ ਆਵੇਗਾ; ਹਾਲਾਂਕਿ ਮੇਰੇ ਦਾਦੇ-ਪੜਦਾਦੇ ਤੋਂ ਵੋਟਾਂ ਕਾਂਗਰਸ, ਖਾਸ ਕਰ ਕੇ ਦਿਲਬਾਗ ਸਿੰਘ ਨੂੰ ਹੀ ਪੈਂਦੀਆਂ ਆਈਆਂ ਸਨ।
ਮੈਨੂੰ ਲਗਦਾ ਸੀ ਕਿ ਮੱਸਿਆ ਦੀ ਰਾਤ ਭੁਲੇਖੇ ਨਾਲ ਮਾੜਾ-ਮੋਟਾ ਚੰਦ ਨਿਕਲ ਸਕਦਾ ਹੈ, ਪਰ ਦਿਲਬਾਗ ਸਿੰਘ ਹੋਰਾਂ ਮੇਰੀ ਆਸ ਮੱਧਮ ਕਰ ਦਿੱਤੀ ਸੀ। ਮੰਨੋ ਭਾਵੇਂ ਨਾ, ਪਰ ਵੱਡੇ ਲੋਕਾਂ ਦੇ ਗਰਾਈਂ ਹੋਣਾ ਕਈ ਵਾਰ ਗੁਨਾਹ ਵੀ ਬਣ ਜਾਂਦਾ ਹੈ। ਇੱਦਾਂ ਦਾ ਹੀ ਮੇਰਾ ਅਹਿਸਾਸ ਸੀ ਉਸ ਦਿਨ।
ਇਸ ਤੋਂ ਬਾਅਦ ਤਾਂ ਵਲੈਤੀ ਗਾਂ ਜਿਵੇਂ ਨਵੇਂ ਦੁੱਧ ਹੋਈ ਹੀ ਨਾ ਹੋਵੇ, ਗੱਲ ਚੱਕੇ ਵਾਂਗ ਥਾਂਏਂ ਜਾਮ ਹੋ ਗਈ ਸੀ।
1994 ਵਿਚ ਸ਼ੌਂਕੀ ਮੇਲੇ ਦੀ ਇਕ ਤਰ੍ਹਾਂ ਨਾਲ ਸਿਖਰ ਸੀ। ਉਸੇ ਸਾਲ ਢਾਡੀ ਦਿਲਬਰ ਵੀ ਆਇਆ, ਰਣਜੀਤ ਸਿੰਘ ਸਿਧਵਾਂ ਵੀ, ਹਰਭਜਨ ਮਾਨ, ਕਮਲਜੀਤ ਨੀਰੂ, ਮਾਣਕ, ਸੰਗੀਤਕਾਰ ਚਰਨਜੀਤ ਅਹੂਜਾ, ਦੇਬੀ ਮਖਸੂਸਪੁਰੀ ਤੇ ਮਨਮੋਹਨ ਵਾਰਸ ਦੀ ਪਹਿਲੀ ਐਂਟਰੀ ਸੀ, ਪਰ ਖਾਸ ਗੱਲ ਇਹ ਸੀ ਕਿ ਮੁੱਖ ਮਹਿਮਾਨ ਵਜੋਂ ਦਿਲਬਾਗ ਸਿੰਘ ਨੇ ਸ਼ਾਮਲ ਹੋਣਾ ਪ੍ਰਵਾਨ ਕਰ ਲਿਆ ਸੀ।
ਜਦੋਂ ਉਹਨੇ ਮੇਲੇ ਦਾ ਇਕੱਠ ਤੇ ਰੰਗ ਵੇਖਿਆ, ਤਾਂ ‘ਮੈਂ ਆਪਣੀ ਜ਼ਿੰਦਗੀ ਵਿਚ ਇੰਨਾ ਇਕੱਠ ਪਹਿਲੀ ਵਾਰ ਵੇਖਿਆ’, ਕਹਿ ਕੇ ਨਾਲ ਹੀ ਮੈਨੂੰ ਕਲਾਵੇ ਵਿਚ ਲੈ ਲਿਆ ਤੇ ਕਿਹਾ, “ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਿੰਡ ਦਾ ਇਹ ਮੁੰਡਾ ਇੰਨਾ ਕਾਬਿਲ ਹੈ।” ਨਾਲ ਹੀ ਉਹਨੇ ਪੰਜਾਹ ਹਜ਼ਾਰ ਰੁਪਇਆਂ ਦੀ ਗ੍ਰਾਂਟ ਅਨਾਊਂਸ ਕਰ ਦਿੱਤੀ।
ਵਾਪਸੀ ‘ਤੇ ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਜਗਜੀਤ ਸਿੰਘ ਤੇ ਐਸ਼ਡੀæਐਮæ ਜੌਹਲ ਦੀ ਹਾਜ਼ਰੀ ਵਿਚ ਮਾਹਿਲਪੁਰ ਦੇ ਰੈਸਟ ਹਾਊਸ ਵਿਚ ਚਾਹ ਪੀਂਦਿਆਂ ਮੈਨੂੰ ਪੁੱਛਿਆ, “ਅਸ਼ੋਕ, ਉਸ ਕੇਸ ਦਾ ਕੀ ਬਣਿਆ ਜਿਹੜਾ ਤੂੰ ਜੱਸੋਵਾਲ ਨਾਲ ਚੰਡੀਗੜ੍ਹ ਦੱਸਿਆ ਸੀ?”
ਮੇਰੀਆਂ ਆਸਾਂ ਨੂੰ ਬੂਰ ਪੈਣ ਦੇ ਆਸਾਰ ਬਣ ਗਏ ਸਨ। ਮੈਂ ਕਿਹਾ, “ਜੀ ਸਰਕਾਰ ਥੋਡੀ ਹੈ, ਕੇਸ ਥੋਡੇ ਕੋਲ ਹੈ, ਇਹ ਤਾਂ ਹੁਣ ਤੁਸੀਂ ਹੀ ਜਾਣਦੇ ਹੋ।”
“ਫਿਰ ਆ ਜਾ ਅਗਲੇ ਹਫ਼ਤੇ ਚੰਡੀਗੜ੍ਹ।” ਕਹਿ ਕੇ ਉਹ ਚਲੇ ਗਏ।
ਮੈਨੂੰ ਤਾਂ ਹਫ਼ਤਾ ਨਾ ਲੰਘੇ, ਉਸੇ ਫਾਈਲ ਦੀ ਦੂਜੀ ਕਾਪੀ ਲੈ ਕੇ ਚਲਾ ਗਿਆ ਰਿਹਾਇਸ਼ ‘ਤੇ।
ਮੇਰੇ ਲਈ ਮੌਸਮ ਹੋਰ ਸਾਫ਼ ਹੋ ਗਿਆ ਜਦੋਂ ਉਨ੍ਹਾਂ ਕਿਹਾ, “ਪੁੱਤਰਾ! ਇਕ ਹੋਰ ਕੰਮ ਕਰਦੇ ਆਂ, ਤੈਨੂੰ ਪੀæਸੀæਐਸ਼ ਨੌਮੀਨੇਟ ਕਰਵਾਉਨੇ ਆਂ।”
ਤੇ ਗਰੀਬ ਦੇ ਘਰ ਵਿਚ ਜਿਵੇਂ ਸੋਨੇ ਦੀ ਇੱਟ ਡਿੱਗ ਪਈ ਹੋਵੇ।
ਕਈ ਵਾਰ ਇੱਦਾਂ ਹੁੰਦਾ ਹੀ ਹੈ, ਜਿੱਦਣ ਗਰੀਬ ਦੀ ਧੀ ਦੀ ਬਰਾਤ ਆਉਣੀ ਹੋਵੇ, ਉਦਣ ਮੀਂਂਹ ਪੈਣ ਲੱਗ ਪੈਂਦਾ ਹੈ; ਤੇ ਜਿੱਦਣ ਪੁੱਤ ਦਾ ਮੁਕਲਾਵਾ ਹੋਵੇ, ਉਦਣ ਛੱਤ ਚੋਣ ਲੱਗ ਪੈਂਦੀ ਹੈ। ਇਸ ਸਿਆਸੀ ਚੱਕਰਵਿਊ ਦਾ ਦਰਵਾਜ਼ਾ ਫਿਰ ਅੱਗੇ ਚੱਲ ਕੇ ਢੋਇਆ ਗਿਆ। 1995 ਵਿਚ ਬੇਅੰਤ ਸਿੰਘ ਦਾ ਕਤਲ ਹੋ ਗਿਆ ਤੇ ਫਿਰ ਅਗਲੇ ਵਰ੍ਹੇ ਦਿਲਬਾਗ ਸਿੰਘ ਨੇ ਅੱਖਾਂ ਮੀਚ ਲਈਆਂ। ਅਦਾਲਤੀ ਨੁਕਤੇ ਵਾਂਗ ਫਿਰ ‘ਸਟੇਟਸ-ਕੋ’ ਹੋ ਗਿਆ।
ਲਿਖਣ, ਪੜ੍ਹਨ ਤੇ ਬੋਲਣ ਦਾ ਕਾਰਜ ਮੈਂ ਨਿਰੰਤਰ ਕਰਦਾ ਰਿਹਾ। ਅਚਾਨਕ ਸਾਉਣ ਦਾ ਛਰਾਟਾ ਫਿਰ ਪੈ ਗਿਆ, ਜਦੋਂ 2000 ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੇਰੇ ਕੋਲ ਘਰੇ ਆ ਗਏ।
ਨਾਟਕੀ ਦ੍ਰਿਸ਼ ਇੱਦਾਂ ਸੀ ਕਿ ਮੈਂ ਉਦੋਂ ਬੰਗਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਾ ਰਿਹਾ ਸਾਂ। ਕਰੀਬ ਇਕ ਵਜੇ ਡੀæਐਸ਼ਪੀæ ਨੇ ਸਕੂਲੇ ਆ ਕੇ ਮੈਨੂੰ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਚਾਰ-ਪੰਜ ਕੁ ਵਜੇ ਤੁਹਾਡੇ ਘਰ ਚਾਹ ਦਾ ਪਿਆਲਾ ਪੀਣ ਆਉਣਗੇ। ਮੈਂ ਹੈਰਾਨ ਹੋ ਕੇ ਪੁੱਛਿਆ, “ਜਨਾਬ ਇਹ ਕਿੱਦਾਂ? ਮੈਂ ਤਾਂ ਕੋਈ ਬੁਲਾਵਾ ਨਹੀਂ ਦਿੱਤਾ।” ਪੁਲਿਸ ਅਧਿਕਾਰੀ ਦਾ ਜਵਾਬ ਸੀ, “ਸਾਨੂੰ ਤਾਂ ਵਾਇਰਲੈਸ ਆਈ ਆ, ਤੁਸੀਂ ਆਪਣਾ ਪ੍ਰਬੰਧ ਕਰੋ।”
ਮੈਂ ਤਿੰਨ ਕੁ ਵਜੇ ਜਿੰਨਾ ਕੁ ਮੈਥੋਂ ਪ੍ਰਬੰਧ ਹੋ ਸਕਦਾ ਸੀ, ਜਦੋਂ ਰਾਸ਼ਣ-ਪਾਣੀ ਲੈ ਕੇ ਘਰੇ ਪਹੁੰਚਿਆ, ਤਾਂ ਰਾਹੋਂ ਤੋਂ ਥਾਣੇਦਾਰ ਸੁਰਿੰਦਰ ਮੋਹਨ ਸਾਡੇ ਘਰੇ ਸਕਿਓਰਿਟੀ ਇੰਚਾਰਜ ਲੱਗਾ ਹੋਇਆ ਸੀ, ਤੇ ਦਸ ਕੁ ਪੁਲਿਸ ਵਾਲੇ ਛੱਤ ‘ਤੇ ਆਲੇ-ਦੁਆਲੇ ਤਾਇਨਾਤ ਕੀਤੇ ਜਾ ਚੁੱਕੇ ਸਨ।
ਸਾਡਾ ਬਹੁਤਾ ਪਿੰਡ ਦਿਲਬਾਗ ਸਿੰਘ ਕਰ ਕੇ ਕਾਂਗਰਸੀ ਹੀ ਸੀ, ਇਸ ਲਈ ਮੈਂ ਉਹਦੇ ਟੱਬਰ ਵਿਚੋਂ ਵੀ ਕਈਆਂ ਨੂੰ ਚਾਹ ‘ਤੇ ਬੁਲਾ ਲਿਆ ਸੀ।
ਹੁਣ ਇਹ ਭੇਤ ਵੀ ਖੋਲ੍ਹ ਹੀ ਦਿੰਨਾਂ ਕਿ ਮੁੱਖ ਮੰਤਰੀ ਦਾ ਮੇਰੇ ਘਰੇ ਆਉਣਾ ਸੰਭਵ ਕਿਵੇਂ ਹੋਇਆ ਸੀæææ
ਉਨ੍ਹੀਂ ਦਿਨੀਂ ਦਿਲਬਾਗ ਸਿੰਘ ਦੇ ਪੁੱਤਰ ਚਰਨਜੀਤ ਚੰਨੀ ਦੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣ ਜਾਣ ਕਰ ਕੇ ਖਾਲੀ ਹੋਈ ਨਵਾਂ ਸ਼ਹਿਰ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਹੋ ਰਹੀ ਸੀ, ਤੇ ਪੂਰੀ ਦੀ ਪੂਰੀ ਅਕਾਲੀ ਸਰਕਾਰ ਪਿੰਡ ਵੰਡ ਕੇ ਹਲਕੇ ਵਿਚ ਸੀ। ਮੁੱਖ ਮੰਤਰੀ ਬਾਦਲ, ਜਤਿੰਦਰ ਸਿੰਘ ਕਰੀਹਾ ਨੂੰ ਜਿਤਾਉਣ ਲਈ ਆਪ ਕਮਾਂਡ ਸੰਭਾਲ ਰਹੇ ਸਨ। ਕਿਤੇ ਮੁੱਖ ਮੰਤਰੀ ਦਾ ਕਾਫ਼ਲਾ ਪਿੰਡ ਵਿਚੋਂ ਗੁਜ਼ਰਨ ਲੱਗਾ, ਤਾਂ ਬਾਦਲ ਸਾਹਿਬ ਨੇ ਬੋਰਡ ‘ਤੇ ਭੌਰਾ ਪੜ੍ਹ ਕੇ ਮੁੱਖ ਸਕੱਤਰ ਨੂੰ ਕਿਹਾ ਕਿ ਇਥੋਂ ਦਾ ਮੁੰਡਾ ਅਖਬਾਰਾਂ ਵਿਚ ਲਿਖਦੈ, ਉਹਦੇ ਘਰ ਸ਼ਾਮ ਨੂੰ ਚੱਲਣੈ।
ਖੈਰ! ਮੁੱਖ ਮੰਤਰੀ ਨੇ ਮੈਨੂੰ ਕੀ ਦਿੱਤਾ, ਜਾਂ ਕੀ ਨਹੀਂ ਦਿੱਤਾ, ਉਹ ਬਾਅਦ ਦੀਆਂ ਗੱਲਾਂ ਹਨ, ਪਰ ਉਸ ਦਿਨ ਮੈਨੂੰ ਇਸ ਗੱਲ ‘ਤੇ ਜ਼ਰੂਰ ਮਾਣ ਹੋਇਆ ਸੀ ਕਿ ਸ਼ਬਦਾਂ ਦਾ ਪੁਲ ਜਾਂ ਲਿਖਣ ਦਾ ਇਵਜ਼ਾਨਾ ਇਉਂ ਵੀ ਮਿਲ ਜਾਂਦਾ ਹੈ।
ਬਾਦਲ ਦਾ ਕਾਫ਼ਲਾ ਕਰੀਬ ਛੇ ਕੁ ਵਜੇ ਘਰ ਪੁੱਜਿਆ। ਕਾਫ਼ਲੇ ਵਿਚ ਜਥੇਦਾਰ ਤੋਤਾ ਸਿੰਘ ਵੀ ਸੀ, ਮੰਤਰੀ ਸਵਰਨਾ ਰਾਮ ਵੀ, ਐਮæਐਲ਼ਏæ ਬੰਗਾ ਮੋਹਨ ਲਾਲ ਵੀ, ਰਮੇਸ਼ ਇੰਦਰ ਸਿੰਘ ਆਈæਏæਐਸ਼ ਵੀ, ਤੇ ਤਰਲੋਚਨ ਸਿੰਘ ਦੁਪਾਲਪੁਰ ਦੇ ਦਰਸ਼ਨ ਉਸ ਦਿਨ ਪਹਿਲੀ ਵਾਰ ਕੀਤੇ ਸਨ।
ਬਾਦਲ ਸਾਹਿਬ ਕਰੀਬ ਇਕ ਘੰਟਾ ਮੇਰੇ ਘਰੇ ਰੁਕੇ। ਜਥੇਦਾਰਾਂ ਨੇ ਬੋਰਨਵੀਟਾ ਵਾਲੇ ਦੁੱਧ ਨਾਲ ਬਦਾਮ ਤੇ ਕਾਜੂਆਂ ਦੀਆਂ ਭਰ-ਭਰ ਮੁੱਠਾਂ ਖਾਧੀਆਂ।
ਮੈਨੂੰ ਕੋਲ ਬਿਠਾ ਕੇ ਮੁੱਖ ਮੰਤਰੀ ਨੇ ਮੋਢੇ ‘ਤੇ ਹੱਥ ਰੱਖ ਕੇ ਕਿਹਾ, “ਸ਼ਾਬਾਸ਼ ਮੁੰਡਿਆ, ਬੜਾ ਚੰਗਾ ਲਿਖਦੈਂ। ਅੱਜ ਇਹੀ ਸਬੱਬ ਤੇਰੇ ਘਰੇ ਆਉਣ ਦਾ ਬਣਿਐ।”
ਹੈਰਾਨੀ ਵਾਲੀ ਗੱਲ ਇਹੀ ਸੀ ਕਿ ਉਨ੍ਹਾਂ ਅਕਾਲੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਜਾਂ ਪੁਆਉਣ ਲਈ ਇਕ ਵਾਰ ਵੀ ਨਹੀਂ ਕਿਹਾ। ਉਸ ਤੋਂ ਵੀ ਭੇਤਭਰੀ ਹੈਰਾਨੀਜਨਕ ਘਟਨਾ ਤੁਹਾਨੂੰ ਵੀ ਲੱਗੇਗੀ ਕਿ ਸਮੁੱਚੀ ਅਫ਼ਸਰਸ਼ਾਹੀ, ਮੰਤਰੀ ਤੇ ਬਾਦਲ ਸਾਹਿਬ ਨੂੰ ਖੁਦ ਵੀ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਸੀ ਕਿ ਮੈਂ ਸਰਕਾਰੀ ਨੌਕਰੀ ਕਰਦਾਂ, ਤੇ ਸਕੂਲ ਅਧਿਆਪਕ ਹਾਂ। ਵੱਡੇ ਲੋਕਾਂ ਦਾ ਇਹ ਸਾਰਾ ਕਾਫ਼ਲਾ ਮੈਨੂੰ ਸਿਰਫ ਪੱਤਰਕਾਰ ਦੀ ਹੈਸੀਅਤ ਵਿਚ ਹੀ ਵੇਖ ਰਿਹਾ ਸੀ, ਵਰਨਾ ਚਾਹ ਤਾਂ ਦੂਰ ਦੀ ਗੱਲ, ਮੇਰਾ ਜ਼ਿਕਰ ਤੱਕ ਨਾ ਹੁੰਦਾ।
ਤੁਰਨ ਲੱਗਿਆਂ ਮੈਂ ਇੱਛਾ ਜ਼ਾਹਿਰ ਕੀਤੀ ਕਿ ਬਾਦਲ ਸਾਹਿਬ, ਤੁਹਾਡੇ ਨਾਲ ਦਿਲ ਦੀ ਇਕ ਗੱਲ ਕਰਨੀ ਆਂ।
“ਛੇਤੀ ਦੱਸ ਮੁੰਡਿਆ, ਆਪਣੇ ਘਰੇ ਨਹੀਂ ਦੱਸੇਂਗਾਂ, ਤਾਂ ਫਿਰ ਕਦੋਂ ਦੱਸੇਂਗਾ?” ਉਨ੍ਹਾਂ ਮੇਰੀ ਬਾਂਹ ਖਿੱਚ ਕੇ ਕਿਹਾ।
ਤੇ ਉਪਰੋਕਤ ਫਾਈਲ ਵਾਲੀ ਪੀæਸੀæਐਸ਼ ਲੱਗਣ ਦੀ ਗੱਲ ਮੈਂ ਜ਼ਾਹਿਰ ਕਰ ਦਿੱਤੀ।
ਉਨ੍ਹਾਂ ਰਮੇਸ਼ ਇੰਦਰ ਨੂੰ ਕਿਹਾ, “ਨੋਟ ਕਰੋ, ਇਸ ਚੋਣ ਜ਼ਾਬਤੇ ਤੋਂ ਬਾਅਦ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿਚ ਪਹਿਲਾਂ ਕੰਮ ਇਹਦਾ।”
ਤੇ ਭੁਰਦਾ ਲੱਡੂ ਮੇਰੇ ਮੂੰਹ ਵਿਚ ਦੇ ਕੇ ਮੁੱਖ ਮੰਤਰੀ ਦਾ ਕਾਫ਼ਲਾ ਹੂਟਰਾਂ ਵਿਚ ਧੂੜ ਉਡਾ ਕੇ ਚਲਾ ਗਿਆ।
ਵਰਤਮਾਨ ਸਿਆਸਤ ਦੇ ਤਾਂ ਹੁਣ ਮੈਂ ਖਿਲਾਫ਼ ਹਾਂ ਪੂਰਾ, ਤੇ ਹੁਣ ਸੋਚਦਾਂ-ਕਿੱਡੀ ਮੂਰਖਤਾ ਭਰਿਆ ਸੁਪਨਾ ਲੈ ਰਿਹਾ ਸਾਂ! ਜੇ ਇੱਦਾਂ ਪੀæਸੀæਐਸ਼ ਲਗਦੇ ਹੁੰਦੇ, ਤਾਂ ਜਥੇਦਾਰਾਂ ਦਾ ਘਰ ਹੀ ਮਸਾਂ ਪੂਰਾ ਹੋਣਾ ਸੀ।
ਚਲੋ ਇਹ ਚਰਖਾ ਤਾਂ ਟੁੱਟ ਗਿਆ।
ਅਕਾਲੀ ਸਰਕਾਰ ਦਾ ਮੀਡੀਆ ਸਲਾਹਕਾਰ ਹਰਚਰਨ ਬੈਂਸ ਮਾਹਿਲਪੁਰ ਤੋਂ ਹੈ। ਮਾਹਿਲਪੁਰ ਨਾਲ ਮੇਰਾ ਗੂੜ੍ਹਾ ਰਿਸ਼ਤਾ ਹੈ। ਬੈਂਸ ਨੂੰ ਮੈਂ ਪਟਿਆਲੇ ‘ਚੜ੍ਹਦੀ ਕਲਾ’ ਵਿਚ ਕੰਮ ਕਰਨ ਵੇਲੇ ਮਿਲਣ ਜਾਂਦਾ ਰਿਹਾ ਹਾਂ। ਇਕ ਵਾਰ ਫਿਰ ਢਿੱਡ ਵਿਚ ਉਬਾਲ ਉਠਿਆ, ‘ਮੀਡੀਆ ਸਲਾਹਕਾਰ ਮੈਂ ਕਿਉਂ ਨਹੀਂ ਲਗਦਾ?’
ਸਾਲ 2007 ਵਿਚ ਇਥੇ ਆਉਣ ਤੋਂ ਪਹਿਲਾਂ ਮੈਂ ‘ਅਜੀਤ’ ਦੇ ਦਫ਼ਤਰ ਗਿਆ, ਭਾਅਜੀ ਬਰਜਿੰਦਰ ਸਿੰਘ ਹਮਦਰਦ ਨੂੰ ਮਿਲਣ। ਉਹ ਕਿਤੇ ਜਾ ਰਹੇ ਸਨ, ਮੈਨੂੰ ਵੀ ਨਾਲ ਹੀ ਗੱਡੀ ਵਿਚ ਬਿਠਾ ਲਿਆ। ਕਪੂਰਥਲੇ ਵਾਲੇ ਪੱਤਰਕਾਰ ਅਮਰਜੀਤ ਕੋਮਲ ਦੇ ਘਰ ਅਫ਼ਸੋਸ ‘ਤੇ ਜਾਣਾ ਸੀ। ਉਹ ਭਾਅਜੀ ਨਾਲ 30 ਸਾਲਾਂ ਤੋਂ ਵੀ ਵੱਧ ਲੰਮੇ ਸਮੇਂ ਤੋਂ ਸਨ। ਵਾਪਸੀ ‘ਤੇ ਹਨ੍ਹੇਰੇ ਹੋਏ ਜਦੋਂ ਮੈਂ ਦਫ਼ਤਰ ਅੱਗੇ ਗੱਡੀ ਵਿਚੋਂ ਉਤਰਨ ਲੱਗਿਆਂ ਮੀਡੀਆ ਸਲਾਹਕਾਰ ਲੱਗਣ ਦੀ ਇੱਛਾ ਵਾਲੀ ਪੰਡ ਖੋਲ੍ਹੀ ਤਾਂ ਉਹ ਹੱਸ ਪਏæææਸ਼ਾਇਦ ਲੱਗ ਵੀ ਜਾਂਦਾ ਜੇ ਅਮਰੀਕਾ ਨਾ ਆਉਂਦਾ, ਪਰ ਮੈਨੂੰ ਲਗਦੈæææਮੈਂ ਜੱਗੋਂ ਤੇਰ੍ਹਵੀਂ ਕੁਪੱਤ ਕਰਵਾਉਣ ਤੋਂ ਬਚ ਗਿਆ।
ਅਸਲ ਵਿਚ ਦੰਦਾਂ ‘ਤੇ ਸੋਨਾ ਚੜ੍ਹਾ ਕੇ ਖਾਣਾ ਸੁਆਦ ਨਹੀਂ ਬਣ ਜਾਂਦਾ।
______________________
ਗੱਲ ਬਣੀ ਕਿ ਨਹੀਂ
ਭਟਕਦੀ ਜ਼ਿੰਦਗੀ
ਐਵੇਂ ਉਮਰ ਗਵਾ ਲਈ ਕਾਫਰਾ ਤੂੰ,
ਭਰਿਆ ਈਰਖਾ ਨਾਲ ਨੱਕੋ-ਨੱਕ ਰਹਿਨੈ।
ਪੀਂਘ ਹੋਰਾਂ ਨਾਲ ਪਿਆਰ ਦੀ ਝੂਟਦਾ ਏਂ,
ਪਰ ਤੂੰ ਆਪਣੇ-ਆਪ ਤੋਂ ਵੱਖ ਰਹਿਨੈ।

ਸੁੱਖਾਂ ਦੂਜਿਆਂ ਦਾ ਡਾਢਾ ਫਿਕਰ ਕਰਦੈਂ,
ਗਮ ਹੱਡਾਂ ਨੂੰ ਐਵੇਂ ਲਾ ਲਿਆ ਏ।
ਇੱਦਾਂ ਕਿਸੇ ਦਾ ਕੀ ਵਿਗਾੜ ਲਏਂਗਾ,
ਦਿੰਨਾਂ ਆਪਣੀਂ ਜੜ੍ਹੀਂ ਹੀ ਅੱਕ ਰਹਿੰਨੈ।

ਇਹ ਭਰਮ ਤੈਨੂੰ ਕਿ ਕੋਈ ਜਾਣਦਾ ਨਹੀਂ,
ਦੁਨੀਆਂ ਕਦੀ ਨਹੀਂ ਤੋਲਦੀ ਘੱਟ ਮਿੱਤਰਾ।
ਬੁੱਢੇ ਕੈਦੋਂ ਦੀ ਸੋਹਣੀ ਨਾਲ ਅੱਖ ਲੜ ਗਈ,
ਕੀਹਨੂੰ ਚੀਰ ਖਵਾਏਂਗਾ ਪੱਟ ਮਿੱਤਰਾ।

ਕੰਧਾਂ ਸਣੇ ਚੁਬਾਰੇ ਦੇ ਹਿੱਲੀਆਂ ਨੇ,
ਜ਼ਹਿਰ ਰੋਜ਼ ਸੁਕਰਾਤ ਹੀ ਪੀਣ ਲੱਗਾ।
ਤੇਰੀ ਨਬਜ਼ ਨਹੀਂ ਚੱਲਦੀ ਵੇਖ ਟੋਹ ਕੇ,
ਬਿਨਾਂ ਸਾਹਾਂ ਦੇ ਜ਼ਿੰਦਗੀ ਜਿਉਣ ਲੱਗਾ।

ਤੂੰ ਵੀ ਹੋਰਨਾਂ ਦੀ ਸੇਜ ‘ਤੇ ਜਾ ਬਹਿਨੈਂ,
ਬੀਵੀ ਕਿਵੇਂ ਪਛਾਣੇਗੀ ਕੰਤ ਦੱਸੀਂ।
ਕਿਹੜੀ ਤੂੰ ਕਹਾਣੀ ਇਹ ਲਿਖੀ ਜਾਵੇਂ,
ਕਿੱਥੇ ਹੋਵੇਗਾ ਇਸ ਦਾ ਅੰਤ ਦੱਸੀਂ।

ਤਲੀਆਂ ਮਲੇਂਗਾ ਵਕਤ ਨੂੰ ਸਾਂਭ ‘ਭੌਰੇ’,
ਚੰਗਾ ਹਰ ਥਾਂ ਨਹੀਂ ਪ੍ਰੀਤ ਪਾਉਣਾ,
ਜਿਹੜਾ ਸੁਰਾਂ ‘ਚ ਕਦੀ ਨਹੀਂ ਫਿੱਟ ਹੁੰਦਾ,
ਛੱਡ ਮੂਰਖਾ ਇਹੋ ਜਿਹਾ ਗੀਤ ਗਾਉਣਾ।