ਬੂਹਾ ਦਿਲ ਵਾਲਾ ਕਦੀ ਨਹੀਂਓਂ ਢੋਈਦਾæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856

ਵਕਤ ਦੀਆਂ ਮਾਰਾਂ ਜਦੋਂ ਪੈਂਦੀਆਂ ਹਨ ਤਾਂ ਬਚਪਨ ਵਿਚ ਹੀ ਦੁੱਖਾਂ ਦੇ ਹਲਟ ਗੇੜਨੇ ਪੈ ਜਾਂਦੇ ਹਨ। ਖੇਡਣ ਦੇ ਦਿਨਾਂ ਵਿਚ ਹੀ ਹਲ ਦੀ ਹੱਥੀ ਫੜਨੀ ਪੈ ਜਾਂਦੀ ਹੈ। ਲੋਰੀਆਂ ਦੀ ਥਾਂ ਜ਼ਿੰਮੇਵਾਰੀਆਂ ਕੰਨਾਂ ਵਿਚ ਪੈਣ ਲੱਗਦੀਆਂ ਹਨ। ਮਾਂਵਾਂ ਦੀ ਗੋਦ ਵਾਲੀ ਥਾਂ ਖੇਤ ਦਾ ਖੁੱਲ੍ਹਾ ਵਾਹਣ ਲੈ ਲੈਂਦਾ ਹੈ।

ਬੱਚੇ ਨੂੰ ਜਿਥੇ ਮਾਂ ਦੀ ਨਿੱਘੀ ਗੋਦ ਦੀ ਤਾਂਘ ਹੁੰਦੀ ਹੈ, ਉਥੇ ਬਾਪ ਦੇ ਪਿਆਰ ਵਾਲੇ ਹੱਥਾਂ ਦੀ ਸਦਾ ਹੀ ਲੋੜ ਰਹਿੰਦੀ ਹੈ। ਇਸ ਵਾਰ ਦਿਆਲ ਵਲੋਂ ਸੁਣਾਈ ਹੱਡ-ਬੀਤੀ ਸਾਂਝੀ ਕਰਨ ਲੱਗਾ ਹਾਂ:
ਮੈਂ ਅਜੇ ਤੋਤਲੀਆਂ ਗੱਲਾਂ ਹੀ ਕਰਦਾ ਸਾਂ ਕਿ ਬਾਪ ਦਾ ਸਾਇਆ ਸਿਰ ਤੋਂ ਉਠ ਗਿਆ। ਮਾਂ ਦੇ ਕੀਰਨੇ ਸਮਝ ਤੋਂ ਬਾਹਰ ਸਨ ਪਰ ਮਾਂ ਨੂੰ ਦੇਖ ਕੇ ਮੈਂ ਵੀ ਰੋ ਰਿਹਾ ਸੀ। ਬਾਪ ਆਤਮ-ਹੱਤਿਆ ਕਰ ਗਿਆ ਸੀ ਜਾਂ ਕਿਸੇ ਨੇ ਕਰਵਾ ਦਿੱਤੀ ਸੀ। ਸਾਰਾ ਪਿੰਡ ਹੀ ਰੋਂਦਾ ਹੋਇਆ ਬਾਪ ਨੂੰ ਸਿਵਿਆਂ ਤੱਕ ਛੱਡ ਕੇ ਆਇਆ ਸੀ। ਬਾਪ ਦੀ ਸਿਆਣਪ ਦੀਆਂ ਗੱਲਾਂ ਹਰ ਇਕ ਮੂੰਹ ਕਰ ਰਿਹਾ ਸੀ। ਕਈ ਰਿਸ਼ਤੇਦਾਰਾਂ ਨੇ ਮਾਂ ਨੂੰ ਮੇਰੇ ਤਾਏ ਦੇ ਸਿਰ ਬਿਠਾਉਣਾ ਚਾਹਿਆ ਜੋ ਪਹਿਲਾਂ ਵੀ ਵਿਆਹਿਆ ਹੋਇਆ ਸੀ ਪਰ ਮੇਰੀ ਮਾਂ ਨਹੀਂ ਮੰਨੀ। ਉਸ ਨੇ ਮੇਰੇ ਸਿਰ ‘ਤੇ ਹੱਥ ਰੱਖਦਿਆਂ ਕਿਹਾ ਸੀ, “ਮੈਂ ਆਪਣੇ ਪੁੱਤ ਦੇ ਸਿਰ ‘ਤੇ ਬੁਢੇਪਾ ਕੱਟ ਲਊਂਗੀ।” “ਪੁੱਤ! ਇਹ ਸਭ ਕਹਿਣ ਦੀਆਂ ਗੱਲਾਂ ਨੇ, ਪੰਧ ਲੰਮੇਰਾ ਹੈ। ਅਜੇ ਵੀ ਸੋਚ ਲੈ।” ਮੇਰੀ ਨਾਨੀ ਨੇ ਮਾਂ ਨੂੰ ਕਿਹਾ ਸੀ। ਮੇਰੀ ਮਾਂ ਨੇ ਮੈਨੂੰ ਗੋਦ ਬਿਠਾਉਂਦਿਆਂ ਫਿਰ ਸਭ ਨੂੰ ਨਾਂਹ ਕਰ ਦਿੱਤੀ।
ਬਾਪ ਦੀਆਂ ਅੰਤਿਮ ਰਸਮਾਂ ਪੂਰੀਆਂ ਹੋ ਗਈਆਂ ਸਨ। ਸਭ ਆਪੋ-ਆਪਣੇ ਘਰਾਂ ਨੂੰ ਜਾ ਚੁਕੇ ਸਨ। ਮੇਰੀ ਮਾਂ ਮੈਨੂੰ ਹਿੱਕ ਨਾਲ ਲਾ ਕੇ ਅਸਮਾਨ ਵੱਲ ਦੇਖਦੀ, ਸ਼ਾਇਦ ਆਪਣਾ ਤੇ ਮੇਰਾ ਭਵਿੱਖ ਦੇਖਣਾ ਚਾਹੁੰਦੀ ਸੀ। ਉਹ ਮੈਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਾਲ ਸੁਣਾਉਂਦੀ। ਮੇਰਾ ਬਾਪ ਵੀ ਧਾਰਮਿਕ ਖਿਆਲਾਂ ਦਾ ਬੰਦਾ ਸੀ ਅਤੇ ਮਾਂ ਵੀ ਗੁਰਬਾਣੀ ਤੋਂ ਬਾਹਰ ਦੀ ਕੋਈ ਗੱਲ ਨਾ ਕਰਦੀ। ਤਾਇਆ ਮੁਖਬਰ ਸੁਭਾਅ ਦਾ ਸੀ। ਉਹਨੇ ਕਈ ਵਾਰ ਪੁੱਠੇ-ਸਿੱਧੇ ਹੱਥਕੰਡੇ ਅਪਨਾਉਣੇ ਚਾਹੇ ਪਰ ਮਾਂ ਦੇ ਸਖਤ ਸੁਭਾਅ ਨੇ ਤਾਏ ਨੂੰ ਸ਼ਰਮਿੰਦਗੀ ਹੀ ਦਿੱਤੀ ਸੀ। ਫਿਰ ਤਾਇਆ ਆਨੇ-ਬਹਾਨੇ ਮਾਂ ਅਤੇ ਮੇਰੇ ਉਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਨ ਤੋਂ ਨਹੀਂ ਸੀ ਹਟਦਾ। ਮਾਂ ਮੈਨੂੰ ਹਰੀ ਸਿੰਘ ਨਲੂਆ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੀ ਰਹਿੰਦੀ। ਮੇਰੇ ਅੰਦਰ ਬਦਲੇ ਦੀ ਅੱਗ ਭੜਕ ਜਾਂਦੀ, ਮੈਂ ਤਾਏ ਨੂੰ ਜਿਉਂਦਾ ਜਲਾ ਦੇਣਾ ਚਾਹੁੰਦਾ ਸੀ ਪਰ ਮੇਰੀ ਮਾਂ ਫਿਰ ਮੈਨੂੰ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਾਕਾ ਸੁਣਾਉਂਦੀ।
ਦੂਜੇ ਬੰਨ੍ਹੇ ਮੈਂ ਪੜ੍ਹਾਈ ਦੇ ਨਾਲ-ਨਾਲ ਤਾਏ ਨਾਲ ਖੇਤੀ ਦੇ ਕੰਮ ਵੀ ਕਰਵਾਉਂਦਾ ਪਰ ਸਾਨੂੰ ਖੇਤੀ ਦੀ ਆਮਦਨ ਦਾ ਕੋਈ ਹਿਸਾਬ-ਕਿਤਾਬ ਨਾ ਮਿਲਦਾ। ਬੱਸ ਦੋ ਰੋਟੀਆ ਖਾ ਕੇ ਗੁਜ਼ਾਰਾ ਕਰ ਲੈਂਦੇ। ਤਾਈ ਦੇ ਪੇਕੇ ਯੂæਪੀæ ਵਿਚ ਰਹਿੰਦੇ ਸਨ। ਤਾਏ ਨੇ ਉਨ੍ਹਾਂ ਨੂੰ ਸੱਦ ਕੇ ਸਾਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਤਾਏ ਨੇ ਮਾਂ ‘ਤੇ ਇਲਜ਼ਾਮ ਲਾ ਦਿੱਤਾ ਕਿ ਇਹ ਮੇਰੇ ਸਾਲੇ ‘ਤੇ ਚਾਦਰ ਪਾਉਣਾ ਚਾਹੁੰਦੀ ਹੈ। ਮਾਂ ਦੇ ਸਿਰ ‘ਤੇ ਜਿਵੇਂ ਪਹਾੜ ਟੁੱਟ ਗਿਆ ਹੋਵੇ। ਉਹਨੇ ਕਿਸੇ ਹੱਥ ਸੁਨੇਹਾ ਭੇਜ ਕੇ ਮੇਰੇ ਮਾਮੇ ਸੱਦ ਲਏ। ਮਾਮਿਆਂ ਨੇ ਤਾਇਆ ਗਜ਼ ਵਾਂਗ ਸਿੱਧਾ ਕਰ ਦਿੱਤਾ ਸੀ ਤੇ ਘਰ ਦੇ ਵਿਚਕਾਰ ਕੰਧ ਕੱਢ ਦਿੱਤੀ। ਖੇਤੀ ਸਾਂਝੀ ਹੋਣ ਕਾਰਨ ਅਸੀਂ ਤਾਏ ਨੂੰ ਇਕ ਸੀਰੀ ਦੇ ਪੈਸੇ ਦਿੰਦੇ ਸਾਂ। ਹਾੜ੍ਹੀ-ਸਾਉਣੀ ਦਾ ਹਿਸਾਬ ਮੇਰੇ ਮਾਮੇ ਆ ਕੇ ਤਾਏ ਨਾਲ ਕਰ ਜਾਂਦੇ। ਤਾਇਆ ਉਪਰੋਂ-ਉਪਰੋਂ ਤਾਂ ਸਿੱਧਾ ਹੋ ਗਿਆ ਸੀ ਪਰ ਅੰਦਰੋਂ ਜਲੇਬੀ ਵਾਂਗ ਹੀ ਸੀ।
ਮਾਂ ਦੇ ਸਾਊ ਤੇ ਸਿਰੜੀ ਸੁਭਾਅ ਦੀਆਂ ਗੱਲਾਂ ਸਾਰਾ ਪਿੰਡ ਕਰਦਾ ਸੀ। ਮਾਂ ਨੇ ਦੁੱਖਾਂ-ਕਲੇਸ਼ਾਂ ਦੀਆਂ ਹਨੇਰੀਆਂ ਵਿਚੋਂ ਗੁਜ਼ਰਦਿਆਂ ਮੈਨੂੰ ਵਿਆਹੁਣ ਜੋਗਾ ਕਰ ਲਿਆ। ਮੇਰੀ ਮਾਮੀ ਨੇ ਰਿਸ਼ਤਾ ਕਰਵਾ ਦਿੱਤਾ। ਮੈਂ, ਮੇਰੀ ਘਰਵਾਲੀ ਜੀਤੋ ਤੇ ਮਾਂ- ਤਿੰਨੇ ਜਣੇ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤਪਾਨ ਕਰ ਆਏ। ਮਾਂ ਦੀਆਂ ਧਾਰਮਿਕ ਸਿੱਖਿਆਵਾਂ ਨੇ ਮੈਨੂੰ ਪਹਿਲਾਂ ਹੀ ਧਾਰਮਿਕਤਾ ਬਖਸ਼ੀ ਹੋਈ ਸੀ। ਸਾਡੇ ਵਿਹੜੇ ਵਿਚ ਮਸਾਂ ਖੁਸ਼ੀਆਂ ਆਈਆਂ ਸਨ ਅਤੇ ਤਾਏ ਦੀ ਹਿੱਕ ‘ਤੇ ਸੱਪ ਲੇਟਣ ਲੱਗ ਪਿਆ ਸੀ। ਤਾਏ ਦੇ ਦੋਵੇਂ ਮੁੰਡੇ ਵੀ ਮੇਰੇ ਵੱਲ ਦੁਸ਼ਮਣਾਂ ਵਾਂਗ ਦੇਖਦੇ। ਹੁਣ ਅਸੀਂ ਖੇਤੀਬਾੜੀ ਵੀ ਵੱਖੋ-ਵੱਖ ਕਰਨ ਲੱਗ ਪਏ ਸਾਂ। ਤਾਏ ਨੇ ਮਾੜੀ ਜ਼ਮੀਨ ਸਾਡੀ ਝੋਲੀ ਪਾ ਦਿੱਤੀ। ਮਾਂ ਨੇ ਇਕ ਵਾਰੀ ਫਿਰ ਸਬਰ ਦਾ ਘੁੱਟ ਭਰਦਿਆਂ ਮੈਨੂੰ ਚੁੱਪ ਕਰਵਾ ਦਿੱਤਾ। ਮੈਂ ਖੇਤੀਂ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਮੇਰੇ ਸਹੁਰੇ ਤੇ ਮਾਮੇ ਬਹੁਤ ਮਦਦ ਕਰਦੇ। ਇਕ ਵਾਰੀ ਤਾਏ ਨੇ ਸਾਡੇ ਖੇਤੀਂ ਸ਼ਰਾਬ ਦੀ ਭੱਠੀ ਦਾ ਸਮਾਨ ਰੱਖ ਕੇ ਪੁਲਿਸ ਸੱਦ ਲਈ। ਮੈਨੂੰ ਤਾਏ ਦੀ ਚਾਲ ਸਮਝ ਆ ਗਈ। ਮੈਂ ਅਤੇ ਮੇਰੇ ਸਾਲੇ ਨੇ ਥਾਣੇ ਤੋਂ ਆਉਂਦਿਆਂ ਹੀ ਤਾਇਆ ਸੁੱਟ ਲਿਆ, ਤੇ ਉਹ ਮੰਨ ਵੀ ਗਿਆ ਕਿ ਸਾਰਾ ਸਾਮਾਨ ਉਹਨੇ ਹੀ ਰੱਖਿਆ ਸੀ।
ਪਰਮਾਤਮਾ ਨੇ ਦੁੱਖਾਂ ‘ਤੇ ਮਲ੍ਹਮ ਲਾਉਂਦਿਆਂ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿੱਤੀ। ਮਾਂ ਦਾਦੀ ਬਣ ਕੇ ਬਹੁਤ ਖੁਸ਼ ਹੋਈ, ਤੇ ਤਾਏ ਦੇ ਘਰ ਮਾਤਮ ਛਾਇਆ ਰਿਹਾ ਸੀ। ਤਾਏ ਦੇ ਦੋਵੇਂ ਪੁੱਤ ਅਜੇ ਕੁਆਰੇ ਸਨ। ਕੋਈ ਰਿਸ਼ਤੇ ਵਾਲਾ ਨਹੀਂ ਸੀ ਢੁੱਕ ਰਿਹਾ।
ਉਨ੍ਹਾਂ ਦਿਨਾਂ ਵਿਚ ਖਾੜਕੂ ਸੰਘਰਸ਼ ਜ਼ੋਰਾਂ ‘ਤੇ ਸੀ। ਦਿਨੇ ਪੁਲਿਸ ਘੁੰਮਦੀ ਰਹਿੰਦੀ, ਰਾਤਾਂ ਦੇ ਰਾਜੇ ਖਾੜਕੂ ਸਨ। ਮਾਂ ਹਮੇਸ਼ਾ ਡਰਦੀ ਰਹਿੰਦੀ ਕਿ ਤਾਇਆ ਕਿਤੇ ਕੋਈ ਚੁਗਲੀ ਨਾ ਲਾ ਦੇਵੇ ਕਿ ਦਿਆਲੇ ਕੋਲ ਖਾੜਕੂ ਆਉਂਦੇ ਹਨ; ਝੂਠ ਦੀ ਮੁਖਬਰੀ ਕਿਤੇ ਪੁੱਤ ਦੇ ਸਿਰ ਨਾ ਪੈ ਜਾਵੇ! ਮੈਂ ਇਸ ਗੱਲ ਤੋਂ ਨਿਧੜਕ ਹੋ ਕੇ ਖੇਤ ਆਉਂਦਾ-ਜਾਂਦਾ। ਫਿਰ ਇਕ ਦਿਨ ਨਹਿਰ ਦੀ ਪਟੜੀ ‘ਤੇ ਖੜਕੂਆਂ ਨੇ ਦੋ ਮੁਖਬਰ ਮਾਰ-ਮੁਕਾਏ। ਪੁਲਿਸ ਨੇ ਸਾਡਾ ਪਿੰਡ ਛਾਉਣੀ ਵਿਚ ਬਦਲ ਦਿੱਤਾ। ਮੈਂ ਪਿੰਡ ਨਹੀਂ ਸੀ। ਪੁਲਿਸ ਆਈ ਸੀ ਘਰ, ਤੇ ਪੁੱਛ ਕੇ ਮੁੜ ਗਈ। ਖਾੜਕੂਆਂ ਨੂੰ ਤਾਏ ਬਾਰੇ ਵੀ ਪਤਾ ਲੱਗ ਗਿਆ ਸੀ ਕਿ ਇਹ ਵੀ ਥਾਣੇ ਆਉਂਦਾ-ਜਾਂਦਾ ਹੈ। ਤਾਏ ਨੂੰ ਧਮਕੀ ਭਰਿਆ ਖਤ ਵੀ ਆ ਗਿਆ ਸੀ ਪਰ ਤਾਇਆ ਮੈਨੂੰ ਪੁਲਿਸ ਤੋਂ ਮਰਵਾ ਕੇ ਮੇਰੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਫਿਰ ਇਕ ਦਿਨ ਤਾਇਆ ਖਾੜਕੂਆਂ ਦੇ ਹੱਥੇ ਚੜ੍ਹ ਗਿਆ। ਪੁਲਿਸ ਦਾ ਕਹਿਣਾ ਸੀ ਕਿ ਇਹ ਕੰਮ ਦਿਆਲੇ ਦੇ ਕਹਿਣ ‘ਤੇ ਹੋਇਆ ਹੈ। ਮੈਂ ਜੀਤੋ ਨੂੰ ਲੈ ਕੇ ਸ਼ਹਿਰ ਦੇ ਹਸਪਤਾਲ ਵਿਚ ਸੀ। ਪਰਮਾਤਮਾ ਨੇ ਸਾਨੂੰ ਧੀ ਦੀ ਦਾਤ ਬਖਸ਼ੀ ਸੀ। ਪੁਲਿਸ ਮੈਨੂੰ ਲੱਭ ਰਹੀ ਸੀ। ਮਾਮਿਆਂ ਅਤੇ ਸਹੁਰਿਆਂ ਨੇ ਕਿਸੇ ਵੱਡੇ ਅਫਸਰ ਅੱਗੇ ਮੈਨੂੰ ਪੇਸ਼ ਕਰ ਦਿੱਤਾ ਅਤੇ ਨਿਰਦੋਸ਼ ਸਾਬਤ ਕਰਕੇ ਛੁਡਾ ਲਿਆ ਪਰ ਮਾਂ ਨੂੰ ਡਰ ਪੈ ਗਿਆ ਕਿ ਪੁੱਤ ਦਾ ਪਿੰਡ ਰਹਿਣਾ ਖਤਰੇ ਤੋਂ ਖਾਲੀ ਨਹੀਂ। ਮੈਂ ਛੇ ਕੁ ਮਹੀਨਿਆਂ ਵਿਚ ਹੀ ਮੁੰਬਈ ਤੋਂ ਜਹਾਜ ਚੜ੍ਹ ਅਮਰੀਕਾ ਆ ਗਿਆ। ਮਾਂ, ਜੀਤੋ ਤੇ ਦੋਵੇਂ ਬੱਚੇ ਪਿੰਡ ਸਨ; ਮਾਂ ਕੋਲ ਬਿਰਧ ਨਾਨੀ ਵੀ ਆ ਗਈ। ਤਾਏ ਦੇ ਘਰ ਦਾ ਹਾਲ ਬੁਰਾ ਸੀ। ਮੁੰਡਿਆਂ ਨੇ ਕਰਜ਼ੇ ਦੀ ਪੰਡ ਭਾਰੀ ਕਰ ਲਈ ਸੀ ਜਿਹੜੀ ਦੋ ਕਿੱਲੇ ਜ਼ਮੀਨ ਬੈਅ ਕਰਵਾ ਕੇ ਵੀ ਹੌਲੀ ਨਾ ਹੋਈ, ਤੇ ਮੁੰਡਿਆਂ ਨੂੰ ਨਾ ਕੋਈ ਰਿਸ਼ਤਾ ਹੋਇਆ। ਇੱਧਰ ਮੈਂ ਇਥੇ ਆ ਕੇ ਗੁਰਦੁਆਰੇ ਵਿਚ ਪਨਾਹ ਲੈ ਲਈ, ਤੇ ਹੌਲੀ-ਹੌਲੀ ਟਰੱਕ ਦਾ ਲਾਇਸੈਂਸ ਬਣਵਾ ਲਿਆ। ਫਿਰ ਕੀ ਸੀ! ਚੱਲ ਸੋ ਚੱਲ! ਡਾਲਰ ਤਾਂ ਜਿਵੇਂ ਤੰਗਲੀ ਨਾਲ ਇਕੱਠੇ ਕਰ ਲਏ ਹੋਣ। ਬੱਸ ਮਾਂ ਦੀ ਇਕ ਗੱਲ ਹਮੇਸ਼ਾ ਯਾਦ ਰੱਖੀ ਕਿ ਕਿਸੇ ਦਾ ਬੁਰਾ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਬੇਈਮਾਨੀ ਨਹੀਂ ਕਰਨੀ, ਧਰਮ ਦੀ ਕਿਰਤ ਕਰਨੀ।
ਸਮਾਂ ਬੀਤਦਾ ਗਿਆ ਪਰ ਪੇਪਰ ਨਾ ਬਣੇ। ਮੈਂ ਵਿਛੋੜੇ ਦੀ ਭੱਠੀ ਵਿਚ ਭੁੱਜਣ ਲੱਗਾ। ਮਾਂ ਦੀ ਯਾਦ ਹਮੇਸ਼ਾ ਦਿਲ ਦੇ ਬੂਹੇ ਖੋਲ੍ਹਦੀ ਰਹਿੰਦੀ। ਬੱਚਿਆਂ ਦਾ ਮੋਹ ਤੇ ਜੀਤੋ ਦੀ ਯਾਦ ਨੇ ਫਿਰ ਇਕ ਦਿਨ ਪਿੰਡ ਦੀ ਟਿਕਟ ਕਟਵਾ ਦਿੱਤੀ।
ਪੂਰੇ ਬਾਰਾਂ ਸਾਲਾਂ ਬਾਅਦ ਮੈਂ ਪਿੰਡ ਗਿਆ। ਸਭ ਤੋਂ ਪਹਿਲਾਂ ਤਾਈ ਆ ਕੇ ਗਲ ਨੂੰ ਚੁੰਬੜੀ। ਰੋਣ ਦਾ ਹੜ੍ਹ ਵਗਦਾ ਰਿਹਾ। ਤਾਏ ਦੇ ਪੁੱਤ ਵੀ ਆ ਕੇ ਪੈਰੀਂ ਡਿੱਗ ਪਏ। ਮੈਂ ਸਭ ਨੂੰ ਗਲ ਨਾਲ ਲਾਇਆ। ਤਾਏ-ਚਾਚੇ ਦੇ ਪੁੱਤ ਜਿਵੇਂ ਸਕੇ ਭਰਾ ਬਣ ਗਏ ਹੋਣ। ਮੇਰੇ ਬੱਚੇ ਵੀ ਵੱਡੇ ਹੋ ਗਏ ਸਨ। ਮਾਂ ਉਨ੍ਹਾਂ ਨੂੰ ਸੁਘੜ ਸਿੱਖਿਆ ਦਿੰਦੀ ਰਹੀ ਸੀ, ਉਹ ਸਿੱਖੀ ਸਰੂਪ ਵਿਚ ਸਨ। ਤਾਏ ਦੇ ਵੱਡੇ ਮੁੰਡੇ ਨੂੰ ਮੈਂ ਖੁਦ ਰਿਸ਼ਤਾ ਕਰਵਾ ਦਿੱਤਾ। ਛੋਟਾ ਪਹਿਲਾਂ ਵਿਆਹਿਆ ਗਿਆ ਸੀ। ਉਹਨੂੰ ਆਪਣੇ ਕੋਲੋਂ ਪੈਸੇ ਲਾ ਕੇ ਦੁਬਈ ਭੇਜ ਦਿੱਤਾ। ਮੈਂ ਅਮਰੀਕਾ ਦੀ ਕਮਾਈ ਨਾਲ ਬਾਰਾਂ ਕਿੱਲੇ ਜ਼ਮੀਨ ਖਰੀਦ ਲਈ ਅਤੇ ਘਰ ਵੀ ਵਧੀਆ ਬਣਾ ਲਿਆ। ਬਾਪ ਤੇ ਤਾਇਆ ਵਾਪਸ ਤਾਂ ਨਹੀਂ ਸਨ ਆਉਣੇ ਪਰ ਸਾਡਾ ਆਪਸੀ ਪਿਆਰ ਵਾਪਸ ਆ ਗਿਆ ਸੀ।
ਪਿੰਡ ਵਾਲੇ ਮੈਨੂੰ ਆਖਦੇ, “ਤੂੰ ਅਮਰੀਕਾ ਕਿਉਂ ਛੱਡ ਆਇਆਂ? ਲੋਕ ਤਾਂ ਤਰਸਦੇ ਹਨ ਉਥੇ ਜਾਣ ਲਈ!” ਮੈਂ ਸੋਚਦਾ ਕਿ ਸਭ ਕੁਝ ਪੈਸਾ ਹੀ ਨਹੀਂ ਹੁੰਦਾ। ਕਈ ਰਿਸ਼ਤੇ ਪੈਸੇ ਨਾਲੋਂ ਵੱਧ ਕੀਮਤੀ ਹੁੰਦੇ ਹਨ। ਮੈਂ ਹੋਰ ਤਾਂ ਕੁਝ ਨਾ ਕਰ ਸਕਿਆ ਪਰ ਤਾਈ ਦੇ ਚਿਹਰੇ ‘ਤੇ ਜ਼ਰੂਰ ਰੌਣਕ ਲਿਆ ਦਿੱਤੀ। ਤਾਏ ਦੀਆਂ ਮਾੜੀਆਂ ਕਰਤੂਤਾਂ ਕਰ ਕੇ ਤਾਈ ਉਹਨੂੰ ਹੁਣ ਯਾਦ ਨਹੀਂ ਸੀ ਰੱਖਣਾ ਚਾਹੁੰਦੀ, ਤੇ ਮੇਰੇ ਬਾਪ ਦੇ ਚੰਗੇ ਸੁਭਾਅ ਕਰ ਕੇ ਮੇਰੀ ਮਾਂ ਉਹਨੂੰ ਕਦੇ ਭੁੱਲੀ ਨਹੀਂ ਸੀ।
ਮੇਰੇ ਬੱਚੇ ਜਵਾਨ ਹੋਏ। ਅਮਰੀਕਾ ਰਹਿੰਦਾ ਮੇਰਾ ਇਕ ਮਿੱਤਰ ਆਪਣੀ ਧੀ ਦਾ ਰਿਸ਼ਤਾ ਮੇਰੇ ਪੁੱਤਰ ਨੂੰ ਕਰ ਆਇਆ। ਛੇ ਮਹੀਨਿਆਂ ਵਿਚ ਪੁੱਤਰ ਅਮਰੀਕਾ ਆ ਗਿਆ, ਇਸੇ ਤਰ੍ਹਾਂ ਧੀ ਦਾ ਰਿਸ਼ਤਾ ਵੀ ਅਮਰੀਕਾ ਹੋ ਗਿਆ। ਮਾਂ ਅੱਖਾਂ ਭਰ ਕੇ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਮਨਾਉਂਦੀ। ਤਾਏ ਦੇ ਪੁੱਤ ਨੇ ਵੀ ਦੁਬਈ ਜਾ ਕੇ ਚੰਗੀ ਕਮਾਈ ਕੀਤੀ ਅਤੇ ਆਪਣੇ ਛੋਟੇ ਭਰਾ ਨੂੰ ਆਪਣੇ ਕੋਲ ਸੱਦ ਲਿਆ। ਜੀਤੋ ਮਾਂ ਦੀ ਬਹੁਤ ਸੇਵਾ ਕਰਦੀ। ਮੈਂ ਫਿਰ ਅਮਰੀਕਾ ਆ ਗਿਆ ਸਾਂ, ਪਰ ਜੀਤੋ ਕਹਿੰਦੀ, ‘ਮੈਂ ਮਾਂ ਨੂੰ ਛੱਡ ਕੇ ਨਹੀਂ ਜਾਣਾ।’ ਪਰਦੇਸਾਂ ਬਿਨਾਂ ਸਰਦਾ ਨਹੀਂ, ਪਰ ਮਾਂ-ਬਾਪ ਵੀ ਹਮੇਸ਼ਾ ਬੈਠੇ ਨਹੀਂ ਰਹਿੰਦੇ। ਚੰਗੇ ਮਾੜੇ ਦਿਨ ਤਾਂ ਬੰਦੇ ਦੀ ਜ਼ਿੰਦਗੀ ਵਿਚ ਆਉਂਦੇ-ਜਾਂਦੇ ਰਹਿੰਦੇ ਹਨ।
ਤਾਈ ਦੇ ਆਖਰੀ ਸਾਹਾਂ ਵੇਲੇ ਮੈਂ ਉਸ ਦੇ ਕੋਲ ਸੀ। ਤਾਈ ਮਰਨ ਲੱਗੀ ਆਪਣੀ ਹਿੱਕ ਤੋਂ ਮਣਾਂ ਮੂੰਹੀਂ ਭਾਰ ਉਤਾਰ ਗਈ ਸੀ, “ਪੁੱਤ! ਆਪਣੀ ਮਾਂ ਨੂੰ ਨਾ ਦੱਸੀਂæææਤੇਰੇ ਪਿਉ ਨੂੰ ਜ਼ਹਿਰ ਤੇਰੇ ਤਾਏ ਨੇ ਦਿੱਤੀ ਸੀ!”
ਤਾਈ ਸਦਾ-ਸਦਾ ਲਈ ਜਾ ਚੁੱਕੀ ਸੀ ਪਰ ਮੈਂ ਅੱਜ ਵੀ ਤਾਏ ਦੀ ਕੀਤੀ ਨੂੰ ਨਹੀਂ ਭੁੱਲਿਆ।