ਅੱਠ ਮਾਰਚ ਤੋਂ ਅੱਠ ਮਾਰਚ

ਕਾਨਾ ਸਿੰਘ ਨੇ ਮਹਿਲਾ ਦਿਵਸ (ਅੱਠ ਮਾਰਚ) ਨੂੰ ਸਮਰਪਿਤ ਇਸ ਲੇਖ ਵਿਚ ਆਪਣੀਆਂ ਮੁਢਲੀਆਂ ਸਾਹਿਤਕ ਸਰਗਰਮੀਆਂ ਦੇ ਨਾਲ-ਨਾਲ ਆਪਣੀ ਅਨੂਠੀ ਤੇ ਚਾਣਚੱਕ ਹੋਈ ਰੰਗਮੰਚ ਸਰਗਰਮੀ ਬਾਰੇ ਵੀ ਖੁਲਾਸਾ ਕੀਤਾ ਹੈ। ਕਾਨਾ ਸਿੰਘ ਆਪਣੀ ਹਰ ਰਚਨਾ ਵਿਚ ਗੱਲਾਂ ਵਿਚੋਂ ਗੱਲਾਂ ਦੇ ਗਲੋਟੇ ਉਧੇੜਦੀ ਚਲੀ ਜਾਂਦੀ ਹੈ, ਬਹੁਤ ਮਟਕ ਨਾਲ;

ਤੇ ਇਹ ਮਟਕ ਸਮੁੱਚੀ ਲਿਖਤ ਵਿਚੋਂ ਝਾਤੀਆਂ ਮਾਰਦੀ ਦਿਸਦੀ ਹੈ। ਇੱਦਾਂ ਦਾ ਰੰਗ ਵਿਰਲੀਆਂ ਲਿਖਤਾਂ ਨੂੰ ਚੜ੍ਹਿਆ ਮਿਲਦਾ ਹੈ। ਇਸ ਪੱਖੋਂ ਕਾਨਾ ਸਿੰਘ ਦੀ ਝੰਡੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944

28 ਜੁਲਾਈ, 1986 ਦੀ ਦੁਪਹਿਰ।
ਅਤਿਵਾਦ ਦੇ ਸਾਏ ਹੇਠ ਧੜਕਦੇ-ਸਹਿਮਦੇ ਪਿੰਡ ਜਿਹੇ ਮੁਹਾਲੀ ਸ਼ਹਿਰ ਵਿਚ ਟਿਕਿਆਂ ਮੈਨੂੰ ਤਿੰਨ ਮਹੀਨੇ ਹੋ ਚੁੱਕੇ ਸਨ। ਕਰਫਿਊ, ਗੋਲੀਆਂ ਦੇ ਸਾਏ ਹੇਠ ਤਿੰਨ ਵਰ੍ਹਿਆਂ ਤੋਂ ਵੀ ਲੰਮੇਰੇ, ਤਿੰਨ ਜੁਗਾਂ ਜਿਹੇ ਹੀ ਲਗਦੇ ਸਨ ਇਹ ਤਿੰਨ ਮਹੀਨੇ। ਦੀਪੀ ਬੇਟੇ ਨੇ ਚੰਡੀਗੜ੍ਹ ਦੇ ਇਕ ਹੋਟਲ ਵਿਚ ਰਿਸੈਪਸ਼ਨਿਸਟ ਦੀ ਨੌਕਰੀ ਫੜ ਲਈ ਸੀ।æææ18 ਵਰ੍ਹਿਆਂ ਦਾ ਕਿਸ਼ੋਰ ਬਾਲਕ, ਕੇਵਲ ਹਾਇਰ ਸੈਕੰਡਰੀ ਪਾਸ।
ਕਲਮੁਕੱਲੀ ਘਰ ਵਿਚ ਬੈਠੀ, ਮੁੰਬਈ ਦੀਆਂ ਯਾਦਾਂ ਵਿਚ ਹੌਕੇ ਭਰਦੀ, ਵੰਡੇ ਗਏ ਪਰਿਵਾਰ ਦੇ ਗ਼ਮ ਨੂੰ ਝੂਰਦੀ, ਬਿਟ-ਬਿਟ ਤਕਦੀ ਕੰਧਾਂ ਨਾਲ ਗੱਲਾਂ ਕਰਦੀ। ਨਾ ਕੋਈ ਮਿੱਤਰ, ਨਾ ਜਾਣੂੰ ਤੇ ਨਾ ਕੋਈ ਸਾਕ ਸਬੰਧੀ। ਆਪਣਾ ਪੰਜਾਬ, ਪੰਜਾਬ ਪਰਦੇਸ।
ਸਿਖ਼ਰ ਦੁਪਹਿਰ ਵਿਚ ਕੁਝ ਬੱਦਲ ਛਾ ਗਏ ਤੇ ਫਿਰ ਕਿਣਮਿਣ ਵੀ।æææਬਰਸਾਤ ਮੇਰੀ ਰੂਹ ਦੀ ਜਾਨ ਹੈ। ਮੁੰਬਈ ਦੇ ਚੌਮਾਸੇ ਦੀ ਮੂਸਲਾਧਾਰ ਬਾਰਿਸ਼ ਵਿਚ ਭਿੱਜਦੀ ਨੂੰ ਰੱਜ ਨਾ ਆਉਂਦਾ। ਇਸ ਬੂੰਦਾ-ਬਾਂਦੀ ਨੇ ਵੀ ਮੈਨੂੰ ਘਰੋਂ ਬਾਹਰ ਨਿਕਲਣ ਲਈ ਬੇਕਾਬੂ ਕਰ ਦਿੱਤਾ। ਮੈਂ ਬੱਸ ਫੜੀ ਤੇ ਜਾ ਪਹੁੰਚੀ ਚੰਡੀਗੜ੍ਹ। ਰੋਜ਼ ਗਾਰਡਨ ਦਾ ਨਾਂ ਸੁਣਿਆ ਹੋਇਆ ਸੀ, ਸੋਚਿਆ ਵੇਖ ਹੀ ਲਿਆ ਜਾਵੇ। ਚੱਕਰ ਕੱਟ ਕੇ ਬਾਹਰ ਨਿਕਲੀ ਤਾਂ ਬੋਰਡ ਪੜ੍ਹਿਆ ਪੰਜਾਬ ਕਲਾ ਭਵਨ ਦਾ। ਇਹ ਕੋਈ ਕਲਾ ਕਿਰਤਾਂ ਦਾ ਘਰ ਹੋਣਾ ਹੈ, ਕਿਆਫ਼ਾ ਲਾਇਆ ਤੇ ਅੰਦਰ ਜਾ ਵੜੀ। ਮੂਹਰਲੇ ਹਾਲ ਵਿਚ ਰਿਹਰਸਲ ਦਾ ਇਕੱਠ ਸੀ। ਮੈਨੂੰ ਅਜਨਬੀ ਨੂੰ ਵੇਖ ਉਹ ਠਠੰਬਰ ਗਏ। ਉਹ ‘ਉਠੀਂ ਵੇ ਮਿਰਜ਼ਿਆ ਸੁੱਤਿਆ’ ਨਾਟਕ ਦੀ ਰਿਹਰਸਲ ਕਰ ਰਹੇ ਸਨ।
“ਮੈਂ ਵੇਖ ਸਕਦੀ ਹਾਂ?”
“ਹਾਂ, ਜੰਮ-ਜੰਮ ਵੇਖੋ।” ਇਹ ਸਨ ਮਿੰਨੀ, ਬਾਲਾ, ਬਲਜੀਤ ਜ਼ਖਮੀ; ਨਾਟਕ ਦੇ ਤਿੰਨ ਡਾਇਰੈਕਟਰ ਤੇ ਲੇਖਕਾ ਰਮਾ ਰਤਨ।
ਗੱਲਬਾਤ ਦੌਰਾਨ ਮੈਂ ਦੱਸਿਆ ਕਿ ਮੈਂ ਮੁੰਬਈ ਦੇ ਪ੍ਰਿਥਵੀ ਥਿਏਟਰ ਦੀ ਪੱਕੀ ਦਰਸ਼ਕ ਸਾਂ। ਉਨ੍ਹਾਂ ਨੇ ਪੰਜ ਦਿਨਾਂ ਮਗਰੋਂ ਟੈਗੋਰ ਥੀਏਟਰ ਵਿਚ ਹੋ ਰਹੀ ਨਾਟਕ ਦੀ ਪਹਿਲੀ ਪੇਸ਼ਕਾਰੀ ਉਤੇ ਆਉਣ ਦਾ ਮੈਨੂੰ ਸੱਦਾ ਦਿੱਤਾ। ਸਾਰੇ ਹੀ ਨਿੱਘੇ ਸਨ। ਮੈਨੂੰ ਆਪਣੀ ਘੁਟਣ ਤੋਂ ਕੁਝ ਰਾਹਤ ਮਿਲੀ। ਝਟ ਪਲ ਮਗਰੋਂ ਉਨ੍ਹਾਂ ਤੋਂ ਵਿਦਾਇਗੀ ਲੈ ਕੇ ਮੈਂ ਮੁੜਨ ਦੀ ਕੀਤੀ।
ਬੱਸ ਸਟੈਂਡ ਉਤੇ ਪੁੱਜੀ ਹੀ ਸਾਂ ਕਿ ਯਾਦ ਆਇਆ ਕਿ ਛੱਤਰੀ ਤਾਂ ਮੈਂ ਕਲਾ ਭਵਨ ਵਿਚ ਹੀ ਭੁੱਲ ਆਈ ਸਾਂ। ਵਾਪਸ ਪਰਤੀ। ਹਾਲ ਵਿਚ ਵੜੀ ਹੀ ਸਾਂ ਕਿ ਉਹ ਸਾਰੇ ਜਿਵੇਂ ਖਿੜ ਜਿਹੇ ਗਏ।
“ਕੁਝ ਭੁੱਲ ਗਏ ਹੋ ਕੀ? ਅਸੀਂ ਤੁਹਾਡੇ ਬਾਰੇ ਹੀ ਸੋਚ ਰਹੇ ਸੀ ਕਿ ਤੁਹਾਡਾ ਪਤਾ ਤਾਂ ਪੁੱਛਿਆ ਹੀ ਨਹੀਂ”, ਰਮਾ ਰਤਨ ਨੇ ਕਿਹਾ।
“ਹਾਂ ਛਤਰੀ।” ਤੇ ਮੈਂ ਸੋਫ਼ੇ ਦੀ ਢੋਅ ਨਾਲ ਉਂਜ ਦੀ ਉਂਜ ਲੱਗੀ ਛਤਰੀ ਚੁੱਕ ਲਈ। ਪੰਜਾਬ ਦੀ ਕੜਕਦੀ ਧੁੱਪ ਤੋਂ ਬਚਣ ਦਾ ਇਕ ਮਾਤਰ ਸਹਾਰਾ ਸੀ ਮੇਰੀ ਇਹ ਫੋਲਡਿੰਗ ਛਤਰੀ।
“ਜੇ ਤੁਸੀਂ ਇਸ ਨਾਟਕ ਵਿਚ ਸਾਹਿਬਾਂ ਦੀ ਮਾਂ ਦਾ ਰੋਲ ਕਰੋ ਤਾਂ?” ਕੇਵਲ ਪੰਜ ਦਿਨ ਹੀ ਰਹਿ ਗਏ ਸਨ ਖੇਡਣ ਵਿਚ। ਉਨ੍ਹਾਂ ਦੀ ਪੇਸ਼ਕਸ਼ ਨੇ ਮੈਨੂੰ ਹੈਰਾਨ ਕਰ ਦਿੱਤਾ।
“ਮੇਰਾ ਇਸ ਪਾਸੇ ਦਾ ਕੋਈ ਅਨੁਭਵ ਨਹੀਂ। ਨਾਟਕ ਵੇਖਣ ਦੀ ਸ਼ੌਕੀਨ ਜ਼ਰੂਰ ਹਾਂ ਪਰ ਖੇਡਿਆ ਕਦੇ ਨਹੀਂ। ਨਾਲੇ ਰਿਹਰਸਲਾਂ ਲਈ ਰੋਜ਼ ਚੰਡੀਗੜ੍ਹ ਆਉਣਾæææਨਹੀਂ ਮੈਂ ਨਹੀਂ ਕਰ ਸਕਾਂਗੀ।” ਮੇਰਾ ਉਤਰ ਸੀ।
“ਕਰ ਸਕੋਗੇ ਜਾਂ ਨਹੀਂ, ਇਹ ਤੁਸੀਂ ਸਾਡੇ ‘ਤੇ ਛੱਡ ਦਿਓ। ਬਸ ਹਾਂ ਕਰੋ। ਰਿਹਰਸਲਾਂ ਲਈ ਤੁਹਾਨੂੰ ਘਰੋਂ ਲਿਆਉਣ ਦੀ ਜ਼ਿੰਮੇਵਾਰੀ ਸਾਡੀ।”
ਮੈਂ ਨਿਰੁੱਤਰ ਸਾਂ। ਆਉਂਦੇ ਦੋ ਦਿਨ ਮੈਨੂੰ ਮੇਰਾ ਪਾਰਟ ਦੱਸਿਆ ਤੇ ਪਕਵਾਇਆ ਗਿਆ। ਡਾਇਰੈਕਟਰ ਤਿੰਨ ਤੇ ਸਿਖਾਂਦਰੂ ਅਦਾਕਾਰ ਮੈਂ, ਇਕੋ ਇਕ, ਡਰੀ-ਡਰੀ, ਅਹਿਸਾਸ-ਏ-ਕਮਤਰੀ ਦਾ ਸ਼ਿਕਾਰ।
ਤੀਜਾ ਦਿਨ ਵੀ ਲੰਘ ਗਿਆ, ਗੱਲ ਬਣਦੀ ਨਜ਼ਰ ਨਾ ਆਵੇ। ਮਿੰਨੀ ਇਕ ਤਰੀਕੇ ਨਾਲ ਡਾਇਲਾਗ ਬੋਲਣ ਲਈ ਆਖੇ, ਜ਼ਖ਼ਮੀ ਦੂਜੇ ਨਾਲ। ਉਧਰ ਸਾਹਿਬਾਂ ਦਾ ਪਿਉ ਲੰਮ-ਸਲੰਮਾ ਸਵਰਾਜ ਸੰਧੂ ਤੇ ਉਹਦੇ ਸਾਹਵੇਂ ਛਟਾਂਕੀ ਜਿਹੀ ਮੈਂ।æææਸਾਹਿਬਾਂ ਦੀ ਮਾਂ ਹੋਵੇ, ਤੇ ਇੰਨੀ ਭੀਚੋ ਜਿਹੀ! ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋਵੇ। ਆਖ਼ਿਰ ਮੈਂ ਸਾਫ਼-ਸਾਫ਼ ਕਹਿ ਦਿੱਤਾ, “ਕੇਵਲ ਦੋ ਦਿਨ ਹੀ ਰਹਿ ਗਏ ਹਨ ਤੇ ਮੈਥੋਂ ਕੁਝ ਹੋ ਨਹੀਂ ਰਿਹਾ। ਮੇਰੇ ਕਰ ਕੇ ਤੁਹਾਡਾ ਨਾਟਕ ਫੇਲ੍ਹ ਹੋ ਜਾਵੇਗਾ। ਪਲੀਜ਼ ਮੈਨੂੰ ਮਾਫ਼ ਕਰੋ।”
“ਹੱਛਾ, ਸਿਰਫ਼ ਕੱਲ੍ਹ ਦਾ ਦਿਨ ਹੋਰ ਵੇਖ ਲੈਂਦੇ ਹਾਂ।” ਉਨ੍ਹਾਂ ਦਾ ਜੁਆਬ ਸੀ। ਘਰ ਆਈ ਤੇ ਡਾਢੀ ਝੁੰਜਲਾਈ ਹੋਈ।
ਜ਼ਿੰਦਗੀ ਮੇਰੇ ਲਈ ਹਮੇਸ਼ਾਂ ਚੁਣੌਤੀ ਰਹੀ ਹੈ। ਇਕ ਪਾਸੇ ਸਵੈ-ਵਿਸ਼ਵਾਸ ਦੀ ਘਾਟ, ਤੇ ਦੂਜੇ ਪਾਸੇ ਜੇ ਸਿਰ ‘ਤੇ ਆਣ ਬਣੇ ਤਾਂ ਜੂਝਣ ਦੀ ਅਮੋੜ ਜ਼ਿੱਦ ਵੀ। ਸ਼ੀਸ਼ਾ ਵੇਖਿਆ, ਤੇ ਆਪਣੀ ਅੱਖ ਨਾਲ ਅੱਖ ਨਾ ਮਿਲਾ ਸਕਾਂ। ਜੀ ਕੀਤਾ ਕਿ ਤੋੜ ਸੁੱਟਾਂ ਸ਼ੀਸ਼ਾ!
ਦੂਰ ਪਿੱਛੇ ਲੈ ਗਈ ਚੇਤੇ ਨੂੰ। ਉਮਰ ਦੇ ਚੌਧਵੇਂ ਸਾਲ ਵਿਚ ਜਦੋਂ ਮੱਥੇ ਤੇ ਜ਼ੁਲਫ਼ ਸੁੱਟਦੀ, ਕੱਜਲ ਦੀਆਂ ਧਾਰਾਂ ਕੱਢ ਕੇ ਨੈਣ ਮਟਕਾਉਂਦੀ, ਮੁਸ-ਮੁਸ ਸ਼ੀਸ਼ੇ ਵਿਚਲੇ ਆਪਣੇ ਅਕਸ ਉਤੇ ਮੰਤਰ ਮੁਗਧ ਇਕ ਟੱਕ ਬੇਖ਼ਬਰ ਹੋਈ ਉਤੇ ਮਾਂ ਨੇ ਭਬਕ ਮਾਰੀ ਸੀ, “ਸਮਿੱਜ ਕੇ ਰਹਿ! ਬਹੂੰ ਗੁਮਾਨ ਨਾ ਕਰ ਇਸ ਰੂਪ ਨਾ।” ਅਲੜ੍ਹ ਉਮਰ ਦੇ ਸਿਰ ਉਤੇ ਇਸ਼ਕ ਦਾ ਭੂਤ ਸ਼ਾਇਦ ਮਾਂ ਤੋਂ ਗੁੱਝਾ ਨਹੀਂ ਸੀ।
ਸ਼ੀਸ਼ੇ ਸਾਹਵੇਂ ਮੈਂ ਬਿਲਕੁਲ ਮਾਂ ਵਾਂਗ ਬਿਫ਼ਰ ਕੇ ਡਾਇਲਾਗ ਬੋਲਣ ਲੱਗੀ। ਆਪਣੀ ਹੀ ਧੁਨ ਵਿਚ, ਆਪਣੇ ਅੰਦਾਜ਼ ਵਿਚ। ਅਭਿਆਸ ਕੀਤਾ। ਕਰਦੀ ਰਹੀ। ਗੱਲ ਬਣਦੀ ਨਜ਼ਰ ਆਈ। ਅੱਜ ਮੇਰੀ ਅਦਾਕਾਰੀ ‘ਤੇ ਸਾਰੇ ਖੁਸ਼ ਸਨ, ਗਦ-ਗਦ। ਦੂਜੇ ਦਿਨ ਟੈਗੋਰ ਥਿਏਟਰ ਵਿਚ ਨਾਟਕ ਖੇਡਿਆ ਗਿਆ ਤੇ ਵਾਹ-ਵਾਹ!
ਰਮਾ ਰਤਨ ਉਨ੍ਹੀਂ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਵਿਸ਼ਾ ਮਾਹਿਰ ਸੀ। ਸਿੱਖਿਆ ਬੋਰਡ, ਮੁਹਾਲੀ ਦੇ ਪਹਿਲੇ ਫੇਜ਼ ਵਿਚ ਸੀ; ਮੇਰੇ ਘਰ ਤੋਂ ਕੇਵਲ ਇਕ ਬੱਸ ਸਟੌਪ ਦੀ ਵਿੱਥ ‘ਤੇ। ਰਮਾ ਨਾਲ ਮੇਰੀਆਂ ਬੈਠਕਾਂ ਆਮ ਹੋਣ ਲੱਗੀਆਂ। ਮੈਂ ਉਹਨੂੰ ਆਪਣੀਆਂ ਨਜ਼ਮਾਂ ਸੁਣਾਉਣ ਲੱਗੀ। ਰਮਾ ਦਾ ਹੁੰਗਾਰਾ ਮੇਰੇ ਲਈ ਅਸਚਰਜ ਸੀ। ਉਸ ਨੇ ਮੇਰੀ ਮੁਲਾਕਾਤ ਬੋਰਡ ਦੇ ਹੋਰ ਅਧਿਕਾਰੀਆਂ ਜੋਗਾ ਸਿੰਘ, ਜਨਕ ਰਾਜ ਤੇ ਸਰਬਜੀਤ ਬੇਦੀ ਆਦਿ ਨਾਲ ਕਰਾਈ।
‘ਵਿਗਿਆਪਨ’, ‘ਬਣ ਜਾ ਗੁਆਂਢੀ’, ‘ਰੱਖ ਛੱਡੀ’ ਵਰਗੀਆਂ ਜੋ ਨਜ਼ਮਾਂ ਮੈਨੂੰ ਬਸ ਐਵੇਂ ਜਿਹੀਆਂ ਹੀ ਲਗਦੀਆਂ ਸਨ, ਉਨ੍ਹਾਂ ਸਾਰਿਆਂ ਨੂੰ ਨਵੇਕਲੀਆਂ ਲੱਗੀਆਂ। ਉਹ ਮੇਰੀ ਵਿਅੰਗ-ਵਿਧਾ ਤੋਂ ਪ੍ਰਭਾਵਤ ਸਨ ਤੇ ਸਾਰੇ ਹੀ ਮੈਨੂੰ ਕਾਵਿ-ਸੰਗ੍ਰਿਹ ਛਪਵਾਉਣ ਲਈ ਪ੍ਰੇਰਨ ਲੱਗੇ।
ਇਧਰ ਰੋਜ਼ੀ-ਰੋਟੀ ਦਾ ਮਸਲਾ ਵੀ ਸੀ। ਮੁੰਬਈ ਵਾਲਾ ਫਲੈਟ ਵੇਚ ਕੇ ਇਹ ਮਕਾਨ ਖਰੀਦਣ ਮਗਰੋਂ ਮੇਰੇ ਕੋਲ ਕੇਵਲ 70 ਹਜ਼ਾਰ ਰੁਪਏ ਹੀ ਬਚੇ ਸਨ ਜਿਸ ਦੇ ਵਿਆਜ ਨਾਲ ਘਰ ਚੱਲਣਾ ਸੀ। ਦੀਪੀ ਨੂੰ ਮੁਹਾਲੀ ਟਿਕਦਿਆਂ ਹੀ ਸਾਈਕਲ ਲੈ ਦਿੱਤੀ ਸੀ। ਉਹ ਰੋਜ਼ ਦੂਰ, ਸੁਖਨਾ ਲੇਕ ਤੱਕ ਰੇਸਿੰਗ ਕਰਦਾ ਤੇ ਲਈਅਰ ਵੈਲੀ ਵਿਚ ਕੁੰਗਫੂ ਕਰਾਟੇ ਦੀ ਪ੍ਰੈਕਟਿਸ ਵੀ। ਇਹ ਦੋਵੇਂ ਸ਼ੌਕ ਉਹ ਮੁੰਬਈਓਂ ਨਾਲ ਲਿਆਇਆ ਸੀ।
ਇਨ੍ਹੀਂ ਦਿਨੀਂ ਹੀ ਅਖ਼ਬਾਰ ਵਿਚੋਂ ਰਿਸੈਪਸ਼ਨਿਸਟ ਦਾ ਇਸ਼ਤਿਹਾਰ ਪੜ੍ਹ ਕੇ ਦੀਪੀ ਪੰਕਜ ਹੋਟਲ ਵਿਚ ਵੀ ਜਾ ਵੜਿਆ, ਤੇ ਸੱਤ ਸੌ ਮਾਹਵਾਰੀ ਤਨਖ਼ਾਹ ‘ਤੇ ਉਸ ਨੌਕਰੀ ਫੜ ਕੇ ਮੈਨੂੰ ਚਾਣਚੱਕ ਹੈਰਾਨ ਕਰ ਦਿੱਤਾ। ਬਾਰ੍ਹਵੀਂ ਪਾਸ, 18 ਸਾਲ ਦਾ ਬਾਲਕ ਆਪਣਾ ਖਰਚ ਕੱਢਣ ਲਈ ਤਿਆਰ ਹੋ ਗਿਆ।
ਮੇਰੇ ਕੋਲ ਮੁੰਬਈ ਦਾ ਬਿਊਟੀ ਪਾਰਲਰ ਚਲਾਉਣ ਦਾ ਤਜਰਬਾ ਸੀ। ਘਰ ਵਿਚ ਇਕ ਕਮਰੇ ਵਿਚ ਸ਼ੀਸ਼ੇ ਫਿਟ ਕਰਾ ਕੇ ਕੰਮ ਸ਼ੁਰੂ ਕਰਨ ਬਾਰੇ ਸੋਚ ਹੀ ਰਹੀ ਸਾਂ ਕਿ ਬਿਊਟੀ ਪਾਰਲਰਾਂ ਨੂੰ ਅਤਿਵਾਦੀਆਂ ਵਲੋਂ ਧਮਕੀਆਂ ਦੀਆਂ ਖ਼ਬਰਾਂ ਮਿਲਣ ਲੱਗੀਆਂ। ਮੇਰਾ ਤਜਰਬਾ ਜ਼ਿਆਦਾ ਕਰ ਕੇ ਹੇਅਰ ਕਟਿੰਗ ਦਾ ਸੀ, ਤੇ ਪੰਜਾਬ ਵਿਚ ਇਹਦੀ ਗਾਹਕੀ ਦੀ ਵੀ ਗੁੰਜਾਇਸ਼ ਨਾ ਜਾਪੀ। ਸੋ, ਇਹ ਇਰਾਦਾ ਮੈਂ ਰੱਦ ਕਰ ਦਿੱਤਾ, ਤੇ ਇਸ ਦੀ ਥਾਂ ਹੈਲਥ ਕਲੱਬ ਤੇ ਯੋਗ ਸੈਂਟਰ ਖੋਲ੍ਹਣ ਦਾ ਮਨ ਬਣਾ ਲਿਆ।
ਮੁੰਬਈ ਤੋਂ ਕੂਚ ਕਰਨ ਤੋਂ ਪਹਿਲਾਂ ਮੈਂ ਫਿਲਮ ਐਕਟਰ ਦਿਲੀਪ ਤਾਹਿਲ ਦੇ ਪਿਤਾ ਜੀæਐਸ਼ ਤਾਹਿਲਰਮਾਨੀ ਜੋ ਮੇਰੇ ਬਜ਼ੁਰਗ ਮਿੱਤਰ, ਗੁਰੂ ਤੇ ਗਾਈਡ ਵੀ ਸਨ ਅਤੇ ਮੇਰੀ ‘ਖੁਸ਼ਬੂ’ ਕਹਾਣੀ ਦੇ ਮੁੱਖ ਪਾਤਰ ਵੀ, ਨਾਲ ਮੁੰਬਈ ਦੇ ਸੀæਸੀæਆਈæ ਕਲੱਬ ਦਾ ਹੈਲਥ ਸੈਂਟਰ ਵੇਖ ਚੁੱਕੀ ਸਾਂ। ਉਨ੍ਹਾਂ ਦੀ ਹਦਾਇਤ ਸੀ ਕਿ ਮੈਂ ਪੰਜਾਬ ਵਿਚ ਇਹ ਕੰਮ ਸ਼ੁਰੂ ਕਰਾਂ। ਇਹ ਕੰਮ ਮੇਰੇ ਯੋਗ-ਅਭਿਆਸ ਅਤੇ ਬਿਊਟੀ ਪਾਰਲਰ ਦੇ ਅਨੁਭਵ ਦੇ ਅਨੁਕੂਲ ਵੀ ਸੀ। ਮੈਂ ਚੰਡੀਗੜ੍ਹ ਦੇ ਹੈਲਥ ਕਲੱਬਾਂ ਦਾ ਸਰਵੇਖਣ ਕੀਤਾ। ਜੋਗਰ, ਟਵਿਸਟਰ ਵਾਇਬਰੇਟਰੀ ਬੈਲਟ ਤੇ ਸਟੀਮ ਬਾਥ ਆਦਿ ਦੀਆਂ ਮਸ਼ੀਨਾਂ ਖਰੀਦੀਆਂ ਤੇ ‘ਗਰੋ ਯੰਗ ਹੈਲਥ ਕਲੱਬ’ ਦਾ ਬੋਰਡ ਲਗਾ ਕੇ, ਪੈਂਫਲੈਟ ਵੰਡ ਕੇ, ਦੁਸਹਿਰੇ ਦੇ ਦਿਨ ਤੋਂ ਕੰਮ ਦੀ ਸ਼ੁਰੂਆਤ ਕਰ ਦਿੱਤੀ।
ਗਾਹਕ ਆਉਣੇ ਸ਼ੁਰੂ ਹੋ ਗਏ। ਤੀਵੀਆਂ ਵੀ ਤੇ ਮਰਦ ਵੀ। ਮਰਦਾਂ ਦਾ ਸਮਾਂ ਸਵੇਰ ਦਾ ਤੇ ਜਨਾਨੀਆਂ ਲਈ ਗਿਆਰਾਂ ਵਜੇ ਤੋਂ ਬਾਅਦ ਦਾ। ਦੋ-ਤਿੰਨ ਮਹੀਨਿਆਂ ਵਿਚ ਇੰਨੇ ਗਾਹਕ ਬਣ ਗਏ ਕਿ ਹੁਣ ਮੈਨੂੰ ਗਰੁੱਪ ਸ਼ਿਫ਼ਟਾਂ ਵਿਚ ਵੰਡਣੇ ਪੈ ਗਏ। ਹੈਲਥ ਕਲੱਬ ਨਾਲ ਯੋਗਾਸਨ ਦੀ ਸਿੱਖਿਆ ਲਾਜ਼ਮੀ ਸੀ।
ਜਿਉਂ-ਜਿਉਂ ਆਮਦਨ ਵਧਣ ਲੱਗੀ, ਘਰ ਦਾ ਸਮਾਨ ਬਣਨ ਲੱਗਾ। ਬੇਟਾ ਆਪਣੀ ਅਗਲੇਰੀ ਪੜ੍ਹਾਈ ਦਾ ਖਰਚ ਆਪੇ ਕੱਢਣ ਲੱਗਾ। ਚੰਦ ਮਹੀਨਿਆਂ ਵਿਚ ਹੀ ਉਸ ਨੂੰ ਮੈਡੀਕਲ ਰਿਪਰਜੈਂਟੇਟਿਵ ਦੀ ਨੌਕਰੀ ਮਿਲ ਗਈ, ਤੇ ਉਸ ਮੋਪੇਡ ਵੀ ਖਰੀਦ ਲਈ, ਅਰ ਨਾਲੋ-ਨਾਲ ਪੜ੍ਹਾਈ ਜਾਰੀ ਰੱਖੀ। ਮੈਨੂੰ ਵੀ ਸਾਹਿਤਕ ਮੀਟਿੰਗਾਂ ਵਿਚ ਛੱਡਣ-ਲੈਣ ਲੱਗਾ।
8 ਮਾਰਚ 1987 ਨੂੰ ਟੈਗੋਰ ਥਿਏਟਰ ਵਿਚ ਹੋ ਰਹੇ ਇਸਤਰੀ ਕਵੀ ਦਰਬਾਰ ਵਿਚ ਸ਼ਾਮਲ ਹੋਣ ਲਈ ਰਮਾ ਰਤਨ ਨੇ ਮੇਰਾ ਨਾਂ ਵੀ ਦੇ ਦਿੱਤਾ। ਮਨਜੀਤ ਟਿਵਾਣਾ, ਮਨਜੀਤ ਇੰਦਰਾ ਤੇ ਹੋਰ ਕਵਿੱਤਰੀਆਂ ਨਾਲ ਸਟੇਜ ਉਤੇ ਹੀ ਮੇਰਾ ਮੇਲ ਹੋਇਆ। ‘ਵਿਗਿਆਪਨ’ ਕਵਿਤਾ ਪੜ੍ਹ ਕੇ ਸਮਾਗਮ ਮਗਰੋਂ ਸਟੇਜੋਂ ਉਤਰ ਕੇ ਚੱਪਲ ਪਾ ਹੀ ਰਹੀ ਸਾਂ ਕਿ ਇਕ ਭਦਰ ਪੁਰਸ਼ ਨੇ ਅੱਗੇ ਵਧ ਕੇ ‘ਸਤਿ ਸ੍ਰੀ ਅਕਾਲ’ ਬੁਲਾਉਂਦਿਆਂ ਆਖਿਆ, “ਬੀਬਾ ਜੀ, ਅਸੀਂ ਤੁਹਾਡੀ ਕਵਿਤਾ ਦੀ ਕਿਤਾਬ ਛਾਪਣੀ ਚਾਹਵਾਂਗੇ। ਇਹ ਲਵੋ ਸਾਡਾ ਪਤਾ। ਛੇਤੀ ਮਿਲੋ।”
ਵਿਜ਼ਟਿੰਗ ਕਾਰਡ ਫੜਾਉਣ ਵਾਲੇ ਸਨ ‘ਰਘਬੀਰ ਰਚਨਾ ਪ੍ਰਕਾਸ਼ਨ’ ਦੇ ਮਾਲਕ ਰਘਬੀਰ ਸਿੰਘ। ਪਹਿਲੀ ਪੇਸ਼ਕਾਰੀ ‘ਤੇ ਹੀ ਪ੍ਰਕਾਸ਼ਕ ਦੇ ਪ੍ਰਸਤਾਵ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਕਾਵਿ-ਸੰਗ੍ਰਿਹ ਦੀ ਤਿਆਰੀ ਬਾਰੇ ਸੋਚਣ ਲੱਗੀ।

ਮਈ-ਜੂਨ, 1987 ਦੀ ਇਕ ਦੁਪਹਿਰ।
ਇਕ ਪਾਸੇ ਹੈਲਥ ਕਲੱਬ ਦੀਆਂ ਮਸ਼ੀਨਾਂ ਉਤੇ ਇਸਤਰੀਆਂ ਵਰਜਿਸ਼ ਕਰ ਰਹੀਆਂ ਸਨ, ਤੇ ਦੂਜੇ ਪਾਸੇ ਡਾਇਨਿੰਗ ਟੇਬਲ ਉਤੇ ਫਾਈਲਾਂ ਵਿਛਾ ਕੇ ਮੈਂ ਨਜ਼ਮਾਂ ਵੇਖਣ, ਪਰਖਣ, ਛਾਂਟਣ ਵਿਚ ਮਸ਼ਗੂਲ। ਫਾਸਟ ਮਿਊਜ਼ਿਕ ਦੀ ਉਚੀ-ਉਚੀ ਚਲ ਰਹੀ ਕੈਸੇਟ ਦੇ ਨਾਲ ਵਾਇਬਰੇਟਰੀ ਬੈਲਟ ਤੇ ਜੋਗਰ ਉਤੇ ਖੜੋਤੀਆਂ ਤੀਵੀਆਂ ਇਕ-ਦੂਜੀ ਨੂੰ ਪਛਾੜ ਦੇਣ ਦੀ ਧੁਨ ਵਿਚ ਸਨ ਜਦੋਂ ਨਾਟਕਕਾਰ ਆਤਮਜੀਤ ਨੇ ਆਪਣੇ ਸਹਾਇਕ ਬੀæਪੀæ ਸਿੰਘ ਦੇ ਨਾਲ ਪ੍ਰਵੇਸ਼ ਕੀਤਾ। ‘ਉਠੀਂ ਵੇ ਮਿਰਜ਼ਿਆ ਸੁੱਤਿਆ’ ਦੀ ਪੇਸ਼ਕਾਰੀ ਮਗਰੋਂ ਆਤਮਜੀਤ ਸਰਸਰੀ ਤੌਰ ‘ਤੇ ਮੈਨੂੰ ਮਿਲ ਚੁੱਕੇ ਸਨ, ਤੇ ਉਸ ਤੋਂ ਬਾਅਦ ਛੇਤੀ ਹੀ ਉਨ੍ਹਾਂ ਵੱਲੋਂ ਖੇਡਿਆ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਵੀ ਮੈਂ ਟੈਗੋਰ ਥਿਏਟਰ ਵਿਚ ਵੇਖ ਚੁੱਕੀ ਸਾਂ।
ਆਤਮਜੀਤ ਦਾ ਮੇਰੇ ਘਰ ਵਿਚ ਇਸ ਤਰ੍ਹਾਂ ਚਾਣਚੱਕ ਆਉਣਾ ਮੇਰੇ ਲਈ ਬੜੇ ਮਾਣ ਵਾਲੀ ਗੱਲ ਸੀ, ਧੰਨ ਭਾਗ ਵਰਗੀ।
ਮੈਂ ਰਸੋਈ ਵਿਚ ਚਾਹ ਬਣਾਉਣ ਗਈ ਤੇ ਉਹ ਮੇਜ਼ ਉਤੇ ਵਿਛੀਆਂ ਮੇਰੀਆਂ ਫਾਈਲਾਂ ਦੀਆਂ ਨਜ਼ਮਾਂ ਵੇਖਣ ਲੱਗੇ। ਚਾਹ ਦੀ ਟਰੇਅ ਲੈ ਕੇ ਜਦੋਂ ਮੈਂ ਕਮਰੇ ਵਿਚ ਦਾਖ਼ਲ ਹੋਈ ਤਾਂ ਆਤਮਜੀਤ ਦੇ ਪ੍ਰਤੀਕਰਮ ਨੇ ਜਿਵੇਂ ਮੈਨੂੰ ਚੁੰਧਿਆ ਦਿੱਤਾ। ਮੇਰੇ ਸਾਦ-ਮੁਰਾਦੇ ਗੀਤ ਤੇ ਨਜ਼ਮਾਂ ਨੂੰ ਉਚੀ-ਉਚੀ ਪੜ੍ਹਦਿਆਂ ਉਹ ਵਾਹ-ਵਾਹ ਕਰ ਰਹੇ ਸਨ, ਤੇ ਮੈਂ ਪਾਣੀਓਂ-ਪਾਣੀ, ਸ਼ਰਮਿੰਦੀ।
“ਕਾਨਾ ਜੀ, ਇਕ ਸੁਆਲ ਪਾਉਣ ਆਏ ਹਾਂ, ਤੇ ਨਾਂਹ ਨਹੀਂ ਸੁਣਨੀ।”
“ਦੱਸੋ ਡਾਕਟਰ ਸਾਹਿਬ, ਪਰ ਸੁਆਲ ਮੇਰੇ ਵਿੱਤ ਮੁਤਾਬਕ ਹੋਵੇ ਸਹੀ।”
“ਹੈ, ਬਿਲਕੁਲ ਹੈ।” ਤੇ ਆਤਮਜੀਤ ਨੇ ਆਪਣੇ ਤਿਆਰ ਹੋ ਰਹੇ ਬਾਲ ਨਾਟਕ ‘ਗੁਬਾਰੇ’ ਵਿਚ ਮੈਨੂੰ ਦਾਦੀ ਦਾ ਰੋਲ ਕਰਨ ਲਈ ਸੁਆਲ ਪਾਇਆ।
“ਡਾਕਟਰ ਸਾਹਿਬ ਮੇਰਾ ਬਿਜ਼ਨਸ਼ææਕੰਮæææਰਿਹਰਸਲਾਂ ਕਿਵੇਂ ਕਿਵੇਂæææ।” ਮੈਂ ਥਥਲਾਣ ਲੱਗੀ।
“ਆਹ ਹੈ ਤੁਹਾਡਾ ਪਾਰਟ।” ਉਨ੍ਹਾਂ ਕੈਸੇਟ ਮੇਰੇ ਟੇਪ ਰਿਕਾਰਡਰ ਵਿਚ ਪਾ ਕੇ ਚਲਾ ਦਿੱਤੀ। ਕੈਸੇਟ ਦਾ ਸੰਗੀਤ ਧਾਂਸੂ ਸੀ।
“ਬਸ ਸੁਣਦੇ ਰਹੋ ਤੇ ਆਪਣਾ ਕੰਮ ਵੀ ਕਰਦੇ ਰਹੋ। ਸ਼ਾਮੀਂ ਰਿਹਰਸਲਾਂ ‘ਤੇ ਲਿਆਉਣਾ ਅਤੇ ਲਿਜਾਣਾ ਰਿਹਾ ਸਾਡਾ ਜੁੰਮਾ।” ਹੱਕੀ-ਬੱਕੀ ਰਹਿ ਗਈ ਮੈਂ।
ਨਾਟਕ ਖੇਡਿਆ ਗਿਆ ‘ਗੁਬਾਰੇ’ ਟੈਗੋਰ ਥਿਏਟਰ ਵਿਚ। ਦਕੀਆਨੂਸ ਬਜ਼ੁਰਗ ਦਾਦੀ ਨਾਲ ਵੀਹ ਬਾਲਕਾਂ ਦੀਆਂ ਝੜਪਾਂ ਕਾਵਿ-ਨਾਟ ਦੀ ਖੇਡ-ਖੇਡ ਵਿਚ। ਬਾਲ ਨਾਟਕ ਇਸ ਤੋਂ ਪਹਿਲਾਂ ਤੇ ਮਗਰੋਂ ਵੀ ਕਈ ਦੇਖੇ, ਪਰ ‘ਗੁਬਾਰੇ’ ਦੀ ਛਾਪ ਅਮਿਟ ਹੈ, ਤੇ ਇਸ ਦਾ ਸੰਗੀਤ ਹੁਣ ਵੀ ਉਂਜ ਦਾ ਉਂਜ ਹੀ ਕੰਨਾਂ ਵਿਚ ਗੂੰਜ ਰਿਹਾ ਹੈ।
ਟੈਗੋਰ ਥਿਏਟਰ ਤੋਂ ਬਾਅਦ ਲੁਧਿਆਣੇ, ਬਠਿੰਡੇ, ਬਰਨਾਲੇ ਤੇ ਫਿਰ ਬਟਾਲੇ ਅਤੇ ਦਿੱਲੀ ਖੇਡਣ ਜਾਣਾ ਸੀ। ਆਤਮਜੀਤ ਨੇ ਮੈਨੂੰ ਸਫ਼ਰ ਦੌਰਾਨ ਆਪਣੀਆਂ ਕਵਿਤਾਵਾਂ ਦੀ ਫਾਈਲ ਨਾਲ ਲਿਜਾਣ ਦੀ ਤਾਕੀਦ ਕੀਤੀ। ਬੱਸ ਵਿਚ ਨਾਟਕ ਦੀ ਟੀਮ ਅਤੇ ਬਾਲ ਨਾਟਕਕਾਰਾਂ ਨੂੰ ਉਹ ਮੇਰੀਆਂ ਨਜ਼ਮਾਂ ਸੁਣਾਉਂਦੇ ਜਾਣ। ਉਨ੍ਹਾਂ ਦੀ ਪੇਸ਼ਕਾਰੀ ਤੇ ਬਾਲਕਾਂ ਦੀ ਵਾਹ-ਵਾਹ ਸਭ ਕੁਝ ਇਨਾ ਆਪ-ਮੁਹਾਰਾ ਤੇ ਸਹਿਜ ਸੁਭਾਅ ਸੀ ਕਿ ਮੈਂ ਉਦੋਂ ਹੀ ਦੋ-ਟੁੱਕ ਫੈਸਲਾ ਕਰ ਲਿਆ ਕਿ ਮੇਰੇ ਕਾਵਿ-ਸੰਗ੍ਰਿਹ ‘ਲੋਹਿਓਂ ਪਾਰਸ’ ਦਾ ਮੁਖ ਬੰਦ ਆਤਮਜੀਤ ਲਿਖੇਗਾ।
ਆਤਮਜੀਤ ਨੇ ਬਹੁਤ ਨਾਂਹ-ਨੁੱਕਰ ਕੀਤੀ ਤੇ ਮੁੱਖ ਬੰਦ ਡਾæ ਹਰਿਭਜਨ ਸਿੰਘ ਤੋਂ ਲਿਖਵਾਉਣ ਲਈ ਆਪਣੀ ਜ਼ਿੰਮੇਵਾਰੀ ਦੀ ਪੇਸ਼ਕਸ਼ ਵੀ, ਪਰ ਮੈਂ ਟੱਸ ਤੋਂ ਮੱਸ ਨਾ ਹੋਈ। ਉਸ ਦਾ ਹੁੰਗਾਰਾ ਇੰਨਾ ਨਿਰਉਚੇਚ ਸੀ ਕਿ ਮੈਨੂੰ ਆਪਣੀ ਕਵਿਤਾ ਦੀ ਸਾਦਗੀ ਦੇ ਮੇਚ ਦਾ ਆਤਮਜੀਤ ਹੀ ਲੱਗਿਆ।
ਆਉਂਦੇ ਤਿੰਨ-ਚਾਰ ਮਹੀਨਿਆਂ ਵਿਚ ਇਕ ਪਾਸੇ ਸਾਹਿਤ ਸਭਾਵਾਂ ਵਿਚ ਕਵਿਤਾਵਾਂ ਵੀ ਸੁਣਾਈਆਂ ਗਈਆਂ, ਤੇ ਦੂਜੇ ਪਾਸੇ ‘ਗੁਬਾਰੇ’ ਦੀਆਂ ਥਾਂ-ਥਾਂ ਪੇਸ਼ਕਾਰੀਆਂ ਨਾਲ ਸਰੋਤੇ ਤੇ ਦਰਸ਼ਕ ਵੀ ਮਿਲਦੇ-ਜੁੜਦੇ ਗਏ।
ਸੰਨ 87 ਦੇ ਅੰਤ ਵਿਚ ਮੈਂ ਕਾਵਿ-ਸੰਗ੍ਰਿਹ ਦਾ ਖਰੜਾ ਰਘਬੀਰ ਰਚਨਾ ਪ੍ਰਕਾਸ਼ਨ ਦੇ ਹਵਾਲੇ ਕਰ ਦਿੱਤਾ।
ਅੱਠ ਮਾਰਚ (1987) ਨੂੰ ਰਘਬੀਰ ਸਿੰਘ ਨੇ ਖਰੜਾ ਮੰਗਿਆ ਸੀ ਅਤੇ ਅੱਠ ਮਾਰਚ (1988) ਨੂੰ ਮੇਰਾ ਕਾਵਿ-ਸੰਗ੍ਰਿਹ ‘ਲੋਹਿਓਂ ਪਾਰਸ’ ਮੇਰੇ ਹੱਥ ਵਿਚ ਸੀ।
ਇਹ ਸੀ ਮੇਰਾ ਸਾਹਿਤਕ ਪ੍ਰਵੇਸ਼।