ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈਟ ਦਾ ਕਮਾਲ

ਬੀ ਐਸ ਢਿੱਲੋਂ ਐਡਵੋਕੇਟ
ਫੋਨ: 91-99880-91463
ਈ ਮੇਲ: ਦਹਲਿਲੋਨਅਕ@ੇਅਹੋ। ਚੋਮ

ਤਿੰਨ ਕੁ ਸਾਲ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਮੈਂ ਆਪਣੇ ਕੰਪਿਊਟਰ ਤੇ ਪੰਜਾਬੀ ਅਖਬਾਰਾਂ ਤੋਂ ਸ਼ੁਰੂ ਹੋ ਕੇ ਨਿਊ ਯਾਰਕ ਟਾਈਮਜ ਤੱਕ ਦੀ ਦੁਨੀਆਂ ਵੇਖ ਕੇ ਸੱਜਣਾਂ ਦੇ ਆਏ ਖਤਾਂ ਵੱਲ ਨਿਗਾਹ ਮਾਰੀ ਤਾਂ ਇੱਕ ਨਵੀਂ ਈ ਮੇਲ ਦਿੱਸੀ। “ਭਾਈ ਜਾਂਨ ਲੰਡਨ ਤੋਂ ਨਾਜਰ ਸ਼ੇਖ ਦੀ ਸਲਾਮ ਕਬੂਲ ਕਰੋ।” ਕੌਣ ਹੋਇਆ? ਉਤਸੁਕਤਾ ਵੱਸ ਮੈਂ ਪੜ੍ਹਨ ਲੱਗਾ।

ਉਸ ਅੰਗਰੇਜੀ ਵਿਚ ਲਿਖਿਆ ਸੀ, “ਮੇਰਾ ਨਾਂ ਨਾਜਰ ਸ਼ੇਖ ਹੈ। ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਕੱਲ੍ਹ ਇੰਗਲੈਂਡ ਤੋਂ ਛਪਦੇ ਇੱਕ ਪਰਚੇ ਦੇ ਅੰਗਰੇਜੀ ਸੈਕਸ਼ਨ ਵਿਚ ਤੁਹਾਡੀ ਇੱਕ ਲਿਖਤ ਪੜੀ। (ਸਿੱਖ ਟਾਈਮਜ ਵਾਲਿਆਂ ਨੇ ਆਪਣੇ ਅੰਗਰੇਜੀ ਸੈਕਸ਼ਨ ਵਿਚ ਮੇਰੀ ਲਿਖਤ ਛਾਪੀ ਸੀ)। ਉਸ ਵਿਚ ਤੁਸੀਂ ਆਪਣੇ ਪਿੰਡ ਦਾ ਨਾਂ ਕੋਟ ਫੱਤਾ ਲਿਖਿਆ ਹੋਇਆ ਸੀ। ਬੱਸ ਫੇਰ ਮੈਂ ਨੈਟ ‘ਤੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਲੱਭੀ। ਮੇਰਾ ਵੀ ਪਿੰਡ ਕੋਟ ਫੱਤਾ ਹੈ। ਮੈਂ ਦਸ ਕੁ ਸਾਲ ਦਾ ਸਾਂ ਜਦੋਂ ਅਸੀਂ ਵੰਡ ਵੇਲੇ ਪਾਕਿਸਤਾਨ ਚਲੇ ਗਏ। ਉਥੋਂ 1960 ਵਿਚ ਮੈਂ ਇੰਗਲੈਂਡ ਆ ਗਿਆ। ਇਥੇ ਸਵਿੱਟਜਰਲੈਂਡ ਦੀ ਗੋਰੀ ਨਾਲ ਸ਼ਾਦੀਸ਼ੁਦਾ ਹਾਂ। ਮੈਂ ਵੀ ਸਵਿੱਸ ਕੰਪਨੀ ਦਾ ਰਿਟਾਇਰਡ ਅਟੌਰਨੀ ਹਾਂ। ਮੇਰੀ ਦਾਦੀ ਦਾ ਨਾਂ ਰਾਧੀ ਸੀ। ਮੇਰੇ ਚਾਚੇ ਦਾ ਨਾਂ ਕਰੀਮ ਸ਼ੇਖ ਸੀ। ਮੈਂ ਜਿਸ ਮਦਰੱਸੇ ਵਿਚ ਪੜ੍ਹਦਾ ਸੀ, ਕੀ ਉਹ ਹੈਗਾ? ਉਸ ਦੇ ਕੋਲ ਇੱਕ ਖੂਹ ਹੁੰਦਾ ਸੀ ਉਹ ਕਿਵੇਂ ਹੈ? ਇਕ ਮੁੰਡਾ ਮੇਰਾ ਜਮਾਤੀ ਸੀ, ਉਸ ਦਾ ਨਾਂ ਚੂਹਾ ਸੀ। ਕੀ ਉਹ ਜਿੰਦਾ ਹੈ? ਤੁਸੀਂ ਮੈਨੂੰ ਧਰੂ ਤਾਰੇ ਵਾਂਗ ਲੱਭੇ ਹੋ। ਮੇਰੀ ਮੇਲ ਦਾ ਜਵਾਬ ਜਰੂਰ ਦੇਣਾ।” ਇਹ ਮੇਲ ਪੜ੍ਹ ਕੇ ਮੇਰਾ ਜਜਬਾਤੀ ਹੋਣਾਂ ਕੁਦਰਤੀ ਸੀ। ਮੈਂ ‘ਬਾਰਡਰ’ ਫਿਲਮ ਵਿਚਲੇ ਮਿੱਗ ਦੇ ਪਾਇਲਟ ਵਾਂਗ ਛੇਤੀ-ਛੇਤੀ ਦਿਨ ਚੜ੍ਹਨ ਦੀ ਉਡੀਕ ਕਰਨ ਲੱਗਾ। ਦੂਜੀ ਵਾਰ ਦੀ ਚਾਹ ਪੀਂਦਿਆਂ ਹੀ ਮੈਂ ਸ਼ਰੀਕੇ ‘ਚੋਂ ਭਰਾ ਲੱਗਦੇ ਇੱਕ ਲੀਡਰ ਕਿਸਮ ਦੇ ਬਚਪਨ ਦੇ ਦੋਸਤ ਹਰਿੰਦਰ ਨੂੰ ਫੋਨ ‘ਤੇ ਸਾਰੀ ਗੱਲ ਦੱਸ ਕੇ ਜਾਣਕਾਰੀ ਮੰਗੀ। ਉਹ ਸ਼ਾਮ ਤੱਕ ਉਡੀਕਣ ਲਈ ਕਹਿ ਕੇ ਵੱਢਾ-ਟੁੱਕੀ ਵਾਲਾ ਸਾਲ ਫਰੋਲਣ ਲੱਗ ਪਿਆ। ਸ਼ਾਮ ਨੂੰ ਉਸ ਦੱਸਿਆ, “ਲੈ ਬਾਈ! ਤੇਰਾ ਨਾਜਰ ਸ਼ੇਖ ਲੱਭ ਲਿਆ। ਉਸ ਨੂੰ ਦੱਸ ਦੇ, ਮਦਰੱਸਾ ਹੁਣ ਮੰਡੀ ਵਾਲੇ ਪਲੱਸ ਟੂ ਸਕੂਲ ਦਾ ਪ੍ਰਾਇਮਰੀ ਸਕੂਲ ਹੈ। ਖੂਹ ਵਿਚ ਇੱਕ ਦੋ ਬੰਦੇ ਡਿੱਗਣ ਕਰਕੇ ਲੈਂਟਰ ਪਾ ਕੇ ਬੰਦ ਕਰ ਦਿੱਤਾ ਸੀ। ਅਪਣੇ ਘਰਾਂ ਦੇ ਦੋ ਬਜੁਰਗ ਤੇ ਕੁਲਦੀਪ ਰਾਮ ਪੰਡਤ 95 ਸਾਲਾਂ ਦੇ ਹਨ ਜੋ ਇਨ੍ਹਾਂ ਸਾਰਿਆਂ ਨੂੰ ਜਾਣਦੇ ਹਨ। ਇਹਦਾ ਘਰ ਸ਼ੇਖਾਂ ਵਾਲੀ ਗਲੀ ‘ਚ ਸੀ। ਕੁਲਦੀਪ ਰਾਮ ਪੰਡਤ ਨੇ ਦੱਸਿਆ ਕਿ ਇਹਦੀ ਦਾਦੀ ਆਪਣੇ ਪਿੰਡ ਦੀ ਸਭ ਤੋਂ ਸੋਹਣੀ ਤੀਵੀਂ ਸੀ। ਇਹਦਾ ਚਾਚਾ ਕਰੀਮ ਸ਼ੇਖ ਆਪਣੇ ਬੁੜ੍ਹਿਆਂ ਨਾਲ ਸ਼ਿਕਾਰ ਖੇਡਦਾ ਰਿਹਾ। ਤੇਰੇ ਬਾਬੇ ਦਾ ਆੜੀ ਸੀ। ਮੈਂ ਪਹਿਲਾਂ ਵੀ ਕਈ ਵਾਰੀ ਕਰੀਮ ਸ਼ੇਖ ਦਾ ਨਾਂ ਸੁਣਿਆ ਹੋਇਆ।”
ਅਗਲੇ ਦਿਨ ਮੈਂ ਨਾਜਰ ਸ਼ੇਖ ਨੂੰ ਮੇਲ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਨਾਲ ਹੀ ਪਿੰਡ ਦੇ ਦੋ ਤਿੰਨ ਫੋਨ ਨੰਬਰ ਦੇ ਕੇ ਸਿੱਧੀ ਗੱਲਬਾਤ ਕਰਨ ਲਈ ਕਿਹਾ। ਇੰਜ ਸ਼ੇਖ ਦਾ 64 ਸਾਲ ਤੋਂ ਪਿੰਡ ਨਾਲੋਂ ਟੁੱਟਿਆ ਸੰਪਰਕ ਬਹਾਲ ਹੋ ਗਿਆ।
ਉਨ੍ਹਾਂ ਸ਼ੇਖ ਨੂੰ ਪਿੰਡ ਆਉਣ ਲਈ ਕਿਹਾ। ਫਿਰ ਇੱਕ ਦਿਨ ਮੈਨੂੰ ਸ਼ੇਖ ਨੇ ਫੋਨ ‘ਤੇ ਦੱਸਿਆ ਕਿ ਉਹ ਭਾਰਤੀ ਅੰਬੈਸੀ ਗਿਆ ਸੀ, ਪਰ ਉਹ ਕਹਿੰਦੇ ਕਿਸੇ ਤੋਂ ਸੱਦਾ ਪੱਤਰ ਦੀ ਲੋੜ ਹੈ। ਸਾਡਾ ਪਿੰਡ ਦਿੱਲੀ ਰੇਲਵੇ ਲਾਈਨ ‘ਤੇ ਬਠਿੰਡੇ ਤੋਂ ਦੂਸਰਾ ਸਟੇਸ਼ਨ ਹੈ। ਸਾਡੇ ਪਿੰਡ ਅੰਗਰੇਜਾਂ ਵੇਲੇ ਦਾ ਸਕੂਲ, ਡਾਕਖਾਨਾ, ਠਾਣਾ ਅਤੇ 1939 ਦੀ ਮਿਉਂਸੀਪਲ ਕਮੇਟੀ ਹੈ। ਪਿਛੋਕੜ ਬਾਦਲਾਂ ਨਾਲ ਜੁੜਦਾ ਹੋਣ ਕਾਰਨ ਉਨ੍ਹਾਂ ਵਰਗਾ ਹੀ ਸਿਆਸੀ ਟੇਸਟ ਹੈ। ਬਾਦਲਾਂ ਦੀ ਤਰ੍ਹਾਂ ਅਸੀਂ ਵੀ ਵੱਸ ਲੱਗਦੀ ਕਦੀ ਕਿਸੇ ਹੋਰ ਨੂੰ ਮਿਉਂਸੀਪਲ ਕਮੇਟੀ ਦੇ ਨੇੜੇ ਨਹੀਂ ਲੱਗਣ ਦਿੱਤਾ। ਹੁਣ ਸ਼ਰੀਕੇ ‘ਚੋਂ ਲੱਗਦਾ ਮੇਰਾ ਚਾਚਾ ਤੀਜੀ ਵਾਰੀ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਸੀ। ਮੈਂ ਉਸ ਨੂੰ ਫੋਨ ‘ਤੇ ਪਿੰਡ ਵੱਲੋਂ ਇੱਕ ਰਸਮੀਂ ਜਿਹੀ ਚਿੱਠੀ ਭੇਜਣ ਲਈ ਕਿਹਾ। ਉਹ ਪੰਜਾਬੀ ਅਖਬਾਰਾਂ ਪੜ੍ਹਨ ਜਿੰਨਾ ਕੁ ਪੜ੍ਹਿਆ ਹੈ। ਮੈਨੂੰ ਕਹਿਣ ਲੱਗਾ,”ਵਕੀਲ ਸਾਬ! ਇਹ ਵੀਜੇ ਵੂਜੇ ਲਵਾਉਣ ਦਾ ਕੰਮ ਤਾਂ ਅਜੰਟ ਜੇ ਕਰਦੇ ਹੁੰਦੇ ਨੇ। ਆਪਣਾ ਨੀ ਕਿਸੇ ਨੇ ਲਾਉਣਾ। ਮੈਥੋਂ ਤਾਂ ਜਿੱਥੇ ਮਰਜੀ ਦਸਕਤ ਕਰਾ ਲਾ। ਜੇ ਕਹੇਂ ਤਾਂ ਮਤਾ ਪਾ ਦਿਆਂਗੇ ਕਿ ਉਹ ਸਾਡੇ ਪਿੰਡ ਦਾ ਬੰਦਾ ਹੈ। ਨਹੀਂ ਭਤੀਜ! ਤੂੰ ਆਪੇ ਹੀ ਲਿਖ ਲੁਖ ਕੇ ਮੇਰੇ ਦਸਤਕਾਂ ਦੀ ਘੁੱਗੀ ਮਾਰ ਲਈਂ। ਜੇ ਕੋਈ ਪੁੱਛੂ ਤਾਂ ਮੈ ਕਹਿ ਦੂੰ ਕਿ ਮੇਰੇ ਹੀ ਦਸਤਕ ਆ। ਉਹਨੇ ਸੰਸਦ ਵਾਂਗ ਮਤਾ ਪਾਸ ਹੁੰਦੀ ਦੇਰੀ ਵੇਖ ਕੇ ਆਰਡੀਨੈਂਸ ਦਾ ਰਾਹ ਚੁਣ ਲਿਆ।” ਪ੍ਰਧਾਨ ਚਾਚੇ ਵੱਲੋਂ ਇੰਜ ਫੋਨ ‘ਤੇ ਹੀ ਪਾਵਰਾਂ ਡੈਲੀਗੇਟ ਹੋਣ ‘ਤੇ ਮੈਂ ਆਪਣੀ ਲੈਟਰ ਪੈਡ ‘ਤੇ ਆਪਣੇ ਵੱਲੋਂ ਤੇ ਸਾਰੇ ਪਿੰਡ ਵੱਲੋਂ ਸ਼ੇਖ ਨੂੰ ਪੁਰਾਣਾ ਪਿੰਡ ਵੇਖਣ ਦਾ ਸੱਦਾ ਪੱਤਰ ਲਿਖ ਕੇ ਭੇਜ ਦਿੱਤਾ। ਇੱਕ ਕਾਪੀ ਲੰਡਨ ਹਾਈ ਕਮਿਸ਼ਨ ਨੂੰ ਮੇਲ ਕਰ ਦਿੱਤੀ। ਪੁਲਿਸ ਵੈਰੀਫਿਕੇਸ਼ਨ ਲਈ ਪੁਲਿਸ ਮਹਿਕਮੇਂ ਦੇ ਦੋਸਤ-ਮਿੱਤਰਾਂ ਨੂੰ ਕਿਹਾ। ਇੰਜ ਹੱਥੋ-ਹੱਥੀ ਸਾਰੀ ਦਫਤਰੀ ਕਾਗਜੀ ਕਾਰਵਾਈ ਮੁਕੰਮਲ ਕਰਕੇ ਭੇਜ ਦਿੱਤੀ। 15 ਕੁ ਦਿਨ ਵਿਚ ਹੀ ਸ਼ੇਖ ਆਪਣੇ ਅੱਧੇ ਗੋਰੇ ਬੇਟੇ ਸਮੇਤ ਦਿੱਲੀ ਆ ਉਤਰਿਆ। ਸ਼ਤਾਬਦੀ ਰਾਹੀਂ ਬਠਿੰਡੇ ਪਹੁੰਚਿਆਂ ਨੂੰ ਸਾਡੇ ਬੰਦੇ ਕਾਰ ਤੇ ਪਿੰਡ ਲੈ ਆਏ। ਚੁਬਾਰੇ ਵਿਚ ਮਹਿਮਾਨਾਂ ਨੂੰ ਠਹਿਰਾ ਦਿੱਤਾ ਗਿਆ। ਠੀਕ ਉਨ੍ਹਾਂ ਦਿਨਾਂ ‘ਚ ਹੀ ਸਾਡੇ ਸ਼ਰੀਕੇ ‘ਚੋਂ, ਮੇਰੇ ਬਚਪਨ ਦੇ ਦੋਸਤ ਤੇ ਜਮਾਤੀ ਰਹੇ ਜਥੇਦਾਰ ਦੇ ਮੁੰਡੇ ਦਾ ਵਿਆਹ ਸੀ। ਉਸ ਨੇ ਲੇਡੀ ਸੰਗੀਤ ਤੋਂ ਲੈ ਕੇ ਰਿਸੈਪਸ਼ਨ ਤੱਕ ਮੈਨੂੰ ਸਾਰੇ ਫੰਕਸ਼ਨਾਂ ਲਈ ਕਾਰਡ ਭੇਜਿਆ ਸੀ। ਉਧਰ ਕਲੱਬ ਵਾਲੇ ਮੁੰਡਿਆਂ ਵੱਲੋਂ ਕਬੱਡੀ ਦਾ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਸੀ। ‘ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ’ ਵਾਂਗ ਮੈਂ ਹਫਤੇ ਦਾ ਪ੍ਰੋਗਰਾਮ ਬਣਾ ਕੇ ਪਿੰਡ ਪਹੁੰਚ ਗਿਆ। ਵਿਆਹਾਂ ਦੀ ਰੁੱਤ ਸੀ। ਸ਼ੇਖ ਹੋਰੀਂ ਤੁਰ ਫਿਰ ਕੇ ਪਿੰਡ ਵੇਖਣ ਲੱਗੇ। ਸ਼ੇਖਾਂ ਵਾਲੀ ਗਲੀ ‘ਚ ਅੱਖਾਂ ਮੀਟ ਕੇ ਗਵਾਚਿਆ ਵਕਤ ਯਾਦ ਕਰਦਿਆਂ ਭਾਵੁਕ ਹੋ ਗਏ। ਵੱਢਾ-ਟੁੱਕੀ ਵੇਲੇ ਪਿੰਡ ਤੇ ਲੁਟੇਰੇ ਬਦਮਾਸ਼ਾਂ ਨੇ ਹੱਲਾ ਕਰ ਦਿੱਤਾ ਸੀ। ਸ਼ੇਖ ਦੀਆਂ ਦੋ ਬਹੁਤ ਸੋਹਣੀਆਂ ਭੂਆ ਨੂੰ ਗਵਾਂਢੀ ਪਿੰਡ ਦੇ ਜੱਟ ਚੁੱਕ ਕੇ ਲੈ ਗਏ ਸਨ। ਇੱਕ ਭੂਆ ਅਜੇ ਜਿੰਦਾ ਹੈ। ਉਹ ਆਪਣੇ ਦੋ ਪੁਤਰਾਂ ਸਮੇਤ ਮਿਲਣ ਆਈ। ਅੱਸੀ ਸਾਲਾ ਬੁੱਢੀ ਨੇ ਸ਼ੇਖ ਨੂੰ ਜੱਫੀ ਪਾ ਕੇ ਕਿਹਾ, “ਤੂੰ ਮੇਰਾ ਆਪਣਾ ਖੂਨ ਹੈਂ। ਮੇਰੇ ਭਰਾ ਦੀ ਨਿਸ਼ਾਨੀ। ਇਹ ਦੋਨੋ ਮੇਰੇ ਨਹੀਂ ਹਨ।”
ਮਾਈ ਦੇ ਇੱਦਾਂ ਕਹਿਣ ਨਾਲ ਮੈਂ ਪੈਰਾਂ ਤੱਕ ਹਿੱਲ ਗਿਆ ਕਿ ਖੂਨ ਤੇ ਧਰਮ ਕਿੰਨਾ ਗਹਿਰਾ ਅਸਰ ਰੱਖਦੇ ਨੇ। ਉਹ ਅੱਜ ਵੀ ਆਪਣੇ ਪੇਕੇ ਘਰ ‘ਚ ਜੀਅ ਰਹੀ ਸੀ। ਜਬਰੀ ਬਣੇ ਸਹੁਰੇ ਘਰ ਨੂੰ ਸਾਰੀ ਉਮਰ ਉਸ ਆਪਣਾ ਨਹੀਂ ਮੰਨਿਆ। ਸ਼ੇਖ ਦੀ ਇੱਕ ਚਾਚੀ ਸਾਡੇ ਹੀ ਪਿੰਡ ਦੇ ਬੰਦੇ ਨੇ ਰੱਖ ਲਈ ਸੀ। ਕੁੱਝ ਸਾਲ ਪਹਿਲਾਂ ਉਹ ਮਰ ਚੁੱਕੀ ਸੀ। ਉਹਦਾ ਮੁੰਡਾ ਮਿਲਣ ਆਇਆ। ਖੁਸ਼ ਹੋ ਕੇ ਕਹਿਣ ਲੱਗਾ, “ਅੱਜ ਭਾਗਾਂ ਵਾਲਾ ਦਿਨ ਹੈ। ਭਰਾ ਮਿਲਿਆ ਹੈ।”
ਪਿੰਡ ਦੇ ਪੁਰਾਣੇ ਲੋਕਾਂ ਨੂੰ ਮਿਲ ਕੇ ਸ਼ੇਖ ਜਾਣਕਾਰੀ ਲੈਂਦਾ ਰਿਹਾ। ਮੁੰਡੇ ਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਆਪਣੇ ਹਾਣੀਆਂ ਨਾਲ ਇੰਟਰਨੈਟ ਦੀ ਇੱਕੀਵੀਂ ਸਦੀ ਦੀਆਂ ਗੱਲਾਂ ਕਰਕੇ ਖੁਸ਼ ਸੀ। ਉਹ ਪੰਜਾਬੀ ਨਹੀਂ ਸਮਝਦਾ ਸੀ। ਆਪਣੇ ਹਾਣੀ ਮੁੰਡਿਆਂ ਨਾਲ ਅੰਗਰੇਜੀ ਵਿਚ ਗਿੱਟ-ਮਿੱਟ ਕਰਦਾ ਰਹਿੰਦਾ।
ਸਾਡੇ ਘਰਾਂ ਦੇ ਸਭ ਤੋਂ ਵਡੇਰੇ ਬਜੁਰਗ ਨੇ ਦੱਸਿਆ, “ਸ਼ੇਖ ਸਾਬ ਤੁਹਾਡਾ ਚਾਚਾ ਕਰੀਮ ਸ਼ੇਖ ਸਾਡੇ ਪਿੰਡ ਦਾ ਉਘਾ ਸ਼ਿਕਾਰੀ ਸੀ। ਓਦੋਂ ਜਮੀਨਾਂ ਬਰਾਨੀ ਸਨ ਤੇ ਪਿੰਡ ਦੇ ਪਾਸੀਂ ਸੰਘਣੀ ਝਿੜੀ ਹੁੰਦੀ ਸੀ। ਹਿਰਨ ਚੁਗਦੇ-ਚੁਗਦੇ ਪਿੰਡ ਦੀ ਜੂਹ ‘ਚ ਆ ਜਾਂਦੇ। ਅਸੀਂ ਸ਼ਿਕਾਰ ਖੇਡਦੇ ਹੁੰਦੇ। ਬਾਪੂ ਜੀ ਦੱਸਿਆ ਕਰਦੇ ਸੀ ਕਿ ਕਰੀਮ ਇਕੱਲਾ ਬੰਦਾ ਸੀ ਜਿਹੜਾ ਦੋਨਾਲੀ ਨਾਲ ਮਿਰਗਾਂ ਦੀ ਦੌੜਦੀ ਡਾਰ ‘ਤੇ ਤਿੰਨ ਵਾਰੀ ਫਾਇਰ ਕਰ ਲੈਂਦਾ ਸੀ। ਬੜਾ ਤੇਜ ਸ਼ਿਕਾਰੀ ਸੀ। ਬਹਿ ਜੇ ਬੇੜਾ ਲੀਡਰਾਂ ਦਾ। ਗਰੀਬ ਲੋਕ ਮਰਵਾਤੇ।”
ਅਸੀਂ ਜਦੋਂ ਵੀ ਨਾਜਰ ਨੂੰ ਦਾਰੂ ਪੀਣ ਲਈ ਕਹਿੰਦੇ। ਉਹ ਕਹਿੰਦਾ, “ਓ ਭਰਾਉ ਮੈਂ ਮੁਸਲਮਾਨ ਹਾਂ। ਕਿਉਂ ਮੇਰਾ ਇਮਾਨ ਗਵਾਉਂਦੇ ਹੋ?” ਅਖੀਰ ਮੇਰੇ ਬਾਪ ਦੀ ਉਮਰ ਦੇ, ਹੁਣ ਯਾਰ ਬਣੇ ਸੇæਖ ਨੂੰ ਮੈ ਕਿਹਾ, “ਸ਼ੇਖ ਸਾਬ! ਪੰਜਾਹ ਸਾਲ ਤੋਂ ਇੰਗਲੈਂਡ ਰਹਿ ਰਹੇ ਹੋ। ਮੇਮ ਨਾਲ ਵਿਆਹੇ ਹੋ। ਮਸ਼ਹੂਰ ਅਟਾਰਨੀ ਹੋ। ਬਥੇਰੀਆਂ ਕੰਧਾਂ ਟੱਪੀਆਂ ਹੋਣਗੀਆਂ। ਅਜੇ ਵੀ ਇਮਾਨ ਬੋਝੇ ਪਾਈ ਫਿਰਦੇ ਹੋ? ਹੋ ਨਹੀਂ ਸਕਦਾ ਤੁਸੀਂ ਦਾਰੂ ਨਾ ਪੀਂਦੇ ਹੋਵੋ।” ਨਾਜਰ ਮੰਨ ਗਿਆ। ਕਹਿੰਦਾ, “ਕਈ ਸਾਲ ਹੋ ਗਏ, ਮੈਂ ਵਿੱਸਕੀ ਪੀਣੀ ਛੱਡ ਦਿੱਤੀ ਸੀ। ਹੁਣ ਰੈਡ ਵਾਈਨ ਪੀ ਲੈਂਦਾ ਹਾਂ।” ਅਸੀਂ ਗੱਡੀ ਭੇਜ ਕੇ ਦੋ ਬੋਤਲਾਂ ਬਠਿੰਡੇ ਤੋਂ ਰੈਡ ਵਾਈਨ ਮੰਗਵਾ ਲਈਆਂ। ਰਾਤ ਦੀ ਮਹਿਫਲ ‘ਚ ਜਦੋਂ ਅੱਖਾਂ ‘ਚ ਗੁਲਾਬੀ ਭਾਅ ਤੈਰਨ ਲੱਗੀ ਤਾਂ ਸ਼ੇਖ ਨੇ ਸਾਡੇ ਸਾਰੇ ਬੰਦਿਆਂ ਨੂੰ ਨਿਉਂਦਾ ਦਿੱਤਾ, “ਮੈਂ ਤੇ ਮੇਰੀ ਪਤਨੀ ਦੋਨੋਂ ਰਿਟਾਇਰ ਹਾਂ। ਬੇਟੀ-ਬੇਟਾ ਦੋਨੋਂ ਵਿਆਹੇ ਵਰੇ ਅਲੱਗ ਰਹਿੰਦੇ ਹਨ। ਬੇਟੀ ਬ੍ਰਿਟਿਸ਼ ਏਅਰਵੇਜ ‘ਚ ਹੈ ਤੇ ਮੁੰਡਾ ਅਟਾਰਨੀ ਹੈ। ਅੱਲ੍ਹਾ ਦੀ ਬੜੀ ਮਿਹਰ ਹੈ। ਚਾਰ ਬੈਡਰੂਮ ਦਾ ਘਰ ਖਾਲੀ ਹੈ। ਤੁਸੀਂ ਜਦੋਂ ਵੀ ਕਦੀ ਇੰਗਲੈਂਡ ਆਓ ਮੇਰੇ ਕੋਲ ਰਹਿਣਾ। ਮਹੀਨਾ ਦੋ ਮਹੀਨੇ ਜਿੰਨਾ ਚਿਰ ਮਨ ਕਰੇ ਰਹਿਣਾ। ਮਰਸਡੀਜ਼ ਤੇ ਸਾਰੇ ਘੁੰਮਾਵਾਂਗਾ।”
ਸ਼ੇਖ ਘੁੰਮਦਾ ਬਹੁਤ ਹੈ। ਹੁਣ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ। ਕਦੀ ਸਕਾਟਲੈਂਡ, ਕਦੀ, ਪੈਰਿਸ, ਕਦੀ ਅਮਰੀਕਾ ਆਪਣੀ ਮੇਮ ਨਾਲ ਸੈਰਾਂ ਕਰ ਰਿਹਾ ਹੁੰਦੈ। ਉਹਦੀ ਭੈਣ ਦਾ ਪਰਿਵਾਰ ਅਮਰੀਕਾ ਤੇ ਸਹੁਰਾ ਘਰ ਸਵਿਟਜਰਲੈਂਡ ਹੈ। ਉਹਦੇ ਨਾਲ ਕਦੀ ਮੈਂ ਵੀ ਸਵਿਸ ਬੈਂਕ ਦੇਖ ਲਵਾਂਗਾ। ਆਖਰ ਉਥੇ ਕਿਹੋ ਜਿਹੀ ਜਾਦੂਗਿਰੀ ਹੈ ਕਿ ਗੱਪਾਂ ਦੇ ਸਹਾਰੇ ਸਰਕਾਰਾਂ ਪਲਟ ਜਾਂਦੀਆਂ ਹਨ।
ਲੇਡੀਜ ਸੰਗੀਤ ‘ਤੇ ਤਖਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਨੰਦਗੜ੍ਹ ਵੀ ਆਏ ਸਨ। ਉਨ੍ਹਾਂ ਨਾਜਰ ਦਾ ਇਹ ਪੁਰਾਣਾ ਪਿੰਡ ਸੁਣਦਿਆਂ, ਸ਼ੇਖ ਨੂੰ ਤਖਤ ਦਮਦਮਾਂ ਸਾਹਿਬ ਵੱਲੋਂ ਸਿਰੋਪਾ ਦਿੱਤਾ। ਜੈਕਾਰਾ ਬੁਲਾਉਣ ਪਿੱਛੋਂ ਗਲ ਪਾਏ ਸਿਰੋਪੇ ਵੱਲ ਵੇਖਦਿਆਂ ਸ਼ੇਖ ਹੱਸ ਕੇ ਕਹਿਣ ਲੱਗਾ, “ਵੰਡ ਵੇਲੇ ਤਾਂ ਮੈਂ ਬਚ ਕੇ ਨਿੱਕਲ ਗਿਆ ਸਾਂ ਪਰ ਲੱਗਦਾ ਹੁਣ ਤੁਸੀਂ ਮੈਨੂੰ ਸਿੱਖ ਬਣਾ ਦੇਣੈ।” ਵੰਡ ਤੋਂ ਬਹੁਤ ਪਿੱਛੋਂ ਜੰਮੇ ਹੋਏ, ਮੈਨੂੰ ਉਹਦੇ ਇਸ ਮਜਾਕ ਵਿਚੋਂ ਹੱਲੇ-ਗੁੱਲੇ ਵੇਲੇ ਮੱਚ ਰਿਹਾ ਚੀਖ ਚਿਹਾੜਾ ਸੁਣਿਆ।
ਨਾਜਰ ਆਪਣੀ ਸਕੂਲ ਵੇਲੇ ਦੀ ਜਨਮ ਮਿਤੀ ਵੇਖਣੀ ਚਾਹੁੰਦਾ ਸੀ। ਮੈਂ ਵਿਆਹ ਆਏ ਸਾਡੇ ਪੁਰਾਣੇ ਦੋਸਤ ਸਾਬਕਾ ਵਿਧਾਇਕ ਮੱਖਣ ਸਿੰਘ ਨੂੰ ਦੱਸਿਆ। ਉਹ ਸ਼ੇਖ ਨੂੰ ਆਪਣੀ ਇਨੋਵਾ ਗੱਡੀ ਵਿਚ ਸਾਰਾ ਦਿਨ ਲੈ ਕੇ ਬਠਿੰਡੇ ਜਿਲ੍ਹਾ ਪ੍ਰੀਸ਼ਦ, ਰਿਕਾਰਡ ਰੂਮ ਤੇ ਡੀ ਸੀ ਦਫਤਰਾਂ ‘ਚ ਘੁੰਮਦਾ ਰਿਹਾ। ਉਸ ਸਾਲ ਦਾ ਰਜਿਸਟਰ ਲੱਭ ਨਹੀਂ ਸੀ ਰਿਹਾ ਪਰ ਸ਼ੇਖ ਆਪਣੇ ਜਨਮ ਅਤੇ ਮਦਰੱਸੇ ਦੇ ਦਾਖਲੇ ਦੀ ਫੋਟੋ ਕਾਪੀ ਲਿਜਾਣੀ ਚਾਹੁੰਦਾ ਸੀ।
ਰਿਸੈਪਸ਼ਨ ਵਾਲੇ ਦਿਨ ਅਸੀਂ ਸਾਰੇ ਮਹਿਮਾਨਾਂ ਨੂੰ ਮਿਲ ਰਹੇ ਸੀ ਤਾਂ ਇੱਕ ਥਾਂ ਸਾਬਕਾ ਐਮ ਪੀ ਜਗਮੀਤ ਸਿੰਘ ਬਰਾੜ ਨੂੰ ਮਿਲਦਿਆਂ ਸ਼ੇਖ ਨੇ ਮੇਰੀ ਲਿਖਤ ‘ਚੋਂ ਪਿੰਡ ਦਾ ਨਾਂ ਪੜ੍ਹ ਕੇ ਵੀਜੇ ਵਾਲੀ ਸਾਰੀ ਕਹਾਣੀ ਸੁਣਾਈ। ਬਰਾੜ ਸਾਬ ਮੇਰੇ ਲੇਖ ਪੜ੍ਹਦੇ ਰਹਿੰਦੇ ਹਨ। ਹੱਸਦਿਆਂ ਜਗਮੀਤ ਬਰਾੜ ਨੇ ਕਿਹਾ, “ਸ਼ੇਖ ਸਾਹਿਬ! ਦੇਖੀ ਸਾਡੀ ਕਲਮ ਦੀ ਤਾਕਤ? ਤੁਹਾਨੂੰ ਸੱਤ ਸਮੁੰਦਰੋਂ ਪਾਰ ਤੋਂ ਆਪਣੇ ਪਿੰਡ ਲੈ ਆਈ।” ਮੈਂ ਕਿਹਾ, “ਕਹਿ ਨਹੀਂ ਸਕਦੇ ਕਿ ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈਟ ਦਾ ਕਮਾਲ। ਜੇ ਨੈਟ ਨਾ ਹੁੰਦਾ ਤਾਂ ਮੇਰੇ ਲੇਖ ਕਦੋਂ ਵਿਦੇਸ਼ਾਂ ਵਿਚ ਛਪਣੇ ਸਨ ਤੇ ਕਦੋਂ ਸ਼ੇਖ ਤੱਕ ਪਹੁੰਚਣੇ ਸਨ? ਨਾ ਹੀ ਮੇਰੇ ਬਾਰੇ ਜਾਣਕਾਰੀ ਗੂਗਲ ‘ਤੇ ਹੋਣੀ ਸੀ। ਇਹ ਇੰਟਰਨੈਟ ਦਾ ਹੀ ਕਮਾਲ ਹੈ, ਜਿਸ ਨੇ ਸਾਰੇ ਵਿਸਵæ ਨੂੰ ਪਿੰਡ ਬਣਾ ਦਿੱਤਾ ਹੈ।” ਲੰਮਾ-ਲੰਝਾ ਭਲਵਾਨੀ ਜੁੱਸੇ ਵਾਲਾ ਸ਼ੇਖ ਗੋਡਿਆਂ ਤਕ ਲੰਮੀਂ ਕਮੀਜ ਤੇ ਸਲਵਾਰ ਪਾਈ ਖੜ੍ਹਾ ਪਿੰਡ ਦਾ ਪ੍ਰਧਾਨ (ਸਰਪੰਚ) ਲੱਗ ਰਿਹਾ ਸੀ। 1947 ਹੁਣ ਬਹੁਤ ਪਿਛਾਂਹ ਰਹਿ ਗਿਆ ਸੀ।