ਇਰਾਨੀ ਅਦਾਕਾਰਾ ਫਰਹਾਨੀ ਬਣੇਗੀ ਅਨੂਪ ਦੀ ਨਾਇਕਾ

ਕੀਰਤ ਕਾਸ਼ਣੀ
ਪੰਜਾਬੀ ਫਿਲਮ ḔਕਿੱਸਾḔ ਤੋਂ ਬਾਅਦ ਫਿਲਮਸਾਜ਼ ਅਨੂਪ ਸਿੰਘ ਨੇ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿਚ ਉਹ ਖੂਬਸੂਰਤ ਇਰਾਨੀ ਅਦਾਕਾਰਾ ਗਲਸ਼ਿਫ਼ਤਹਿ ਫਰਹਾਨੀ ਨੂੰ ਲੈ ਰਿਹਾ ਹੈ। ਇਸ ਵਿਚ ḔਕਿੱਸਾḔ ਵਿਚ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਇਰਫ਼ਾਨ ਖ਼ਾਨ ਨੂੰ ਵੀ ਲਿਆ ਗਿਆ ਹੈ।

ਅਨੂਪ ਸਿੰਘ ਦਾ ਕਹਿਣਾ ਹੈ ਕਿ ḔਕਿੱਸਾḔ ਫਿਲਮ ਬਣਾਉਣ ਵਿਚ ਭਾਵੇਂ 12 ਸਾਲ ਲੱਗ ਗਏ ਪਰ ਫਿਲਮ ਦੀ ਸਫਲਤਾ ਨਾਲ ਫਾਈਨਾਂਸਰਾਂ ਦੀ ਮੁਸ਼ਕਿਲ ਕੱਟੀ ਗਈ ਹੈ, ਹੁਣ ਅਗਲੀ ਫਿਲਮ ਉਹ 12 ਮਹੀਨਿਆਂ ਵਿਚ ਪੂਰੀ ਕਰੇਗਾ। ਇਹ ਫਿਲਮ ਅਕਤੂਬਰ ਵਿਚ ਸ਼ੁਰੂ ਹੋ ਰਹੀ ਹੈ। ਅਨੂਪ ਸਿੰਘ ਮੁਤਾਬਕ, “ਫਿਲਮ ḔਕਿੱਸਾḔ ਇਕ ਫਿਲਮ ਮੇਲੇ ਵਿਚ ਦੇਖਣ ਤੋਂ ਬਾਅਦ ਗਲਸ਼ਿਫ਼ਤਹਿ ਖੁਦ ਉਹਦੇ ਕੋਲ ਆਈ, ਮੈਨੂੰ ਤੇ ਇਰਫਾਨ ਖਾਨ ਨੂੰ ਵਧੀਆ ਫਿਲਮ ਬਣਾਉਣ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਬੋਲੀ, ਜੇ ਮੌਕਾ ਮਿਲਿਆ ਤਾਂ ਮੈਂ ਤੁਹਾਡੀ ਅਗਲੀ ਫਿਲਮ ਵਿਚ ਕੰਮ ਕਰਨਾ ਚਹਾਂਗੀ।” ਅਨੂਪ ਸਿੰਘ ਨੇ ਦੱਸਿਆ ਕਿ ਫਰਹਾਨੀ ਦੀ ਦਿੱਖ ਉਹਨੂੰ ਰਾਜਸਥਾਨੀ ਕੁੜੀ ਵਰਗੀ ਲੱਗੀ। ਉਹਦੀ ਫਿਲਮ ਕਿਉਂਕਿ ਰਾਜਸਥਾਨ ‘ਤੇ ਹੀ ਆਧਾਰਤ ਹੈ, ਇਸ ਲਈ ਫੈਸਲਾ ਹੋ ਗਿਆ ਕਿ ਫਿਲਮ ਦੀ ਹੀਰੋਇਨ ਫਰਹਾਨੀ ਹੀ ਹੋਵੇਗੀ। ਫਰਹਾਨੀ ਨੂੰ ਫਿਲਮ ਦੀ ਸਕਰਿਪਟ ਸੁਣਾਈ, ਉਹਨੇ ਤੁਰੰਤ ḔਹਾਂḔ ਕਰ ਦਿੱਤੀ।
ਫਰਹਾਨੀ ਦਾ ਜਨਮ 10 ਜੁਲਾਈ 1983 ਨੂੰ ਇਰਾਨ ਵਿਚ ਹੋਇਆ ਸੀ। ਉਹ ਅਦਾਕਾਰਾ ਤੋਂ ਇਲਾਵਾ ਸੰਗੀਤਕਾਰ ਅਤੇ ਗਾਇਕਾ ਵੀ ਹੈ। ਅੱਜ ਕੱਲ੍ਹ ਉਹ ਫਰਾਂਸ ਦੇ ਸ਼ਹਿਰ ਪੈਰਿਸ ਵਿਚ ਵਸਦੀ ਹੈ। ਉਹਦੇ ਪਿਤਾ ਬਹਿਜ਼ਾਦ ਫਰਹਾਨੀ ਇਰਾਨ ਦੇ ਪ੍ਰਸਿੱਧ ਅਦਾਕਾਰ ਤੇ ਰੰਗਕਰਮੀ ਹਨ। ਉਹਦੀ ਵੱਡੀ ਭੈਣ ਸ਼ਗਾਈ ਫਰਹਾਨੀ ਵੀ ਅਦਾਕਾਰਾ ਹੈ। ਗਲਸ਼ਿਫ਼ਤਹਿ ਫਰਹਾਨੀ ਉਦੋਂ ਮਸਾਂ ਪੰਜ ਵਰ੍ਹਿਆਂ ਦੀ ਸੀ ਜਦੋਂ ਉਹਨੇ ਸੰਗੀਤ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਸੀ। ਹੁਣ ਤੱਕ ਉਹ 25 ਤੋਂ ਵਧੇਰੇ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਅਤੇ ਉਹਨੂੰ ਕਈ ਵੱਕਾਰੀ ਇਨਾਮਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਹਾਲ ਹੀ ਵਿਚ ਉਹ ਇਕ ਵਿਵਾਦ ਵਿਚ ਵੀ ਘਿਰ ਗਈ ਸੀ। ਇਕ ਪਰਚੇ ਲਈ ਖਿਚਵਾਈ ਨਿਊਡ ਫੋਟੋ ਕਰ ਕੇ ਉਸ ਬਾਰੇ ਬੜੀ ਚਰਚਾ ਛਿੜੀ ਅਤੇ ਇਰਾਨ ਸਰਕਾਰ ਨੇ ਉਸ ਦੇ ਦੇਸ਼ ਵਿਚ ਦਾਖ਼ਲੇ ਉਤੇ ਤੁਰੰਤ ਪਾਬੰਦੀ ਲਾ ਦਿੱਤੀ। ਇਸ ਤੋਂ ਪਹਿਲਾਂ 2012 ਵਿਚ ਵੀ ਉਹ ਨਿਊਡ ਫੋਟੋ ਕਰ ਕੇ ਚਰਚਾ ਵਿਚ ਆਈ ਸੀ। ਫਰਹਾਨੀ ਦੀ ਪਹਿਲੀ ਫਿਲਮ Ḕਦਰਖਤ-ਏ-ਗੁਲਾਬੀḔ 1997 ਵਿਚ ਆਈ ਸੀ। ਇਹ ਫਿਲਮ ਸ਼ਿਕਾਗੋ ਫਿਲਮ ਮੇਲੇ ਵਿਚ ਸਰਵੋਤਮ ਫਿਲਮ ਚੁਣੀ ਗਈ ਅਤੇ ਫਰਹਾਨੀ ਨੂੰ ਇਸ ਫਿਲਮ ਲਈ ਫਜਰ ਫਿਲਮ ਮੇਲੇ ਦਾ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ ਸੀ। ਪਹਿਲੀ ਹੀ ਫਿਲਮ ਵਿਚ ਸਭ ਉਸ ਦੀ ਅਦਾਕਾਰੀ ਤੋਂ ਦੰਗ ਰਹਿ ਗਏ ਸਨ। ਉਸ ਵੇਲੇ ਉਹਦੀ ਉਮਰ ਸਿਰਫ 14 ਸਾਲਾਂ ਦੀ ਸੀ। ਇਸ ਤੋਂ ਬਾਅਦ ਉਹ ਵੱਖ-ਵੱਖ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਝੰਡੇ ਗੱਡਦੀ ਚਲੀ ਗਈ।