ਲੋਕ ਨਾਟਕਕਾਰ ਅਜਮੇਰ ਔਲਖ ਨੂੰ ਜਨਤਕ ਸਲਾਮ

ਗੁਲਜ਼ਾਰ ਸਿੰਘ ਸੰਧੂ
ਗੁਰਸ਼ਰਨ ਸਿੰਘ ਤੋਂ ਪਿੱਛੋਂ ਅਜਮੇਰ ਸਿੰਘ ਔਲਖ ਪੰਜਾਬ ਦਾ ਹਰਮਨ ਪਿਆਰਾ ਲੋਕ ਨਾਟਕਕਾਰ ਹੈ। Ḕਬਗਾਨੇ ਬੋਹੜ ਦੀ ਛਾਂḔ, Ḕਅੰਨ੍ਹੇ ਨਿਸ਼ਾਨਚੀḔ, Ḕਇਸ਼ਕ ਬਾਝ ਨਮਾਜ਼ ਦਾ ਹੱਜ ਨਹੀਂḔ ਤੇ ḔਗਾਨੀḔ ਨਾਂ ਦੇ ਇਕਾਂਗੀਆਂ ਨਾਲ ਮਾਲਵੇ ਦੇ ਘਰੀਂ ਜਾ ਵੜਨ ਵਾਲਾ ਇਹ ਲੇਖਕ ਪਿਛਲੇ ਕਈ ਸਾਲਾਂ ਤੋਂ ਕੈਂਸਰ ਦਾ ਮਰੀਜ਼ ਹੈ।

ਇਹ ਸਿਰੜੀ ਜਿਊੜਾ ਇਸ ਰੋਗ ਨੂੰ ਪਿੱਠ ਉਤੇ ਚੁੱਕ ਕੇ ਦਿਨ ਰਾਤ ਗਰੀਬ ਕਿਸਾਨਾਂ ਦੇ ਮਸਲੇ ਉਜਾਗਰ ਕਰਕੇ ਉਨ੍ਹਾਂ ਨੂੰ ਜਾਗ੍ਰਿਤ ਕਰ ਰਿਹਾ ਹੈ। ਉਸ ਦੇ ਲਿਖੇ ਪੂਰੇ ਨਾਟਕਾਂ- ਸੱਤ-ਬਗਾਨੇ, ਇੱਕ ਸੀ ਦਰਿਆ, ਝਨਾਂ ਦੇ ਪਾਣੀ, ਸਲਵਾਨ, ਨਿੱਕੇ ਸੂਰਜਾਂ ਦੀ ਲੜਾਈ, ਅਵੇਸਲੇ ਯੁੱਧਾਂ ਦੀ ਨਾਇਕਾ, ਤੇ ਐਂ ਨੀ ਹੁਣ ਸਰਨਾ ਦੇ ਨਾਂ ਹੀ ਦਸਦੇ ਹਨ ਕਿ ਇਨ੍ਹਾਂ ਦਾ ਵਿਸ਼ਾ ਕਿੰਨਾ ਕ੍ਰਾਂਤੀਕਾਰੀ ਹੋਵੇਗਾ।
ਪਹਿਲੀ ਮਾਰਚ ਨੂੰ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਦੇ ਪ੍ਰਬੰਧਕਾਂ ਨੇ ਉਸ ਦੀ ਦੇਣ ਨੂੰ ਚੇਤੇ ਕਰਨ ਲਈ ਇਨਕਲਾਬੀ ਜਨਤਕ ਸਲਾਮ ਸਮਾਰੋਹ ਕੀਤਾ। ਇਹ ਸਮਾਗਮ ਬਰਨਾਲਾ-ਮਾਨਸਾ ਰੋਡ ਉਤੇ ਪੈਂਦੇ ਮਾਈ ਭਾਗੋ ਗਰਲਜ਼ ਕਾਲਜ, ਰੱਲਾ ਵਿਚ ਹੋਇਆ। ਹੁਮ-ਹੁਮਾ ਕੇ ਪਹੁੰਚੀਆਂ ਨਾਟਕ ਮੰਡਲੀਆਂ ਤੇ ਦਰਸ਼ਕ ਆਪਣੇ ਪਿਆਰੇ ਕਲਾਕਾਰ ਨੂੰ ਜਨਤਕ ਸਲਾਮ ਕਹਿਣ ਲਈ ਆਏ।
ਔਲਖ ਨੇ 70ਵਿਆਂ ਵਿਚ ਆਪਣੀ ਪਤਨੀ ਤੇ ਧੀਆਂ ਨੂੰ ਸਟੇਜ ਉਤੇ ਲਿਆ ਕੇ ਆਰਥਕ, ਸਮਾਜਕ ਤੇ ਰਾਜਨੀਤਕ ਜਾਗ੍ਰਿਤੀ ਪੈਦਾ ਕੀਤੀ। Ḕਬੇਗਾਨੇ ਬੋਹੜ ਦੀ ਛਾਂḔ ਵਿਚਲੇ ਹੇਠ ਲਿਖੇ ਬੋਲ ਅੱਜ ਵੀ ਲੋਕਾਂ ਦੀ ਜ਼ੁਬਾਨ ਉਤੇ ਹਨ,
ਜਨਮ ਧਾਰਿਆ ਢਿੱਡ ਦੀ ਲੋੜ ਵਿਚੋਂ
ਮਰ ਜਾਣਗੇ ਢਿੱਡ ਦੀ ਲੋੜ ਥੱਲੇ।
ਘੜੀ ਸੁੱਖ ਦੀ ਭਾਲਦੇ ਭਲਾ ਕਿੱਥੋਂ
ਜਿਹੜੇ ਰਹਿਣ ਬੇਗਾਨੜੇ ਬੋਹੜ ਥੱਲੇ।
ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਅੰਨ੍ਹੇ ਨਿਸ਼ਾਨਚੀ ਕਹਿਣ ਵਾਲਾ ਤੇ ਆਦਿਵਾਸੀਆਂ ਨੂੰ ਖੁੱਡੇ ਲਾਉਣ ਵਾਸਤੇ ਸ਼ੁਰੂ ਕੀਤੇ ਅਪ੍ਰੇਸ਼ਨ ਗਰੀਨ ਹੰਟ ਵਿਰੁਧ ਜਮਹੂਰੀ ਫਰੰਟ ਦੀਆਂ ਨੀਂਹਾਂ ਰੱਖਣ ਵਾਲਾ ਵੀ ਔਲਖ ਹੀ ਹੈ। ਜਸਪਾਲ ਜੱਸੀ ਤੇ ਪਾਵੇਲ ਕੁੱਸਾ ਵਲੋਂ ਜਾਰੀ ਕੀਤੇ ḔਸਲਾਮḔ ਨਾਂ ਦੇ ਤਾਜ਼ਾ ਪਰਚੇ ਵਿਚ ਔਲਖ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਲੇਖਾ-ਜੋਖਾ ਸਮਾਗਮ ਦਾ ਮਹੱਤਵ ਦਸਦਾ ਹੈ। ਇਸ ਸਮਾਗਮ ਲਈ ਸਾਡੀਆਂ ਸ਼ੁਭ ਇਛਾਵਾਂ ਤੇ ਔਲਖ ਦੀ ਚੰਗੇਰੀ ਸਿਹਤ ਲਈ ਦੁਆਵਾਂ ਤਾਂ ਕਿ ਉਸ ਦੇ ਹੇਠ ਲਿਖੇ ਨਿਸਚੇ ਨੂੰ ਫਲ ਪਵੇ।
ਮੈਂ ਦੱਸਾਂਗਾ ਉਸ ਨਾਮੁਰਾਦ ਰੋਗ ਨੂੰ
ਕਿ ਕਿਰਤ, ਸਿਰਜਣਾ ਤੇ ਜ਼ਿੰਦਗੀ ਮੇਰੇ ਸੰਗ ਨੇ,
ਕੁਝ ਨਹੀਂ ਵਿਗਾੜ ਸਕਦਾ ਤੂੰ ਮੇਰਾ
ਕੋਈ ਭਓ ਨਹੀਂ ਹੁਣ ਮੈਨੂੰ ਤੇਰਾ।
ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਨੰਬਰ-2: 1987 ਵਿਚ ਮੈਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸਾਂ ਜਦੋਂ ਬੁੱਧ ਸਿੰਘ ਢਾਹਾਂ ਆਪਣੇ ਪਿੰਡ ਦੀ ਭੂਮੀ ਵਿਚ ਉਸਾਰੇ ਜਾ ਰਹੇ ਹਸਪਤਾਲ ਵਾਸਤੇ ਮੇਰੀ ਡਾਕਟਰ ਪਤਨੀ ਦੀਆਂ ਸੇਵਾਵਾਂ ਲੈਣ ਵਾਸਤੇ ਮੈਨੂੰ ਮਿਲੇ ਸਨ। ਮੈਂ ਉਸ ਹਸਪਤਾਲ ਨੂੰ ਵਿਕਾਸ ਕਰਦੇ ਤੇ ਦੂਜਿਆਂ ਦੇ ਹੱਥਾਂ ਵਿਚ ਜਾਂਦੇ ਵੇਖਿਆ ਹੈ। ਪਰ ਬਲਿਹਾਰੇ ਜਾਈਏ ਬੁੱਧ ਸਿੰਘ ਦੇ ਜਿਸ ਨੇ ਹੌਸਲਾ ਹਾਰੇ ਬਿਨਾ ਗੜ੍ਹਸ਼ੰਕਰ-ਅਨੰਦਪੁਰ ਸਾਹਿਬ ਮੁਖ ਮਾਰਗ ਉਤੇ ਕੁਕੜ ਮਜ਼ਾਰਾ ਦੇ ਨਿੱਕੇ ਜਿਹੇ ਪਿੰਡ ਵਿਚ ਤੀਹ ਬਿਸਤਰਿਆਂ ਦਾ ਚੈਰੀਟੇਬਲ ਹਸਪਤਾਲ ਹੋਰ ਚਾਲੂ ਕਰ ਲਿਆ ਹੈ। ਆਪਣੀ ਸਜਰੀ ਪੰਜਾਬ ਫੇਰੀ ਵੇਲੇ ਮੈਂ ਬੁੱਧ ਸਿੰਘ ਨੂੰ ਮਿਲਣ ਗਿਆ ਤਾਂ ਇਥੇ ਢਾਹਾਂ ਤੋਂ ਬੁੱਧ ਸਿੰਘ ਨਾਲ ਆਏ ਸੁਸ਼ੀਲ ਕੌਰ ਤੇ ਰਘਬੀਰ ਸਿੰਘ ਨਵੇਂ ਹਸਪਤਾਲ ਵਲੋਂ ਆਪਣੇ ḔਏḔ ਬਲਾਕ ਤੇ ਪਿੰਡਾਂ ਦਾ ਨਕਸ਼ਾ ਤਿਆਰ ਕਰ ਰਹੇ ਸਨ। ਅਗਲੇ ਦਿਨ ਇਸ ਪ੍ਰਾਜੈਕਟ ਨੂੰ ਦੇਖਣ ਕੈਨੇਡੀਅਨ ਦੂਤਾਵਾਸ ਦੀ ਇੱਕ ਅਧਿਕਾਰੀ ਰਾਜਧਾਨੀ ਅਲੈਗਜ਼ੈਂਡਰ ਆ ਰਹੀ ਸੀ।
ਇਸ ਹਸਪਤਾਲ ਨੂੰ ਸਫਲ ਬਣਾਉਣ ਵਿਚ ਹੱਥ ਵਟਾ ਰਹੇ ਮਹਿੰਦਰ ਸਿੰਘ ਭਾਟੀਆ (ਨਵਾਂ ਗਰਾਂ) ਤੇ ਬਲਬੀਰ ਸਿੰਘ ਬੈਂਸ (ਗੋਗੋਂ) ਵੀ ਉਥੇ ਹਾਜ਼ਰ ਸਨ। ਹਸਪਤਾਲ ਦੀਆਂ ਦੂਜੀਆਂ ਇਮਾਰਤਾਂ ਤੇ ਗੁਰਦੁਆਰੇ ਦੀ ਉਸਾਰੀ ਚਾਲੂ ਹੈ। ਛੇਤੀ ਹੀ ਇਥੇ 150 ਬਿਸਤਰਿਆਂ ਦਾ ਹਸਪਤਾਲ ਚਾਲੂ ਹੋਣ ਦੀ ਆਸ ਹੈ।
ਅੰਤਿਕਾ: (ਜਸਵਿੰਦਰ ਦੀ ਇਕ ਗ਼ਜ਼ਲ)
ਬਾਰੀਂ ਵਰਸੀਂ ਖੱਟਣ ਗਿਆ ਸੀ
ਖੱਟਣ ਗਿਆ ਨਾ ਆਇਆ।
ਮਾਂ ਵੀ ਭੁੱਲਿਆ ਮਾਂ ਬੋਲੀ ਵੀ,
ਭੁੱਲਿਆ ਮਾਂ ਦਾ ਜਾਇਆ।
ਸੂਲੀ ਚੜ੍ਹ ਪਰਦੇਸੀ ਰੁੱਖ ਤੋਂ
ਪੌਂਡ ਬਥੇਰੇ ਤੋੜੇ,
ਰੂਹ ਨੂੰ ਚੜ੍ਹਿਆ ਤਾਪ ਨਾ ਟੁੱਟਿਆ
ਹੋਇਆ ਦੂਣ ਸਵਾਇਆ।

ਵਤਨੋਂ ਆਈ ਚਿੱਠੀ
ਸੌਵੀਂ ਵਾਰ ਪੜ੍ਹਨ ਤੋਂ ਪਿੱਛੋਂ,
ਅੱਥਰੂ ਪੀ ਕੇ ਉਸ ਨੇ
ਕੌੜਾ ਪਾਣੀ ਮੂੰਹ ਨੂੰ ਲਾਇਆ।
ਤਨ ਦੀ ਪਿਆਸ ਬੁਝੀ, ਮਨ ਤੜਪੇ,
ਜੜ੍ਹ ਉਖੜੀ, ਪੱਤ ਪੀਲੇ,
ਰੋਜ਼ ਹਿਸਾਬ ਕਰੇ ਉਹ ਉਠ ਕੇ
ਕੀ ਖੋਇਆ ਕੀ ਪਾਇਆ।