ਮਹਾਰਾਜਾ ਦਲੀਪ ਸਿੰਘ ਦੀ ਨਵੀਂ ਤਸਵੀਰ

ਬਰਤਾਨੀਆ ਦੀਆਂ ਜੰਮਪਲ, ਭਾਰਤੀ ਮੂਲ ਦੀਆਂ ਜੌੜੀਆਂ ਭੈਣਾਂ ਅੰਮ੍ਰਿਤ ਸਿੰਘ ਅਤੇ ਰਬਿੰਦਰ ਸਿੰਘ ਨੇ ਸਿੱਖਾਂ ਦੇ ਆਖਰੀ ਮਹਾਰਾਜਾ, ਮਹਾਰਾਜਾ ਦਲੀਪ ਸਿੰਘ ਦੀ ਪੇਂਟਿੰਗ ਬਣਾਈ ਹੈ। ਇਸ ਵਿਚ ਮਹਾਰਾਜਾ ਨੂੰ ਐਨ ਵੱਖਰੇ ਰੂਪ ਵਿਚ ਦਿਖਾਇਆ ਗਿਆ ਹੈ। ਇਸ ਪੇਂਟਿੰਗ ਵਿਚ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਜੇ ਵਾਂਗ ਚਿਤਰਿਆ ਗਿਆ ਹੈ ਜੋ ਸ਼ਾਹੀ ਦਰਬਾਰ ਦੀ ਸ਼ਾਨੋ-ਸ਼ੌਕਤ ਨਾਲ ਸਜਿਆ ਹੋਇਆ ਹੈ।

Ḕਕੈਜ਼ੂਐਲਟੀ ਆਫ ਵਾਰ: ਏ ਪੋਟਰੇਟ ਆਫ ਮਹਾਰਾਜਾ ਦਲੀਪ ਸਿੰਘḔ ਨਾਂ ਦੀ ਇਹ ਪੇਂਟਿੰਗ ਬਣਾਉਣ ਵਾਲੀਆਂ ਇਹ ਜੌੜੀਆਂ ਭੈਣਾਂ ਕਲਾ ਜਗਤ ਵਿਚ Ḕਸਿੰਘ ਟਵਿਨਜ਼Ḕ ਕਰ ਕੇ ਮਸ਼ਹੂਰ ਹਨ। ਉਨ੍ਹਾਂ ਨੇ ਸਕਾਟਲੈਂਡ ਦੇ ਅਜਾਇਬ ਘਰ ਵਿਚ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਵਸਤਾਂ ਜਿਨ੍ਹਾਂ ਵਿਚ ਗਹਿਣੇ, ਪੈਨ ਕੇਸ ਅਤੇ ਇਤਰ ਦੀ ਬੋਤਲ ਸ਼ਾਮਲ ਹੈ, ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਦਾ ਚਿੱਤਰ ਬਣਾਉਣ ਬਾਰੇ ਸੋਚਿਆ।
ਇਨ੍ਹਾਂ ਭੈਣਾਂ ਨੇ ਮਹਾਰਾਜਾ ਦਾ ਇਹ ਚਿੱਤਰ ਸਮਕਾਲੀ ਭਾਰਤੀ ਲਘੂ ਚਿੱਤਰਕਲਾ ਸ਼ੈਲੀ ਵਿਚ ਬਣਾਇਆ ਹੈ। ਇਸ ਵਿਚ ਮਹਾਰਾਜਾ ਦਾ ਹਕੀਕੀ ਸਰੂਪ ਸਿਰਜਣ ਦੀ ਥਾਂ ਉਸ ਦੇ ਕਿਰਦਾਰ, ਜੀਵਨ, ਸਮੇਂ ਅਤੇ ਵਿਰਾਸਤ ਦਾ ਕਲਪਨਾਪੂਰਨ ਖਾਕਾ ਉਲੀਕਿਆ ਗਿਆ ਹੈ। ਇਸ ਚਿੱਤਰ ਦੇ ਕੇਂਦਰ ਵਿਚ ਮਹਾਰਾਜਾ ਦਲੀਪ ਸਿੰਘ ਹੈ। ਇਸ ਵਿਚ ਕਲਪਨਾ ਕੀਤੀ ਗਈ ਹੈ ਕਿ ਜੇ ਬਰਤਾਨੀਆ ਨੇ ਉਨ੍ਹਾਂ ਨੂੰ ਤਖ਼ਤ ਤੋਂ ਨਾ ਲਾਹਿਆ ਹੁੰਦਾ ਅਤੇ ਜਲਾਵਤਨ ਨਾ ਕੀਤਾ ਹੁੰਦਾ ਤਾਂ ਉਨ੍ਹਾਂ ਦਾ ਇਹੋ ਜਿਹਾ ਸਰੂਪ ਹੋਣਾ ਸੀ। ਚਿੱਤਰ ਵਿਚ ਮਹਾਰਾਜਾ ਨੇ ਸ਼ਾਹੀ ਦਸਤਾਰ ਬੰਨ੍ਹੀ ਹੋਈ ਹੈ ਅਤੇ ਸਿੱਖ ਰਾਜ-ਭਾਗ ਦੇ ਸ਼ਾਹੀ ਗਹਿਣੇ ਜਿਵੇਂ ਕੋਹਿਨੂਰ ਹੀਰਾ ਅਤੇ ਤਿਮੂਰ ਰੂਬੀ ਪਹਿਨੇ ਹੋਏ ਹਨ। ਇਸ ਚਿੱਤਰ ਨੂੰ ਇਕ ਮਹਿਰਾਬ ਵਿਚ ਦਰਸਾਇਆ ਗਿਆ ਹੈ ਜਿਸ ਦੀ ਬਣਤਰ ਬਕਿੰਘਮ ਪੈਲੇਸ ਅਤੇ ਮਹਾਰਾਜਾ ਦੀ ਐਲਵੀਡਨ ਹਾਲ ਵਾਲੀ ਬਰਤਾਨਵੀ ਰਿਹਾਇਸ਼ ਵਿਚਲੇ ਮਹਿਰਾਬਾਂ ਦੀ ਬਣਤਰ ਵਰਗੀ ਹੈ। ਇਹ ਐਂਗਲੋ-ਇੰਡੀਅਨ ਢਾਂਚਾ ਉਨ੍ਹਾਂ ਦੀ ਪਛਾਣ ਦੇ ਦੋਹਰੇ ਸਭਿਆਚਾਰਵਾਦੀ ਪੱਖਾਂ ਦਾ ਪ੍ਰਤੀਕ ਹੈ। ਇਸ ਮਹਿਰਾਬ ਦੇ ਅੰਦਰ ਹੀ ਇਮਾਰਤਾਂ ਅਤੇ ਹੋਰ ਵੇਰਵੇ ਦਰਸਾਏ ਗਏ ਹਨ ਜੋ ਭਾਰਤ ਵਿਚਲੀ ਉਨ੍ਹਾਂ ਦੀ ਜ਼ਿੰਦਗੀ ਨਾਲ ਸਬੰਧਤ ਹਨ। ਇਨ੍ਹਾਂ ਵਿਚ ਖੂਨ ਦੇ ਨਿਸ਼ਾਨਾਂ ਵਾਲਾ ਸਤਲੁਜ ਦਰਿਆ ਵੀ ਸ਼ਾਮਿਲ ਹੈ ਜੋ ਐਂਗਲੋ-ਸਿੱਖ ਜੰਗਾਂ ਦਾ ਪ੍ਰਤੀਕ ਹੈ ਤੇ ਪੰਜਾਬ ‘ਚੋਂ ਸਿੱਖ ਰਾਜ ਦੇ ਖ਼ਾਤਮੇ ਦੀ ਸ਼ੁਰੂਆਤ ਦਰਸਾਉਂਦਾ ਹੈ। ਪੇਂਟਿੰਗ ਵਿਚਲੀ ਇਸ ਮਹਿਰਾਬ ਦੇ ਬਾਹਰਲੇ ਪਾਸੇ ਅੰਗਰੇਜ਼ੀ ਲੈਂਡਸਕੇਪ ਦਰਸਾਇਆ ਗਿਆ ਹੈ ਜਿਸ ਵਿਚ ਉਹ ਯਾਦਗਾਰਾਂ, ਇਮਾਰਤਾਂ ਅਤੇ ਵਸਤਾਂ ਹਨ ਜੋ ਦਲੀਪ ਸਿੰਘ ਵਲੋਂ ਆਪਣੇ ਰਾਜ-ਭਾਗ ਤੋਂ ਜਲਾਵਤਨ ਹੋਏ ਨੌਜਵਾਨ ਵਜੋਂ ਬਰਤਾਨਵੀ ਸਥਾਪਤੀ ਦੇ ਪ੍ਰਭਾਵ ਹੇਠ ਰਹਿੰਦਿਆਂ ਬਿਤਾਈ ਜ਼ਿੰਦਗੀ ਨਾਲ ਸਬੰਧਤ ਹਨ।
ਸਿੰਘ ਭੈਣਾਂ ਦਾ ਕਹਿਣਾ ਹੈ ਕਿ ਇਸ ਪੇਂਟਿੰਗ ਦੀ ਵਿਆਖਿਆ ਦੇ ਕਈ ਪੱਧਰ ਹਨ। ਇਕ ਹੈ ਕਿ ਬਸਤੀਵਾਦ ਤੇ ਰਾਜਾਸ਼ਾਹੀ ਦੇ ਵਿਸਥਾਰ ਨੇ ਬਹੁ-ਸਭਿਆਚਾਰਾਂ ਵਾਲੇ ਬਰਤਾਨੀਆ ਨੂੰ ਕਿਵੇਂ ਪ੍ਰਭਾਵਿਤ ਕੀਤਾ। ਕਲਾਕਾਰਾਂ ਵਲੋਂ ਸਭਿਆਚਾਰਕ ਅਤੇ ਆਤਮਿਕ ਹਕੀਕਤ ਨੂੰ ਖੂਬ ਉਜਾਗਰ ਕੀਤਾ ਗਿਆ ਹੈ। ਪਹਿਲੀ ਵਿਸ਼ਵ ਜੰਗ ਵੇਲੇ ਸ਼ਹੀਦ ਹੋਏ ਭਾਰਤੀ ਸਿਪਾਹੀਆਂ ਦੀ ਯਾਦਗਾਰ ਨੂੰ ਵੀ ਉਲੀਕਿਆ ਗਿਆ ਹੈ। ਇਸ ਤੋਂ ਇਲਾਵਾ ਕਿਸ਼ਤੀ ਦੇ ਬੈਨਰ Ḕਤੇ ਤਿੰਨ ਅਹਿਮ ਤਰੀਕਾਂ (ਪੰਜਾਬ ਉਤੇ ਬਰਤਾਨੀਆ ਦੇ ਕਬਜ਼ੇ, ਪੰਜਾਬ ਦੀ ਵੰਡ ਅਤੇ ਆਪਰੇਸ਼ਨ ਬਲਿਊ ਸਟਾਰ ਦੀ) ਵੀ ਉਲੀਕੀਆਂ ਗਈਆਂ ਹਨ ਅਤੇ ਨਾਲ ਹੀ ਇਤਿਹਾਸ ਵਿਚੋਂ ਟੂਕਾਂ ਦਿੱਤੀਆਂ ਗਈਆਂ ਹਨ। ਇਸ ਪੇਂਟਿੰਗ ਦੀ ਖੂਬ ਚਰਚਾ ਹੋ ਰਹੀ ਹੈ।