ਇਸ ਹਫਤੇ ਵਿਚ ਹਿੰਸਾ ਦੀਆਂ ਦੋ ਘਟਨਾਵਾਂ ਨੇ ਸਮੁੱਚੇ ਸੰਸਾਰ ਨੂੰ ਝੰਜੋੜ ਸੁੱਟਿਆ ਹੈ। ਕੀਨੀਆ ਦੀ ਰਾਜਧਾਨੀ ਨੈਰੋਬੀ ਦੇ ਇਕ ਮਾਲ ਵਿਚ ਲੋਕਾਂ ਨੂੰ ਬੰਦੀ ਬਣਾ ਕੇ 66 ਵਿਅਕਤੀਆਂ ਨੂੰ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਖੈਬਰ-ਪਖਤੂਨਖਵਾ (ਪਾਕਿਸਤਾਨ) ਦੀ ਰਾਜਧਾਨੀ ਪਿਸ਼ਾਵਰ ਦੀ ਇਕ ਚਰਚ ਵਿਚ ਕੀਤੇ ਹਮਲੇ ਵਿਚ 85 ਜਾਨਾਂ ਚਲੀਆਂ ਗਈਆਂ ਹਨ। ਇਨ੍ਹਾਂ ਦੋਹਾਂ ਹਮਲਿਆਂ ਵਿਚ ਇਕ ਨੁਕਤਾ ਸਾਂਝਾ ਹੈ। ਇਹ ਨੁਕਤਾ ਦਖਲਅੰਦਾਜ਼ੀ ਦੇ ਵਿਰੋਧ ਦਾ ਹੈ। ਇਸ ਅਹਿਮ ਨੁਕਤੇ ਨੂੰ ਸਮਝੇ ਬਗੈਰ ਇਨ੍ਹਾਂ ਘਟਨਾਵਾਂ ਦੀ ਤਹਿ ਤਕ ਜਾਣਾ ਔਖਾ ਹੀ ਨਹੀਂ, ਅਸੰਭਵ ਵੀ ਹੈ। ਨੈਰੋਬੀ ਵਿਚ ਹਮਲਾ ਸੋਮਾਲੀਆ ‘ਚ ਅਲ-ਸ਼ਬਾਬ ਦੇ ਨਾਂ ਨਾਲ ਸਰਗਰਮ ਜਥੇਬੰਦੀ ਨੇ ਕੀਤਾ ਹੈ। ਇਸ ਜਥੇਬੰਦੀ ਨੇ ਹਮਲੇ ਦਾ ਕਾਰਨ ਕੀਨੀਆ ਦੀ ਫੌਜ ਵੱਲੋਂ ਸੋਮਾਲੀਆ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਨੂੰ ਦੱਸਿਆ ਹੈ। ਦੱਸਣਾ ਜ਼ਰੂਰੀ ਹੈ ਕਿ ਅਲ-ਸ਼ਬਾਬ ਦਾ ਸਬੰਧ ਅਲ-ਕਾਇਦਾ ਨਾਲ ਹੈ ਜਿਸ ਨੇ ਅਮਰੀਕਾ ਖਿਲਾਫ ਜਹਾਦ ਛੇੜਿਆ ਹੋਇਆ ਹੈ। ਇਹ ਉਹੀ ਅਲ-ਕਾਇਦਾ ਹੈ ਜਿਸ ਨੇ 9/11 ਵਾਲੇ ਹਮਲੇ ਕਰ ਕੇ ਸਾਰੇ ਸੰਸਾਰ ਨੂੰ ਸੁੰਨ ਕਰ ਕੇ ਰੱਖ ਦਿੱਤਾ ਸੀ। ਉਦੋਂ ਸੁੰਨ ਹੋਏ ਸੰਸਾਰ ਵਿਚ ਅਮਰੀਕਾ ਦੇ ਇਕ ਬੰਦੇ ਦਾ ਬਿਆਨ ਸੰਸਾਰ ਭਰ ਵਿਚ ਬਹੁਤ ਗੌਰ ਨਾਲ ਸੁਣਿਆ/ਵਿਚਾਰਿਆ ਗਿਆ ਸੀ ਅਤੇ ਇਸ ਬਿਆਨ ਨੇ ਇਨ੍ਹਾਂ ਹਮਲਿਆਂ ਦੀਆਂ ਤਹਿਆਂ ਫਰੋਲਣ ਵਾਲੇ ਪਾਸੇ ਤੁਰਨ ਦਾ ਰਾਹ ਖੋਲ੍ਹਿਆ ਸੀ। ਇਹ ਬਿਆਨ ਚਰਚਿਤ ਚਿੰਤਕ ਨੌਮ ਚੌਮਸਕੀ ਦਾ ਸੀ। ਜਦੋਂ ਸਾਰਾ ਸੰਸਾਰ ਸੋਗ ਤੇ ਸਕਤੇ ਵਿਚ ਸੀ ਤਾਂ ਚੌਮਸਕੀ ਨੇ ਕਿਹਾ ਸੀ ਕਿ ਇਹ ਕਾਰਾ ਅਸਲ ਵਿਚ ਅਮਰੀਕਾ ਦੀ ਵਿਦੇਸ਼ ਪਾਲਿਸੀ ਦਾ ਨਤੀਜਾ ਹੈ। ਉਸ ਮੁਤਾਬਕ ਅਮਰੀਕਾ ਨੇ ਹੋਰ ਮੁਲਕਾਂ ਵਿਚ ਇੰਨੀ ਵੱਡੀ ਪੱਧਰ ਉਤੇ ਦਖਲਅੰਦਾਜ਼ੀ ਕੀਤੀ ਹੈ ਕਿ ਇਸ ਤਰ੍ਹਾਂ ਦੇ ਭਿਅੰਕਰ ਹਾਦਸਿਆਂ ਲਈ ਖਦਸ਼ੇ ਬਣ ਹੀ ਰਹੇ ਸਨ। ਅਮਰੀਕਾ ਉਤੇ 9/11 ਵਾਲੇ ਹਮਲਿਆਂ ਤੋਂ ਵੀ ਪਹਿਲਾਂ ਨੈਰੋਬੀ ਵਿਚ ਅਮਰੀਕੀ ਦੂਤਘਰ ਉਤੇ 1998 ਵਿਚ ਹੋਏ ਹਮਲੇ ਦੀ ਪੁਣ-ਛਾਣ ਕੀਤੀ ਜਾਵੇ ਤਾਂ ਇਸ ਮਸਲੇ ਦੀਆਂ ਹੋਰ ਪਰਤਾਂ ਖੁੱਲ੍ਹ ਸਕਦੀਆਂ ਹਨ। ਉਦੋਂ ਇਹ ਹਮਲਾ ਅਸਲ ਵਿਚ ਉਸ ਮੁਲਕ ਵਿਚ ਜਹਾਦੀਆਂ ਦੀ ਚੜ੍ਹਾਈ ਦਾ ਸੂਚਕ ਸੀ। ਇਹ ਗੱਲ ਉਦੋਂ ਕਿਸੇ ਨੇ ਸ਼ਾਇਦ ਗੌਲੀ ਹੀ ਨਹੀਂ ਸੀ ਕਿ ਭੁੱਖ ਅਤੇ ਮਲੇਰੀਏ ਨਾਲ ਜੂਝ ਰਹੇ ਲੋਕਾਂ ਨੂੰ ਇਉਂ ਹਿੰਸਾ ਦੇ ਰਾਹ ਪਾਇਆ ਜਾ ਰਿਹਾ ਹੈ। ਅਲ-ਸ਼ਬਾਬ ਵਰਗੀਆਂ ਜਥੇਬੰਦੀਆਂ ਨੂੰ ਅਜਿਹੇ ਹਾਲਾਤ ਵਿਚ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦਾ ਚੰਗਾ ਮੌਕਾ ਮਿਲ ਜਾਂਦਾ ਹੈ। ਉਦੋਂ ਵੀ ਅਤੇ ਹੁਣ ਵਾਲੇ ਹਮਲੇ ਨੇ ਵੀ ਇਹੀ ਗੱਲ ਉਭਾਰੀ ਹੈ ਕਿ ਲੋਕਾਂ ਦੇ ਅੰਦਰ ਘਰ ਕਰੀ ਬੈਠੇ ਗੁੱਸੇ ਨੂੰ ਕਿਸ ਪਾਸੇ ਮੋੜ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਮੱਥਿਆਂ ਉਤੇ ਦਹਿਸ਼ਤ ਖੁਣ ਦਿੱਤਾ ਗਿਆ। ਇਨ੍ਹਾਂ ਵਿਲਕਦੀਆਂ ਜਾਨਾਂ ਲਈ ਸ਼ਾਇਦ ਹੋਰ ਕੋਈ ਚਾਰਾ ਵੀ ਨਹੀਂ ਛੱਡਿਆ ਗਿਆ ਅਤੇ ਉਨ੍ਹਾਂ ਨਾ ਚਾਹੁੰਦੇ ਹੋਏ ਵੀ ਹਿੰਸਾ ਦਾ ਰਾਹ ਅਖਤਿਆਰ ਕਰ ਲਿਆ।
ਪਿਸ਼ਾਵਰ ਵਾਲੇ ਹਮਲੇ ਦੀਆਂ ਕੜੀਆਂ ਵੀ ਇਨ੍ਹਾਂ ਤੰਦਾਂ ਨਾਲ ਹੀ ਜੁੜਦੀਆਂ ਜਾਪਦੀਆਂ ਹਨ। ਉਸ ਇਲਾਕੇ ਵਿਚ ਅਮਰੀਕਾ ਦੇ ਡਰੋਨ ਹਮਲਿਆਂ ਨੇ ਲੋਕਾਂ ਦਾ ਸਾਹ ਸੂਤਿਆ ਹੋਇਆ ਹੈ। ਪਿਛਲੇ ਸਮੇਂ ਦੌਰਾਨ ਲੋਕ, ਇਨ੍ਹਾਂ ਹਮਲਿਆਂ ਖਿਲਾਫ ਲਾਮਬੰਦ ਵੀ ਹੋਏ ਹਨ। ਖੈਬਰ-ਪਖਤੂਨਖਵਾ ਸੂਬੇ ਵਿਚ ਇਸ ਵੇਲੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀ ਹਕੂਮਤ ਹੈ ਜਿਸ ਦੀ ਅਗਵਾਈ ਸਾਬਕਾ ਕ੍ਰਿਕਟਰ ਇਮਰਾਨ ਖਾਨ ਕਰ ਰਿਹਾ ਹੈ। ਚੋਣਾਂ ਵਿਚ ਉਸ ਦਾ ਮੁੱਖ ਏਜੰਡਾ ਇਲਾਕੇ ਉਤੇ ਹੋ ਰਹੇ ਡਰੋਨ ਹਮਲੇ ਬੰਦ ਕਰਵਾਉਣਾ ਹੀ ਸੀ। ਉਹ ਚਿਰਾਂ ਤੋਂ ਤਾਲਿਬਾਨ ਨਾਲ ਗੱਲਬਾਤ ਚਲਾਉਣ ਦੀ ਪੈਰਵੀ ਵੀ ਕਰਦਾ ਆ ਰਿਹਾ ਹੈ। ਇਹ ਵਿਚਾਰ ਕਰਨਾ ਵੀ ਜ਼ਰੂਰੀ ਹੈ ਕਿ ਇਮਰਾਨ ਖਾਨ ਨੇ ਇਹ ਜਥੇਬੰਦੀ 1996 ਵਿਚ ਸ਼ੁਰੂ ਕੀਤੀ ਸੀ ਅਤੇ ਪਹਿਲਾਂ-ਪਹਿਲ ਇਸ ਜਥੇਬੰਦੀ ਦੀ ਸਰਗਰਮੀ ਸਮਾਜਕ ਪੱਧਰ ਉਤੇ ਹੀ ਸੀ ਪਰ ਹੌਲੀ-ਹੌਲੀ ਇਸ ਨੇ ਕੌਮੀ ਪੱਧਰ ਉਤੇ ਆਪਣੀ ਪੈਂਠ ਬਣਾਉਣੀ ਸ਼ੁਰੂ ਕਰ ਦਿੱਤੀ। 2013 ਵਾਲੀਆਂ ਚੋਣਾਂ ਵਿਚ ਇਹ ਪਾਰਟੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੋ ਨਿਬੜੀ। ਪਾਰਟੀ ਦੀ ਇਸ ਚੜ੍ਹਤ ਵਿਚ ਭਾਵੇਂ ਹੋਰ ਸਰਗਰਮੀ ਦਾ ਵੀ ਭਰਪੂਰ ਯੋਗਦਾਨ ਹੋਵੇਗਾ ਪਰ ਡਰੋਨ ਹਮਲਿਆਂ ਦਾ ਜਿਸ ਤਰ੍ਹਾਂ ਦਾ ਵਿਰੋਧ ਇਮਰਾਨ ਖਾਨ ਨੇ ਕੀਤਾ ਅਤੇ ਜਿਸ ਤਰ੍ਹਾਂ ਇਹ ਮਸਲਾ ਇਕ ਦਮ ਕੌਮੀ ਸਿਆਸਤ ਤੇ ਮੀਡੀਆ ਵਿਚ ਛਾ ਗਿਆ, ਉਸ ਤੋਂ ਲੋਕਾਂ ਦੇ ਮਨਾਂ ਵਿਚ ਇਨ੍ਹਾਂ ਹਮਲਿਆਂ ਖਿਲਾਫ ਗੁੱਸੇ ਦੀ ਲਹਿਰ ਸਾਫ ਦੇਖੀ ਜਾ ਸਕਦੀ ਹੈ। ਇਮਰਾਨ ਖਾਨ ਦਾ ਸਪਸ਼ਟ ਕਹਿਣਾ ਸੀ ਕਿ ਜ਼ੋਰ-ਜਬਰ ਲੋਕਾਂ ਨੂੰ ਦਹਿਸ਼ਤਪਸੰਦੀ ਵੱਲ ਜਾਣ ਤੋਂ ਰੋਕ ਨਹੀਂ ਰਿਹਾ, ਸਗੋਂ ਲੋਕ ਤਾਂ ਉਸ ਪਾਸੇ ਧੱਕੇ ਜਾ ਰਹੇ ਹਨ। ਇਸ ਕੋਣ ਤੋਂ ਜੇ ਕੁਝ ਹੋਰ ਥਾਂਈਂ ਵੀ ਨਿਗ੍ਹਾ ਮਾਰੀ ਜਾਵੇ ਤਾਂ ਇਮਰਾਨ ਖਾਨ ਵੱਲੋਂ ਉਠਾਏ ਇਸ ਨੁਕਤੇ ਵਿਚ ਬੜਾ ਵਜ਼ਨ ਜਾਪਦਾ ਹੈ ਅਤੇ ਇਹੀ ਨੁਕਤਾ ਨੌਮ ਚੌਮਸਕੀ ਨੇ ਉਦੋਂ ਉਭਾਰਿਆ ਸੀ। ਜਹਾਦੀਆਂ ਦੀ ਹਿੰਸਾ ਨੂੰ ਸਮਝਣ ਲਈ ਸਟੇਟ ਦੀ ਹਿੰਸਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਇਸ ਕਰ ਕੇ ਵੀ ਜ਼ਰੂਰੀ ਹੈ ਕਿ ਇਹ ਹਿੰਸਾ ਬਹੁਤ ਮਹੀਨ ਅਤੇ ਸੂਖਮ ਹੁੰਦੀ ਹੈ। ਇਹ ਸੂਖਮ ਹਿੰਸਾ ਲੋਕਾਂ ਦੇ ਮਨਾਂ ਵਿਚ ਤੁਰਦੀ-ਤੁਰਦੀ ਆਖਰਕਾਰ ਨਾਸੂਰ ਬਣ ਜਾਂਦੀ ਹੈ ਅਤੇ ਫਿਰ ਵੱਡੀਆਂ ਘਟਨਾਵਾਂ ਦੇ ਰੂਪ ਵਿਚ ਲਾਵੇ ਵਾਂਗ ਫਟਦੀ ਹੈ। ਹੁਣ ਮਸਲਾ ਇਸ ਲਾਵੇ ਨਾਲ ਜੁੜੀਆਂ ਇਨ੍ਹਾਂ ਤੰਦਾਂ ਦੀ ਪੈੜ ਨੱਪਣ ਦਾ ਹੈ। ਇਹ ਤੰਦਾਂ ਫੜ ਕੇ ਹੀ ਇਸ ਮਸਲੇ ਦੇ ਹੱਲ ਲਈ ਕੋਈ ਤਰੱਦਦ ਹੋ ਸਕਦਾ ਹੈ। ਇਹ ਉਹ ਤੰਦਾਂ ਹਨ ਜਿਨ੍ਹਾਂ ਨਾਲ ਸਮੁੱਚਾ ਸੰਸਾਰ ਜੁੜਿਆ ਹੋਇਆ ਹੈ ਅਤੇ ਇਸੇ ਨਾਲ ਜੁੜੀ ਹੋਈ ਹੈ ਉਹ ਸਿਆਸਤ, ਜਿਹੜੀ ਸੰਸਾਰ ਭਰ ਉਤੇ ਅਸਰਅੰਦਾਜ਼ ਹੋ ਰਹੀ ਹੈ। ਸੀਰੀਆ, ਅਫਗਾਨਿਸਤਾਨ, ਇਰਾਨ, ਚੇਚਨੀਆ ਅਤੇ ਹੋਰ ਮੁਲਕ ਇਨ੍ਹਾਂ ਤੰਦਾਂ-ਤਾਣਿਆਂ ਨਾਲ ਹੀ ਜੁੜੇ ਹੋਏ ਹਨ। ਅੱਜ 21ਵੀਂ ਸਦੀ ਦੇ ਮਨੁੱਖ ਨੂੰ ਕੋਝੀ ਸਿਆਸੀ ਹਿੰਸਾ ਨਹੀਂ ਚਾਹੀਦੀ, ਬਲਕਿ ਸਰਬੱਤ ਦੇ ਭਲੇ ਵਾਲੀ ਸਿਆਸਤ ਵੱਲ ਰਾਹ ਖੁੱਲ੍ਹਣਾ ਚਾਹੀਦਾ ਹੈ।
Leave a Reply