ਉਂਜ ਤਾਂ ‘ਪੰਜਾਬ ਟਾਈਮਜ਼’ ਵਿਚਲਾ ਸਾਰਾ ਮੈਟਰ ਹੀ ਨਿਰਾਲਾ ਹੁੰਦਾ ਹੈ, ਪਰ ਗੁਰਵੇਲ ਸਿੰਘ ਪੰਨੂੰ ਦੀ ਕਹਾਣੀ ਪੰਜਾਬ ਟਾਈਮਜ਼ (ਅੰਕ 39) ਦੀ ਪ੍ਰਾਪਤੀ ਹੈ। ਅੱਜ ਦੇ ਆਪਾ-ਧਾਪੀ ਦੇ ਜ਼ਮਾਨੇ ਵਿਚ ਜਦੋਂ ਅਸੀਂ ਆਪਣੇ ‘ਨੱਕ’ ਤੋਂ ਅਗਾਂਹ ਸੋਚ ਹੀ ਨਹੀਂ ਸਕਦੇ, ਭੁੱਲੇ-ਵਿਸਰੇ ਲੇਖਕਾਂ ਨੂੰ ਪੁਨਰ-ਸੁਰਜੀਤ ਕਰਨਾ ‘ਪੰਜਾਬ ਟਾਈਮਜ਼’ ਦਾ ਹੀ ਖ਼ਾਸਾ ਹੈ। ‘ਸਾਡਾ ਪਿੰਡ’ ਕਹਾਣੀ ਪੜ੍ਹਦਿਆਂ ਮੇਰੀਆਂ ਅੱਖਾਂ ਅੱਗੇ ਆਪਣੇ ਪਿੰਡ ਦੀ ਸੱਥ ਹੀ ਘੁੰਮਦੀ ਰਹੀ। ਮੈਨੂੰ ਯਕੀਨ ਹੈ, ਜਿਸ ਪਾਠਕ ਨੇ ਵੀ ਇਹ ਕਹਾਣੀ ਪੜ੍ਹੀ ਹੋਵੇਗੀ, ਉਸ ਨੂੰ ਇਹ ਆਪਣੇ ਪਿੰਡ ਦੀ ਹੀ ਕਹਾਣੀ ਲੱਗੀ ਹੋਵੇਗੀ। ਇਹੀ ਕਿਸੇ ਰਚਨਾ ਅਤੇ ਲੇਖਕ ਦੀ ਪ੍ਰਾਪਤੀ ਹੁੰਦੀ ਹੈ। ਪੁਰਾਣੇ ਮਾਖਿਓਂ ਦਾ ਆਪਣਾ ਹੀ ਸਵਾਦ ਹੁੰਦਾ।
ਦੂਜੇ ਪਾਸੇ ਬਲਜੀਤ ਬਾਸੀ ਦਾ ਕਾਲਮ ਤਾਂ ਅੱਖਾਂ ਤੋਂ ਬੁੱਢੀਆਂ ਐਨਕਾਂ ਲਾਹ ਕੇ ਨਵੀਂ ਰੌਸ਼ਨੀ ਅਤੇ ਡੂੰਘੀ ਨੀਝ ਬਖ਼ਸ਼ਦਾ ਹੈ। ਗੁਰਬਾਣੀ ਵਿਚ ਬਹੁਤ ਥਾਂਈਂ ਕਾਜ਼ੀ, ਨਜ਼ਰ, ਹਜ਼ੂਰ, ਹਾਜ਼ਰ, ਕਾਗ਼ਜ਼ ਦੀ ਬਜਾਏ ਵਰਤੇ ਗਏ ਕਾਦੀ, ਨਦਰ, ਹਦੂਰ, ਹਾਦਰ, ਕਾਗਦ ਦੀ ਘੁੰਡੀ ਖੋਲ੍ਹ ਕੇ ਬਾਸੀ ਸਾਹਿਬ ਨੇ ਆਪਣੀ ਅਣਥਕ ਮਿਹਨਤ ਅਤੇ ਗਹਿਰੇ ਸ਼ਊਰ ਦੀ ਮਿਸਾਲ ਕਾਇਮ ਕੀਤੀ ਹੈ।
‘ਨੌਕਰ’ ਬਾਰੇ ਉਨ੍ਹਾਂ ਦਾ ਖੁਲਾਸਾ ਮੇਰੀਆਂ ਅੱਖਾਂ ਤੋਂ ਅਗਿਆਨ ਦੀ ਪੱਟੀ ਉਤਾਰ ਗਿਆ। ਕਾਲਜ ਵਿਚ ਅੰਗਰੇਜ਼ੀ ਦੇ ਅਧਿਆਪਕ ਨੇ ਸਾਨੂੰ ਕਿਹਾ ਸੀ ਕਿ ਆਪਣੇ ਮਾਪਿਆਂ ਬਾਰੇ ਕਦੇ ਨਾ ਕਹੋ ਕਿ ਉਹ ਨੌਕਰੀ ਕਰਦੇ ਹਨ ਕਿਉਂਕਿ ਨੌਕਰੀ ਸ਼ਬਦ ਬਹੁਤ ਘਟੀਆ ਹੈ। ਇਸ ਦਾ ਪਿਛੋਕੜ ਦੱਸਦੇ ਹੋਏ ਉਸ ਨੇ ਦੱਸਿਆ ਕਿ ਜਦੋਂ ਘੜੀਆਂ ਦੇ ਅਲਾਰਮ ਨਹੀਂ ਸਨ ਹੁੰਦੇ, ਬਾਦਸ਼ਾਹ ਲੋਕ ਜਾਂ ਅਮੀਰ ਲੋਕ ਸੌਂਦੇ ਸਨ ਤਾਂ ਉਹ ਆਪਣੇ ਚਾਕਰਾਂ ਨੂੰ ਉਠਣ ਦਾ ਵਕਤ ਦੱਸ ਦਿੰਦੇ ਸਨ। ਚਾਕਰ ਓਨੇ ਵੱਜੇ ਦਰਵਾਜ਼ੇ ‘ਤੇ ‘ਨੌਕ’ (ਅੰਗਰੇਜ਼ੀ ਵਾਲਾ) ਕਰਦੇ ਸਨ। ‘ਨੌਕ’ ਕਰਨ ਵਾਲੇ ਨੂੰ ‘ਨੌਕਰ’ ਕਿਹਾ ਜਾਂਦਾ ਸੀ। ਤੇ ਮੈਂ ਅੱਜ ਤੱਕ ਅੰਗਰੇਜ਼ੀ ਦੇ ਅਧਿਆਪਕ ਦੀ ਇਸ ਵਿਆਖਿਆ ਨੂੰ ਹੀ ਸੱਚ ਮੰਨੀ ਜਾ ਰਿਹਾ ਸਾਂ। ਪਰ ਬਾਸੀ ਸਾਹਿਬ ਨੇ ਸ਼ਬਦ ਦੀ ਤਹਿ ਤੱਕ ਜਾ ਕੇ ਅਰਥਾਂ ਦੇ ਗੌਹਰ ਕੱਢ ਲਿਆਂਦੇ ਹਨ।
ਬਾਸੀ ਸਾਹਿਬ ਦੇ ਪਿਛਲੇ ਵਾਲੇ ਹਲਕੇ ਫੁਲਕੇ ਲੇਖ ਵਿਚ ‘ਬੀ ਟੀ ਡਬਿਲਊ’ ਦਾ ਪਿਛੋਕੜ ‘ਬਿੱਟੂ ਟਿੱਕੀਆਂ ਵਾਲਾ’ ਦਸਿਆ ਹੈ। ਮੈਂ ਬਾਸੀ ਜੀ ਨੂੰ ਫੋਨ ਕਰਕੇ ਇਸ ਦੀ ਇਕ ਹੋਰ ਵਿਆਖਿਆ ਵੀ ਦੱਸੀ ਸੀ, ‘ਬਾਸੀ ਟਿੱਪਣੀਆਂ ਵਾਲਾ।’
ਬਾਸੀ ਜੀ ਕੰਮ ਚੁੱਕੀ ਚੱਲੋ।
-ਸੁਰਿੰਦਰ ਸੋਹਲ, ਨਿਊ ਯਾਰਕ
ਫੋਨ: 646-220-2586
Leave a Reply