ਨਿਊ ਯਾਰਕ (ਪੰਜਾਬ ਟਾਈਮਜ਼ ਬਿਊਰੋ): ਕੋਲੰਬੀਆ ਯੂਨੀਵਰਸਿਟੀ ਦੇ ਸਿੱਖ ਪ੍ਰੋਫੈਸਰ ਉਤੇ 30 ਜਣਿਆਂ ਦੇ ਹਜੂਮ ਵੱਲੋਂ ਹਮਲਾ ਬੋਲ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦੇ ਮਾਮਲੇ ਨੇ ਦੇਸ਼-ਵਿਦੇਸ਼ ਵਿਚ ਰਹਿੰਦੇ ਸਿੱਖਾਂ ਨੂੰ ਇਕ ਵਾਰ ਫਿਰ ਫਿਕਰ ਵਿਚ ਪਾ ਦਿੱਤਾ ਹੈ। ਇਹ ਸਪਸ਼ਟ ਤੌਰ ‘ਤੇ ਨਸਲੀ ਹਮਲਾ ਸੀ; ਹਮਾਲਵਰ ਉਸ ਨੂੰ ‘ਉਸਾਮਾ’ ਤੇ ‘ਅਤਿਵਾਦੀ’ ਕਹਿ ਰਹੇ ਸਨ। ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਸਕੂਲ ਆਫ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਦੇ ਪ੍ਰੋਫੈਸਰ ਪ੍ਰਭਜੋਤ ਸਿੰਘ ਨਿਊ ਯਾਰਕ ਵਿਚ 110 ਸਟਰੀਟ ਅਤੇ ਲਿਨੌਕਸ ਐਵਨਿਊ ਉਤੇ ਪੈਦਲ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਵਸੇ ਸਿੱਖ ਅਜੇ ਵੀ ਆਪਣੀ ਸ਼ਨਾਖ਼ਤ ਬਾਰੇ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਨ ਵਿਚ ਕਾਮਯਾਬ ਨਹੀਂ ਹੋ ਸਕੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਉਸਾਮਾ ਬਿਨ-ਲਾਦਿਨ ਦੇ ਸਾਥੀ ਸਮਝਦੇ ਹੋਏ ਵਿਦੇਸ਼ੀ ਲੋਕਾਂ ਦੀ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ ਵਰ੍ਹੇ ਅਮਰੀਕਾ ਦੇ ਓਕ ਕਰੀਕ ਸਥਿਤ ਗੁਰਦੁਆਰੇ ਵਿਚ ਵਾਪਰੀ ਘਟਨਾ ਨੇ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਉਭਾਰਿਆ ਸੀ ਪਰ ਕੁਝ ਸਮੇਂ ਦੀ ਸਰਗਰਮੀ ਤੋਂ ਬਾਅਦ ਇਸ ਪਾਸਿਉਂ ਸਭ ਦਾ ਧਿਆਨ ਹਟ ਗਿਆ।
ਤਾਜ਼ਾ ਹਮਲੇ ਦੇ ਸ਼ਿਕਾਰ 31 ਸਾਲਾ ਪ੍ਰੋਫੈਸਰ ਨੇ ਨਿਊ ਯਾਰਕ ਡੇਲੀ ਨਿਊਜ਼ ਨੂੰ ਦੱਸਿਆ ਕਿ ਹਮਲਾਵਰ 25-30 ਜਣਿਆਂ ਦੀ ਮੁੰਡੀਰ ਸੀ। ਉਨ੍ਹਾਂ ਵਿਚੋਂ ਇਕ ਨੇ ਕਿਹਾ, ‘ਉਸਾਮਾ, ਫੜ ਲਓ ਉਸ ਨੂੰ।’ ਉਨ੍ਹਾਂ ਉਸ ਦੇ ਮੂੰਹ ‘ਤੇ ਤਿੰਨ ਵਾਰ ਕੀਤੇ। ਉਨ੍ਹਾਂ ਕਿਹਾ ਕਿ ਲੋਕਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਿੱਖ ਅਮਨ-ਪਸੰਦ ਹਨ ਤੇ ਉਨ੍ਹਾਂ ਨੂੰ ਕੱਟੜਪੰਥੀ ਇਸਲਾਮੀ ਅਤਿਵਾਦੀ ਨਾ ਸਮਝਿਆ ਜਾਵੇ। ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਨਿਊ ਯਾਰਕ ਪੁਲਿਸ ਵਿਭਾਗ ਦੀ ਨਫਰਤੀ ਅਪਰਾਧ ਟਾਸਕ ਫੋਰਸ ਵੱਲੋਂ ਇਸ ਦੀ ਨਫਰਤੀ ਅਪਰਾਧ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਨਿਊ ਯਾਰਕ ਪੁਲਿਸ ਵਿਭਾਗ ਨੇ ਸ਼ੱਕੀ ਹਮਲਾਵਰਾਂ ਬਾਰੇ ਸਰਵੇਲੈਂਸ ਵੀਡੀਓ ਜਾਰੀ ਕੀਤਾ ਹੈ। ਇਸ ਵਿਚ ਪ੍ਰੋਫੈਸਰ ਪ੍ਰਭਜੋਤ ਸਿੰਘ ਨਾਲ ਟਾਕਰੇ ਤੋਂ ਫੌਰੀ ਬਾਅਦ 15-20 ਨੌਜਵਾਨਾਂ ਦੇ ਗਰੁਪ ਨੂੰ ਮੋਟਰਸਾਈਕਲਾਂ ‘ਤੇ ਜਾਂਦੇ ਦਿਖਾਇਆ ਗਿਆ ਹੈ।
ਉਧਰ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਘਟਨਾ ਨੇ ਇਕ ਵਾਰ ਮੁੜ ਸਿੱਖ ਜਗਤ ਨੂੰ ਝੰਜੋੜਿਆ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਿੱਖ ਭਾਈਚਾਰੇ ਨੂੰ ਵੱਡਾ ਮਾਣ ਸਨਮਾਨ ਦਿੱਤਾ ਹੈ ਪਰ ਇਸ ਦੇ ਬਾਵਜੂਦ ਸਿੱਖ ਭਾਈਚਾਰੇ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਆਖਿਆ ਕਿ ਅਮਰੀਕਾ ਸਰਕਾਰ ਅਜਿਹੇ ਹਮਲਿਆਂ ਨੂੰ ਰੋਕਣ ਲਈ ਠੋਸ ਕਾਰਵਾਈ ਕਰੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਕੂਟਨੀਤਕ ਪੱਧਰ ‘ਤੇ ਇਸ ਮਾਮਲੇ ਨੂੰ ਉਭਾਰੇ।
ਅਮਰੀਕਾ ਆਧਾਰਤ ਜਥੇਬੰਦੀ ਸਿੱਖ ਕੌਂਸਲਰ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਡਾæ ਰਜਵੰਤ ਸਿੰਘ ਨੇ ਆਖਿਆ ਕਿ ਇਸ ਘਟਨਾ ਬਾਰੇ ਉਨ੍ਹਾਂ ਵ੍ਹਾਈਟ ਹਾਊਸ ਨਾਲ ਰਾਬਤਾ ਬਣਾਇਆ ਹੋਇਆ ਹੈ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਅਮਰੀਕਾ ਸਰਕਾਰ ਸਿੱਖ ਭਾਈਚਾਰੇ ਖਿਲਾਫ ਨਫਰਤੀ ਹਿੰਸਾ ਨੂੰ ਰੋਕਣ ਵਿਚ ਅਸਫਲ ਰਹੀ ਹੈ। ਇਸੇ ਦੌਰਾਨ ਪੰਜਾਬ ਪੀਪਲਜ਼ ਪਾਰਟੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਨਸਲੀ ਹਮਲੇ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਲਈ ਵਰਤੀ ਅਣਗਹਿਲੀ ਦੀ ਹੀ ਇਕ ਹੋਰ ਮਿਸਾਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖ ਪਛਾਣ ਬਾਰੇ ਦੁਨੀਆਂ ਨੂੰ ਜਾਣੂੰ ਕਰਵਾਉਣ ਲਈ ਕਦੇ ਕੋਈ ਪ੍ਰੋਗਰਾਮ ਨਹੀਂ ਬਣਾ ਸਕੀ।
ਜ਼ਿਕਰਯੋਗ ਹੈ ਕਿ ਪਿਛੇ ਜਿਹੇ ਕਰਵਾਏ ਗਏ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ 49 ਫ਼ੀਸਦੀ ਅਮਰੀਕੀ ਲੋਕ, ਸਿੱਖਾਂ ਨੂੰ ਇਸਲਾਮ ਦਾ ਹੀ ਹਿੱਸਾ ਮੰਨਦੇ ਹਨ ਜਦਕਿ 70 ਫ਼ੀਸਦੀ ਇਕ ਸਿੱਖ ਦੀ ਤਸਵੀਰ ਵਿਚ ਉਸ ਦੀ ਸਿੱਖ ਵਿਅਕਤੀ ਵਜੋਂ ਸ਼ਨਾਖ਼ਤ ਨਹੀਂ ਕਰ ਸਕਦੇ। 79 ਫ਼ੀਸਦੀ ਅਮਰੀਕੀ ਸਿੱਖ ਮਤ ਦੀ ਉਤਪਤੀ ਦੇ ਸਥਾਨ ਭਾਰਤ ਨੂੰ ਭੂਗੋਲਿਕ ਤੌਰ ‘ਤੇ ਪਛਾਣ ਨਹੀਂ ਸਕਦੇ। ਸਰਵੇਖਣ ਵਿਚ ਇਹ ਗੱਲ ਦੇਖੀ ਗਈ ਕਿ 70 ਫ਼ੀਸਦੀ ਅਮਰੀਕੀ ਪੱਗ ਬੰਨ੍ਹਣ ਵਾਲਿਆਂ ਨੂੰ ਮੁਸਲਿਮ ਸਮਝਦੇ ਹਨ ਜਦਕਿ 48 ਫ਼ੀਸਦੀ ਹਿੰਦੂ, ਬੋਧੀ ਜਾਂ ਸ਼ਿੰਟੋ (ਜਪਾਨੀ ਧਰਮ) ਸਮਝਦੇ ਹਨ।
_____________________
ਹਮਲਾਵਰਾਂ ਨੂੰ ਸਿੱਖ ਧਰਮ ਬਾਰੇ ਦੱਸੇਗਾ ਪ੍ਰਭਜੋਤ ਸਿੰਘ
ਨਿਊ ਯਾਰਕ: ਨਫ਼ਰਤੀ ਹਮਲੇ ਦਾ ਨਿਸ਼ਾਨਾ ਬਣੇ ਸਿੱਖ ਪ੍ਰੋਫੈਸਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਗੁਰਦੁਆਰੇ ਸੱਦਣ ਤੇ ਆਪਣੇ ਭਾਈਚਾਰੇ ਨਾਲ ਮਿਲਵਾਉਣਾ ਚਾਹੁੰਦਾ ਹੈ ਤਾਂ ਕਿ ਉਹ ਉਸ ਦੇ ਧਰਮ ਬਾਰੇ ਚੰਗੀ ਤਰ੍ਹਾਂ ਜਾਣ ਸਕਣ। ਉਨ੍ਹਾਂ ਮੁਤਾਬਕ ਹੋਰ ਧਰਮਾਂ ਤੇ ਅਕੀਦਿਆਂ ਬਾਰੇ ਚੇਤਨਾ ਵਧਾਉਣ ਲਈ ਵਿਦਿਆਰਥੀਆਂ ਤੇ ਸਮੁਦਾਇਕ ਕਾਰਜਾਂ ਵਿਚ ਲੱਗੀਆਂ ਸੰਸਥਾਵਾਂ ਨਾਲ ਅੰਤਰ-ਕਿਰਿਆ ਕਰਨੀ ਬੇਹੱਦ ਜ਼ਰੂਰੀ ਹੈ।
ਪ੍ਰੋਫੈਸਰ ਪ੍ਰਭਜੋਤ ਸਿੰਘ 10 ਸਾਲ ਤੋਂ ਨਿਊ ਯਾਰਕ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਹਮਲੇ ਤੋਂ ਡਰਨਗੇ ਨਹੀਂ ਤੇ ਵਧੀਆ ਸਮਾਜ ਦੇ ਨਿਰਮਾਣ ਲਈ ਉਹ ਲੋਕਾਂ ਨਾਲ ਆਪਣੀ ਅੰਤਰ-ਕਿਰਿਆ ਜਾਰੀ ਰੱਖਣਗੇ।
Leave a Reply