ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਵਿਚਾਲੇ ਚੱਲ ਰਹੀ ਕਸ਼ਮਕਸ਼ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਅੰਮ੍ਰਿਤਸਰ ਤੋਂ ਭਾਜਪਾ ਸੰਸਦ ਮੈਂਬਰ ਨਵੋਜਤ ਸਿੰਘ ਸਿੱਧੂ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਸਿੱਧਾ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਮਾਮਲਾ ਭਾਜਪਾ ਹਾਈ ਕਮਾਨ ਤੱਕ ਪੁੱਜ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਾਂਤਾ ਕੁਮਾਰ ਨੇ ਬੇਸ਼ੱਕ ਇਸ ਮਾਮਲੇ ਨੂੰ ਨਿਬੇੜਨ ਲਈ ਸੂਬੇ ਦਾ ਦੌਰਾ ਕਰ ਕੇ ਭਾਜਪਾ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਪਰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਇਸ ਕਲੇਸ਼ ਦਾ ਅਸਰ ਜ਼ਰੂਰ ਨਜ਼ਰ ਆਵੇਗਾ।
ਉਧਰ ਇਸ ਖਿੱਚੋਤਾਣ ਨੇ ਭਾਜਪਾ ਅੰਦਰ ਵੀ ਖਾਨਾਜੰਗ ਛੇੜ ਦਿੱਤੀ ਹੈ। ਇਸੇ ਦਾ ਨਤੀਜਾ ਹੈ ਕਿ ਭਾਜਪਾ ਦੇ ਪੰਜਾਬ ਵਜ਼ਾਰਤ ਵਿਚ ਸ਼ਾਮਲ ਚਾਰ ਮੰਤਰੀਆਂ ਦੇ ਵਿਭਾਗਾਂ ਵਿਚ ਅਦਲਾ-ਬਦਲੀ ਕਰ ਦਿੱਤੀ ਗਈ ਹੈ। ਅਕਾਲੀ-ਭਾਜਪਾ ਸਰਕਾਰ ਦੇ ਮੁੜ ਸੱਤਾ ਸੰਭਾਲਣ ਤੋਂ ਬਾਅਦ ਅਕਾਲੀ ਦਲ ਦੇ ਮੰਤਰੀਆਂ ਦੇ ਵਿਭਾਗਾਂ ਵਿਚ ਤਾਂ ਕੋਈ ਫੇਰ-ਬਦਲ ਨਹੀਂ ਹੋਇਆ ਪਰ ਡੇਢ ਸਾਲ ਬਾਅਦ ਭਾਜਪਾ ਦੇ ਸਾਰੇ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ ਹਨ। ਭਾਜਪਾ ਅੰਦਰ ਹੀ ਇਹ ਚਰਚਾ ਛਿੜ ਗਈ ਹੈ ਕਿ ਪਾਰਟੀ ਨੇ ਖੁਦ ਹੀ ਵਿਭਾਗਾਂ ਵਿਚ ਫੇਰ-ਬਦਲ ਨੂੰ ਹਰੀ ਝੰਡੀ ਦੇ ਕੇ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਭਾਜਪਾ ਮੰਤਰੀਆਂ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਹੈ।
ਇਹ ਵੀ ਪਤਾ ਲੱਗਾ ਹੈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਗੱਠਜੋੜ ਦੇ ਦੋਵਾਂ ਭਾਈਵਾਲਾਂ ਵਿਚ ਖਿੱਚੋਤਾਣ ਵਧ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਚਾਰ ਸੀਟਾਂ ਦੀ ਮੰਗ ਕੀਤੀ ਹੈ, ਉਥੇ ਭਾਜਪਾ ਨੇ ਵੀ ਪੰਜਾਬ ਵਿਚ ਹੋਰ ਸੀਟਾਂ ‘ਤੇ ਹੱਕ ਜਤਾਇਆ ਹੈ। ਇਹ ਗੱਲ ਲੰਘੇ ਦਿਨ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਪੰਜਾਬ ਫੇਰੀ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸ ਦਿੱਤੀ ਹੈ।
ਅਸਲ ਵਿਚ ਤਾਜ਼ਾ ਵਿਵਾਦ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਸਰਕਾਰ ਦੀ ਪੋਲ ਖੋਲ੍ਹਣ ਮਗਰੋਂ ਸ਼ੁਰੂ ਹੋਇਆ। ਸ਼ ਸਿੱਧੂ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਿਰੁਧ ਸਖ਼ਤ ਬਿਆਨਬਾਜ਼ੀ ਕੀਤੀ ਗਈ ਤੇ ਉਨ੍ਹਾਂ ‘ਤੇ ਵਿਕਾਸ ਦੇ ਮਾਮਲੇ ਵਿਚ ਵਿਤਕਰੇ ਦੇ ਦੋਸ਼ ਲਾਏ। ਮਾਮਲਾ ਇੰਨਾ ਵਧ ਗਿਆ ਕਿ ਸ਼ ਸਿੱਧੂ ਨਾਲ ਦੋਵਾਂ ਨੇਤਾਵਾਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਸੀ। ਬਾਅਦ ਵਿਚ ਹਾਈ ਕਮਾਨ ਨੇ ਵਿਚ ਪੈ ਕੇ ਮਾਮਲੇ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ। ਉਧਰ, ਪਾਰਟੀ ਪ੍ਰਧਾਨ ਰਾਜਨਾਥ ਸਿੰਘ ਦੇ ਹੁਕਮਾਂ ਅੱਗੇ ਸਿਰ ਝੁਕਾਉਂਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਮੁੱਦੇ ‘ਤੇ ਬਿਆਨ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ ਪਰ ਉਨ੍ਹਾਂ ਕੋਈ ਵੱਡਾ ਕਦਮ ਚੁੱਕਣ ਦਾ ਇਸ਼ਾਰਾ ਵੀ ਦਿੱਤਾ ਹੈ। ਸ਼ ਸਿੱਧੂ ਵੱਲੋਂ ਅੰਮ੍ਰਿਤਸਰ ਦੇ ਰੁਕੇ ਹੋਏ ਵਿਕਾਸ ਕਾਰਜਾਂ ਤੋਂ ਇਲਾਵਾ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਫੰਡ ਹੋਰਾਂ ਸ਼ਹਿਰਾਂ ਲਈ ਜਾਰੀ ਕਰਨ ਬਾਰੇ ਜਾਂਚ ਕਰਾਉਣ ਲਈ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ।
ਸੂਤਰਾਂ ਮੁਤਾਬਕ ਰਾਜਨਾਥ ਸਿੰਘ ਨੇ ਸ਼ ਬਾਦਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਸ਼ ਸਿੱਧੂ ਵੱਲੋਂ ਲਿਖੀ ਚਿੱਠੀ ਦੀ ਕਾਪੀ ਵੀ ਸੌਂਪੀ ਸੀ। ਬਾਅਦ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਤੇ ਕੁਝ ਹੋਰ ਆਗੂਆਂ ਨੇ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਜਿਸ ਵਿਚ ਸ਼ ਸਿੱਧੂ ਨੇ ਉਨ੍ਹਾਂ ਨੂੰ ਸਪਸ਼ਟ ਕੀਤਾ ਸੀ ਕਿ ਆਪਣੇ ਹਲਕੇ ਦੇ ਵਿਕਾਸ ਦਾ ਮੁੱਦਾ ਪਾਰਟੀ ਦਾ ਅੰਦਰੂਨੀ ਮਾਮਲਾ ਨਹੀਂ ਹੋ ਸਕਦਾ। ਇਹ ਪਵਿੱਤਰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਇਹ ਵੀ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਲਈ ਸ਼ ਬਾਦਲ ਕੋਲ ਨੰਗੇ ਪੈਰੀਂ ਚੱਲ ਕੇ ਵੀ ਜਾਣ ਲਈ ਤਿਆਰ ਹੈ। ਅਕਾਲੀ ਦਲ ਦੀ ਲੀਡਰਸ਼ਿਪ ਭਾਵੇਂ ਸਾਰਾ ਸਿਹਰਾ ਲੈ ਲਵੇ ਪਰ ਚਾਰ ਮਹੀਨਿਆਂ ਵਿਚ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵਿਚੋਂ ਵੰਡੇ ਗਏ ਫੰਡ ਵਾਪਸ ਲਿਆਂਦੇ ਜਾਣ।
Leave a Reply