ਜੋਤਿ ਓਹਾ ਜੁਗਤਿ ਸਾਇ

ਡਾæ ਗੁਰਨਾਮ ਕੌਰ, ਕੈਨੇਡਾ
ਕਿਸੇ ਵੀ ਧਰਮ ਦੀ ਵਿਲੱਖਣਤਾ ਕਿਨ੍ਹਾਂ ਕਾਰਨਾਂ ਵਿਚ ਛੁਪੀ ਹੁੰਦੀ ਹੈ, ਇਸ ਦਾ ਖ਼ੁਲਾਸਾ ਕਰਦਿਆਂ ਡਾæ ਅਵਤਾਰ ਸਿੰਘ ਨੇ ਏæਈæ ਟਾਇਲਰ (A।ਓ। ਠਅੇਲੋਰ) ਦਾ ਹਵਾਲਾ ਦਿੱਤਾ ਹੈ ਕਿ “ਕੋਈ ਵੀ ਜੀਵੰਤ ਧਰਮ ਵਿਗਿਆਨ (ਥਿਆਲੋਜੀ) ਕਦੇ ਵੀ ਕੇਵਲ ਬੌਧਿਕ ਉਤਸੁਕਤਾ ਵਿਚੋਂ ਪੈਦਾ ਨਹੀਂ ਹੋਇਆ ਅਤੇ ਗੰਭੀਰ ਧਰਮ ਵਿਗਿਆਨ ਸਦਾ ਹੀ ਹੰਢਾਏ ਹੋਏ ਅਤੇ ਅਮਲੀ ਧਰਮਾਂ ‘ਤੇ ਵਿਚਾਰ ਦੇ ਫਲ ਵਜੋਂ ਹੋਂਦ ਵਿਚ ਆਉਂਦਾ ਹੈ।” ਕੋਈ ਵੀ ਨਵਾਂ ਧਰਮ ਪੁਰਾਣੇ ਧਰਮਾਂ ਅਤੇ ਪਰੰਪਰਾਵਾਂ ਦੇ ਵਿਸ਼ਾ-ਵਸਤੂ ਨੂੰ ਅਪਨਾਉਂਦਿਆਂ ਉਨ੍ਹਾਂ ਦੇ ਬਹੁਤ ਹੀ ਨੇੜੇ ਜਾਪਦਾ ਹੈ ਪਰ ਇਸ ਦੀ ਸ਼ਖਸੀਅਤ ਅਤੇ ਵਿਲੱਖਣਤਾ ਦੀ ਨਿਸ਼ਾਨਦੇਹੀ ਉਸ ਵਿਚੋਂ ਹੁੰਦੀ ਹੈ ਜੋ ਉਹ ਪੁਰਾਣੇ ਦਾ ਨਕਾਰਦਾ ਹੈ ਅਤੇ ਆਪਣੇ ਵੱਲੋਂ ਨਵਾਂ ਦਿੰਦਾ ਹੈ, ਇਸ ਤਰ੍ਹਾ ਇੱਕ ਨਵੀਂ ਢਾਅ ਲਾਉਂਦਾ ਹੈ। ਜਦੋਂ ਵੱਖਰੇਵੇਂ ਇਸ ਅਵਸਥਾ ‘ਤੇ ਪਹੁੰਚ ਜਾਣ ਕਿ ਨਵੀਂ ਪਰਵਿਰਤੀ ਅਟੱਲ ਹੋ ਜਾਵੇ ਤਾਂ ਫਿਰ ਨਾ ਹੀ ਇਹ ਜ਼ਰੂਰੀ ਹੁੰਦਾ ਹੈ ਅਤੇ ਨਾ ਹੀ ਸੰਭਵ ਕਿ ਉਸ ਨੂੰ ਪਹਿਲੀਆਂ ਪਰੰਪਰਾਵਾਂ ਤੱਕ ਘਟਾ ਦਿੱਤਾ ਜਾਵੇ, ਜਿਨ੍ਹਾਂ ਦਾ ਉਹ ਕਈ ਤਰ੍ਹਾਂ ਨਾਲ ਰਿਣੀ ਹੋਵੇ (ਇਹ ਨੁਕਤਾ ਖ਼ਾਸ ਧਿਆਨ ਦੇਣ ਯੋਗ ਹੈ)। ਸਿੱਖ ਧਰਮ ਵੀ ਪੁਰਾਣੇ ਧਰਮ ਵਿਗਿਆਨਾਂ ਦਾ ਧੰਨਵਾਦੀ ਹੈ, ਜਿਨ੍ਹਾਂ ‘ਤੇ ਆਲੋਚਨਾਤਮਕ ਵਿਚਾਰ ਨੇ, ਅਤੇ ਦਸ ਗੁਰੂ ਸਾਹਿਬਾਨ ਦੀ ਅਨੁਭਵੀ ਪ੍ਰਤਿਭਾ ਰਾਹੀਂ ਆਪਣੀ ਵਿਲੱਖਣ ਹੋਂਦ ਨੂੰ ਜਨਮ ਦਿੱਤਾ। ਇਸ ਦੇ ਸਾਹਿਤਕ ਸਰੋਤਾਂ ਦੇ ਨਜ਼ਰੀਏ ਤੋਂ ਇਸ ਦੀਆਂ ਵੱਖ ਵੱਖ ਅਵਸਥਾਵਾਂ ਦਾ ਵਿਕਾਸ ਦੇਖਿਆ ਜਾ ਸਕਦਾ ਹੈ।
ਸਿੱਖ ਧਰਮ ਦਾ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦੇ ਵੇਈਂ ਨਦੀ ਪ੍ਰਵੇਸ਼ ਤੋਂ ਮੰਨਿਆ ਜਾਂਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਵੀ ਪਹਿਲਾਂ ਤੱਕ ਪਹੁੰਚ ਜਾਂਦੀ ਹੈ। ਜਿਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਉਹ ਭਗਤ ਹਿੰਦੂ ਅਤੇ ਮੁਸਲਿਮ-ਦੋਹਾਂ ਭਾਈਚਾਰਿਆਂ ਦੇ ਸਨ। ਇਨ੍ਹਾਂ ਭਗਤਾਂ ਦਾ ਸਮਾਂ ਬਹੁਤ ਲੰਬਾ ਹੈ: ਭਗਤ ਜੈਦੇਵ (1170) ਤੋਂ ਭਗਤ ਕਬੀਰ (1440-1518) ਤੱਕ, ਬਾਬਾ ਸ਼ੇਖ ਫਰੀਦ (1173-1266) ਦਾ ਸਮਾਂ ਤਾਂ ਪਤਾ ਹੈ ਪਰ ਅਜਿਹੇ ਹੋਰ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਜਿਨ੍ਹਾਂ ਦਾ ਸਹੀ ਸਮਾਂ ਪਤਾ ਨਹੀਂ ਹੈ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਦਾ ਕਦੋਂ ਪ੍ਰਚਾਰ ਕੀਤਾ। ਇਨ੍ਹਾਂ ਭਗਤਾਂ ਦੀਆਂ ਰਚਨਾਵਾਂ ਦੀ ਚੋਣ ਉਨ੍ਹਾਂ ਦੀ ਵਿਚਾਰਧਾਰਾ ਦੇ ਆਧਾਰ ‘ਤੇ ਕੀਤੀ ਗਈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਿੱਖ ਧਰਮ ਨੇ ਬਹੁਤ ਸਾਰੇ ਉਨ੍ਹਾਂ ਸੰਤਾਂ ਨਾਲ ਵਖਰੇਵਾਂ ਜ਼ਾਹਰ ਕੀਤਾ ਜਿਨ੍ਹਾਂ ਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਹੀਂ ਕੀਤੀਆਂ।
ਇਹ ਸਮਾਂ ਪੁਰਾਣੀਆਂ ਰਵਾਇਤਾਂ ਦੇ ਸਮਕਾਲੀ ਵਿਖੰਡਨ ਅਤੇ ਧਾਰਮਿਕ ਨਵਯੁਗ ਦੇ ਉਠ ਰਹੇ ਮਾਨਵਵਾਦ ਦੇ ਅਰੰਭ ਦਾ ਸੰਕੇਤ ਹੈ। ਇਸ ਸਮੇਂ ਦੀ ਖ਼ਾਸੀਅਤ ਇਸ ਤੱਥ ਵਿਚ ਹੈ ਕਿ ਮਨੁੱਖਾਂ, ਜਿਹੜੇ ਬੱਜਰ ਕਰਮ-ਕਾਂਡ ਦੇ ਹੱਦੋਂ ਵੱਧ ਆਦੀ ਹੋ ਗਏ ਸਨ, ਨੂੰ ਪੁਰਾਣੀਆਂ ਰਵਾਇਤਾਂ ਦੀ ਉਪਯੋਗਤਾ ਵੱਲੋਂ ਢਾਰਸ ਦੇਣ ਅਤੇ ਰਾਹਨੁਮਾਈ ਕਰਨ ਵਿਚੋਂ ਆਸ ਖ਼ਤਮ ਹੋ ਗਈ ਸੀ। ਫਿਰ ਵੀ, ਮਨੁੱਖ ਦੀ ਏਕਤਾ ਦੀ ਜਾਮਨੀ ਵਿਚੋਂ ਇੱਕ ਮੱਧਮ ਪਰ ਨਿਸ਼ਚਿਤ ਤੂਤੀ ਸੁਣੀ ਜਾ ਸਕਦੀ ਸੀ, ਜੋ ਇੱਕ ਨਵੀਂ ਮਾਨਵਵਾਦੀ ਜਾਗ੍ਰਿਤੀ ਦੀ ਪੁਨਰ-ਸੁਰਜੀਤੀ ਦਾ ਐਲਾਨ ਸੀ। ਅਲੱਗ ਤਰ੍ਹਾਂ ਦੀ ਜੀਵਨ-ਜੁਗਤ ਅਤੇ ਧਾਰਮਿਕ ਵਿਸ਼ਵਾਸ ਦੇ ਸੰਚਾਰ ਕਾਰਨ ਜੋ ਭਾਰਤ ਤੋਂ ਬਾਹਰਲੀਆਂ ਜੇਤੂ ਫੌਜਾਂ ਨਾਲ ਆਏ ਸੀ, ਹਾਲਾਤ ਸਿਰ ਭਾਰ ਡਿਗ ਪਏ ਸਨ। ਮਨੁੱਖ ਨੂੰ ਸਮਾਂ ਵਿਹਾ ਚੁੱਕੀਆਂ ਰੀਤਾਂ ਅਤੇ ਜਾਤੀ ਵਿਸ਼ੇਸ਼ਤਾਵਾਂ ਕਾਰਨ ਬੁਣੇ ਗਏ ਸਾਹ-ਘੁਟਵੇਂ ਜਾਲ ਤੋਂ ਆਜ਼ਾਦ ਕਰਾਉਣ ਲਈ ਇੱਕ ਨੈਤਿਕ ਅਤੇ ਧਾਰਮਿਕ ਸੰਘਰਸ਼ ਅੰਦਰੇ ਅੰਦਰ ਧੁੱਖ ਰਿਹਾ ਸੀ। ਹਰ ਚੀਜ਼ ਮਾਨਵਵਾਦ ਦੇ ਐਲਾਨ ਦਾ ਸਹਾਰਾ ਬਣਦੀ ਜਾਪਦੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ, ਇਸ ਸਮੇਂ ਦੀ ਬਾਣੀ ਨੇ ਧਾਰਮਿਕ ਰੰਗਣ ਵਾਲੇ ਮਾਨਵਵਾਦੀ ਆਦਰਸ਼ਾਂ ਦੇ ਪੁਨਰ-ਉਥਾਨ ਦਾ ਸੰਕੇਤ ਪੈਦਾ ਕੀਤਾ। ਇਸ ਨੂੰ ਸੰਭਾਵੀ ਸਿੱਖ ਧਰਮ ਦਾ ਨਾਮ ਦਿੱਤਾ ਜਾ ਸਕਦਾ ਹੈ।
ਸਿੱਖ ਧਰਮ ਤੇ ਬਹੁਤ ਹੀ ਵਿਆਪਕ ਸਾਹਿਤ, ਜੋ ਇਸ ਦਾ ਬੁਨਿਆਦੀ ਅਤੇ ਕੇਂਦਰੀ ਸਰੋਤ ਵੀ ਹੈ, ਗੁਰੂਆਂ ਰਾਹੀਂ ਪ੍ਰਗਟ ਹੋਣ ਨਾਲ ਸਬੰਧਤ ਹੈ। ਕੇਂਦਰੀ ਅਤੇ ਮੁੱਖ ਸਰੋਤ ਆਦਿ ਗ੍ਰੰਥ ਹੈ, ਜਿਸ ਦਾ ਸੰਕਲਨ 1604 ਈਸਵੀ ਵਿਚ ਪੰਜਵੇਂ ਗੁਰੂ ਅਰਜਨ ਦੇਵ ਨੇ ਕੀਤਾ, ਜਿਸ ਨੂੰ ਪਹਿਲਾਂ ‘ਗ੍ਰੰਥ ਸਾਹਿਬ’ ਕਿਹਾ ਜਾਂਦਾ ਸੀ। ਪਰ ਪਿੱਛੋਂ ‘ਦਸਮ ਗ੍ਰੰਥ’ (ਜਿਸ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜਿਆ ਜਾਂਦਾ ਹੈ) ਤੋਂ ਨਿਖੇੜਨ ਲਈ ‘ਆਦਿ ਗ੍ਰੰਥ’ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗਿਆ, ਜਿਸ ਤੋਂ ਪਤਾ ਲਗਦਾ ਹੈ ਕਿ ਇਹ ਸਿੱਖਾਂ ਦਾ ਵਰਤਮਾਨ ਗੁਰੂ ਹੈ। ਇਸ ਵਿਚ ਛੇ ਗੁਰੂ ਸਾਹਿਬਾਨ-ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਅਤੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਹੈ।
ਕਈ ਵਿਦਵਾਨ ਨੌਵੇਂ ਪਾਤਿਸ਼ਾਹ ਦੇ ਸਲੋਕਾਂ ਵਿਚ ਸ਼ਾਮਲ ਇੱਕ ਸਲੋਕ ਨੂੰ ਗੁਰੂ ਗੋਬਿੰਦ ਸਿੰਘ ਦਾ ਦੱਸਦੇ ਹਨ। ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾ ਸੰਤਾਂ ਅਤੇ ਭਗਤਾਂ ਦੀ ਬਾਣੀ ਵੀ ਸ਼ਾਮਲ ਹੈ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਆਪਣੀ ਕੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਨਹੀਂ ਕੀਤੀ, ਜਿਸ ਕਾਰਨ ਵਿਦਵਾਨਾਂ ਵਿਚ ਵੱਖੋ ਵੱਖਰੀਆਂ ਕਿਆਸ-ਅਰਾਈਆਂ ਹਨ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਖ਼ਰੀ ਬੀੜ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਨੇ ਸ਼ਾਮਲ ਕੀਤੀ ਅਤੇ ਇਹ ਗੁਰੂ ਗੋਬਿੰਦ ਸਿੰਘ ਸਨ ਜਿਨ੍ਹਾਂ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ‘ਗ੍ਰੰਥ ਸਾਹਿਬ’ ਨੂੰ ਗੁਰੂ ਦਾ ਦਰਜ਼ਾ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ 1430 ਪੰਨੇ ਦਾ ਵੱਡਾ ਗ੍ਰੰਥ ਹੈ, ਜਿਸ ਵਿਚ ਮੁਲਕ ਦੇ ਵੱਖ ਵੱਖ ਖ਼ਿੱਤਿਆਂ ਤੋਂ ਆਈ ਭਗਤ ਬਾਣੀ ਦੇ ਕਾਰਨ ਇੱਕ ਤੋਂ ਵੱਧ ਬੋਲੀਆ ਹਨ ਆਮ ਲੋਕਾਂ ਦੀ ਬੋਲੀ ਵਿਚ ਵਿਸ਼ਵਾਸ ਲਿਆਉਣ ਲਈ ਗ੍ਰੰਥ ਸਾਹਿਬ ਦੀ ਬਾਣੀ ਆਮ ਲੋਕਾਂ ਦੀ ਬੋਲ-ਚਾਲ ਦੀ ਭਾਸ਼ਾ ਵਿਚ ਹੈ, ਜਿਹੜੀ ਕਿ ਬਹੁਤ ਛੇਤੀ ਬਦਲ ਜਾਂਦੀ ਹੈ। ਹਾਲਤ ਇਹ ਹੋ ਗਈ ਹੈ ਕਿ ਆਮ ਲੋਕਾਂ ਦੀ ਇਸ ਤੱਕ ਰਸਾਈ ਨਹੀਂ ਰਹੀ, ਜਿਨ੍ਹਾਂ ਲਈ ਇਹ ਰਚਿਆ ਗਿਆ ਸੀ। ਸਿੱਟਾ ਇਹ ਨਿਕਲਿਆ ਹੈ ਕਿ ਇਹ ਉਪਰਾਲਾ ਫਿਰ ਪੁਜਾਰੀਆਂ, ਵਿਦਵਾਨਾਂ ਅਤੇ ਵਿਆਖਿਆਕਾਰਾਂ ਦੇ ਹੱਥ ਆ ਗਿਆ ਹੈ। ਗੁਰੂ ਸਾਹਿਬਾਨ ਨੇ ਕਵਿਤਾ ਨੂੰ ਆਪਣਾ ਮਾਧਿਅਮ ਬਣਾਇਆ ਅਤੇ ਵਿਚਾਰਧਾਰਾ ਦੇ ਨਾਲ ਨਾਲ ਸੁਰ ਅਤੇ ਤਾਲ ਨੂੰ ਵੀ ਧਿਆਨ ਵਿਚ ਰੱਖਿਆ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਗਾਂ ਵਿਚ ਹੈ। ਕਵਿਤਾ ਵਿਚ ਨਿਹਿਤ ਦਰਸ਼ਨ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਕਰਨਾ ਔਖਾ ਹੁੰਦਾ ਹੈ, ਕਿਉਂਕਿ ਆਮ ਤੌਰ ‘ਤੇ ਰਚਨਾਕਾਰ ਵੱਲੋਂ ਆਪਣੇ ਵਿਚਾਰ ਅਤੇ ਅਨੁਭਵ ਨੂੰ ਦੱਸਣ ਲਈ ਚਿੰਨ੍ਹਾਂ ਅਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਅਰਥ ਕਈ ਵਾਰ ਇੱਕ ਤੋਂ ਵੱਧ ਹੁੰਦੇ ਹਨ। ਜਦੋਂ ਇਸ ਵਿਚਾਰ ਅਤੇ ਅਨੁਭਵ ਦਾ ਸੁਭਾ ਰਹੱਸਾਤਮਕ ਅੰਤਰ-ਦ੍ਰਿਸ਼ਟੀ ਵਾਲਾ ਹੋਵੇ ਤਾਂ ਪ੍ਰਤੀਕਾਂ ਅਤੇ ਚਿੰਨ੍ਹਾਂ ਰਾਹੀਂ ਸੰਚਾਰ ਕੀਤਾ ਸੰਦੇਸ਼ ਅਕਸਰ ਅਸਪਸ਼ਟ ਹੀ ਸਮਝ ਪੈਂਦਾ ਹੈ। ਇਥੇ ਅਕਸਰ ਅੰਤਰਮਨ ਭਾਵੇਂ ਇਸ ਬਾਰੇ ਪੂਰੀ ਤਰ੍ਹਾਂ ਜਾਣਦਾ ਜਾਪਦਾ ਹੈ, ਪਰ ਵਿਚਾਰ ਫਿਰ ਵੀ ਮੂਲ ਲਈ ਭਾਲਦਾ ਨਜ਼ਰ ਆਉਂਦਾ ਹੈ। ਆਲੋਚਨਾਤਮਕ ਅਤੇ ਦਾਰਸ਼ਨਿਕ ਵਿਸ਼ਲੇਸ਼ਣ ਦੀ ਮੁਸ਼ਕਿਲ ਨੂੰ ਸੋਚਿਆ ਹੀ ਜਾ ਸਕਦਾ ਹੈ, ਦੱਸਿਆ ਨਹੀਂ ਜਾ ਸਕਦਾ। ਫਿਰ ਵੀ, ਉਪਰ ਦੱਸੀ ਮੁਸ਼ਕਿਲ ਕੋਈ ਅਜਿੱਤ ਨਹੀਂ ਹੈ ਕਿਉਂਕਿ ਧੀਰਜ ਅਤੇ ਸਾਂਝੇ ਉਦਮ ਨਾਲ ਸੁਨੇਹੇ ਤੱਕ ਪਹੁੰਚ ਸਕਣਾ ਸੰਭਵ ਹੈ।
ਗੁਰੂ ਸਹਿਬਾਨ ਦੂਰ-ਦਰਸ਼ੀ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਨ੍ਹਾਂ ਦੀਆਂ ਨੈਤਿਕ-ਅਧਿਆਤਮਕ ਅੰਤਰ-ਦ੍ਰਿਸ਼ਟੀਆਂ ਨਾਲ ਭਰਪੂਰ ਹੈ। ਉਹ ਮਨੁੱਖ ਦੇ ਸਮਾਜਿਕ-ਕੁਦਰਤੀ ਚੌਗਿਰਦੇ ਪ੍ਰਤੀ ਸੰਵੇਦਨਸ਼ੀਲ ਸਨ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਸਮੇਂ ਖ਼ੂਨ-ਖ਼ਰਾਬਾ ਦੇਖਿਆ ਅਤੇ ਐਲਾਨ ਕੀਤਾ, “ਹੋਰ ਭੀ ਉਠਸੀ ਮਰਦ ਕਾ ਚੇਲਾ!” ਉਹ ਕਿਸੇ ਰਾਜੇ ਜਾਂ ਬਾਦਸ਼ਾਹ ਦੀ ਚੜ੍ਹਤ ਜਾਂ ਗਿਰਾਵਟ ਦੀ ਭਵਿੱਖਵਾਣੀ ਨਹੀਂ ਸੀ ਕਰ ਰਹੇ। ਉਹ ਤਾਂ ਸਿੱਧੇ ਤੌਰ ‘ਤੇ ਉਸ ਸੰਕਟਮਈ ਹਾਲਾਤ ਵੱਲ ਇਸ਼ਾਰਾ ਕਰ ਰਹੇ ਸਨ ਜੋ ਮਨੁੱਖੀ ਆਤਮਾ ਦੀਆਂ ਜੰਜ਼ੀਰਾਂ ਕੱਟਣ ਅਤੇ ਮਾਨਵਤਾਵਾਦੀ ਯੁੱਗ ਦੇ ਪ੍ਰਕਾਸ਼ਨ ਦਾ ਅਰੰਭ ਹੋਵੇਗਾ।
ਗੁਰੂ ਸਾਹਿਬਾਨ ਦੇ ਸਮੇਂ ਵਿਚ ਹੀ ਸਿੱਖ ਧਰਮ ਤੇ ਹੋਰ ਸਾਹਿਤ ਰਚਿਆ ਗਿਆ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਭਾਈ ਗੁਰਦਾਸ ਦਾ ਨਾਮ ਆਉਂਦਾ ਹੈ। ਭਾਈ ਗੁਰਦਾਸ ਉਹ ਲਿਖਾਰੀ ਹਨ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ‘ਗ੍ਰੰਥ ਸਾਹਿਬ’ ਦੀ ਬਾਣੀ ਬੋਲ ਬੋਲ ਕੇ ਪਹਿਲੀ ਬੀੜ ਲਿਖਵਾਈ। ਨਤੀਜੇ ਵਜੋਂ ਉਨ੍ਹਾਂ ਦਾ ਨਿਜੀ ਯੋਗਦਾਨ ਉਚ ਦਰਜੇ ਦੀ ਪ੍ਰਮਾਣਕਤਾ ਦਾ ਦਾਅਵੇਦਾਰ ਹੈ। ਭਾਈ ਗੁਰਦਾਸ ਦੀਆਂ ਰਚਨਾਵਾਂ ‘ਵਾਰਾਂ’ ਅਤੇ ‘ਕਬਿੱਤ ਸਵਯੀਏ’ ਹਨ। ਭਾਈ ਗੁਰਦਾਸ ਦੀਆਂ ਵਾਰਾਂ ਸਾਦੀ ਭਾਸ਼ਾ ਵਿਚ ਗੁਰੂ ਸਾਹਿਬਾਨ ਵੱਲੋਂ ਸਿੱਖ ਧਰਮ ਨੂੰ ਦਿੱਤੇ ਨੈਤਿਕ ਗੁਣਾਂ ਅਤੇ ਕੀਮਤਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਹਨ। ਨੈਤਿਕ ਉਪਦੇਸ਼ਾਂ ਦੇ ਸਰੋਤ ਦੀ ਪੇਸ਼ਕਾਰੀ ਦੀ ਖੋਜ ਵਿਚ, ਉਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਛਾਣਬੀਣ ਕਰਦੇ ਹਨ ਅਤੇ ਨੈਤਿਕ ਨਿਯਮਾਂ ਨੂੰ ਪੇਸ਼ ਕਰਦੇ ਹੋਏ ਉਹ ਉਸ ਦਾ ਸਬੰਧ ਮਨੁੱਖ ਅਤੇ ਉਸ ਦੇ ਕੁਦਰਤੀ ਚੌਗਿਰਦੇ ਨਾਲ ਜੋੜਨ ਲਈ ਗੰਭੀਰ ਲਗਾਉ ਦਾ ਪ੍ਰਦਰਸ਼ਨ ਕਰਦੇ ਹਨ। ‘ਵਾਰਾਂ’ ਤੋਂ ਪਤਾ ਲਗਦਾ ਹੈ ਕਿ ਭਾਵੇਂ ਉਹ ਨੈਤਿਕ ਉਪਦੇਸ਼ਾਂ ਨੂੰ ਬਿਆਨ ਕਰਨ ਵਿਚ ਉਤਸੁਕਤਾ ਅਤੇ ਸਿੱਧੇ ਰੂਪ ਵਿਚ ਦਿਲਚਸਪੀ ਰੱਖਦੇ ਸਨ, ਫਿਰ ਵੀ ਕਈ ਵਾਰ ਉਨ੍ਹਾਂ ਦਾ ਖ਼ਾਸ ਨੈਤਿਕ ਗੁਣਾਂ ਅਤੇ ਕੀਮਤਾਂ ਨੂੰ ਸਾਦਾ ਬਿਆਨ ਕਰਨ ਜਾਂ ਨਿਰਦੇਸ਼ਨ ਦੇਣ ਦਾ ਤਰੀਕਾ ‘ਰਾਹ’ ਦਿਖਾਉਣ ਦੇ ਤੁਰੰਤ ਕਾਰਜ ਦਾ ਆਦੀ ਸੀ, ਸਿੱਖ ਧਰਮ ਨੂੰ ਉਨ੍ਹਾਂ ਨੇ ‘ਗਾਡੀ ਰਾਹ’ ਦਾ ਨਾਮ ਦਿੱਤਾ,
ਬਾਰਹ ਪੰਥ ਸਧਾਇ ਕੈ
ਗੁਰਮੁਖਿ ਗਾਡੀ ਰਾਹ ਚਲਾਇਆ॥ (7/12)
ਭਾਈ ਗੁਰਦਾਸ ਦੀਆਂ ਰਚਨਾਵਾਂ ਦੀ ਪੜਚੋਲ ਤੋਂ ਪਤਾ ਲਗਦਾ ਹੈ ਕਿ ਹੋਰ ਨੈਤਿਕ ਅਤੇ ਧਾਰਮਿਕ ਸਿਧਾਂਤਾਂ ਦੇ ਨਾਲ ਨਾਲ ਉਹ ਵਿਸ਼ੇਸ਼ ਤੌਰ ‘ਤੇ ਬਹੁਤ ਸਾਰੇ ਕੇਂਦਰੀ ਨੈਤਿਕ ਸਿਧਾਂਤਾਂ ਵੱਲ ਆਕਰਸ਼ਤ ਸਨ ਜਿਵੇਂ ਹਉਮੈ ਦਾ ਤਿਆਗ ਕਰਨਾ, ਹਲੀਮੀ ਦਾ ਗੁਣ ਪੈਦਾ ਕਰਨਾ ਅਤੇ ਪਰਉਪਕਾਰ ਕਰਨਾ ਆਦਿ। ਉਨ੍ਹਾਂ ਦੀਆਂ ਵਾਰਾਂ ਦੀਆਂ ਬਹੁਤ ਸਾਰੀਆਂ ਪਉੜੀਆਂ ਇਸ ਦਿਸ਼ਾ ਵਿਚ ਕੀਤੀ ਵਿਆਖਿਆ ਨਾਲ ਭਰਪੂਰ ਮਿਲਦੀਆਂ ਹਨ। ਉਦਾਹਰਣ ਲਈ ਭਾਈ ਗੁਰਦਾਸ ਦੱਸਦੇ ਹਨ ਕਿ ਪਾਣੀ ਜੀਵਨ ਲਈ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਹੈ ਪਰ ਫਿਰ ਵੀ ਉਹ ਨਿਵਾਣ ਵੱਲ ਵਗਦਾ ਹੈ, ਉਸ ਦੇ ਮੁਕਾਬਲੇ ਸਿੰਮਲ ਦਾ ਰੁੱਖ ਹੈ ਜੋ ਉਚਾ ਅਤੇ ਸਥਿਰ ਖੜ੍ਹਾ ਰਹਿੰਦਾ ਹੈ ਪਰ ਬੇਕਾਰ ਹੈ ਕਿਉਂਕਿ ਉਹ ਕੋਈ ਫਲ ਨਹੀਂ ਦਿੰਦਾ। ਬਾਂਸ ਦਾ ਦਰੱਖਤ ਜੋ ਸਿੱਧਾ ਖੜ੍ਹਾ ਰਹਿੰਦਾ ਹੈ, ਇਸ ਲਈ ਨਿੰਦਿਆ ਜਾਂਦਾ ਹੈ ਕਿ ਉਸ ਵਿਚ ਅੱਗ ਹੁੰਦੀ ਹੈ। ਉਨ੍ਹਾਂ ਦਰੱਖਤਾਂ ਦਾ ਜ਼ਿਕਰ ਹੈ ਜੋ ਪੱਥਰ ਮਾਰਨ ‘ਤੇ ਵੀ ਫਲ ਦਿੰਦੇ ਹਨ। ਲੱਕੜ ਦਾ ਦ੍ਰਿਸ਼ਟਾਂਤ ਦਿੱਤਾ ਹੈ ਜੋ ਬੇੜੀ ਦੇ ਰੂਪ ਵਿਚ ਮਨੁੱਖਾਂ ਨੂੰ ਪਾਰ ਲੈ ਜਾਂਦੀ ਹੈ ਭਾਵੇਂ ਬੇੜੀ ਦੇ ਮਾਲਕ ਨੇ ਉਸ ਨੂੰ ਬੇੜੀ ਦਾ ਰੂਪ ਦੇਣ ਲਈ ਕੱਟਿਆ ਅਤੇ ਆਰੇ ਨਾਲ ਚੀਰਿਆ ਹੁੰਦਾ ਹੈ। ਇਹ ਉਦਾਹਰਣਾਂ ਭਾਈ ਗੁਰਦਾਸ ਨੇ ਹਲੀਮੀ, ਪਰਉਪਕਾਰ ਆਦਿ ਨੈਤਿਕ ਗੁਣਾਂ ਨੂੰ ਦੱਸਣ ਲਈ ਦਿੱਤੀਆਂ ਹਨ। ਉਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਔਗੁਣਾਂ ‘ਤੇ ਕਾਬੂ ਪਾਉਣ ‘ਤੇ ਵੀ ਜ਼ੋਰ ਦਿੱਤਾ ਹੈ। ਕੁਝ ਉਦਾਹਰਣਾਂ ਹਨ,
ਧਰਤੀ ਅੰਦਰਿ ਜਲੁ ਵਸੈ
ਜਲੁ ਬਹੁ ਰੰਗੀਂ ਰਸੀਂ ਮਿਲੰਦਾ।
ਜਿਉਂ ਜਿਉਂ ਕੋਇ ਚਲਾਇਦਾ
ਨੀਵਾਂ ਹੋਇ ਨੀਵਾਣਿ ਚਲੰਦਾ।
ਧੁਪੈ ਤਤਾ ਹੋਇ ਕੈ
ਛਾਵੈਂ ਠੰਢਾ ਹੋਇ ਰਹੰਦਾ।
ਨਾਵਣੁ ਜੀਵਦਿਆਂ ਮੁਇਆਂ
ਪੀਤੈ ਸਾਂਤਿ ਸੰਤੋਖੁ ਹੋਵੰਦਾ।
ਨਿਰਮਲ ਕਰਦਾ ਮੈਲਿਆਂ
ਨੀਵੈ ਸਰਵਰ ਜਾਇ ਟਿਕੰਦਾ।
ਗੁਰਮੁਖਿ ਸੁਖ ਫਲੁ ਭਾਉ ਭਉ
ਸਹਜੁ ਬੈਰਾਗੁ ਸਦਾ ਵਿਗਸੰਦਾ॥2॥(16/2)
ਅਤੇ
ਵਣ ਵਣ ਵਿਚਿ ਵਣਾਸਪਤਿ
ਇਕੋ ਧਰਤੀ ਇਕੋ ਪਾਣੀ।
ਰੰਗ ਬਿਰੰਗੀ ਫੁਲ ਫਲ
ਸਾਦ ਸੁਗੰਧ ਸਨਬੰਧ ਵਿਡਾਣੀ।
ਉਚਾ ਸਿੰਮਲੁ ਝੰਟੁਲਾ ਨਿਹਫਲ
ਚੀਲੁ ਚੜ੍ਹੈ ਅਸਮਾਣੀ।
ਜਲਦਾ ਵਾਂਸੁ ਵਢਾਈਐ
ਵੰਝੁਲੀਆਂ ਵਜਨਿ ਬਿਬਾਣੀ।
ਚੰਦਨ ਵਾਸੁ ਵਣਾਸਪਤਿ ਵਾਸੁ
ਰਹੈ ਨਿਰਗੰਧ ਰਵਾਣੀ।
ਸਾਧਸੰਗਤਿ ਗੁਰ ਸਬਦੁ ਸੁਣਿ
ਰਿਦੈ ਨ ਵਸੈ ਅਭਾਗ ਪਰਾਣੀ।
ਹਉਮੈ ਅੰਦਰਿ ਭਰਮਿ ਭੁਲਾਣੀ॥5॥ (17/5)
ਭਾਈ ਗੁਰਦਾਸ ਦੀਆਂ ਕੁੱਝ ਵਾਰਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਖ਼ਰੀ ਬੀੜ ਦੇ ਲਿਖਾਰੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਬੋਲ ਕੇ ਬੀੜ ਲਿਖਵਾਈ, ਭਾਈ ਮਨੀ ਸਿੰਘ ਨੇ ਭਗਤ ਰਤਨਾਵਲੀ ਅਤੇ ਗਿਆਨ ਰਤਨਾਵਲੀ ਵਿਚ ਵਿਆਖਿਆ ਅਤੇ ਟਿਪਣੀਆਂ ਕੀਤੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਦਸਮ ਪਾਤਿਸ਼ਾਹ ਦੇ ਵੇਲੇ ਤੱਕ ਵੀ ਉਨ੍ਹਾਂ ਹੀ ਨੈਤਿਕ ਨਿਯਮਾਂ ਅਤੇ ਕੀਮਤਾਂ ਦੀ ਨਿਰੰਤਰਤਾ ਹੈ, ਜੋ ਪਹਿਲੇ ਗੁਰੂ ਸਾਹਿਬਾਨ ਦੇ ਜੀਵਨ-ਕਾਲ ਵਿਚ ਪ੍ਰਚੱਲਤ ਸਨ (ਇਹ ਨੁਕਤਾ ਧਿਆਨ ਦੀ ਮੰਗ ਕਰਦਾ ਹੈ)।
ਭਾਈ ਗੁਰਦਾਸ ਨੇ ਆਪਣੀਆਂ ਲਿਖਤਾਂ ਨੂੰ ਧਾਰਮਿਕ ਆਦਰਸ਼ਾਂ ਅਤੇ ਮਾਨਵਵਾਦੀ ਉਪਦੇਸ਼ਾਂ ਨਾਲ ਸੰਯੁਕਤ ਕੀਤਾ ਹੈ। ਉਨ੍ਹਾਂ ਦਾ ਪੂਰਾ ਧਿਆਨ ਲਗਾਤਾਰ ਮਨੁੱਖ ਦੇ ਨੈਤਿਕ ਚਰਿੱਤਰ ਅਤੇ ਰਹਿਤ ਉਤੇ ਸੀ। ਇਸ ਲਈ, ਇਸ ਵਿਚ ਹੈਰਾਨ ਹੋਣ ਵਾਲੀ ਗੱਲ ਨਹੀਂ ਕਿ ਉਨ੍ਹਾਂ ਦੀਆਂ ‘ਵਾਰਾਂ’ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ‘ਕੂੰਜੀ’ ਕਿਹਾ ਜਾਂਦਾ ਹੈ। ਸਿੱਖ ਧਰਮ ‘ਸੰਗਤੀ’ ਧਰਮ ਹੈ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਹ ਨੁਕਤਾ ਵਾਰ ਵਾਰ ਸਾਹਮਣੇ ਆਉਂਦਾ ਹੈ ਕਿ ਸਿੱਖ ਲਈ ਸਾਧ-ਸੰਗਤਿ ਵਿਚ ਜਾ ਕੇ ਗੁਰੂ ਦੇ ਸ਼ਬਦ ਨੂੰ ਸਰਵਣ ਕਰਨਾ ਅਤੇ ਉਸ ਦਾ ਅਨੁਸਾਰੀ ਹੋ ਕੇ ਚੱਲਣਾ ਹੀ ਸਿੱਖੀ ਦਾ ਜਾਂ ਗੁਰਮੁਖਿ ਦਾ ਮਾਰਗ ਹੈ,
ਗਿਆਰਹ ਗੇੜਾ ਸਿਖੁ ਸੁਣਿ
ਗੁਰ ਸਿਖੁ ਲੈ ਗੁਰਸਿਖੁ ਸਦਾਇਆ॥
ਸਾਧਸੰਗਤਿ ਗੁਰੁ ਸਬਦੁ ਵਸਾਇਆ॥11॥ (7/11)

Be the first to comment

Leave a Reply

Your email address will not be published.