ਨਵੀਂ ਦਿੱਲੀ: ਕੌਮੀ ਏਕਤਾ ਕੌਂਸਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੇ ਫਿਰਕੂ ਹਿੰਸਾ ਦੀਆਂ ਵਾਰਦਾਤਾਂ ਵਧਣ ‘ਤੇ ਫਿਕਰ ਜ਼ਾਹਰ ਕਰਦਿਆਂ ਰਾਜਸੀ ਪਾਰਟੀਆਂ ਨੂੰ ਸਿਆਸੀ ਲਾਹੇ ਲਈ ਇਨ੍ਹਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ। ਫਿਰਕੂ ਹਿੰਸਾ ਦੀਆਂ ਕਈ ਹਾਲੀਆ ਵਾਰਦਾਤਾਂ ਵਿਚ ਕਿਸੇ ਭਾਈਚਾਰੇ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਮੰਤਵ ਨਾਲ ਜਾਅਲੀ ਵੀਡੀਓ ਜਾਂ ਹੋਰ ਇਤਰਾਜ਼ਯੋਗ ਸਮੱਗਰੀ ਪ੍ਰਸਾਰਤ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਗਈ ਹੈ। ਪਿਛਲੇ ਸਾਲ ਉੱਤਰ ਪੂਰਬ ਵਿਚ ਵੀ ਅਜਿਹਾ ਦੇਖਣ ਨੂੰ ਮਿਲਿਆ ਸੀ ਜਿਸ ਕਾਰਨ ਵੱਡੇ ਪੱਧਰ ‘ਤੇ ਲੋਕਾਂ ਦਾ ਉਜਾੜਾ ਹੋਇਆ ਸੀ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਰਾਜਾਂ ਨੂੰ ਫਿਰਕੂ ਹਿੰਸਾ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਲਈ ਵੀ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਨੌਜਵਾਨਾਂ ਨੂੰ ਨਵੀਂ ਜਾਣਕਾਰੀ ਤੇ ਨਵੇਂ ਵਿਚਾਰ ਹਾਸਲ ਕਰਨ ਵਿਚ ਮਦਦਗਾਰ ਸਾਬਤ ਹੁੰਦਾ ਹੈ। ਇਸ ਦੀ ਵਰਤੋਂ ਆਪਸੀ ਭਾਈਚਾਰਾ ਤੇ ਇਕਸੁਰਤਾ ਵਧਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਰਾਏ ਦੇਣ ਤੇ ਵਿਚਾਰ ਪ੍ਰਗਟ ਕਰਨ ਵਿਚ ਆਜ਼ਾਦੀ ਬਰਕਰਾਰ ਰੱਖਣੀ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਇਹ ਵੀ ਅਹਿਮ ਹੈ ਕਿ ਸ਼ਰਾਰਤੀਆਂ ਤੇ ਗੜਬੜ ਫੈਲਾਉਣ ਵਾਲਿਆਂ ਨੂੰ ਸੋਸ਼ਲ ਮੀਡੀਆ ਦੀ ਕੁਵਰਤੋਂ ਨਾ ਕਰਨ ਦਿੱਤੀ ਜਾਵੇ। 148 ਮੈਂਬਰੀ ਸੰਸਥਾ ਦੀ ਇਸ ਮੀਟਿੰਗ ਵਿਚ ਕਈ ਕੇਂਦਰੀ ਮੰਤਰੀ, ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਆਗੂ, ਕਈ ਰਾਜਾਂ ਦੇ ਮੁੱਖ ਮੰਤਰੀ, ਕੌਮੀ ਤੇ ਖੇਤਰੀ ਪਾਰਟੀਆਂ ਦੇ ਆਗੂ, ਮੀਡੀਆ, ਕਾਰੋਬਾਰ ਤੇ ਜਨਤਕ ਜੀਵਨ ਨਾਲ ਜੁੜੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਭਾਜਪਾ ਦੇ ਸ਼ਾਸਨ ਵਾਲੇ ਤਿੰਨ ਰਾਜਾਂ ਗੁਜਰਾਤ, ਮੱਧ ਪ੍ਰਦੇਸ਼ ਤੇ ਗੋਆ ਦੇ ਮੁੱਖ ਮੰਤਰੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਇਸ ਮੌਕੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਵਿਵਸਥਾ ਦੀ ਅਸਫਲਤਾ ਨੂੰ ਦਰੁਸਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਵਿਸ਼ਵਾਸ ਦੀ ਬਹਾਲੀ ਲਈ ਫਿਰਕੂ ਹਿੰਸਾ ਉਪਰੰਤ ਨਿਆਂ ਨੂੰ ਯਕੀਨੀ ਬਣਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਮੀਟਿੰਗ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲਤਾ ਤੇ ਉਸ ਉਪਰੰਤ ਕਾਤਲਾਂ ਨੂੰ ਉੱਚ ਅਹੁਦਿਆਂ ਨਾਲ ਨਵਾਜ ਕੇ ਕਿਸੇ ਵੀ ਸੂਰਤ ਵਿਚ ਅਮਨ, ਆਪਸੀ ਭਾਈਚਾਰੇ ਤੇ ਕੌਮੀ ਏਕਤਾ ਨੂੰ ਪ੍ਰਫੁਲਤ ਨਹੀਂ ਕੀਤਾ ਜਾ ਸਕਦਾ ਹੈ। ਸਿਆਸੀ ਆਗੂਆਂ ਦੀ ਸੰਜੀਦਗੀ ਤੇ ਨਿਰਪੱਖਤਾ ਦਾ ਵਿਸ਼ਵਾਸ ਲੋਕ ਮਨਾਂ ਅੰਦਰ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਮਿਸਾਲੀ ਅਗਵਾਈ ਤੇ ਅਸਰਦਾਰ ਪੁਲਿਸ ਵਿਵਸਥਾ ਦੀ ਕਾਇਮੀ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਦੇਸ਼ ਦੇ ਤਕਰੀਬਨ 20 ਸੂਬਿਆਂ ਵਿਚ ਸੈਂਕੜੇ ਵਿਅਕਤੀ ਫਿਰਕੂ ਟਕਰਾਅ ਦੀ ਭੇਟ ਚੜ੍ਹੇ ਹਨ ਤੇ ਹਜ਼ਾਰਾਂ ਹੋਰ ਜ਼ਖ਼ਮੀ ਹੋਏ ਹਨ ਪਰ ਪੰਜਾਬ ਅਜਿਹੀ ਕਿਸੇ ਵੀ ਘਟਨਾ ਤੋਂ ਮੁਕਤ ਰਿਹਾ ਹੈ।
Leave a Reply