ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਚੋਟੀ ‘ਤੇ ਪਹੁੰਚੇ ਹੋਏ ਅਤੇ ਸਮਾਜ ਵਿਚ ਬੇਹੱਦ ਸਤਿਕਾਰੇ ਜਾਂਦੇ ਕਿਸੇ ਬੰਦੇ ਕੋਲੋਂ ਜਦ ਕਿਧਰੇ ਕੋਈ ਖੁਨਾਮੀ ਹੋ ਜਾਵੇ ਤਾਂ ਉਸ ਦੇ ਮੂੰਹੋਂ ਬੜੇ ਆਜਜ਼ੀ ਭਰੇ ਲਫ਼ਜ਼ ਨਿਕਲਦੇ ਨੇ, ‘ਯਾਰੋ ਆਖ਼ਰਕਾਰ ਮੈਂ ਵੀ ਇਕ ਇਨਸਾਨ ਹੀ ਹਾਂ।’ ਇਸ ਵਾਕ ਵਿਚੋਂ ਗਲਤੀ ਤਸਲੀਮ ਕਰਨ ਦੇ ਨਾਲ ਨਾਲ ਇਹ ਅਟੱਲ ਸੱਚਾਈ ਵੀ ਪ੍ਰਗਟ ਹੁੰਦੀ ਹੈ ਕਿ ਇਨਸਾਨ ਭਾਵੇਂ ਕਿੱਡੀ ਵੀ ਪਦਵੀ ‘ਤੇ ਜਾ ਪਹੁੰਚੇ ਪਰ ਮਨੁੱਖੀ ਕਮਜ਼ੋਰੀਆਂ ਉਸ ਦਾ ਪਿੱਛਾ ਨਹੀਂ ਛੱਡਦੀਆਂ। ਕਦੇ ਨਾ ਕਦੇ, ਕਿਸੇ ਨਾ ਕਿਸੇ ਕਮਜ਼ੋਰੀ ਦਾ ਦਿਸ ਪੈਣਾ ਅਚੰਭੇ ਵਾਲੀ ਗੱਲ ਨਹੀਂ। ਇਹ ਗੱਲ ਜੁਦਾ ਹੈ ਕਿ ਅਜਿਹੇ ‘ਮਹਾਨ ਵਿਅਕਤੀਆਂ’ ਤੋਂ ਪ੍ਰਭਾਵਤ ਹੋਣ ਵਾਲੇ ਉਨ੍ਹਾਂ ਦੇ ਪ੍ਰਸੰæਸਕ ਐਵੇਂ ‘ਦਿਲ ਟੁੱਟ ਗਿਆ’ ਕਹਿੰਦੇ ਹੋਏ ਮਾਯੂਸ ਹੋ ਜਾਂਦੇ ਹਨ।
ਆਮ ਜਿਹਾ ਔਗੁਣ ਹੈ ਸ਼ਰੀਕੇਬਾਜ਼ੀ, ਜਿਸ ਦੇ ਦਰਸ਼ਨ-ਦੀਦਾਰੇ ਬਹੁਤਾ ਕਰ ਕੇ ਪੇਂਡੂ ਵਰਤੋਂ-ਵਿਹਾਰ ਵਿਚ ਹੁੰਦੇ ਹਨ। ‘ਸ਼ਰੀਕੇ ਦਾ ਦਾਣਾ, ਸਿਰ ਦੁਖਦੇ ਵੀ ਖਾਣਾ’ ਵਾਲੇ ਕਹਾਣ ਦੀ ਵਰਤੋਂ ਪੇਂਡੂ ਵਸੋਂ ਵਿਚ ਗੱਜ-ਵੱਜ ਕੇ ਕੀਤੀ ਜਾਂਦੀ ਹੈ। ਇਹ ਵੀ ਸੋਚਿਆ ਜਾਂਦਾ ਹੈ ਕਿ ਇਹ ਅਲਾਮਤ ਸ਼ਾਇਦ ਅਧਪੜ੍ਹਾਂ ਜਾਂ ਅਨਪੜ੍ਹਾਂ ‘ਚ ਜ਼ਿਆਦਾ ਹੁੰਦੀ ਹੈ ਪਰ ਉਦੋਂ ਹੈਰਾਨੀ ਹੁੰਦੀ ਹੈ ਕਿ ਦਿਨ-ਰਾਤ ਕਲਮ-ਕਾਗਜ਼ਾਂ ਨਾਲ ਮੱਥਾ ਮਾਰਨ ਵਾਲੇ ਅਤੇ ਬਹੁਤ ਹੀ ਕੋਮਲ ਦਿਲ ਮੰਨੇ ਜਾਣ ਵਾਲੇ ਸ਼ਾਇਰਾਂ ਵਿਚ ਸ਼ਰੀਕੇਬਾਜ਼ੀ ਦੀ ਅਲਾਮਤ ਅਨਪੜ੍ਹਾਂ ਤੋਂ ਵੀ ਕਿਤੇ ਵੱਧ ਹੈ। ਕਿਸੇ ਦੂਜੇ ਸ਼ਾਇਰ ਦੀ ਸੋਭਾ ਸੁਣ ਕੇ ਇਹ ਸੜ-ਬਲ ਉਠਦੇ ਨੇ। ਬਾਹਰ ਭਾਵੇਂ ਤਾੜੀਆਂ ਦੀ ‘ਤੜ ਤੜ’ ਹੋ ਰਹੀ ਦਿਸਦੀ ਹੈ ਪਰ ਅੰਦਰ ‘ਸੜ ਸੜ’ ਦਾ ਧੂੰਆਂ ਉਠ ਰਿਹਾ ਹੁੰਦਾ ਹੈ।
ਸਾਹਿਤਕ ਹਲਕਿਆਂ ਵਿਚ ਕਿਸੇ ਸਮੇਂ ਦਿੱਲੀ ਰਹਿੰਦੇ ਦੋ ਕਵੀਆਂ ਦੀ ਨੋਕ-ਝੋਕ ਬੜੀ ਮਸ਼ਹੂਰ ਹੈ ਜਿਹਦੇ ਪਿੱਛੇ ਇਕ ਸ਼ਾਇਰ ਦੀ ਸ਼ਰੀਕੇਬਾਜ਼ੀ ਹੀ ਸਾਫ਼ ਝਲਕਦੀ ਹੈ। ਇਨ੍ਹਾਂ ਵਿਚੋਂ ਇਕ ਪੰਜਾਬੀ ਦਾ ਨਾਮਵਰ ਸ਼ਾਇਰ ਜੋ ਪੰਜਾਬ ‘ਚ ਕਹੀਆਂ ਜਾਂਦੀਆਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਸੀ, ਸਟੇਜ ‘ਤੇ ਆਪਣੀ ਨਜ਼ਮ ਕਹਿਣ ਉਠਿਆ। ਕਵੀਆਂ ਵਾਂਗ ‘ਅਰਜ਼ ਕੀਤੈ ਜੀ’ ਕਹਿਣ ਤੋਂ ਬਾਅਦ ਉਸ ਨੇ ਆਪਣੀ ਕਵਿਤਾ ਦੀ ਪਹਿਲੀ ਸਤਰ ਬੋਲੀ, ‘ਸਾਡੇ ਨਾਲ ਦਾ ਘਰ ਸੀ ਤੇਲੀਆਂ ਦਾæææ।’ ਸਟੇਜ ‘ਤੇ ਸਜੇ ਹੋਏ ਕਵੀ ਉਛਲ-ਉਛਲ ਕੇ ‘ਕਿਆ ਬਾਤ ਐ ਜੀ!’ æææ ‘ਇਰਸ਼ਾਦ ਇਰਸ਼ਾਦ!!’ ਕਹਿੰਦਆਂ ਭਰਵੀਂ ਦਾਦ ਦੇਣ ਲੱਗੇ। ਉਸ ਸ਼ਾਇਰ ਨੇ ਫਿਰ ਖੰਘੂਰਾ ਮਾਰ ਕੇ ‘ਸਾਡੇ ਨਾਲ ਦਾ ਘਰ ਸੀ ਤੇਲੀਆਂ ਦਾ’ ਵਾਲੀ ਪੰਕਤੀ ਦੁਹਰਾਅ ਦਿੱਤੀ। ਮਾਈਕ ‘ਤੇ ਹੱਥ ਰੱਖ ਕੇ ਜਦ ਉਸ ਨੇ ਆਲੇ-ਦੁਆਲੇ ਬੈਠੇ ਸਾਥੀ ਕਵੀਆਂ ਵੱਲ ਦੇਖਿਆ, ਦੋ-ਤਿੰਨ ਵਾਰ ਇਹੋ ਸਤਰ ਦੁਹਰਾਈ, ਤਾਂ ਥੱਲਿਉਂ ਸ਼ਰੀਕੇਬਾਜ਼ੀ ਦੀ ਅੱਗ ਵਿਚ ਸੜਿਆ ਦੂਜਾ ਕਵੀ, ਉਸ ਦੀ ਬਰਾਦਰੀ ਦਾ ਨਾਂ ਲੈ ਕੇ ਕਹਿੰਦਾ, “ਓ ਚੱਲ ਅੱਗੇ ਬੋਲ ਹੁਣ! ਇਹ ਤਾਂ ਪਤਾ ਈ ਐ ਕਿ ਹੋਰ ਤੁਹਾਡੇ ਘਰ ਕੋਲ ਸੋਢੀਆਂ ਦਾ ਘਰ ਹੋਣਾ ਸੀ? ‘ਫਲਾਣਿਆਂ’ ਦੇ ਘਰ ਕੋਲ ਤੇਲੀਆਂ ਦਾ ਘਰ ਹੀ ਹੋਣਾ ਸੀ।”
ਜਿਨ੍ਹਾਂ ਦਿਨਾਂ ਵਿਚ ਰੂਹਾਨੀਅਤ ਅਤੇ ਗਿਆਨ ਦਾ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਰਚਿਆ ਜਾ ਰਿਹਾ ਸੀ, ਤਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਅਤੇ ਲਿਖਾਰੀ ਭਾਈ ਗੁਰਦਾਸ ਕੋਲ ਵੀ ਉਸ ਸਮੇਂ ਦੇ ਕੁਝ ਸ਼ਾਇਰ ਆਪਣੀਆਂ ਕਵਿਤਾਵਾਂ ਲੈ ਕੇ ਪਹੁੰਚੇ ਸਨ। ਉਨ੍ਹਾਂ ਦੀ ਇੱਛਾ ਸੀ ਕਿ ਸਾਡੀਆਂ ਕਿਰਤਾਂ ਵੀ ਆਦਿ ਗ੍ਰੰਥ ਵਿਚ ਸ਼ਾਮਲ ਹੋਣ। ਸ਼ਾਹ ਹੁਸੈਨ, ਕਾਹਨਾ, ਪੀਲੂ ਤੇ ਛੱਜੂ ਨਾਮ ਵਾਲੇ ਇਨ੍ਹਾਂ ਕਵੀਆਂ ਨੇ ਆਪੋ-ਆਪਣੀਆਂ ਕਵਿਤਾਵਾਂ ਸੁਣਾਈਆਂ। ਗੁਰੂ ਸਾਹਿਬ ਵੱਲੋਂ ਇਨਕਾਰ ਕਰਨ ‘ਤੇ ਇਨ੍ਹਾਂ ਵਿਚੋਂ ਵੀ ਕਈ ਸ਼ਾਇਰ ਗੁਰੂ ਸਾਹਿਬ ਨੂੰ ਬੁਰਾ-ਭਲਾ ਕਹਿੰਦੇ ਤੁਰ ਗਏ ਸਨ। ਸਿਰਫ਼ ਸ਼ਾਹ ਹੁਸੈਨ ਨੇ ਹੀ ਸਬਰ-ਸ਼ਾਂਤੀ ਦਾ ਸਬੂਤ ਦਿੰਦਿਆਂ ‘ਚੁੱਪ ਵੇ ਅੜਿਆ ਚੁੱਪ æææ ਇਥੇ ਬੋਲਣ ਦੀ ਨਹੀਂ ਜਾਅ ਵੇ ਅੜਿਆ’ ਕਹਿ ਕੇ ਆਦਿ ਬਾਣੀ ਨੂੰ ਸਿਜਦਾ ਕੀਤਾ ਸੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਬਾਕੀ ਦੇ ਤਿੰਨ ਸ਼ਾਇਰ ਤਾਂ ਸ਼ਰੀਕੇਬਾਜ਼ੀ ਕਾਰਨ ਗੁਰੂ ਸਾਹਿਬ ਨੂੰ ‘ਸਰਾਪ’ ਦੇਣ ਤੱਕ ਚਲੇ ਗਏ ਸਨ।
ਸ਼ਾਇਰਾਂ ਦੀ ਸ਼ਰੀਕੇਬਾਜ਼ੀ ਦਰਸਾਉਂਦੀ ਤੀਜੀ ਝਾਕੀ ਵੀ ਸਿੱਖ ਇਤਿਹਾਸ ਨਾਲ ਹੀ ਸਬੰਧਤ ਹੈ। ਦਸਵੇਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਖੇ ਸ਼ਾਇਰਾਂ ਨੂੰ ਉਚੇਚਾ ਨਿਵਾਸ ਦਿੱਤਾ ਅਤੇ ਉਨ੍ਹਾਂ ਨੂੰ ਆਹਲਾ ਦਰਜੇ ਦੀ ਸ਼ਾਇਰੀ ਲਈ ਪ੍ਰੇਰਿਆ। ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਅਨੁਸਾਰ ਗੁਰੂ ਦਰਬਾਰ ਦੇ ਇਨ੍ਹਾਂ ਕਵੀਆਂ ਵਿਚ ਹੰਸ ਰਾਜ ਨਾਂ ਦਾ ਕਵੀ ਬੜੇ ਖੁਣਸੀ ਸੁਭਾਅ ਦਾ ਸੀ। ਕਿਤੇ ਕਵੀ ਦਰਬਾਰ ਵਿਚ ਬੈਠਿਆਂ, ਇਸ ਨੇ ਕੁਝ ਅਜਿਹੇ ਛੰਦ ਜੋੜ ਲਏ ਜਿਨ੍ਹਾਂ ਬਾਰੇ ਇਸ ਨੂੰ ਅਭਿਮਾਨ ਹੋ ਗਿਆ ਕਿ ਨਾ ਤਾਂ ਗੁਰੂ ਦਰਬਾਰ ਦੇ ਕਵੀ ਮੇਰੀ ਬਰਾਬਰੀ ਕਰ ਸਕਦੇ ਹਨ ਅਤੇ ਨਾ ਹੀ ਮੇਰੇ ਇਨ੍ਹਾਂ ਕਲਾਮਈ ਮਨਮੋਹਣੇ ਛੰਦਾਂ ਦੀ ਕੋਈ ਕੀਮਤ ਗੁਰੂ ਜੀ ਹੀ ਪਾ ਸਕਦੇ ਨੇ। ਹੋਵੇ ਨਾ ਤਾਂ ਇਨ੍ਹਾਂ ਨੂੰ ਕਿਸੇ ਰਾਜੇ ਦੇ ਦਰਬਾਰ ਵਿਚ ਸੁਣਾ ਕੇ ਚੰਗਾ ਮੋਟਾ ਇਨਾਮ-ਸਨਮਾਨ ਲਿਆ ਜਾਵੇ। ਇਹ ਸਕੀਮ ਸੋਚ ਕੇ ਉਸ ਨੇ ਕੰਠਾਗਰ ਛੰਦਾਂ ਨੂੰ ਚੋਰੀ-ਚੋਰੀ ਆਪਣੇ ਪੱਟਾਂ ਉਪਰ ਹੀ ਲਿਖ ਲਿਆ।
ਕਵੀ ਦਰਬਾਰ ਵਿਚ ਖੁਦ ਸੁਭਾਇਮਾਨ, ਸਰਬ ਕਲਾ ਸਮਰੱਥ ਗੁਰੂ ਸਾਹਿਬ ਨੇ ਉਸ ਦਿਨ ਐਸਾ ਚੋਜ ਵਰਤਾਇਆ ਕਿ ਉਨ੍ਹਾਂ ਸੇਵਾਦਾਰਾਂ ਨੂੰ ਹੁਕਮ ਕਰ ਦਿੱਤਾ ਕਿ ਫੌਰਨ ਪਾਣੀ ਗਰਮ ਕਰ ਕੇ, ਸਾਰੇ ਕਵੀ-ਜਨਾਂ ਨੂੰ ਇਸ਼ਨਾਨ ਕਰਾਇਆ ਜਾਵੇ। ਸਮੇਂ ਦੇ ਪ੍ਰਚੱਲਤ ਰਿਵਾਜ਼ ਅਨੁਸਾਰ ਦਹੀਂ ਦੇ ਮਟਕੇ ਲਿਆਂਦੇ ਗਏ। ਉਦੋਂ ਸਾਬਣ ਦੀ ਥਾਂ ਦਹੀਂ ਵੀ ਵਰਤਿਆ ਜਾਂਦਾ ਹੋਵੇਗਾ। ਗੁਰੂ ਜੀ ਦਾ ਹੁਕਮ ਮੰਨ ਕੇ ਤਮਾਮ ਕਵੀ ਤਾਂ ਫਟਾ-ਫਟ ਕੱਪੜੇ ਉਤਾਰ ਕੇ ਪਿੰਡੇ ‘ਤੇ ਦਹੀਂ ਦੀਆਂ ਫੁੱਟੀਆਂ ਮਲਣ ਲੱਗੇ, ਪਰ ਹੰਸ ਰਾਜ ਖੇਖਣ ਕਰਦਾ ਪਿੱਛੇ ਨੂੰ ਜਾਵੇ। ਅਖੇ, ਮੈਨੂੰ ਤਾਪ ਚੜ੍ਹਿਆ ਹੋਇਐ!! ਇਕ ਸੇਵਾਦਾਰ ਨੇ ਗੁਰੂ ਸਿਹਬ ਦਾ ਇਸ਼ਾਰਾ ਪਾ ਕੇ, ਉਹ ਦੀ ਧੋਤੀ ਦਾ ਲੜ ਉਤਾਂਹ ਚੁੱਕ ਦਿੱਤਾ। ਪੱਟਾਂ ਉਪਰ ਛੰਦਾ-ਬੰਦੀ ਲਿਖੀ ਦੇਖ ਕੇ ਸਾਰੇ ਹਾਸੜ ਮਚ ਗਈ। ਸਤਿਗੁਰਾਂ ਨੇ ਉਸ ਦਾ ਪਾਜ ਉਘਾੜਦਿਆਂ ਹੱਸ ਕੇ ਆਖਿਆ ਕਿ ਹੰਸ ਰਾਜ ਜੀ, ਤੇਰੇ ਨਾਲੋਂ ਕਿਤੇ ਵਧੀਆ ਛੰਦ ਤਾਂ ਗੁਰੂ ਘਰ ਦੇ ਘਾਹੀ ਵੀ ਲਿਖ ਲੈਂਦੇ ਨੇ।
ਇਸ ‘ਬੇਇਜ਼ਤੀ’ ਤੋਂ ਸੜੇ-ਬਲੇ ਨੇ ਕੁਝ ਦਿਨਾਂ ਬਾਅਦ ਸਜੇ ਹੋਏ ਕਵੀ ਦਰਬਾਰ ਵਿਚ ਚਾਂਦ ਕਵੀ ਦਾ ਲਿਖਿਆ ਗੁੰਝਲਦਾਰ ਜਿਹਾ ਛੰਦ ਸੁਣਾਇਆ। ਗੁਰੂ ਜੀ ਨੂੰ ਮੁਖਾਤਿਬ ਹੋ ਕੇ ਕਹਿੰਦਾ ਕਿ ਆਪਣੇ ਕਿਸੇ ਘਾਹੀ ਪਾਸੋਂ ਇਸ ਛੰਦ ਦੇ ਅਰਥ ਹੀ ਕਰਵਾ ਦੇਵੋ? ਚਾਂਦ ਦਾ ਲਿਖਿਆ ਸਵੱਈਆ ਸੀ, ‘ਨਵ ਸਾਤ ਤੀਏ, ਨਵ ਸਾਤ ਕਿਯੇ, ਨਵ ਸਾਤ ਪਿਯੇ, ਨਵ ਸਾਤ ਪਿਆਏ॥ ਨਵ ਸਾਤ ਰਚੇ, ਨਵ ਸਾਤ ਬਦੇ, ਨਵ ਸਾਤ ਪਿਆਦਹਿ ਦਾਯਕ ਪਾਏ॥ ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ॥ ਮਾਨਹੁ ਮੇਘ ਕੇ ਮੰਡਲ ਮੈ, ਕਵਿ ਚੰਦਨ ਚੰਦ ਕਲੇਵਰ ਛਾਏ॥
ਸ਼ਬਦਾਂ ਦੇ ਹੇਰ ਫੇਰ ਵਾਲਾ ਇਹ ਛੰਦ ਸੁਣ ਕੇ ਇਕ ਵਾਰ ਤਾਂ ਕਵੀ ਦਰਬਾਰ ‘ਚ ਸੰਨਾਟਾ ਛਾ ਗਿਆ ਪਰ ਗੁਰੂ ਸਾਹਿਬ ਨੇ ਹੱਸਦਿਆਂ ਹੋਇਆਂ ਧੰਨੇ ਘਾਹੀ ਨੂੰ ਬੁਲਾ ਕੇ ਥਾਪੜਾ ਦਿੰਦਿਆਂ ਛੰਦ ਦੇ ਅਰਥ ਕਰਨ ਨੂੰ ਕਿਹਾ। ਘਾਹ ਖੋਤਣ ਵਾਲਾ ਧੰਨਾ ਹੱਥ ਜੋੜ ਕੇ ਕਹਿੰਦਾ, ‘ਜੀ ਇਹਦੇ ਵਿਚ ਔਖੀ ਗੱਲ ਕਿਹੜੀ ਏ? ਚਾਂਦ ਜੀ, ਦੱਸ ਰਹੇ ਨੇ, ਇਕ ਸੋਲਾਂ ਸਾਲ ਦੀ ਨਵ-ਵਿਆਹੀ ਕੁੜੀ ਸੀ। ਸੋਲਾਂ ਸਾਲਾਂ ਦਾ ਹੀ ਉਸ ਦਾ ਪਤੀ। ਸੋਲਾਂ ਸਾਲਾਂ ਬਾਅਦ ਕਿਤਿਉਂ ਘਰ ਆਇਆ। ਕੁੜੀ ਨੇ ਸੋਲਾਂ ਸ਼ਿੰਗਾਰ ਕੀਤੇ। ਸੋਲਾਂ ਖਾਨਿਆਂ ਵਾਲੀ ਚੌਪੜ ਵਿਛਾ ਕੇ, ਸੋਲਾਂ ਰੁਪਏ ਦਾਅ ‘ਤੇ ਲਾਏ। ਸੋਲਾਂ ਭਰਤੇ ਦੇ ਪਿਆਦੇ ਨੇ ਮਾਰ ਲਏ, ਭਾਵ ਸੋਲਾਂ ਵਾਲੀ ਬਾਜ਼ੀ ਉਸ ਨੇ ਜਿੱਤ ਲਈ। ਸੋਲਾਂ ਸ਼ਿੰਗਾਰ ਵਾਲੀ ਕੁੜੀ ਨੇ ਸ਼ਰਮ ਨਾਲ ਆਪਣਾ ਮੂੰਹ ਢੱਕ ਲਿਆ। ਚਾਂਦ ਉਸ ਮੌਕੇ ਦਾ ਅਲੰਕਾਰ ਖਿੱਚਦਾ ਹੈ ਕਿ ਕੁੜੀ ਦੇ ਮੂੰਹ ਢੱਕਣ ਨਾਲ ਮਾਨੋ ਚੰਦਰਮਾ ਬੱਦਲਾਂ ‘ਚ ਛੁਪ ਗਿਆ।
ਅਰਥ ਸੁਣਾਉਣ ਬਾਅਦ ਧੰਨੇ ਘਾਹੀ ਨੇ ਗੁਰੂ ਜੀ ਤੋਂ ਇਜਾਜ਼ਤ ਮੰਗਦਿਆਂ ਕਿਹਾ ਕਿ ਇੱਕ-ਅੱਧ ਛੰਦ ਮੈਨੂੰ ਵੀ ਸੁਣਾਉਣ ਦੀ ਆਗਿਆ ਦਿਉ? ‘ਹਾਂ’ ਦਾ ਇਸ਼ਾਰਾ ਮਿਲਦਿਆਂ ਉਹ ਬੋਲਿਆ,
‘ਮੀਨ ਮਰੇ ਜਲ ਕੇ ਪਰਸੇ ਕਬਹੂੰ ਨਾ ਮਰੇ ਪਰ ਪਾਵਕ ਪਾਏ॥ ਹਾਥੀ ਮਰੇ ਮਦ ਕੇ ਪਰਸੇ ਕਬਹੂੰ ਨਾ ਮਰੇ ਤਨ ਤਾਪ ਕੇ ਆਏ॥ ਤੀਅ ਮਰੇ ਪੀਅ ਕੇ ਪਰਸੇ ਕਬਹੂੰ ਨਾ ਮਰੇ ਪ੍ਰਦੇਸ ਸਿਧਾਏ॥ ਗੂੜ੍ਹ ਮੇਂ ਬਾਤ ਕਹੀ ਦਿਜਰਾਜ, ਵਿਚਾਰ ਸਕੇ ਨਾ ਬਿਨਾਂ ਚਿਤ ਲਾਏ॥’
ਕਠਿਨ ਬੁਝਾਰਤਾਂ ਜਿਹੀ ਸ਼ਬਦਾਵਲੀ ਵਾਲਾ ਇਹ ਸਵੱਈਆ ਧੰਨੇ ਦੇ ਮੂੰਹੋਂ ਸੁਣਦਿਆਂ ਹੀ ਕਵੀ ਸਭਾ ਦੇ ਦੰਦ ਜੁੜ ਗਏ। ਸਮੇਤ ਕਵੀ ਹੰਸ ਰਾਜ ਦੇ ਸਾਰਿਆਂ ਦੀ ਮੱਤ ਉਪਰ ਐਸਾ ਪਰਦਾ ਪਿਆ ਕਿ ਉਹ ਇਸ ਛੰਦ ਦੇ ਅਰਥਾਂ ਵਿਚ ਉਲਝ ਕੇ ਰਹਿ ਗਏ। ਗੁੱਝਾ ਭੇਤ ਇਸੇ ਸਵੱਈਏ ਵਿਚ ਇਹੀ ਹੈ ਕਿ ਸਵੱਈਆ ਚਾਲ ਮੁਤਾਬਕ ‘ਮੀਨ ਮਰੇ ਜਲ ਕੇ ਪਰਸੇ’ ਤੱਕ ਵਿਸਰਾਮ ਲਗਦਾ ਹੈ ਪਰ ਇੰਜ ਵਿਸਰਾਮ ਲਾਇਆਂ, ਅਰਥ ਦਾ ਅਨਰਥ ਬਣ ਜਾਂਦਾ ਹੈ- ‘ਮੀਨ (ਮੱਛੀ) ਪਾਣੀ ‘ਚ ਮਰ ਜਾਂਦੀ ਹੈ, ਪਰ ਅੱਗ ‘ਚ ਪਿਆਂ ਨਹੀਂ ਮਰਦੀ?’ ਸੋ ਇਸ ਸਵੱਈਏ ਦੀਆਂ ਪਹਿਲੀਆਂ ਤਿੰਨ ਸਤਰਾਂ ਵਿਚ ‘ਛੰਦ-ਚਾਲ’ ਦੀ ਉਲੰਘਣਾ ਕਰ ਕੇ, ਪਹਿਲਾਂ ਵਿਸ਼ਰਾਮ ‘ਕਬਹੂੰ ਨਾ’ ਉਤੇ ਦੇਣ ਨਾਲ ਸਹੀ ਅਰਥ ਭਾਵ ਨਿਕਲਦਾ ਹੈ।
ਹੁਣ ਅੱਖੀਂ ਦੇਖੀ ਵੀ ਹੋ ਜਾਏ! ਵਿਦੇਸ਼ ਵਿਚ ਪਰਵਾਸੀ ਪੰਜਾਬੀ ਕਵੀਆਂ ਦੀ ਇਕ ਮਹਿਫ਼ਲ ਵਿਚ ਸ਼ਿਰਕਤ ਕਰ ਰਿਹਾ ਸਾਂ। ਕਵੀ-ਜਨ ਵਾਰੋ-ਵਾਰੀ ਆਪਣਾ ਕਲਾਮ ਪੇਸ਼ ਕਰ ਰਹੇ ਸਨ। ਹਾਲੇ ਤਿੰਨ-ਚਾਰ ਸ਼ਾਇਰ ਹੀ ‘ਭੁਗਤੇ’ ਸਨ ਕਿ ਕਸਾਈਆਂ ਵਰਗੀ ਦਿੱਖ ਵਾਲਾ ਇਕ ਸ਼ਾਇਰ ਅਚਾਨਕ ਭਰੀ ਮਹਿਫ਼ਲ ‘ਚੋਂ ਉਠਿਆ ਤੇ ਬਾਹਰ ਜਾ ਕੇ ਵਰਾਂਡੇ ਵਿਚ ਟਹਿਲਣ ਲੱਗ ਪਿਆ, ਜਿਵੇਂ ਸ਼ੂਗਰ ਦੇ ਮਰੀਜ਼ ‘ਵਾਕ’ ਕਰਦੇ ਹੁੰਦੇ ਨੇ। ਮੈਂ ਹੌਲੀ ਜਿਹੇ ਨਾਲ ਬੈਠੇ ਸ਼ਾਇਰ ਨੂੰ ਇਸ ਬੇਹੂਦਗੀ ਦਾ ਕਾਰਨ ਪੁੱਛਿਆ। “ਇਹ ਉਲੂ ਦਾ ਪੱਠਾ ਆਪਣੇ ਆਪ ਨੂੰ ਫੰਨੇ ਖਾਂ ਕਵੀ ਸਮਝਦਾ ਐ!æææਹੋਰ ਕਿਸੇ ਨੂੰ ਸਮਝਦਾ ਈ ਨ੍ਹੀਂ ਕੱਖ ਵੀ!!” ਜਵਾਬ ਸੁਣ ਕੇ ਮੇਰਾ ਤਾੜੀਆਂ ਮਾਰਨ ਨੂੰ ਚਿੱਤ ਕਰੇ!!!
Leave a Reply