ਲੀਡਰਾਂ ਨੇ ਕੌਡੀਆਂ ਦੇ ਭਾਅ ਖਰੀਦੇ ਵਿਦੇਸ਼ੀ ਹਥਿਆਰ

ਚੰਡੀਗੜ੍ਹ: ਅਕਾਲੀ-ਭਾਜਪਾ ਸਰਕਾਰ ਨੇ ਸਾਲ 2012-13 ਦੌਰਾਨ ਤਕਰੀਬਨ ਢਾਈ ਸੌ ਵੀæਆਈæਪੀਜ਼ ਨੂੰ ਲੱਖਾਂ ਰੁਪਏ ਦੀ ਕੀਮਤ ਵਾਲੇ ਹਥਿਆਰ ਹਜ਼ਾਰਾਂ ਰੁਪਏ ਵਿਚ ਅਲਾਟ ਕੀਤੇ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਆਪਣੇ ਰਾਜ ਭਾਗ ਦੌਰਾਨ ਵੀ ਇਸੇ ਤਰ੍ਹਾਂ ਹੀ ਕੀਤਾ ਸੀ। ਪੁਲਿਸ ਅਕਾਦਮੀ, ਫਿਲੌਰ ਵੱਲੋਂ ਆਰæਟੀæਆਈæ ਤਹਿਤ ਦਿੱਤੀ ਜਾਣਕਾਰੀ ਮੁਤਾਬਕ ਹਾਕਮ ਧਿਰ ਦੇ ਜ਼ਿਆਦਾ ਨੇੜਲਿਆਂ ਨੂੰ ਇਕ-ਇਕ ਨਹੀਂ ਬਲਕਿ ਦੋ-ਦੋ ਹਥਿਆਰ ਅਲਾਟ ਕੀਤੇ ਗਏ ਹਨ। ਆਈæਪੀæਐਸ ਤੇ ਆਈæਏæਐਸ ਅਫਸਰਾਂ ਨੂੰ ਵੀ ਕਾਫੀ ਹਥਿਆਰ ਮਿਲੇ ਹਨ। ਇਸੇ ਤਰ੍ਹਾਂ ਸਿਆਸੀ ਆਗੂਆਂ ਨੇ ਵੀ ਹਥਿਆਰ ਅਲਾਟ ਕਰਾਏ ਹਨ।
ਸੂਚਨਾ ਮੁਤਾਬਕ ਵੀæਆਈæਪੀ ਲੋਕਾਂ ਨੂੰ ਚੀਨ ਦੇ 51 ਪਿਸਟਲ, ਜਰਮਨੀ ਦੇ ਛੇ ਪਿਸਟਲ, ਇੰਗਲੈਂਡ ਦੇ ਦੋ, ਚੈਕੋਸਲਵਾਕੀਆ ਦੇ ਤਿੰਨ, ਇਟਲੀ ਦੇ ਚਾਰ, ਯੂæਐਸ਼ਏ ਦੇ ਦੋ ਤੇ ਸਪੇਨ ਦਾ ਇਕ ਪਿਸਟਲ ਅਲਾਟ ਕੀਤਾ ਗਿਆ। ਬਾਕੀ ਭਾਰਤੀ ਹਥਿਆਰ ਹਨ। 15 ਵਿਅਕਤੀਆਂ ਨੂੰ 315 ਬੋਰ ਰਾਈਫਲ ਅਲਾਟ ਕੀਤੀ ਗਈ ਹੈ ਜਦੋਂਕਿ ਅੱਠ ਵਿਅਕਤੀਆਂ ਨੇ ਰਿਵਾਲਵਰ ਲਏ। ਦੋ ਜਣਿਆਂ ਨੇ ਬਾਰਾਂ ਬੋਰ ਗੰਨ ਲਈ ਹੈ। ਇਕ ਵਿਅਕਤੀ ਨੇ ਮਾਊਜ਼ਰ ਲਿਆ।
ਵੇਰਵਿਆਂ ਮੁਤਾਬਕ ਉਦਯੋਗ ਮੰਤਰੀ ਅਨਿਲ ਜੋਸ਼ੀ ਨੇ ਜਰਮਨੀ ਦਾ ਬਣਿਆ ਪਿਸਟਲ 55 ਹਜ਼ਾਰ ਵਿਚ ਲਿਆ ਹੈ ਜਦੋਂਕਿ ਮੁੱਖ ਸੰਸਦੀ ਸਕੱਤਰ (ਉਚੇਰੀ ਸਿੱਖਿਆ) ਅਵਿਨਾਸ਼ ਚੰਦਰ ਨੇ ਰਿਵਾਲਵਰ 45,500 ਰੁਪਏ ਵਿਚ ਅਲਾਟ ਕਰਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਲੜਕੇ ਜਸਜੀਤ ਸਿੰਘ ਨੂੰ ਚੀਨੀ ਪਿਸਟਲ 30 ਹਜ਼ਾਰ ਰੁਪਏ ਵਿਚ ਹੀ ਮਿਲ ਗਿਆ। ਮਾਰਕੀਟ ਵਿਚ ਚੀਨੀ ਪਿਸਟਲ ਦੀ ਕੀਮਤ ਪੰਜ ਲੱਖ ਤੋਂ ਉਪਰ ਹੈ। ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਖੁਦ 45 ਹਜ਼ਾਰ ਵਿਚ ਰਿਵਾਲਵਰ ਲਿਆ ਜਦੋਂਕਿ ਉਨ੍ਹਾਂ ਦੇ ਲੜਕੇ ਰਵੀਕਰਨ ਸਿੰਘ ਨੇ ਚੀਨੀ ਪਿਸਟਲ (7æ62 ਐਮæਐਮ) 30 ਹਜ਼ਾਰ ਰੁਪਏ ਵਿਚ ਲਿਆ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓæਐਸ਼ਡੀ (ਰਿਹਾਇਸ਼) ਬਲਕਰਨ ਸਿੰਘ ਵਾਸੀ ਬਣਵਾਲਾ ਨੂੰ 30 ਹਜ਼ਾਰ ਵਿਚ ਪਿਸਟਲ ਦਿੱਤਾ ਗਿਆ ਜਦੋਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਬਕਾ ਓæਐਸ਼ਡੀ ਗੁਰਵਿੰਦਰ ਸਿੰਘ ਵਾਸੀ ਬਣਵਾਲਾ ਨੇ 30 ਹਜ਼ਾਰ ਵਿਚ ਪਿਸਟਲ ਅਲਾਟ ਕਰਾ ਲਿਆ ਹੈ। ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਚੀਨੀ ਪਿਸਟਲ 29 ਹਜ਼ਾਰ ਵਿਚ ਦਿੱਤਾ ਗਿਆ ਜਦੋਂ ਕਿ ਸਾਬਕਾ ਵਿਧਾਇਕ ਦਿਲਬਾਗ ਸਿੰਘ ਨੇ 30 ਹਜ਼ਾਰ ‘ਚ ਪਿਸਟਲ ਲਿਆ।
ਅਕਾਲੀ ਦਲ ਦੇ ਸੀਨੀਅਰ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਲੜਕੇ ਅਵਤਾਰ ਸਿੰਘ ਨੂੰ ਸਿਰਫ਼ 20 ਹਜ਼ਾਰ ਰੁਪਏ ਵਿਚ ਪਿਸਟਲ ਅਲਾਟ ਕੀਤਾ ਗਿਆ। ਸਾਬਕਾ ਮੰਤਰੀ ਗੁਲਜ਼ਾਰ ਸਿੰਘ (ਜ਼ਿਲ੍ਹਾ ਬਠਿੰਡਾ) ਨੇ 44,500 ਰੁਪਏ ਵਿਚ ਰਿਵਾਲਵਰ ਤੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ 70 ਹਜ਼ਾਰ ਰੁਪਏ ਵਿਚ ਪਿਸਟਲ ਅਲਾਟ ਕੀਤਾ ਗਿਆ। ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਤੇ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਵੀ ਹਥਿਆਰ ਮਿਲੇ।
ਹਲਕਾ ਲੰਬੀ ਦੇ ਬਾਦਲ ਪਰਿਵਾਰ ਦੇ ਨੇੜਲੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਤਾਂ ਦੋ ਹਥਿਆਰ ਅਲਾਟ ਕੀਤੇ ਗਏ। ਉਨ੍ਹਾਂ ਨੂੰ ਖੁਦ ਨੂੰ ਚੀਨ ਦਾ ਪਿਸਟਲ 29 ਹਜ਼ਾਰ ਰੁਪਏ ਵਿਚ ਮਿਲ ਗਿਆ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਦੇ ਨਾਂ ‘ਤੇ ਵੀ 30 ਹਜ਼ਾਰ ਰੁਪਏ ਦਾ ਚੀਨੀ ਪਿਸਟਲ ਅਲਾਟ ਹੋਇਆ ਹੈ। ਜ਼ਿਲ੍ਹਾ ਮੁਕਤਸਰ ਦੇ ਅਕਾਲੀ ਦਲ ਦੇ ਸੀਨੀਅਰ ਨੇਤਾ ਰੋਜ਼ੀ ਬਰਕੰਦੀ ਨੇ ਖੁਦ ਚੀਨੀ ਪਿਸਟਲ 30 ਹਜ਼ਾਰ ਵਿਚ ਲਿਆ ਹੈ ਜਦੋਂ ਕਿ ਉਨ੍ਹਾਂ ਦੇ ਭਰਾ ਸ਼ਮਿੰਦਰਜੀਤ ਸਿੰਘ ਨੂੰ ਵੀ ਚੀਨੀ ਪਿਸਟਲ 30 ਹਜ਼ਾਰ ਵਿਚ ਮਿਲਿਆ।
ਹਥਿਆਰਾਂ ਦੀ ਅਲਾਟਮੈਂਟ ਦਾ ਮੇਲਾ ਅਫਸਰਾਂ ਨੇ ਵੀ ਲੁੱਟਿਆ ਹੈ। ਆਈæਪੀæਐਸ ਅਧਿਕਾਰੀ ਰੋਹਿਤ ਚੌਧਰੀ ਨੇ ਤਾਂ ਦੋ ਹਥਿਆਰ ਅਲਾਟ ਕਰਾਏ। ਉਨ੍ਹਾਂ ਨੇ ਖੁਦ ਜਰਮਨੀ ਦਾ ਪਿਸਟਲ 65 ਹਜ਼ਾਰ ਤੇ ਉਨ੍ਹਾਂ ਦੀ ਪਤਨੀ ਸਪਨਾ ਚੌਧਰੀ ਨੇ ਪਿਸਟਲ 50 ਹਜ਼ਾਰ ਰੁਪਏ ‘ਚ ਅਲਾਟ ਕਰਾਇਆ ਹੈ। ਆਈæਪੀæਐਸ ਅਧਿਕਾਰੀ ਸੰਜੀਵ ਗੁਪਤਾ, ਪ੍ਰਮੋਦ ਬਾਨ, ਅਸ਼ੀਸ਼ ਚੌਧਰੀ, ਪਰਮਜੀਤ ਸਿੰਘ, ਮਹਾਂਬੀਰ ਸਿੰਘ, ਲੋਕ ਨਾਥ ਆਂਗਰਾ ਤੇ ਸ਼ਾਮ ਲਾਲ ਗੱਖੜ ਨੂੰ ਵੀ ਅਸਲਾ ਮਿਲਿਆ।
ਸਾਬਕਾ ਆਈæਪੀæਐਸ ਹਰਿੰਦਰ ਸਿੰਘ ਚਾਹਲ ਨੇ ਵੀ 28 ਹਜ਼ਾਰ ਦਾ ਪਿਸਟਲ ਲਿਆ ਹੈ। ਆਈæਏæਐਸ ਅਧਿਕਾਰੀ ਵਰੁਣ ਰੂਜ਼ਮ ਤੇ ਰਜਤ ਅਗਰਵਾਲ ਨੇ ਵੀ 30-30 ਹਜ਼ਾਰ ਰੁਪਏ ‘ਚ ਪਿਸਟਲ ਅਲਾਟ ਕਰਾਏ। ਪੀæਸੀæਐਸ ਅਧਿਕਾਰੀ ਸੰਦੀਪ ਰਿਸ਼ੀ ਤੇ ਰਾਹੁਲ ਗੁਪਤਾ ਨੇ ਖੁਦ ਹਥਿਆਰ ਅਲਾਟ ਕਰਾਏ ਹਨ ਜਦੋਂਕਿ ਯਸ਼ਪਾਲ ਸਿੰਘ, ਐਨæਐਸ਼ਬਰਾੜ ਤੇ ਪ੍ਰੀਤਮ ਸਿੰਘ ਦੇ ਲੜਕਿਆਂ ਨੇ ਹਥਿਆਰ ਲਏ ਹਨ ਜਿਨ੍ਹਾਂ ਸਾਧਾਰਨ ਲੋਕਾਂ ਨੂੰ ਅਲਾਟਮੈਂਟ ਹੋਈ ਹੈ, ਉਹ ਸਿਰਫ਼ ਗੰਨ ਜਾਂ ਬਾਰਾਂ ਬੋਰ ਬੰਦੂਕਾਂ ਦੀ ਰਹੀ।
ਔਰਤਾਂ ਵੀ ਇਸ ਕੰਮ ਵਿਚ ਪਿੱਛੇ ਨਹੀਂ ਰਹੀਆਂ ਤੇ ਤਕਰੀਬਨ ਸੱਤ ਔਰਤਾਂ ਨੇ ਇਸ ਅਲਾਟਮੈਂਟ ਤਹਿਤ ਹਥਿਆਰ ਲਏ ਹਨ। ਤਰਨਤਾਰਨ ਦੀ ਰਾਜਵਿੰਦਰ ਕੌਰ ਨੇ 15 ਹਜ਼ਾਰ ਵਿਚ ਤੇ ਇਸੇ ਜ਼ਿਲ੍ਹੇ ਦੀ ਦਲਜੀਤ ਕੌਰ ਨੇ 16 ਹਜ਼ਾਰ ਵਿਚ ਹਥਿਆਰ ਲਿਆ ਹੈ ਜਦੋਂ ਕਿਫਿਰੋਜ਼ਪੁਰ ਦੀ ਬਖਸ਼ੀਸ਼ ਕੌਰ ਨੇ 30 ਹਜ਼ਾਰ ਵਿਚ ਪਿਸਟਲ ਲਿਆ ਹੈ। ਮੁਕਤਸਰ ਦੇ ਪਿੰਡ ਖ਼ੂਨਣ ਕਲਾਂ ਦੀ ਹਰਮਿੰਦਰ ਕੌਰ ਨੇ 15 ਹਜ਼ਾਰ ਵਿਚ ਰਾਈਫਲ ਲਈ ਹੈ।
ਪੰਜਾਬ ਪੁਲਿਸ ਕੋਲ ਇਹ ਪੁਰਾਣਾ ਫੜਿਆ ਹੋਇਆ ਅਸਲਾ ਹੈ ਜਿਸ ਨੂੰ ਹੁਣ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਹੈ। ਮਾਰਕੀਟ ਵਿਚ ਇਨ੍ਹਾਂ ਹਥਿਆਰਾਂ ਦੀ ਕੀਮਤ ਲੱਖਾਂ ਵਿਚ ਹੈ ਜਦੋਂ ਕਿ ਅਲਾਟ ਹਜ਼ਾਰਾਂ ਵਿਚ ਕੀਤਾ ਗਿਆ ਹੈ। ਸਰਕਾਰੀ ਪੱਖ ਹੈ ਕਿ ਇਨ੍ਹਾਂ ਹਥਿਆਰਾਂ ਦੀ ਅਲਾਟਮੈਂਟ ਲਈ ਬਾਕਾਇਦਾ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਅਪਲਾਈ ਕਰਨ ਵਾਲਿਆਂ ਨੂੰ ਮੈਰਿਟ ਦੇ ਆਧਾਰ ‘ਤੇ ਅਸਲਾ ਅਲਾਟ ਕੀਤਾ ਗਿਆ ਹੈ।

Be the first to comment

Leave a Reply

Your email address will not be published.