ਬਲਜੀਤ ਬਾਸੀ
ਪਿਛਲੇ ਦਿਨੀਂ ਪੰਜਾਬੀ ਦੇ ਬਹੁਪੱਖੀ ਪ੍ਰਤਿਭਾ ਵਾਲੇ ਨੌਜਵਾਨ ਪੰਜਾਬੀ ਲੇਖਕ ਬਲਰਾਜ ਸਿੱਧੂ ਦਾ ਇਕ ਲੇਖ ਪੜ੍ਹ ਰਿਹਾ ਸੀ ਜਿਸ ਵਿਚ ਇੰਗਲੈਂਡ ਦੇ ਬ੍ਰਾਇਟਨ ਨਾਮੀ ਇਕ ਨਿਊਡ ਬੀਚ ਦਾ ਰੁਮਾਂਚਕ ਵਰਣਨ ਹੈ। ਇਸ ਬੀਚ ਵਿਚ ਹਰ ਕੋਈ ਨਗਨ ਹੋ ਕੇ ਸੀਆ ਸੇਕਣ ਜਾ ਸਕਦਾ ਹੈ। ਆਪਣੇ ਵਿਸ਼ਿਆਂ ਦਾ ਇਤਿਹਾਸਕ ਪਰਿਪੇਖ ਪੇਸ਼ ਕਰਨ ਵਿਚ ਸਿੱਧੂ ਦਾ ਕੋਈ ਸਾਨੀ ਨਹੀਂ। ਲੇਖਕ ਨੇ ਇਸ ਬੀਚ ਦੇ ਇਤਿਹਾਸਕ ਪਿਛੋਕੜ ਦੇ ਵੀ ਵੇਰਵੇ ਦਿੱਤੇ ਹਨ। ਬੰਦਰਗਾਹ ਵਾਲੇ ਸ਼ਹਿਰ ਦਾ ਪੁਰਾਣਾ ਨਾਂ ਬ੍ਰਿਸਟਲਮਸਟਿਉਨ ਸੀ ਜੋ ਬਾਅਦ ਵਿਚ ਸੁੰਗੜਦਾ ਸੁੰਗੜਦਾ ਬਰਾਇਟਨ ਬਣਿਆ। ਇਹ ਸ਼ਹਿਰ ਗਿਆਰਵੀਂ ਸਦੀ ਵਿਚ ਵਸਿਆ ਦੱਸਿਆ ਜਾਂਦਾ ਹੈ। ਸਮੁੰਦਰ ਰਸਤੇ ਤੋਂ ਇਸ ਪਾਸਿਓਂ ਇੰਗਲੈਂਡ ‘ਤੇ ਹਮਲੇ ਹੁੰਦੇ ਰਹੇ ਹਨ। ਲੇਖਕ ਅਨੁਸਾਰ 1514 ਵਿਚ ਇਹ ਫਰਾਂਸ ਅਤੇ ਇੰਗਲੈਂਡ ਦਰਮਿਆਨ ਭਿਅੰਕਰ ਯੁਧ ਦੌਰਾਨ ਸੜ ਕੇ ਤਬਾਹ ਹੋ ਗਿਆ। ਕੇਵਲ ਇਕ ਸੇਂਟ ਨਿਕੋਲਸ ਚਰਚ ਹੀ ਬਚਿਆ। ਇਸ ਸਾਰੀ ਤਬਾਹੀ ਦੀ ਪੁਨਰ ਉਸਾਰੀ ਕੀਤੀ ਗਈ ਹੈ। ਲੇਖਕ ਦੇ ਸ਼ਬਦਾਂ ਵਿਚ, “ਉਸ ਸਮੇਂ ਸੜ੍ਹ ਕੇ ਸੁਆਹ ਹੋਏ ਉਨ੍ਹਾਂ ਪੁਰਾਤਨ ਰਸਤਿਆਂ ਨੂੰ ਅੱਜ ਵੀ ਲੇਨਜ਼ ਆਖ ਕੇ ਫਰੰਗੀਆਂ ਨੇ ਆਪਣੇ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਹੋਇਆ ਹੈ।” ਸਾਰਾ ਲੇਖ ਬਹੁਤ ਹੀ ਦਿਲਚਸਪ ਹੈ ਪਰ ਸ਼ਬਦਾਂ ਦੀ ਵਰਤੋਂ ਬਾਰੇ ਹਮੇਸ਼ਾ ਚੁਕੰਨਾ ਹੋਣ ਕਾਰਨ ਇਸ ਪ੍ਰਸੰਗ ਵਿਚ ਫਰੰਗੀ ਸ਼ਬਦ ਪੜ੍ਹ ਕੇ ਮੈਂ ਠਠੰਬਰ ਗਿਆ। ਇਹ ਸਹੀ ਗੱਲ ਹੈ ਕਿ ਅਸੀਂ ਭਾਰਤ ਵਿਚ ਅੰਗਰੇਜਾਂ ਲਈ ਫਰੰਗੀ ਸ਼ਬਦ ਆਮ ਹੀ ਵਰਤਦੇ ਰਹੇ ਹਾਂ। ਪਰ ਸਾਡੇ ਇਤਿਹਾਸ ਵਿਚ ਇਹ ਸ਼ਬਦ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਵੀ ਕਈ ਸਦੀਆਂ ਪਹਿਲਾਂ ਪ੍ਰਵੇਸ਼ ਕਰ ਚੁੱਕਾ ਸੀ। ਅੱਗੇ ਜਾ ਕੇ ਭੇਤ ਖੋਲ੍ਹਦਾ ਹਾਂ ਕਿ ਮੈਨੂੰ ਉਕਤ ਪ੍ਰਸੰਗ ਵਿਚ ਇਹ ਸ਼ਬਦ ਕਿਉਂ ਅਢੁਕਵਾਂ ਲੱਗਿਆ ਭਾਵੇਂ ਗਲਤ ਨਹੀਂ ਕਹਾਂਗਾ।
ਬਹੁਤ ਸਾਰੀਆਂ ਪੁਰਾਣੀਆਂ ਲਿਖਤਾਂ ਤੋਂ ਪਤਾ ਲਗਦਾ ਹੈ ਕਿ ਫਿਰੰਗੀ ਸ਼ਬਦ ਅੰਗਰੇਜ਼ਾਂ ਲਈ ਬੜੇ ਚਿਰ ਤੋਂ ਵਰਤਿਆ ਜਾਂਦਾ ਰਿਹਾ ਹੈ। ਸੋਲ੍ਹਵੀਂ ਸਦੀ ਦੇ ਹਿੰਦੀ ਕਵੀ ਜਾਇਸੀ ਨੇ ਲਿਖਿਆ ਹੈ, “ਹਬਸ਼ੀ, ਰੂਸੀ ਔਰ ਫਿਰੰਗੀ, ਬੜ ਬੜ ਗੁਨੀ ਔਰ ਤੇਹਿ ਸੰਗੀ।” ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੇ ‘ਫਿਰੰਗੀਆਂ’ ਦੇ ਜ਼ੁਲਮਾਂ ਦੀ ਦਾਸਤਾਨ ਸੁਣਾਉਂਦੇ ਹੋਏ ਭਾਰਤ ਵਾਸੀਆਂ ਨੂੰ ਇਸ ਤੋਂ ਆਜ਼ਾਦ ਹੋਣ ਦਾ ਹੋਕਾ ਦਿੱਤਾ ਸੀ। ਸਿੰਘਾਂ ਦੀ ਅੰਗਰੇਜ਼ਾਂ ਨਾਲ ਹੋਈ ਲੜਾਈ ਬਾਰੇ ਸ਼ਾਹ ਮੁਹੰਮਦ ਦੁਆਰਾ ਰਚੀ ਵਾਰ ਵਿਚ ਤਾਂ ਅੰਗਰੇਜ਼ਾਂ ਲਈ ਫਰੰਗੀ ਸ਼ਬਦ ਕਈ ਵਾਰੀ ਆਇਆ ਹੈ। ਇਹ ਵਾਰ ਜਾਣੀ ਹੀ ‘ਜੰਗ ਸਿੰਘਾਂ ਤੇ ਫਰੰਗੀਆਂ’ ਵਜੋਂ ਜਾਂਦੀ ਹੈ। ਕੁਝ ਹਵਾਲੇ ਦੇਖੋ,
ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ
ਹੱਲੇ ਤਿੰਨ ਫਰੰਗੀ ਦੇ ਮੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ
ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
—
ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ,
ਸਿੰਘ ਆਪਣੇ ਹੱਥ ਹਥਿਆਰ ਲੈਂਦੇ।
ਇਨ੍ਹਾਂ ਬਹੁਤ ਫਰੰਗੀ ਦੀ ਫੌਜ ਮਾਰੀ,
ਲੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।
—
ਪੁਲ ਬੱਧਾ ਫਰੰਗੀ ਨੇ ਖ਼ਬਰ ਸੁਣ ਕੇ,
ਲਾਂਘੇ ਪਏ ਨੀ ਵਿਚ ਪਲਕਾਰਿਆਂ ਦੇ।
ਆਏ ਸ਼ਹਿਰ ਲਾਹੌਰ ਨੂੰ ਖੁਸ਼ੀ ਕਰਦੇ,
ਵਾਜੇ ਵੱਜਦੇ ਨਾਲ ਨਗਾਰਿਆਂ ਦੇ।
ਫਰੰਗੀ ਸ਼ਬਦ ਦਸਮ ਗ੍ਰੰਥ ਵਿਚ ਵੀ ਕੁਝ ਇਕ ਵਾਰੀ ਆਇਆ ਹੈ। ਅਕਾਲ ਉਸਤਤ ਵਿਚ ਇਹ ਸ਼ਬਦ ਦੇਖੋ,
ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ।
ਚਰਿਤਰ 125 ਵਿਚ ਫਿਰੰਗ ਦੇਸ਼ ਦਾ ਜਿਕਰ ਹੈ,
ਕੋਟ ਕੋ ਕੂਦ ਸਮੁਦ੍ਰ ਕੋ ਫਾਂਧ ਫਿਰੰਗ
ਮੇਂ ਆਨ ਪਰਯੋ ਅਭਿਮਾਨੀ।
ਹੋਰ ਦੇਖੋ,
ਫਰਾ ਸੀ ਫਿਰੰਗੀ ਫਰਾਸੀਸ ਕੇ ਦੁਰੰਗੀ
ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤੁ ਹੈ।
—
ਲੂਟਿ ਫਿਰੰਗੀ ਲਏ ਸਕਲ ਇਕਠੇ ਭਏ॥
ਸਾਹਜਹਾਂ ਜੂ ਜਹਾ ਤਹੀ ਸਭ ਹੀ ਗਏ॥
ਸਭੈ ਲਗੇ ਦੀਵਾਨਿ ਪੁਕਾਰੇ ਆਇ ਕੈ॥
ਹਮਾਯੂੰ ਦੇ ਰਾਜ ਦੌਰਾਨ ਇਕ ਫਿਰੰਗੀ ਸੈਨਿਕ ਦਾ ਜ਼ਿਕਰ ਆਉਂਦਾ ਹੈ ਜੋ ਈਸਾਈ ਤੋਂ ਮੁਸਲਮਾਨ ਬਣ ਗਿਆ ਤੇ ਫਿਰੰਗੀ ਖਾਂ ਨਾਮ ਨਾਲ ਜਾਣਿਆ ਜਾਣ ਲੱਗਾ। ਗੱਲ ਕੀ ਮਧਕਾਲ ਵਿਚ ਫਰੰਗੀ ਸ਼ਬਦ ਗੋਰਿਆਂ ਲਈ ਆਮ ਵਰਤਿਆ ਜਾਂਦਾ ਸੀ। ਅਨੇਕਾਂ ਵਾਰੀ ਫਿਰੰਗ ਸ਼ਬਦ ਵੀ ਵਰਤਿਆ ਮਿਲਦਾ ਹੈ, ਜੋ ਅੰਗਰੇਜ਼ਾਂ/ਯੂਰਪੀਨਾਂ ਦੇ ਦੇਸ਼ ਲਈ ਵਰਤਿਆ ਗਿਆ ਹੈ। ਮਧ ਕਾਲ ਵਿਚ ਭਾਰਤੀ ਲੋਕਾਂ ਨੂੰ ਯੂਰਪ ਦੇ ਦੇਸ਼ਾਂ ਬਾਰੇ ਭੂਗੋਲਿਕ ਜਾਣਕਾਰੀ ਬਹੁਤ ਘਟ ਸੀ। ਇਹ ਵੀ ਸੱਚ ਹੈ ਕਿ ਯੂਰਪੀਨਾਂ ਨੂੰ ਵੀ ਭਾਰਤ ਦੀ ਭੁਗੋਲਿਕ ਜਾਣਕਾਰੀ ਬਹੁਤੀ ਨਹੀਂ ਸੀ। ਫਿਰੰਗੀ ਸ਼ਬਦ ਬਦੇਸ਼ੀ ਸਮਝੇ ਜਾਂਦੇ ਗੋਰੇ ਲੋਕਾਂ ਲਈ ਨਫਰਤ ਤੇ ਰੋਹ ਦੇ ਭਾਵ ਨਾਲ ਹੀ ਵਰਤਿਆ ਜਾਂਦਾ ਰਿਹਾ ਹੈ।
ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਅੰਗਰੇਜ਼ਾਂ ਤੋਂ ਵੀ ਪਹਿਲਾਂ ਹੋਰ ਯੂਰਪੀਨ ਦੇਸ਼ਾਂ ਜਿਵੇਂ ਪੁਰਤਗੀਜ਼ਾਂ, ਫਰਾਂਸੀਸੀਆਂ ਆਦਿ ਨੇ ਵੀ ਭਾਰਤ ਉਤੇ ਅੰਸ਼ਕ ਰੂਪ ਵਿਚ ਰਾਜ ਕੀਤਾ ਹੈ। ਭਾਰਤ ਵਿਚ ਫਿਰੰਗੀ ਸ਼ਬਦ ਅਰਬੀ ਜ਼ਬਾਨ ਰਾਹੀਂ ਆਇਆ। ਹਾਬਸਨ ਜਾਬਸਨ ਦੇ ਲੇਖਕ ਨੇ ਭਾਰਤ ਵਿਚ ਇਸ ਦੀ ਆਮਦ ਦੀ ਨਿਸ਼ਾਨਦੇਹੀ ਅਰਬੀ ਤੋਂ ਫਰਾਂਸੀਸੀ ਅਤੇ ਫਿਰ ਭਾਰਤੀ ਭਾਸ਼ਾਵਾਂ ਵਿਚ ਕੀਤੀ ਹੈ। ਤਾਮਿਲ ਤੇ ਲੰਕਾ ਦੀ ਸਿਨਹਾਲੀ ਭਾਸ਼ਾ ਵਿਚ ਪੁਰਤਗੀਜ਼ਾਂ ਲਈ ਪਰੰਗੀ ਜਿਹਾ ਸ਼ਬਦ ਚਲਦਾ ਰਿਹਾ ਹੈ। ਤਾਮਿਲਨਾਡੂ ਵਿਚ ਇਕ ਪਹਾੜੀ ਚੋਟੀ ਸੇਂਟ ਟਾਮਸ ਮਾਊਂਟ ਦਾ ਨਾਂ ‘ਪਰੰਗੀ ਮਲਾਈ’ ਹੈ। ਤੈਲਗੂ ਵਿਚ ਤਾਂ ਇਸ ਦਾ ਅਰਥ ਤੋਪ ਵੀ ਬਣ ਗਿਆ। ਪੁਰਤਗੇਜ਼ਾਂ ਵਲੋਂ ਵਰਤੀ ਇਕ ਤਲਵਾਰ ਦਾ ਨਾਂ ਵੀ ਫਿਰੰਗੀ ਹੈ। ਪਾਣੀਪਤ ਦੀ ਲੜਾਈ ਬਾਰੇ ਜ਼ਿਕਰ ਵਿਚ ਬਾਬਰ ਨੇ ਆਪਣੇ ਤੋਪਖਾਨੇ ਨੂੰ ਫਰੰਗੀਹਾ ਦੱਸਿਆ ਹੈ। ਭਾਰਤ ਵਿਚ ਫਰੰਗੀ ਜਿਹੇ ਸ਼ਬਦ ਨੂੰ ਮੋਟੇ ਤੌਰ ‘ਤੇ ਪਹਿਲਾਂ ਯੂਰਪੀ ਤੇ ਫਿਰ ਅੰਗਰੇਜ਼ ਸਮਝਿਆ ਗਿਆ। ਇਸ ਲਈ ਇਸ ਤੋਂ ਕੁਝ ਇਕ ਹੋਰ ਸ਼ਬਦ ਵੀ ਬਣੇ। ਫਿਰੰਗਸਤਾਨ ਜਾਂ ਫਿਰਹੰਗ ਯੂਰਪ ਨੂੰ ਕਿਹਾ ਗਿਆ। ਅਕਾਲ ਉਸਤਤ ਵਿਚ ‘ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾਵਾਲੀ’ ਤੁਕ ਆਉਂਦੀ ਹੈ। ਆਤਸ਼ਕ ਜਿਹੀ ਬੀਮਾਰੀ ਲਈ ਵੀ ਫਿਰੰਗ, ਫਿਰੰਗਵਾਤ ਜਾਂ ਬਾਦਫਿਰੰਗ ਸ਼ਬਦ ਮਿਲਦੇ ਹਨ। ਸਮਝਿਆ ਗਿਆ ਕਿ ਇਹ ਬੀਮਾਰੀ ਵਿਭਚਾਰੀ ਫਿਰੰਗੀਆਂ ਤੋਂ ਫੈਲਦੀ ਹੈ। ਵਾਰਿਸ ਸ਼ਾਹ ਨੇ ਇਸ ਬੀਮਾਰੀ ਦਾ ਜ਼ਿਕਰ ਕੀਤਾ ਹੈ,
ਰੰਨ ਮਰਦ ਨੂੰ ਕਾਮ ਜੇ ਕਰੇ ਗਲਬਾ
ਧਨੀਆਂ ਭਿਉਂ ਕੇ ਚਾ ਪਵਾਵਨੇ ਹਾਂ।
ਨਾਮਰਦ ਨੂੰ ਚੀਚ ਵਹੁਟੀਆਂ ਦਾ
ਤੇਲ ਕੱਢ ਕੇ ਨਿੱਤ ਮਲਾਵਨੇ ਹਾਂ।
ਜੇ ਕਿਸੇ ਨੂੰ ਬਾਦ ਫਰੰਗ ਹੋਵੇ
ਤੇ ਰਸਕਪੁਰ ਤੇ ਲੌਂਗ ਦਵਾਵਨੇ ਹਾਂ।
ਪਰਮੇਵ ਸੁਜ਼ਾਕ ਤੇ ਛਾਹ ਮੋਤੀ
ਉਹਨੂੰ ਇੰਦਰੀ ਝਾੜ ਦਵਾਵਨੇ ਹਾਂ।
ਆਯੁਰਵੇਦ ਵਿਚ ਇਸ ਬੀਮਾਰੀ ਦੇ ਇਲਾਜ ਦੱਸੇ ਗਏ ਹਨ। ਆਯੁਰਵੇਦ ਦੀ ਇਕ ਮੂਲ ਲਿਖਤ ਅਚਾਰੀਆ ਭਾਵ ਮਿਸ਼ਰ ਦੁਆਰਾ ਰਚਿਤ ‘ਭਾਵ ਪ੍ਰਕਾਸ਼’ ਵਿਚ ਇਸ ਦਾ ਪਹਿਲੀ ਵਾਰੀ ਜ਼ਿਕਰ ਹੋਇਆ ਮਿਲਦਾ ਹੈ। ਦਿਲਚਸਪ ਗੱਲ ਹੈ ਕਿ ਮਹਾਨ ਕੋਸ਼ ਨੇ ਇਸ ਬੀਮਾਰੀ ਦੇ ਅਰਥ ਵਜੋਂ ‘ਉਪਦੇਸ਼’ ਸ਼ਬਦ ਦਿੱਤਾ ਹੈ ਜੋ ਸਰਾਸਰ ਗਲਤ ਹੈ। ਜਾਂ ਤਾਂ ਛਾਪੇ ਦੀ ਗਲਤੀ ਹੋਈ ਹੈ ਜਾਂ ਭਾਈ ਕਾਹਨ ਸਿੰਘ ਨੂੰ ਟਪਲਾ ਲੱਗਾ ਹੈ। ਅਸਲ ਸੰਸਕ੍ਰਿਤ ਦਾ ਸ਼ਬਦ ਉਪਦੰਸ਼ (ਦੰਸ਼=ਡੱਸਣਾ) ਹੈ।
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਫਿਰੰਗੀ ਜਿਹਾ ਸ਼ਬਦ ਭਾਵੇਂ ਅਰਬੀ ਫਾਰਸੀ ਰਾਹੀਂ ਭਾਰਤ ਵਿਚ ਆਇਆ ਪਰ ਇਸ ਦੀ ਪ੍ਰਾਚੀਨਤਮ ਵਰਤੋਂ ਮਿਸਰ ਵਿਚ ਹੋਈ ਮਿਲਦੀ ਹੈ। ਗਿਆਰਵੀਂ ਸਦੀ ਵਿਚ ਯੂਰਪੀ ਈਸਾਈਆਂ ਨੇ ਯੁਰੂਸਲਮ ‘ਤੇ ਕਬਜ਼ੇ ਲਈ ਕੁਰੂਸੇਡ (ਧਰਮ ਯੁਧ) ਕੀਤੇ ਜਿਨ੍ਹਾਂ ਵਿਚ ਮੁਖ ਪਛਾਣ ਫਰਾਂਸੀਸੀਆਂ ਦੀ ਕੀਤੀ ਗਈ। ਅਸਲ ਵਿਚ ਪਹਿਲੇ ਕੁਰੂਸੇਡ ਵਿਚ ਫਰਾਂਸੀਸੀ ਹੀ ਲੀਡਰ ਸਨ। ਫਿਰੰਗੀ ਸ਼ਬਦ ਹੀ ਫਰਾਂਸੀਸੀ ਸ਼ਬਦ ਦੇ ਪੁਰਾਣੇ ਰੂਪ ਤੋਂ ਵਿਗੜ ਕੇ ਬਣਿਆ ਹੈ ਜਿਨ੍ਹਾਂ ਨੂੰ ਉਦੋਂ ਫਰੈਂਕ ਾਂਰਅਨਕ ਕਿਹਾ ਜਾਂਦਾ ਸੀ। ਇਸ ਤਰ੍ਹਾਂ ਇਹ ਸ਼ਬਦ ਵਿਆਪਕ ਤੌਰ ‘ਤੇ ਦੁਨੀਆਂ ਭਰ ਦੀਆਂ ਵਿਭਿੰਨ ਭਾਸ਼ਾਵਾਂ ਵਿਚ ਅੱਡ ਅੱਡ ਰੂਪ ਵਿਚ ਵਰਤਿਆ ਮਿਲਦਾ ਹੈ। ਚੀਨੀ ਵਿਚ ਫਲੰਗ ਅਤੇ ਤਿੱਬਤੀ ਵਿਚ ਪੇਲੌਂਗ ਜਿਹੇ ਇਸ ਦੇ ਰੂਪ ਮਿਲਦੇ ਹਨ। ਭਾਰਤ ਵਿਚ ਇਹ ਪਹਿਲਾਂ ਕਿਸੇ ਵੀ ਯੂਰਪੀ ਦੇਸ਼ ਦੇ ਲੋਕਾਂ ਦੇ ਅਰਥ ਤੋਂ ਸੁੰਗੜਦਾ ਹੋਇਆ ਸਿਰਫ ਅੰਗਰੇਜ਼ਾਂ ਦਾ ਅਰਥਾਵਾਂ ਬਣ ਕੇ ਰਹਿ ਗਿਆ ਤੇ ਉਹ ਵੀ ਸਾਡੀ ਨਫਰਤ ਦਾ ਪਾਤਰ। ਇਹ ਸ਼ਬਦ ਪ੍ਰਸੰਗ ਅਨੁਸਾਰ ਅਲੱਗ ਅਲੱਗ ਭਾਵ ਜਗਾਉਂਦਾ ਹੈ। ਕਿਧਰੇ ਘ੍ਰਿਣਾ ਤੇ ਰੋਹ ਦੇ ਤੇ ਕਿਧਰੇ ਮਾਣ ਸਨਮਾਨ ਦੇ। ਏæਸੀæ ਲਾਇਲ ਨੇ 1861 ਦੀ ਇਕ ਲਿਖਤ ਵਿਚ ਇਕ ਕਵਿਤਾ ਦੇ ਕੁਝ ਅੰਸ਼ ਇਸ ਤਰ੍ਹਾਂ ਦਰਸਾਏ ਹਨ,
“ਠਹeਰe ਗੋeਸ ਮੇ ਲੋਰਦ ਟਹe ਾਂeਰਨਿਗਹee, ੱਹੋ ਟਅਲਕਸ ਸੋ ਚਵਿਲਿ ਅਨਦ ਬਲਅਨਦ, ਭੁਟ ਰਅਵeਸ ਲਕਿe ਅ ਸੁਲ ਨਿ ਝeਹਅਨਨੁਮ ਿ ੀ ਦੋਨḔਟ ਤੁਟਿe ੁਨਦeਰਸਟਅਨਦ-੍ਹe ਬeਗਨਿਸ ਬੇ ਚਅਲਲਨਿਗ ਮe ੰਅਹਬਿ, ਅਨਦ eਨਦਸ ਬੇ ਚਅਲਲਨਿਗ ਮe ੋਲ…”
1857 ਦੇ ਗਦਰ ਦੇ ਦੌਰ ਵਿਚ ਇਹ ਅੰਗਰੇਜ਼ਾਂ ਪ੍ਰਤੀ ਨਫਰਤ ਜਗਾਉਣ ਲਈ ਵਰਤਿਆ ਗਿਆ। ਪੰਜਾਬ ਦੇ ਗਦਰੀਆਂ ਨੇ ਵੀ ਇਸ ਦੀ ਖੂਬ ਵਰਤੋਂ ਕੀਤੀ ਹੈ।
ਫਰੈਂਕ ਸ਼ਬਦ ਮੁਢਲੇ ਤੌਰ ‘ਤੇ ਪ੍ਰਾਚੀਨ ਜਰਮਨ ਕਬੀਲਿਆਂ ਲਈ ਵਰਤਿਆ ਗਿਆ ਜਿਨ੍ਹਾਂ ਦੀ ਪੁਰਾਣੇ ਯੂਰਪੀ ਇਤਿਹਾਸ ਵਿਚ ਖੂਬ ਚੜ੍ਹਤ ਹੋਈ। ਏਹੀ ਕਬੀਲੇ ਗੌਲ (ਘਅੁਲ) ਨਾਂ ਨਾਲ ਜਾਣੇ ਜਾਂਦੇ ਦੇਸ਼ ਵਿਚ ਕਾਬਜ਼ ਹੋਏ ਤਾਂ ਉਸ ਨੂੰ ਫਰੈਂਕ ਜਿਹਾ ਨਾਂ ਮਿਲਿਆ। ਮਹਾਨ ਕੋਸ਼ ਵਿਚ ਫਿਰੰਗੀ ਸ਼ਬਦ ਦੇ ਇੰਦਰਾਜ ਵਿਚ ਇਸ ਤਰ੍ਹਾਂ ਲਿਖਿਆ ਗਿਆ ਹੈ, “ਫ੍ਰਾਂਕ ਨਾਮ ਦਾ ਇੱਕ ਜਰਮਨ ਜਥਾ ਸੀ, ਜੋ ਫ੍ਰਾਂਸ ਆਦਿ ਦੇਸ਼ਾਂ ਵਿਚ ਫੈਲ ਗਿਆ ਅਤੇ ਜਿਸ ਦਾ ਕਈ ਵਾਰ ਤੁਰਕਾਂ ਨਾਲ ਮੁਕਾਬਲਾ ਹੋਇਆ। ਸਭ ਤੋਂ ਪਹਿਲਾਂ ਤੁਰਕਾਂ ਨੇ ਯੂਰਪ ਨਿਵਾਸੀਆਂ ਨੂੰ ‘ਫਿਰੰਗੀ’ ਨਾਮ ਨਾਲ ਬੁਲਾਉਣਾ ਅਰੰਭਿਆ। ਹਿੰਦੁਸਤਾਨ ਵਿਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਉਨ੍ਹਾਂ ਨੂੰ ਫਿਰੰਗੀ ਸ਼ਬਦ ਤੋਂ ਪੁਕਾਰਿਆ ਗਿਆ, ਫੇਰ ਜੋ ਫ੍ਰਾਂਸ ਜਾਂ ਇੰਗਲੈਂਡ ਦਾ ਆਇਆ, ਸਭ ਫਿਰੰਗੀ ਸ਼ਬਦ ਦਾ ਵਾਚਯ ਹੋਇਆ।”
ਇਸ ਸੰਖੇਪ ਚਰਚਾ ਤੋਂ ਪਤਾ ਲਗਦਾ ਹੈ ਕਿ ਫਰੰਗੀ/ਫਿਰੰਗੀ ਸ਼ਬਦ ਦੀ ਧੁਨੀ ਤੇ ਅਰਥ ਫਰਾਂਸ ਦੇਸ਼ ਦੇ ਪੁਰਾਣੇ ਨਾਂ ਨਾਲ ਜਾ ਜੁੜਦੀ ਹੈ। ਇਸੇ ਲਈ ਮੈਂ ਬਲਰਾਜ ਸਿੱਧੂ ਦੀ ਲਿਖਤ ਵਿਚ ਅੰਗਰੇਜ਼ਾਂ ਤੇ ਫਰਾਸੀਸੀਆਂ ਵਿਚਕਾਰ ਲੜਾਈ ਨੂੰ ਫਰੰਗੀਆਂ ਤੇ ਫਰਾਂਸੀਸੀਆਂ ਦਰਮਿਆਨ ਲੜਾਈ ਕਹਿਣ ‘ਤੇ ਕਿੰਤੂ ਕੀਤਾ ਸੀ।
Leave a Reply