ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਇਕ ਪਾਸੇ ਰਾਜ ਅੰਦਰ ਪੁਲਿਸ ਸੁਧਾਰਾਂ ਦੀ ਗੱਲ ਕਰ ਰਹੇ ਹਨ ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਭਰ ਦੇ ਵੱਡੀ ਗਿਣਤੀ ਪੁਲਿਸ ਥਾਣੇ ਵਿਭਾਗ ਵੱਲੋਂ ਨੋਟੀਫਾਈ ਥਾਵਾਂ ਦੀ ਥਾਂ ਹੋਰ ਥਾਵਾਂ ਤੋਂ ਹੀ ਚਲਾਏ ਜਾ ਰਹੇ ਹਨ। ਕਈ ਥਾਈਂ ਤਾਂ ਇਨ੍ਹਾਂ ਅਰਜ਼ੀ ਥਾਣਿਆਂ ਵਿਚ ਵਰਤੀ ਜਾ ਰਹੀ ਬਿਜਲੀ ਦੇ ਬਿੱਲ ਵੀ ਨਹੀਂ ਭਰੇ ਜਾ ਰਹੇ।
ਹਾਲਾਤ ਇਸ ਕਦਰ ਮਾੜੇ ਹਨ ਕਿ ਲੋਕਾਂ ਦੀ ਸਹੂਲਤ ਲਈ ਕਾਇਮ ਇਨ੍ਹਾਂ ਪੁਲਿਸ ਥਾਣਿਆਂ ਵਿਚ ਆਪਣੀ ਮਹਿਲਾ ਪੁਲਿਸ ਲਈ ਹੀ ਵੱਖਰੇ ਪਖਾਨਿਆਂ ਦੀ ਸਹੂਲਤ ਨਹੀਂ। ਅਧਿਕਾਰਤ ਸੂਚਨਾ ਮੁਤਾਬਕ ਪੁਲਿਸ ਜ਼ਿਲ੍ਹਾ ਬਟਾਲਾ ਦਾ ਬਹਿਰਾਮਪੁਰ ਥਾਣਾ ਸਰਕਾਰੀ ਸਕੂਲ ਦੀ ਇਮਾਰਤ, ਘੁਮਾਣ ਕਲਾਂ ਦਾ ਥਾਣਾ ਪਸ਼ੂ ਹਸਪਤਾਲ ਦੀ ਇਮਾਰਤ ਵਿਚ, ਭੈਣੀ ਮੀਆਂ ਖ਼ਾਨ ਦਾ ਥਾਣਾ ਵੀ ਪਸ਼ੂ ਹਸਪਤਾਲ ਦੀ ਇਮਾਰਤ ਵਿਚ, ਤਿੱਬੜ ਥਾਣਾ ਸਨਅਤੀ ਫੋਕਲ ਪੁਆਇੰਟ ਦੀ ਇਮਾਰਤ ਵਿਚ, ਪੁਲਿਸ ਲਾਈਨਜ਼ ਬਟਾਲਾ ਦੀ ਵੀ ਆਪਣੀ ਇਮਾਰਤ ਨਹੀਂ ਹੈ।
ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ 12 ਪੁਲਿਸ ਥਾਣਿਆਂ ਵਿਚੋਂ ਸਿਰਫ਼ ਐਸ਼ਐਸ਼ਪੀæ ਦੀ ਮਨਜ਼ੂਰੀ ਨਾਲ ਸੱਤ ਥਾਣਿਆਂ ਦਾ ਬਿਜਲੀ ਬਿੱਲ ਹੀ ਭਰਿਆ ਗਿਆ ਹੈ ਜਦਕਿ ਬਾਕੀ ਉੱਪਰ ਦਿੱਤੇ ਥਾਣਿਆਂ ਦੇ ਬਿਜਲੀ ਬਿੱਲਾਂ ਬਾਰੇ ਵੀ ਪੁਲਿਸ ਕੋਲ ਵੱਖਰੇ ਫ਼ੰਡ ਦਾ ਕੋਈ ਪ੍ਰਬੰਧ ਨਹੀਂ ਹੈ। ਪੁਲਿਸ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਲਾਈਨ ਦੀ ਵੀ ਆਪਣੀ ਕੋਈ ਇਮਾਰਤ ਨਹੀਂ ਹੈ। ਇਸ ਨੂੰ ਸਥਾਨਕ ਕਚਹਿਰੀ ਚੌਕ ਨੇੜੇ ਇਕ ਕਿਰਾਏ ਦੀ ਇਮਾਰਤ ਵਿਚ ਸਥਾਪਤ ਕੀਤਾ ਹੋਇਆ ਹੈ, ਰੁੜਕੀ ਕਲਾਂ ਦੇ ਥਾਣੇ ਲਈ ਪੰਚਾਇਤ ਨੂੰ ਜ਼ਮੀਨ ਦਾਨ ਵਜੋਂ ਦੇਣੀ ਪਈ ਹੈ ਤੇ ਟੱਲੇਵਾਲ ਤੇ ਥੁੱਲੀਵਾਲ ਥਾਣਿਆਂ ਲਈ ਵੀ ਜ਼ਮੀਨਾਂ ਦਾਨ ਦਿੱਤੀਆਂ ਗਈਆਂ ਹਨ।
ਜਲੰਧਰ ਦਿਹਾਤੀ ਤਹਿਤ ਪੁਲਿਸ ਥਾਣਾ ਲੋਹੀਆ ਪੰਚਾਇਤ ਸੰਮਤੀ ਲੋਹੀਆ ਦੀ ਡਿਸਪੈਂਸਰੀ ਵਿਚ, ਪੁਲਿਸ ਲਾਈਨ ਜਲੰਧਰ ਦਿਹਾਤੀ ਦੀ ਕੋਈ ਆਪਣੀ ਇਮਾਰਤ ਜਾਂ ਜ਼ਮੀਨ ਨਹੀਂ ਹੈ ਤੇ ਇਹ ਹਾਲੇ ਵੀ ਪੁਲਿਸ ਲਾਈਨ ਵਿਚ ਵੀ ਵਰ੍ਹਿਆ ਪੁਰਾਣੀ ਇਮਾਰਤ ਵਿਚੋਂ ਹੀ ਕੰਮ ਕਰ ਰਹੀ ਹੈ, ਮਕਸੂਦਾ ਥਾਣੇ ਨੂੰ ਵੀ ਸਿਹਤ ਵਿਭਾਗ ਦੀ ਡਿਸਪੈਂਸਰੀ ਵਿਚ ਚਲਾਇਆ ਜਾ ਰਿਹਾ ਹੈ। ਮੋਗਾ ਦਾ ਐਨæਆਰæਆਈæ ਪੁਲਿਸ ਥਾਣਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਵਿਚ, ਸੀæਆਈæਏæ ਸਟਾਫ਼ ਮੋਗਾ ਤੇ ਡੀæਐਸ਼ਪੀæ ਧਰਮਕੋਟ ਦਾ ਦਫ਼ਤਰ ਕਿਰਾਏ ਦੀਆਂ ਇਮਾਰਤਾਂ ਵਿਚ ਹਨ।
ਪੁਲਿਸ ਥਾਣਾ ਖੰਨਾ ਮਾਰਕੀਟ ਕਮੇਟੀ ਦੀ ਇਮਾਰਤ ਵਿਚ, ਸ੍ਰੀ ਮੁਕਤਸਰ ਸਾਹਿਬ ਤਹਿਤ ਪੈਂਦਾ ਥਾਣਾ ਲੱਖੇਵਾਲੀ, ਜ਼ਿਲ੍ਹਾ ਅਜੀਤਗੜ੍ਹ ਦਾ ਥਾਣਾ ਸਿਟੀ ਖਰੜ, ਥਾਣਾ ਸਿਟੀ ਕੁਰਾਲੀ ਕਿਰਾਏ ਦੀਆਂ ਇਮਾਰਤਾਂ ਵਿਚ ਹਨ। ਅਜੀਤਗੜ੍ਹ ਜ਼ਿਲ੍ਹੇ ਦਾ ਵੀ ਖਰੜ ਪੁਲਿਸ ਥਾਣਾ, ਅਜੀਤਗੜ੍ਹ ਦੇ ਫੇਜ਼ 2 ਦਾ ਪੁਲਿਸ ਥਾਣਾ ਆਰਜ਼ੀ ਇਮਾਰਤਾਂ ਵਿਚ ਚੱਲ ਰਹੇ ਹਨ। ਘੜੂੰਆਂ ਪੁਲਿਸ ਥਾਣੇ ਨੂੰ ਮਾਲ ਵਿਭਾਗ ਦੀ ਇਮਾਰਤ ਵਿਚੋਂ ਕੁਰਾਲੀ ਪੁਲਿਸ ਥਾਣੇ ਨੂੰ ਬਲਾਕ ਸੰਮਤੀ ਕੁਰਾਲੀ ਸਿਟੀ ਦੇ ਵਿਸ਼ਰਾਮ ਘਰ, ਸੋਹਾਣਾ ਪੁਲਿਸ ਥਾਣੇ ਨੂੰ ਸਟਾਫ਼ ਦੇ ਰਿਹਾਇਸ਼ੀ ਕੁਆਰਟਰਾਂ, ਮਟੌਰ, ਅਜੀਤਗੜ੍ਹ ਸਨਅਤੀ ਖੇਤਰ ਪੁਲਿਸ ਚੌਕੀ ਤੇ ਨਵਾਂਗਾਉਂ ਦੇ ਪੁਲਿਸ ਥਾਣਿਆਂ ਨੂੰ ਨਿੱਜੀ ਇਮਾਰਤਾਂ ਵਿਚੋਂ ਚਲਾਇਆ ਗਿਆ ਰਿਹਾ ਹੈ। ਉਪਰੋਕਤ ਇਨ੍ਹਾਂ ਸਾਰੇ ਪੁਲਿਸ ਥਾਣਿਆਂ ਵਿਚੋਂ 80 ਫ਼ੀਸਦੀ ਮਹਿਲਾਵਾਂ ਲਈ ਵੱਖਰੇ ਪਖ਼ਾਨਿਆਂ ਦੀ ਸਹੂਲਤ ਤੋਂ ਵਾਂਝੇ ਹਨ।
____________________________
ਪੰਜਾਬ ਮਹਿਲਾ ਪੁਲਿਸ ਵੀ ਵਿਤਕਰੇ ਦਾ ਸ਼ਿਕਾਰ
ਚੰਡੀਗੜ੍ਹ: ਪੰਜਾਬ ਪੁਲਿਸ ਦੇ ਮਹਿਕਮੇ ਵਿਚਲੀਆਂ ਮਹਿਲਾ ਪੁਲਿਸ ਅਧਿਕਾਰੀਆਂ ਨਾਲ ਵਿਤਕਰਾ ਕਰਨ ਵਿਚ ਵੀ ਪਿੱਛੇ ਨਹੀਂ ਹਨ।
ਮਹਿਕਮੇ ਦੇ ਅੰਕੜਿਆਂ ਮੁਤਾਬਕ ਇਸ ਸਾਲ ਤਿੰਨ ਫ਼ਰਵਰੀ ਪਿੱਛੋਂ ਆਏ ਜਬਰ ਜਨਾਹ ਦੇ 62 ਕੇਸਾਂ ਵਿਚੋਂ ਸਿਰਫ਼ ਇਕ ਕੇਸ ਹੀ ਜਾਂਚ ਲਈ ਕਾਨੂੰਨ ਮੁਤਾਬਕ ਇਕ ਮਹਿਲਾ ਪੁਲਿਸ ਅਧਿਕਾਰੀ ਦੇ ਸਪੁਰਦ ਕੀਤਾ ਗਿਆ ਜਦਕਿ ਬਾਕੀ ਸਾਰਿਆਂ ਵਿਚ ਜਾਂਚ ਅਧਿਕਾਰੀ ਮਰਦ ਪੁਲਿਸ ਅਧਿਕਾਰੀ ਹੀ ਹਨ। ਇਸ ਦਾ ਵੱਡਾ ਕਾਰਨ ਅਜਿਹੇ ਸੰਵੇਦਨਸ਼ੀਲ ਤੇ ਸੰਵਿਧਾਨਕ ਸਖ਼ਤੀ ਵਾਲੇ ਕੇਸਾਂ ਵਿਚ ਵੱਢੀ ਦਾ ਸਕੋਪ ਵਧ ਹੋਣਾ ਦੱਸਿਆ ਜਾ ਰਿਹਾ ਹੈ। ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ।
Leave a Reply