-ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਮਹਿੰਦਰਾ ਕਾਲਜ ਪਟਿਆਲੇ ਦਾਖਲ ਹੁੰਦਿਆਂ ਹੀ ਪ੍ਰੋæ ਮੋਹਨ ਸਿੰਘ ਦੀਆਂ ਦੋ ਕਿਤਾਬਾਂ ‘ਸਾਵੇ ਪੱਤਰ’ ਅਤੇ ‘ਕਸੁੰਭੜਾ’ ਪੜ੍ਹਨ ਦਾ ਮੌਕਾ ਮਿਲਿਆ। ਕਵਿਤਾਵਾਂ ਬਹੁਤ ਚੰਗੀਆਂ ਲੱਗੀਆਂ। ਇਕ ਕਵਿਤਾ ਤਾਂ ਹੱਡਾਂ ਵਿਚ ਹੀ ਰਚ ਗਈ,
ਮੈਂ ਹੁੰਦਾ ਜਾਂ ਕੁਝ ਹੋਰ ਹੋਰ
ਮੇਰੀ ਵੱਖਰੀ ਜਾਪੇ ਤੋਰ ਤੋਰ।
ਕੋਈ ਆਉਂਦੀ ਜਾਵੇ ਯਾਦ ਯਾਦ
ਜਿੰਦ ਹੁੰਦੀ ਜਾਵੇ ਸੁਆਦ ਸੁਆਦ।
ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ,
ਮੈਨੂੰ ਚੜ੍ਹਦਾ ਜਾਵੇ ਰੰਗ ਰੰਗ
ਇਹ ਦੁਨੀਆਂ ਜਾਪੇ ਤੰਗ ਤੰਗ।
ਸੋਚਦਾ ਹਾਂ ਕਿ ਇਸ ਕਵਿਤਾ ਵਿਚ ਰਿਦਮ, ਲੈਅ ਬਹੁਤ ਬਲਵਾਨ ਹੈ ਜਿਹੜੀ ਕਵਿਤਾ ਦੀ ਜਿੰਦ-ਜਾਨ ਹੈ। ਲੈਅ ਦੀ ਖੂਬਸੂਰਤੀ ਨੇ ਹੀ ਕਵਿਤਾ ਨੂੰ ਵਾਰਤਕ ਤੋਂ ਪਹਿਲਾਂ ਲੋਕਾਂ ਦੇ ਦਿਲਾਂ ਵਿਚ ਥਾਂ ਦਿੱਤੀ। ਪਿਆਰ ਭਰੀ ਲੋਰੀ ਬੱਚੇ ਲਈ ਮਾਂ ਦੀ ਪਹਿਲੀ ਸੁਗਾਤ ਹੈ। ਵੇਦ ਕਵਿਤਾ ਵਿਚ ਲਿਖੇ ਗਏ। ਦਵਾਈਆਂ-ਬੂਟੀਆਂ ਵੀ ਕਵਿਤਾ ਵਿਚ ਹੀ ਲਿਖੀਆਂ ਗਈਆਂ ਪਰ ਲੋਕਾਂ ਦੀ ਆਮ ਬੋਲੀ ਵਿਚ ਨਾ ਲਿਖਣ ਕਰ ਕੇ ਲੈਅ ਦੇ ਬਾਵਜੂਦ ਥੋੜ੍ਹੇ ਜਿਹੇ ਬੰਦਿਆਂ ਨੂੰ ਹੀ ਇਸ ਦਾ ਲਾਭ ਮਿਲ ਸਕਿਆ। ਬਾਅਦ ਵਿਚ ਕਵਿਤਾ ਆਮ ਲੋਕਾਂ ਦੀ ਬੋਲੀ ਵਿਚ ਲਿਖੀ ਅਤੇ ਕਹੀ ਜਾਣ ਲੱਗੀ। ਅਨਪੜ੍ਹ ਲੋਕ ਲਿਖਣਾ ਨਹੀਂ ਸਨ ਜਾਣਦੇ ਪਰ ਬਹੁਤ ਸੋਹਣੀ ਕਵਿਤਾ ਬੋਲ ਲੈਂਦੇ ਸਨ। ਅੱਜ ਕੱਲ੍ਹ ਵੀ ਬਹੁਤ ਸਾਰੇ ਸਿੰਘ ਸ਼ਰਧਾ, ਲੈਅ, ਪ੍ਰੇਮ ਅਤੇ ਦਿਲਚਸਪੀ ਅਧੀਨ ਘੰਟਿਆਂ ਬੱਧੀ ਕੀਰਤਨ ਕਰ ਲੈਂਦੇ ਹਨ। ਉਨ੍ਹਾਂ ਨੇ ਨਾ ਕੁਝ ਪੜ੍ਹਿਆ ਹੈ, ਨਾ ਲਿਖਿਆ ਹੈ, ਕੇਵਲ ਸੁਣਿਆ ਹੈ। ਲੈਅ ਵਿਚ ਕਹੀਆਂ ਕਹਾਵਤਾਂ ਪੁਸ਼ਤ-ਦਰ-ਪੁਸ਼ਤ ਬਗੈਰ ਕਿਸੇ ਕਿਤਾਬ ਵਿਚ ਲਿਖਿਆਂ, ਆਮ ਲੋਕਾਂ ਦੇ ਯਾਦ ਰਹਿ ਜਾਂਦੀਆਂ ਸਨ। ਰੋਜ਼-ਮੱਰਾ ਦੀ ਜ਼ਿੰਦਗੀ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ ਜਿਵੇਂ ਸਾਡੇ ਇਲਾਕੇ ਵਿਚ ਪਾਣੀ ਦੀ ਕਮੀ ਸੀæææਬਾਰਸ਼ ਦੀ ਆਸ ਵਿਚ ਹੀ ਸੁੱਕੀ ਜ਼ਮੀਨ ਵਾਹੀ ਜਾਂਦੀ ਸੀ। ਕਹਾਵਤ ਸੀ,
ਦਿਨ ਨੂੰ ਬੱਦਲ ਰਾਤ ਨੂੰ ਤਾਰੇ।
ਆਖੀਂ ਮੇਰੇ ਪਿਰੀਆਂ ਨੂੰ
ਐਵੇਂ ਬੈਲਾਂ ਨੂੰ ਨਾ ਮਾਰੇ।
ਮੌਸਮ ਦੀ ਕਿਤਨੀ ਸੋਹਣੀ ਭਵਿੱਖਵਾਣੀ ਸੀ।
ਫਸਲ ਬੀਜਣ ਵੇਲੇ ਸਾਧਾਰਨ ਕਿਸਾਨ ਨੂੰ ਨੁਸਖਾ ਦਿੱਤਾ ਜਾਂਦਾ ਸੀ,
ਤਿਲ ਛਿੱਦੇ ਸਣ ਸੰਘਣੀ
ਵਿੱਥੋ-ਵਿੱਥ ਕਪਾਹ।
ਬੁੱਕਲ ਮਾਰ ਰਜਾਈ ਦੀ
ਮੱਕੀ ਵਿਚ ਦੀ ਜਾਹ।
ਪੌਦਿਆਂ ਦੇ ਫਾਸਲੇ ਦਾ ਬਿਆਨ ਲੈਅ ਵਿਚ ਦੱਸਿਆਂ ਅਨਪੜ੍ਹਾਂ ਦੇ ਵੀ ਯਾਦ ਰਹਿੰਦਾ ਸੀ।
ਜਿਵੇਂ-ਜਿਵੇਂ ਜੀਵਨ ਪੱਧਰ ਉਚਾ ਹੁੰਦਾ ਗਿਆ ਤੇ ਬੋਲੀ ਦਾ ਵਿਕਾਸ ਹੁੰਦਾ ਗਿਆ, ਲੋਕ ਪੜ੍ਹਨ-ਲਿਖਣ ਲੱਗ ਪਏ। ਵਾਰਤਕ ਨੇ ਜਨਮ ਲਿਆ ਅਤੇ ਕਵਿਤਾ ਹੋਰ ਉਚੇ ਰਾਹਾਂ ਵੱਲ ਚੱਲ ਪਈ। ਜਜ਼ਬਾਤ ਦਾ ਖੇਲ ਬਣ ਗਈ। ਬੇਹੱਦ ਖੂਬਸੂਰਤ ਅਨੁਭਵ ਹੋ ਗਈ। ਸੂਖਮ ਜਿਹੀ ਝਲਕ ਦਾ ਨਜ਼ਾਰਾ ਦਿਸਣ ਲੱਗੀ। ਆਕਾਸ਼ ਵਿਚ ਉਡਾਰੀਆਂ ਲਾਉਣ ਲੱਗ ਪਈ। ਦਰਿਆਵਾਂ ਦੀ ਰਵਾਨੀ ਬਣ ਗਈ ਅਤੇ ਕੋਮਲਤਾ ਇਸ ਦਾ ਸ਼ਿੰਗਾਰ ਹੋ ਗਿਆ। ਸਮੇਂ ਦੇ ਨਾਲ-ਨਾਲ ਕਵਿਤਾ ਵੱਖਰਾ ਰੂਪ ਧਾਰਨ ਕਰ ਗਈ। ਪਹਿਲਾਂ ਪਹਿਲਾਂ ਕਵੀਸ਼ਰੀ ਬਣੀ। ਵਾਰਿਸ ਸ਼ਾਹ ਦੀ ਕਲਮ ਤੋਂ ਲਿਖੀ ਹੀਰ ਬਣ ਗਈ। ਗਾਲਿਬ, ਜ਼ੌਕ, ਇਕਬਾਲ ਅਤੇ ਫੈਜ਼ ਦੀ ਗਜ਼ਲ ਹੋ ਗਈ। ਗੁਰੂ ਸਾਹਿਬਾਨ ਅਤੇ ਭਗਤਾਂ ਦੇ ਮੁਖਾਰ ਬਿੰਦ ਤੋਂ ਨਿਕਲੀ ‘ਧੁਰ ਕੀ ਬਾਣੀ’ ਬਣ ਗਈ। ਰਾਗਾਂ ਦੇ ਆਧਾਰ ‘ਤੇ ਇਕ ਤਰਤੀਬ ਵਿਚ ਸ਼ਿੰਗਾਰ ਕੇ ਧੁਰ ਕੀ ਬਾਣੀ ‘ਆਦਿ ਗ੍ਰੰਥ’ ਬਣ ਗਈ ਅਤੇ ਸਾਰੀ ਦੁਨੀਆਂ ਨੂੰ ਰਸਤਾ ਦਿਖਾਉਣ ਲਈ ਅਨਮੋਲ ਖਜ਼ਾਨਾ ਹੋ ਗਈ। ਮਸ਼ੀਨੀ ਯੁੱਗ ਦੇ ਅਸਰ ਅਧੀਨ ਮੋਹਨ ਸਿੰਘ ਵੀ ਹੋਰ ਦਾ ਹੋਰ ਹੋ ਗਿਆ ਅਤੇ ਕਵਿਤਾ ਵੀ ਹੋਰ ਦੀ ਹੋਰ ਹੋ ਰਹੀ ਹੈ। ਕਈ ਵਾਰ ਚੰਗੀ ਕਵਿਤਾ ਦੇ ਵੀ ਦੀਦਾਰ ਹੁੰਦੇ ਹਨ ਪਰ ਬਹੁਤੀ ਵਾਰ ਅਗਾਂਹਵਧੂ ਸਾਹਿਤ ਦੇ ਰਚੈਤਾ ਕੋਮਲਤਾ ਨੂੰ ਅਲਵਿਦਾ ਕਹਿ ਕੇ ਲੋਹਾ, ਪੱਥਰ ਆਦਿ ਦਾ ਸਹਾਰਾ ਲੈ ਲੈਂਦੇ ਹਨ ਜਿਵੇਂ ਮੋਹਨ ਸਿੰਘ ਲਿਖਦਾ ਹੈ,
ਲੋਹਾ ਸਾਡਾ ਪਿਉ,
ਅਸੀਂ ਲੋਹੇ ਦੇ ਪੁੱਤ।
ਖੁੱਲ੍ਹੀ ਕਵਿਤਾ ਲਿਖਣ ਦਾ ਰਿਵਾਜ਼ ਹੱਦਾਂ ਟੱਪ ਗਿਆ। ਇਸ ਨੂੰ ਖੁੱਲ੍ਹੀ ਖੇਡ ਸਮਝਿਆ ਜਾਂਦਾ ਹੈ। ਲਿਖਾਰੀ ਭੁੱਲ ਜਾਂਦੇ ਹਨ ਕਿ ਖੁੱਲ੍ਹੀ ਖੇਡ ਦੇ ਵੀ ਕੁਝ ਕਾਨੂੰਨ ਹੁੰਦੇ ਹਨ। ਕੋਈ ਵੇਲਾ ਸੀ, ਜਦੋਂ ਕੋਈ ਕਵਿਤਾ ਲਿਖਣ ਲੱਗਦਾ ਸੀ ਤਾਂ ਕਿਸੇ ਉਸਤਾਦ ਨੂੰ ਜ਼ਰੂਰ ਦਿਖਾਉਂਦਾ ਸੀ। ਕਈ ਵਾਰ ਉਸਤਾਦ ਸਾਰੀ ਦੀ ਸਾਰੀ ਕਵਿਤਾ ਕੱਟ-ਵੱਢ ਦਿੰਦਾ ਅਤੇ ਸ਼ਾਗਿਰਦ ਨੂੰ ਕਵਿਤਾ ਦੀਆਂ ਬਾਰੀਕੀਆਂ ਸਮਝਾਉਂਦਾ। ਕਾਫ਼ੀ ਕੋਸ਼ਿਸ਼ਾਂ ਪਿੱਛੋਂ ਮੂੰਹ-ਮੱਥੇ ਲਗਦੀ ਕਵਿਤਾ ਨਜ਼ਰੀਂ ਪੈਂਦੀ। ਅੱਜ ਕੱਲ੍ਹ ਬਹੁਤੇ ਲੇਖਕ ਕਹਿੰਦੇ ਹਨ, ‘ਅਸੀਂ ਉਹ ਨਾ ਰਹਿ’ਗੇ ਜੀæææ ਹੋਰ ਕੁਝ ਬਣ’ਗੇæææਸਾਨੂੰ ਹੁਣ ਉਸਤਾਦਾਂ ਦੀ ਲੋੜ ਨਹੀਂ।’ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ, ਕਵੀਸ਼ਰ, ਅਖਾੜੇ ਸਜਾਉਣ ਵਾਲੇ ਤੇ ਗਾਇਕ ਵੀ ਹੋਰ ਦੇ ਹੋਰ ਗਏæææਉਫ!
ਅਖਾੜਿਆਂ ਵਿਚ ਗਵੱਈਏ ਹੁਨਰ ਦੀ ਕਦਰ ਕਰਦੇ ਸਨ। ਇਸ ਨੂੰ ਜੀਵਨ ਦਾ ਆਧਾਰ ਸਮਝਦੇ ਸਨ। ਰਾਗ ਜਿਹੀ ਕਲਾ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਜੀਵਨ ਨਿਛਾਵਰ ਕਰ ਦਿੰਦੇ ਸਨ। ਜਦੋਂ ਕਦੀ ਵੀ ਕੋਈ ਸਰੋਤਾ ਦੂਜੀ ਵਾਰ ਰੁਪਿਆ ਦੇਣ ਦੀ ਕੋਸ਼ਿਸ਼ ਕਰਦਾ ਤਾਂ ਕਹਿ ਦਿੰਦੇ, “ਦੂਜਾ ਮੋੜ ਕੇ ਜੇਬ ਵਿਚ ਪਾ ਲੈ, ਇਕ ਤੇਰਾ ਲੱਖ ਵਰਗਾ।”
ਅੱਜ ਕੱਲ੍ਹ ਉਹ ਗੱਲ ਨਹੀਂ ਰਹੀ! ਕਲਾਕਾਰ ਸਰੋਤੇ ਦੀ ਜੇਬ ਵਿਚ ਪਏ ਸਾਰੇ ਰੁਪਿਆਂ ਦਾ ਤਲਬਗਾਰ ਹੈ। ਬਹੁਤ ਵਾਰ ਹੁਨਰ ਅਤੇ ਕਲਾ ਵਿਕ ਰਹੀ ਪ੍ਰਤੀਤ ਹੁੰਦੀ ਹੈ। ਵਿਦੇਸ਼ਾਂ ਵਿਚ ਕਲਾਕਾਰਾਂ ਦੇ ਹਰ ਸਾਲ ਦੇ ਦੌਰੇ ਹੁਣ ਦਿਲਕਸ਼ ਨਜ਼ਾਰਾ ਬਣ ਚੁੱਕੇ ਹਨ। ਡਾਲਰਾਂ ਦੀ ਚਮਕ-ਦਮਕ ਹੈ। ਸਭਿਆਚਾਰ ਦੀ ਸੇਵਾ ਨਾਲੋਂ ਆਪਣੀ ਸੇਵਾ ਠਾਠਾਂ ਮਾਰਦੀ ਨਜ਼ਰ ਆਉਂਦੀ ਹੈ।
ਗਰਮੀਆਂ ਵਿਚ ਕੀਰਤਨੀ ਜਥਿਆਂ ਦੀ ਭਰਮਾਰ ਹੁੰਦੀ ਹੈ। ਖ਼ੁਸ਼ੀ ਦੀ ਗੱਲ ਹੈ। ਫਿਰ ਵੀ ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ ਤੇ ਭਾਈ ਬਖਸ਼ੀਸ਼ ਸਿੰਘ ਜਿਹੇ ਰਾਗੀਆਂ ਦੀ ਘਾਟ ਮਹਿਸੂਸ ਹੋ ਰਹੀ ਹੈ। ਕੀਰਤਨ ਕਾਫ਼ੀ ਰਸ ਭਿੰਨੇ ਅਤੇ ਸੁਰੀਲੇ ਹਨ, ਫਿਰ ਵੀ ਰਾਗਾਂ ਦੇ ਆਧਾਰ ਦੀ ਕਮੀ ਹੈ। ਕਈ ਵਾਰ ਮਾਇਆ ਵੱਲ ਧਿਆਨ ਕਰ ਰਹੇ ਕੀਰਤਨੀਏ ਸੰਗਤ ਵਿਚ ਸ਼ਬਦ ਨਾਲ ਜੁੜੇ ਪ੍ਰੇਮੀਆਂ ਦੀ ਇਕਾਗਰਤਾ ਭੰਗ ਕਰ ਦਿੰਦੇ ਹਨ। ਵਾਹਿਗੁਰੂ ਮਿਹਰ ਕਰੀਂ! ਮਿਹਰ ਕਰੀਂ!!
ਤਬਦੀਲੀ ਕੁਦਰਤ ਦਾ ਅਸੂਲ ਹੈ। ਇਨਸਾਨ ਦਾ ਜਿਸਮ ਸੈਲਾਂ ਨਾਲ ਬਣਿਆ ਹੋਇਆ ਹੈ। ਇਹ ਸੈਲ ਹਰ ਘੜੀ ਨਵੇਂ ਬਣਦੇ ਹਨ, ਫਿਰ ਵੀ ਬੰਦੇ ਵਿਚ ਕੋਈ ਖਾਸ ਤਬਦੀਲੀ ਨਹੀਂ ਆਉਂਦੀ। ਅਜੀਬ ਗੱਲ ਹੈ ਕਿ ਸਮਾਜਕ ਕਦਰਾਂ-ਕੀਮਤਾਂ ਨੇ ਬੰਦੇ ਨੂੰ ਕੀ ਦਾ ਕੀ ਬਣਾ ਦਿੱਤਾ ਹੈ? ਆਦਮੀ ਹੋਰ ਦਾ ਹੋਰ ਹੋ ਗਿਆ ਹੈ।
ਪਹਿਲਾਂ ਅਸੀਂ ਪ੍ਰੇਮ ਦੀਆਂ ਕਹਾਣੀਆਂ ਚਿੱਠਿਆਂ ਵਿਚ ਪੜ੍ਹਦੇ ਸਾਂ। ਵਰਜਿਤ ਸਬੰਧ ਬਹੁਤ ਘੱਟ ਸੁਣਨ ਵਿਚ ਆਉਂਦੇ ਸਨ। ਕਿਸੇ ਦਾ ਚੰਗਾ-ਚੰਗਾ ਲੱਗਣਾ ਗੈਰ-ਕੁਦਰਤੀ ਨਹੀਂ, ਫਿਰ ਭੀ ਪਿਆਰ ਨੂੰ ‘ਕਬਜ਼ਾ ਨਹੀਂ ਪਛਾਣ ਦਾ’ ਰੁਤਬਾ ਦੇਣਾ ਸਮਾਜਕ ਕਦਰਾਂ-ਕੀਮਤਾਂ ਨੂੰ ਠੇਸ ਨਹੀਂ ਲੱਗਣ ਦਿੰਦਾ। ਫੁੱਲ ਦੀ ਖੁਸ਼ਬੂ ਤਾਂ ਹਰ ਇਕ ਨੂੰ ਹੀ ਚੰਗੀ ਲਗਦੀ ਹੈ ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਜਿੱਥੇ ਦੇਖੋ, ਫੁੱਲ ਤੋੜ ਲਓ ਜਾਂ ਮਸਲ ਛੱਡੋ! ਹਰ ਚੀਜ਼ ਕਿਸੇ ਦੀ ਅਮਾਨਤ ਹੈ, ਕਿਸੇ ਦਾ ਹੱਕ ਮਾਰਨਾ ਇਨਸਾਨੀਅਤ ਨਹੀਂ। ਹੁਣ ਤਾਂ ਗੱਲਾਂ ਹੋਰ ਦੀਆਂ ਹੋਰ ਹਨ, ਜਿੱਥੇ ਵੀ ਜਾਉ। ਬੱਚੀ, ਜੁਆਨ ਜਾਂ ਬੁੱਢੀ ਨੂੰ ਲਲਚਾਈਆਂ ਅੱਖਾਂ ਨਾਲ ਦੇਖਿਆ ਜਾਂਦਾ ਹੈ। ਚਿਹਰੇ ਉਪਰ ਤੇਜ਼ਾਬ ਸੁੱਟਣਾ, ਬਲਾਤਕਾਰ ਕਰਨਾ, ਫਿਰ ਜਾਨ ਤੋਂ ਮਾਰ ਦੇਣਾ-ਹੁਣ ਆਮ ਜਿਹੀ ਗੱਲ ਹੈ। ਕਾਮ (ਪਿਆਰ ਨਹੀਂ) ਦੇ ਅੰਧਕਾਰ ਅਧੀਨ ਮਨੁੱਖ ਬਹੁਤ ਭਿਆਨਕ ਰੂਪ ਧਾਰ ਗਿਆ ਹੈ। ਅਧਿਆਪਕ, ਡਾਕਟਰ, ਬਹੁਤ ਨਜ਼ਦੀਕੀ ਰਿਸ਼ਤੇਦਾਰ ਅਤੇ ਧਾਰਮਿਕ ਆਗੂ ਇਸ ਦਰਦਨਾਕ ਖੇਡ ਦੇ ਮੁੱਖ ਪਾਤਰ ਹਨ।
ਵਿਸ਼ਵਾਸਘਾਤ ਦੀ ਅੰਤ ‘ਤੇ ਪਹੁੰਚੇ ਹੋਏ ਡਰਾਈਵਰ, ਕੰਡਕਟਰ, ਸਕੂਲਾਂ ਦੇ ਚੌਕੀਦਾਰ ਅਤੇ ਹਸਪਤਾਲਾਂ ਦੇ ਵਾਰਡਾਂ ਵਿਚ ਕੰਮ ਕਰਦੇ ਲੋਕ ਹਨ। ਡਰ, ਭੈਅ ਅਤੇ ਡਿਊਟੀ ਦਾ ਖਿਆਲ ਉਡਾਰੀ ਮਾਰ ਗਿਆ ਹੈ। ਅੰਗਹੀਣ, ਬੋਲੇ, ਗੁੰਗੇ, ਅੱਧ-ਪਾਗਲ ਵੀ ਇਨ੍ਹਾਂ ਲੋਕਾਂ ਦੇ ਸ਼ਿਕਾਰ ਹਨ।
ਬਚਪਨ ਦੀ ਯਾਦ
ਸਕੂਲ ਵਿਚ ਪੜ੍ਹਦਿਆਂ ਇਕ ਵਾਰ ਆਪਣੇ ਖੇਤਾਂ ਵਿਚ ਗੇੜਾ ਮਾਰਨ ਗਿਆ। ਸਾਹਮਣੇ ਤੋਂ ਹੱਥ ਵਿਚ ਬੰਦੂਕ ਫੜੀ ਦਰਮਿਆਨੇ ਕੱਦ ਦਾ, ਕਰੜ-ਬਰੜੀ ਗੁੱਛੀ ਕੀਤੀ ਦਾੜ੍ਹੀ, ਗੁੰਦਵੇਂ ਸਰੀਰ ਅਤੇ ਚੌੜੀ ਛਾਤੀ ਵਾਲਾ ਆਦਮੀ ਮੇਰੇ ਕੋਲ ਆ ਗਿਆ। ਅਜਨਬੀ ਹੋਣ ਦੇ ਬਾਵਜੂਦ ਮੈਨੂੰ ਉਸ ਤੋਂ ਡਰ ਨਾ ਲੱਗਿਆ ਬਲਕਿ ਮੈਨੂੰ ਉਹ ਚੰਗਾ ਚੰਗਾ ਲੱਗਿਆ। ਉਸ ਨੇ ਕਿਹਾ, ਮੈਂ ਹਿਰਨ ਪਿੱਛੇ ਆਇਆ ਹਾਂ। ਕਾਕਾ ਤੇਰਾ ਕੀ ਨਾਂ ਐ? ਕਿਸ ਦਾ ਲੜਕਾ ਐਂ? ਪੜ੍ਹਦਾ ਐਂ? ਪੜ੍ਹਿਆ ਕਰæææ!
ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਉਹ ਭੂੰਦੜ ਵਾਲਾ ਨਿੱਕਾ ਸੀ, ਪ੍ਰੋæ ਕਰਮ ਸਿੰਘ ਦੇ ਪਿੰਡ ਵਾਲਾ। ਛੰਨੇ ਵਾਲਾ ਦਰਬਾਰਾ ਅਤੇ ਜਿਉਣਾ ਮੌੜ ਤਾਂ ਸੁਣੇ ਸਨ ਪਰ ਉਸ ਬੱਬਰ ਸ਼ੇਰ ਨੂੰ ਦੇਖਣ ਤੇ ਮਿਲਣ ਦੀ ਯਾਦ ਅੱਜ ਵੀ ਤਾਜ਼ਾ ਹੈ। ਸੁਣਿਆ ਸੀ ਕਿ ਇਕ ਵਾਰ ਉਹਨੇ ਬੱਸ ਲੁੱਟੀ ਸੀ। ਸਵਾਰੀਆਂ ਵਿਚੋਂ ਇਕ ਲੜਕੀ ਉੱਚੀ-ਉੱਚੀ ਰੋਣ ਲੱਗ ਪਈ। ਨਿੱਕੇ ਨੇ ਪੁੱਛਿਆ, ‘ਬੀਬੀ ਕੀ ਗੱਲ ਹੈ?’ ਉਹ ਕਹਿਣ ਲੱਗੀ, ‘ਲੁੱਟੀਆਂ ਟੂਮਾਂ ਦੀ ਢੇਰੀ ਵਿਚ ਮੇਰੀਆਂ ਟੂਮਾਂ ਮੇਰੇ ਸਹੁਰਿਆਂ ਨੇ ਦਿੱਤੀਆਂ ਸਨ। ਉਹ ਸ਼ੱਕ ਕਰਨਗੇ ਕਿ ਇਹ ਟੂਮਾਂ ਮੈਂ ਆਪਣੇ ਪੇਕੇ ਦੇ ਆਈ ਹਾਂæææਉਹ ਮੈਨੂੰ ਵਸਣ ਨਹੀਂ ਦੇਣਗੇ।’ ਨਿੱਕੇ ਨੇ ਕਿਹਾ, ‘ਬੀਬੀ ਆਪਣੀਆਂ ਟੂਮਾਂ ਉਠਾ ਲੈ!’ ਪ੍ਰੋæ ਕਰਮ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਨਿੱਕੇ ਨੇ ਪਿੰਡ ਵਿਚ ਕਦੀ ਦਹਿਸ਼ਤ ਦਾ ਮਾਹੌਲ ਨਹੀਂ ਸੀ ਪੈਦਾ ਕੀਤਾ, ਕਦੀ-ਕਦੀ ਕੱਸੀ ਦਾ ਪਾਣੀ ਜ਼ਰੂਰ ਵੱਧ ਲਾ ਜਾਂਦਾ ਸੀ। ਉਹ ਨਿੱਕਾ ਨਹੀਂ, ਬਹੁਤ ਵੱਡਾ ਸੀ। ਆਖਿਰ ਵਿਚ ਉਹਨੂੰ ਰੇਲਗੱਡੀ ਵਿਚ ਪੁਲਿਸ ਲਿਜਾ ਰਹੀ ਸੀ। ਪਿਸ਼ਾਬ ਦੀ ਹਾਜਤ ਕਹਿ ਕੇ ਉਹ ਬੇੜੀਆਂ ਸਮੇਤ ਗੱਡੀ ਵਿਚੋਂ ਛਾਲ ਮਾਰ ਗਿਆ। ਸੁਣਿਆ ਹੈ, ਫੇਰ ਕਿਸੇ ਦੇ ਹੱਥ ਨਹੀਂ ਆਇਆ।
æææਤੇ ਅੱਜ ਦੇ ਡਾਕੂਆਂ ਦਾ ਆਚਰਨ ਸੁਣ ਕੇ ਇਸ ਤਰ੍ਹਾਂ ਲਗਦਾ ਹੈ ਕਿ ਇਨ੍ਹਾਂ ਦੇ ਦਰਸ਼ਨ ਨਾ ਹੀ ਹੋਣ! ਇਹ ਲੁਟੇਰੇ ਬੇਅੰਤ ਭੇਸਾਂ ਵਿਚ ਸਾਡੇ ਸਮਾਜ ਦਾ ਬੇੜਾ ਗਰਕ ਕਰ ਰਹੇ ਹਨ। ਇਨ੍ਹਾਂ ਦੇ ਕਾਰਨਾਮੇ ਸੁਣ ਕੇ ਜੀਭ ਦੰਦਾਂ ਵਿਚ ਆ ਜਾਂਦੀ ਹੈ। ਚੰਗੇ ਡਾਕੂਆਂ ਦਾ ਵੀ ਕੋਈ ਮਿਆਰ ਹੁੰਦਾ ਹੈ ਪਰ ਇਹ ਤਾਂ ਕੁਝ ਹੋਰ ਦੇ ਹੋਰ ਹੋ ਗਏ।
ਬਲਾਤਕਾਰੀਆਂ, ਠੱਗਾਂ, ਡਾਕੂਆਂ ਅਤੇ ਲੁਟੇਰਿਆਂ ਦੀ ਗੱਲ ਕਰਦਿਆਂ ਮਨ ਇਨਸਾਫ ਦੀਆਂ ਕਚਹਿਰੀਆਂ ਵੱਲ ਚਲਿਆ ਗਿਆ। ਕਾਫੀ ਸਮਾਂ ਪਹਿਲਾਂ ਸਿੱਧੇ ਸਾਦੇ ਲੋਕਾਂ ਦੇ ਉਹੋ ਜਿਹੇ ਹੀ ਕੇਸ ਕਚਹਿਰੀਆਂ ਵਿਚ ਆਉਂਦੇ ਸਨ। ਫੈਸਲੇ ਕਿਤਾਬਾਂ ਪੜ੍ਹ ਕੇ ਨਹੀਂ ਸਗੋਂ ਇਨਸਾਫਪਸੰਦ ਮਨ ਨਾਲ ਹੁੰਦੇ ਸਨ। ਕਿਹਾ ਜਾਂਦਾ ਹੈ ਕਿ ਇਕ ਵਾਰ ਦੋ ਔਰਤਾਂ ਇਕੋ ਬੱਚੇ ਨੂੰ ਆਪਣਾ ਬੱਚਾ ਕਹਿ ਰਹੀਆਂ ਸਨ। ਮੁਨਸਿਫ ਕੋਲ ਕੇਸ ਆ ਗਿਆ। ਕਿਸੇ ਵਕੀਲ ਦੀ ਬਹਿਸ ਦੀ ਲੋੜ ਨਾ ਮਹਿਸੂਸ ਕਰਦਿਆਂ ਮੁਨਸਿਫ ਨੇ ਕਿਹਾ, ‘ਬੱਚੇ ਦੇ ਦੋ ਟੁਕੜੇ ਕਰ ਦਿਉ ਤੇ ਅੱਧਾ-ਅੱਧਾ ਦੋਹਾਂ ਔਰਤਾਂ ਨੂੰ ਦੇ ਦਿਉ। ਅਸਲੀ ਮਾਂ ਕੁਰਲਾ ਉਠੀ! ਕਹਿੰਦੀ, ‘ਜੱਜ ਸਾਹਿਬ! ਭਾਵੇਂ ਦੂਜੀ ਨੂੰ ਬੱਚਾ ਦੇ ਦਿਉ!! ਪਰ ਟੁਕੜੇ ਨਾ ਕਰੋ।’æææਤੇ ਫੈਸਲਾ ਹੋ ਗਿਆ।
ਅੱਜ ਦਾ ਇਨਸਾਫ ਬਹੁਤ ਗੁੰਝਲਦਾਰ ਹੋ ਗਿਆ ਹੈ। ਗਵਾਹੀਆਂ, ਪੇਸ਼ੀਆਂ ਅਤੇ ਕਾਨੂੰਨੀ ਨੁਕਤਿਆਂ ਨੇ ਇਮਾਨਦਾਰ ਜੱਜ ਵੀ ਭੰਬਲਭੂਸੇ ਵਿਚ ਪਾ ਦਿੱਤੇ ਹਨ। ਗਵਾਹਾਂ ਦੇ ਸਬੂਤ ਬਗੈਰ ਸਭ ਕੁਝ ਜਾਣਦੇ ਹੋਏ ਵੀ ਉਹ ਸਹੀ ਫੈਸਲਾ ਨਹੀਂ ਕਰ ਸਕਦੇ। ਕੇਸ ਲਮਕਦੇ ਰਹਿੰਦੇ ਹਨ। ਕਈ ਗਰੀਬ ਇਨਸਾਫ ਉਡੀਕਦੇ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ। ਕਾਨੂੰਨ ਵਕੀਲਾਂ ਦੇ ਹੱਥਾਂ ਵਿਚ ਮੋਮ ਦਾ ਗੋਲਾ ਹੈ। ਆਪਣੀ ਆਪਣੀ ਸੂਝ ਅਨੁਸਾਰ ਇਸ ਦੀ ਮਨ-ਚਾਹੀ ਸ਼ਕਲ ਬਣਾ ਲੈਂਦੇ ਹਨ। ਵੱਡੇ ਤੋਂ ਵੱਡਾ ਜੁਰਮ ਕਰਨ ਵਾਲੇ ਨੂੰ ਵੀ ਉਹ ਸਬਜ਼ਬਾਗ ਦਿਖਾਉਂਦੇ ਹਨ ਕਿ ਫਿਕਰ ਨਾ ਕਰ! ਬਰੀ ਹੋਇਆ ਲੈ!! ਕਈ ਵਾਰ ਹਾਸਾ ਆਉਂਦਾ ਹੈ ਕਿ ਵਕੀਲਾਂ ਦੀ ਇੰਨੀ ਵੱਡੀ ਫੌਜ ਨੇ ਅਮਨ ਵਿਚ ਵਾਧਾ ਕੀਤਾ ਹੈ ਜਾਂ ਜੁਰਮ ਦੀ ਹੌਸਲਾ-ਅਫ਼ਜਾਈ ਕੀਤੀ ਹੈ। ਇਹੋ ਜਿਹੀ ਹੱਲਾਸ਼ੇਰੀ ਨੂੰ ਦੇਖਦਿਆਂ ਕਿਸੇ ਸ਼ਾਇਰ ਨੇ ਕਿਹਾ ਹੈ,
ਪੈਦਾ ਹੂਆ ਵਕੀਲ ਤੋ ਸ਼ੈਤਾਨ ਨੇ ਕਹਾ,
ਲੋ ਸਾਹਿਬ ਹਮ ਭੀ ਬਾ ਔਲਾਦ ਹੋ ਗਏ।
ਖ਼ੈਰ! ਵਕੀਲਾਂ ਨੇ ਬਹੁਤ ਚੰਗੇ ਕੰਮ ਵੀ ਕੀਤੇ ਹਨ। ਲੱਖਾਂ ਲੋਕਾਂ ਦੇ ਬੇੜੇ ਪਾਰ ਲੰਘਾਏ ਹਨ।
ਅੰਤਿਕਾ: ਐਸ਼ਡੀæ ਕਾਲਜ ਬਰਨਾਲਾ ਸ਼ੁਰੂ ਹੀ ਹੋਇਆ ਸੀ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਏ ਸਾਹਿਬ ਦਰਬਾਰੀ ਲਾਲ ਟੰਡਨ ਨੇਕ ਇਨਸਾਨ ਅਤੇ ਉਘੇ ਵਕੀਲ ਸਨ। ਉਨ੍ਹਾਂ ਨੇ ਪਾਰਟੀ ਵਿਚ ਉਥੋਂ ਦੇ ਜ਼ਿਲ੍ਹਾ ਸੈਸ਼ਨ ਜੱਜ ਰਣਜੀਤ ਸਿੰਘ ਸਰਕਾਰੀਆ ਅਤੇ ਜੁਡੀਸ਼ਲ ਮੈਜਿਸਟਰੇਟ ਮਹਿੰਦਰ ਸਿੰਘ ਜੋਸ਼ੀ ਨੂੰ ਸਤਿਕਾਰ ਸਹਿਤ ਬੁਲਾਇਆ। ਮੈਂ ਕਾਲਜ ਸਰਵਿਸ ਸ਼ੁਰੂ ਹੀ ਕੀਤੀ ਸੀ। ਮੈਨੂੰ ਵੀ ਉਸ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਗੱਲ ਚੱਲ ਪਈ ਕਿ ਕੁਝ ਦਿਨ ਪਹਿਲਾਂ ਕਚਹਿਰੀਆਂ ਵਿਚ ਕਿਸੇ ਨੇ ਕਿਸੇ ਦੇ ਗੰਡਾਸਾ ਮਾਰਿਆ, ਮੁਲਜ਼ਮ ਅਹੁ ਗਿਆ ਅਹੁ ਗਿਆ। ਮੈਂ ਅਲ੍ਹੜ ਉਮਰ ਅਤੇ ਨਾ-ਤਜਰਬੇਕਾਰ ਹੋਣ ਦੇ ਨਾਤੇ ਸਹਿਜ-ਸੁਭਾਅ ਕਹਿ ਬੈਠਾ, “ਇਹੋ ਜਿਹੀਆਂ ਵਾਰਦਾਤਾਂ ਹੋਣੀਆਂ ਹੀ ਹਨæææਜਦੋਂ ਜੱਜ ਸਾਹਿਬ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੰਦੇ।” ਦੋਨੋਂ ਜੱਜ ਬੜੇ ਲਾਇਕ ਅਤੇ ਸਾਹਿਤਕ ਰੁਚੀਆਂ ਵਾਲੇ ਸਨ। ਦੋਨੋਂ ਹੀ ਬਹੁਤ ਉਚੇ ਰੁਤਬਿਆਂ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਮੇਰੀ ਗੱਲ ਦਾ ਬੁਰਾ ਨਾ ਮਨਾਇਆ, ਬਲਕਿ ਸਰਕਾਰੀਆ ਸਾਹਿਬ ਕਹਿਣ ਲੱਗੇ ਕਿ ਪਿਛਲੇ ਸਾਲ ਪਟਿਆਲੇ ਮੋਤੀ ਬਾਗ ਪੈਲੇਸ ਵਿਚ ਸੈਸ਼ਨ ਜੱਜਾਂ ਦੀ ਕਾਨਫਰੰਸ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਮਹਾਜਨ ਸਾਹਿਬ ਨੇ ਸੰਬੋਧਨ ਕੀਤਾ। ਜਦੋਂ ਮੇਰੀ ਜਾਣ-ਪਛਾਣ ਕਰਾਈ ਗਈ ਤਾਂ ਉਨ੍ਹਾਂ ਨੇ ਕਿਹਾ ਸੀ, ਓ ਮੁੰਡਿਆ! ਤੂੰ ਬਹੁਤ ਸਖ਼ਤ ਸਜ਼ਾਵਾਂ ਦਿੰਦਾ ਹੈਂ।æææਸੋ, ਮੈਂ ਸਜ਼ਾ ਦੇਣ ਦੀ ਪ੍ਰਵਾਹ ਨਹੀਂ ਕਰਦਾ। ਕੀ ਕਰੀਏ? ਕਚਹਿਰੀ ਵਿਚ ਜਦੋਂ ਮੁਲਜ਼ਮ ਗਹਿਰੀ ਅੱਖ ਨਾਲ ਗਵਾਹ ਵੱਲ ਦੇਖਦਾ ਹੈ, ਵਿਚਾਰਾ ਗਵਾਹ ਇਧਰ-ਉਧਰ ਦੇਖਣ ਲੱਗ ਪੈਂਦਾ ਹੈ। ਜੱਜ ਅਸਲੀਅਤ ਸਮਝਦਾ ਹੋਇਆ ਵੀ ਕੁਝ ਨਹੀਂ ਕਰ ਸਕਦਾ।
ਜੋਸ਼ੀ ਸਾਹਿਬ ਕਹਿਣ ਲੱਗੇ, ਪਿਛਲੇ ਹਫ਼ਤੇ ਮੇਰੇ ਕੋਲ ਲੜਾਈ ਦਾ ਕੇਸ ਆਇਆ। ਸਦਰ ਬਾਜ਼ਾਰ ਵਿਚ ਦੋ ਬੰਦੇ ਇਕ-ਦੂਜੇ ਦੇ ਸੱਟਾਂ ਮਾਰ ਗਏ। ਮੌਕੇ ਦਾ ਗਵਾਹ ਸਾਹਮਣੇ ਵਾਲਾ ਦੁਕਾਨਦਾਰ ਸੀ। ਉਸ ਨੂੰ ਬੁਲਾਇਆ ਗਿਆ। ਉਹ ਕਹਿਣ ਲੱਗਾ, “ਹਾਂ ਹਜ਼ੂਰ! ਮੇਰੇ ਸਾਹਮਣੇ ਹੀ ਲੜਾਈ ਹੋਈ ਸੀ।” ਮੈਂ ਪੁੱਛਿਆ, “ਤੁਸੀਂ ਕੀ ਦੇਖਿਆ?” ਖਚਰਾ ਦੁਕਾਨਦਾਰ ਕਹਿਣ ਲੱਗਿਆ, “ਇਹ ਦੋਨੋਂ ਲੜਦੇ-ਲੜਦੇ ਲੜ ਪਏ ਅਤੇ ਹਟਦੇ-ਹਟਦੇ ਹਟ ਗਏ।” ਤੇ ਇਹੋ ਜਿਹੀ ਗਵਾਹੀ ਤੋਂ ਮੈਂ ਕੀ ਸਿੱਟਾ ਕੱਢਦਾ?
ਅੱਜ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਹੁਸ਼ਿਆਰ ਦੁਕਾਨਦਾਰ ਕਹਿ ਰਿਹਾ ਹੋਵੇ,
ਅਸੀਂ ਹੋ ਗਏ ਹਾਂ ਕੁਝ ਹੋਰ ਹੋਰ।
ਗੱਲ ਕਰਦੇ ਹਾਂ ਕੁਝ ਗੋਲ ਮੋਲ।
Leave a Reply